14-10-25
ਮਿਲਾਵਟ ਹੀ ਮਿਲਾਵਟ
ਰੋਜ਼ਾਨਾ ਅਖ਼ਬਾਰਾਂ ਤੇ ਸੋਸ਼ਲ ਮੀਡੀਆ ਦੀਆਂ ਖਬਰਾਂ ਪੜ੍ਹ-ਸੁਣ ਕੇ ਤੇ ਵੇਖ ਕੇ ਮਨ ਪ੍ਰੇਸ਼ਾਨ ਹੁੰਦਾ ਹੈ ਕਿ ਹਰ ਪਾਸੇ ਬੇਈਮਾਨੀ ਤੇ ਮਿਲਾਵਟ ਜ਼ੋਰਾਂ 'ਤੇ ਚੱਲ ਰਹੀ ਹੈ। ਦੁੱਧ ਦੇਸੀ, ਘਿਓ, ਪਨੀਰ ਤੇ ਹਰ ਰੋਜ਼ ਖਾਣ ਵਾਲੀਆਂ ਚੀਜ਼ਾਂ ਵਿਚ ਮਿਲਾਵਟ ਕੀਤੀ ਜਾ ਰਹੀ ਹੈ। ਸਬਜ਼ੀਆਂ ਨੂੰ ਸਮੇਂ ਤੋਂ ਪਹਿਲਾਂ ਪਕਾਉਣ ਦੇ ਲਈ ਟੀਕੇ ਲਾਏ ਜਾ ਰਹੇ ਹਨ, ਵੇਸਣ ਵਿਚ ਮੱਕੀ ਦਾ ਆਟਾ ਛੋਲਿਆਂ ਦੀ ਦਾਲ ਵਿਚ ਮਟਰਾਂ ਦੇ ਦਾਣੇ ਤੇ ਹੋਰ ਬਹੁਤ ਸਾਰੀਆ ਚੀਜ਼ਾਂ ਵਿਚ ਮਿਲਾਵਟ ਹੋ ਰਹੀ ਹੈ। ਅੱਜ-ਕੱਲ ਤਾਂ ਫਲਾਂ ਦੀ ਥਾਂ ਜੰਕ ਫੂਡ ਨੇ ਲੈ ਲਈ ਹੈ, ਜਿਸ ਦੇ ਨਾਲ ਲੋਕਾਂ ਜਾਂ ਬੱਚਿਆਂ ਦੀ ਸਿਹਤ 'ਤੇ ਬਹੁਤ ਬੁਰਾ ਅਸਰ ਪੈਂਦਾ ਹੈ ਤੇ ਕਈ ਪ੍ਰਕਾਰ ਦੀਆਂ ਬਿਮਾਰੀਆਂ ਲੱਗ ਜਾਂਦੀਆਂ ਹਨ। ਸੜਕਾਂ ਦੇ ਕਿਨਾਰਿਆਂ 'ਤੇ ਰੇਹੜੀ ਵਾਲਿਆਂ ਵਲੋਂ ਤਾਂ ਜੰਕ ਫੂਡ ਨਾਲ ਜ਼ਹਿਰ ਵਰਤਾਇਆ ਜਾ ਰਿਹਾ ਹੈ। ਇਸ ਕਰਕੇ ਸਰਕਾਰਾਂ ਨੂੰ ਦੁੱਧ, ਦਹੀਂ, ਪਨੀਰ ਤੇ ਸਬਜ਼ੀਆਂ ਆਦਿ ਵਿਚ ਮਿਲਾਵਟ ਨੂੰ ਰੋਕਣਾ ਚਾਹੀਦਾ ਹੈ।
-ਜਸਦੀਪ ਕੌਰ
ਦਸੌਂਧਾ ਸਿੰਘ ਵਾਲਾ (ਮਲੇਰਕੋਟਲਾ)
ਹੜ੍ਹਾਂ ਦੀ ਲੜਾਈ
ਪੰਜਾਬ ਜੋ ਕਿ ਇਸ ਸਮੇਂ ਹੜ੍ਹਾਂ ਦੀ ਤ੍ਰਾਸਦੀ ਨਾਲ ਜੂਝ ਰਿਹਾ ਹੈ। ਹਾਲਾਂਕਿ ਪੰਜਾਬ ਦੇ ਨਾਲ ਲੱਗਦੇ ਹਿਮਾਚਲ, ਜੰਮੂ-ਕਸ਼ਮੀਰ, ਉੱਤਰਾਖੰਡ ਵਿਚ ਵੀ ਇਸ ਵਾਰ ਹੜ੍ਹਾਂ ਨੇ ਕਾਫੀ ਤਬਾਹੀ ਮਚਾਈ ਹੈ ਅਤੇ ਉਥੇ ਸੈਂਕੜੇ ਲੋਕ ਆਪਣੀ ਜਾਨ ਗੁਆ ਚੁੱਕੇ ਹਨ, ਪੰਜਾਬ ਦੇ ਨਾਲ-ਨਾਲ ਉਨ੍ਹਾਂ ਰਾਜਾਂ ਦਾ ਵੀ ਸੜਕਾਂ ਦਾ, ਪੁਲਾਂ ਦਾ, ਖੇਤੀ ਦਾ ਨੁਕਸਾਨ ਹੋਇਆ ਹੈ। ਇਸ ਦੇ ਬਾਵਜੂਦ ਉਨ੍ਹਾਂ ਰਾਜਾਂ ਵਿਚ ਜ਼ਿੰਦਗੀ ਪਟੜੀ 'ਤੇ ਦੌੜਨ ਲੱਗੀ ਹੈ। ਸਰਕਾਰਾਂ ਵਲੋਂ ਸਾਰੀਆਂ ਸੜਕਾਂ, ਪੁਲ ਆਦਿ ਠੀਕ ਕਰ ਦਿੱਤੇ ਗਏ ਹਨ ਅਤੇ ਇਸ ਤੋਂ ਇਲਾਵਾ ਹੋਰ ਹੜ੍ਹਾਂ ਦੀ ਮਾਰ ਹੇਠ ਆਏ ਲੋਕਾਂ ਦੀ ਭਰਪਾਈ ਜ਼ੋਰਾਂ-ਸ਼ੋਰਾ ਨਾਲ ਕੀਤੀ ਜਾ ਰਹੀ ਹੈ ਪਰ ਪੰਜਾਬ ਵਿਚ ਹੜ੍ਹਾਂ ਤੋਂ ਬਾਅਦ ਹਾਲਤ ਇਹ ਹੈ ਕਿ ਸਰਕਾਰ, ਵਿਰੋਧੀ ਧਿਰਾਂ ਵਲੋਂ ਸਿਰਫ਼ ਇਕ-ਦੂਜੇ 'ਤੇ ਦੂਸ਼ਣਬਾਜ਼ੀ, ਕਲੋਲਬਾਜ਼ੀ ਹੀ ਕੀਤੀ ਜਾ ਰਹੀ ਹੈ, ਜਦਕਿ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਹੀ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਹੜ੍ਹ ਪ੍ਰਭਾਵਿਤਾਂ ਲਈ ਕੰਮ ਕਰਦੇ ਦਿਖਾਈ ਦੇ ਰਹੇ ਹਨ। ਸਾਡਾ ਵਿਚਾਰ ਹੈ ਕਿ ਹੜ੍ਹਾਂ ਲਈ ਲੜਾਈ ਨੂੰ ਛੱਡ ਕੇ ਸਰਕਾਰਾਂ ਅਤੇ ਵਿਰੋਧੀ ਧਿਰਾਂ, ਰਾਜਨੀਤਕ ਸੰਸਥਾਵਾਂ ਨੂੰ ਲੋਕਾਂ ਦੀ ਭਲਾਈ ਵੱਲ ਡਟਣਾ ਚਾਹੀਦਾ ਹੈ, ਨਾ ਕਿ ਇਕ-ਦੂਜੇ 'ਤੇ ਦੂਸ਼ਣਬਾਜ਼ੀ ਕਰਨ 'ਚ ਸਮਾਂ ਗੁਜ਼ਾਰਨਾ ਚਾਹੀਦਾ ਹੈ।
-ਅਸ਼ੀਸ਼ ਸ਼ਰਮਾ
ਜਲੰਧਰ।
'ਯੁੱਧ ਨਸ਼ਿਆਂ ਵਿਰੁੱਧ' ਸਵਾਲਾਂ ਦੇ ਘੇਰੇ 'ਚ
ਪੰਜਾਬ ਸਰਕਾਰ ਵਲੋਂ ਬੜੇ ਜ਼ੋਰ-ਸ਼ੋਰ ਨਾਲ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਸੂਬਾ ਸਰਕਾਰ 30 ਹਜ਼ਾਰ ਤੋਂ ਵੱਧ ਐਫ.ਆਈ.ਆਰ. ਕਰਨ ਦੇ ਦਾਅਵੇ ਕਰ ਰਹੀ ਹੈ ਅਤੇ ਵੱਡੀ ਗਿਣਤੀ 'ਚ ਨਸ਼ਾ ਤਸਕਰਾਂ ਨੂੰ ਜੇਲ੍ਹਾਂ 'ਚ ਸੁੱਟਣ ਦਾ ਢਿੰਡੋਰਾ ਵੀ ਪਿੱਟ ਰਹੀ ਹੈ। ਇਸ ਦੇ ਬਾਵਜੂਦ ਹਰ ਰੋਜ਼ ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨਾਂ ਦੀਆਂ ਭਰ ਜਵਾਨੀ 'ਚ ਹੋ ਰਹੀਆਂ ਮੌਤਾਂ ਅਖ਼ਬਾਰਾਂ ਦੀਆਂ ਸੁਰਖੀਆਂ ਬਣ ਰਹੀਆਂ ਹਨ, ਜੋ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੀ ਅਸਲੀਅਤ ਬਿਆਨਦੀਆਂ ਨਜ਼ਰ ਆਉਂਦੀਆਂ ਹਨ। ਹੁਣ ਸਵਾਲ ਇਹ ਹੈ ਕਿ ਜੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਬਾਵਜੂਦ ਨੌਜਵਾਨ ਨਸ਼ੇ ਦੀ ਡੋਜ਼ ਨਾਲ ਮਰ ਰਹੇ ਹਨ ਤਾਂ ਕੀ ਪੰਜਾਬ 'ਚੋਂ ਨਸ਼ਾ ਖ਼ਤਮ ਹੋ ਰਿਹਾ ਹੈ? ਸਰਕਾਰ ਨੂੰ ਆਪਣੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ 'ਤੇ ਪੁਨਰ ਵਿਚਾਰ ਕਰਦਿਆਂ ਇਸ ਵਿਚਲੀਆਂ ਖ਼ਾਮੀਆਂ ਨੂੰ ਲੱਭਣ ਦੀ ਲੋੜ ਹੈ, ਤਾਂ ਕਿ ਨਸ਼ੇ ਨੂੰ ਖ਼ਤਮ ਕੀਤਾ ਜਾ ਸਕੇ।
-ਲੈਕਚਰਾਰ ਅਜੀਤ ਖੰਨਾ।