17-10-25
ਮਿਲਾਵਟਖ਼ੋਰੀ
ਮਨੁੱਖਤਾ ਦੀ ਦੁਸ਼ਮਣ ਮਿਲਾਵਟ ਨੂੰ ਰੋਕਣ ਲਈ ਸਰਕਾਰ ਸਖ਼ਤ ਕਾਨੂੰਨ ਬਣਾਏ। ਤਿਉਹਾਰਾਂ ਦੇ ਦਿਨਾਂ ਵਿਚ ਤਾਂ ਮਿਲਾਵਟ ਹੋਰ ਵੀ ਵਧ ਜਾਂਦੀ ਹੈ। ਅੱਜ ਸਿਹਤ ਦਾ ਖਿਲਵਾੜ ਹੋਣ ਲਈ ਮਿਲਾਵਟ ਖੋਰੀ ਸਭ ਤੋਂ ਵੱਧ ਜ਼ਿੰਮੇਵਾਰ ਹੈ। ਬਾਜ਼ਾਰ ਵਿਚ ਦਵਾਈਆਂ ਨਾਲ ਪਕਾਏ ਫਲ, ਸਬਜ਼ੀਆਂ ਜ਼ਹਿਰਾਂ ਵਰਤਾ ਰਹੇ ਹਨ। ਹੈਰਾਨੀ ਦੀ ਗੱਲ ਹੈ ਕਿ ਲੋਕਾਂ ਨੂੰ ਜ਼ਹਿਰ ਰੂਪੀ ਸ਼ਰਾਬ ਵੀ ਸ਼ੁੱਧ ਨਹੀਂ ਮਿਲਦੀ। ਸ਼ਰਾਬ ਵਿਚ ਪਾਏ ਕੈਪਸੂਲ ਅਤੇ ਕੈਮੀਕਲਾਂ ਦੀ ਮਿਲਾਵਟ ਨਾਲ ਮਨੁੱਖੀ ਜਾਨਾਂ ਨੂੰ ਦੁੱਗਣਾ ਖਤਰਾ ਹੁੰਦਾ ਹੈ। ਪੀਣ ਵਾਲੇ ਪਦਾਰਥਾਂ ਵਿਚ ਅਤੇ ਮਠਿਆਈਆਂ ਵਿਚ ਮਿਲਾਵਟਖੋਰੀ ਬਹੁਤੀ ਵਾਰੀ ਖਾਣ ਸਾਰ ਹੀ ਪਤਾ ਲੱਗ ਜਾਂਦੀ ਹੈ। ਮਿਲਾਵਟਖੋਰੀ ਸਿਹਤ ਅਤੇ ਆਰਥਿਕ ਪੱਖ ਨੂੰ ਡਾਵਾਂਡੋਲ ਰੱਖਦੀ ਹੈ। ਇਸ ਮਿਲਾਵਟਖੋਰੀ ਦੈਂਤ ਨਾਲ ਕਿਸੇ ਕਿਸਮ ਦਾ ਸਮਝੌਤਾ ਨਹੀਂ ਹੋਣਾ ਚਾਹੀਦਾ। ਇਸ ਪ੍ਰਤੀ ਸਹਿਣਸ਼ੀਲਤਾ ਬਿਲਕੁਲ ਨਹੀਂ ਹੋਣੀ ਚਾਹੀਦੀ। ਮਿਲਾਵਟਖੋਰੀ ਦੇ ਦੋਸ਼ੀਆਂ ਨੂੰ ਮਿਸਾਲੀ ਅਤੇ ਤੁਰੰਤ ਸਜ਼ਾ ਦਾ ਉਪਬੰਧ ਹੋਣਾ ਚਾਹੀਦਾ ਹੈ।
-ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ
ਹੜ੍ਹਾਂ ਉੱਤੇ ਸਿਆਸਤ
ਬੀਤੇ ਦਿਨ 'ਅਜੀਤ' ਅਖ਼ਬਾਰ ਦੇ ਸੰਪਾਦਕੀ ਪੰਨੇ 'ਤੇ ਹਰਜਿੰਦਰ ਸਿੰਘ ਲਾਲ ਵਲੋਂ ਲਿਖੇ ਲੇਖ ਨੂੰ ਪੜ੍ਹ ਇਹ ਸਪੱਸ਼ਟ ਹੁੰਦਾ ਹੈ ਕਿ ਸਿਆਸਤਦਾਨ ਹੜ੍ਹ ਪੀੜਤਾਂ ਦੀ ਬਾਂਹ ਫੜਨ ਦੀ ਬਜਾਏ ਆਪਸੀ ਦੂਸ਼ਣਬਾਜ਼ੀ ਵਿਚ ਰੁੱਝੇ ਹੋਏ ਹਨ। ਅਜਿਹੀ ਗੰਭੀਰ ਸਥਿਤੀ ਵਿਚ ਜਦੋਂ ਲੋਕ ਹੜ੍ਹਾਂ ਕਾਰਨ ਆਪਣਾ ਸਭ ਕੁਝ ਗੁਆ ਬੈਠੇ ਹਨ, ਰਾਜਨੀਤਕ ਪਾਰਟੀਆਂ ਦੁਆਰਾ ਇਸ ਮੁੱਦੇ 'ਤੇ ਸਿਆਸਤ ਕਰਨਾ ਬਹੁਤ ਦੁਖਦਾਈ ਹੈ। ਇਕ ਪਾਸੇ ਬੀ.ਬੀ.ਐਮ.ਬੀ. ਸੂਬਾ ਸਰਕਾਰ ਉੱਪਰ ਦੋਸ਼ ਲਗਾ ਰਹੀ ਹੈ ਕਿ ਹਰਿਆਣੇ ਨੂੰ ਪਾਣੀ ਨਾ ਦੇਣ ਕਾਰਨ ਹੜ੍ਹਾਂ ਦੀ ਸਥਿਤੀ ਬਣੀ ਤਾਂ ਦੂਜੇ ਪਾਸੇ ਕੇਂਦਰ ਸਰਕਾਰ ਕੁਦਰਤੀ ਆਫ਼ਤ ਰਾਹਤ ਫੰਡ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਘੇਰਦੀ ਨਜ਼ਰ ਆ ਰਹੀ ਹੈ। ਇਕ-ਦੂਜੇ ਉੱਪਰ ਦੋਸ਼ ਲਗਾਉਣ ਵਿਚ ਸਭ ਤੋਂ ਵੱਧ ਨੁਕਸਾਨ ਹੜ੍ਹ ਪੀੜਤਾਂ ਦਾ ਹੋ ਰਿਹਾ ਹੈ। ਸਰਕਾਰਾਂ ਵਲੋਂ ਕਿਸੇ ਪ੍ਰਕਾਰ ਦੀ ਕੋਈ ਸਹਾਇਤਾ ਨਾ ਮਿਲਣ ਕਰ ਕੇ ਲੋਕਾਂ 'ਚ ਨਿਰਾਸ਼ਾ ਪਾਈ ਜਾ ਰਹੀ ਹੈ।
-ਗ਼ਜ਼ਲਪ੍ਰੀਤ ਕੌਰ
ਪਿੰਡ ਘਰਾਂਗਣਾ (ਮਾਨਸਾ)
ਸਰਕਾਰ ਸਖ਼ਤ ਕਾਰਵਾਈ ਕਰੇ
ਪਿਛਲੇ ਕੁਝ ਦਿਨਾਂ ਤੋਂ ਸ਼ਰਾਰਤੀ ਅਨਸਰ ਕੁਝ ਧਰਮਾਂ ਦੇ ਗੁਰੂਆਂ, ਪੀਰਾਂ ਫ਼ਕੀਰਾਂ, ਦੇਵੀ-ਦੇਵਤਿਆਂ ਅਤੇ ਧਾਰਮਿਕ ਅਸਥਾਨਾਂ ਦੀਆਂ ਗਲਤ ਅਤੇ ਇਤਰਾਜ਼ਯੋਗ ਵੀਡਿਓਜ਼ ਅਤੇ ਫੋਟੋਆਂ ਬਣਾ ਕੇ ਸੋਸ਼ਲ ਮੀਡੀਆ 'ਤੇ ਪਾ ਰਹੇ ਹਨ। ਇਹ ਦੇਖ ਕੇ ਦਿਲ ਬਹੁਤ ਦੁਖੀ ਹੁੰਦਾ ਹੈ। ਕੁਝ ਲੋਕਾਂ ਦੀ ਮਾਨਸਿਕਤਾ ਕਿੰਨੀ ਡਿੱਗ ਚੁੱਕੀ ਹੈ। ਕਿ ਉਹ ਗੁਰੂਆਂ, ਦੇਵੀ-ਦੇਵਤਿਆਂ ਅਤੇ ਪੀਰਾਂ ਫ਼ਕੀਰਾਂ ਨੂੰ ਵੀ ਨਹੀਂ ਬਖਸ਼ ਰਹੇ। ਇਹ ਬਹੁਤ ਹੀ ਗੰਭੀਰ ਮਾਮਲਾ ਹੈ। ਪੁਲਿਸ ਨੂੰ ਚਾਹੀਦਾ ਹੈ ਕਿ ਇੰਨਾ ਸ਼ਰਾਰਤੀ ਅਨਸਰਾਂ ਨੂੰ ਫੜ੍ਹ ਕੇ ਕਾਨੂੰਨ ਮੁਤਾਬਿਕ ਸਖ਼ਤ ਤੋਂ ਸਖ਼ਤ ਸਜ਼ਾ ਦਿਵਾਏ। ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਅਪੀਲ ਹੈ ਕਿ ਅਜਿਹੇ ਧਰਮ ਵਿਰੋਧੀ ਬਿਰਤੀ ਵਾਲੇ ਸ਼ਰਾਰਤੀ ਅਨਸਰਾਂ ਦੇ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ।
-ਗੁਰਤੇਜ ਸਿੰਘ ਖੁਡਾਲ,
ਗਲੀ ਨੰਬਰ-11, ਭਾਗੂ ਰੋਡ ਬਠਿੰਡਾ।
ਇਕ ਅਧਿਆਪਕ, 3 ਜਮਾਤਾਂ, 82 ਬੱਚੇ
ਸਿੱਖਿਆ ਵਿਭਾਗ ਦੇ ਅਜਬ ਨਜ਼ਾਰੇ, ਇਕ ਅਧਿਆਪਕ, 3 ਜਮਾਤਾਂ, 82 ਬੱਚੇ ਵਿਚਾਰੇ! ਪੰਜਾਬ ਦੇ ਸਰਕਾਰੀ ਸਕੂਲਾਂ 'ਚ ਪੜ੍ਹਦੇ ਬੱਚਿਆਂ ਨਾਲ ਕਿੱਥੋ ਤੱਕ ਬੇਇਨਸਾਫ਼ੀ ਹੁੰਦੀ ਹੈ? ਇਸ ਦਾ ਅੰਦਾਜ਼ਾ ਤੁਸੀਂਫਗਵਾੜੇ 'ਚ ਪੈਂਦਾ ਸਰਕਾਰੀ ਮਿਡਲ ਸਕੂਲ ਪਲਾਹੀ ਸਿੱਖਿਆ ਵਿਭਾਗ ਦੀ ਅਸਲੀ ਤਸਵੀਰ ਪੇਸ਼ ਕਰਦਾ ਹੈ। ਜਿੱਥੇ ਛੇਵੀਂ, ਸੱਤਵੀਂ ਤੇ ਅੱਠਵੀਂ ਜਮਾਤਾਂ 'ਚ ਪੜ੍ਹਦੇ 82 ਬੱਚਿਆਂ ਨੂੰ ਸਿੱਖਿਆ ਦੇਣ ਵਾਸਤੇ ਸਿਰਫ਼ ਇਕ ਹੀ ਅਧਿਆਪਕ ਹੈ ਜੋ ਸਾਇੰਸ ਵਿਸ਼ੇ ਦਾ ਹੈ।
ਦੂਜੇ ਪਾਸੇ, ਸਾਡੀ ਸੂਬਾ ਸਰਕਾਰ ਦਾਅਵੇ ਕਰਦੀ ਨਹੀਂ ਥੱਕਦੀ ਕਿ ਪੰਜਾਬ ਸਿੱਖਿਆ ਦੇ ਖੇਤਰ 'ਚ ਦੇਸ਼ ਵਿਚ ਪਹਿਲੇ ਨੰਬਰ 'ਤੇ ਹੈ। ਕੇਵਲ ਕਾਗਜ਼ੀ ਅੰਕੜਿਆਂ ਨਾਲ ਨੰਬਰਿੰਗ ਦਰਸਾ ਕੇ ਵਾਹ-ਵਾਹ ਖੱਟਣੀ ਲੋਕਾਂ ਦੀਆਂ ਅੱਖਾਂ 'ਚ ਘੱਟਾ ਪਾਉਣ ਵਾਲੀ ਗੱਲ ਹੈ। ਇਹ ਇੱਕ ਚਿੰਤਾ ਦਾ ਵਿਸ਼ਾ ਹੈ। ਜੇ ਪੰਜਾਬ ਦੇ ਸਮੁੱਚੇ ਸਰਕਾਰੀ ਸਕੂਲਾਂ 'ਤੇ ਝਾਤੀ ਮਾਰੀ ਜਾਵੇ ਤਾ ਇਕ ਹਜ਼ਾਰ ਦੇ ਕਰੀਬ ਸਕੂਲ ਪ੍ਰਿੰਸੀਪਲਾਂ ਤੋਂ ਸੱਖਣੇ ਹਨ। ਜਦਕਿ ਅਧਿਆਪਕਾਂ ਤੇ ਹੋਰ ਕਰਮਚਾਰੀਆਂ ਦੀਆਂ ਵੀ ਹਜ਼ਾਰਾਂ ਅਸਾਮੀਆਂ ਖਾਲੀ ਹਨ। ਜਿਸ ਕਰਕੇ ਸਿੱਖਿਆ ਵਿਭਾਗ ਲੀਹ 'ਤੇ ਨਹੀਂ ਚੜ੍ਹ ਰਿਹਾ।
ਅਗਲੀ ਗੱਲ ਐਮੀਨੈਂਸ ਸਕੂਲ ਖੋਲ੍ਹ ਕੇ ਵਿਦਿਆਰਥੀਆਂ 'ਚ ਹੀਣਭਾਵਨਾ ਪੈਦਾ ਕੀਤੀ ਜਾ ਰਹੀ ਹੈ। ਕਿਉਂਕਿ ਇਕ ਹੀ ਸਕੂਲ 'ਚ ਪੜ੍ਹਦੇ ਬੱਚਿਆਂ ਨੂੰ ਵਰਦੀਆਂ ਲਈ ਜੋ ਰਕਮ ਦਿੱਤੀ ਜਾ ਰਹੀ ਹੈ, ਉਸ ਵਿਚ ਵੱਡਾ ਫਰਕ ਹੈ। ਐਮੀਨੈਂਸ ਸਕੂਲ ਦੇ ਵਿਦਿਆਰਥੀ ਨੂੰ ਸਾਲ 4000ਰੁਪਏ ਵਰਦੀ ਲਈ ਦਿੱਤੇ ਜਾਂਦੇ ਹਨ ਜਦ ਕਿ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਕੇਵਲ 1100 ਹੀ ਵਰਦੀ ਦਾ ਮਿਲਦਾ ਹੈ। ਸਰਕਾਰ ਸਿੱਖਿਆ ਵਿਭਾਗ 'ਚ ਪ੍ਰਿੰਸੀਪਲਾਂ, ਹੈੱਡਮਾਸਟਰਾਂ, ਅਧਿਆਪਕਾਂ ਤੇ ਹੋਰ ਕਰਮਚਾਰੀਆਂ ਦੀ ਮੁਕੰਮਲ ਭਰਤੀ ਕਰੇ ਨਾ ਕਿ ਇਮਾਰਤਾਂ ਉਸਾਰ ਕੇ ਸਿੱਖਿਆ 'ਚ ਸੁਧਾਰ ਹੋਣ ਦੇ ਕਾਗਜ਼ੀ ਦਾਅਵਿਆਂ ਨਾਲ ਲੋਕਾਂ ਦੇ ਅੱਖਾਂ 'ਚ ਘੱਟਾ ਪਾਵੇ।
-ਲੈਕਚਰਾਰ ਅਜੀਤ ਖੰਨਾ
ਐਮਏ, ਐਮਫਿਲ, ਐਮ.ਜੇ.ਐਮ.ਸੀ. ਬੀ ਐੱਡ
ਏਤੀ ਮਾਰ ਪਈ ਕਰਲਾਣੇ
30 ਸਤੰਬਰ ਦੇ ਅੰਕ ਵਿਚ ਸ. ਬਲਵੀਰ ਸਿੰਘ ਰਾਜੇਵਾਲ ਵਲੋਂ ਲਿਖਿਆ ਲੇਖ ਪੰਜਾਬ ਦੀ ਕਿਰਸਾਨੀ ਦੀ ਬਹੁਪੱਖੀ ਤਸਵੀਰ ਪੇਸ਼ ਕਰਦਾ ਹੈ ਕਿ ਕਿਸ ਤਰ੍ਹਾਂ ਕਿਸਾਨੀ ਨੂੰ ਹਰ ਪਾਸਿਓਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਾਵੇਂ ਕੁਦਰਤੀ ਸਮੱਸਿਆ, ਭਾਵੇਂ ਇਨਸਾਨੀ ਦੋਵੇਂ ਪਾਸਿਆਂ ਤੋਂ ਕਿਸਾਨ ਨੂੰ ਮਾਰ ਪੈ ਰਹੀ ਹੈ। ਕਿਸਾਨ ਹਰ ਵਰਗ ਦੀ ਮਦਦ ਕਰਦਾ ਹੈ।
ਪਰੰਤੂ ਕਿਸਾਨਾਂ ਲਈ ਸਿਰਫ਼ ਬਿਆਨਬਾਜ਼ੀ ਤੱਕ ਸੀਮਿਤ ਹਨ। ਕੇਂਦਰ ਸਰਕਾਰ ਵਲੋਂ ਨਿਗੁਣੀ ਰਾਸ਼ੀ ਦਾ ਐਲਾਨ ਕਿਸਾਨ ਦੇ ਜ਼ਖ਼ਮਾਂ 'ਤੇ ਲੂਣ ਛਿੜਕਣ ਦੇ ਬਰਾਬਰ ਹੈ। ਦੂਸਰਾ ਝਾੜ ਤੇ ਬਿਮਾਰੀਆਂ ਨੇ ਕਿਸਾਨ ਨੂੰ ਬੁਰੀ ਤਰ੍ਹਾਂ ਹਿਲਾ ਕੇ ਰੱਖ ਦਿੱਤਾ ਹੈ। ਕਿਸਾਨ ਦੀ ਆਰਥਿਕ ਲੁੱਟ ਵੱਖਰੀ ਹੈ। ਆਉਣ ਵਾਲੀ ਫ਼ਸਲ ਲਈ ਡੀ.ਏ.ਪੀ. ਦੀ ਕਮੀ ਕਿਸਾਨ ਨੂੰ ਹੋਰ ਤਕਲੀਫ਼ ਪਹੁੰਚਾ ਰਹੀ ਹੈ। ਇਸ ਔਖੇ ਸਮੇਂ ਵਿਚ ਕੋਈ ਵਿਰਲਾ ਹੈ ਜੋ ਕਿਸਾਨ ਦੀ ਬਾਂਹ ਫੜ ਰਿਹਾ ਹੈ।
-ਗੁਰਮੀਤ ਸਿੰਘ ਗੱਗੜਪੁਰ
ਸੰਗਰੂਰ।