JALANDHAR WEATHER

24-10-25

 ਕੁਦਰਤ ਦੀ ਕਰੋਪੀ
ਵੈਸੇ ਤਾਂ ਪਾਣੀ ਸਾਡਾ ਜੀਵਨ ਹੈ, ਪਰ ਜਦੋਂ ਇਹ ਪਾਣੀ ਹੜ੍ਹਾਂ ਦਾ ਰੂਪ ਧਾਰਨ ਕਰ ਲੈਂਦਾ ਹੈ ਤਾਂ ਇਹ ਸਾਡੇ ਲਈ ਤਬਾਹੀ ਦਾ ਕਾਰਨ ਬਣ ਜਾਂਦਾ ਹੈ। ਜ਼ਿਆਦਾ ਬਰਸਾਤ ਹੋਣ ਕਰਕੇ ਹੜ੍ਹਾਂ ਨਾਲ ਲੋਕਾਂ ਦਾ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਹੈ। ਜਾਨੀ ਨੁਕਸਾਨ ਦੀ ਕਮੀ ਤਾਂ ਕਦੇ ਵੀ ਪੂਰੀ ਨਹੀਂ ਹੋ ਸਕਦੀ। ਵੈਸੇ ਤਾਂ ਮਾਲੀ ਨੁਕਸਾਨ ਦੀ ਪੂਰਤੀ ਕਰਨੀ ਵੀ ਔਖੀ ਹੈ, ਪਰ ਸਮੇਂ ਦੇ ਬੀਤਣ ਨਾਲ ਮਾਲੀ ਨੁਕਸਾਨ ਦੀ ਭਰਪਾਈ ਹੋ ਜਾਂਦੀ ਹੈ। ਪੇਂਡੂ-ਭਾਈਚਾਰਾ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸ.ਜੀ.ਪੀ.ਸੀ.) ਨੇ ਖਾਣ-ਪੀਣ ਦੀਆਂ ਚੀਜ਼ਾਂ, ਪਸ਼ੂਆਂ ਲਈ ਚਾਰਾ ਅਤੇ ਲੋੜੀਂਦੀਆਂ ਵਸਤੂਆਂ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਵੰਡੀਆਂ ਹਨ। ਅਜਿਹਾ ਵੀ ਕਿਹਾ ਜਾਂਦਾ ਹੈ ਕਿ ਡੋਬੇ ਨਾਲੋਂ ਸੋਕਾ ਚੰਗਾ ਹੁੰਦਾ ਹੈ, ਕਿਉਂਕਿ ਮਨੁੱਖ ਸੋਕੇ ਕਾਰਨ ਆਈਆਂ ਸਮੱਸਿਆਵਾਂ ਨਾਲ ਜੂਝ ਸਕਦਾ ਹੈ, ਪਰ ਡੋਬਾ ਤਾਂ ਇਨਸਾਨ ਨੂੰ ਬਰਬਾਦ ਕਰ ਦਿੰਦਾ ਹੈ। ਸੋ, ਕੁਦਰਤ ਕਦੇ ਵੀ ਸਾਡੇ 'ਤੇ ਕਹਿਰ ਨਹੀਂ ਢਾਉਂਦੀ, ਸਗੋਂ ਅਸੀਂ ਕੁਦਰਤ ਨਾਲ ਖਿਲਵਾੜ ਕਰ ਕੇ ਆਪਣੇ ਪੈਰ ਆਪ ਕੁਹਾੜਾ ਮਾਰਦੇ ਹਾਂ। ਜਿਵੇਂ ਕਿ ਪਹਾੜਾਂ ਵਿਚ ਨਾਜਾਇਜ਼ ਉਸਾਰੀਆਂ, ਕੁਦਰਤੀ ਸਰੋਤਾਂ ਦੀ ਨਾਜਾਇਜ਼ ਨਿਕਾਸੀ ਕਰਨਾ, ਕੰਕਰੀਟ ਦੇ ਜੰਗਲਾਂ ਦੀ ਉਸਾਰੀ, ਘਰਾਂ ਵਿਚ ਸਾਰੀ ਜਗ੍ਹਾ ਪੱਕੀ ਕਰ ਦੇਣੀ ਅਤੇ ਪਿੰਡਾਂ ਵਿਚ ਛੱਪੜਾਂ 'ਤੇ ਕਬਜ਼ਾ ਹੋਣ ਕਰਕੇ ਧਰਤੀ ਵਿਚ ਪਾਣੀ ਜਜ਼ਬ ਕਰਨ ਦੀ ਸਮਰੱਥਾ ਘਟ ਜਾਂਦੀ ਹੈ, ਜੋ ਕਿ ਹੜ੍ਹ ਦਾ ਕਾਰਨ ਬਣਦੀ ਹੈ।

-ਸੁਖਰਾਮ ਸਿੰਘ
150 ਅਨੰਦ ਨਗਰ-ਏ, ਨੇੜੇ ਗੁਰਦੁਆਰਾ ਸਾਹਿਬ, ਤ੍ਰਿਪੜੀ, ਪਟਿਆਲਾ।

ਨਕਲੀ ਦਵਾਈਆਂ 'ਤੇ ਬਣੇ ਸਖ਼ਤ ਕਾਨੂੰਨ

ਮੱਧ ਪ੍ਰਦੇਸ਼ ਵਿਚ ਕੋਲਡਰਿਫ ਖੰਘ ਦੀ ਦਵਾਈ ਪੀਣ ਨਾਲ ਕਈ ਬੱਚਿਆਂ ਦੀ ਮੌਤ ਤੋਂ ਬਾਅਦ ਪੰਜਾਬ ਸਰਕਾਰ ਨੇ ਇਸ ਦਵਾਈ 'ਤੇ ਪਾਬੰਦੀ ਲਗਾ ਦਿੱਤੀ ਹੈ। ਦਵਾਈਆਂ ਦੇ ਮੱਕੜਜਾਲ ਬਾਰੇ ਪਿੱਛੇ ਐਨ.ਸੀ.ਬੀ. ਵਲੋਂ ਫੜੇ ਅਮਿਤ ਤੇ ਦੀਪਕ ਭੰਡਾਰੀ ਤੋਂ ਲਗਾ ਸਕਦੇ ਹੋ। ਨਸ਼ੀਲੀਆਂ ਤੇ ਨਕਲੀ ਦਵਾਈਆਂ ਬਣਾਉਣ ਦੇ ਗੋਰਖ-ਧੰਦੇ ਬਾਰੇ ਵਿਸਥਾਰ ਨਾਲ ਅਖਬਾਰਾਂ ਨੇ ਸਿਹਤ ਨਾਲ ਹੁੰਦੇ ਖਿਲਵਾੜ ਬਾਰੇ ਚਿੰਤਾ ਜਤਾਈ ਹੈ। ਪਹਿਲਾਂ ਹੀ ਆਮ ਨਾਗਰਿਕ ਪ੍ਰਾਈਵੇਟ ਹਸਪਤਾਲਾਂ ਦੀ ਲੁੱਟ-ਖਸੁੱਟ ਤੇ ਆਮ ਰੇਟਾਂ ਤੋਂ ਵੱਧ ਕੀਮਤ ਦੀਆਂ ਦਵਾਈਆਂ ਤੋਂ ਪ੍ਰੇਸ਼ਾਨ ਹਨ। ਜੇਕਰ ਹਰ ਮਰੀਜ਼ ਨੂੰ ਇੰਨੀਆਂ ਮਹਿੰਗੀਆਂ ਦਵਾਈਆਂ ਵੀ ਨਕਲੀ ਮਿਲਣਗੀਆਂ। ਤਾਂ ਉਸ ਦੀ ਸਿਹਤ ਨਾਲ ਕੀ ਬੀਤੇਗੀ। ਇਹ ਇਕ ਸੰਗਠਿਤ ਅਪਰਾਧ ਹੈ। ਸਰਕਾਰ ਨੂੰ ਕਾਨੂੰਨ ਬਣਾ ਕੇ ਨਕਲੀ ਦਵਾਈਆਂ ਬਣਾਉਣ ਵਾਲੇ ਤੇ ਵੇਚਣ ਵਾਲਿਆਂ ਨੂੰ ਕਤਲ ਦੀ ਸ਼੍ਰੇਣੀ ਵਿਚ ਸ਼ਾਮਿਲ ਕਰਨਾ ਚਾਹੀਦਾ ਹੈ। ਵਿਸ਼ੇਸ਼ ਅਦਾਲਤਾਂ ਰਾਹੀਂ ਦੋਸ਼ੀਆਂ ਨੂੰ ਸਜ਼ਾ ਦਿਵਾਉਣੀ ਚਾਹੀਦੀ ਹੈ।

-ਗੁਰਮੀਤ ਸਿੰਘ ਵੇਰਕਾ

ਖੇਡਾਂ ਪ੍ਰਤੀ ਜਾਗਰੂਕਤਾ

ਖੇਡਾਂ ਦਾ ਮੁੱਖ ਉਦੇਸ਼ ਬੱਚਿਆਂ ਦਾ ਸਰਬਪੱਖੀ ਵਿਕਾਸ ਕਰਨਾ ਹੈ। ਇਸ ਵਿੱਚ ਸਰੀਰਕ, ਮਾਨਸਿਕ, ਸਮਾਜਿਕ ਅਤੇ ਬੌਧਿਕ ਵਿਕਾਸ ਕਰਨਾ ਹੁੰਦਾ ਹੈ। ਇਕ ਚੰਗਾ ਸਿੱਖਿਆ ਕੇਂਦਰ ਉਹੀ ਮੰਨਿਆ ਜਾਂਦਾ ਹੈ, ਜਿੱਥੇ ਬੱਚੇ ਦੀ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵੱਲ ਵੀ ਧਿਆਨ ਦਿੱਤਾ ਜਾਂਦਾ ਹੈ। ਖੇਡਾਂ ਬੱਚਿਆਂ ਨੂੂੰ ਸਰੀਰਕ ਪੱਖੋਂ ਸਿਹਤਮੰਦ ਅਤੇ ਫੁਰਤੀਲਾ ਬਣਾਉਣ ਵਿਚ ਅਹਿਮ ਯੋਗਦਾਨ ਦਿੰਦੀਆਂ ਹਨ। ਖੇਡਾਂ ਬੱਚਿਆਂ ਵਿਚ ਅਨੁਸ਼ਾਸਨ ਪੈਦਾ ਕਰਦੀਆਂ ਹਨ। ਇਕ ਟੀਮ ਦੇ ਰੂਪ ਵਿਚ ਮਿਲ ਕੇ ਖੇਡਣ ਅਤੇ ਕੰਮ ਕਰਨ ਵਿਚ ਖੇਡਾਂ ਅਹਿਮ ਯੋਗਦਾਨ ਪਾਉਂਦੀਆਂ ਹਨ। ਖੇਡਾਂ ਬੱਚਿਆਂ ਵਿਚ ਆਪਸੀ ਸਾਂਝ ਅਤੇ ਇਕਾਗਰਤਾ ਪੈਦਾ ਕਰਦੀਆਂ ਹਨ। ਖੇਡਾਂ ਨਾਲ ਬੱਚਿਆਂ ਅੰਦਰ ਸਹਿਣ ਸ਼ਕਤੀ ਪੈਦਾ ਹੁੰਦੀ ਹੈ। ਖੇਡਾਂ ਬੱਚਿਆਂ ਦਾ ਮਨੋਰੰਜਨ ਕਰਦੀਆਂ ਹਨ, ਜਿਸ ਨਾਲ ਬੱਚੇ ਤਣਾਅ ਮੁਕਤ ਹੁੰਦੇ ਹਨ। ਬੱਚਿਆਂ ਲਈ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵੀ ਜ਼ਰੂਰੀ ਹਨ। ਅੱਜ ਕੱਲ੍ਹ ਦੀ ਸਿੱਖਿਆ ਖੇਡਾਂ ਬਿਨਾਂ ਅਧੂਰੀ ਮੰਨੀ ਜਾਂਦੀ ਹੈ।

-ਦਲਜੀਤ ਕੌਰ (ਬੀ.ਏ)
ਸੰਤ ਬਾਬਾ ਅਤਰ ਸਿੰਘ ਖ਼ਾਲਸਾ ਕਾਲਜ, ਸੰਦੌੜ।

ਪੰਜਾਬੀ ਭਾਸ਼ਾ ਦੇ ਅਲੋਪ ਹੋ ਰਹੇ ਸ਼ਬਦ

ਪੰਜਾਬੀ ਭਾਸ਼ਾ ਬਹੁਤ ਅਮੀਰ ਅਤੇ ਮਿੱਠੀ ਭਾਸ਼ਾ ਹੈ। ਇਹ ਭਾਸ਼ਾ ਗੁਰੂਆਂ ਪੀਰਾਂ ਦੁਆਰਾ ਪ੍ਰਣਾਈ ਹੋਈ ਭਾਸ਼ਾ ਹੈ। ਜਿਸ ਦਾ ਆਧਾਰ ਪੰਜਾਬੀ ਭਾਸ਼ਾ ਅਤੇ ਸਾਹਿਤ ਦੇ ਵਿਰਸੇ, ਸੱਭਿਆਚਾਰ, ਵਿਰਾਸਤ ਅਤੇ ਲੋਕ ਜੀਵਨ 'ਤੇ ਟਿਕਿਆ ਹੋਇਆ ਹੈ। ਇਨ੍ਹਾਂ ਨਾਲ ਜੁੜੀ ਸ਼ਬਦਾਵਲੀ ਪੰਜਾਬੀਭਾਸ਼ਾ ਅਤੇ ਸਾਹਿਤ ਦਾ ਗਹਿਣਾ ਹੈ। ਜਿਸ ਦਾ ਆਧਾਰ ਪੰਜਾਬ ਦੇ ਪੇਂਡੂ ਜੀਵਨ ਨਾਲ ਬੱਝਿਆ ਹੋਇਆ ਹੈ। ਅਜੋਕੇ ਦੌਰ ਵਿਚ ਸ਼ਹਿਰੀਕਰਨ ਹੋਣ ਨਾਲ ਅਤੇ ਪ੍ਰਵਾਸੀਆਂ ਦੀ ਆਮਦ ਪੰਜਾਬ ਵਿਚ ਹੋਣ ਨਾਲ ਪੁਰਾਣੀ ਸ਼ਬਦਾਵਲੀ ਦੀ ਥਾਂ ਨਵੀਂ ਸ਼ਬਦਾਵਲੀ ਜੁੜ ਗਈ ਹੈ। ਜਿਸ ਨਾਲ ਪੰਜਾਬੀ ਭਾਸ਼ਾ ਦੇ ਮੁਢਲੇ ਸ਼ਬਦ ਅਲੋਪ ਹੁੰਦੇ ਜਾ ਰਹੇ ਹਨ। ਪੰਜਾਬ ਵਿਚ ਭਾਰਤ ਦੇ ਦੂਜੇ ਹਿੱਸਿਆਂ ਤੋਂ ਆਏ ਲੋਕਰੁਜ਼ਗਾਰ ਦੀ ਤਲਾਸ਼ ਵਿਚ ਇਥੇ ਵਸ ਗਏ ਹਨ। ਇਨ੍ਹਾਂ ਲੋਕਾਂ ਨੇ ਆਪਣੀ ਭਾਸ਼ਾ ਦੇ ਸ਼ਬਦ ਪੰਜਾਬੀ ਭਾਸ਼ਾ ਵਿਚ ਸ਼ਾਮਿਲ ਕਰ ਦਿੱਤੇ ਹਨ। ਇਨ੍ਹਾਂ ਕਾਰਨਾਂ ਕਰਕੇ ਪੰਜਾਬੀ ਭਾਸ਼ਾ ਦੇ ਮੁਢਲੇ ਢਾਂਚੇ ਵਿਚ ਸੰਕਟ ਵਧਦਾ ਜਾ ਰਿਹਾ ਹੈ। ਜੇਕਰ ਵੇਲਾ ਨਾ ਸੰਭਾਲਿਆ ਗਿਆ ਤਾਂ ਪੰਜਾਬੀ ਭਾਸ਼ਾ ਦੀ ਹੋਂਦ ਖ਼ਤਰੇ ਵਿਚ ਪੈ ਸਕਦੀ ਹੈ।

-ਕਸ਼ਮੀਰੀ ਲਾਲ ਚਾਵਲਾ,
ਮੁਕਤਸਰ।

ਸਿੱਖਿਆ ਵਿਭਾਗ ਦੀ ਬੇਇਨਸਾਫ਼ੀ

ਪੰਜਾਬ 'ਚ ਸਰਕਾਰੀ ਸਕੂਲਾਂ 'ਚ ਪੜ੍ਹਦੇ ਬੱਚਿਆਂ ਨਾਲ ਕਿਥੋਂ ਤੱਕ ਬੇਇਨਸਾਫ਼ੀ ਹੁੰਦੀ ਹੈ, ਇਸ ਦਾ ਅੰਦਾਜ਼ਾ ਤੁਸੀਂ ਫਗਵਾੜੇ 'ਚ ਪੈਂਦੇ ਸਰਕਾਰੀ ਮਿਡਲ ਸਕੂਲ ਪਲਾਹੀ ਤੋਂ ਲਾ ਸਕਦੇ ਹੋ। ਜੋ ਸਿੱਖਿਆ ਵਿਭਾਗ ਦੀ ਅਸਲੀ ਤਸਵੀਰ ਪੇਸ਼ ਕਰਦਾ ਹੈ। ਜਿੱਥੇ ਛੇਵੀਂ, ਸੱਤਵੀਂ ਤੇ ਅੱਠਵੀਂ ਤਿੰਨ ਜਮਾਤਾਂ 'ਚ ਪੜ੍ਹਦੇ 82 ਬੱਚਿਆਂ ਨੂੰ ਸਿੱਖਿਆ ਦੇਣ ਵਾਸਤੇ ਕੇਵਲ ਇਕ ਹੀ ਅਧਿਆਪਕ ਹੈ, ਉਹ ਵੀ ਸਾਇੰਸ ਵਿਸ਼ੇ ਦਾ ਹੈ। ਦੂਜੇ ਪਾਸੇ ਸਾਡੀ ਸੂਬਾ ਸਰਕਾਰ ਦਾਅਵੇ ਕਰਦੀ ਨਹੀਂ ਥੱਕਦੀ ਕਿ ਪੰਜਾਬ ਸਿੱਖਿਆ ਦੇ ਖੇਤਰ 'ਚ ਪਹਿਲੇ ਨੰਬਰ 'ਤੇ ਹੈ। ਕੇਵਲ ਫਰਜ਼ੀ ਕਾਗਜ਼ੀ ਅੰਕੜਿਆਂ ਨਾਲ ਵਾਹ-ਵਾਹ ਖੱਟਣੀ ਲੋਕਾਂ ਦੀਆਂ ਅੱਖਾਂ 'ਚ ਘੱਟਾ ਪਾਉਣ ਵਾਲੀ ਗੱਲ ਹੈ। ਸਿੱਖਿਆ ਦੀ ਅਜਿਹੀ ਤਸਵੀਰ ਸਾਡੇ ਭਵਿੱਖ ਨੂੰ ਕਿਸ ਤਰ੍ਹਾਂ ਵਧੀਆ ਸਿਰਜ ਸਕਦੀ ਹੈ? ਇਹ ਇਕ ਚਿੰਤਾ ਦਾ ਵਿਸ਼ਾ ਹੈ। ਜੇ ਪੰਜਾਬ ਦੇ ਸਮੁੱਚੇ ਸਰਕਾਰੀ ਸਕੂਲਾਂ 'ਤੇ ਝਾਤੀ ਮਾਰੀ ਜਾਵੇ ਤਾਂ ਇਕ ਹਜ਼ਾਰ ਦੇ ਲਗਭਗ ਸਕੂਲ ਪ੍ਰਿੰਸੀਪਲਾਂ ਤੋਂ ਸੱਖਣੇ ਹਨ। ਜਦ ਕਿ ਅਧਿਆਪਕਾਂ ਤੇ ਹੋਰ ਕਰਮਚਾਰੀਆਂ ਦੀਆਂ ਵੀ ਹਜ਼ਾਰਾਂ ਅਸਾਮੀਆਂ ਖਾਲੀ ਹਨ। ਜਿਸ ਕਰਕੇ ਸਿੱਖਿਆ ਵਿਭਾਗ ਲੀਹ 'ਤੇ ਨਹੀਂ ਚੜ੍ਹ ਰਿਹਾ। ਦੂਜੇ ਪਾਸੇ ਨਿਯੁਕਤ ਹੋਏ ਅਧਿਆਪਕ ਨੌਕਰੀ 'ਤੇ ਹਾਜ਼ਰ ਹੋਣ ਲਈ ਹਰ ਰੋਜ਼ ਧਰਨੇ ਮੁਜ਼ਾਹਰੇ ਕਰਨ ਲਈ ਮਜਬੂਰ ਹਨ। ਸਿੱਖਿਆ ਵਿਭਾਗ 'ਚ ਸੁਧਾਰ ਦੇ ਵੱਡੇ-ਵੱਡੇ ਦਮਗਜੇ ਮਾਰਨ ਵਾਲੀ ਸੂਬਾ ਸਰਕਾਰ ਵਲੋਂ ਚਾਰ ਸਾਲ 'ਚ ਅਧਿਆਪਕਾਂ ਦੀ ਭਰਤੀ ਦਾ ਇਕ ਵੀ ਇਸ਼ਤਿਹਾਰ ਨਹੀਂ ਕੱਢਿਆ ਗਿਆ। ਇਹ ਮੈਂ ਨਹੀਂ ਕਹਿੰਦਾ ਸਿੱਖਿਆ ਵਿਭਾਗ ਦੀ ਵੈੱਬ ਸਾਈਟ ਕਹਿੰਦੀ ਹੈ।

-ਲੈਕਚਰਾਰ ਅਜੀਤ ਖੰਨਾ