18-11-25
ਰੰਗਲਾ ਪੰਜਾਬ
ਪੰਜਾਬ ਸਰਕਾਰ ਨਸ਼ਿਆਂ ਵਿਰੁੱਧ ਮੁਹਿੰਮ ਛੇੜ ਕੇ ਉੱਡਦੇ ਪੰਜਾਬ ਤੋਂ ਰੰਗਲਾ ਪੰਜਾਬ ਬਣਾਉਣ ਲਈ ਗੰਭੀਰਤਾ ਨਾਲ ਉੱਦਮ ਕਰ ਰਹੀ ਹੈ। ਪੰਜਾਬ ਦੇ ਕਈ ਪੱਖਾਂ ਨੂੰ ਲੱਗੇ ਗ੍ਰਹਿਣ ਮੌਜੂਦਾ ਸਰਕਾਰ ਨੂੰ ਵਿਰਾਸਤ ਵਿਚ ਮਿਲੇ ਸਨ। ਫਿਰ ਵੀ ਸਰਕਾਰ ਪੰਜਾਬ ਦੇ ਸਾਰੇ ਪੱਖਾਂ ਨੂੰ ਖ਼ੂਬਸੂਰਤ ਬਣਾਉਣ ਲਈ ਯਤਨਸ਼ੀਲ ਹੈ। ਲੋਕਾਂ ਦਾ ਸਹਿਯੋਗ ਵੀ ਜ਼ਰੂਰੀ ਹੈ। 'ਲੱਗੀ ਨਜ਼ਰ ਪੰਜਾਬ ਨੂੰ ਕੋਈ ਮਿਰਚਾਂ ਵਾਰੋ' ਦੀ ਲਾਈਨ ਸੁਰਜੀਤ ਪਾਤਰ ਵਲੋਂ ਕਿੰਨੀ ਤੜਫ਼ ਵਿਚੋਂ ਕੱਢੀ ਗਈ ਹੋਵੇਗੀ। ਹਰ ਪੰਜਾਬੀ ਪੁੱਤ ਦਾ ਫਰਜ਼ ਵੀ ਹੈ ਕਿ ਪੰਜਾਬ ਲਈ ਜਾਗਦੇ ਰਹੋ।
ਸਰਕਾਰ ਵਲੋਂ ਜਦੋਂ ਸਾਡੇ ਹਿੱਤ ਲਈ ਕੁਝ ਕੀਤਾ ਜਾਂਦਾ ਹੈ ਉਸ ਲਈ ਵੀ ਅਸੀਂ ਸਹਿਯੋਗ ਨਹੀਂ ਕਰਦੇ। ਸਰਕਾਰ ਦੇ ਜ਼ਿੰਮੇ ਪਾਉਣ ਦੇ ਨਾਲ ਸਰਕਾਰ ਦਾ ਸਾਥ ਦੇਣਾ ਵੀ ਫਰਜ਼ ਹੈ। ਲੋਕ ਅਤੇ ਸਰਕਾਰ ਮਿਲ ਕੇ ਹੱਲ ਕੱਢ ਸਕਦੇ ਹਨ। ਪਿਛਲੇ ਸਮਿਆਂ ਤੋਂ ਨਸਲਾਂ, ਫਸਲਾਂ, ਵਾਤਾਵਰਨ, ਸਿਹਤ ਅਤੇ ਸੱਭਿਆਚਾਰ ਨੂੰ ਜੋ ਖੋਰਾ ਲੱਗਿਆ ਹੈ ਉਸ ਨੂੰ ਬੁੱਧੀਜੀਵੀ ਲੋਕ ਸੁਚੇਤ ਕਰਨ ਲੱਗੇ ਹੋਏ ਹਨ। ਅਜੇ ਤੱਕ ਮੰਜ਼ਿਲ 'ਤੇ ਪੁੱਜਣ ਲਈ ਇਕ ਦੋ ਕਦਮ ਹੀ ਪੁੱਟੇ ਹਨ। ਹਰ ਪੰਜਾਬੀ ਪੰਜਾਬ ਨੂੰ ਬਚਾਉਣ ਲਈ ਅੰਦਰ ਝਾਤ ਮਾਰੇ।
ਜੋ ਆਫ਼ਤ ਕਿਸੇ ਹੋਰ ਲਈ ਅੱਜ ਹੈ, ਕੱਲ੍ਹ ਤੁਹਾਡੇ 'ਤੇ ਵੀ ਆ ਸਕਦੀ ਹੈ। ਇਸ ਲਈ ਆਪਣੇ ਬਾਰੇ ਸੋਚਣ ਨਾਲੋਂ ਪੰਜਾਬ ਬਾਰੇ ਵੀ ਸੋਚੀਏ।
-ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ।
ਕੁਝ ਤਾਂ ਕਰੋ
ਅੱਜ ਪੰਜਾਬ ਦੇ ਬਹੁਤ ਸਾਰੇ ਨੌਜਵਾਨ ਵਿਹਲੇ ਹੀ ਘੁੰਮ ਰਹੇ ਹਨ ਉਨ੍ਹਾਂ ਵਲੋਂ ਸਿਰਫ਼ ਸਰਕਾਰੀ ਨੌਕਰੀ ਜਾਂ ਬਾਹਰ ਜਾਣ ਨੂੰ ਹੀ ਤਰਜੀਹ ਦਿੱਤੀ ਜਾਂਦੀ ਹੈ। ਇਸੇ ਤਰਜੀਹ ਕਾਰਨ ਉਹ ਆਪਣਾ ਕੋਈ ਵੀ ਕੰਮ ਕਾਰ ਨਹੀਂ ਕਰ ਪਾਉਂਦੇ। ਸਰਕਾਰਾਂ ਵੀ, ਅੱਜ-ਕੱਲ੍ਹ ਚੋਣਾਂ ਵੇਲੇ ਵੀ ਹਰ ਕੋਈ ਨੇਤਾ ਨੌਜਵਾਨਾਂ ਨੂੰ ਹਰ ਘਰ ਨੌਕਰੀ ਦੀ ਗੱਲ ਕਰ ਕੇ ਵੋਟਾਂ ਲੈਣ ਲਈ ਉਕਸਾਉਂਦਾ ਰਹਿੰਦਾ ਹੈ। ਜਦਕਿ ਹਕੀਕਤ ਵਿਚ ਸਰਕਾਰਾਂ ਕੋਲ ਏਨੀਆਂ ਨੌਕਰੀਆਂ ਦਾ ਕੋਈ ਹੀਲਾ-ਵਸੀਲਾ ਨਹੀਂ ਹੈ ਅਤੇ ਨਾ ਹੀ ਪੰਜਾਬ ਦਾ ਕੋਈ ਨੇਤਾ ਕਿਸੇ ਨੂੰ ਸਰਕਾਰੀ ਨੂੰ ਨੌਕਰੀਆਂ ਦੇ ਸਕਦਾ ਹੈ। ਪਰ ਪੰਜਾਬ ਦੇ ਨੌਜਵਾਨਾਂ ਨੇ ਇਹ ਗੱਲ ਸੋਚ ਲੈਣੀ ਚਾਹੀਦੀ ਹੈ ਕਿ ਜੇਕਰ ਤੁਸੀਂ ਜ਼ਿੰਦਗੀ ਵਿਚ ਕੁਝ ਕਰਨਾ ਹੈ ਤਾਂ ਤੁਹਾਨੂੰ ਆਪਣੇ ਲਈ ਆਪ ਕੰਮ ਕਰਨਾ ਪਵੇਗਾ। ਨੌਜਵਾਨਾਂ ਨੂੰ ਅੱਜ-ਕੱਲ੍ਹ ਦਾ ਮਾਹੌਲ ਦੇਖਦੇ ਹੋਏ ਆਪਣਾ ਕੰਮ ਕਰਨ ਨੂੰ ਤਰਜੀਹ ਦੇਣੀ ਚਾਹੀਦੀ ਹੈ। ਕੰਮ ਚਾਹੇ ਛੋਟਾ ਹੋਵੇ ਜਾਂ ਵੱਡਾ ਕੰਮ ਕੰਮ ਹੀ ਹੁੰਦਾ ਹੈ।
ਇਸ ਕਰਕੇ ਸਾਡਾ ਨੌਜਵਾਨਾਂ ਨੂੰ ਸੁਝਾਅ ਹੈ ਕਿ ਜਦ ਤੱਕ ਤੁਸੀਂ ਆਪਣੇ ਟੀਚੇ 'ਤੇ ਨਹੀਂ ਪਹੁੰਚ ਜਾਂਦੇ ਉਦੋਂ ਤੱਕ ਕੋਈ ਨਾ ਕੋਈ ਕੰਮ ਜਰੂਰ ਕਰੋ।
-ਅਸ਼ੀਸ਼ ਸ਼ਰਮਾ
ਜਲੰਧਰ।
ਅਫ਼ਵਾਹਾਂ ਤੋਂ ਸਾਵਧਾਨ
ਸੋਸ਼ਲ ਮੀਡੀਆ ਜ਼ਿੰਦਗੀ ਵਿਚ ਇਸ ਕਦਰ ਦਾਖਿਲ ਹੋ ਚੁੱਕਿਆ ਹੈ ਕਿ ਇਸ ਨੇ ਜਨਜੀਵਨ ਨੂੰ ਵੱਡੇ ਪੱਧਰ 'ਤੇ ਪ੍ਰਭਾਵਿਤ ਕੀਤਾ ਹੈ। ਇਸ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਕੋਈ ਵੀ ਜਾਣਕਾਰੀ ਸਹੀ ਅਤੇ ਦਰੁਸਤ ਹੋਵੇ ਤਾਂ ਬਹੁਤ ਫ਼ਾਇਦੇਮੰਦ ਹੈ ਪਰੰਤੂ ਝੂਠੀ ਅਤੇ ਅਫਵਾਹ ਹੋਣ 'ਤੇ ਲੋਕਾਂ ਨੂੰ ਪ੍ਰੇਸ਼ਾਨੀ ਦੇ ਨਾਲ-ਨਾਲ ਹਫੜਾ-ਦਫੜੀ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਬਿਹਤਰੀਨ ਅਦਾਕਾਰਾਂ ਵਿਚੋਂ ਧਰਮਿੰਦਰ ਦੀ ਸਿਹਤ ਵਿਗੜਨ ਕਰਕੇ ਹਸਪਤਾਲ ਦਾਖ਼ਿਲ ਸਨ, ਉਨ੍ਹਾਂ ਦੀ ਸਿਹਤ ਸੰਬੰਧੀ ਭੰਬਲਬੂਸਾ ਬਣਿਆ ਹੋਇਆ ਸੀ ਪਰ ਬਹੁਤੇ ਨਿਊਜ਼ ਚੈਨਲਾਂ ਅਤੇ ਆਨਲਾਈਨ ਸਾਈਟਾਂ ਨੇ ਧਰਮਿੰਦਰ ਦੀ ਮੌਤ ਹੋਣ ਦੀ ਪੁਸ਼ਟੀ ਕਰ ਦਿੱਤੀ ਸੀ। ਇਹ ਸਭ ਕੁਝ ਉਦੋਂ ਬੰਦ ਹੋਇਆ ਜਦੋਂ ਅਦਾਕਾਰ ਦੀ ਘਰਵਾਲੀ ਸੰਸਦ ਮੈਂਬਰ ਹੇਮਾ ਮਾਲਿਨੀ ਅਤੇ ਧੀ ਈਸ਼ਾ ਦਿਉਲ ਦੁਆਰਾ ਧਰਮਿੰਦਰ ਦੇ ਜਿਉਂਦਾ ਹੋਣ ਦੀ ਪੁਸ਼ਟੀ ਕੀਤੀ ਅਤੇ ਝੂਠੀਆਂ ਖ਼ਬਰਾਂ ਦੇਣ ਵਾਲਿਆਂ ਨੂੰ ਫਿਟਕਾਰ ਪਾਈ। ਇਹ ਘਟਨਾ ਪਹਿਲੀ ਵਾਰ ਨਹੀਂ ਹੋਈ ਇਸ ਤੋਂ ਪਹਿਲਾਂ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦੀ ਵੀ ਸਮੇਂ ਤੋਂ ਪਹਿਲਾਂ ਮੌਤ ਹੋਣ ਦੀਆਂ ਖ਼ਬਰਾਂ ਵਾਇਰਲ ਹੋਈਆਂ ਸਨ। ਅਰਥ ਸ਼ਾਸਤਰ ਵਿਚ ਨੋਬਲ ਪੁਰਸਕਾਰ ਵਿਜੇਤਾ ਅਮਰਿਤਯ ਸੇਨ ਜਿਉਂੰਦੇ ਜਾਗਦੇ ਹਨ ਪਰੰਤੂ ਉਨ੍ਹਾਂ ਨੂੰ ਵੀ ਇਨ੍ਹਾਂ ਅਖ਼ੌਤੀ ਨਿਊਜ਼ ਚੈਨਲਾਂ ਅਤੇ ਸਾਈਟਾਂ ਨੇ ਮਾਰ ਦਿੱਤਾ ਸੀ। ਸੋਸ਼ਲ ਮੀਡੀਏ ਦੇ ਸਮੇਂ ਵਿਚ ਹਰ ਕੋਈ ਪੱਤਰਕਾਰ ਬਣਿਆ ਫਿਰਦਾ ਹੈ। ਪੱਤਰਕਾਰੀ ਇਕ ਕਿੱਤਾ ਨਹੀਂ ਸਗੋਂ ਇਕ ਜ਼ਿੰਮੇਵਾਰੀ ਦਾ ਨਾਮ ਹੈ ਜਿਨ੍ਹਾਂ 'ਤੇ ਲੋਕਾਂ ਦਾ ਭਰੋਸਾ ਕਾਇਮ ਹੈ। ਨਿਊਜ਼ ਚੈਨਲਾਂ ਦੇ ਨਾਲ-ਨਾਲ ਆਮ ਲੋਕਾਂ ਨੂੰ ਵੀ ਕੋਈ ਵੀ ਖ਼ਬਰ ਦੇਣ ਤੋਂ ਪਹਿਲਾਂ ਪੁਸ਼ਟੀ ਜ਼ਰੂਰ ਕਰ ਲੈਣੀ ਚਾਹੀਦੀ ਹੈ। ਅਫ਼ਵਾਹਾਂ ਫੈਲਾਉਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਕਿਉਂਕਿ ਇਸ ਨਾਲ ਲੋਕਾਂ ਦਾ ਮੀਡੀਏ 'ਤੇ ਕੀਤਾ ਭਰੋਸਾ ਟੁੱਟਦਾ ਹੈ।
-ਰਜਵਿੰਦਰ ਪਾਲ ਸ਼ਰਮਾ
ਪਿੰਡ ਕਾਲਝਰਾਣੀ।