23-11-25
ਤੇਰੇ ਪਿੰਡ ਵਾਲੀ ਜੂਹ
ਲੇਖਕ : ਦਵਿੰਦਰ ਦੀਪਕ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 220 ਰੁਪਏ, ਸਫ਼ੇ : 132
ਸੰਪਰਕ : 94173-28910
.jpg)
ਸ਼ਾਇਰ ਦਵਿੰਦਰ ਦੀਪਕ ਆਪਣੇ ਪਲੇਠੇ ਗੀਤ ਸੰਗ੍ਰਹਿ 'ਤੇਰੇ ਪਿੰਡ ਵਾਲੀ ਜੂਹ' ਨਾਲ ਪੰਜਾਬੀ ਗੀਤਕਾਰੀ ਦੇ ਦਰ ਦਰਵਾਜ਼ੇ 'ਤੇ ਦਸਤਕ ਦੇ ਰਿਹਾ ਹੈ। ਸ਼ਾਇਰ ਦਵਿੰਦਰ ਦੀਪਕ ਨੂੰ ਗੀਤਕਾਰੀ ਦੀ ਗੁੜ੍ਹਤੀ ਆਪਣੇ ਵੱਡੇ ਭਰਾ ਨਾਮਵਰ ਗੀਤਕਾਰ ਜਨਕ ਸ਼ਰਮੀਲਾ ਤੋਂ ਮਿਲੀ ਹੈ। ਜਿਸ ਦੀ ਉਂਗਲ ਫੜ ਕੇ ਉਹ ਗੀਤਕਾਰੀ ਦੇ ਪਿੜ ਅੰਦਰ ਨਵੀਆਂ ਬੁਲੰਦੀਆਂ ਛੋਹ ਰਿਹਾ ਹੈ। ਅੱਜ ਦੇ ਸਮੇਂ ਵਿਚ ਅਜਿਹੀ ਪ੍ਰਗੀਤਕ ਸ਼ਾਇਰੀ ਦੀ ਬਹੁਤ ਜ਼ਰੂਰਤ ਹੈ ਜੋ ਪਾਠਕਾਂ ਅਤੇ ਸਰੋਤਿਆਂ ਦੀ ਰੂਹ ਅੰਦਰ ਉੱਤਰ ਜਾਏ। ਉਸ ਦੀ ਸ਼ਾਇਰੀ ਦੇ ਕਾਵਿ-ਪ੍ਰਵਚਨ ਦੀ ਤੰਦ ਸੂਤਰ ਇਸ ਗੀਤ ਸੰਗ੍ਰਹਿ 'ਤੇਰੇ ਪਿੰਡ ਦੀ ਜੂਹ' ਦੇ ਨਾਂਅ ਤੋਂ ਸਹਿਜੇ ਹੀ ਅਸਾਡੇ ਹੱਥ ਆ ਜਾਂਦੀ ਹੈ ਕਿ ਇਸ ਦੀ ਕਾਵਿਕਾਰੀ ਪੇਂਡੂ ਰਹਿਤਲ ਦੇ ਵਿਭਿੰਨ ਪਸਾਰਾਂ ਦੀ ਪਰਿਕਰਮਾ ਕਰਦੀ ਹੋਈ ਨਜ਼ਰ ਆਉਂਦੀ ਹੈ। ਉਹ ਥਾਂ-ਥਾਂ ਪਿੱਪਲ, ਬੋਹੜਾਂ, ਤੀਆਂ ਅਤੇ ਨੱਢੀਆਂ ਦੇ ਸੁਹੱਪਣ ਵੱਲ ਤਾਂ ਪੰਛੀ ਝਾਤ ਪਵਾਉਂਦਾ ਹੀ ਹੈ ਤੇ ਨਾਲ ਦੀ ਨਾਲ ਤਰੰਗਤੀ ਮੁਹੱਬਤ ਮਾਨਣ ਅਤੇ ਸੱਚ 'ਤੇ ਪਹਿਰਾ ਦੇਣ ਲਈ ਮਨਸੂਰ ਵਾਂਗ ਸੂਲੀ ਚੜ੍ਹਨ ਜਾਂ ਜ਼ਹਿਰ ਦਾ ਪਿਆਲਾ ਪੀਵਣ ਤੱਕ ਪਹੁੰਚਣ ਲਈ ਵੀ ਪੱਥ ਪ੍ਰਦਰਸ਼ਕ ਬਣਦਾ ਹੈ। ਉਸ ਦੀ ਰੁਮਾਂਟਿਕ ਸ਼ਾਇਰੀ ਜਿਸਮਾਂ ਦੀ ਖੇਡ ਤੋਂ ਵਿੱਥ ਸਿਰਜ ਕੇ ਪਾਕੀਜ਼ਦਗੀ ਦਾ ਪੱਲਾ ਫੜ੍ਹੀ ਰੱਖਦੀ ਹੈ। ਉਸ ਦੀ ਸ਼ਾਇਰੀ ਵਿਚ ਅਧਿਆਤਮੀ ਸੁਰਾਂ ਵੀ ਹਨ, ਜੋ ਬੰਦੇ ਨੂੰ ਬੰਦਗੀ ਅਤੇ ਬੰਦਿਆਈ ਨਾਲ ਜੁੜੇ ਰਹਿਣ ਲਈ ਪ੍ਰੇਰਕ ਵੀ ਬਣਦੀ ਹੈ। ਉਹ ਪੰਜਾਬ ਅੰਦਰ ਵਹਿ ਰਹੇ ਨਸ਼ਿਆਂ ਦੇ ਛੇਵੇਂ ਦਰਿਆ ਨੂੰ ਠੱਲ੍ਹਣ ਲਈ ਭੈਣਾਂ ਦੀ ਅਰਜੋਈ ਨਾਲ ਆਪਣੇ ਵੀਰਾਂ ਨੂੰ ਇਹ ਕਹਿ ਕੇ ਦੁਹਾਈ ਪਾ ਰਹੀਆਂ ਹਨ ਕਿ ਹਰ ਰੋਜ਼ ਸਿਵਿਆਂ 'ਚ ਉਠਦੀਆਂ ਅੱਗ ਦੀਆਂ ਲਾਟਾਂ ਨਾਲ ਹੱਸਦੇ-ਵਸਦੇ ਘਰਾਂ ਅੰਦਰ ਪੈਂਦ ਕੀਰਨੇ ਘਰਾਂ ਦੀਆਂ ਕੰਧਾਂ ਹਿਲਾ ਰਹੇ ਹਨ। ਉਹ ਧਰਮ ਦੇ ਠੇਕੇਦਾਰਾਂ ਦੇ ਵੀ ਬਖੀਏ ਉਧੇੜਦਾ ਹੈ, ਜੋ ਧਰਮ ਦੇ ਰਾਹ ਤੋਂ ਦੂਰ ਕਰਕੇ ਬਾਬੇ ਨਾਨਕ ਦੇ ਫਲਸਫੇ ਤੋਂ ਤਾਂ ਦੂਰ ਕਰ ਹੀ ਰਹੇ ਹਨ ਅਤੇ ਭਾਰਤੀਆਂ ਵੀ ਫੈਲਾਅ ਰਹੇ ਹਨ। ਉਹ ਆਪਣੀ ਮਾਂ ਬੋਲੀ ਪੰਜਾਬੀ ਨੂੰ ਜਨੂੰਨ ਦੀ ਹੱਦ ਤੱਕ ਪਿਆਰ ਤਾਂ ਕਰਦਾ ਹੀ ਹੈ ਤੇ ਉਥੇ ਮਮਤਾ ਦੀ ਮੂਰਤ ਮਾਂ ਦੇ ਨਿਰਛਲ ਪਿਆਰ ਦੀ ਵੀ ਥਾਹ ਪਵਾਉਂਦਾ ਹੈ। ਉਹ ਵਧ ਰਹੇ ਹਰ ਕਿਸਮ ਦੇ ਪ੍ਰਦੂਸ਼ਣ ਨੂੰ ਠੱਲ੍ਹ ਪਾਉਣ ਲਈ ਆਪਣਾ ਬਣਦਾ ਕਾਵਿ ਤਰੱਦਦ ਤਾਂ ਕਰ ਹੀ ਰਿਹਾ ਹੈ। ਉਹ ਸੁਪਨੇ ਅੰਦਰ ਜੋ ਪੰਜਾਬ ਦਾ ਸੁਪਨਾ ਦੇਖਦਾ ਹੈ, ਉਸ ਸੁਪਨੇ ਦੀ ਤਾਬੀਰ ਦੇਖਣ ਦਾ ਤਲਬਗਾਰ ਹੈ। ਉਸ ਦਾ ਮੰਨਣਾ ਹੈ ਕਿ ਕੀ ਪੰਦਰਾਂ ਅਗਸਤ ਨੂੰ ਆਜ਼ਾਦੀ ਦਾ ਦਿਹਾੜਾ ਧੂਮ-ਧੜੱਕੇ ਨਾਲ ਮਨਾਇਆ ਜਾਂਦਾ ਹੈ, ਉਹ ਉਸ ਦੀ ਵਧਾਈ ਇਸ ਕਰਕੇ ਨਹੀਂ ਦੇ ਸਕਦਾ ਕਿਉਂਕਿ ਆਜ਼ਾਦੀ ਦੇ ਮਰਜੀਵੜਿਆਂ ਦੇ ਹਾਣ ਦੀ ਅਜੇ ਆਜ਼ਾਦੀ ਨਹੀਂ ਆਈ। ਜੇਕਰ ਇਨ੍ਹਾਂ ਗੀਤਾਂ ਨੂੰ ਕੋਈ ਨਾਮਵਰ ਸਾਜ਼ ਅਤੇ ਆਵਾਜ਼ ਨਾਲ ਸਰੋਤਿਆਂ ਦੇ ਰੂਬਰੂ ਕਰਾ ਦੇਵੇ ਤਾਂ ਗਾਇਕ ਸੋਨੇ 'ਤੇ ਸੁਹਾਗੇ ਵਰਗੀ ਗੱਲ ਹੋ ਜਾਵੇਗੀ। ਨਿਕਟ ਭਵਿੱਖ ਵਿਚ ਹੋਰ ਬਿਹਤਰ ਕਲਾਤਮਿਕ ਪ੍ਰਗਟਾਵੇ ਦੀ ਗੀਤਕਾਰੀ ਦੀ ਉਡੀਕ ਰਹੇਗੀ।
-ਭਗਵਾਨ ਢਿੱਲੋਂ
ਮੋਬਾਈਲ : 98143-78254
ਜਿੱਤ ਦਾ ਭਰੋਸਾ
ਲੇਖਕ : ਨਰਿੰਦਰ ਸਿੰਘ ਕਪੂਰ
ਪ੍ਰਕਾਸ਼ਕ : ਲੋਕਗੀਤ ਪ੍ਰਕਾਸ਼ਨ ਮੁਹਾਲੀ
ਮੁੱਲ : 350 ਰੁਪਏ, ਸਫ਼ੇ : 180
ਸੰਪਰਕ : 0172-5027427

ਅੱਜ ਦੇ ਸਮੇਂ ਵਿਚ ਨਰਿੰਦਰ ਸਿੰਘ ਕਪੂਰ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਵਾਰਤਕ ਲੇਖਕ ਹੈ। ਉਹ ਇੱਕ ਚਰਚਿਤ ਤੇ ਸਥਾਪਤ ਰਚਨਾਕਾਰ ਹੈ। ਉਸ ਨੇ ਲੰਮਾ ਸਮਾਂ ਸਾਹਿਤ ਤੇ ਪੱਤਰਕਾਰੀ ਦੇ ਵਿਦਿਆਰਥੀਆਂ ਨੂੰ ਯੋਗ ਅਗਵਾਈ ਪ੍ਰਦਾਨ ਕੀਤੀ ਹੈ। ਉਸ ਦੀ ਵਾਰਤਕ ਰਵਾਨਗੀ ਵਾਲੀ, ਜਾਣਕਾਰੀ ਭਰਪੂਰ ਤੇ ਰੇਖਾਂਕਿਤ ਕਰਨ ਵਾਲੀ ਹੈ। ਉਹ ਪਿਛਲੇ ਕਈ ਦਹਾਕਿਆਂ ਤੋਂ ਪੰਜਾਬੀ ਪਾਠਕਾਂ ਦੇ ਦਿਲਾਂ ਵਿਚ ਵਸਿਆ ਹੋਇਆ ਹੈ। ਇਨ੍ਹੀਂ ਦਿਨੀਂ ਉਹ ਸੋਸ਼ਲ ਮੀਡੀਆ ਰਾਹੀਂ ਰੂਬਰੂ ਅਤੇ ਨਿੱਕੇ-ਨਿੱਕੇ ਸੇਧਮਈ ਟੋਟਕਿਆਂ ਦੁਬਾਰਾ ਜਨ-ਮਾਨਸ ਵਿਚ ਪ੍ਰੇਰਿਤ ਕਰਦਾ ਨਜ਼ਰੀਂ ਆਉਂਦਾ ਹੈ। ਵਿਚਾਰ ਅਧੀਨ ਪੁਸਤਕ ਉਸ ਦੀ ਇਸੇ ਸਾਲ ਪ੍ਰਕਾਸ਼ਿਤ ਹੋਈ ਅਜਿਹੀ ਵਾਰਤਕ ਹੈ, ਜਿਸ ਦਾ ਪਹਿਲਾ ਐਡੀਸ਼ਨ ਮਈ ਵਿਚ ਤੇ ਦੂਜੀ ਜੂਨ ਵਿਚ ਛਪਿਆ ਹੈ। ਇਸ ਤੋਂ ਲੇਖਕ ਦੀ ਲੋਕਪ੍ਰਿਅਤਾ ਦਾ ਅੰਦਾਜ਼ਾ ਸਹਿਜੇ ਹੀ ਲਾਇਆ ਜਾ ਸਕਦਾ ਹੈ। ਇਹ ਕਿਤਾਬ ਕੋਰੋਨਾ ਕਾਲ ਦੀ ਉਪਜ ਹੈ। ਇਸ ਸੰਗ੍ਰਹਿ ਵਿਚ 25 ਲੇਖ ਹਨ, ਜੋ ਵੱਖ-ਵੱਖ ਵਿਸ਼ਿਆਂ ਨਾਲ ਸੰਬੰਧਿਤ ਹਨ। ਅੰਗਰੇਜ਼ੀ ਵਿਚ ਸਵੇਟ ਮਾਰਡਨ, ਡੇਲ ਕਾਰਨੇਗੀ, ਨੈਪੋਲੀਅਨ ਹਿਲ, ਡੇਵਿਡ ਸ਼ਵਾਰਜ਼, ਜੌਸਫ਼ ਮਰਫ਼ੀ ਆਦਿ ਲੇਖਕਾਂ ਨੇ ਉਤਸ਼ਾਹੀ, ਅਗਾਂਹਵਧੂ ਤੇ ਪ੍ਰੇਰਨਾਜਨਕ ਵਾਰਤਕ ਵਿਚ ਵਿਸ਼ੇਸ਼ ਯੋਗਦਾਨ ਦਿੱਤਾ ਹੈ, ਪਰ ਪੰਜਾਬੀ ਵਿਚ ਅਜਿਹੇ ਵਿਸ਼ਿਆਂ 'ਤੇ ਬਹੁਤ ਘੱਟ ਮੌਲਿਕ ਕਿਤਾਬਾਂ ਮਿਲਦੀਆਂ ਹਨ। ਪ੍ਰੋ. ਕਪੂਰ ਨੇ ਪੰਜਾਬੀ ਜਨਜੀਵਨ ਤੇ ਭਾਰਤੀ ਸਮਾਜ ਦੇ ਅਨੁਰੂਪ ਲੋਕਾਂ ਦੀਆਂ ਆਮ ਸਮੱਸਿਆਵਾਂ ਦੀ ਨਿਸ਼ਨਦੇਹੀ ਕਰਕੇ ਉਨ੍ਹਾਂ ਵਿਚ ਸੌਖੇ ਢੰਗ ਨਾਲ ਨਜਿੱਠਣ ਦੀ ਕੋਸ਼ਿਸ਼ ਕੀਤੀ ਹੈ। ਢੇਰ ਸਾਰੇ ਯੂਰਪੀ, ਅੰਗਰੇਜ਼ੀ ਸਾਹਿਤ ਦੇ ਗਿਆਨਵਾਨ ਪ੍ਰੋ. ਕਪੂਰ ਦੀਆਂ ਰਚਨਾਵਾਂ ਵਿਚ ਅਜਿਹੇ ਹਵਾਲੇ ਆਮ ਮਿਲਦੇ ਹਨ। ਇਨ੍ਹਾਂ ਲੇਖਾਂ ਦੀ ਖ਼ਾਸੀਅਤ ਮੈਨੂੰ ਇਹ ਵੀ ਲੱਗੀ ਹੈ ਕਿ ਲੇਖਕ ਨੇ ਲੋਕ-ਭਾਸ਼ਾ ਦੇ ਨੇੜੇ ਤੇੜੇ ਰਹਿ ਕੇ ਲੋਕ ਮੁਹਾਵਰੇ ਵਿਚ ਆਪਣੇ ਵਿਚਾਰ ਸਹਿਜ ਸੁਭਾਵਕ ਢੰਗ ਨਾਲ ਪੇਸ਼ ਕੀਤੇ ਹਨ। ਕਿਤਾਬ ਦੇ ਕੁਝ ਲੇਖਾਂ (ਮੇਰੀ ਜੇਲ੍ਹ ਯਾਤਰਾ, ਜਿਨ੍ਹਾਂ ਰਾਹਾਂ ਦੀ ਮੈਂ ਸਾਰ ਨਾ ਜਾਣਾ, ਪ੍ਰੀਖਿਆਵਾਂ, ਹਾਦਸਿਆਂ ਦਾ ਦਰਦ ਆਦਿ) ਵਿਚ ਲੇਖਕ ਨੇ ਨਿੱਜੀ ਤਜਰਬਿਆਂ ਵਿਚ ਵੀ ਆਧਾਰ ਬਣਾਇਆ ਹੈ। ਨਿੱਕੇ ਨਿੱਕੇ ਵਾਕਾਂ ਵਿਚ ਵਿਉਂਤੇ ਕਈ ਵਿਚਾਰ ਜੀਵਨ ਦੀ ਅਟੱਲ ਸੱਚਾਈ ਪ੍ਰਤੀਬਿੰਬਤ ਕਰਦੇ ਹਨ ਤੇ ਇਹੋ ਇਨ੍ਹਾਂ ਦੀ ਵਿਲੱਖਣਤਾ ਹੈ। ਲੇਖਕ ਦੀਆਂ ਹੋਰਨਾਂ ਕਿਤਾਬਾਂ ਵਾਂਗ ਇਹ ਪੁਸਤਕ ਵੀ ਲੋਕਪ੍ਰਿਯਤਾ ਦੇ ਰਿਕਾਰਡ ਤੋੜੇਗੀ, ਅਜਿਹਾ ਮੈਨੂੰ ਵਿਸ਼ਵਾਸ ਹੈ।
-ਪ੍ਰੋ. ਨਵ ਸੰਗੀਤ ਸਿੰਘ
ਮੋਬਾਈਲ : 94176-92015
ਦੁਨੀਆ ਅੰਦਰ ਅਜੇ ਹਨੇਰਾ
ਲੇਖਕ : ਬਲਦੇਵ ਸਿੰਘ 'ਬੱਦਨ'
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨ, ਸਮਾਣਾ
ਮੁੱਲ : 350 ਰੁਪਏ, ਸਫ਼ੇ : 200
ਸੰਪਰਕ : 99588-31357

ਸ਼ਾਇਰ ਬਲਦੇਵ ਸਿੰਘ 'ਬੱਦਨ' ਬਹੁ-ਵਿਧਾਈ ਲੇਖਕ ਹੈ ਜੋ ਕਿਸੇ ਰਸਮੀ ਜਾਣ-ਪਛਾਣ ਦਾ ਮੁਹਤਾਜ ਨਹੀਂ ਕਿਉਂਕਿ ਉਹ ਨੈਸ਼ਨਲ ਬੁੱਕ ਟਰੱਸਟ ਨਵੀਂ ਦਿੱਲੀ ਦੇ ਸਾਬਕਾ ਨਿਰਦੇਸ਼ਕ ਦੀਆਂ ਸੇਵਾਵਾਂ ਨਿਭਾਉਂਦੇ ਹੋਏ ਦੇਸ਼ ਭਰ ਵਿਚ ਪੁਸਤਕ ਪ੍ਰਦਰਸ਼ਨੀਆਂ ਲਗਾਉਣ ਦੇ ਨਾਲ-ਨਾਲ ਗੋਸ਼ਟੀਆਂ ਅਤੇ ਕਵੀ ਦਰਬਾਰ ਕਰਵਾਉਂਦੇ ਰਹੇ ਹਨ। ਨਿਰਦੇਸ਼ਕ ਦੀਆਂ ਸੇਵਾਵਾਂ ਨਿਭਾਉਂਦੇ ਹੋਏ ਵੱਖ-ਵੱਖ ਵਿਸ਼ਿਆਂ 'ਤੇ ਲਗਭਗ 749 ਪੁਸਤਕਾਂ ਦਾ ਪ੍ਰਕਾਸ਼ਨ ਕਰਾਇਆ ਹੈ। ਸ਼ਾਇਰ ਸੰਪਾਦਨ, ਆਲੋਚਕ, ਅਨੁਵਾਦ ਅਤੇ ਬਾਲ ਲੇਖਕ ਦੇ ਤੌਰ 'ਤੇ ਪ੍ਰਬੁੱਧ ਲੇਖਕਾਂ ਵਿਚ ਉਨ੍ਹਾਂ ਦਾ ਨਾਂਅ ਸਤਿਕਾਰ ਨਾਲ ਲਿਆ ਜਾਂਦਾ ਹੈ। ਸ਼ਾਇਰ ਦੇ ਨਵ-ਪ੍ਰਕਾਸ਼ਿਤ ਕਾਵਿ-ਸੰਗ੍ਰਹਿ 'ਦੁਨੀਆ ਅੰਦਰ ਅਜੇ ਹਨੇਰਾ' ਤੋਂ ਪਹਿਲਾਂ ਵੀ 'ਜ਼ਖ਼ਮੀ ਡਾਰ ਪਰਿੰਦਿਆਂ ਦੀ', ਗ਼ਜ਼ਲ ਸੰਗ੍ਰਹਿ 'ਸ੍ਰਿਸ਼ਟੀ ਦ੍ਰਿਸ਼ਟੀ' ਕਾਵਿ-ਸੰਗ੍ਰਹਿ ਅਤੇ 'ਅੱਖਾਂ ਲੱਭਦੇ ਸੁਫ਼ਨੇ' ਗ਼ਜ਼ਲ ਸੰਗ੍ਰਹਿ ਰਾਹੀਂ ਪੰਜਾਬੀ ਅਦਬ ਦੇ ਦਰ ਦਰਵਾਜ਼ੇ 'ਤੇ ਦਸਤਕ ਦੇ ਚੁੱਕਿਆ ਹੈ। ਪ੍ਰਬੁੱਧ ਸਮੀਖਿਆਕਾਰ ਡਾ. ਅਮਰ ਕੋਮਲ, ਪ੍ਰਿੰ. ਡਾ. ਇੰਦਰਜੀਤ ਸਿੰਘ ਵਾਸੂ ਅਤੇ ਪਵਨ ਹਰਚੰਦਪੁਰੀ ਦੀਆਂ ਲਿਖੀਆਂ ਭੂਮਿਕਾਵਾਂ ਦਾ ਸ਼ਾਬਦਿਕ ਮੰਥਨ ਕੀਤਾ ਜਾਵੇ ਤਾਂ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਸ਼ਾਇਰ ਅਧਿਆਤਮ ਅਤੇ ਰੁਮਾਂਸਵਾਦ ਦੇ ਮਿਸ਼ਰਨ ਨੂੰ ਬੌਧਿਕਤਾ, ਗੰਭੀਰਤਾ, ਪ੍ਰਪੱਕਤਾ, ਦ੍ਰਿੜ੍ਹ ਨੀਤੀਆਂ ਦਾ ਸੰਕਲਪੀ ਸਰੂਪ, ਮਾਨਵੀ ਕਦਰਾਂ-ਕੀਮਤਾਂ ਦੀ ਪੈਰਵੀ ਕਰਦਿਆਂ ਜਨਵਾਦੀ ਸੰਭਾਵਨਾਵਾਂ ਲਈ ਧਰਾਤਲੀਕਰਨ ਕਰਨ ਵਾਲਾ ਬੌਧਿਕ ਧਰੂ ਤਾਰਾ ਹੈ। ਮੰਤਰ ਕਾਲ ਤੋਂ ਯੰਤਰ ਕਾਲ ਦੀ ਪਰਿਕਰਮਾ ਕਰਦਿਆਂ ਹੋਇਆਂ ਰੂਹ ਦੀ ਤਸੱਲੀ ਲਈ ਸਹਿਜ ਸਿਆਣਪਾਂ ਦੀਆਂ ਸਮਝਾਉਣੀਆਂ ਕਰਦਾ ਹੋਇਆ ਉਹ ਦੇਸ਼ ਦੇ ਸਰਬਰਾਹ ਤੋਂ 'ਮਨ ਕੀ ਬਾਤ' ਰਾਹੀਂ ਭਰਾਂਤੀਆਂ ਪੈਦਾ ਕਰਕੇ ਨਵੇਂ ਆਪੇ ਸੰਕਲਪ ਹਿੰਦੂਤਵ ਦੇ ਰਾਸ਼ਟਰਵਾਦ ਲਈ ਕਾਰਪੋਰੇਟ ਸੈਕਟਰ ਦੀ ਕੱਠਪੁਤਲੀ ਬਣ ਕੇ ਘੱਟ ਗਿਣਤੀਆਂ ਵਿਚ ਸਹਿਮ ਪੈਦਾ ਕਰਦਾ ਹੈ। ਸ਼ਾਇਰ ਦੱਸਦਾ ਹੈ ਕਿ ਦੇਸ਼ਧਰੋਹੀ ਉਹ ਤਾਂ ਹੈ ਹੀ, ਜੋ ਦੇਸ਼ ਦੀ ਪ੍ਰਭੂਸੱਤਾ 'ਤੇ ਟੀਰੀ ਅੱਖ ਰੱਖਦਾ ਹੈ ਬਲਕਿ ਦੇਸ਼ਧਰੋਹੀ ਤਾਂ ਦੇਸ਼ ਦਾ ਸਰਬਰਾਹ ਵੀ ਹੈ ਜੋ ਦੋਵਾਂ ਵੇਲੇ ਕੀਤੇ ਲਾਰਿਆਂ ਨਾਲ ਜਨਤਾ ਨਾਲ ਬੇਵਫ਼ਾਈ ਕਰਦਾ ਹੈ। ਸ਼ਾਇਰ ਇਨਕਲਾਬ ਦੀ ਗੱਲ ਕਰਦਿਆਂ ਹਲੀਮੀ ਦੇ ਮਾਰਗ 'ਤੇ ਚਲਦਿਆਂ ਬੇਗ਼ਮਪੁਰਾ ਦੇ ਸੁਪਨੇ ਦੀ ਤਾਬੀਰ ਦਾ ਤਲਬਗਾਰ ਹੈ। ਸ਼ਾਇਰ ਪ੍ਰਬੁੱਧ ਦੇਸ਼ ਭਗਤਾਂ ਅਤੇ ਚਿੰਤਕਾਂ ਦੀਆਂ ਵਾਰਾਂ ਲਿਖ ਕੇ ਉਨ੍ਹਾਂ ਦੀਆਂ ਸਿੱਖਿਆਵਾਂ 'ਤੇ ਚੱਲਣ ਲਈ ਅਸਾਨੂੰ ਅਗਾਊਂ ਜਾਗਰੂਕ ਕਰਦਾ ਹੈ। ਸ਼ਾਇਰ ਵਿਭਿੰਨ ਮਾਨਵੀ ਸਰੋਕਾਰਾਂ ਨਾਲ ਦਸਤਪੰਜਾ ਲੈਂਦਿਆਂ ਵਿਭਿੰਨ ਪਸਾਰਾਂ ਵਿਚ ਫੈਲੇ ਧੁੰਦਲਕੇ ਨੂੰ ਛੱਡਣ ਲਈ ਹੱਕ ਸੱਚ ਦੀ ਕ੍ਰਾਂਤੀਕਾਰੀ ਜੋਤ ਜਗਾਉਣ ਦਾ ਕਾਵਿਕ ਤਰੱਦਦ ਕਰਦਾ ਹੈ। ਸ਼ਾਇਰ ਬੌਧਿਕਤਾ ਦੇ ਵਹਾਅ ਵਿਚ ਏਨਾ ਵਹਿ ਜਾਂਦਾ ਹੈ ਕਿ ਕਈ ਕਵਿਤਾਵਾਂ ਵਿਚ ਕਾਵਿ ਵਿੱਥ ਸਿਰਜ ਲੈਂਦਾ ਹੈ ਤੇ ਵਾਰਤਕ ਦੇ ਨਜ਼ਦੀਕ ਪਹੁੰਚ ਜਾਂਦਾ ਹੈ। ਇੰਝ ਕਾਵਿ-ਚਿੰਤਨ ਤਾਂ ਸਿਖਰ 'ਤੇ ਪਹੁੰਚ ਜਾਂਦਾ ਹੈ ਪਰ ਕਾਵਿ-ਸ਼ਿਲਪ ਝੋਲ ਖਾ ਜਾਂਦਾ ਹੈ। ਸ਼ਾਇਰ ਦੀ ਨਿੱਜੀ ਅਭਿਵਿਅਕਤੀ ਦੀ ਪੁਣੀ ਹੋਈ ਸ਼ਾਇਰੀ ਨੂੰ ਜੀ ਆਇਆਂ ਕਹਿਣਾ ਤਾਂ ਬਣਦਾ ਹੀ ਹੈ।
-ਭਗਵਾਨ ਢਿੱਲੋਂ
ਸੁਲਗਦੇ ਅਲਫ਼ਾਜ਼
ਕਵੀ : ਪ੍ਰਿੰ. ਸਵਿੰਦਰ ਸਿੰਘ ਚਾਹਲ
ਪ੍ਰਕਾਸ਼ਕ : ਅਸੰਖ ਪਬਲੀਕੇਸ਼ਨ, ਬਰੇਟਾ
ਮੁੱਲ : 299 ਰੁਪਏ, ਸਫ਼ੇ : 171
ਸੰਪਰਕ : 94783-09316

ਕਵੀ ਪ੍ਰਿੰਸੀਪਲ ਸਵਿੰਦਰ ਸਿੰਘ ਚਾਹਲ ਇਕ ਗੁੜ੍ਹਿਆ ਹੋਇਆ ਤੇ ਪੰਜਾਬੀ ਕਵਿਤਾ ਦੀ ਰੂਹ ਦਾ ਹਾਣੀ ਕਵੀ ਹੈ ਜੋ ਕਿ ਅੱਜਕਲ੍ਹ ਕੈਨੇਡਾ ਵਿਚ ਰਹਿੰਦਾ ਹੈ। ਕਵੀ ਸਾਹਿਤਕ ਖੇਤਰ ਦੀ ਇਕ ਸਥਾਪਿਤ ਸ਼ਖ਼ਸੀਅਤ ਹੈ ਅਤੇ ਜ਼ਿੰਦਗੀ ਦੇ ਸਾਰੇ ਹੀ ਪੰਨੇ ਉਸ ਨੇ ਆਪਣੇ ਲਹੂ ਨਾਲ ਕਵਿਤਾ ਸੰਗ ਰੰਗੇ ਹਨ। ਉਹ ਜਿਥੇ ਪੰਜਾਬ ਦੇ ਕਈ ਅਖ਼ਬਾਰਾਂ, ਰਸਾਲਿਆਂ ਵਿਚ ਛਪਦਾ ਰਿਹਾ ਹੈ, ਉਥੇ ਕਈ ਦੇਸ਼ਾਂ ਤੋਂ ਛਪਦੇ ਆਨਲਾਈਨ ਰਸਾਲਿਆਂ ਵਿਚ ਵੀ ਛਪਦਾ ਰਿਹਾ। ਉਸ ਬਾਰੇ ਪ੍ਰਸਿੱਧ ਹੈ ਕਿ ਸਾਰੀ ਜ਼ਿੰਦਗੀ ਉਸ ਨੇ ਮਿਹਨਤ ਅਤੇ ਦ੍ਰਿੜ੍ਹ ਇਰਾਦੇ ਨਾਲ ਬਿਤਾਈ। ਇਮਾਨਦਾਰ ਸੁਭਾਅ ਦੇ ਚੌਗਿਰਦੇ ਵਿਚ ਉਸ ਨੇ ਇਮਾਨਦਾਰ ਕਾਵਿ ਰਚਿਆ। ਉਹ ਯਥਾਰਥਵਾਦੀ ਸੋਚ ਦਾ ਧਾਰਨੀ ਹੈ। ਉਸ ਦਾ ਪਿਤਾ ਵੀ ਇਲਾਕੇ ਵਿਚ ਡੰਗਰਾਂ ਦਾ ਹਕੀਮ ਸੀ ਤੇ ਉਹ ਉਮਰ ਭਰ ਲੋਕ ਸੇਵਾ ਕਰਦਾ ਰਿਹਾ। ਡਾ. ਇਕਬਾਲ ਕੌਰ ਸੋਂਧ ਪੁਸਤਕ ਦੇ ਅਰੰਭ ਵਿਚ ਲਿਖਦੇ ਹਨ ਕਿ ਕਵੀ ਚਾਹਲ ਪੰਜਾਬੀ ਅਤੇ ਪੰਜਾਬੀਅਤ ਨਾਲ ਧੁਰ ਤੋਂ ਹੀ ਜੁੜਿਆ ਰਿਹਾ ਹੈ। ਉਹ ਪੰਜਾਬੀ ਦੇ ਪ੍ਰਸਾਰ ਵਾਸਤੇ ਰਾਤ-ਦਿਨ ਸਰਗਰਮੀ ਨਾਲ ਜੁੜਿਆ ਰਿਹਾ ਹੈ। ਉਸ ਦੀਆਂ ਕਈ ਕਵਿਤਾਵਾਂ ਯੂ-ਟਿਊਬ ਉੱਤੇ ਵੀ ਚੱਲੀਆਂ।
ਕਵੀ ਨੇ ਆਪਣੀ ਇਸ ਕਾਵਿ-ਪੁਸਤਕ ਨੂੰ ਇਸ ਤਰ੍ਹਾਂ ਕਾਵਿ-ਭਾਗਾਂ ਵਿਚ ਵੰਡਿਆ ਹੈ : ਭਾਗ (ੳ), ਕਵਿਤਾਵਾਂ। ਇਹ ਭਾਗ 25 ਸਫ਼ੇ ਤੋਂ 132 ਸਫ਼ੇ ਤੱਕ ਚੱਲਦਾ ਹੈ ਤੇ ਇਸੇ ਭਾਗ ਵਿਚ ਉਸ ਦੀਆਂ ਸ਼ਾਨਦਾਰ ਤੇ ਜਾਣਦਾਰ ਕਾਵਿ ਸਿਰਜਣਾਵਾਂ ਹਨ। ਚਰਨ ਵੰਦਨਾ, ਜ਼ਿੰਦਗੀ ਜ਼ਿੰਦਾਬਾਦ, ਮੇਰੇ ਪਿੰਡ ਦੀ ਪੁਕਾਰ, ਅੰਨਦਾਤਾ, ਬਾਦਸ਼ਾਹ ਦਰਵੇਸ਼ ਵਿੱਦਿਆ ਵਿਚਾਰੀ ਮਾਂ, ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਏਸੇ ਭਾਗ ਵਿਚ ਹਨ। ਏਸੇ ਹੀ ਭਾਗ ਵਿਚ ਦੋਹੇ ਤੇ ਟੱਪੇ ਵੀ ਹਨ।
ਭਾਗ (ਅ) ਸਫ਼ਾ 134 ਤੋਂ 156 ਤੱਕ ਚਲਦਾ ਹੈ, ਜਿਸ ਵਿਚ ਸ਼ਾਨਦਾਰ ਗ਼ਜ਼ਲਾਂ ਹਨ। ਏਸੇ ਤਰ੍ਹਾਂ ਭਾਗ (ੲ) ਵਿਚ ਰੁਬਾਈਆਂ ਹਨ। ਇਹ ਭਾਗ ਸ਼ਾਨਦਾਰ ਰੁਬਾਈਆਂ ਸੰਭਾਲੀ ਬੈਠਾ ਹੈ ਤੇ ਇਸ ਵਿਚ ਕੁੱਲ 28 ਰੁਬਾਈਆਂ ਹਨ। ਇਕ ਰੁਬਾਈ ਵੇਖੋ :
ਜੀਊਣ ਦੇ ਨਾਂਅ 'ਤੇ ਫ਼ਤਵਾ ਹੈ ਯਾਰੋ ਜ਼ਿੰਦਗੀ,
ਟੇਢੇ ਮੇਢੇ ਰਾਹਾਂ ਤੇ ਗੇੜੇ ਕਡਾਏ ਜ਼ਿੰਦਗੀ,
ਚਾਰ ਦਿਨਾਂ ਦਾ ਮੇਲਾ ਸੁਣਿਆ ਯਾਰੋ ਜ਼ਿੰਦਗੀ,
ਹੋਰ ਰਾਹਾਂ ਤੇ ਭਾਵੇਂ ਕੰਨੀ ਕਤਰਾਏ ਜ਼ਿੰਦਗੀ
ਉਸ ਦੇ ਦੋ ਸ਼ਿਅਰ ਹਾਜ਼ਰ ਹਨ :
ਚੁੱਪ ਤੇਰੀ ਟੱਪ ਗਈ ਸਭ ਹੱਦਾਂ ਬੰਨੇ,
ਏਨੀ ਲੰਮੀ ਚੁੱਪ ਨਾ ਧਾਰਿਆ ਕਰ ਤੂੰ
ਉਸ ਦੇ ਗੀਤ ਜਜ਼ਬਾ ਭਰਪੂਰ ਹਨ ਅਤੇ ਕਵਿਤਾਵਾਂ ਵਿਚ ਯਥਾਰਥ ਅਤੇ ਵਕਤ ਦੀ ਮੰਜਰਕਸ਼ੀ ਹੈ। ਪੁਸਤਕ ਦੀਆਂ ਸਾਰੀਆਂ ਕਾਵਿ-ਰਚਨਾਵਾਂ ਬੇਸ਼ਕੀਮਤੀ ਹਨ ਅਤੇ ਸਿੱਖਿਆਦਾਇਕ ਹਨ। ਇਹ ਪੁਸਤਕ ਨਵੀਂ ਪੀੜ੍ਹੀ ਲਈ ਬੇਸ਼ਕੀਮਤੀ ਹੈ।
ਸੁਲਗਦੇ ਜਜ਼ਬਾਤ
ਗ਼ਜ਼ਲਕਾਰ : ਡਾ. ਸੁਰਿੰਦਰਪਾਲ ਚਾਵਲਾ
ਪ੍ਰਕਾਸ਼ਕ : ਗੋਰਕੀ ਪ੍ਰਕਾਸ਼ਨ, ਲੁਧਿਆਣਾ
ਮੁੱਲ : 125 ਰੁਪਏ, ਸਫ਼ੇ : 67
ਸੰਪਰਕ : 98155-19333

ਡਾ. ਸੁਰਿੰਦਰਪਾਲ ਚਾਵਲਾ ਦੀ ਇਹ ਪਹਿਲੀ ਗ਼ਜ਼ਲ ਪੁਸਤਕ ਹੈ। ਇਸ ਤੋਂ ਪਹਿਲਾਂ ਉਹ ਦੋ ਸਮਿੱਲਤ ਗ਼ਜ਼ਲ ਸੰਗ੍ਰਹਿਾਂ ਵਿਚ ਛਪ ਚੁੱਕਾ ਹੈ ਅਤੇ ਕਈ ਅਖ਼ਬਾਰਾਂ ਵਿਚ ਵੀ ਛਪਣ ਦਾ ਮਾਣ ਲੈ ਚੁੱਕਾ ਹੈ। ਪੁਸਤਕ ਦੇ 67 ਸਫ਼ਿਆਂ ਵਿਚ 55 ਗ਼ਜ਼ਲਾਂ ਪੇਸ਼ ਕੀਤੀਆਂ ਗਈਆਂ ਹਨ। ਪੰਜਾਬ ਗ਼ਜ਼ਲ ਦੀ ਲੰਮੀ ਉਮਰ ਅਤੇ ਤੰਦਰੁਸਤੀ ਦਾ ਇਹ ਵੀ ਰਾਜ਼ ਹੈ ਕਿ ਇਸ ਨੂੰ ਨਵੇਂ ਲਹੂ ਦਾ ਉਤਸ਼ਾਹ ਅਤੇ ਡਾਕਟਰ ਸੁਰਿੰਦਰਪਾਲ ਵਰਗੇ ਸੰਜੀਦਾ ਗ਼ਜ਼ਲਕਾਰ ਮਿਲਦੇ ਰਹੇ ਹਨ। ਗ਼ਜ਼ਲ ਹੁਣ ਕੇਵਲ ਕਾਫ਼ੀਏ ਤਕ ਮਹਿਦੂਦ ਨਹੀਂ ਹੈ। ਸਰਹੱਦੀ ਦਾ ਇਕ ਸ਼ਿਅਰ ਹੈ ਕਿ :
ਨਿਰ੍ਹੀ ਹੋਠਾਂ ਦੀ ਲਾਲੀ ਨਈਂ ਕਲੇਜੇ ਦਾ ਲਹੂ ਵੀ ਲਿਖ,
ਗ਼ਜ਼ਲ ਵਿਚ ਬਹੁਤ ਕੁਝ ਹੁੰਦੈ ਤੂੰ ਕੇਵਲ ਕਾਫੀਆ ਨਾ ਦੇ।
ਉੱਕਤ ਸ਼ਿਅਰ ਦਾ ਭਾਵ ਹੈ ਕਿ ਗ਼ਜ਼ਲ ਕੇਵਲ ਕਾਫ਼ੀਆ ਪੈਮਾਈ ਨਹੀਂ ਸਗੋਂ ਇਸ ਵਿਚ ਹੁਣ ਦੁਨੀਆ ਭਰ ਦੇ ਮਸਲੇ ਪੇਸ਼ ਹੋ ਰਹੇ ਹਨ। ਇਸੇ ਅਨੁਸਾਰ ਡਾ. ਚਾਵਲਾ ਦੀ ਗ਼ਜ਼ਲਕਾਰੀ ਵਿਚ 'ਬਹੁਤ ਕੁਝ' ਹੈ। ਮੁਹੱਬਤ ਦਾ ਰੰਗ ਵੀ ਅਤੇ ਰਾਜਨੀਤੀ ਦਾ ਰੰਗ ਵੀ ਹੈ। ਆਓ ਉਸ ਦੇ ਕੁਝ ਸ਼ਿਅਰ ਵੇਖਦੇ ਹਾਂ :
-ਕਿਉਂ ਇਕੱਠੀ ਕਰ ਲਈ ਤੂ
ਭੀੜ ਆਪਣੇ ਆਸ ਪਾਸ,
ਆਦਮੀ ਤਾਂ ਬਹੁਤ ਨੇ ਜਦ ਤੇਰੀ ਖਾਤਰ ਚਾਰ ਵੀ।
(ਸਫ਼ਾ 13)
-ਘਰ ਬਣਾਇਆ ਸੀ ਕਦੇ
ਮੈਂ ਦਿਲਬਰਾਂ ਦੇ ਸ਼ਹਿਰ ਵਿਚ,
ਕੀ ਪਤਾ ਸੀ ਆਣ ਵਸੇ ਹਾਂ
ਪੱਥਰਾਂ ਦੇ ਸ਼ਹਿਰ ਵਿਚ। (ਸਫ਼ਾ 16)
-ਜਦ ਕਦੇ ਵੀ ਸੱਚ ਨੂੰ
ਸੂਲੀ ਚੜਾਇਆ ਜਾਏਗਾ,
ਸੱਚ ਦਾ ਤੂਫ਼ਾਨ ਉੱਠਿਆ
ਨਾ ਦਬਾਇਆ ਜਾਏਗਾ। (ਸਫ਼ਾ 19)
-ਕੰਧਾਂ ਨਾਲੋਂ ਟੁੱਟ ਗਿਆ ਹੈ
ਘਰ ਦੀ ਛੱਤ ਦਾ ਰਿਸ਼ਤਾ,
ਛੱਤ ਉਡਾ ਕੇ ਲੈ ਗਈਆਂ ਨੇ
ਵਗੀਆਂ ਤੇਜ਼ ਹਵਾਵਾਂ। (ਸਫ਼ਾ 45)
-ਜ਼ਹਿਰ ਪੀ ਪੀ ਜ਼ਿੰਦਗੀ ਦਾ
ਹੋਰ ਹੋਈ ਤਿੱਖੀ ਪਿਆਸ,
ਪਿਆਸ ਮੇਰੀ ਤਾਂ ਬੁਝੇ
ਜੇ ਜ਼ਹਿਰ ਦਾ ਸਾਗਰ ਮਿਲੇ। (ਸਫ਼ਾ 47)
-ਤੇਰੀ ਬਸਤੀ ਅਜਬ ਹੀ ਬਸਤੀ,
ਮੌਤ ਮਹਿੰਗੀ ਤੇ ਜਾਨ ਸਸਤੀ। (ਸਫ਼ਾ 67)
'ਸੁਲਗਦੇ ਜਜ਼ਬਾਤ' ਦੀਆਂ ਸਾਰੀਆਂ ਹੀ ਗ਼ਜ਼ਲਾਂ ਦਾ ਰੂਪਕ ਪੱਖ ਸਲਾਹੁਣਯੋਗ ਹੈ। ਭਾਵੇਂ ਇਨ੍ਹਾਂ ਸ਼ਿਅਰਾਂ ਦਾ ਨੁਮਾਇਆ ਰੰਗ ਮੁਹੱਬਤ ਦਾ ਹੈ ਪਰ ਇਸ ਮੁਹੱਬਤ ਦੇ ਆਈਨੇ ਥਾਣੀ ਅਜੋਕੇ ਸਮਾਜ ਅਤੇ ਆਰਥਿਕਤਾ ਦੀ ਅੱਕਾਸੀ ਹੁੰਦੀ ਹੈ। ਇਨ੍ਹਾਂ ਗ਼ਜ਼ਲਾਂ ਦੀ ਸਾਦੀ ਭਾਸ਼ਾ ਹੈ, ਪਰ ਦਿਲ ਨੂੰ ਛੂਹ ਲੈਣਾ ਅੰਦਾਜ਼ ਹੈ।
-ਸੁਲੱਖਣ ਸਰਹੱਦੀ
ਮੋਬਾਈਲ : 94174-84337
ਅਠ੍ਹਾਰਵੀਂ ਸਦੀ ਦਾ ਸਿੱਖ ਇਤਿਹਾਸ
ਲੇਖਕ : ਡਾ. ਸਾਹਿਬ ਸਿੰਘ ਅਰਸ਼ੀ
ਪ੍ਰਕਾਸ਼ਕ : ਵ੍ਹਾਈਟ ਕਰੋਅ ਪਬਲਿਸ਼ਰਜ਼, ਰਣਜੀਤ ਗੜ੍ਹ ਬਾਂਦਰਾ
ਮੁੱਲ : 295 ਰੁਪਏ, ਸਫ਼ੇ : 168
ਸੰਪਰਕ : 97809-09077

ਦਰਅਸਲ 18ਵੀਂ ਸਦੀ ਦਾ ਸਿੱਖ ਇਤਿਹਾਸ ਇਸ ਪੁਸਤਕ ਨੂੰ ਅਰਥਪੂਰਨ ਬਣਾਉਂਦਾ ਹੈ। ਵਿਦਵਾਨ ਲੇਖਕ ਨੇ ਬੜੀ ਖੋਜ ਭਰੀ ਦ੍ਰਿਸ਼ਟੀ ਨਾਲ ਸਿੱਖ ਇਤਿਹਾਸ ਦੀ ਪ੍ਰਸਤੁਤੀ ਕੀਤੀ ਹੈ। ਮੁਗ਼ਲਾਂ ਦੇ ਸਮੇਂ ਦਾ ਇਤਿਹਾਸ ਉਲੀਕਿਆ ਹੈ। ਇਹ ਯੁੱਗ ਸਿੱਖ ਲਹਿਰਾਂ ਦੇ ਉਭਾਰ ਨਾਲ ਲਬਰੇਜ਼ ਹੈ। ਸਿੱਖਾਂ ਲਈ ਅੰਧੇਰੇ ਦਾ ਸਮਾਂ ਸੀ। ਇਹ ਉਹੀ ਸਦੀ ਸੀ ਜਦੋਂ ਕਾਹਨੂੰਵਾਨ (1746) ਦਾ ਛੋਟਾ ਘੱਲੂਘਾਰਾ ਵਾਪਰਿਆ। ਕੁੱਪ-ਰੋਹੀੜੇ ਦਾ ਘੱਲੂਘਾਰਾ (1762) ਵੱਡਾ ਸੀ ਜੋ ਖੂਨ-ਖਰਾਬੇ ਦੀ ਅੱਤ ਸੀ। ਸਿੱਖਾਂ ਦੀ ਵਧਦੀ ਸ਼ਕਤੀ ਨੂੰ ਖ਼ਤਮ ਕਰਨ ਲਈ ਔਰੰਗਜ਼ੇਬ, ਫ਼ਰਖ਼ਸੀਅਰ, ਜ਼ਕਰੀਆ ਖਾਂ, ਅਹਿਮਦ ਸ਼ਾਹ ਅਬਦਾਲੀ ਲਖਪਤ ਰਾਏ ਅਤੇ ਮੀਰ ਮਨੂੰ ਆਦਿ ਵਲੋਂ ਕੀਤੇ ਗਏ ਜ਼ੁਲਮਾਂ ਦਾ ਹਿਰਦੇਵੇਧਕ ਵਰਣਨ ਹੈ। ਸਿੱਖਾਂ ਦੇ ਜੁਝਾਰੂ ਬਹਾਦਰਾਂ (ਬਾਬਾ ਬੰਦਾ ਸਿੰਘ ਬਹਾਦਰ, ਭਾਈ ਮਨੀ ਸਿੰਘ, ਮਹਿਤਾਬ ਸਿੰਘ, ਭਾਈ ਤਾਰੂ ਸਿੰਘ, ਬਾਬਾ ਦੀਪ ਸਿੰਘ ਬੋਤਾ ਸਿੰਘ, ਜੱਸਾ ਸਿੰਘ ਆਹਲੂਵਾਲੀਆ, ਨਵਾਬ ਕਪੂਰ ਸਿੰਘ, ਭਾਈ ਸੁਬੇਗ ਸਿੰਘ, ਅਕਾਲੀ ਫੂਲਾ ਸਿੰਘ, ਜੱਸਾ ਸਿੰਘ ਰਾਮਗੜ੍ਹੀਆ, ਤਾਰਾ ਸਿੰਘ 'ਵਾਂ', ਆਲਾ ਸਿੰਘ) ਆਦਿ ਦੇ ਸੰਘਰਸ਼ਾਂ, ਕੁਰਬਾਨੀਆਂ ਦੇ ਬਿਰਤਾਂਤ ਸਿਰਜੇ ਹਨ। ਸਿੱਖ ਇਸਤਰੀਆਂ ਦੇ ਮੁੱਲਵਾਨ ਕਾਰਨਾਮਿਆਂ ਦੀ ਚਰਚਾ ਵੀ ਹੈ। ਇਨ੍ਹਾਂ ਇਸਤਰੀਆਂ ਵਿਚ ਰਾਣੀ ਸਦਾ ਕੌਰ, ਮਾਈ ਭਾਗੋ, ਫ਼ਤਹਿ ਕੌਰ, ਮਾਈ ਦੇਸਾਂ, ਰਾਜ ਕੌਰ ਅਤੇ ਸਾਹਿਬ ਕੌਰ ਆਦਿ ਦੇ ਯੋਗਦਾਨ ਦੀ ਵੀ ਚਰਚਾ ਹੈ। ਅਠ੍ਹਾਰਵੀਂ ਸਦੀ ਵਿਚ ਖ਼ਾਲਸੇ ਦੀ ਸਿਰਜਣਾ ਵੀ ਹੋਈ। ਦਸਮੇਸ਼ ਪਿਤਾ ਜੀ ਵਲੋਂ ਖ਼ਾਲਸੇ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਵੀ ਲਾਇਆ ਗਿਆ। ਗੁਰੂ ਸਾਹਿਬ ਜੀ ਦਾ ਸੱਚ-ਖੰਡ ਗਮਨ ਵੀ ਹੋਇਆ। ਏਸੇ ਸਦੀ ਵਿਚ ਗੁਰੂ ਸਾਹਿਬ ਜੀ ਦੇ ਲਾਡਲੇ ਸਾਹਿਬਜ਼ਾਦਿਆਂ ਨੂੰ ਬੇਰਹਿਮੀ ਨਾਲ ਸ਼ਹੀਦ ਵੀ ਕੀਤਾ ਗਿਆ। ਜ਼ਾਲਮ ਬਾਦਸ਼ਾਹ ਔਰੰਗਜ਼ੇਬ ਦੀ ਮੌਤ ਵੀ ਹੋਈ। ਸਿੰਘਾਂ ਨੇ ਜ਼ੁਲਮ ਕਰਨ ਵਾਲੇ ਪਾਪੀਆਂ ਤੋਂ ਇਕ ਇਕ ਕਰਕੇ ਬਦਲੇ ਵੀ ਲਏ। ਲੇਖਕ ਨੇ ਭਾਈ ਵੀਰ ਸਿੰਘ ਦੇ ਹਵਾਲੇ ਨਾਲ ਕੇਡੀ ਸਚਾਈ ਦਾ ਪ੍ਰਗਟਾਵਾ ਕੀਤਾ ਹੈ :
'ਜਿਤਨੀ ਘਾਲ ਇਸ ਪ੍ਰਿਥਵੀ ਦੇ ਤਖ਼ਤੇ ਉੱਤੇ ਖਾਲਸਾ ਜੀ ਨੇ ਘਾਲੀ ਹੈ, ਉਤਨੀ ਸ਼ਾਇਦ ਹੀ ਹੋਰ ਕਿਸੇ ਕੌਮ ਨੇ ਇਨ੍ਹੇ ਥੋੜ੍ਹੇ ਚਿਰ ਵਿਚ ਘਾਲ ਕੇ ਦਿਖਾਈ ਹੈ। ਪਰ ਜਿੰਨੀ ਬੇਪਰਵਾਹੀ ਇਸ ਦੇ ਆਪਣੇ ਕਾਰਨਾਮਿਆਂ ਦੇ ਇਤਿਹਾਸ ਲਿਖਣ ਵਿਚ ਕੀਤੀ ਹੈ, ਉਤਨੀ ਬੇਪਰਵਾਹੀ ਭੀ ਸ਼ਾਇਦ ਹੀ ਹੋਰ ਕਿਸੇ ਕੌਮ ਨੇ ਕੀਤੀ ਹੋਵੇ।' ਪੰ. 167
ਫਿਰ ਵੀ ਸਿੱਖ ਇਕ ਧਾਰਮਿਕ ਕੌਮ ਹੁੰਦਿਆਂ ਹੋਇਆਂ, ਜ਼ੁਲਮਾਂ ਦੇ ਸਹਿਣ ਕਾਰਨ, ਇਕ ਮਾਰਸ਼ਲ ਕੌਮ ਵਿਚ ਪਰਿਵਰਤਿਤ ਹੋ ਗਈ। ਇਹ ਕੌਮ ਆਪਣੀ ਨੈਤਿਕ ਉੱਚਤਾ ਅਤੇ ਉੱਚੇ ਸੁੱਚੇ ਆਚਰਣ ਕਾਰਨ ਜੀਵਿਤ ਹੈ। ਸਿੱਖਾਂ ਦਾ ਬੀਰਤਾ ਭਰਿਆ ਇਤਿਹਾਸ ਹੀ ਇਸ ਦਾ ਗੌਰਵ ਹੈ। ਲੇਖਕ ਸ਼ਲਾਘਾ ਦਾ ਪਾਤਰ ਹੈ ਉਸ ਦੀ ਮਿਹਨਤ ਪੁਸਤਕ 'ਚੋਂ ਝਲਕਾਰੇ ਮਾਰਦੀ ਹੈ।
-ਡਾ. ਧਰਮ ਚੰਦ ਵਾਤਿਸ਼
ਮੋਬਾਈਲ : 88376-79186
ਭਗਤ ਸਿੰਘ ਦੇ ਲੇਖ
'ਮੈਂ ਨਾਸਤਿਕ ਕਿਉਂ ਹਾਂ'
ਦੀ ਇਤਿਹਸਕਤਾ ਅਤੇ ਸਿਧਾਂਤ
ਲੇਖਕ : ਹਰੀਸ਼ ਜੈਨ
ਪ੍ਰਕਾਸ਼ਕ : ਯੂਨੀਸਟਾਰ ਬੁੱਕਸ, ਮੁਹਾਲੀ
ਮੁੱਲ : 300 ਰੁਪਏ, ਸਫ਼ੇ : 184
ਸੰਪਰਕ : 0172-5027427

ਗਿਆਰਾਂ ਪੁਸਤਕਾਂ ਦੇ ਰਚੇਤਾ ਹਰੀਸ਼ ਜੈਨ ਦੁਆਰਾ ਲਿਖੀ ਗਈ ਇਹ 12ਵੀਂ ਪੁਸਤਕ ਭਗਤ ਸਿੰਘ ਦੇ ਲੇਖ 'ਮੈਂ ਨਾਸਤਿਕ ਕਿਉਂ ਹਾਂ' ਦੀ ਇਤਿਹਾਸਕਤਾ ਅਤੇ ਸਿਧਾਂਤ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਵਿਚਾਰਕ ਵਿਰਸੇ ਦੇ ਸਭ ਤੋਂ ਮਹੱਤਵਪੂਰਨ ਥੰਮ੍ਹ, ਉਨ੍ਹਾਂ ਦੇ ਲੇਖ 'ਮੈਂ ਨਾਸਤਿਕ ਕਿਉਂ ਹਾਂ?' ਦੀ ਇਕ ਡੂੰਘੀ ਅਤੇ ਤੱਥ-ਆਧਾਰਿਤ ਪੜਚੋਲ ਹੈ। ਇਸ ਪੁਸਤਕ ਦਾ ਮੂਲ ਉਦੇਸ਼ ਉਸ 'ਧੁੰਦ' ਨੂੰ ਹਟਾਉਣਾ ਹੈ ਜੋ ਭਗਤ ਸਿੰਘ ਦੇ ਸ਼ਹੀਦ ਹੋਣ ਤੋਂ ਬਾਅਦ ਉਸ ਦੇ ਨਾਸਤਿਕ ਅਤੇ ਸਮਾਜਵਾਦੀ ਕਮਿਊਨਿਸਟ ਵਿਚਾਰਾਂ ਦੁਆਲੇ ਰਾਜਸੀ ਅਤੇ ਧਾਰਮਿਕ ਧਿਰਾਂ ਦੁਆਰਾ ਲਗਾਤਾਰ ਪਾਈ ਜਾਂਦੀ ਰਹੀ ਹੈ। ਲੇਖਕ ਨੇ ਬੜੇ ਖੋਜੀ ਅੰਦਾਜ਼ ਵਿਚ ਇਸ ਲੇਖ ਦੀ 'ਇਤਿਹਾਸਕਤਾ' ਨੂੰ ਕ੍ਰਮਬੱਧ ਕੀਤਾ ਹੈ। ਇਹ ਪੁਸਤਕ ਦੱਸਦੀ ਹੈ ਕਿ ਇਹ ਲੇਖ ਅਸਲ ਵਿਚ ਭਾਈ ਰਣਧੀਰ ਸਿੰਘ ਵਰਗੇ ਗ਼ਦਰੀ ਅਤੇ ਧਾਰਮਿਕ ਆਗੂਆਂ ਦੇ ਉਸ ਦਾਅਵੇ ਦੇ ਜਵਾਬ ਵਿਚ ਲਿਖਿਆ ਗਿਆ ਸੀ ਕਿ ਭਗਤ ਸਿੰਘ ਫਾਂਸੀ ਤੋਂ ਪਹਿਲਾਂ ਰੱਬ ਵਿਚ ਵਿਸ਼ਵਾਸ ਕਰਨਾ ਸ਼ੁਰੂ ਕਰ ਦਿੱਤਾ ਸੀ। ਪੁਸਤਕ ਇਸ ਗੱਲ ਦੀ ਪੁਸ਼ਟੀ ਕਰਦੀ ਹੈ ਕਿ ਇਹ ਲੇਖ ਕਿਸ ਸਮੇਂ (ਮਈ 16, 1930 ਤੋਂ ਸਤੰਬਰ 16, 1930 ਦੇ ਵਿਚਕਾਰ) ਲਿਖਿਆ ਗਿਆ ਸੀ ਅਤੇ ਇਸ ਦੇ 1931 ਵਿਚ 'ਦਾ ਪੀਪਲ' ਰਸਾਲੇ ਵਿਚ ਛਪਣ, ਫਿਰ ਲੁਪਤ ਹੋਣ ਅਤੇ 1970ਵਿਆਂ ਵਿਚ ਮੁੜ ਖੋਜੇ ਜਾਣ ਦੀ ਦਿਲਚਸਪ ਕਹਾਣੀ ਨੂੰ ਸਾਹਮਣੇ ਲਿਆਉਂਦੀ ਹੈ।
'ਸਿਧਾਂਤਕ' ਪੱਖੋਂ ਪੁਸਤਕ ਭਗਤ ਸਿੰਘ ਦੀ ਨਾਸਤਕਿਤਾ ਨੂੰ ਇਕ ਵਿਸ਼ਾਲ ਦਾਰਸ਼ਨਿਕ ਧਾਰਾ ਦਾ ਹਿੱਸਾ ਸਾਬਤ ਕਰਦੀ ਹੈ। ਇਹ ਸਪੱਸ਼ਟ ਕਰਦੀ ਹੈ ਕਿ ਉਸ ਦੇ ਵਿਚਾਰ ਨਾ ਕੇਵਲ ਪੱਛਮੀ ਚਿੰਤਕਾਂ ਜਿਵੇਂ ਕਾਰਲ ਮਾਰਕਸ, ਡਾਰਵਿਨ ਅਤੇ ਬਰਟੇਂਡਰਸਲ ਤੋਂ ਪ੍ਰੇਰਿਤ ਸਨ, ਸਗੋਂ ਭਾਰਤ ਦੀ ਆਪਣੀ ਚਾਰਵਾਕ (ਲੋਕਾਇਤ) ਪਰੰਪਰਾ ਨਾਲ ਵੀ ਜੁੜਦੇ ਹਨ। ਲੇਖਕ ਦਾ ਤਰਕ ਹੈ ਕਿ ਪੰਜਾਬੀ ਸੰਦਰਭ ਵਿਚ ਰੱਬ ਦੇ ਸੰਕਲਪ ਬਾਰੇ ਨਾਸਤਿਕ ਦ੍ਰਿਸ਼ਟੀਕੋਣ ਤੋਂ 'ਨਿੱਠ ਕੇ ਵਿਚਾਰ' ਕਰਨ ਵਾਲਾ ਇਹ ਪਹਿਲਾ ਮਹੱਤਵਪੂਰਨ ਲੇਖ ਹੈ। 'ਮੈਂ ਨਾਸਤਿਕ ਕਿਉਂ ਹਾਂ' ਦੇ ਮੂਲ ਪਾਠ ਸਮੇਤ ਇਹ ਪੁਸਤਕ ਸ਼ਹੀਦ ਭਗਤ ਸਿੰਘ ਦੀ ਬੌਧਿਕ ਯੋਗਤਾ ਅਤੇ ਉਸ ਦੇ ਅਸਲੀ ਇਨਕਲਾਬੀ ਫਲਸਫ਼ੇ ਨੂੰ ਸਮਝਣ ਲਈ ਇਕ ਬੇਹੱਦ ਜ਼ਰੂਰੀ ਅਤੇ ਪ੍ਰਮਾਣਿਕ ਸਰੋਤ ਹੈ।
-ਜਸਵਿੰਦਰ ਸਿੰਘ ਕਾਈਨੌਰ
ਮੋਬਾਈਲ : 98888-42244
ਸੰਸਦ ਤੋਂ ਸੜਕ ਤੱਕ
ਸ਼ਾਇਰ : ਧੂਮਿਲ
ਅਨੁਵਾਦ : ਕੰਵਰਜੀਤ ਸਿੰਘ ਸਿੱਧੂ
ਪ੍ਰਕਾਸ਼ਕ : ਵਾਈਟ ਕਰੋਅ ਪਬਲਿਸ਼ਰਜ਼, ਮਾਨਸਾ
ਮੁੱਲ : 220 ਰੁਪਏ, ਸਫ਼ੇ : 156
ਸੰਪਰਕ : 97809-09077

ਰਾਜ ਤੋਂ ਸੰਸਾਰ ਪੱਧਰ ਤਕ ਪਿਆਰ ਕਵਿਤਾ ਤੇ ਸਮਾਂਤਰ ਗਰਮ ਤਾਸੀਰ ਵਾਲੀ ਕਵਿਤਾ ਦਾ ਹਮੇਸ਼ਾ ਬੋਲਬਾਲਾ ਰਿਹਾ ਹੈ, ਕਿਉਂਕਿ ਮੁੱਢ ਕਦੀਮ ਤੋਂ ਮਨੁੱਖ ਤੋਂ ਮਨੁੱਖ ਵਿਚਲਾ ਫ਼ਾਸਲਾ ਬਣਿਆ ਰਿਹਾ ਹੈ। ਕਵਿਤਾ ਨੇ ਸੱਤਾ ਪਲਟਣ ਦੇ ਕ੍ਰਿਸ਼ਮੇ ਵੀ ਕੀਤੇ ਹਨ। ਭਾਰਤੀ ਭਾਸ਼ਾਵਾਂ ਵਿਚ ਰਚੀ ਜਾ ਰਹੀ ਕਵਿਤਾ ਵਿਚ ਇਨਕਲਾਬੀ ਤੱਤ ਭਰਵੇਂ ਰੂਪ ਵਿਚ ਸਾਹਮਣੇ ਆਉਂਦੇ ਰਹੇ ਹਨ। ਇਨ੍ਹਾਂ ਕਵੀਆਂ ਵਿਚ ਹਿੰਦੀ ਕਵਿਤਾ ਦੇ ਵੱਡੇ ਕਲਮਕਾਰ ਧੂਮਿਲ ਦਾ ਨਾਂਅ ਮੁਢਲੀਆਂ ਸਫ਼ਾਂ ਵਿਚ ਆਉਂਦਾ ਹੈ। 'ਸੰਸਦ ਤੋਂ ਸੜਕ ਤੱਕ' ਹਿੰਦੀ ਕਾਵਿ ਸੰਗ੍ਰਹਿ ਦੇ ਕੰਵਰਜੀਤ ਸਿੰਘ ਸਿੱਧੂ ਦੁਆਰਾ ਕੀਤੇ ਅਨੁਵਾਦ ਨੂੰ ਪੜ੍ਹਦਿਆਂ ਧੂਮਿਲ ਦਾ ਅੰਦਾਜ਼ ਵਿਕੋਲੋਤਰਾ ਮਹਿਸੂਸ ਹੁੰਦਾ ਹੈ। ਪੁਸਤਕ ਵਿਚ ਸ਼ਾਇਰ ਦਾ ਸੱਜਰਾ ਚਿੰਤਨ, ਪਰਖ-ਪੜਚੋਲ ਤੇ ਲਹਿਜਾ ਪੜ੍ਹਨਯੋਗ ਹੈ। ਕਵੀ ਦੀ ਜੁਰਅਤ ਦੇਖੋ, 'ਮੈਂ ਕਵੀ ਹਾਂ, ਕਵੀ ਮਤਲਬ ਭਾਸ਼ਾ ਵਿਚ ਠੇਠ ਹਾਂ, ਇਸ ਕਦਰ ਕਾਇਰ ਹਾਂ ਕਿ ਉੱਤਰ ਪ੍ਰਦੇਸ਼ ਹਾਂ।' ਜਾਂ 'ਕੱਲ੍ਹ ਸੁਣਨਾ ਮੁਝੇ' ਕਵਿਤਾ ਵਿਚ, 'ਲੋਹੇ ਦਾ ਸਵਾਦ, ਲੁਹਾਰ ਤੋਂ ਨਾ ਪੁੱਛੋ, ਉਸ ਘੋੜੇ ਤੋਂ ਪੁੱਛੋ, ਜਿਸ ਦੇ ਮੂੰਹ ਵਿਚ ਲਗਾਮ ਹੈ'। ਇੰਝ ਧੂਮਿਲ ਦੀਆਂ ਤਮਾਮ ਨਜ਼ਮਾਂ ਨਿਜ਼ਾਮ ਨੂੰ ਤੂੰਬਾ ਤੂੰਬਾ ਕਰਦੀਆਂ ਹੋਈਆਂ ਮਹਿਸੂਸ ਹੁੰਦੀਆਂ ਹਨ। ਇਹ ਕਵਿਤਾਵਾਂ ਲੋਕ-ਦਰਦ ਦਾ ਮਹਿਜ਼ ਵਖਿਆਨ ਹੀ ਨਹੀਂ ਕਰਦੀਆਂ, ਸਗੋਂ ਹੀਲਾ-ਵਸੀਲਾ ਵੀ ਦੱਸਦੀਆਂ ਹਨ। ਇਹ ਲਿਖਣ ਵੇਲੇ ਵੀ ਓਨੀਆਂ ਹੀ ਢੁਕਵੀਆਂ ਸਨ ਤੇ ਅੱਜ ਦੇ ਸੰਦਰਭ ਵਿਚ ਵੀ ਇਹ ਓਨੀਆਂ ਹੀ ਮਹੱਤਵਪੂਰਨ ਹਨ। ਪੰਜਾਬੀ ਵਿਚ ਵੀ ਅਜਿਹੀ ਕਵਿਤਾ ਕਾਫ਼ੀ ਚਰਚਿਤ ਰਹੀ ਹੈ ਤੇ ਇਹ ਸਿਰਜਣ ਪ੍ਰਕਿਰਿਆ ਅਜੇ ਵੀ ਕੁਝ ਕਲਮਕਾਰਾਂ ਵਲੋਂ ਜਾਰੀ ਹੈ। 'ਸੰਸਦ ਤੋਂ ਸੜਕ ਤੱਕ' ਦਾ ਅਨੁਵਾਦ ਕਰਕੇ ਅਨੁਵਾਦਕ ਨੇ ਬਹੁਤ ਪ੍ਰਸੰਸਾਯੋਗ ਕਾਰਜ ਕੀਤਾ ਹੈ। ਸਮਾਜਿਕ ਤੇ ਆਰਥਿਕ ਬਰਾਬਰੀ ਲਈ ਲੋਕ ਚੇਤਨਾ ਦੀ ਬੜੀ ਲੋੜ ਹੈ ਤੇ ਇਹ ਪੁਸਤਕ ਤਬਦੀਲੀ ਦੀ ਚਾਹਤ ਰੱਖਣ ਵਾਲੇ ਲੋਕਾਂ ਲਈ ਬੜੀ ਮੁੱਲਵਾਨ ਹੈ। ਇਹ ਨਜ਼ਮਾਂ ਭਾਵੇਂ ਆਜ਼ਾਦ ਹਨ ਪਰ ਇਨ੍ਹਾਂ ਦੇ ਵਿਸ਼ੇ ਤੇ ਵਿਸ਼ਿਆਂ ਦੀ ਪੇਸ਼ਕਾਰੀ ਪਾਠਕ ਨੂੰ ਆਪਣੇ ਨਾਲ਼ ਜੋੜੀ ਰੱਖਦੀ ਹੈ ਤੇ ਆਪਣਾ ਪ੍ਰਭਾਵ ਪਾਉਣ ਦੇ ਸਮਰੱਥ ਹੈ। ਪੰਜਾਬੀ ਸਾਹਿਤ ਵਿਚ ਇਸ ਪੁਸਤਕ ਰਾਹੀਂ ਧੂਮਿਲ ਦਾ ਆਗਮਨ ਸਵਾਗਤਯੋਗ ਹੈ।
-ਗੁਰਦਿਆਲ ਰੌਸ਼ਨ
ਮੋਬਾਈਲ : 99884-44002
ਛੱਜੂ ਖੁਰੀਆਂ ਵਾਲਾ
ਕਹਾਣੀ-ਸੰਗ੍ਰਹਿ ਦਾ ਥੀਮਕ ਅਧਿਐਨ
ਸੰਪਾਦਕ : ਡਾ. ਹਰਪ੍ਰੀਤ ਕੌਰ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼ ,ਚੰਡੀਗੜ੍ਹ
ਮੁੱਲ :300 ਰੁਪਏ, ਸਫ਼ੇ : 128
ਸੰਪਰਕ : 95016-99033

ਕਹਾਣੀ-ਸੰਗ੍ਰਹਿ 'ਛੱਜੂ ਖੁਰੀਆਂ ਵਾਲਾ' ਜੋ ਕਿ ਡਾ. ਮਨਜੀਤ ਸਿੰਘ 'ਮਝੈਲ' ਦੁਆਰਾ ਰਚਿਤ ਹੈ, ਜਿਸ ਦਾ ਥੀਮਿਕ ਅਧਿਐਨ ਡਾ. ਹਰਪ੍ਰੀਤ ਕੌਰ ਵਲੋਂ ਕੀਤਾ ਗਿਆ ਹੈ। ਹਥਲੀ ਕਿਤਾਬ ਵਿਚ ਇੱਕੀ ਅੰਕਾਂ ਵਿਚ ਕਹਾਣੀਆਂ ਦਾ ਅਧਿਐਨ ਹੈ ਅਤੇ ਲੇਖਿਕਾ ਵਲੋਂ ਬਹੁਤ ਹੀ ਉਮਦਾ ਤਰੀਕੇ ਨਾਲ ਇਸ ਕਹਾਣੀ ਸੰਗ੍ਰਹਿ ਨੂੰ ਵਾਚਿਆ ਗਿਆ ਹੈ। ਪਹਿਲੀ ਨਜ਼ਰੇ ਹੀ ਪਤਾ ਲੱਗ ਜਾਂਦਾ ਹੈ ਕਿ ਸਾਰੀਆਂ ਕਹਾਣੀਆਂ ਆਦਰਸ਼ਕ ਜੀਵਨ ਜਾਚ ਨਾਲ ਸੰਬੰਧਿਤ ਹਨ ਅਤੇ ਮਨੁੱਖਤਾ ਨੂੰ ਇਕ ਆਦਰਸ਼ ਅਤੇ ਮਿਹਨਤੀ ਜੀਵਨ ਜਿਊਣ ਦੀ ਸੇਧ ਦਿੰਦੀਆਂ ਹਨ। ਇਸ ਕਹਾਣੀ-ਸੰਗ੍ਰਹਿ ਵਿਚ ਡਾ. ਮਨਜੀਤ ਸਿੰਘ ਨੇ ਸਮਾਜ ਦੇ ਉਸ ਕਿਰਤੀ ਵਰਗ ਨੂੰ ਨਾਇਕ ਬਣਾ ਕੇ ਪੇਸ਼ ਕੀਤਾ ਹੈ, ਜੋ ਅਸਲ ਵਿਚ ਸਾਡੇ ਸਮਾਜ ਦਾ ਅਦਾਰ ਹਨ ਪਰ ਅਣਗੌਲੇ ਹਨ। ਇਨ੍ਹਾਂ ਲੋਕਾਂ ਬਿਨਾਂ ਸਮਾਜ ਪੂਰਾ ਨਹੀਂ ਹੋ ਸਕਦਾ ਇਹ ਉਹ ਲੋਕ ਹਨ, ਜੋ ਮਿਹਨਤ ਕਰ ਕੇ ਖਾਂਦੇ ਹਨ ਅਤੇ ਆਪਣੇ ਪਰਿਵਾਰ ਪਾਲਦੇ ਹਨ ਇਨ੍ਹਾਂ ਦੀਆਂ ਇੱਛਾਵਾਂ, ਰੀਝਾਂ ਵੀ ਬਹੁਤ ਛੋਟੀਆਂ ਹਨ, ਜੋ ਸਿਰਫ਼ ਚੰਗਾ ਕਮਾ ਕੇ ਪਰਿਵਾਰ ਪਾਲਣ ਤੱਕ ਹੀ ਹਨ। ਡਾ. ਹਰਪ੍ਰੀਤ ਨੇ ਬਹੁਤ ਹੀ ਬਰੀਕੀ ਨਾਲ ਇਸ ਪੁਸਤਕ ਦਾ ਅਧਿਐਨ ਕੀਤਾ ਹੈ ਅਤੇ ਡਾ. ਮਨਜੀਤ ਦੀਆਂ ਕਹਾਣੀਆਂ ਨੂੰ ਸਜੀਵਤਾ ਬਖਸ਼ੀ ਹੈ। ਡਾ. ਹਰਪ੍ਰੀਤ ਕੌਰ ਦੀ ਸੰਪਾਦਨਾ ਦਾ ਕਮਾਲ ਹੀ ਹੈ ਕਿ 21 ਇਸਤਰੀ ਲੇਖਿਕਾਵਾਂ ਨੇ ਇਸ ਕਹਾਣੀ ਸੰਗ੍ਰਿਹ ਦੇ ਥੀਮਿਕ ਅਧਿਐਨ ਵਿਚ ਆਪਣੇ-ਆਪਣੇ ਲੇਖਾਂ ਰਾਹੀਂ ਯੋਗਦਾਨ ਪਾਇਆ ਅਤੇ ਹਰ ਲੇਖਿਕਾ ਵਲੋਂ ਇਕ ਉਮਦਾ ਲਿਖਤ ਇਸ ਪੁਸਤਕ ਦਾ ਸ਼ਿੰਗਾਰ ਬਣੀ। ਸਾਰੇ ਲੇਖਾਂ ਵਿਚ ਵੰਨ-ਸੁਵੰਨਤਾ ਹੈ ਅਤੇ ਹਰ ਲੇਖ ਵਿਚ ਕਹਾਣੀਆਂ ਦੇ ਨਵੇਂ ਅਰਥ ਨਿਕਲ ਕੇ ਆਉਂਦੇ ਹਨ। ਕਿਹਾ ਜਾਂਦਾ ਹੈ ਕਿ ਸਾਹਿਤ ਦਾ ਰੂਪ ਕੋਈ ਹੋਵੇ ਪਰ ਜਿੰਨੀ ਵਾਰੀ ਵੀ ਪੜ੍ਹਿਆ ਜਾਵੇ ਹਰ ਵਾਰੀ ਉਸ ਦੇ ਨਵੇਂ ਅਰਥ ਸਾਕਾਰ ਹੁੰਦੇ ਹਨ।
-ਡਾ. ਜਸਬੀਰ ਕੌਰ
ਮੋਬਾਈਲ : 98721-17774
ਧੀਆਂ ਡਾਲਰ ਖੋਜਣ ਚੱਲੀਆਂ
ਲੇਖਕ : ਪ੍ਰੋ. ਕੁਲਵੰਤ ਸਿੰਘ ਔਜਲਾ
ਪ੍ਰਕਾਸ਼ਕ : ਸੁੰਦਰ ਬੁੱਕ ਡਿੱਪੂ, ਜਲੰਧਰ
ਮੁੱਲ : 275 ਰੁਪਏ, ਸਫ਼ੇ : 143
ਸੰਪਰਕ : 84377-88856

ਪ੍ਰੋ. ਕੁਲਵੰਤ ਸਿੰਘ ਔਜਲਾ ਦੀ ਇਕ ਵਾਰਤਕ ਦੀ ਪੁਸਤਕ ਅਤੇ ਤਿੰਨ ਕਾਵਿ-ਸੰਗ੍ਰਹਿ ਪ੍ਰਕਾਸ਼ਿਤ ਹੋ ਚੁੱਕੇ ਹਨ। ਹਥਲੀ ਪੁਸਤਕ ਵਿਚ ਉਸ ਨੇ ਪਰਵਾਸੀ ਜੀਵਨ ਬਾਰੇ ਆਪਣੇ ਵਿਚਾਰ ਕਾਵਿ-ਮਈ ਸ਼ੈਲੀ ਵਿਚ ਪਾਠਕਾਂ ਨਾਲ ਸਾਂਝੇ ਕੀਤੇ ਹਨ। ਉਸ ਨੇ ਆਪਣੇ ਨਿੱਜੀ ਅਨੁਭਵ ਦੁਆਰਾ ਦਿਵੇਸ਼ਾਂ ਵਿਚ ਜਾ ਕੇ ਵਸਣ ਵਾਲੇ ਲੋਕਾਂ ਦੇ ਸੰਘਰਸ਼ਮਈ ਦੁਖਾਂਤ ਨੂੰ ਪੇਸ਼ ਕੀਤਾ ਹੈ। ਪੈਸੇ ਦੀ ਦੌੜ ਵਿਚ ਲੋਕ ਅੱਜ ਬਾਹਰਲੇ ਦੇਸ਼ਾਂ ਵਿਚ ਜਾਣ ਲਈ ਉਤਾਵਲੇ ਹੋ ਰਹੇ ਹਨ। ਆਪਣੇ ਦੇਸ਼ ਵਿਚ ਰਹਿੰਦਿਆਂ ਇਥੋਂ ਦੇ ਪ੍ਰਬੰਧ ਵਿਚ ਉਹ ਇਕ ਘੁਟਣ ਮਹਿਸੂਸ ਕਰਦੇ ਹਨ। ਸੱਤਾ ਦੀਆਂ ਮਾਰੂ ਨੀਤੀਆਂ ਨਵੀਂ ਪੀੜ੍ਹੀ ਨੂੰ ਬੇਚੈਨ ਕਰਦੀਆਂ ਹਨ। ਭ੍ਰਿਸ਼ਟਾਚਾਰ ਦੇ ਮਾਹੌਲ ਤੋਂ ਉਚਾਟ ਹੋ ਕੇ ਇਹ ਲੋਕ ਬਾਹਰ ਨੂੰ ਭੱਜਦੇ ਹਨ। ਇਹ ਪੁਸਤਕ ਅੱਜ ਦੇ ਵਰਤਾਰਿਆਂ ਦਾ ਰੂਪਕ ਹੈ। ਪੜ੍ਹੇ-ਲਿਖੇ ਕੁੜੀਆਂ ਮੁੰਡਿਆਂ ਦੇ ਦਿਮਾਗ਼ ਵਿਚ ਕੈਨੇਡਾ ਆਦਿ ਦੇਸ਼ਾਂ ਵਿਚ ਜਾਣ ਦਾ ਭੂਤ ਸਵਾਰ ਰਹਿੰਦਾ ਹੈ। ਕਿਸੇ ਨਾ ਕਿਸੇ ਢੰਗ ਨਾਲ ਜਦ ਇਹ ਕੁੜੀਆਂ ਡਾਲਰਾਂ ਦੇ ਲਾਲਚ ਵਿਚ ਬਾਹਰ ਪਹੁੰਚ ਜਾਂਦੀਆਂ ਹਨ ਤਾਂ ਪੈਸਿਆਂ ਦੀ ਖਾਤਿਰ ਉਹ ਕਈ ਤਰ੍ਹਾਂ ਦੇ ਪਾਪੜ ਵੇਲਦੀਆਂ ਹਨ। ਹੌਲੀ-ਹੌਲੀ ਉਨ੍ਹਾਂ ਦੇ ਸਾਰੇ ਸੁਪਨੇ ਚਕਨਾਚੂਰ ਹੋ ਜਾਂਦੇ ਹਨ। ਲੇਖਕ ਨੇ ਅਜਿਹੀਆਂ ਘਟਨਾਵਾਂ ਦੇ ਵਰਣਨ ਦੇ ਨਾਲ-ਨਾਲ ਆਪਣੇ ਬਹੁਮੁੱਲੇ ਸੁਝਾਅ ਵੀ ਦੱਸੇ ਹਨ। ਪੁਸਤਕ ਵਿਚ ਉਸ ਨੇ ਹੇਠ ਲਿਖੇ ਨਿਬੰਧਾਂ ਦੁਆਰਾ ਪਰਵਾਸ ਦੇ ਦੁਖਾਂਤ ਅਤੇ ਉਨ੍ਹਾਂ ਦੇ ਹੱਲ ਲਈ ਆਪਣੇ ਵਿਚਾਰ ਵੀ ਦਰਸਾਏ ਹਨ।
-ਕਹਿੰਦਾ ਸੀ ਮੁੜ ਆਵਾਂਗਾ ਲੋੜ ਜੋਗੇ ਡਾਲਰ ਕਮਾ ਕੇ, ਪਿਉ ਦਾਦੇ ਦਾ ਦਿੱਤਾ ਇੰਜ ਨਹੀਂ ਰੋਹੜੀਦਾ, ਹਰ ਘਰ ਪੁਸਤਕ ਘਰ ਹੋਵੇ, ਤੂੰ ਉਦਾਸ ਨਾ ਹੋ ਦਰਿਆ ਬਿਆਸ, ਫ਼ਿਕਰ ਨੂੰ ਫ਼ਿਰਾਕ ਤੇ ਫ਼ਲਸਫ਼ੇ ਵਿਚ ਢਾਲਣ ਦੀ ਲੋੜ ਹੈ, ਨਾਨਕ ਦੁਨੀਆ ਕੈਸੀ ਹੋਈ, ਪਹਿਲਾਂ ਮਾਂ-ਬੋਲੀ ਨੂੰ ਭੁੱਲੇ, ਹੁਣ ਭੁੱਲਾਂਗੇ ਮਾਵਾਂ ਨੂੰ, ਵਾਈਪਰਾਂ ਨਾਲ ਡਾਲਰ ਹੂੰਝਦੇ ਪੰਜਾਬੀ, ਆਂਦਰਾਂ ਵਿਚ ਬਚਿਆ ਰਹਿਣ ਦੇ ਮੌਲਾ ਥੋੜ੍ਹਾ ਜਿਹਾ ਮੋਹ, ਪੰਜਾਬ ਨੂੰ ਲਾਰਿਆਂ ਨਹੀਂ ਲਾਈਬ੍ਰੇਰੀਆਂ ਦੀ ਲੋੜ, ਕਿੱਥੇ ਗਿਆ ਰਾਗ ਤੇ ਰਬਾਬ ਜਿਹਾ ਆਲ੍ਹਣਾ ਆਦਿ। ਇਹ ਪੁਸਤਕ ਪਾਠਕਾਂ ਨੂੰ ਸੁਚੱਜਾ ਜੀਵਨ ਜਿਊਣ ਦੀ ਸੇਧ ਦਿੰਦੀ ਹੈ ਅਤੇ ਬਾਹਰ ਜਾਣ ਲਈ ਤਰਲੋਮੱਛੀ ਹੋਣ ਵਾਲੇ ਨੌਜਵਾਨਾਂ ਨੂੰ ਅਸਲੀਅਤ ਤੋਂ ਜਾਣੂ ਕਰਵਾਉਂਦੀ ਹੈ।
-ਕੰਵਲਜੀਤ ਸਿੰਘ ਸੂਰੀ
ਮੋਬਾਈਲ : 93573-24241
ਚੋਣਵੀਂ ਪੰਜਾਬੀ ਨਿਬੰਧਾਵਲੀ
ਸੰਪਾਦਕ : ਡਾ. ਜਸਪਾਲ ਸਿੰਘ ਜੱਸੀ, ਮਨਮੋਹਨ ਸਿੰਘ ਦਾਊਂ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼ ਚੰਡੀਗੜ੍ਹ
ਮੁੱਲ : 300 ਰੁਪਏ, ਸਫ਼ੇ : 147
ਸੰਪਰਕ : 98151-23900

ਇਸ ਪੁਸਤਕ ਦੇ ਸੰਪਾਦਕਾਂ ਦੀ ਅਣਥੱਕ ਮਿਹਨਤ ਇਨ੍ਹਾਂ ਨਿਬੰਧਾਂ ਦੀ ਨਿਵੇਕਲੀ ਤੇ ਭਾਵਪੂਰਤ ਚੋਣ ਤੋਂ ਦ੍ਰਿਸ਼ਟੀਗੋਚਰ ਹੁੰਦੀ ਹੈ। ਇਸ ਪੁਸਤਕ ਵਿਚ 26 ਵਿਦਵਾਨ ਲੇਖਕਾਂ ਦੇ ਨਿਬੰਧ ਦਰਜ ਹਨ। ਪਹਿਲੇ ਸਰਗ ਅਧੀਨ 8 ਲੇਖਕ ਅਤੇ ਦੂਜੇ ਸਰਗ ਵਿਚ 18 ਲੇਖਕਾਂ ਦੇ ਨਿਬੰਧ ਹਨ। ਪਹਿਲੇ ਸਰਗ ਵਿਚ ਵਾਰਤਕ ਦੇ ਦਿੱਗਜ ਮਹਾਰਥੀ ਸ਼ਰਧਾ ਰਾਮ ਫਿਲੌਰੀ, ਗਿਆਨੀ ਦਿੱਤ ਸਿੰਘ, ਪ੍ਰੋ. ਪੂਰਨ ਸਿੰਘ, ਪ੍ਰਿੰਸੀਪਲ ਤੇਜਾ ਸਿੰਘ, ਗੁਰਬਖਸ਼ ਸਿੰਘ ਪ੍ਰੀਤਲੜੀ, ਡਾ. ਕਿਰਪਾਲ ਸਿੰਘ ਕਸੇਲ, ਪ੍ਰੋ. ਗੁਰਬਚਨ ਸਿੰਘ ਤਾਲਿਬ, ਗਿਆਨੀ ਗੁਰਦਿੱਤ ਸਿੰਘ ਜੀ ਹਨ। ਇਨ੍ਹਾਂ ਦੀ ਵਾਰਤਕ ਨੇ ਪਾਠਕਾਂ ਦੀ ਦਿਸ਼ਾ ਨਿਰਧਾਰਿਤ ਕੀਤੀ ਅਤੇ ਬਿਖੜੇ ਪੈਂਡਿਆਂ ਉੱਤੇ ਵੀ ਸਰਪਟ ਦੌੜਨ ਦਾ ਵੱਲ ਸਿਖਾਇਆ। ਗਿਆਨੀ ਗੁਰਦਿੱਤ ਸਿੰਘ ਦੇ ਨਿਬੰਧ ਮੇਰੇ ਵੱਡੇ ਵਡੇਰੇ ਵਿਚ ਪੰਜਾਬ ਦੇ ਤੰਦਰੁਸਤ ਤੇ ਤਕੜੇ ਬਜ਼ੁਰਗਾਂ ਦਾ ਸੱਚ ਦ੍ਰਿਸ਼ਟੀਗੋਚਰ ਹੁੰਦਾ ਹੈ: ਮੁਗਦਰ ਉੱਥੇ ਪਿਆ ਦੇਖ ਕੇ ਕਿਹਾ ਇਹ ਜਾਏ ਖਾਣਾ ਫੇਰ ਰਾਹ ਵਿਚ ਪਿਆ। ਬਾਬਿਆਂ ਦੀ ਭੈਣ ਨੇ ਏਨੇ ਜ਼ੋਰ ਨਾਲ ਵਗਾਹਿਆ ਕਿ ਅਗਲੇ ਖੋਲ੍ਹੇ ਦੀ ਕੰਧ ਢਹਿ ਗਈ। ਦੂਜੇ ਦਿਨ ਥਾਲੀ 'ਚ 101 ਰੁਪਏ, ਸੁੱਚਾ ਤਿੱਲੇ ਵਾਲਾ ਤਿਓਰ ਲੈ ਕੇ ਪਹਿਲਵਾਨ ਆਇਆ ਤੇ ਬਾਬਿਆਂ ਦੀ ਭੈਣ ਨੂੰ ਨਜ਼ਰਾਨਾ ਪੇਸ਼ ਕੀਤਾ। ਦੂਜੇ ਸਰਗ ਵਿਚਲੇ ਨਿਬੰਧਕਾਰਾਂ ਦਾ ਵਾਰਤਕ ਖੇਤਰ ਵਿਚ ਮਹੱਤਵਪੂਰਨ ਯੋਗਦਾਨ ਰਿਹਾ ਹੈ। ਇਸ ਸਰਗ ਵਿਚ ਡਾ. ਐੱਮ. ਐੱਸ. ਰੰਧਾਵਾ, ਜੀ. ਐੱਸ. ਰਿਆਲ, ਡਾ. ਨਰਿੰਦਰ ਕਪੂਰ, ਡਾ. ਕਰਨੈਲ, ਡਾ. ਪਰਮਜੀਤ ਢੀਂਗਰਾ, ਮਨਮੋਹਨ ਸਿੰਘ ਦਾਊਂ, ਡਾ. ਰਜਿੰਦਰ ਕੁਰਾਲੀ, ਡਾ. ਜਸਪਾਲ ਜੱਸੀ, ਡਾ. ਜਤਿੰਦਰ, ਐੱਸ. ਕੇ. ਅਗਰਵਾਲ, ਪ੍ਰੋ. ਸੁਖਵਿੰਦਰ, ਸਤਵਿੰਦਰ ਮੜੌਲਵੀ, ਬਲਜਿੰਦਰ ਮਾਨ, ਨਿਰੰਜਣ ਸੈਲਾਨੀ, ਦਰਸ਼ਨ ਬਨੂੜ, ਕਰਮਜੀਤ ਸੁਕਰੁੱਲਾਪੁਰੀ, ਗੁਰਪ੍ਰੀਤ ਸਿੰਘ ਆਦਿ ਹਨ। ਇਨ੍ਹਾਂ ਨਿਬੰਧਾਂ ਵਿਚ ਆਧੁਨਿਕ ਪ੍ਰਸਥਿਤੀਆਂ ਨਾਲ ਸੰਬੰਧਿਤ ਵਿਸ਼ੇ ਦ੍ਰਿਸ਼ਟੀਗੋਚਰ ਹੁੰਦੇ ਹਨ ਅਤੇ ਸਮਾਜਿਕ, ਆਰਥਿਕ, ਰਾਜਨੀਤਕ, ਧਾਰਮਿਕ, ਸੱਭਿਆਚਾਰਕ, ਮਨੋਵਿਗਿਆਨਕ, ਇਤਿਹਾਸਕ ਪੱਖਾਂ ਰਾਹੀਂ ਜੀਵਨ ਦੇ ਯਥਾਰਥ ਨੂੰ ਰੂਪਵਾਨ ਕੀਤਾ ਗਿਆ ਹੈ। ਡਾ. ਜਸਪਾਲ ਜੱਸੀ ਦੇ ਵਿਚਾਰ 'ਕਲਾ ਮਨੁੱਖ ਦੇ ਪਦਾਰਥਕ ਜੀਵਨ ਵਿਚ ਉਪਯੋਗਤਾ ਦਾ ਕੰਮ ਵੀ ਕਰਦੀ ਹੈ।' ਮਨਮੋਹਨ ਦਾਊਂ ਕਹਿੰਦੇ ਹਨ, 'ਬੱਚੇ ਨੂੰ ਸਮਝਣਾ ਦਾਰਸ਼ਨਿਕ ਗਿਆਨ ਪ੍ਰਾਪਤ ਕਰਨ ਵਰਗਾ ਕਾਰਜ ਹੈ।' ਇਸ ਪੁਸਤਕ ਦਾ ਪ੍ਰਮੁੱਖ ਪ੍ਰਯੋਜਨ ਪੰਜਾਬੀ ਵਾਰਤਕ ਵਿਚ ਪ੍ਰੌੜ ਲੇਖਕਾਂ ਤੋਂ ਬਿਨਾਂ ਨਵੇਂ ਲੇਖਕਾਂ ਦੇ ਪਾਏ ਯੋਗਦਾਨ ਦਾ ਜ਼ਿਕਰ ਕਰਨਾ ਵੀ ਹੈ। ਇਨ੍ਹਾਂ ਦੇ ਅਣਥੱਕ ਯੋਗਦਾਨ ਕਾਰਨ ਹੀ ਵਾਰਤਕ ਖੇਤਰ ਦਾ ਘੇਰਾ ਵਿਸ਼ਾਲ ਹੋਇਆ ਹੈ।
-ਡਾ. ਹਰਿੰਦਰ ਸਿੰਘ ਤੁੜ
ਮੋਬਾਈਲ : 81465-42810
ਸੁਪਨਾ
ਕਵੀ : ਡਾ. ਅਤਿੰਦਰਪਾਲ ਸਿੰਘ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 62
ਸੰਪਰਕ : 62398-90079

ਡਾ. ਅਤਿੰਦਰਪਾਲ ਸਿੰਘ ਦੀ ਇਹ ਪਲੇਠੀ ਪੁਸਤਕ ਹੈ। ਇਸ ਵਿਚ ਸ਼ਾਮਿਲ ਕਵਿਤਾਵਾਂ ਕਵੀ ਦੀ ਮੁਹੱਬਤ ਦੀ ਭਾਵਨਾ ਦੀ ਤਰਜਮਾਨੀ ਕਰਦੀਆਂ ਹਨ। ਡਾ. ਅਤਿੰਦਰਪਾਲ ਸਿੰਘ ਪੇਸ਼ੇ ਵਿਚ ਐਮ.ਬੀ.ਬੀ.ਐੱਸ. ਡਾਕਟਰ ਹੈ। ਬੇਸ਼ੱਕ ਉਸ ਦਾ ਮੁੱਖ ਵਿਸ਼ਾ ਸਿਹਤ ਵਿਗਿਆਨ ਹੈ ਪਰ ਆਪਣੇ ਸਾਹਿਤ ਨਾਲ ਵੀ ਸਾਂਝ ਪ੍ਰਗਟਾਈ ਹੈ। ਸੁਪਨਾ ਕਾਵਿ ਸੰਗ੍ਰਹਿ ਸਹੀ ਜਵਾਨ ਉਮਰ ਦੇ ਮੁਹੱਬਤ ਭਰੇ ਅਹਿਸਾਸਾਂ ਦੀ ਸੂਖਮ ਪੇਸ਼ਕਾਰੀ ਹੈ।
ਕਵੀ ਨੇ ਆਪਣੇ ਮਨ ਦੇ ਕੋਮਲ ਭਾਵਾਂ ਦਾ ਪ੍ਰਗਟਾਵਾ ਅੰਤਰਮਨ ਨਾਲ ਸੰਵਾਦ ਕਰਕੇ ਵੀ ਕੀਤਾ ਹੈ।
ਸ਼ਾਇਰ ਕਹਿੰਦੇ ਪਾਕਿ ਮੁਹੱਬਤ
ਸਾਨੂੰ ਨਾ ਆਈ ਰਾਸ ਮੁਹੱਬਤ
ਸੁਧ ਬੁੱਧ ਸਾਰੀ ਖੋਹ ਗਏ ਆਂ
ਜ਼ਿੰਦਾ ਲਾਸ਼ ਜਿਹੇ ਹੋ ਗਏ ਆਂ
ਇਹ ਕੈਸੀ ਸੁਗਾਤ ਮੁਹੱਬਤ
ਕਵੀ ਦੀ ਇਹ ਪੁਸਤਕ ਰੁਮਾਂਸ ਅਤੇ ਪ੍ਰੇਮ ਭਰੀਆਂ ਕਵਿਤਾਵਾਂ ਦਾ ਸੰਗ੍ਰਹਿ ਹੈ। ਇਸ ਵਿਚ ਕੋਈ ਸਮਾਜਿਕ ਜਾਂ ਹੋਰ ਸਰੋਕਾਰਾਂ ਦਾ ਪ੍ਰਗਟਾਵਾ ਨਾਮਾਤਰ ਹੀ ਹੈ। ਕਵੀ ਨੇ ਬਹੁਤ ਹੀ ਸਰਲ ਅਤੇ ਸਾਦੀ ਭਾਸ਼ਾ ਰਾਹੀਂ ਬੜੀ ਬੇਬਾਕੀ ਨਾਲ ਮੁਹੱਬਤ ਦੇ ਭਾਵ ਪਾਠਕਾਂ ਦੇ ਸਾਹਮਣੇ ਪ੍ਰਗਟਾਏ ਹਨ।
ਪੀੜ ਵੰਡੀ ਨਹੀਂ
ਅਸੀਂ ਪਾਲੀ ਏ
ਅੱਖ ਭਰੀ ਪਈ
ਦਿਲ ਖਾਲੀ ਏ-
ਸੁਪਨਾ ਰਾਹੀਂ ਕਵੀ ਨੇ ਬਿਰਹਾ ਭਾਵਾਂ ਦਾ ਪ੍ਰਗਟਾਵਾ ਕੀਤਾ ਹੈ। ਕਵਿਤਾ ਵਿਚ ਨਾਇਕ ਦਾ ਪ੍ਰੇਮ ਭਾਵ ਅਤੇ ਬਿਰਹਾ ਭਾਵ ਸ਼ਿਕਵੇ ਅਤੇ ਨਹੋਰਿਆਂ ਰਾਹੀਂ ਪੇਸ਼ ਹੋਇਆ ਹੈ। ਉਸ ਨੇ ਕਈ ਥਾਵਾਂ 'ਤੇ ਵਿਅੰਗਮਈ ਭਾਸ਼ਾ ਰਾਹੀਂ ਆਪਣੇ ਮਨੋਭਾਵ ਸਿਰਜੇ ਹਨ :
ਕੁਝ ਇਸ਼ਕ ਤੋਂ ਜ਼ਿਆਦਾ ਪਾਕ ਏ ਕਿੱਦਾਂ
ਕ੍ਰਿਸ਼ਨ ਨਾਲ ਰਾਧਾ ਆਪ ਏ ਜਿੱਦਾਂ
ਹੁਣ ਦੇ ਹਾਲਾਤ ਕੀ ਮੈਂ ਦੱਸਾਂ
ਇਸ ਭਾਰਤ ਦੇ ਨਾਲ ਪਾਕਿ ਏ ਜ਼ਿੱਦਾਂ
ਪਿਆਰ ਵਿਚ ਮਿਲੇ ਵਿਛੋੜੇ ਨਾਲ ਕਵੀ ਆਤਮ-ਮੁਲਾਂਕਣ ਦੇ ਭਾਵ ਪ੍ਰਗਟ ਕਰਦਿਆਂ ਜ਼ਿੰਦਗੀ ਦੀਆਂ ਪੀੜਾਂ ਅਤੇ ਦੁਸ਼ਵਾਰੀਆਂ ਦਾ ਅਨੁਭਵ ਸਾਂਝਾ ਕਰਦਾ ਹੈ:
ਜਿੰਨੇ ਹਾੜੇ ਤੇਰੇ ਕੱਢੇ
ਦੱਸ ਮੈਂ ਕਿਵੇਂ ਭੁਲਾ ਸਕਦਾਂ
ਓਨੇ ਹਾੜੇ ਰੱਬ ਦੇ ਕੱਢਦਾ
ਖੌਰੇ ਥੱਲੇ ਆ ਜਾਂਦਾ।
ਸਮੁੱਚੇ ਤੌਰ 'ਤੇ 'ਸੁਪਨਾ' ਕਾਵਿ-ਸੰਗ੍ਰਹਿ ਕਵੀ ਦੇ ਪ੍ਰੀਤ ਅਹਿਸਾਸਾਂ ਦੀਆਂ ਕਵਿਤਾਵਾਂ ਦਾ ਸੰਗ੍ਰਹਿ ਹੈ। ਭਵਿੱਖ ਵਿਚ ਕਵੀ ਤੋਂ ਪੰਜਾਬੀ ਸਾਹਿਤ ਨੂੰ ਭਰਪੂਰ ਆਸਾਂ ਹਨ।
-ਪ੍ਰੋ. ਕੁਲਜੀਤ ਕੌਰ
ਜਲੰਧਰ।
ਦੋ ਸੁਨਹਿਰੀ ਕਿਰਨਾਂ
ਸੰਪਾਦਕ : ਬਹਾਦਰ ਸਿੰਘ ਗੋਸਲ (ਪ੍ਰਿੰ.),
ਪ੍ਰੇਮ ਵਿੱਜ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 112
ਸੰਪਰਕ : 98764-52223

'ਦੋ ਸੁਨਹਿਰੀ ਕਿਰਨਾਂ' ਪ੍ਰਿੰਸੀਪਲ ਬਹਾਦਰ ਸਿੰਘ ਗੋਸਲ ਅਤੇ ਪ੍ਰੇਮ ਵਿੱਜ ਦੁਆਰਾ ਹਿੰਦੀ ਅਤੇ ਪੰਜਾਬੀ ਦੇ ਕਵੀਆਂ ਦੀਆਂ ਕਵਿਤਾਵਾਂ ਦਾ ਸੰਪਾਦਿਤ ਕੀਤਾ ਸਾਂਝਾ ਕਾਵਿ-ਸੰਗ੍ਰਹਿ ਹੈ। ਇਸ ਵਿਚ ਹਿੰਦੀ ਭਾਸ਼ਾ ਅਤੇ ਪੰਜਾਬੀ ਭਾਸ਼ਾ ਦੇ 39 ਕਵੀਆਂ ਦੀਆਂ ਕਵਿਤਾਵਾਂ ਸ਼ਾਮਿਲ ਹਨ ਜਿਨ੍ਹਾਂ ਵਿਚੋਂ 21 ਪੰਜਾਬੀ ਭਾਸ਼ਾ ਦੇ ਕਵੀ ਹਨ ਅਤੇ 18 ਹਿੰਦੀ ਭਾਸ਼ਾ ਦੇ ਕਵੀ ਹਨ। ਇਸ ਪੁਸਤਕ ਵਿਚ ਸ਼ਾਮਿਲ ਪੰਜਾਬੀ ਕਵੀਆਂ ਦੀਆਂ ਕਵਿਤਾਵਾਂ ਵਿਚ ਸਮਕਾਲੀ ਜੀਵਨ ਯਥਾਰਥ ਬਾਰੇ ਆਪਣੇ ਕਾਵਿ-ਅਨੁਭਵ ਪ੍ਰਗਟ ਕੀਤੇ ਗਏ ਹਨ। ਮਿਸਾਲ ਵਜੋਂ ਇਸ ਪੁਸਤਕ ਵਿਚ ਸ਼ਾਮਿਲ ਕਵੀ ਦਰਸ਼ਨ ਸਿੰਘ ਸਿੱਧੂ ਦੀ ਪਹਿਲੀ ਕਵਿਤਾ ਹੀ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿਚ ਮਾਰੇ ਗਏ ਨਿਰਦੋਸ਼ ਲੋਕਾਂ ਨੂੰ ਸ਼ਰਧਾਂਜਲੀ ਦੇ ਰੂਪ ਵਿਚ ਸ਼ਾਮਿਲ ਕੀਤੀ ਗਈ ਹੈ। ਹੋਰਨਾਂ ਕਵੀਆਂ ਦੀਆਂ ਕਵਿਤਾਵਾਂ ਵਿਚ ਮਾਂ-ਧੀ ਦੇ ਪਿਆਰ, ਪੰਜਾਬੀ ਮਾਤ-ਭਾਸ਼ਾ ਦੇ ਗੌਰਵ, ਆਪਣਿਆਂ ਦੁਆਰਾ ਮਾਰੀਆਂ ਮਾਰਾਂ, ਅਖੌਤੀ ਦਿਖਾਵੇ ਦੀ ਆੜ ਵਿਚ ਜ਼ਿੰਦਗੀ ਜਿਊਂ ਰਹੇ ਲੋਕਾਂ ਅਤੇ ਮਨੁੱਖ ਦੁਆਰਾ ਆਪਣੇ ਸਵਾਰਥ ਲਈ ਕੀਤੀ ਜਾ ਰਹੀ ਤਬਾਹੀ ਬਾਰੇ ਵਿਆਪਕ ਰੂਪ ਵਿਚ ਕਾਵਿ-ਅਨੁਭਵ ਪੇਸ਼ ਹੋਇਆ ਹੈ। ਹਿੰਦੀ ਭਾਸ਼ਾ ਦੇ ਜਿਹੜੇ 18 ਕਵੀ ਇਸ ਪੁਸਤਕ ਵਿਚ ਸ਼ਾਮਿਲ ਹਨ ਉਨ੍ਹਾਂ ਦੀਆਂ ਕਵਿਤਾਵਾਂ ਵਿਚ ਜ਼ਿਆਦਾਤਰ ਕਵਿਤਾਵਾਂ ਨਵੇਂ ਸਾਲ ਦੀ ਆਮਦ ਅਤੇ ਉਸ ਨੂੰ ਖ਼ੁਸ਼ਆਮਦੀਦ ਕਹਿਣ ਵਾਲੀਆਂ ਤਰਬਾਂ ਨਾਲ ਓਤਪੋਤ ਹਨ। ਪਰ ਇਸ ਦੇ ਨਾਲ ਹੀ ਇਨ੍ਹਾਂ ਕਵਿਤਾਵਾਂ ਵਿਚ ਇਹ ਵੀ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਨਵਾਂ ਸਾਲ ਭਾਵੇਂ ਹਰੇਕ ਬਦਲਦਾ ਹੈ ਪਰ ਨਵੇਂ ਸਾਲ ਦੇ ਬਦਲਣ ਨਾਲ ਨਿਜ਼ਾਮ ਨਹੀਂ ਬਦਲਦਾ। ਗ਼ਰੀਬੀ, ਭੁੱਖਮਰੀ, ਲੁੱਟ-ਖਸੁੱਟ ਉਸੇ ਤਰ੍ਹਾਂ ਹੀ ਕਾਇਮ ਰਹਿੰਦੀ ਹੈ। ਡਾ. ਪ੍ਰੱਗਿਆ ਸ਼ਾਰਧਾ ਦੀ ਕਵਿਤਾ 'ਬਦਲਤਾ ਨਵ ਵਰਸ਼' ਕੁਝ ਇਸੇ ਤਰ੍ਹਾਂ ਦਾ ਹੀ ਪਰੀਦ੍ਰਿਸ਼ ਪੇਸ਼ ਕਰਦੀ ਹੈ। ਇਸ ਪੁਸਤਕ ਦੀ ਵਿਸ਼ੇਸ਼ਤਾ ਇਹ ਵੀ ਹੈ ਕਿ ਇਹ ਦੋ ਭਾਸ਼ਾਵਾਂ ਦਾ ਇਕ ਗੁਲਦਸਤਾ ਬਣਦੀ ਹੈ ਪਰ ਨਾਲ ਦੀ ਨਾਲ ਇਹ ਵੀ ਜ਼ਿਕਰਯੋਗ ਹੈ ਕਿ ਜਿਥੇ ਇਸ ਪੁਸਤਕ ਵਿਚ ਮਰਦ ਸ਼ਾਇਰ ਸ਼ਾਮਿਲ ਹਨ, ਉਥੇ ਵੱਡੀ ਗਿਣਤੀ ਵਿਚ ਇਸਤਰੀ ਕਵੀਆਂ ਨੂੰ ਵੀ ਸ਼ਾਮਿਲ ਕੀਤਾ ਹੈ। ਪ੍ਰਿੰਸੀਪਲ ਬਹਾਦਰ ਸਿੰਘ ਗੋਸਲ ਅਤੇ ਪ੍ਰ੍ਰੇਮ ਵਿੱਜ ਦੁਆਰਾ ਮਿਹਨਤ ਨਾਲ ਸੰਪਾਦਿਤ ਕੀਤੀ ਇਹ ਪੁਸਤਕ ਪੜ੍ਹਨਯੋਗ ਹੈ। ਪਾਠਕ ਜ਼ਰੂਰ ਇਸ ਨੂੰ ਪਸੰਦ ਕਰਨਗੇ।
-ਡਾ. ਸਰਦੂਲ ਸਿੰਘ ਔਜਲਾ
ਮੋਬਾਈਲ : 98141-68611


















































































































































.jpg)

.jpg)





.jpg)






























