JALANDHAR WEATHER

04-12-2025

 ਜੀਭ 'ਤੇ ਰੱਖਣ ਵਾਲੀਆਂ ਗੋਲੀਆਂ

ਸਰਕਾਰ ਨੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਚਲਾਈ ਹੋਈ ਹੈ। ਜਿਸ ਕਰਕੇ ਪਤਾ ਲੱਗਾ ਕਿ ਇਸ ਸਮੇਂ 2025 ਵਿਚ 10.65 ਲੱਖ ਲੋਕ ਨਸ਼ੇ ਛੱਡਣ ਦੀ ਕੋਸ਼ਿਸ਼ ਕਰ ਰਹੇ ਹਨ। ਅਸਲ ਵਿਚ ਇਨ੍ਹਾਂ ਵਿਚ ਨਸ਼ਾ ਛੱਡਣ ਵਾਲੇ ਤਾਂ ਆਟੇ ਵਿਚ ਲੂਣ ਤੋਂ ਵੀ ਘੱਟ ਹਨ। ਪਰ ਬਹੁਤ ਸਾਰੇ ਲੋਕ ਇਕ ਨਸ਼ਾ ਛੱਡ ਕੇ ਹੋਰ ਨਸ਼ੇ ਭਾਵ ਜੀਭ ਵਾਲੀਆਂ ਗੋਲੀਆਂ 'ਤੇ ਲੱਗ ਗਏ ਹਨ।
ਅਸਲ ਵਿਚ ਸਰਕਾਰ ਵੀ ਸੁਹਿਰਦ ਨਹੀਂ ਹੈ ਕਿ ਲੋਕ ਨਸ਼ਾ ਛੱਡਣ ਜੇ ਸਰਕਾਰ ਸੁਹਿਰਦ ਹੁੰਦੀ ਹੈ ਤਾਂ ਉਹ ਇਨ੍ਹਾਂ ਨਸ਼ੇੜੀਆਂ ਨੂੰ ਕੁਝ ਸੀਮਤ ਸਮੇਂ ਲਈ ਹੀ ਇਹ ਗੋਲੀਆਂ ਦੇਵੇ। ਦੂਜਾ ਸਰਕਾਰ ਹਸਪਤਾਲਾਂ ਵਿਚ ਮਨੋਰੋਗ ਦੇ ਮਾਹਿਰ ਡਾਕਟਰ ਭਰਤੀ ਕਰੇ। ਜੋ ਪੰਜਾਬ ਵਿਚ ਨਸ਼ਿਆਂ ਦੇ ਆਦੀ ਰੋਗੀਆਂ ਦੇ ਹਿਸਾਬ ਨਾਲ ਬਹੁਤ ਹੀ ਘੱਟ ਹਨ। ਜੇ ਮਾਹਰ ਡਾਕਟਰ ਇਨ੍ਹਾਂ ਦਾ ਇਲਾਜ ਕਰਨ ਤਾਂ ਨਸ਼ੇੜੀ ਪੂਰਨ ਤੌਰ 'ਤੇ ਨਸ਼ਾ ਛੱਡ ਸਕਦਾ ਹੈ। ਪਰ ਇਥੇ ਨਸ਼ਾ ਛੁਡਾਊ ਕੇਂਦਰ ਵਿਚ ਆਮ ਡਾਕਟਰ ਹੀ ਹੁੰਦੇ ਹਨ। ਕਈ ਸੈਂਟਰ ਤਾਂ ਮਾਹਿਰ ਡਾਕਟਰ ਤੋਂ ਬਿਨਾਂ ਹੀ ਚਲਦੇ ਹਨ ਤੇ ਇਨ੍ਹਾਂ ਡਾਕਟਰਾਂ ਵਲੋਂ ਨਸ਼ਾ ਛੱਡਣ ਵਾਲੇ ਰੋਗੀ ਜੀਭ ਵਾਲੀਆਂ ਗੋਲੀਆਂ ਛੱਡ ਨਹੀਂ ਸਕਦੇ।
ਸੋ, ਸਰਕਾਰ ਦਾ ਫਰਜ਼ ਬਣਦਾ ਹੈ ਕਿ ਮਾਹਰ ਡਾਕਟਰ ਰੱਖੇ। ਤਾਂ ਕਿ ਲੋਕ ਪੂਰਨ ਤੌਰ 'ਤੇ ਨਸ਼ਾ ਛੱਡਣ ਤਾਂ ਕਿ ਲੋਕ ਆਮ ਨਸ਼ਾ ਛੱਡ ਕੇ ਜੀਭ ਵਾਲੀਆਂ ਗੋਲੀਆਂ ਦੇ ਨਸ਼ੇ 'ਤੇ ਨਾ ਲੱਗ ਜਾਣ। ਇਹ ਗੋਲੀਆਂ ਵੀ ਬਹੁਤ ਖ਼ਤਰਨਾਕ ਹਨ। ਇਸ ਨਾਲ ਗੁਰਦੇ ਲੀਵਰ ਆਦਿ 'ਤੇ ਬੁਰਾ ਅਸਰ ਪੈਂਦਾ ਹੈ।

-ਜਸਕਰਨ ਲੰਡੇ
ਪਿੰਡ ਤੇ ਡਾਕ: ਲੰਡੇ।

ਵਿਗੜ ਰਹੇ ਹਾਲਾਤ 'ਤੇ ਕਾਬੂ ਪਾਵੇ ਸਰਕਾਰ

ਪੰਜਾਬ ਗੁਰੂਆਂ, ਪੀਰਾਂ, ਫਕੀਰਾਂ ਅਤੇ ਸੂਰਬੀਰ ਯੋਧਿਆਂ ਦੀ ਪਵਿੱਤਰ ਧਰਤੀ ਹੈ। ਪਰ ਅੱਜਕਲ੍ਹ ਪੰਜਾਬ ਵਿਚ ਵਾਪਰ ਰਹੀਆਂ ਕੁਝ ਮਾੜੀਆਂ ਘਟਨਾਵਾਂ ਕਰਕੇ ਪੰਜਾਬ, ਪੰਜਾਬੀਅਤ ਅਤੇ ਇਨਸਾਨੀਅਤ ਨੂੰ ਸ਼ਰਮ ਸਾਰ ਕੀਤਾ ਹੈ। ਇਨ੍ਹਾਂ ਵਿਚੋਂ ਇਕ ਘਟਨਾ ਮਾਨਸਾ ਜ਼ਿਲ੍ਹੇ ਵਿਚ ਮਾਪਿਆਂ ਵਲੋਂ ਨਸ਼ੇ ਦੀ ਪੂਰਤੀ ਲਈ ਆਪਣੇ ਬੱਚੇ ਨੂੰ ਵੇਚਣਾ, ਕੁਝ ਨੌਜਵਾਨਾਂ ਵਲੋਂ ਨਸ਼ੇ ਦੀ ਪੂਰਤੀ ਲਈ ਰੋਜ਼ਾਨਾ ਚੋਰੀਆਂ, ਲੁੱਟਾਂ-ਖੋਹਾਂ, ਕਤਲਾਂ, ਦੁਕਾਨਦਾਰਾਂ, ਬਿਜ਼ਨੈਸ ਕਰਨ ਵਾਲਿਆਂ ਨੂੰ ਧਮਕੀਆਂ ਮਿਲਣੀਆਂ, ਗੋਲੀਆਂ ਚਲਾਉਣੀਆਂ, ਫਾਇਰਿੰਗ ਵਗੈਰਾ ਅਤੇ ਬੱਚੀਆਂ ਨਾਲ ਰੇਪ ਹੋਣ ਵਰਗੀਆਂ ਘਟਨਾਵਾਂ ਕਰਕੇ ਪੰਜਾਬ ਦੇ ਆਮ ਲੋਕਾਂ ਵਿਚ ਡਰ ਅਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਪੰਜਾਬ ਸਰਕਾਰ ਨੂੰ ਬੇਨਤੀ ਹੈ ਕਿ ਪੰਜਾਬ ਵਿਚ ਰੋਜ਼ਾਨਾ ਹੀ ਵਾਪਰ ਰਹੀਆਂ ਦਿਲ ਕੰਬਾਊ ਖ਼ਤਰਨਾਕ ਘਟਨਾਵਾਂ 'ਤੇ ਕਾਬੂ ਪਾਇਆ ਜਾਵੇ। ਪੰਜਾਬ ਦਾ ਮਾਹੌਲ ਫਿਰ ਤੋਂ ਖ਼ੁਸ਼ਹਾਲ ਹੋਵੇ। ਲੋਕ ਬਿਨਾਂ ਡਰ ਭੈਅ ਅਤੇ ਖ਼ੁਸ਼ੀ-ਖ਼ੁਸ਼ੀ ਰਹਿਣ।

-ਗੁਰਤੇਜ ਸਿੰਘ ਖੁਡਾਲ
ਭਾਗੂ ਰੋਡ, ਬਠਿੰਡਾ।

ਬਦਬੂ ਤੋਂ ਦੁਖੀ ਪਿੰਡ ਵਾਸੀ

ਬਠਿੰਡਾ ਡੱਬਵਾਲੀ ਮੁੱਖ ਮਾਰਗ 'ਤੇ ਸਥਿਤ ਪਿੰਡ ਪਥਰਾਲਾ (ਬਠਿੰਡਾ) ਦੇ ਵਾਸੀ ਪਿੰਡ ਦੇ ਬਿਲਕੁਲ ਨਾਲ ਦੀ ਲੰਘਦੇ ਗੰਦੇ ਨਾਲੇ ਦੇ ਪਾਣੀ ਦੀ ਬਦਬੂ ਤੋਂ ਡਾਢੇ ਪ੍ਰੇਸ਼ਾਨ ਹਨ। ਅੱਜ ਤੋਂ ਕੁਝ ਸਾਲ ਪਹਿਲਾਂ ਤਾਂ ਅਜਿਹੀ ਕੋਈ ਸਮੱਸਿਆ ਨਹੀਂ ਸੀ ਪ੍ਰੰਤੂ ਹੁਣ ਪਤਾ ਨਹੀਂ ਲੱਗ ਰਿਹਾ ਕਿ ਕੌਣ ਕੀ-ਕੀ ਗੰਦ ਇਸ ਨਾਲੇ ਵਿਚ ਸੁੱਟ ਰਿਹਾ ਹੈ। ਜਿਸ ਕਰਕੇ ਹੁਣ ਇਸ ਨਾਲੇ ਦੇ ਪਾਣੀ ਵਿਚੋਂ ਬਹੁਤ ਜ਼ਿਆਦਾ ਗੰਦੀ ਬਦਬੂ ਆਉਂਦੀ ਰਹਿੰਦੀ ਹੈ, ਜਿਸ ਕਰਕੇ ਪਿੰਡ ਵਾਸੀਆਂ ਨੂੰ ਰੋਟੀ ਖਾਣਾ ਵੀ ਮੁਸ਼ਕਿਲ ਹੋ ਗਿਆ ਹੈ। ਜੇਕਰ ਜਲਦੀ ਹੀ ਪਿੰਡ ਪਥਰਾਲਾ ਦੇ ਵਾਸੀਆਂ ਨੂੰ ਇਸ ਗੰਭੀਰ ਸਮੱਸਿਆ ਤੋਂ ਛੁਟਕਾਰਾ ਨਾ ਦਿਵਾਇਆ ਗਿਆ ਤਾਂ ਉਹ ਦਿਨ ਦੂਰ ਨਹੀਂ ਜਦੋਂ ਉਹ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਜਾਣਗੇ। ਸਰਕਾਰ ਨੂੰ ਪਿੰਡ ਵਾਸੀਆਂ ਦੀ ਇਸ ਸਮੱਸਿਆ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਨਾ ਚਾਹੀਦਾ ਹੈ।

-ਅੰਗਰੇਜ਼ ਸਿੰਘ ਵਿੱਕੀ
ਪਿੰਡ ਤੇ ਡਾਕ: ਕੋਟ ਗੁਰੂ (ਬਠਿੰਡਾ)।

ਭੂ-ਜਲ ਪੱਧਰ ਦੀ ਤੇਜ਼ੀ ਨਾਲ ਕਮੀ

ਭਾਰਤ ਦੇ ਕਈ ਰਾਜਾਂ ਵਿਚ ਭੂ-ਜਲ ਪੱਧਰ ਜਿਸ ਤੇਜ਼ੀ ਨਾਲ ਘਟ ਰਿਹਾ ਹੈ, ਉਹ ਸਾਰੀ ਕੌਮ ਲਈ ਇਕ ਗੰਭੀਰ ਚੇਤਾਵਨੀ ਹੈ। ਪੇਂਡੂ ਖੇਤਰਾਂ ਵਿਚ ਟਿਊਬਵੈੱਲਾਂ ਦੇ ਸੁੱਕਣ ਅਤੇ ਸ਼ਹਿਰੀ ਇਲਾਕਿਆਂ ਵਿਚ ਜਲ ਸਪਲਾਈ ਘਟਣ ਕਾਰਨ ਲੋਕ ਪ੍ਰੇਸ਼ਾਨ ਹਨ। ਖਾਸ ਤੌਰ 'ਤੇ ਪੰਜਾਬ, ਹਰਿਆਣਾ ਅਤੇ ਦਿੱਲੀ ਵਰਗੇ ਇਲਾਕਿਆਂ ਵਿਚ ਭੂ-ਜਲ ਦੀ ਖਤਰਨਾਕ ਕਮੀ ਖੇਤੀਬਾੜੀ, ਪੀਣ ਵਾਲੇ ਪਾਣੀ ਅਤੇ ਘਰੇਲੂ ਲੋੜਾਂ ਨੂੰ ਸਿੱਧੇ ਤੌਰ 'ਤੇ ਪ੍ਰਭਾਵਿਤ ਕਰ ਰਹੀ ਹੈ। ਜੇ ਸਮੇਂ 'ਤੇ ਸਖਤ ਕਦਮ ਨਾ ਚੁੱਕੇ ਗਏ ਤਾਂ ਆਉਣ ਵਾਲੇ ਸਾਲਾਂ ਵਿਚ ਭਾਰਤ ਨੂੰ ਗੰਭੀਰ ਜਲ ਸੰਕਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸਰਕਾਰ ਨੂੰ ਪਾਣੀ ਬਚਾਉਣ, ਵਰਖਾ-ਪਾਣੀ ਸੰਭਾਲ ਨੂੰ ਵਧਾਉਣ ਅਤੇ ਬੇਲੋੜੀ ਖਪਤ ਨੂੰ ਰੋਕਣ ਲਈ ਤੁਰੰਤ ਨੀਤੀਆਂ ਬਣਾਉਣ ਦੀ ਲੋੜ ਹੈ। ਇਸ ਦੇ ਨਾਲ ਹੀ ਲੋਕਾਂ ਨੂੰ ਵੀ ਪਾਣੀ ਦੀ ਕਦਰ ਕਰਦੇ ਹੋਏ ਆਪਣੀ ਭੂਮਿਕਾ ਨਿਭਾਉਣੀ ਚਾਹੀਦੀ ਹੈ, ਤਾਂ ਜੋ ਭਵਿੱਖ ਦੀਆਂ ਪੀੜ੍ਹੀਆਂ ਨੂੰ ਪਾਣੀ ਲਈ ਮੋਹਤਾਜ ਨਾ ਰਹਿਣਾ ਪਵੇ।

-ਅਸ਼ੋਕ ਗਰੋਵਰ,
ਬਠਿੰਡਾ।

ਸੜਕਾਂ ਦੀ ਖਸਤਾ ਹਾਲਤ

ਫਤਹਿਗੜ੍ਹ ਸਾਹਿਬ ਦੀ ਧਰਤੀ 'ਤੇ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਹਰ ਸਾਲ ਸ਼ਹੀਦੀ ਦਿਹਾੜੇ 'ਤੇ ਸਿਜਦਾ ਕਰਨ ਲੱਖਾਂ ਦੀ ਗਿਣਤੀ ਵਿਚ ਫਤਹਿਗੜ੍ਹ ਸਾਹਿਬ ਦੀ ਧਰਤੀ 'ਤੇ ਸੰਗਤਾਂ ਦੇਸ਼-ਵਿਦੇਸ਼ਾਂ ਤੋਂ ਆਉਂਦੀਆਂ ਹਨ। ਇਸ ਪਵਿੱਤਰ ਧਰਤੀ ਨੂੰ ਆਲੇ-ਦੁਆਲੇ ਦੀਆਂ ਜੋੜਦੀਆਂ ਸੜਕਾਂ ਦੀ ਹਾਲਤ ਤਰਸਯੋਗ ਹੈ।
ਰਾਜਧਾਨੀ ਨੂੰ ਜਾਂਦੀ ਮੇਨ ਸੜਕ ਚੂੰਨੀ, ਲਾਂਡਰਾ ਵਾਲੀ ਸੜਕ ਤੋਂ ਰੋਜ਼ਾਨਾ ਹਜ਼ਾਰਾਂ ਵਾਹਨ ਲੰਘਦੇ ਹਨ। ਸ਼ਹੀਦੀ ਦਿਹਾੜੇ ਤੋਂ ਪਹਿਲਾਂ ਅਤੇ ਬਾਅਦ ਵਿਚ ਸੰਗਤਾਂ ਦੀ ਆਮਦ ਹੋਰ ਵਧੇਰੇ ਹੋ ਜਾਂਦੀ ਹੈ ਪਰ ਇਸ ਸੜਕ ਦੀ ਹਾਲਤ ਬਹੁਤ ਮੰਦੀ ਹੈ, ਥਾਂ-ਥਾਂ ਤੋਂ ਸੜਕ ਟੁੱਟੀ ਹੋਈ ਹੈ। ਡੂੰਘੇ ਖੱਡੇ ਹਾਦਸਿਆਂ ਨੂੰ ਸੱਦਾ ਦੇਣ ਲਈ ਕੋਈ ਕਸਰ ਨਹੀਂ ਛੱਡਦੇ। ਸ਼ਹੀਦੀ ਦਿਹਾੜੇ 'ਚ ਮਹੀਨੇ ਤੋਂ ਘੱਟ ਸਮਾਂ ਰਹਿ ਗਿਆ ਹੈ, ਸੋ ਸੰਗਤਾਂ ਦੀ ਸਹੂਲਤ ਲਈ ਤੁਰੰਤ ਸੜਕ ਮੁਰੰਮਤ ਕਰਨ ਦੀ ਸਰਕਾਰ ਕਾਰਵਾਈ ਕਰੇ ਤਾਂ ਜੋ ਹਾਦਸਿਆਂ ਤੋਂ ਬਚਾਅ ਹੋਸਕੇ।

-ਮੇਜਰ ਸਿੰਘ ਨਾਭਾ