05-12-2025
ਪੁਸਤਕਾਂ ਪੜ੍ਹਨ ਲਈ ਪ੍ਰੇਰਿਤ ਕਰੀਏ
ਅੱਜ ਅਸੀਂ ਏ.ਆਈ. ਦੇ ਦੌਰ ਵਿਚੋਂ ਗੁਜ਼ਰ ਰਹੇ ਹਾਂ। ਜਿਸ ਤਰ੍ਹਾਂ ਵਿਗਿਆਨ ਤਰੱਕੀ ਕਰ ਰਿਹਾ ਹੈ, ਸਾਡੀ ਨੌਜਵਾਨ ਪੀੜ੍ਹੀ ਕਿਤਾਬਾਂ ਤੋਂ ਦੂਰ ਹੁੰਦੀ ਜਾ ਰਹੀ ਹੈ। ਠੀਕ ਹੈ ਸਾਨੂੰ ਸਮੇਂ ਦੇ ਨਾਲ ਬਦਲਣਾ ਵੀ ਚਾਹੀਦਾ ਹੈ ਪਰ ਅਸੀਂ ਏਨੇ ਵੀ ਨਾ ਬਦਲ ਜਾਈਏ ਕਿ ਕਿਤਾਬ ਪੜ੍ਹਨੀ ਹੀ ਛੱਡ ਦੇਈਏ। ਤੁਸੀਂ ਕੋਈ ਜਾਣਕਾਰੀ ਲੈਣੀ ਹੈ ਤਾਂ ਇੰਟਰਨੈੱਟ ਮਾਧਿਅਮ ਦੇ ਤਹਿਤ ਲੈ ਸਕਦੇ ਹੋ। ਅਕਸਰ ਕਿਹਾ ਜਾਂਦਾ ਹੈ ਕਿ ਜੋ ਗਿਆਨ ਸਾਨੂੰ ਕਿਤਾਬਾਂ ਪੜ੍ਹਨ ਨਾਲ ਮਿਲਦਾ, ਉਹ ਗਿਆਨ ਸੋਸ਼ਲ ਮੀਡੀਆ 'ਤੇ ਨਹੀਂ ਮਿਲ ਸਕਦਾ। ਪਿੰਡਾਂ ਵਿਚ ਅੱਜ ਵੀ ਜਿਥੇ-ਜਿਥੇ ਸੱਥਾਂ ਵਿਚ ਬਜ਼ੁਰਗ ਅਖ਼ਬਾਰ ਪੜ੍ਹਦੇ ਹਨ, ਵਧੀਆ ਗੱਲ ਹੈ, ਪਰ ਉਥੇ ਕੋਈ ਨੌਜਵਾਨ ਬੈਠਾ ਨਹੀਂ ਦਿਸਦਾ ਹੈ। ਕਹਿੰਦੇ ਹਨ ਕਿ ਅਸੀਂ ਤਾਂ ਸੋਸ਼ਲ ਨੈੱਟਵਰਕਿੰਗ ਸਾਈਟ 'ਤੇ ਹੀ ਅਖ਼ਬਾਰ ਪੜ੍ਹ ਲੈਂਦੇ ਹਾਂ, ਪਰ ਜੋ ਜਾਣਕਾਰੀ ਸਾਨੂੰ ਸਾਹਮਣੇ ਰੱਖ ਕੇ ਕਿਤਾਬ ਜਾਂ ਅਖ਼ਬਾਰ ਤੋਂ ਮਿਲਦੀ ਹੈ, ਉਹ ਸੋਸ਼ਲ ਨੈੱਟਵਰਕਿੰਗ ਮਾਧਿਅਮ ਤੋਂ ਨਹੀਂ ਮਿਲ ਸਕਦੀ। ਜੇ ਤੁਸੀਂ ਕਿਤਾਬ ਸ਼ੁਰੂ ਕਰ ਦਿੱਤੀ ਤਾਂ ਤੁਹਾਡਾ ਦਿਲ ਕਰਦਾ ਹੈ ਕਿ ਇਸ ਨੂੰ ਪੜ੍ਹ ਕੇ ਹੀ ਉਠਿਆ ਜਾਵੇ। ਪਰ ਜੇ ਉਹ ਤੁਸੀਂ ਸਕਰੀਨ ਤੋਂ ਪੜ੍ਹਦੇ ਹੋ ਤਾਂ ਕੁਝ ਹੀ ਸਮੇਂ ਬਾਅਦ ਤੁਹਾਡੀਆਂ ਅੱਖਾਂ ਪਥਰਾ ਜਾਂਦੀਆਂ ਹਨ। ਪਾਣੀ ਆਉਣਾ ਸ਼ੁਰੂ ਹੋ ਜਾਂਦਾ ਹੈ। ਸਾਡੀ ਸਾਰਿਆਂ ਦੀ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਬੱਚਿਆਂ ਨੂੰ ਮੋਬਾਈਲ ਇੰਟਰਨੈੱਟ ਜਾਂ ਹੋਰ ਮਾਧਿਅਮ ਦੇ ਨਾਲ-ਨਾਲ ਕਿਤਾਬਾਂ ਜਾਂ ਅਖ਼ਬਾਰ ਪੜ੍ਹਨ ਦੀ ਮਹੱਤਤਾ ਬਾਰੇ ਜ਼ਰੂਰ ਦੱਸਿਆ ਜਾਵੇ।
-ਸੰਜੀਵ ਸਿੰਘ ਸੈਣੀ,
ਮੋਹਾਲੀ।
ਗ਼ਰੀਬੀ ਵੀ ਇਕ ਸਰਾਪ ਹੈ
ਵੈਸੇ ਤਾਂ ਹਰ ਬੰਦਾ ਰੋਜ਼ੀ-ਰੋਟੀ ਲਈ ਕੋਈ-ਨਾ-ਕੋਈ ਕੰਮ ਧੰਦਾ ਕਰਦਾ ਹੈ ਜਿਵੇਂ ਕਿ ਕੋਈ ਦਿਹਾੜੀ ਕਰ ਕੇ, ਕੋਈ ਰਿਕਸ਼ਾ ਚਲਾ ਕੇ ਅਤੇ ਕੋਈ ਮਜ਼ਦੂਰੀ ਕਰ ਕੇ ਆਪਣਾ ਤੇ ਆਪਣੇ ਪਰਿਵਾਰ ਦਾ ਪੇਟ ਪਾਲਦਾ ਹੈ। ਸਾਡੇ ਪ੍ਰਬੰਧਕੀ ਢਾਂਚੇ ਵਿਚ ਬਹੁਤ ਖਾਮੀਆਂ ਹਨ ਅਤੇ ਸਮਾਜ ਦੀ ਕਾਣੀ ਵੰਡ ਹੋਣ ਕਰਕੇ ਗ਼ਰੀਬ ਅਤੇ ਅਮੀਰ ਵਿਚ ਆਰਥਿਕ ਪਾੜਾ ਬਹੁਤ ਜ਼ਿਆਦਾ ਹੈ। ਜਿਵੇਂ ਕਿ ਇਕ ਬੰਦਾ ਇਕ ਦਿਨ ਵਿਚ ਤੀਹ ਹਜ਼ਾਰ ਰੁਪਏ ਕਮਾ ਲੈਂਦਾ ਹੈ ਪਰ ਇਕ ਮਜ਼ਦੂਰ ਪੂਰੇ ਮਹੀਨੇ ਵਿਚ ਤੀਹ ਹਜ਼ਾਰ ਰੁਪਏ ਨਹੀਂ ਕਮਾ ਸਕਦਾ। ਗਰੀਬ ਬੰਦਾ ਆਪਣੀਆਂ ਇਛਾਵਾਂ ਨੂੰ ਮਾਰ ਕੇ ਹੀ ਜਿਊਂਦਾ ਹੈ, ਕਿਉਂਕਿ ਉਹ ਆਪਣੇ ਪਰਿਵਾਰ ਨੂੰ ਉਨ੍ਹਾਂ ਦੀ ਮਨਪਸੰਦ ਦਾ ਖਾਣ-ਪੀਣ, ਚੰਗਾ ਰਹਿਣ-ਸਹਿਣ ਅਤੇ ਪਹਿਨਣ ਲਈ ਸਾਫ-ਸੁਥਰਾ ਕੱਪੜਾ ਲੈ ਕੇ ਨਹੀਂ ਦੇ ਸਕਦਾ। ਸਰਕਾਰ ਗ਼ਰੀਬਾਂ ਨੂੰ ਮੁਫ਼ਤ ਰਾਸ਼ਨ ਤਾਂ ਦਿੰਦੀ ਹੈ ਜੇਕਰ ਸਰਕਾਰ ਆਰਥਿਕ ਤੌਰ 'ਤੇ ਕਮਜ਼ੋਰ ਬੰਦਿਆਂ ਨੂੰ ਪਹਿਲ ਦੇ ਆਧਾਰ 'ਤੇ ਰੁਜ਼ਗਾਰ ਦੇਵੇ ਤਾਂ ਇਹ ਸ਼ਲਾਘਾਯੋਗ ਕਦਮ ਹੋਵੇਗਾ। ਸੋ, ਬੰਦੇ ਦੀ ਜ਼ਿੰਦਗੀ ਵਿਚ ਪੈਸਾ ਹੋਣਾ ਬਹੁਤ ਜ਼ਰੂਰੀ ਹੈ। ਪੈਸੇ ਤੋਂ ਬਗੈਰ ਆਰਥਿਕ ਤੇ ਸਮਾਜਿਕ ਲੋੜਾਂ ਦੀ ਪੂਰਤੀ ਨਹੀਂ ਹੋ ਸਕਦੀ ਪਰ ਜ਼ਿਆਦਾ ਪੈਸਾ ਵੀ ਬੰਦੇ ਨੂੰ ਸੁਖਿਆਰਾ ਤੇ ਆਲਸੀ ਬਣਾ ਦਿੰਦਾ ਹੈ ਅਤੇ ਜ਼ਿਆਦਾ ਪੈਸਾ ਕੋਲ ਹੋਣ ਕਰਕੇ ਬੰਦਾ ਪੈਸੇ ਦੀ ਦੁਰਵਰਤੋਂ ਵੀ ਕਰਨ ਲੱਗ ਜਾਂਦਾ ਹੈ। ਇਥੇ ਸਿੱਟਾ ਇਹ ਕੱਢਿਆ ਜਾ ਸਕਦਾ ਹੈ ਕਿ ਦੌਲਤ ਕਦੇ ਨਹੀਂ ਫਲਦੀ ਪਰ ਇਸ ਤੋਂ ਬਿਨਾਂ ਦੁਨੀਆਦਾਰੀ ਵੀ ਨਹੀਂ ਚਲਦੀ।
-ਸੁਖਰਾਮ ਸਿੰਘ
150 ਅਨੰਦ ਨਗਰ-ਏ-ਨੇੜੇ ਗੁਰਦੁਆਰਾ ਸਾਹਿਬ, ਤ੍ਰਿਪੜੀ, ਪਟਿਆਲਾ।
ਜਦੋਂ ਅਸੀਂ ਅਖ਼ਬਾਰ...
ਬਹੁਤ ਘੱਟ ਲੋਕ ਅਖ਼ਬਾਰਾਂ ਦੀਆਂ ਹਾਰਡ ਕਾਪੀਆਂ ਪੜ੍ਹਦੇ ਹਨ। ਡਿਜੀਟਲ ਫਾਰਮੈਟ ਪਾਠਕਾਂ ਨੂੰ ਸਮੇਂ ਦੀ ਘਾਟ ਦੇ ਬਾਵਜੂਦ ਵੀ ਖਬਰਾਂ 'ਤੇ ਤੇਜ਼ੀ ਨਾਲ ਨਜ਼ਰ ਮਾਰਨ ਦੀ ਆਗਿਆ ਦਿੰਦਾ ਹੈ। ਮੋਬਾਈਲਾਂ, ਐਈਪੈਡਾਂ, ਲੈਪਟਾਪਾਂ ਤੇ ਕਿਸੇ ਵੀ ਸਮੇਂ ਪੜ੍ਹਿਆ ਜਾ ਸਕਦਾ ਹੈ। ਅਖਬਾਰ ਵਿਚ ਵੱਖ-ਵੱਖ ਮੁੱਦਿਆਂ ਦੀ ਜਾਣਕਾਰੀ ਤੇ ਮਾਹਿਰ ਵਿਚਾਰਾਂ ਲਈ ਇਕ ਭਰੋਸੇਯੋਗ ਸਰੋਤ ਬਣਿਆ ਹੋਇਆ ਹੈ, ਜਿਸ ਨੂੰ ਹੋਰ ਕਿਤੇ ਲੱਭਣਾ ਔਖਾ ਹੁੰਦਾ ਹੈ। ਸਬਸਕ੍ਰਾਈਬ ਕਰਕੇ ਖੇਤਰੀ ਜਾਂ ਸਥਾਨਕ ਭਾਸ਼ਾਵਾਂ ਦੇ ਅਖਬਾਰਾਂ ਲਈ ਪਾਠਕ ਸਥਾਨਕ ਪੱਤਰਕਾਰੀ ਦਾ ਸਮਰਥਨ ਕਰਨ ਵਿਚ ਮਦਦ ਕਰਦੇ ਹਨ।
-ਕੋਮਨਪ੍ਰੀਤ ਕੌਰ
ਪਿੰਡ ਸ਼ੇਰਗੜ੍ਹ ਚੀਮਾ (ਮਾਲੇਰਕੋਟਲਾ)।
ਦਫ਼ਤਰ ਆਉਣ 'ਚ ਦੇਰੀ ਕਿਉਂ?
ਸਮਾਜ ਵਿਚ ਵਿਚਰਦਿਆਂ ਤਕਰੀਬਨ ਨਿੱਤ ਦਿਨ ਹੀ ਸਾਡਾ ਵਾਹ ਵਾਸਤਾ ਵੱਖ-ਵੱਖ ਵਿਭਾਗਾਂ ਦੇ ਸਰਕਾਰੀ ਦਫ਼ਤਰਾਂ ਨਾਲ ਪੈਂਦਾ ਰਹਿੰਦਾ ਹੈ। ਪ੍ਰੰਤੂ ਦਫ਼ਤਰਾਂ ਵਿਚ ਸਿਵਾਏ ਖੱਜਲ ਖੁਆਰੀ ਦੇ ਕੱਖ ਵੀ ਪੱਲੇ ਨਹੀਂ ਪੈਂਦਾ। ਕਿਉਂਕਿ ਜ਼ਿਆਦਾਤਰ ਸਰਕਾਰੀ ਦਫ਼ਤਰਾਂ ਵਿਚ ਬਹੁਤੇ ਕਰਮਚਾਰੀ ਸਮੇਂ ਸਿਰ ਨਹੀਂ ਪਹੁੰਚਦੇ ਅਤੇ ਕਈ ਤਾਂ ਜ਼ਿਆਦਾਤਰ ਰਹਿੰਦੇ ਹੀ ਫਰਲੋ 'ਤੇ ਹਨ। ਸਰਕਾਰ ਨੂੰ ਚਾਹੀਦਾ ਹੈ ਕਿ ਪੰਜਾਬ ਦੇ ਸਾਰੇ ਵੱਡੇ ਅਧਿਕਾਰੀ, ਵਿਧਾਇਕ ਅਤੇ ਮੰਤਰੀ ਸਵੇਰ ਸਮੇਂ ਵੱਖ-ਵੱਖ ਵਿਭਾਗਾਂ ਦੇ ਵਿਚ ਖੁਦ ਜਾ ਕੇ ਦੇਰੀ ਨਾਲ ਆਉਣ ਵਾਲੇ ਅਤੇ ਫਰਲੋ ਮਾਰਨ ਵਾਲੇ ਕਰਮਚਾਰੀਆਂ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਕਰਨ/ਸਿਫਾਰਿਸ਼ ਕਰਨ। ਤਾਂ ਜੋ ਆਮ ਲੋਕਾਂ ਨੂੰ ਦਫਤਰਾਂ ਵਿਚ ਦੁਸ਼ਵਾਰੀਆਂ ਦਾ ਸਾਹਮਣਾ ਨਾ ਕਰਨਾ ਪਵੇ, ਤੇ ਲੋਕਾਂ ਨੂੰ ਟੈਕਸ ਦੇ ਰੂਪ ਵਿਚ ਮੁਲਾਜ਼ਮਾਂ ਨੂੰ ਦਿੱਤੀ ਜਾਂਦੀ ਤਨਖਾਹ ਦਾ ਸਹੀ ਉਪਯੋਗ ਹੀ ਹੋ ਸਕੇ।
-ਅੰਗਰੇਜ਼ ਸਿੰਘ ਵਿੱਕੀ
ਪਿੰਡ ਤੇ ਡਾਕ: ਕੋਟਗੁਰੂ (ਬਠਿੰਡਾ)।