07-12-25
ਬੁਲੰਦ ਖਿਆਲਾਂ ਦੇ ਅਹਿਸਾਸ
ਲੇਖਕ : ਸੱਤੀ ਸਤਵਿੰਦਰ ਸਿੰਘ
ਪ੍ਰਕਾਸ਼ਕ : ਸੁਮਿਤ ਪ੍ਰਕਾਸ਼ਨ, ਲੁਧਿਆਣਾ
ਮੁੱਲ: 225 ਰੁਪਏ, ਸਫ਼ੇ: 80
ਸੰਪਰਕ : 94651-16100

ਸੱਤੀ ਸਤਵਿੰਦਰ ਸਿੰਘ ਦੀ ਇਹ ਪੁਸਤਕ 'ਬੁਲੰਦ ਖਿਆਲਾਂ ਦੇ ਅਹਿਸਾਸ' ਉਨ੍ਹਾਂ ਵਲੋਂ ਸੰਕਲਿਤ ਕੀਤੇ ਗਏ ਵਿਚਾਰਾਂ ਦਾ ਖ਼ੂਬਸੂਰਤ ਸੰਗ੍ਰਹਿ ਹੈ। ਆਪਣੀ 80 ਪੰਨਿਆਂ ਵਾਲੀ ਇਸ ਪੁਸਤਕ ਵਿਚ ਉਨ੍ਹਾਂ ਨੇ ਪੂਰੇ 118 ਵਿਚਾਰ ਕਲਮਬੱਧ ਕੀਤੇ ਹਨ। ਬੇਸ਼ੱਕ ਰੂਪਕ ਪੱਖ ਤੋਂ ਇਹ ਵਿਚਾਰ ਦੋ ਜਾਂ ਤਿੰਨ ਸਤਰਾਂ ਤੱਕ ਸੀਮਤ ਦਿਖਾਈ ਦਿੰਦੇ ਹਨ ਪਰ ਇਨ੍ਹਾਂ ਦੇ ਅਰਥ ਬੜੇ ਵਿਆਪਕ ਹਨ। ਇਹ ਵੀ ਜ਼ਿਕਰਯੋਗ ਹੈ ਕਿ ਇਨ੍ਹਾਂ ਵਿਚ ਕੋਈ ਵੀ ਵਿਚਾਰ ਭਰਤੀ ਦਾ ਨਹੀਂ ਹੈ ਅਤੇ ਇਹ ਸਾਰੇ ਹੀ ਜ਼ਿੰਦਗੀ ਦੀਆਂ ਤਲਖ਼ ਹਕੀਕਤਾਂ ਨਾਲ ਸਬੰਧਿਤ ਹਨ। ਮੈਂ ਨਮੂਨੇ ਵਜੋਂ ਉਨ੍ਹਾਂ ਵਿਚੋਂ ਕੁੱਝ ਵਿਚਾਰ ਪਾਠਕਾਂ ਦੇ ਸਨਮੁੱਖ ਕਰ ਰਿਹਾ ਹਾਂ:
ਕਿਤਾਬਾਂ ਚੁੱਪ ਰਹਿੰਦੀਆਂ ਹਨ ਪਰ ਜੋ ਪੜ੍ਹ ਲੈਂਦਾ ਹੈ, ਉਸ ਨੂੰ ਬੋਲਣ ਲਾ ਦਿੰਦੀਆਂ ਹਨ। ਹਰ ਕੋਈ ਚਾਹੁੰਦਾ ਹੈ ਕਿ ਉਸ ਦੀਆਂ ਭਾਵਨਾਵਾਂ ਨੂੰ ਸਮਝਿਆ ਜਾਵੇ ਪਰ ਖ਼ੁਦ ਦੂਜਿਆਂ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ। ਸੁਫ਼ਨੇ ਦੇਖੋ ਅਤੇ ਉਨ੍ਹਾਂ ਨੂੰ ਪੂਰਾ ਕਰਨ ਲਈ ਦੌੜ ਪਓ। ਆਦਰ ਸਤਿਕਾਰ ਲਈ ਝੁਕਣਾ ਪਵੇ ਤਾਂ ਝੁਕ ਜਾਓ। ਕੋਈ ਵੀ ਵਿਅਕਤੀ ਸਾਡਾ ਮਿੱਤਰ ਜਾਂ ਦੁਸ਼ਮਣ ਬਣ ਕੇ ਸੰਸਾਰ ਵਿਚ ਨਹੀਂ ਆਉਂਦਾ, ਸਾਡਾ ਵਿਹਾਰ ਅਤੇ ਸ਼ਬਦ ਹੀ ਲੋਕਾਂ ਨੂੰ ਸਾਡੇ ਮਿੱਤਰ ਅਤੇ ਦੁਸ਼ਮਣ ਬਣਾਉਂਦੇ ਹਨ। ਫੁਕਰੇ ਦੋਸਤ ਨਾਲੋਂ ਬੁੱਧੀਮਾਨ ਦੁਸ਼ਮਣ ਸੌ ਗੁਣਾ ਚੰਗਾ ਹੁੰਦਾ ਹੈ। ਤੁਹਾਡੇ ਅੰਦਰ ਹਿੰਮਤ ਵੀ ਹੈ ਤੇ ਨਿਰਾਸ਼ਾ ਵੀ, ਇਹ ਤੁਸੀਂ ਤੈਅ ਕਰੋ ਕਿ ਖ਼ੁਦ ਨੂੰ ਕੀ ਦੇਣਾ ਹੈ। ਹਨੇਰਾ ਭਾਵੇਂ ਕਿੰਨਾ ਵੀ ਸੰਘਣਾ ਕਿਉਂ ਨਾ ਹੋਵੇ, ਰੌਸ਼ਨੀ ਦੀ ਇੱਕ ਕਿਰਨ ਉਸ ਨੂੰ ਮਿਟਾ ਹੀ ਦਿੰਦੀ ਹੈ। ਜ਼ਰੂਰਤ ਤੋਂ ਜ਼ਿਆਦਾ ਬੋਲਣਾ ਖ਼ਤਰਨਾਕ ਹੁੰਦਾ ਹੈ ਪਰ ਉਸ ਤੋਂ ਵੀ ਵਧੇਰੇ ਖ਼ਤਰਨਾਕ ਹੈ ਚੁੱਪ ਹੋ ਜਾਣਾ। ਦੁੱਖ ਦੇਣ ਵਾਲੀਆਂ ਚੀਜ਼ਾਂ ਨੂੰ ਭੁੱਲ ਜਾਣਾ ਚਾਹੀਦਾ ਹੈ ਪ੍ਰੰਤੂ ਉਨ੍ਹਾਂ ਤੋਂ ਸਿੱਖੇ ਹੋਏ ਸਬਕ ਯਾਦ ਰੱਖਣੇ ਚਾਹੀਦੇ ਹਨ। ਅੱਜ ਦੇ ਪਦਾਰਥਵਾਦੀ ਸਮੇਂ ਵਿਚ ਕੁੱਝ ਵੀ ਸਥਾਈ ਨਹੀਂ ਹੈ, ਨਾ ਮੌਸਮ, ਨਾ ਮੋਟਰ, ਨਾ ਦੋਸਤ, ਨਾ ਦੁਸ਼ਮਣ। ਸਾਰਿਆਂ ਨੂੰ ਖ਼ੁਸ਼ ਕਰਨਾ ਬਹੁਤ ਔਖਾ ਕੰਮ ਹੈ ਪਰ ਕਿਸੇ ਦਾ ਬੁਰਾ ਨਾ ਹੋਵੇ, ਇਹ ਆਪਣੇ ਸਾਰਿਆਂ ਦੇ ਹੱਥ ਵਿਚ ਹੈ। ਸਵਾਲ ਇਹ ਨਹੀਂ ਹੈ ਕਿ ਜੀਵਨ ਤੋਂ ਮੌਤ ਹੈ ਕਿ ਨਹੀਂ, ਅਸਲੀਅਤ ਵਿਚ ਤੁਸੀਂ ਮੌਤ ਤੋਂ ਪਹਿਲਾਂ ਜਿਉਂਦੇ ਹੋ ਜਾਂ ਨਹੀਂ।
ਸੱਤੀ ਸਤਵਿੰਦਰ ਸਿੰਘ ਵੱਲੋਂ ਕੀਤਾ ਗਿਆ ਇਹ ਉਪਰਾਲਾ ਬਹੁਤ ਹੀ ਮਹੱਤਵਪੂਰਨ ਅਤੇ ਵਿਲੱਖਣ ਹੈ। ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਜਿਵੇਂ ਇੱਕ ਇੱਕ ਵਿਚਾਰ ਵਿਚ ਪੂਰੀ ਦੀ ਪੂਰੀ ਪੁਸਤਕ ਸਮਾਈ ਹੋਵੇ। ਵਿਚਾਰਾਂ ਦੀ ਚੋਣ ਕਰਨ ਵਿਚ ਵਰਤੀ ਗਈ ਉਨ੍ਹਾਂ ਦੀ ਮਿਕਨਾਤੀਸੀ ਸੂਝ-ਬੂਝ ਦੀ ਦਾਦ ਦੇਣੀ ਬਣਦੀ ਹੈ।
-ਕਰਮ ਸਿੰਘ ਜ਼ਖ਼ਮੀ
ਮੋਬਾਈਲ : 98146-28027
ਠੰਢੇ ਬੁਰਜ ਦਾ ਹਲਫ਼ੀਆ ਬਿਆਨ
ਲੇਖਕ : ਗੁਰਮੀਤ ਕੱਲਰਮਾਜਰੀ
ਪ੍ਰਕਾਸ਼ਕ : ਕੈਲੀਬਰ ਪਬਲੀਕੇਸ਼ਨ, ਪਟਿਆਲਾ
ਮੁੱਲ : 200 ਰੁਪਏ, ਸਫ਼ੇ : 104
ਸੰਪਰਕ : 94178-65377

ਸ਼ਾਇਰ ਗੁਰਮੀਤ ਕੱਲਰਮਾਜਰੀ ਸਾਡਾ ਉੱਚ ਦੁਮਾਲੜਾ ਸ਼ਾਇਰ ਹੈ ਜੋ ਕਿਸੇ ਰਸਮੀ ਜਾਣ-ਪਹਿਚਾਣ ਦਾ ਮੁਹਤਾਜ਼ ਨਹੀਂ। ਹਥਲੇ ਕਾਵਿ-ਸੰਗ੍ਰਹਿ 'ਠੰਢੇ ਬੁਰਜ ਦਾ ਹਲਫ਼ੀਆ ਬਿਆਨ' ਤੋਂ ਪਹਿਲਾਂ ਪੰਦਰਾਂ ਪੁਸਤਕਾਂ ਨਾਲ ਪੰਜਾਬੀ ਅਦਬ ਦੇ ਦਰ ਦਰਵਾਜ਼ੇ ਤੇ ਦਸਤਕ ਦੇ ਚੁੱਕਿਆ ਹੈ। ਹਥਲੀ ਕਾਵਿ-ਕਿਤਾਬ ਦੇ ਨਾਂਅ ਤੋਂ ਹੀ ਸ਼ਾਇਰ ਦੇ ਕਾਵਿ-ਪ੍ਰਵਚਨ ਦੀ ਤੰਦ ਸੂਤਰ ਸਹਿਜੇ ਹੀ ਸਾਡੇ ਹੱਥ ਆ ਜਾਂਦੀ ਹੈ ਕਿ ਉਹ ਕਿਵੇਂ ਦਮੋਦਰ ਦੀ ਕਾਵਿ-ਜੁਗਤ 'ਆਖ ਦਮੋਦਰ ਅੱਖੀਂ ਡਿੱਠਾ' ਵਾਂਗ ਦਸਵੇਂ ਪਾਤਿਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਰਸਾ ਨਦੀ ਤੋਂ ਪਰਿਵਾਰਕ ਵਿਛੋੜੇ ਉਪਰੰਤ ਠੰਢੇ ਬੁਰਜ ਦੀ ਕੈਦ ਤੱਕ ਪਹੁੰਚਣ ਦੀ ਕਾਵਿ ਇਤਿਹਾਸਕਾਰੀ ਕੀਤੀ ਹੈ। ਇਹ ਕਾਵਿ ਇਤਿਹਾਸਕਾਰੀ ਏਨੀ ਮਾਰਮਿਕ ਹੈ ਕਿ ਜਿਵੇਂ ਗੁਰਦੇਵ ਰੁਪਾਣਾ ਦੀ ਕਹਾਣੀ 'ਸ਼ੀਸ਼ਾ' ਅਤੇ ਤੁਹਮਦੇਵ ਦਾ ਨਾਵਲ 'ਮੂੰਮੂ' ਜਿਗਰੇ ਨਾਲ ਪੜ੍ਹਨਾ ਪੈਂਦਾ ਹੈ। ਇੰਝ ਲੱਗਦਾ ਹੈ ਜਿਵੇਂ ਸ਼ਾਇਰ ਅੰਦਰ ਯੋਗੀ ਅੱਲਾ ਯਾਰ ਖਾਂ ਦੀ ਰੂਹ ਪ੍ਰਵੇਸ਼ ਕਰ ਗਈ ਹੋਵੇ। ਕਿਤਾਬ ਦੇ ਪਾਠ ਵਿਚ ਗੁਜ਼ਰਦਿਆਂ ਸਾਰਾ ਬਿਰਤਾਂਤ ਸਾਡੀਆਂ ਅੱਖਾਂ ਦੇ ਰੂਬਰੂ ਹੋ ਜਾਂਦਾ ਹੈ ਕਿ ਕਿਵੇਂ ਮਾਤਾ ਗੁਜਰੀ ਆਪਣੇ ਨੰਨ੍ਹੇ ਪੋਤਿਆਂ ਨੂੰ ਉਂਗਲ ਲਾ ਕੇ ਕੰਮੇ ਮਾਸ਼ਕੀ ਦੀ ਛੰਨ ਵਿਚ ਪਹੁੰਚਦੀ ਹੈ ਅਤੇ ਉਪਰੰਤ ਮੋਰਿੰਡੇ ਦੇ ਕੋਤਵਾਲ ਅਤੇ ਵਜ਼ੀਰ ਖਾਂ ਦੀ ਕਚਹਿਰੀ 'ਚ ਸਾਹਿਬਜ਼ਾਦਿਆਂ ਦਾ ਫ਼ਤਹਿ ਬੁਲਾ ਕੇ ਪਹੁੰਚਣ ਦਾ ਹੂਬਹੂ ਦ੍ਰਿਸ਼ ਅੱਖਾਂ ਦੇ ਦ੍ਰਿਸ਼ਟੀਗੋਚਰ ਹੋ ਜਾਂਦਾ ਹੈ ਕਿ ਇਕ ਕਾਵਿ-ਸਤਰ ਪੜ੍ਹਦਿਆਂ ਸਾਡੀਆਂ ਅੱਖਾਂ ਸਿੱਲ੍ਹੀਆਂ ਹੋ ਜਾਂਦੀਆਂ ਹਨ। ਕਹਿੰਦੇ ਨੇ-
'ਅਸੂੰ ਜ਼ੁਬਾ ਨਹੀਂ ਮਗਰ ਬੇਜ਼ੁਬਾਂ ਨਹੀਂ' ਦੀ ਕੈਫ਼ੀਅਤ ਤਾਰੀ ਹੋ ਜਾਂਦੀ ਹੈ। ਕਿਤਾਬ ਵਿਚ ਗੰਗੂ ਦੀ ਗ਼ਦਾਰੀ, ਸੁੱਚਾ ਨੰਦ ਦੀ ਮਕਾਰੀ, ਟੋਡਰ ਮੱਲ ਅਤੇ ਮੋਤੀ ਮਹਿਰਾ ਦਾ ਵਫ਼ਾਦਾਰੀ ਦਾ ਬਿਰਤਾਂਤ ਹੂਬਹੂ ਅੱਖਾਂ ਸਾਹਮਣੇ ਆ ਜਾਂਦਾ ਹੈ। ਫਿਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਬਦਲਾ ਲੈਂਦਿਆਂ ਜਦੋਂ ਚਪੜਚਿੜੀ ਦੇ ਮੈਦਾਨ ਵਿਚ ਬੰਦਾ ਬਹਾਦਰ ਦੀਆਂ ਫੌਜਾਂ ਨਾਲ ਹੋਏ ਭੇੜ ਵਿਚ ਜਦੋਂ ਫ਼ਤਹਿ ਜੰਗ ਦੀ ਤਲਵਾਰ ਵਜ਼ੀਰ ਖਾਂ ਨੂੰ ਦੋਫਾੜ ਕਰ ਦਿੰਦੀ ਹੈ ਤਾਂ ਸੀਨੇ ਠੰਢ ਪੈ ਜਾਂਦੀ ਹੈ। ਸ਼ਾਇਰ ਸਾਹਿਬਜ਼ਾਦਿਆਂ ਦੀ ਹੋਣੀ ਬਾਰੇ ਲਿਖਦਾ ਹੈ ਕਿ ਇਹ ਕੈਸੀ ਹੋਣੀ ਹੈ ਖੇਡਣ ਦੀ ਰੁੱਤੇ ਨੰਨ੍ਹੀਆਂ ਜਿੰਦਾਂ ਦੇ ਪੈਰਾਂ ਹੇਠ ਖਿਡੌਣਿਆਂ ਵਾਂਗ ਖਿਲਰ ਗਏ ਫ਼ਤਵਿਆਂ ਦੇ ਅੰਗਾਰ। ਜਦੋਂ ਸਾਹਿਬਜ਼ਾਦਿਆਂ ਦੀ ਕੰਧਾਂ ਵਿਚ ਚਿਣੇ ਜਾਣ ਅਤੇ ਕਾਸਲ ਬੇਗ ਤੇ ਬਾਸਿਲ ਬੇਗ ਜੱਲਾਦ ਤਲਵਾਰ ਨਾਲ ਸਿਰ ਧੜ ਨਾਲੋਂ ਜੁਦਾ ਕੀਤੇ ਜਾਂਦੇ ਹਨ ਤਾਂ ਵਜ਼ੀਰ ਖਾਂ ਦੀ ਬੇਗਮ ਜੈਨਾ ਬੇਗਮ ਭਰੀ ਕਚਹਿਰੀ ਵਿਚ ਆਪਣੇ ਸੀਨੇ ਵਿਚ ਖੰਜਰ ਖੋਭ ਕੇ ਜੀਵਨ ਲੀਲ੍ਹਾ ਖ਼ਤਮ ਕਰ ਦਿੰਦੀ ਹੈ ਤਾਂ ਜੈਨਾ ਬੇਗਮ ਅੱਗੇ ਸਿਰ ਝੁਕਦਾ ਹੈ। ਇਹ ਸਾਰਾ ਵਰਣਨ ਪੜ੍ਹ ਕੇ ਇਕ ਸਵਾਲ ਖੜ੍ਹਾ ਹੁੰਦਾ ਹੈ ਕਿ ਇਹ ਕਾਰ ਸੇਵਾ ਵਾਲੇ ਬਾਬੇ ਸ਼੍ਰੋਮਣੀ ਕਮੇਟੀ ਦੇ ਇਸ਼ਾਰੇ 'ਤੇ ਚਮਕੌਰ ਸਾਹਿਬ ਦੀ ਕੱਚੀਗੜ੍ਹੀ ਅਤੇ ਠੰਢੇ ਬੁਰਜ ਨੂੰ ਅਸਲੀ ਹਾਲਤ ਵਿਚ ਕਿਉਂ ਨਹੀਂ ਰੱਖ ਸਕੇ। ਕੀ ਸੰਗਮਰਮਰ ਨਾਲ ਇਨ੍ਹਾਂ ਇਤਿਹਾਸਕ ਧ੍ਰੋਹਰਾਂ ਨੂੰ ਮੰਨ ਕੇ ਇਤਿਹਾਸ ਨਾਲ ਦਗਾ ਨਹੀਂ ਕਮਾ ਰਹੇ। ਲਗਦਾ ਹੈ ਠੰਢਾ ਬੁਰਜ ਆਪਣੇ ਹਲਫ਼ੀਆ ਬਿਆਨ ਨਾਲ ਇਹ ਸਵਾਲ ਖੜ੍ਹਾ ਕਰ ਰਿਹਾ ਹੈ।
-ਭਗਵਾਨ ਢਿੱਲੋਂ
ਮੋਬਾਈਲ : 98143-78254
ਹਸਤੀ ਵਿਚਲਾ ਚੀਰ
ਗ਼ਜ਼ਲਕਾਰ : ਬਲਰਾਜ ਧਾਲੀਵਾਲ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 200 ਰੁਪਏ, ਸਫੇ : 86
ਸੰਪਰਕ : 98152-98459

ਬਲਰਾਜ ਧਾਲੀਵਾਲ ਦੀ ਗ਼ਜ਼ਲਕਾਰੀ ਦਾ ਸਫ਼ਰ ਭਾਵੇਂ ਬਹੁਤਾ ਲੰਮੇਰਾ ਨਹੀਂ ਹੈ ਪਰ ਉਸ ਨੇ ਜਿਉਂਦੇ ਜਗਦੇ ਸ਼ਬਦਾਂ ਵਾਲੀਆਂ ਗ਼ਜ਼ਲਾਂ ਸਿਰਜ ਕੇ ਗ਼ਜ਼ਲ ਸਾਹਿਤ ਵਿਚ ਆਪਣੀ ਥਾਂ ਬਣਾ ਲਈ ਹੈ। ਵਿਦੇਸ਼ ਵਿਚ ਰਹਿ ਕੇ ਵੀ ਗ਼ਜ਼ਲ ਨਾਲ਼ ਨਿਰੰਤਰ ਜੁੜੇ ਰਹਿਣ 'ਤੇ ਸਥਾਪਿਤ ਗ਼ਜ਼ਲਕਾਰਾਂ ਦੀ ਸੰਗਤ ਨੇ ਉਸ ਦੇ ਸ਼ੇਅਰਾਂ ਨੂੰ ਪਰਪੱਕਤਾ ਦਿੱਤੀ ਹੈ। ਉਸ ਦਾ ਪਹਿਲੇ ਗ਼ਜ਼ਲ ਸੰਗ੍ਰਹਿ 'ਦਿਲ ਕਹੇ' ਤੋਂ ਤਕਰੀਬਨ 8 ਸਾਲ ਦੇ ਵਕਫ਼ੇ ਬਾਅਦ 'ਹਸਤੀ ਵਿਚਲਾ ਚੀਰ' ਗ਼ਜ਼ਲ ਸੰਗ੍ਰਹਿ ਨੂੰ ਕਿਤਾਬੀ ਲਿਬਾਸ ਮਿਲਿਆ ਹੈ। ਇਸ ਸੰਗ੍ਰਹਿ ਵਿਚਲੀਆਂ ਗ਼ਜ਼ਲਾਂ ਨੂੰ ਵਾਚਦਿਆਂ ਇਹ ਮਹਿਸੂਸ ਕੀਤਾ ਜਾ ਸਕਦਾ ਹੈ ਕਿ ਉਸ ਨੂੰ ਗ਼ਜ਼ਲ ਦੀਆਂ ਲੋੜਾਂ, ਬੰਧਨਾਂ ਤੇ ਖ਼ੂਬੀਆਂ ਦਾ ਪਤਾ ਹੈ। 'ਹਸਤੀ ਵਿਚਲਾ ਚੀਰ' ਦੀਆਂ ਗ਼ਜ਼ਲਾਂ ਕਿਸੇ ਦੇ ਪ੍ਰਭਾਵ ਨੂੰ ਨਾ ਕਬੂਲ ਕੇ ਆਪਣੇ ਨਕਸ਼ ਤੇ ਮੁਹਾਂਦਰਾ ਸਿਰਜਦੀਆਂ ਹਨ। ਜ਼ਿੰਦਗੀ ਦੀਆਂ ਤਲਖ਼ ਹਕੀਕਤਾਂ ਗ਼ਜ਼ਲਕਾਰ ਨੂੰ ਸ਼ਰਾਰਤਾਂ ਜਾਪਦੀਆਂ ਹਨ ਅਤੇ ਅੱਖਾਂ ਉਸ ਨੂੰ ਆਪਣੇ ਸੁਪਨਿਆਂ ਦੀ ਕਬਰਗਾਹ ਮਹਿਸੂਸ ਹੁੰਦੀਆਂ ਹਨ। ਉਸ ਮੁਤਾਬਿਕ ਉਹ ਬੇੜੀ ਠੇਲ੍ਹਣ ਲੱਗਿਆਂ ਬਹੁਤਾ ਹਿਸਾਬ ਨਹੀਂ ਲਾਉਂਦਾ, ਉਹ ਡੁੱਬੇ ਚਾਹੇ ਤਰੇ। ਉਸ ਦੇ ਸ਼ਿਅਰਾਂ ਅਨੁਸਾਰ ਧਾਲੀਵਾਲ ਯਤਨਾਂ ਵਿਚ ਵਿਸ਼ਵਾਸ ਰੱਖਦਾ ਹੈ, ਸਿੱਟਿਆਂ 'ਦੀ ਉਸ ਨੂੰ ਪਰਵਾਹ ਨਹੀਂ ਹੈ। ਉਹ ਆਖਦਾ ਹੈ ਸ਼ੀਸ਼ਿਆਂ ਦੇ ਰੂਬਰੂ ਹੋਣਾ ਬੜਾ ਮੁਸ਼ਕਿਲ ਹੁੰਦਾ ਹੈ, ਇਹ ਖ਼ੁਦ ਨੂੰ ਮੁਜ਼ਰਮ ਐਲਾਨ ਕੇ ਸਜ਼ਾ ਪਾਉਣ ਵਾਂਗ ਹੈ। ਭਾਵ ਸੱਚ ਆਖਣਾ ਦੋਸ਼ੀ ਹੋਣ ਵਾਂਗ ਹੈ ਤੇ ਖ਼ੁਦ ਨੂੰ ਸਜ਼ਾ ਦੇਣ ਬਰਾਬਰ ਹੈ। ਗ਼ਜ਼ਲਕਾਰ ਨੂੰ ਜਾਪਦਾ ਹੈ ਟੁੱਟਦੇ ਤਾਰੇ ਤੇ ਝੜੇ ਹੋਏ ਫੁੱਲ ਉਸ ਦਾ ਸਾਥ ਚਾਹੁੰਦੇ ਹਨ ਤੇ ਉਸ ਦੇ ਸੁਫ਼ਨਿਆਂ ਦੀ ਦੁਨੀਆ ਖ਼ੂਬਸੂਰਤ ਮੰਜ਼ਰਕਾਰੀ ਨਹੀਂ ਹੈ। ਇਹ ਗ਼ਜ਼ਲਾਂ ਧਾਲੀਵਾਲ ਦੀ ਸਮਰੱਥਾ ਨੂੰ ਦਰਸਾਉਂਦੀਆਂ ਹਨ ਪਰ ਉਸ ਦੇ ਕਈ ਸ਼ੇਅਰ ਦੁਬਿਧਾ ਤੇ ਘੁੰਮਣਘੇਰੀਆਂ ਵਿਚਕਾਰ ਲਟਕਦੇ ਮਹਿਸੂਸ ਹੁੰਦੇ ਹਨ। ਉਹ ਬੇਵਸੀ ਦੇ ਆਲਮ ਵਿਚ ਹੈ ਤੇ ਬੇਵਸੀ ਵਿੱਚੋਂ ਹੀ ਨਿੱਕੇ-ਨਿੱਕੇ ਸੂਰਜ ਪੈਦਾ ਹੁੰਦੇ ਹਨ। ਅਜਿਹਾ ਉਸ ਦੀਆਂ ਬਹੁਤੀਆਂ ਗ਼ਜ਼ਲਾਂ ਦੇ ਸ਼ੇਅਰਾਂ ਵਿਚ ਦੇਖਿਆ ਜਾ ਸਕਦਾ ਹੈ। ਬਲਰਾਜ ਧਾਲੀਵਾਲ ਦਾ ਗ਼ਜ਼ਲ ਸੰਗ੍ਰਹਿ 'ਹਸਤੀ ਵਿਚਲਾ ਚੀਰ' ਦਿਸ਼ਾ ਦੱਸਣ ਵਾਲਾ ਆਖ਼ਰੀ ਪੱਥਰ ਨਹੀਂ ਹੈ, ਉਸ ਦੇ ਸਫ਼ਰ ਵਿਚ ਆਉਣ ਵਾਲ਼ਾ ਬਹੁਤ ਕੁਝ ਅਜੇ ਬਾਕੀ ਹੈ। ਯਕੀਨਨ ਧਾਲੀਵਾਲ ਨੇ ਇਸ ਪੁਸਤਕ ਵਿਚ ਖ਼ੂਬਸੂਰਤ ਗ਼ਜ਼ਲਾਂ ਕਹੀਆਂ ਹਨ।
-ਗੁਰਦਿਆਲ ਰੌਸ਼ਨ
ਮੋਬਾਈਲ : 99884-44002
ਮਹਾਂਰਿਸ਼ੀ ਬਾਲਮੀਕਿ ਜੀ ਦਾ ਵਿਅਕਤੀਤਵ
ਲੇਖਕ : ਗੁਲਜ਼ਾਰ ਸਿੰਘ ਸ਼ੌਂਕੀ
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨ, ਸਮਾਣਾ
ਮੁੱਲ : 200 ਰੁਪਏ, ਸਫ਼ੇ : 112
ਸੰਪਰਕ : 98552-28224

ਗੁਲਜ਼ਾਰ ਸਿੰਘ ਸ਼ੌਂਕੀ ਇਕ ਬਹੁਪੱਖੀ ਲੇਖਕ ਹੈ, ਜਿਸ ਦੀਆਂ ਵੱਖ-ਵੱਖ ਵਿਸ਼ਿਆਂ 'ਤੇ 41 ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਹਥਲੀ ਪੁਸਤਕ ਵਿਚ ਉਸ ਨੇ ਮਹਾਨ ਧਨੁਸ਼ਧਾਰੀ, ਸੰਗੀਤਕਾਰ, ਮਹਾਂਕਵੀ, ਭਾਸ਼ਾ-ਗਿਆਨੀ ਅਤੇ ਮਹਾਂਰਿਸ਼ੀ ਬਾਲਮੀਕਿ ਜੀ ਦੀ ਸ਼ਖ਼ਸੀਅਤ ਦੇ ਵੱਖ-ਵੱਖ ਪਹਿਲੂਆਂ 'ਤੇ ਰੌਸ਼ਨੀ ਪਾਈ ਹੈ। ਆਪ ਨੇ ਜੀਵਨ ਬਾਰੇ ਹੁਣ ਤੱਕ ਲਿਖੀਆਂ ਕਿਤਾਬਾਂ ਵਿਚ ਦਰਜ ਅੰਧ-ਵਿਸ਼ਵਾਸ ਅਤੇ ਗ਼ਲਤ ਫ਼ਹਿਮੀਆਂ ਨੂੰ ਦੂਰ ਕਰਨ ਲਈ ਲੇਖਕ ਨੇ ਡੂੰਘੀ ਖੋਜ, ਅਧਿਐਨ, ਲਗਨ ਅਤੇ ਮਿਹਨਤ ਦੁਆਰਾ ਇਸ ਪੁਸਤਕ ਦੀ ਰਚਨਾ ਕੀਤੀ ਹੈ। ਇਸ ਮਹੱਤਵਪੂਰਨ ਉਪਰਾਲੇ ਦੌਰਾਨ ਲੇਖਕ ਨੂੰ ਕਈ ਤਰ੍ਹਾਂ ਦੀ ਵਿਰੋਧਤਾ ਦਾ ਵੀ ਸਾਹਮਣਾ ਕਰਨਾ ਪਿਆ। ਲੇਖਕ ਨੇ ਇਹ ਪੁਸਤਕ ਲਿਖਣ ਲਈ ਨਵੇਂ ਅਤੇ ਵਿਗਿਆਨਕ ਤੱਥਾਂ ਦਾ ਸਹਾਰਾ ਲਿਆ ਹੈ। ਮਹਾਂਰਿਸ਼ੀ ਜੀ ਦੀ ਵਿਦਵਤਾ ਨਾਲ ਸੰਬੰਧਿਤ ਹੇਠ ਲਿਖੇ ਲੇਖਾਂ ਵਿਚ ਆਪ ਦੀ ਪ੍ਰਤਿਭਾ ਅਤੇ ਸ਼ਖ਼ਸੀਅਤ ਦੇ ਉੱਚ-ਗੁਣ ਦਿਖਾਈ ਦਿੰਦੇ ਹਨ:
ਮਹਾਂਰਿਸ਼ੀ ਬਾਲਮੀਕਿ ਜੀ ਦੀ ਬੰਸਾਵਲੀ, ਸ਼ਬਦ ਅਤੇ ਸੰਗੀਤ ਦੀ ਉਤਪਤੀ, ਨਿਕਾਸ ਤੇ ਵਿਕਾਸ, ਮਹਾਨ ਵਿਦਵਾਨ ਸ੍ਰੀ ਦੇਵ ਰਿਸ਼ੀ ਨਾਰਦ ਜੀ, ਮਹਾਂਰਿਸ਼ੀ ਬਾਲਮੀਕਿ ਜੀ ਦੇ ਸਮੇਂ ਸਮਾਜਿਕ ਵਰਤਾਰਾ, ਮਹਾਂਰਿਸ਼ੀ ਬਾਲਮੀਕਿ ਜੀ ਅਤੇ ਬਾਲਮੀਕਿ, ਰਾਮਾਇਣ ਅਤੇ ਹੋਰ ਇਤਿਹਾਸਕ ਤੱਥਾਂ ਤੋਂ ਪ੍ਰਾਪਤ ਜਾਣਕਾਰੀ।
ਇਹ ਪੁਸਤਕ ਮਹਾਂਰਿਸ਼ੀ ਬਾਲਮੀਕਿ ਜੀ ਦੇ ਵਿਅਕਤੀਤਵ ਨੂੰ ਪੇਸ਼ ਕਰਨ ਵਾਲੀ ਇਕ ਖੋਜ ਭਰਪੂਰ ਰਚਨਾ ਹੈ।
-ਕੰਵਲਜੀਤ ਸਿੰਘ ਸੂਰੀ
ਮੋਬਾਈਲ : 93573-24241
ਬੁੱਢਾ ਦਲ ਦੇ ਮੁਖੀ
ਜਥੇਦਾਰ ਸਾਹਿਬਾਨ
ਲੇਖਕ : ਦਿਲਜੀਤ ਸਿੰਘ ਬੇਦੀ
ਪ੍ਰਕਾਸ਼ਕ : ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ ਸਿੰਘ ਸਾਹਿਬ, ਜਥੇਦਾਰ ਬਾਬਾ ਬਲਬੀਰ ਸਿੰਘ ਜੀ ਅਕਾਲੀ 96 ਕਰੋੜੀ, 14ਵੇਂ ਮੁਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ
, ਪੰਜਵਾਂ ਤਖ਼ਤ ਚਲਦਾ ਵਹੀਰ ਚੱਕਰਵਰਤੀ, ਪੰਜਾਬ, ਭਾਰਤ, ਵਿਸ਼ਵ।
ਮੁੱਲ : 250 ਰੁਪਏ, ਸਫ਼ੇ : 127
ਸੰਪਰਕ : 0183-5011003

ਸਬੱਬ ਦੀ ਗੱਲ ਹੈ ਜਾਂ ਕੁਦਰਤ ਦਾ ਭਾਣਾ ਹੈ, ਮੈਂ ਇਸ ਪੁਸਤਕ ਦੇ ਆਦਿ ਤੋਂ ਅੰਤ ਤੱਕ ਅਧਿਐਨ ਕਰਨ ਉਪਰੰਤ, 31 ਅਗਸਤ, 2025 ਦੀ ਸਵੇਰ ਨੂੰ 'ਅਜੀਤ' ਵਿਚ ਬੜੀ ਦੁਖਦਾਈ ਖ਼ਬਰ ਪੜ੍ਹੀ ਕਿ ਇਸ ਪੁਸਤਕ ਦੇ ਲੇਖਕ 'ਉਘੇ ਸਿੱਖ ਵਿਦਵਾਨ, ਸ਼੍ਰੋਮਣੀ ਕਮੇਟੀ ਦੇ ਸਾਬਕਾ ਸਕੱਤਰ ਅਤੇ ਸ਼੍ਰੋਮਣੀ ਅਕਾਲੀ ਦਲ ਬੁੱਢਾ ਦੇ ਮੌਜੂਦਾ ਸਕੱਤਰ ਦਿਲਜੀਤ ਸਿੰਘ ਬੇਦੀ ਦਾ ਦਿਹਾਂਤ ਹੋ ਗਿਆ ਹੈ।' ਉਸੇ ਸਵੇਰ ਹੀ ਤਾਂ ਮੈਂ ਇਸ ਪੁਸਤਕ ਦਾ ਰੀਵਿਊ ਲਿਖਣਾ ਸ਼ੁਰੂ ਕੀਤਾ ਤੇ ਕਰਦਿਆਂ ਪਤਾ ਚਲਦਾ ਹੈ ਕਿ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ (ਪੁੱਤਰਾਂ ਦੇ ਦਾਨੀ) ਜੀ ਤੋਂ ਲੈ ਕੇ ਜਿਹੜੇ ਵੀ ਮਹਾਂਪੁਰਖਾਂ ਨੇ ਬਾਬਾ ਬੁੱਢਾ ਦਲ ਦੀ ਅਗਵਾਈ ਕੀਤੀ, ਉਹ ਸਭ ਸਚਿਆਰੇ, ਦੂਰਅੰਦੇਸ਼, ਪੁੱਜੇ ਹੋਏ ਬ੍ਰਹਮ ਗਿਆਨੀ ਅਤੇ ਰਣ-ਤੱਤੇ ਵਿਚ ਵੈਰੀ ਨੂੰ ਪਾਰ ਮੁਕਾਉਂਦੇ, ਛੱਕੇ ਛੁਡਾਉਂਦੇ, ਵੇਖੇ ਜਾ ਸਕਦੇ ਨੇ। ਵਿਦਵਾਨ ਲੇਖਕ ਨੇ 127 ਪੰਨਿਆਂ ਵਿਚ ਕੁੱਜੇ ਵਿਚ ਸਮੁੰਦਰ ਬੰਦ ਕਰ ਵਿਖਾਇਆ ਹੈ। ਸਤਿਕਾਰਯੋਗ ਪ੍ਰਕਾਸ਼ਕ ਜੀ ਦੀ ਦੇਣ ਦਾ ਬੜਾ ਵਿਸਤ੍ਰਤ ਬਿਰਤਾਂਤ ਪੇਸ਼ ਕੀਤਾ ਹੈ। ਨਿਮਨਲਿਖਤ 14 ਸਿੰਘ ਸਾਹਿਬਾਨਾਂ ਬਾਰੇ ਬੜੀ ਹੀ ਮੁੱਲਵਾਨ, ਗਿਆਨਵਰਧਕ, ਜਾਣਕਾਰੀ ਸਾਂਝੀ ਕੀਤੀ ਗਈ ਹੈ। ਸਿੰਘ ਸਾਹਿਬ ਜਥੇਦਾਰ ਬਾਬਾ ਬਿਨੋਦ ਸਿੰਘ ਜੀ, ਸਿੰਘ ਸਾਹਿਬ ਜਥੇਦਾਰ ਦੀਵਾਨ ਬਾਬਾ ਦਰਬਾਰਾ ਸਿੰਘ ਜੀ, ਸਿੱਖ ਪੰਥ ਦਾ ਸ਼ੇਰਦਿਲ ਜਰਨੈਲ ਨਵਾਬ ਬਾਬਾ ਕਪੂਰ ਸਿੰਘ ਜੀ, ਸੁਲਤਾਨ-ਉਲ-ਕੌਮ ਬਾਬਾ ਜੱਸਾ ਸਿੰਘ ਆਹਲੂਵਾਲੀਆ, ਸਿੰਘ ਸਾਹਿਬ ਜਥੇਦਾਰ ਬਾਬਾ ਨੈਣਾ ਸਿੰਘ ਜੀ ਅਕਾਲੀ, ਸਿੱਖ ਜਰਨੈਲ ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਜੀ ਸ਼ਹੀਦ, ਜਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਸ਼ਹੀਦ, ਜਥੇਦਾਰ ਬਾਬਾ ਪ੍ਰਹਿਲਾਦ ਸਿੰਘ ਜੀ, ਜਥੇਦਾਰ ਬਾਬਾ ਗਿਆਨ ਸਿੰਘ ਜੀ, ਜਥੇਦਾਰ ਬਾਬਾ ਤੇਜਾ ਸਿੰਘ ਜੀ, ਜਥੇਦਾਰ ਬਾਬਾ ਸਾਹਿਬ ਸਿੰਘ ਜੀ ਕਲਾਧਾਰੀ, ਸਿੰਘ ਸਾਹਿਬ ਜਥੇਦਾਰ ਬਾਬਾ ਚੇਤ ਸਿੰਘ ਜੀ, ਜਥੇਦਾਰ ਬਾਬਾ ਸੰਤਾ ਸਿੰਘ ਜੀ 96ਵੇਂ ਕਰੋੜੀ, ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਜੀ ਅਕਾਲੀ 96ਵੇਂ ਕਰੋੜੀ ਆਦਿ। ਇਨ੍ਹਾਂ ਉਪਰੋਕਤ ਜਥੇਦਾਰਾਂ ਸਾਹਿਬਾਨਾਂ ਬਾਰੇ ਵਿਦਵਾਨ ਲੇਖਕ ਨੇ ਉਨ੍ਹਾਂ ਦੇ ਜੀਵਨ ਬਾਰੇ ਬੜੀ ਪ੍ਰਮਾਣਿਕ ਜਾਣਕਾਰੀ ਦਿੱਤੀ ਹੈ। ਭਾਵ ਉਨ੍ਹਾਂ ਦੇ ਮਾਤਾ-ਪਿਤਾ ਕੌਣ ਸਨ? ਜਨਮ ਕਦੋਂ ਅਤੇ ਕਿੱਥੇ ਹੋਇਆ? ਬੁੱਢਾ ਦਲ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਜਥੇਦਾਰੀ ਕਦੋਂ ਸੰਭਾਲੀ? ਕਦੋਂ ਅਤੇ ਕਿੱਥੇ ਅਕਾਲ ਚਲਾਣਾ ਹੋਇਆ? ਇਨ੍ਹਾਂ ਸਭਨਾਂ ਦਾ ਜੀਵਨ ਸੰਘਰਸ਼, ਬੁੱਢਾ ਦਲ ਅਤੇ ਸਿੱਖ ਪੰਥ ਦੀ ਚੜ੍ਹਦੀ ਕਲਾ ਲਈ ਉਨ੍ਹਾਂ ਦੇ ਯੋਗਦਾਨ ਦੀ ਚਰਚਾ ਕੀਤੀ ਗਈ ਹੈ। ਵਿਦਵਾਨ ਲੇਖਕ ਨੇ ਇਸ ਸੰਗ੍ਰਹਿ ਦੀਆਂ ਜ਼ਿਆਦਾ ਜੀਵਨੀਆਂ ਆਪਣੀ ਕਲਮ ਨਾਲ ਅੰਕਿਤ ਕੀਤੀਆਂ ਨੇ। ਕੁਝ ਇਕ ਕਈ ਹੋਰਨਾਂ ਵਿਦਵਾਨਾਂ ਦਾ ਸਹਿਯੋਗ ਵੀ ਲਿਆ ਹੈ ਅਤੇ ਉਨ੍ਹਾਂ ਦਾ ਧੰਨਵਾਦ ਵੀ ਕੀਤਾ ਹੈ। ਜਿਵੇਂ ਕਿ ਹਰਵਿੰਦਰ ਸਿੰਘ ਖਾਲਸਾ, ਸਿਮਰਜੀਤ ਸਿੰਘ ਕੰਗ, ਨਿਰੰਜਨ ਸਿੰਘ ਸਾਥੀ ਅਤੇ ਡਾ. ਅਮਰਜੀਤ ਕੌਰ ਇੱਬਣਕਲਾਂ ਆਦਿ ਦਾ।
ਬਾਬਾ ਬਲਬੀਰ ਸਿੰਘ ਅਕਾਲੀ ਜੀ ਦੀ ਦੂਰਅੰਦੇਸ਼ੀ ਦਾ ਸਿੱਟਾ ਹੈ ਕਿ ਸ਼੍ਰੋਮਣੀ ਕਮੇਟੀ ਨੂੰ ਪ੍ਰੇਰ ਕੇ ਬੁੱਢਾ ਦਲ ਦੇ ਸਾਰੇ ਮੁਖੀ ਜਥੇਦਾਰ ਸਾਹਿਬਾਨਾਂ ਦੀਆਂ ਤਸਵੀਰਾਂ ਕੇਂਦਰੀ ਸਿੱਖ ਅਜਾਇਬ ਘਰ ਸ੍ਰੀ ਦਰਬਾਰ ਸਾਹਿਬ (ਅੰਮ੍ਰਿਤਸਰ) ਵਿਖੇ ਸੁਸ਼ੋਭਿਤ ਕਰਵਾਈਆਂ ਗਈਆਂ ਹਨ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਸਮੇਤ ਬੁੱਢਾ ਦਲ ਦੇ ਮੁਖੀਆਂ ਦੀਆਂ ਤਸਵੀਰਾਂ ਇਸ ਕਿਤਾਬ ਦਾ ਸ਼ਿੰਗਾਰ ਵੀ ਬਣੀਆਂ ਹਨ। ਬੁੱਢਾ ਦਲ ਦੇ ਸਾਰੇ ਮੁਖੀ ਜਥੇਦਾਰ ਸਾਹਿਬਾਨਾਂ ਦੀਆਂ ਜੀਵਨੀਆਂ ਲਿਖਵਾ ਕੇ ਪ੍ਰਕਾਸ਼ਿਤ ਕਰਨ ਦਾ ਮਹੱਤਵਪੂਰਨ ਗੁਰਮਤਾ, ਨਿਹੰਗ ਸਿੰਘਾਂ ਦਾ ਜੀਵਨ ਅਤੇ ਪਿਛੋਕੜ ਸੰਬੰਧੀ ਲਿਟਰੇਚਰ ਅਤੇ 'ਨਿਹੰਗ ਸਿੰਘ ਸੰਦੇਸ਼' ਮਾਸਿਕ ਪੱਤਰ ਦਾ ਲਗਾਤਾਰ ਸਚਿੱਤਰ ਰੂਪ ਵਿਚ ਪ੍ਰਕਾਸ਼ਿਤ ਕਰਾਉਣਾ, ਸਮੂਹ ਛਾਉਣੀਆਂ ਦੀ ਸਚਿੱਤਰ ਪੁਸਤਕ ਆਦਿ ਸਾਰੇ ਕਾਰਜ ਕਰਾ ਰਹੇ ਹਨ।
ਪੰਨਾ : 106
'ਨਿਹੰਗ ਸਿੰਘਾਂ ਦੇ ਖਾਲਸਾਈ ਗੜਗੱਜ ਬੋਲੇ' ਵੀ ਛਪ ਚੁੱਕੇ ਹਨ। ਅਕਾਲ ਤਖਤ ਸਾਹਿਬ ਜੀ ਦੇ ਅਜੋਕੇ ਜਥੇਦਾਰ ਵੀ ਆਪ ਜੀ ਦੁਆਰਾ ਆਯੋਜਿਤ ਸਮਾਗਮਾਂ ਵਿਚ ਸਮੇਂ-ਸਮੇਂ ਸ਼ਮੂਲੀਅਤ ਕਰਦੇ ਰਹਿੰਦੇ ਨੇ। ਚੇਤੇ ਰਹੇ ਕਿ ਹਥਲੀ ਪੁਸਤਕ ਦੇ ਲੇਖਕ ਸ. ਦਿਲਜੀਤ ਸਿੰਘ ਬੇਦੀ 'ਗੁਰਦੁਆਰਾ ਗਜ਼ਟ' ਮਾਸਿਕ ਦੇ ਵੀ 25 ਸਾਲ ਸੰਪਾਦਕ ਰਹੇ। ਬਾਬਾ ਬਲਬੀਰ ਸਿੰਘ ਅਕਾਲੀ ਜੀ ਦੀ ਸੁਯੋਗ ਅਗਵਾਈ ਹੇਠ ਬੁੱਢਾ ਦਲ ਵਲੋਂ ਨਿਰੰਤਰ ਦੇਸ-ਪ੍ਰਦੇਸ/ਵਿਸ਼ਵ ਪੱਧਰ ਤੱਕ ਸਿੱਖੀ ਦਾ ਪ੍ਰਚਾਰ ਅਤੇ ਪ੍ਰਸਾਰ ਆਰੰਭਿਆ ਹੋਇਆ ਹੈ। ਸੰਖੇਪ ਇਹ ਕਿ ਇਹ ਪੁਸਤਕ ਬੁੱਢੇ ਦਲ ਦੇ ਇਤਿਹਾਸ ਅਤੇ ਸਮੇਂ-ਸਮੇ ਵਾਪਰੀਆਂ ਮੁੱਖ ਘਟਨਾਵਾਂ ਦਾ ਪ੍ਰਮਾਣਿਕ ਦਸਤਾਵੇਜ਼ ਹੋ ਨਿੱਬੜੀ ਹੈ।
-ਡਾ. ਧਰਮ ਚੰਦ ਵਾਤਿਸ਼
ਮੋਬਾਈਲ : 88376-79186
ਮਹਾਨ ਖੋਜਕਾਰ
ਲੇਖਕ : ਹਰੀ ਕ੍ਰਿਸ਼ਨ ਮਾਇਰ
ਪ੍ਰਕਾਸ਼ਕ : ਗੋਰਕੀ ਪ੍ਰਕਾਸ਼ਨ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 176
ਸੰਪਰਕ : 97806-67687

ਵਿਗਿਆਨ ਸਾਹਿਤ ਲੇਖਕ ਹਰੀ ਕ੍ਰਿਸ਼ਨ ਮਾਇਰ ਦੀ ਪੁਸਤਕ 'ਮਹਾਨ ਖੋਜਕਾਰ' ਤੀਸਰਾ ਐਡੀਸ਼ਨ ਹੈ। ਵਿਗਿਆਨ ਦੀਆਂ ਕਾਢਾਂ ਹੋਣ ਜਾਂ ਉਨ੍ਹਾਂ ਕਾਢਾਂ ਦੇ ਜਨਕ ਵਿਗਿਆਨੀ , ਉਨ੍ਹਾਂ ਬਾਰੇ ਪੜ੍ਹਨਾ, ਜਾਣਨਾ, ਸਮਝਣਾ ਹਰ ਉਮਰ ਦੇ ਪਾਠਕ ਦੀ ਰੁਚੀ ਹੁੰਦੀ ਹੈ। ਪੁਸਤਕ ਵਿਚ ਸ਼ਾਮਿਲ 25 ਖੋਜਕਾਰਾਂ ਵਿਚੋਂ ਚਾਰ ਭਾਰਤੀ ਵਿਗਿਆਨੀ ਵੀ ਹਨ। ਆਰਕਿਮੀਡੀਜ਼ ਤੋਂ ਲੈ ਕੇ ਸਟੀਫਨ ਹਾਕਿੰਗ ਤੱਕ ਸਾਰੇ ਵਿਗਿਆਨੀਆਂ ਦੇ ਪਿਛੋਕੜ, ਪਰਿਵਾਰਕ ਹਾਲਤਾਂ, ਉਨ੍ਹਾਂ ਦੇ ਬਚਪਨ, ਉਨ੍ਹਾਂ ਦੀ ਸਿੱਖਿਆ, ਉਨ੍ਹਾਂ ਦੀ ਜੀਵਨ ਸ਼ੈਲੀ, ਉਨ੍ਹਾਂ ਦੀ ਸਮਾਜਿਕ , ਆਰਥਿਕ ਅਤੇ ਮਾਨਸਿਕ ਪਰਿਸਥਤੀਆਂ ਅਤੇ ਸਧਾਰਣ ਜਿਹੇ ਲਗਦੇ ਵਤੀਰਿਆਂ ਤੋਂ ਮਹਾਨ ਖੋਜਾਂ ਕਰਕੇ ਦੁਨੀਆ ਨੂੰ ਦੰਦਾਂ ਹੇਠ ਉਂਗਲਾਂ ਦੱਬਣ ਲਈ ਮਜਬੂਰ ਕਰ ਦੇਣ ਦੀ ਸਮਰੱਥਾ, ਪ੍ਰਤਿਭਾ, ਸਿਰੜ,ਲਗਨ ਅਤੇ ਜਨੂਨ ਬਾਰੇ ਪੜ੍ਹ ਕੇ ਪਾਠਕ ਹੈਰਾਨ ਰਹਿ ਜਾਂਦਾ ਹੈ। ਇਹ ਵੀ ਘੱਟ ਹੈਰਾਨਕੁੰਨ ਨਹੀਂ ਹੈ ਕਿ ਅੱਜ ਜਿਨ੍ਹਾਂ ਵਿਗਿਆਨੀਆਂ ਦੀਆਂ ਲਾਸਾਨੀ ਖੋਜਾਂ ਕਰਕੇ ਅਸੀਂ ਆਪਣਾ ਜੀਵਨ ਆਸਾਨ ਤੇ ਸੁੱਖ ਭਰਿਆ ਮਾਨਣ ਦੇ ਕਾਬਿਲ ਹੋਏ ਹਾਂ, ਸ਼ੁਰੂ ਵਿਚ ਉਨ੍ਹਾਂ ਦੇ ਸਿਧਾਂਤਾਂ, ਪ੍ਰਯੋਗਾਂ, ਸਿੱਟਿਆਂ ਦਾ ਖ਼ਾਸ ਕਰਕੇ ਧਾਰਮਿਕ ਜਨੂੰਨੀਆਂ ਅਤੇ ਕੱਟੜਵਾਦੀਆਂ ਵਲੋਂ ਕਿੰਨਾ ਵਿਰੋਧ ਕੀਤਾ ਗਿਆ ਅਤੇ ਕਈ ਖੋਜਕਾਰਾਂ ਦੇ ਉਹ ਜਾਨੀ ਦੁਸ਼ਮਣ ਬਣ ਗਏ। ਖੋਜੀਆਂ ਨੂੰ ਅੰਧਵਿਸ਼ਵਾਸੀ ਲੋਕਾਂ ਦੀ ਭੀੜ ਦੇ ਗੁੱਸੇ ਅਤੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਇਹ ਸਭ ਪੜ੍ਹਦਿਆਂ ਪਾਠਕ ਦੇ ਲੂੰਅ-ਕੰਡੇ ਖੜ੍ਹੇ ਹੋ ਜਾਂਦੇ ਹਨ ਅਤੇ ਉਨ੍ਹਾਂ ਜਨੂਨੀਆਂ ਖ਼ਿਲਾਫ ਰੋਹ ਦੀ ਤੇ ਖੋਜਕਾਰਾਂ ਪ੍ਰਤੀ ਹਮਦਰਦੀ ਦੀ ਭਾਵਨਾ ਪੈਦਾ ਹੁੰਦੀ ਹੈ। ਇਹ ਜਾਣ ਕੇ ਨਿਰਾਸ਼ਾ ਵੀ ਪੈਦਾ ਹੁੰਦੀ ਹੈ ਕਿ ਇਨ੍ਹਾਂ ਖੋਜਕਾਰਾਂ ਨੇ ਤਾਂ ਆਪਣਾ ਸਾਰਾ ਜੀਵਨ ਇਨ੍ਹਾਂ ਖੋਜਾਂ ਦੇ ਲੇਖੇ ਲਾ ਕੇ, ਆਪਣੀ ਖੋਜ ਮਨੁੱਖੀ ਕਲਿਆਣ ਹਿੱਤ ਹੀ ਕੀਤੀ। ਇਨ੍ਹਾਂ ਖੋਜਾਂ ਦੀ ਵਰਤੋਂ ਕਰਦਾ ਮਨੁੱਖ ਕੁਦਰਤ ਦੇ ਵਿਨਾਸ਼ ਵੱਲ ਨੂੰ ਤੁਰ ਪਿਆ ਅਤੇ ਹੁਣ ਕੁਦਰਤ ਦੀ ਕਰੋਪੀ ਦਾ ਨਤੀਜਾ ਭੁਗਤ ਰਿਹਾ ਹੈ। ਇਹ ਵੀ ਕਿ ਧਾਰਮਿਕ ਜਨੂੰਨੀਆਂ ਨੇ ਇਨ੍ਹਾਂ ਵਿਗਿਆਨਕ ਖੋਜਾਂ ਦਾ ਇਸਤੇਮਾਲ ਅੰਧਵਿਸ਼ਵਾਸ ਦੇ ਪ੍ਰਚਾਰ ਲਈ ਵਰਤ ਕੇ ਸਮਾਜ ਵਿਚ ਹੋਰ ਵੀ ਹਨੇਰਾ ਫੈਲਾਉਣ ਦਾ ਮੰਦਭਾਗਾ ਕਾਰਜ ਕੀਤਾ ਹੈ। ਇੰਜ ਪੁਸਤਕ ਵਿਚ ਸ਼ਾਮਿਲ ਇਹ ਰਚਨਾਵਾਂ, ਖੋਜਕਾਰਾਂ ਦੀਆਂ ਮਹਿਜ ਜੀਵਨੀਆਂ ਹੀ ਨਹੀਂ ਹਨ ਸਗੋਂ ਵਿਗਿਆਨਕ ਅਤੇ ਤਰਕ ਪੂਰਣ ਜਾਨਕਾਰੀ ਭਰਪੂਰ, ਸਰਲ, ਸਹਿਜ ਤੇ ਸਾਦਾ ਭਾਸ਼ਾ ਵਿਚ ਲਿਖੀ ਬਹੁਤ ਹੀ ਵੱਡਮੁੱਲੀ ਅਤੇ ਮਹੱਤਵ ਪੂਰਣ ਪੁਸਤਕ ਹੈ। ਪੁਸਤਕ ਦਾ ਤੀਸਰਾ ਐਡੀਸ਼ਨ ਛਪਣਾ ਇਸ ਤੱਥ ਦਾ ਪ੍ਰਮਾਣ ਹੈ।
-ਡਾ. ਧਰਮਪਾਲ ਸਾਹਿਲ
ਮੋਬਾਈਲ : 98761-56964
ਜੀਵਨ ਮਦਿਰਾ
ਲੇਖਕ : ਚਾਰਲਸ ਗੋਰਹਾਮ
ਅਨੁਵਾਦਕ : ਜੰਗ ਬਹਾਦੁਰ ਗੋਇਲ
ਪ੍ਰਕਾਸ਼ਕ : ਸਿੰਘ ਬ੍ਰਦਰਜ਼ ਅੰਮ੍ਰਿਤਸਰ
ਮੁੱਲ : 595 ਰੁਪਏ, ਸਫ਼ੇ : 416
ਸੰਪਰਕ : 098551-23499

ਜੰਗ ਬਹਾਦਰ ਗੋਇਲ (1948) ਸੇਵਾਮੁਕਤ ਆਈ.ਏ.ਐੱਸ. ਅਧਿਕਾਰੀ ਹੈ। ਉਸ ਨੇ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਵਿਚ ਦੋ ਦਰਜਨ ਤੋਂ ਵਧੇਰੇ ਪੁਸਤਕਾਂ ਦੀ ਰਚਨਾ ਕੀਤੀ ਹੈ। ਉਸ ਦੀਆਂ ਕੁਝ ਕਿਤਾਬਾਂ ਉਰਦੂ ਤੇ ਸ਼ਾਹਮੁਖੀ ਵਿਚ ਵੀ ਅਨੁਵਾਦ/ਲਿਪੀਅੰਤਰ ਹੋਈਆਂ ਹਨ। ਉਸ ਦਾ ਸਭ ਤੋਂ ਵੱਡਾ ਕਾਰਜ ਪੰਜ ਭਾਗਾਂ ਵਿਚ 'ਵਿਸ਼ਵ ਦੇ ਸ਼ਾਹਕਾਰ ਨਾਵਲ' ਦੀ ਰਚਨਾ ਹੈ। ਖਲੀਲ ਜਿਬਰਾਨ, ਮੁਹੱਬਤਨਾਮਾ, ਇੱਕ ਆਵਾਰਾ ਰੂਹ ਦਾ ਰੋਜ਼ਨਾਮਚਾ, ਵਾਇਆ ਬਠਿੰਡਾ, ਜੰਗਲ ਤੋਂ ਪਾਰ, ਨਵਾਂ ਸਵੇਰਾ: ਨਵਾਂ ਸੁਨੇਹਾ ਉਹਦੀਆਂ ਚਰਚਿਤ ਪੁਸਤਕਾਂ ਹਨ। 'ਸਾਹਿਤ ਸੰਜੀਵਨੀ' ਤਾਂ ਇੱਕ ਕਲਾਸਿਕ ਪੁਸਤਕ ਹੋ ਨਿਬੜੀ ਹੈ। ਰੀਵਿਊ ਅਧੀਨ ਪੁਸਤਕ ਵਿਸ਼ਵ ਦੇ ਮਹਾਨ ਬਹੁਪੱਖੀ ਸਾਹਿਤਕਾਰ ਫਰਾਂਸੀਸੀ ਲੇਖਕ ਬਾਲਜ਼ਾਕ (1799-1850) ਦੀ ਜ਼ਿੰਦਗੀ ਤੇ ਆਧਾਰਿਤ ਨਾਵਲ ਹੈ ਜਿਸ ਨੂੰ ਮੂਲ ਰੂਪ ਵਿਚ ਅਮਰੀਕਨ ਲੇਖਕ ਚਾਰਲਸ ਗੋਰਹਾਮ (1911-1975) ਨੇ 'ਵਾਈਨ ਆਫ਼ ਲਾਈਫ਼' ਨਾਂਅ ਹੇਠ ਲਿਖਿਆ ਹੈ। ਬਾਲਜ਼ਾਕ ਦੀ ਸੰਘਰਸ਼ਮਈ, ਪੇਚੀਦਾ ਜੀਵਨ-ਯਾਤਰਾ, ਵੱਖ-ਵੱਖ ਔਰਤਾਂ ਨਾਲ ਸੰਬੰਧ, ਪ੍ਰਕਾਸ਼ਕਾਂ ਨਾਲ ਖਿੱਚੋਤਾਣ, ਘਰੋਗੀ ਜ਼ਿੰਦਗੀ, ਫਰਾਂਸੀਸੀ ਸਮਾਜ ਆਦਿ ਬਾਰੇ ਗੋਰਹਾਮ ਨੇ ਬੜਾ ਨੇੜੇ ਹੋ ਕੇ ਬਰੀਕੀ ਨਾਲ ਲਿਖਿਆ ਹੈ। ਬਾਲਜ਼ਾਕ ਦੇ ਜਨਮ ਤੋਂ ਮੌਤ ਤੱਕ ਦੇ ਨਿੱਕੇ-ਵੱਡੇ ਸਮਾਚਾਰ ਨੂੰ 53 ਕਾਂਡਾਂ ਵਿਚ ਸਮੇਟਿਆ ਗਿਆ ਹੈ। ਫਰਾਂਸ ਦੀਆਂ ਸਮਾਜਿਕ, ਰਾਜਨੀਤਕ, ਆਰਥਕ ਤੇ ਸੱਭਿਆਚਾਰਕ ਗਤੀਵਿਧੀਆਂ ਦਾ ਸੰਪੂਰਨ ਦਸਤਾਵੇਜ਼ ਹੈ ਬਾਲਜ਼ਾਕ ਦਾ ਸਮੁੱਚਾ ਸਾਹਿਤ! ਪੁਸਤਕ ਦੇ ਆਰੰਭ ਵਿਚ ਅਨੁਵਾਦਕ ਨੇ ਆਪਣੇ ਵਲੋਂ ਨਾਵਲ ਬਾਰੇ ਸੰਖੇਪ ਤੇ ਮਹੱਤਵਪੂਰਨ ਟਿੱਪਣੀ ਦਰਜ ਕੀਤੀ ਹੈ, ਜਿਸ ਵਿਚ ਆਸਕਰ ਵਾਇਲਡ, ਕਾਰਲ ਮਾਰਕਸ ਜਿਹੇ ਦਿੱਗਜ ਲੇਖਕਾਂ ਦੇ ਬਾਲਜ਼ਾਕ ਬਾਰੇ ਵਿਚਾਰ ਅੰਕਿਤ ਕੀਤੇ ਗਏ ਹਨ। ਇਸੇ ਤਰ੍ਹਾਂ ਰੂਸ ਦੇ ਮਹਾਨ ਲੇਖਕ ਮੈਕਸਿਮ ਗੋਰਕੀ ਦਾ ਬਾਲਜ਼ਾਕ ਬਾਰੇ ਕਥਨ ਵੀ ਪੁਸਤਕ ਦੇ ਸਰਵਰਕ ਦੀ ਸ਼ੋਭਾ ਨੂੰ ਵਧਾਉਂਦਾ ਹੈ। ਬਾਲਜ਼ਾਕ ਦੀ ਮੌਤ ਦਾ ਉਹ ਮੰਜ਼ਰ ਭਾਵਕ ਕਰ ਦੇਣ ਵਾਲਾ ਹੈ, ਜਦੋਂ ਉਹਦੀ ਦੇਹ ਨੂੰ ਪੈਰ ਲਾਸ਼ੇਜ਼ ਦੇ ਕਬਰਿਸਤਾਨ ਵਿਚ ਲਿਜਾਇਆ ਗਿਆ। ਉਹਦੇ ਜਨਾਜ਼ੇ ਨੂੰ ਮੋਢਾ ਦੇਣ ਵਾਲੇ ਲੇਖਕਾਂ ਵਿਚ ਵਿਕਟਰ ਹਿਊਗੋ, ਅਲੈਗਜ਼ੈਂਡਰ ਡਿਊਮਾ, ਸੇਂਟ ਬਿਊਵ ਅਤੇ ਸਰਕਾਰੀ ਮੰਤਰੀ ਬਰੋਸ਼ ਸ਼ਾਮਲ ਸਨ। ਮੰਤਰੀ ਨੇ ਜਦੋਂ ਹਿਊਗੋ ਤੋਂ ਬਾਲਜ਼ਾਕ ਬਾਰੇ ਜਾਣਨਾ ਚਾਹਿਆ ਤਾਂ ਉਹਦਾ ਉੱਤਰ ਸੀ-'ਉਹ ਜੀਨੀਅਸ ਸੀ ਤੇ ਮੁਕੰਮਲ ਫਰਾਂਸ।' ਅਨੁਵਾਦਕ ਵਲੋਂ ਪੰਜਾਬੀ ਤਰਜਮਾ ਕਰਦੇ ਹੋਏ ਇਸ ਵਿਚ ਵਰਤੀ ਗਈ ਮੁਹਾਵਰੇਦਾਰ ਸ਼ੈਲੀ ਨੇ ਸੋਨੇ 'ਤੇ ਸੁਹਾਗੇ ਦਾ ਕੰਮ ਕੀਤਾ ਹੈ। ਬਾਲਜ਼ਾਕ ਨੂੰ ਪੜ੍ਹਨਾ ਅਸਲ ਵਿਚ ਉਸ ਦੇ ਸਮੇਂ ਦੇ ਫਰਾਂਸ ਨੂੰ ਜਾਣਨਾ ਹੈ। ਇੱਕ ਬਹੁਤ ਵੱਡੇ ਮੁਸ਼ਕਿਲ ਕਾਰਜ ਨੂੰ ਸੁਖੈਨ, ਸਰਲ ਤੇ ਸਪਸ਼ਟ ਭਾਸ਼ਾ ਵਿਚ ਅਨੁਵਾਦ ਕਰਨ ਲਈ ਜੰਗ ਬਹਾਦੁਰ ਗੋਇਲ ਮੁਬਾਰਕ ਦਾ ਹੱਕਦਾਰ ਹੈ।
-ਪ੍ਰੋ. ਨਵ ਸੰਗੀਤ ਸਿੰਘ
ਮੋਬਾਈਲ : 94176-92015
ਮਿੱਟੀ ਬੋਲ ਪਈ
ਨਾਟਕਕਾਰ : ਮਨਜੀਤ ਕੌਰ ਅੰਬਾਲਵੀ
ਪ੍ਰਕਾਸ਼ਕ : ਗੋਸਲ ਪ੍ਰਕਾਸ਼ਨ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 60
ਸੰਪਰਕ :094162-71625

ਪੰਜਾਬੀ ਬਾਲ ਸਾਹਿਤ ਵਿਚ ਮਿਆਰੀ ਨਾਟਕਾਂ ਦੀ ਲਗਭਗ ਅਣਹੋਂਦ ਹੈ ਜਿਸ ਕਾਰਨ ਦੂਜੀਆਂ ਜ਼ੁਬਾਨਾਂ ਵਿਚ ਲਿਖੇ ਗਏ ਨਾਟਕਾਂ ਦੇ ਪੰਜਾਬੀ ਅਨੁਵਾਦ ਉੱਪਰ ਨਿਰਭਰ ਰਹਿਣਾ ਪੈਂਦਾ ਹੈ। ਹੌਲੀ-ਹੌਲੀ ਪੰਜਾਬੀ ਨਾਟਕ ਦੇ ਲੇਖਣ-ਪਰੰਪਰਾ ਦਾ ਨਜ਼ਰਅੰਦਾਜ਼ੀ ਦੀ ਸਥਿਤੀ ਵਿਚੋਂ ਬਾਹਰ ਆਉਣਾ ਸੰਤੁਸ਼ਟੀ ਦੀ ਗੱਲ ਹੈ। ਇਸ ਸੰਦਰਭ ਵਿਚ ਹਰਿਆਣਾ ਪੰਜਾਬੀ ਸਾਹਿਤ ਅਕਾਦਮੀ ਪੰਚਕੂਲਾ ਵਲੋਂ ਸਟੇਟ ਐਵਾਰਡ ਪ੍ਰਾਪਤਕਰਤਾ ਜਾਣੀ-ਪਛਾਣੀ ਕਲਮਕਾਰ ਮਨਜੀਤ ਕੌਰ ਅੰਬਾਲਵੀ ਬਾਲ ਸਾਹਿਤ ਵਿਚ ਨਿਰੰਤਰ ਕਾਰਜਸ਼ੀਲ ਹੈ। 'ਮਿੱਟੀ ਬੋਲ ਪਈ ਤੇ ਹੋਰ ਬਾਲ ਨਾਟਕ' ਉਸ ਦੀ ਤਾਜ਼ਾਤਰੀਨ ਪੁਸਤਕ ਹੈ ਜੋ ਪੰਜਾਬੀ ਬਾਲ ਰੰਗਮੰਚ ਅਤੇ ਨਾਟ-ਪ੍ਰਵਿਰਤੀ ਦੇ ਵਿਕਾਸ ਦੀ ਪ੍ਰਤੀਕ ਹੈ। ਇਸ ਨਾਟ-ਸੰਗ੍ਰਹਿ ਵਿਚ ਪੰਜ ਨਾਟਕ ਹਨ। ਇਹ ਬਾਲ ਨਾਟਕ ਵਾਤਾਵਰਨ-ਚੇਤਨਾ, ਜੀਵ-ਜੰਤੂਆਂ ਪ੍ਰਤੀ ਹਮਦਰਦੀ ਅਤੇ ਮੌਸਮਾਂ ਦੇ ਬਦਲਾਓ ਦੀ ਉਸਾਰੂ ਗੱਲ ਕਰਦੇ ਹਨ ਤਾਂ ਜੋ ਤੰਦਰੁਸਤੀ ਭਰਪੂਰ ਚੌਗਿਰਦਾ ਅਸਤਿੱਤਵ ਵਿਚ ਆ ਸਕੇ।
ਮਨਜੀਤ ਕੌਰ ਅੰਬਾਲਵੀ ਦਾ ਪਹਿਲਾ ਬਾਲ ਨਾਟਕ 'ਸਫ਼ਾਈ ਵਿਚ ਖ਼ੁਦਾਈ' ਤੰਦਰੁਸਤ ਅਤੇ ਖ਼ੁਸ਼ੀਆਂ-ਖੇੜਿਆਂ ਭਰੇ ਜੀਵਨ ਲਈ ਸਫ਼ਾਈ ਦੇ ਮਹੱਤਵ ਨੂੰ ਦਰਸਾਉਂਦਾ ਹੈ। ਨਾਟਕ ਵਿਚਲੇ 9 ਤੋਂ 13 ਸਾਲਾਂ ਦੀ ਉਮਰ ਵਾਲੇ ਬਾਲ ਪਾਤਰ ਸੋਨੂੰ, ਨਿਮਰਤ, ਸੁਖਮਨ, ਪ੍ਰੀਤ ਤੇ ਦਮਨ ਪਾਰਕ ਵਿਚ ਖਿਲਰੇ ਗੰਦ-ਮੰਦ ਨੂੰ ਸਾਫ਼ ਹੀ ਨਹੀਂ ਕਰਦੇ ਸਗੋਂ ਪਾਰਕ ਵਿਚ ਘੁੰਮਣ ਫਿਰਨ ਆਏ ਵਿਅਕਤੀਆਂ ਨੂੰ ਵੀ ਸੁਨੇਹਾ ਦਿੰਦੇ ਹਨ ਕਿ ਸਰਵ ਸਾਂਝੀ ਸੰਪਤੀ ਦਾ ਪੂਰਾ ਖ਼ਿਆਲ ਰੱਖਣਾ ਇਨਸਾਨੀ ਫ਼ਰਜ਼ ਹੈ। 'ਚਿੜੀਆਂ ਕਿੱਥੇ ਗਈਆਂ' ਬਾਲ ਨਾਟਕ ਚਿੜੀਆਂ ਦੇ ਖ਼ਾਤਮੇ ਲਈ ਕੀਟਨਾਸ਼ਕ ਦਵਾਈਆਂ, ਉੱਚੇ ਉੱਚੇ ਮੋਬਾਈਲ ਟਾਵਰਾਂ, ਜ਼ਹਿਰੀਲੇ ਕੂੜਾ ਕਰਕਟ ਤੇ ਦੂਸ਼ਿਤ ਪਾਣੀ ਆਦਿ ਕਾਰਕਾਂ ਨੂੰ ਜ਼ਿੰਮੇਵਾਰ ਠਹਿਰਾਉਂਦੀਆਂ ਹਨ। ਟੱਪਰੀਵਾਸਾਂ ਦੇ ਕਬੀਲੇ ਦੇ ਪਰਿਵਾਰਾਂ 'ਤੇ ਆਧਾਰਿਤ 'ਚਾਨਣ ਮੁਨਾਰਾ' ਬਾਲ ਨਾਟਕ ਤਮਾਸ਼ੇ ਕਰਨ ਵਾਲੀਆਂ ਬਾਲੜੀਆਂ ਰੱਤੋ ਤੇ ਬਾਂਕੀ ਜੱਦੀਪੁਸ਼ਤੀ ਕਿੱਤੇ ਕਰਨ ਵਿਰੁੱਧ ਵਿਦਰੋਹੀ ਸੁਰ ਅਪਣਾਉਂਦੀਆਂ ਹੋਈਆਂ ਸਕੂਲੇ ਜਾ ਕੇ ਪੜ੍ਹਨ ਲਈ ਬਜ਼ਿੱਦ ਹਨ। ਅਧਿਆਪਕਾਵਾਂ ਦੀ ਪ੍ਰੇਰਨਾ ਉਨ੍ਹਾਂ ਦੀ ਚੇਤਨਾ ਨੂੰ ਲਿਸ਼ਕਾ ਕੇ ਅਹਿਸਾਸ ਕਰਵਾਉਂਦੀ ਹੈ ਕਿ ਸਿੱਖਿਆ ਕੇਂਦਰ ਅਜਿਹਾ ਚਾਨਣ ਮੁਨਾਰਾ ਹੈ ਜਿੱਥੇ ਮਨਾਂ ਵਿਚ ਵਸੇ ਅੰਧ-ਵਿਸ਼ਵਾਸਾਂ ਅਤੇ ਅਨਪੜ੍ਹਤਾ ਦਾ ਹਨੇਰਾ ਦੂਰ ਹੁੰਦਾ ਹੈ। 'ਮੌਸਮ ਬਦਲ ਗਏ' ਪ੍ਰਤੀਕਾਤਮਕ ਬਾਲ ਨਾਟਕ ਹੈ ਜਿਸ ਵਿਚ ਚਿੱਟੀ ਤਿਤਲੀ ਸ਼ਾਂਤੀ ਦੀ, ਹਰੀ ਤਿਤਲੀ ਹਰਿਆਲੀ ਦੀ ਅਤੇ ਲਾਲ ਤਿਤਲੀ ਖ਼ੁਸ਼ੀ ਦੀ ਭੂਮਿਕਾ ਨਿਭਾਉਂਦੀ ਹੈ। ਇਸੇ ਪ੍ਰਕਾਰ ਇਕ ਭੌਰਾ ਅਮਨ ਦਾ ਅਤੇ ਦੂਜਾ ਭੌਰਾ ਵਿਸ਼ਵ ਦਾ ਪ੍ਰਤੀਕ ਬਣਦਾ ਹੈ। ਇਸ ਬਾਲ ਨਾਟਕ ਦਾ ਸਾਰਾਂਸ਼ ਇਹ ਹੈ ਕਿ ਵਰਤਮਾਨ ਦੌਰ ਵਿਚ ਬਾਗ਼-ਬਗ਼ੀਚਿਆਂ ਦਾ ਨਜ਼ਾਰਾ ਲੈਣ ਦੀ ਥਾਂ ਟੀ.ਵੀ., ਲੈਪਟਾਪ, ਮੋਬਾਈਲ ਆਦਿ ਹੀ ਬੱਚਿਆਂ ਦੇ ਖਿਡੌਣੇ ਬਣ ਕੇ ਰਹਿ ਗਏ ਹਨ।ਆਖ਼ਰੀ ਬਾਲ ਨਾਟਕ 'ਮਿੱਟੀ ਬੋਲ ਪਈ' ਵਿਚ ਦੁਖੀ ਧਰਤੀ ਆਪਣੀ ਵੇਦਨਾ ਪ੍ਰਗਟ ਕਰਦੀ ਹੈ। ਉਸ ਨੂੰ ਰੰਜ ਹੈ ਕਿ ਮਨੁੱਖ ਗੁਰੂ ਸਾਹਿਬ ਦਾ ਸਿਧਾਂਤ ਭੁੱਲ ਗਿਆ ਹੈ। ਧਰਤੀ ਮਾਂ ਦੇ ਸੀਨੇ 'ਤੇ ਅਰਬਾਂ ਖ਼ਰਬਾਂ ਇਮਾਰਤਾਂ ਦਾ ਉਸਰਨਾ, ਪਰਬਤਾਂ, ਨਦੀਆਂ, ਨਾਲਿਆਂ, ਸਮੁੰਦਰਾਂ ਦੇ ਵੱਡੇ ਵੱਡੇ ਵਿਸ਼ਾਲ ਭੰਡਾਰਾਂ, ਫੈਕਟਰੀਆਂ, ਕਾਰਖ਼ਾਨਿਆਂ, ਰੇਲਾਂ ਆਦਿ ਨੂੰ ਬਰਦਾਸ਼ਤ ਕਰਨ ਵਾਲੀ ਧਰਤੀ ਦੀ ਉਪਮਾ ਨਾਰੀ ਨਾਲ ਕੀਤੀ ਹੈ। ਇਸ ਨਾਟਕ ਵਿਚ ਧਰਤੀ ਮਾਂ ਦੀ ਸਾਂਭ ਸੰਭਾਲ ਕਰਨ ਦਾ ਸਾਰਥਿਕ ਸੁਨੇਹਾ ਲਿਪਿਤ ਹੈ। ਪਾਤਰਾਂ ਦੀ ਵਾਰਤਾਲਾਪ ਸਰਲ, ਸੁਖੈਨ ਤੇ ਸੁਭਾਵਿਕ ਹੈ। ਅਜਿਹੇ ਬਾਲ ਨਾਟਕਾਂ ਨੂੰ ਸਕੂਲਾਂ ਤੇ ਹੋਰ ਜਨਤਕ ਮੰਚਾਂ ਉਪਰ ਮੰਚਿਤ ਕੀਤੇ ਜਾਣ ਦੀ ਬਹੁਤ ਜ਼ਰੂਰਤ ਹੈ। ਮਾਤ ਭਾਸ਼ਾ ਪ੍ਰਤੀ ਸਨੇਹ ਪੈਦਾ ਕਰਦੀ ਇਹ ਪੁਸਤਕ ਇਕ ਸੁੰਦਰ ਤੋਹਫ਼ੇ ਦੀ ਨਿਆਈਂ ਹੈ। ਪੁਸਤਕ ਬੱਚਿਆਂ ਦੇ ਪੜ੍ਹਨ ਤੇ ਮਾਣਨਯੋਗ ਹੈ।
-ਦਰਸ਼ਨ ਸਿੰਘ 'ਆਸ਼ਟ' (ਡਾ.)
ਮੋਬਾਈਲ : 98144-23703
ਮੁਕੰਦ ਦਰਸ਼ਨ ਸ਼ਾਸਤਰ ਨਿਰਮਾਣ ਸ਼ਾਸਤਰ
ਲੇਖਕ : ਕਾਲੂ ਰਾਏ ਸੁਮਨ, ਡੈਗਨਮ (ਯੂ.ਕੇ.)
ਪ੍ਰਕਾਸ਼ਕ : ਲੇਖਕ ਖ਼ੁਦ
ਮੁੱਲ : 250 ਰੁਪਏ, ਸਫੇ : 112

ਉਪਰੋਕਤ ਪੁਸਤਕ ਪ੍ਰਸਿੱਧ ਲੇਖਕ ਅਤੇ ਦਾਰਸ਼ਨਿਕ ਕਾਲੂ ਰਾਏ ਸੁਮਨ ਵਲੋਂ ਲਿਖੀ ਗਈ ਹੈ। ਇਸ ਪੁਸਤਕ ਦੇ ਵਿਚ 9 ਅਧਿਆਇ ਹਨ। ਜਿਨ੍ਹਾਂ ਵਿਚ ਸਾਰ (ਮੁਕੰਦ), ਸਮਝ, ਸੁਭਾਅ, ਸੋਝੀ, ਸੰਪੰਨਤਾ, ਸਾਰਥਿਕਤਾ, ਸੰਭਾਲ-ਸੁਰੱਖਿਆ-ਸਮਰਪਣਤਾ ਆਦਿ ਦੇ ਬਾਰੇ ਬਹੁਤ ਹੀ ਡੂੰਘੀਆਂ ਗੱਲਾਂ ਕਹੀਆਂ ਗਈਆਂ ਹਨ ਅਤੇ ਗੁਰੂ ਰਵਿਦਾਸ ਜੀ ਦੁਆਰਾ ਫਲਸਫੇ ਨੂੰ ਬਹੁਤ ਚੰਗੇ ਢੰਗ ਨਾਲ ਬਿਆਨ ਕੀਤਾ ਗਿਆ ਹੈ। ਜਿਵੇਂ ਕਿ ਹਰ ਅਧਿਆਇ ਦੇ ਹੈਡਿੰਗ ਤੋਂ ਹੀ ਪਤਾ ਲਗਦਾ ਹੈ। ਜੇਕਰ ਮਨੁੱਖ ਉਪਰੋਕਤ ਅਧਿਆਇ ਦੇ ਵਿਚ ਕੀਤੀਆਂ ਗਈਆਂ ਗੱਲਾਂ ਦਾ ਜ਼ਿਕਰ ਤੇ ਸਚਾਈ ਨੂੰ ਆਪਣੇ ਅੰਦਰ ਸਮਾ ਲਵੇ ਤਾਂ ਉਸ ਦੇ ਜੀਵਨ ਦਾ ਬੇੜਾ ਪਾਰ ਹੋ ਜਾਵੇਗਾ। ਲੇਖਕ ਨੂੰ ਹਰ ਪੱਖ ਤੋਂ ਬਹੁਤ ਗਿਆਨ ਹੈ ਅਤੇ ਪੁਸਤਕ ਵਿਚ ਜਿਸ ਤਰ੍ਹਾਂ ਸਮਝਾਉਣ ਦਾ ਤਰੀਕਾ ਅਪਣਾਇਆ ਗਿਆ ਹੈ, ਉਹ ਵੀ ਕਾਬਲ-ਏ-ਤਾਰੀਫ਼ ਹੈ। ਰਾਏ ਸਾਹਿਬ ਨੇ ਸ੍ਰੀ ਗੁਰੂ ਰਵਿਦਾਸ ਜੀ ਦੇ ਸ਼ਬਦ ਮੁਕੰਦ ਬਾਰੇ ਜੋ ਖੋਜ ਭਰਪੂਰ ਗੱਲਾਂ ਦਾ ਜ਼ਿਕਰ ਕੀਤਾ ਹੈ ਅਤੇ ਇਹ ਵੀ ਕਿਹਾ ਹੈ ਕਿ ਸਭ ਕੁਝ ਸੰਭਵ ਹੋ ਸਕਦਾ ਹੈ ਕਿ ਜੇਕਰ ਮਨੁੱਖ ਜਪ ਦੇ ਨਾਲ ਸੱਚੀ ਪ੍ਰੀਤ ਪਾ ਕੇ ਰੱਖੇ। ਇਸ ਵਿਚ ਕੋਈ ਅਤਿਕਥਨੀ ਨਹੀਂ ਹੈ ਕਿ ਇਹ ਪੁਸਤਕ ਮਨੁੱਖੀ ਜੀਵਨ ਨੂੰ ਸਹੀ ਦਿਸ਼ਾ ਵਿਚ ਜਾਣ ਦਾ ਰਾਹ ਦੱਸਦੀ ਹੈ ਅਤੇ ਪਰਮਾਤਮਾ ਨੂੰ ਪਾਉਣ ਦੇ ਮਾਰਗ 'ਤੇ ਚੱਲਣ ਦਾ ਰਸਤਾ ਦੱਸਦੀ ਹੈ। ਲੇਖਕ ਨੇ ਨੌਵੇਂ ਅਧਿਆਏ (ਸਿੱਟਾ) ਹੋਰਨਾਂ ਡੂੰਘੀਆਂ ਗੱਲਾਂ ਤੋਂ ਇਲਾਵਾ ਜਪ ਤੇ ਸੇਵਾ, ਤ੍ਰਿਸ਼ਨਾ, ਸਿਧਾਂਤ, ਚਾਹਤਾਂ, ਸੰਘਰਸ਼, ਸਮਾਂ ਸਥਾਨ, ਸੁੰਦਰਤਾ, ਸੱਜਣ, ਸੰਸਕਾਰ ਸ਼ਰਧਾ ਦੇ ਪ੍ਰਤੀ ਵੀ ਵਿਸਥਾਰ ਨਾਲ ਚਾਨਣਾ ਪਾਇਆ ਹੈ। ਇਸ ਪੁਸਤਕ ਦੇ ਪ੍ਰਤੀ ਲੇਖਕ ਵਧਾਈ ਦਾ ਪਾਤਰ ਹੈ। ਪੁਸਤਕ ਨੂੰ ਪੜ੍ਹ ਕੇ ਉਨ੍ਹਾਂ ਗੱਲਾਂ ਦਾ ਅਹਿਸਾਸ ਹੁੰਦਾ ਹੈ, ਜਿਨ੍ਹਾਂ ਨੂੰ ਅਸੀਂ ਭੁਲਾਈ ਬੈਠੇ ਹਾਂ। ਇਸ ਪੁਸਤਕ ਨੂੰ ਸੰਭਾਲਣ ਦੀ ਜ਼ਰੂਰਤ ਹੈ ਅਤੇ ਸਾਰੀਆਂ ਲਾਇਬ੍ਰੇਰੀਆਂ ਵਿਚ ਇਹ ਪੁਸਤਕ ਪੁੱਜਣੀ ਚਾਹੀਦੀ ਹੈ। ਲੇਖਕ ਭਾਵੇਂ ਵਿਦੇਸ਼ ਰਹਿੰਦਾ ਹੈ ਪ੍ਰੰਤੂ ਉਸ ਦੀ ਸੇਵਾ ਭਾਵ ਦੀ ਦਾਦ ਦੇਣੀ ਬਣਦੀ ਹੈ।
-ਡਾ. ਬਲਵਿੰਦਰ ਸਿੰਘ ਸੋਢੀ (ਮੀਰਹੇੜੀ)
ਮੋਬਾਈਲ : 92105-88990
ਮੈਂ ਅਹੱਲਿਆ ਨਹੀਂ
ਲੇਖਿਕਾ : ਰਾਜਿੰਦਰ ਕੌਰ ਮਾਵੀ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 128
ਸੰਪਰਕ : 84279-33995

ਹਥਲੀ ਕਾਵਿ-ਪੁਸਤਕ ਦੇ 128 ਸਫ਼ਿਆਂ ਵਿਚ 87 ਸ਼ਾਨਦਾਰ ਅਤਿ ਧੁਰ ਅਹਿਸਾਸਤਾ ਦੇ ਸ਼ਬਦਾਂ ਵਿਚ ਪਿਰੋਈਆਂ ਕਵਿਤਾਵਾਂ ਹਨ। ਸਾਰੀਆਂ ਹੀ ਕਵਿਤਾਵਾਂ ਇਕ ਔਰਤ ਵੱਲ ਦੁਨੀਆ ਭਰ ਦੀਆਂ ਔਰਤਾਂ ਅਭਿਲਾਸ਼ਾਵਾਂ ਅਤੇ ਮਨੋਕਾਮਨਾਵਾਂ ਪੇਸ਼ ਕਰਦੀਆਂ ਹਨ। ਸਦੀਆਂ ਤੋਂ ਹੀ ਔਰਤ ਇਕ ਸਮਾਜਿਕ ਦਬਾਅ ਭਰ ਵਰਤਾਰੇ ਦੇ ਅਧੀਨ ਵਿਚਰ ਰਹੀ ਹੈ। ਔਰਤ ਦੀ ਹੋਣੀ ਦੀਵਾਰਾਂ ਅਤੇ ਜਿੰਦਰਿਆਂ ਨੱਥਾਂ ਨਾਲ ਨੱਥੀ ਕੀਤੀ ਰਹੀ ਹੈ। ਇਹ ਸਮਾਜਿਕ ਵਰਤਾਰਾ ਇਕ ਸਮਾਜਿਕ ਕਾਨੂੰਨ ਬਣ ਗਿਆ ਹੈ। ਨਵੇਂ ਯੁੱਗ ਵਿਚ ਖ਼ੁਦ ਔਰਤ ਨੇ ਆਪਣੇ ਦਬਾਵਾਂ ਨੂੰ ਘੱਟ ਕਰਨ ਦੀ ਜ਼ਿੰਮੇਵਾਰੀ ਚੁੱਕੀ ਹੈ। ਔਰਤ ਨਾਲ ਔਰਤ ਦੇ ਜਾਏ ਵਲੋਂ ਹੀ ਜ਼ੁਲਮ ਅਤੇ ਸਿਤਮ ਕੀਤਾ ਜਾਂਦਾ ਰਿਹਾ ਹੈ। ਇਸ ਸਮਾਜਿਕ ਹੋਣੀ ਨੂੰ ਬਹੁਤ ਸਾਰੀਆਂ ਔਰਤਾਂ ਨੇ ਵੰਗਾਰਿਆ ਹੈ, ਜਿਨ੍ਹਾਂ ਵਿਚ ਪੰਜਾਬੀ ਕਵਿੱਤਰੀ ਰਾਜਿੰਦਰ ਕੌਰ ਮਾਵੀ ਵੀ ਹੈ। ਉਸ ਦੀਆਂ ਕਵਿਤਾਵਾਂ ਵਿਚ ਜਿਥੇ ਔਰਤ ਨੂੰ ਔਰਤ ਵਿਚੋਂ ਊਰਜਾ ਦਾ ਅਹਿਸਾਸ ਕਰਵਾਉਂਦਾ ਹੈ, ਉਥੇ ਸਲੀਕੇ ਨਾਲ ਤੇ ਸਹਿਜ ਨਾਲ ਮਰਦ ਨੂੰ ਨਾਲ ਲੈ ਕੇ ਅਹਿੱਲਿਆ-ਮਾਰਗ ਨੂੰ ਰੱਦ ਕਰਨਾ ਹੈ। ਭਾਵੇਂ ਕਿ ਇਹ ਮਾਰਗ ਦੇਵਤਿਆਂ ਵਲੋਂ ਵੀ ਕਿਉਂ ਨਾ ਬਣਾਇਆ ਗਿਆ ਹੋਵੇ।
ਆਓ ਮਾਵੀ ਦੀਆਂ ਕਵਿਤਾਵਾਂ ਦੀਆਂ ਕੁਝ ਟੂਕਾਂ ਵਿਚੋਂ ਸੁਗੰਧੀ ਲੱਭਦੇ ਹਾਂ :
'ਮੈਂ ਔਰਤ ਹਾਂ ਜ਼ਮੀਨ ਨਹੀਂ/ ਮੇਰੇ ਵੀ ਸੁਪਨੇ ਹਨ/ ਕੁਝ ਅਰਮਾਨ ਹਨ/ ਮੈਨੂੰ ਵੀ ਚਾਹੀਦੇ ਹਨ ਚੰਨ ਤਾਰੇ/ ਮੈਂ ਵੀ ਤਾਂ ਚਾਹਾਂ... / ਤਸਵੀਰ-ਏ-ਜ਼ਿੰਦਗੀ ਵਿਚ/ ਮਰਜ਼ੀ ਦੇ ਰੰਗ ਭਰਾਂ...।' (ਔਰਤ ਸਫ਼ਾ : 13)
ਮਾਵੀ ਦੀਆਂ ਕਵਿਤਾਵਾਂ ਖੁੱਲ੍ਹੀਆਂ ਵੀ ਹਨ ਪਰ ਗ਼ਜ਼ਲ ਜਾਂ ਨਜ਼ਮ ਨੁਮਾ ਬਹਿਰਾਂ ਛੰਦਾਂ ਵਿਚ ਹਨ :
ਵਕਤ ਦੇ ਪੈਰੀਂ ਘੜ ਪਾਵਾਂ ਕਿਹੜੀ ਬੇੜੀ
ਘੜੀ ਪਲ ਉਸਨੂੰ ਰੋਕਣ ਦਾ ਅਹਿਸਾਸ ਰਹੇ। (ਸਫ਼ਾ : 17)
-ਚੱਲ ਮਿਲੀਏ! ਮੌਤ ਤੋਂ ਪਾਰ/ ਜ਼ਿੰਦਗੀ ਤੋਂ ਥੋੜ੍ਹਾ ਉਰੇ/ ਤੇਰੀ ਨਜ਼ਰ ਛੁਹ ਲਵੇ ਮੇਰੇ ਮੁੱਖ ਨੂੰ/ ਜਿਵੇਂ ਛੱਲ ਕਿਨਾਰਾ ਛੋਹ ਮੁੜੇ...।' (ਸਫ਼ਾ : 18)
-ਜਦ ਵੀ ਤੁਰਦੀ ਹਾਂ ਉਹਦੇ ਵੱਲ ਦੋ ਕਦਮ
ਲਗਦੈ ਥੋੜ੍ਹਾ ਹੋਰ ਦੂਰ ਹੋ ਜਾਂਦੀ ਹਾਂ... (ਸਫ਼ਾ : 21)
-'ਮੈਂ ਅਹਿੱਲਿਆ ਨਹੀਂ'/ ਕਿ ਉਡੀਕਾਂ / ਮੁੜ ਸੁਰਜੀਤ ਹੋਣ ਲਈ/ ਕਿਸੇ ਗ਼ਮ ਦੀ ਪੈਰ ਛੋਹ/ ਮੈਂ ਖ਼ੁਦ ਤਰਾਸ਼ਣਾ ਹੈ/ ਪੱਥਰ 'ਚੋਂ ਬੁੱਤ ਆਪਣਾ... (ਸਫ਼ਾ : 26)
-ਰਿਸ਼ਤੇ ਤੇ ਮਤਲਬ/ ਇਕ ਸਿੱਕੇ ਦੇ ਦੋ ਪਹਿਲੂ/ ਸਮਝ ਤਾਂ ਆ ਗਈ/ ਪਰ ਦੇਰ 'ਚ ਆਈ/ ...ਦੁੱਖ ਦੱਸਣਾ ਤੇ ਪੀੜ ਪਰਾਈ/ ਬੱਸ ਦੋਵੇਂ ਜਗ ਹਸਾਈ...।
(ਸਫ਼ਾ : 27)
-ਚਿਣਗ ਅਜੇ ਤਾਂ ਬਾਜ਼ੀ ਐ/ ਬੁੱਕਲ ਦੇ ਨੇਰ੍ਹੇ ਲਈ/ ਜ਼ਿਹਨ ਜਦ ਤਕ ਰੌਸ਼ਨ ਨਾ ਹੋਵੇ/ ਸਮਝੋ ਰਾਤ ਬਾਕੀ ਹੈ...
ਕਵਿਤਾਵਾਂ ਦੀ ਭਾਸ਼ਾ ਆਮ ਖਿਝ 'ਚੋਂ ਜਾਂ ਬਗ਼ਾਵਤ 'ਚੋਂ ਨਹੀਂ ਨਿਕਲੀ ਸਗੋਂ ਸਾਧਾਰਨ ਸ਼ਬਦਾਂ ਵਿਚ ਵਿਸ਼ਵਾਸ ਦੀ ਤਸਦੀਕ ਕੀਤੀ ਗਈ ਹੈ।
-ਸੁਲੱਖਣ ਸਰਹੱਦੀ
ਮੋਬਾਈਲ : 94174-87337
ਜੱਥੇਦਾਰ ਗੁਰਚਰਨ ਸਿੰਘ ਟੌਹੜਾ
ਰਮਜ਼ਾਂ, ਤਰਬਾਂ ਤੇ ਜ਼ਰਬਾਂ
ਸੰਪਾਦਕ : ਜਸਮੇਰ ਸਿੰਘ ਬਾਲਾ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 500 ਰੁਪਏ, ਸਫ਼ੇ : 342
ਸੰਪਰਕ : 94638-36591

ਆਧੁਨਿਕ ਪੰਜਾਬ ਦੇ ਅਕਾਦਮਿਕ ਖੇਤਰ ਵਿਚ ਨਿਰੰਤਰ ਤੇ ਉਸਾਰੂ ਸਿੱਖਿਆ ਦੇ ਖੇਤਰ ਵਿਚ ਮਹੱਤਵਪੂਰਨ ਯੋਗਦਾਨ ਪਾਉਣ ਵਾਲੀ ਸਿੱਖ ਐਜੂਕੇਸ਼ਨਲ ਸੁਸਾਇਟੀ, ਚੰਡੀਗੜ੍ਹ ਦੇ ਸਕੱਤਰ ਕਰਨਲ (ਸੇਵਾ ਮੁਕਤ) ਜਸਮੇਰ ਸਿੰਘ ਬਾਲਾ ਵਲੋਂ ਹਥਲੀ ਕਿਤਾਬ ਸੰਪਾਦਨ ਕੀਤੀ ਗਈ ਹੈ। ਸਿੱਖ ਐਜੂਕੇਸ਼ਨਲ ਸੁਸਾਇਟੀ ਦੁਆਰਾ ਚਾਰ ਵਿੱਦਿਅਕ ਸੰਸਥਾਵਾਂ ਚੰਡੀਗੜ੍ਹ, ਬੰਗਾ (ਨਵਾਂ ਸ਼ਹਿਰ) ਤੇ ਕਾਦੀਆਂ (ਗੁਰਦਾਸਪੁਰ) ਸ਼ਹਿਰਾਂ ਵਿਚ ਪਿਛਲੇ ਲਗਭਗ 65 ਸਾਲਾਂ ਤੋਂ ਸਫ਼ਲਤਾਪੂਰਵਕ ਚਲਾਈਆਂ ਜਾ ਰਹੀਆਂ ਹਨ। ਜਸਮੇਰ ਸਿੰਘ ਬਾਲਾ ਭਾਵੇਂ ਫ਼ੌਜ ਵਿਚੋਂ ਸੇਵਾ ਮੁਕਤ ਕਰਨਲ ਹਨ, ਪਰੰਤੂ ਉਨ੍ਹਾਂ ਨੇ ਆਪਣਾ ਪੂਰਾ ਜੀਵਨ ਸਿੱਖ ਇਤਿਹਾਸ, ਵਿਰਾਸਤ, ਧਰਮ, ਸਮਾਜ, ਰਾਜਨੀਤੀ ਅਤੇ ਸੱਭਿਆਚਾਰ ਆਦਿ ਪੱਖਾਂ ਨੂੰ ਅਕਾਦਮਿਕਤਾ ਅਤੇ ਖੋਜ 'ਤੇ ਅਧਾਰਿਤ ਪ੍ਰਫੁੱਲਤ ਕਰਨ ਲਈ ਸਮਰਪਿਤ ਕੀਤਾ ਹੈ। ਆਜ਼ਾਦੀ ਉਪਰੰਤ ਪ੍ਰਮੁੱਖ ਸਿੱਖ ਹਸਤੀਆਂ ਦੇ ਜੀਵਨ, ਪ੍ਰਾਪਤੀਆਂ, ਪੰਥਕ ਤੇ ਰਾਜਨੀਤਕ ਸਮੱਸਿਆਵਾਂ ਦਾ ਸੰਪਾਦਕ ਨੂੰ ਪੂਰਨ ਇਲਮ ਹੈ। ਸਾਰਥਕ ਰੂਪ ਵਿਚ ਪੰਥਕ ਤੇ ਰਾਜਨੀਤਕ ਮਸਲੇ ਹੱਲ ਕਰਨ ਵਿਚ ਉਸ ਦਾ ਉਸਾਰੂ ਯੋਗਦਾਨ ਵੀ ਰਿਹਾ ਹੈ। ਜੱਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਆਧੁਨਿਕ ਪੰਜਾਬ ਦੀ ਰਾਜਨੀਤੀ, ਧਰਮ ਅਤੇ ਵਿਰਾਸਤ ਨੂੰ ਲਾਮਿਸਾਲ ਦੇਣ ਹੈ। ਉਨ੍ਹਾਂ ਦਾ ਜਨਮ 24 ਸਤੰਬਰ, 1924 ਨੂੰ ਪਟਿਆਲਾ ਜ਼ਿਲ੍ਹੇ ਦੇ ਇੱਕ ਛੋਟੇ ਜਿਹੇ ਪਿੰਡ ਟੌਹੜਾ ਵਿਚ ਹੋਇਆ ਸੀ। ਉਨ੍ਹਾਂ ਦਾ ਪਰਿਵਾਰ ਖੇਤੀਬਾੜੀ ਨਾਲ ਸੰਬੰਧਿਤ ਹੈ। ਪੰਜਾਬ ਯੂਨੀਵਰਸਿਟੀ, ਲਾਹੌਰ ਤੋਂ ਬੀ.ਏ. ਪਾਸ ਕਰਨ ਉਪਰੰਤ ਸਥਾਨਕ ਪੱਧਰ 'ਤੇ ਟੌਹੜਾ ਸਾਹਿਬ ਵਲੋਂ ਰਾਜਨੀਤੀ ਵਿਚ ਭਾਗ ਲੈਣਾ ਸ਼ੁਰੂ ਕੀਤਾ ਗਿਆ ਸੀ। 1947 ਈਸਵੀ ਦੌਰਾਨ ਪੰਜਾਬ ਦੀ ਵੰਡ ਸਮੇਂ ਗੁਰਚਰਨ ਸਿੰਘ ਟੌਹੜਾ ਸ਼੍ਰੋਮਣੀ ਅਕਾਲੀ ਦਲ ਦੀ ਪਟਿਆਲਾ ਯੂਨਿਟ ਦੇ ਜਨਰਲਸਕੱਤਰ ਬਣੇ। ਉਹ ਪੰਜ ਵਾਰ ਭਾਰਤ ਦੀ ਰਾਜ ਸਭਾ ਦੇ ਮੈਂਬਰ ਅਤੇ ਇੱਕ ਵਾਰ ਲੋਕ ਸਭਾ ਮੈਂਬਰ ਵੀ ਚੁਣੇ ਗਏ। ਗੁਰਚਰਨ ਸਿੰਘ ਟੌਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ ਦੇ 27 ਸਾਲ ਪ੍ਰਧਾਨ ਰਹੇ ਹਨ। ਪ੍ਰਧਾਨਗੀ ਦਾ ਇਹ ਰਿਕਾਰਡ ਅੱਜ ਤੱਕ ਸਥਾਪਤ ਹੈ। ਸਿੱਖ ਸਿਆਸਤ ਅਤੇ ਧਰਮ ਦੇ ਖੇਤਰ ਵਿਚ ਪਾਏ ਗਏ ਬੇਮਿਸਾਲ ਯੋਗਦਾਨ ਕਾਰਨ ਜਥੇਦਾਰ ਟੌਹੜਾ ਨੂੰ ਅਨੇਕਾਂ ਮਾਣ-ਸਨਮਾਨ ਅਤੇ 'ਸਿੱਖ ਧਰਮ ਦੇ ਪੰਥ ਰਤਨ' ਦਾ ਐਵਾਰਡ ਵੀ ਪ੍ਰਾਪਤ ਹੈ। ਆਜ਼ਾਦੀ ਉਪਰੰਤ ਸਿੱਖ ਧਰਮ, ਸ਼੍ਰੋਮਣੀ ਅਕਾਲੀ ਦਲ ਦੀ ਸਿਆਸਤ, ਧਰਮ ਯੁੱਧ ਮੋਰਚੇ, ਸਾਕਾ ਨੀਲਾ ਤਾਰਾ, ਪ੍ਰਧਾਨ ਮੰਤਰੀ, ਇੰਦਰਾ ਗਾਂਧੀ ਦੀ ਮੌਤ, ਹਰਿਆਣਾ ਰਾਜ ਦੀ ਸਥਾਪਨਾ, ਜੱਥੇਦਾਰ ਟੌਹੜਾ ਅਤੇ ਪ੍ਰਕਾਸ਼ ਸਿੰਘ ਬਾਦਲ ਵਿਚਕਾਰ ਮੱਤਭੇਦ, ਜਥੇਦਾਰ ਟੌਹੜਾ ਵਲੋਂ 'ਸਰਵ ਹਿੰਦ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ' ਦੋਵੇਂ ਅਕਾਲੀ ਦਲਾਂ ਦਾ ਇਕੱਠੇ ਹੋਣਾ ਅਤੇ ਜੱਥੇਦਾਰ ਗੁਰਚਰਨ ਸਿੰਘ ਦਾ ਬਿਮਾਰੀ ਉਪਰੰਤ ਇੱਕ ਅਪ੍ਰੈਲ, 2011 ਨੂੰ ਅਕਾਲ ਚਲਾਣਾ ਕਰਨਾ ਆਦਿ ਉਨ੍ਹਾਂ ਦੇ ਜੀਵਨ ਨਾਲ ਜੁੜੀਆਂ ਕੁਝ ਅਤਿ ਮਹੱਤਵਪੂਰਨ ਘਟਨਾਵਾਂ ਹਨ। ਗੁਰਚਰਨ ਸਿੰਘ ਟੌਹੜਾ ਦੇ ਜੀਵਨ ਨਾਲ ਸੰਬੰਧਿਤ ਵੱਖ-ਵੱਖ ਪਹਿਲੂਆਂ, ਮੁਢਲੀ ਸਿੱਖਿਆ, ਮੁਢਲੇ ਜੀਵਨ ਦਾ ਸੰਘਰਸ਼, ਸਿਆਸੀ ਫ਼ੈਸਲਿਆਂ, ਪ੍ਰਾਪਤੀਆਂ, ਸੇਧਾਂ ਅਤੇ ਉਨ੍ਹਾਂ ਦੇ ਜੀਵਨ ਦੇ ਕਈ ਅਣਗੌਲੇ ਇਤਿਹਾਸਕ ਪੱਖਾਂ ਬਾਰੇ ਇਸ ਕਿਤਾਬ ਵਿਚ ਪੰਜਾਬ ਦੇ ਸਿਰਮੌਰ ਇਤਿਹਾਸਕਾਰਾਂ ਅਤੇ ਵਿਦਵਾਨਾਂ ਦੇ ਲੇਖ ਸ਼ਾਮਿਲ ਕੀਤੇ ਗਏ ਹਨ। ਕਿਤਾਬ ਨੂੰ ਮੁੱਖ ਰੂਪ ਵਿਚ ਤਿੰਨ ਭਾਗਾਂ ਵਿਚ ਵੰਡਿਆ ਗਿਆ ਹੈ। ਮੁਢਲੇ ਸ਼ਬਦ ਗੁਰਦੇਵ ਸਿੰਘ ਆਈ.ਏ.ਐਸ, ਸੇਵਾ ਮੁਕਤ ਅਤੇ ਪ੍ਰਧਾਨ, ਸਿੱਖ ਐਜੂਕੇਸ਼ਨ ਸੁਸਾਇਟੀ, ਚੰਡੀਗੜ੍ਹ ਦੁਆਰਾ ਲਿਖੇ ਗਏ ਹਨ। ਵਿਸ਼ੇ ਨਾਲ ਸੰਬੰਧਿਤ ਕੁਝ ਅਤਿ ਮਹੱਤਵਪੂਰਨ ਦਸਤਾਵੇਜ਼ ਅਤੇ ਦੁਰਲੱਭ ਫ਼ੋਟੋਆਂ ਨੂੰ ਵੀ ਕਿਤਾਬ ਵਿਚ ਉੱਚਿਤ ਸਥਾਨ ਦਿੱਤਾ ਗਿਆ ਹੈ। ਭਾਗ ਪਹਿਲਾ ਵਿਚ ਪੰਜਾਬੀ ਭਾਸ਼ਾ ਵਿਚ ਲਿਖੇ 30 ਲੇਖ ਸ਼ਾਮਿਲ ਕੀਤੇ ਗਏ ਹਨ। ਕੁਝ ਮਹੱਤਵਪੂਰਨ ਲੇਖਾਂ ਦੇ ਵਿਸ਼ੇ ਜੱਥੇਦਾਰ ਟੌਹੜਾ ਦੀ ਸ਼ਖ਼ਸੀਅਤ ਦੇ ਅਦ੍ਰਿਸ਼ਟ ਪਹਿਲੂ, ਪੰਥ ਦੀ ਅਜ਼ੀਮ ਸ਼ਖ਼ਸੀਅਤ, ਲੋਕ ਦਿਲਾਂ 'ਤੇ ਰਾਜ ਕਰਨ ਵਾਲਾ, ਸਤਲੁਜ-ਯਮੁਨਾ ਲਿੰਕ ਨਹਿਰ ਦੀ ਉਸਾਰੀ ਰੋਕਣ ਵਿਚ ਯੋਗਦਾਨ, ਜਿਸ ਦੌਰ ਕੋ ਚਾਹਾ ਬਦਲ ਡਾਲਾ, ਸਿੱਖ ਪੰਥ ਦੇ ਸ਼ਾਹ ਸਵਾਰ ਜੱਥੇਦਾਰ ਟੌਹੜਾ ਦਾ ਜੀਵਨ, ਸ਼ਖ਼ਸੀਅਤ ਅਤੇ ਵਿਚਾਰਧਾਰਾ, ਸਿੱਖ ਕੌਮ ਦਾ ਮਾਣ, ਪੰਥ ਵਸਾਂ ਮੈਂ ਉਜੜਾਂ, ਚੁਣੌਤੀ ਕਬੂਲ ਕਰਨ ਵਾਲੇ ਆਦਿ ਸ਼ਾਮਲ ਕੀਤੇ ਗਏ ਹਨ। ਪ੍ਰੋਫ਼ੈਸਰ ਕਰਮਜੀਤ ਸਿੰਘ ਅਨੁਸਾਰ 'ਜਥੇਦਾਰ ਟੌਹੜਾ ਦੀ ਸਿੱਖ ਰਾਜਨੀਤੀ ਨੂੰ ਦੇਣ, ਜੀਵਨ ਸ਼ੈਲੀ, ਸ਼ਖ਼ਸੀਅਤ ਅਤੇ ਵਿੱਦਿਅਕ ਖੇਤਰ ਵਿਚ ਦੇਣ ਆਦਿ ਪੱਖਾਂ ਦੀ ਆਧੁਨਿਕ ਪੰਜਾਬ ਨੂੰ ਮਹੱਤਵਪੂਰਨ ਦੇਣ ਹੈ।' ਜਥੇਦਾਰ ਟੌਹੜਾ ਦੀ ਨਿੱਜੀ ਜੀਵਨ ਸ਼ੈਲੀ ਪ੍ਰੋਫ਼ੈਸਰ ਕਰਮਜੀਤ ਸਿੰਘ ਅਨੁਸਾਰ 'ਅਨੁਸ਼ਾਸਨਮਈ, ਲਾਲਚੀ ਸੁਭਾਅ ਤੋਂ ਰਹਿਤ, ਯੋਗ ਪ੍ਰਬੰਧਕ, ਰੋਜ਼ਗਾਰਦਾਤੇ ਅਤੇ ਪੰਜਾਬ ਦੇ ਗੌਰਵਮਈ ਇਤਿਹਾਸ ਅਤੇ ਵਿਰਾਸਤ ਨੂੰ ਅੱਗੇ ਲਿਜਾਣ ਲਈ ਹਰੇਕ ਵਰਗ ਨੂੰ ਧਾਰਮਿਕ ਨਿਰਪੱਖਤਾ ਅਨੁਸਾਰ ਨਾਲ ਲੈ ਕੇ ਚੱਲਣ ਵਾਲੇ ਸਨ। ਇਹ ਹੀ ਸਾਡਾ ਸੱਭਿਆਚਾਰਕ ਵਿਰਸਾ ਹੈ।' ਅੰਗਰੇਜ਼ੀ ਭਾਸ਼ਾ ਵਿਚ ਲਿਖੇ ਪੰਜਾਬ ਤੇ ਸਿੱਖ ਇਤਿਹਾਸ ਦੇ ਇਤਿਹਾਸਕਾਰ ਜੇ.ਐਸ. ਗਰੇਵਾ
















.jpg)






























































































































































.jpg)

.jpg)





.jpg)












