14-12-25
ਰਿਸ਼ਤਿਆਂ ਦੀ ਧੁੱਪ-ਛਾਂ
ਲੇਖਿਕਾ : ਕਿਰਨਦੀਪ ਕੌਰ ਭਾਈ ਰੂਪਾ
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨਜ਼, ਸਮਾਣਾ
ਮੁੱਲ : 300 ਰੁਪਏ, ਸਫ਼ੇ : 120
ਸੰਪਰਕ : 82889-01015

ਨਾਵਲ 'ਰਿਸ਼ਤਿਆਂ ਦੀ ਧੁੱਪ ਛਾਂ' ਨਾਵਲਕਾਰਾ ਕਿਰਨਦੀਪ ਕੌਰ ਭਾਈ ਰੂਪਾ ਦਾ ਦੂਸਰਾ ਨਾਵਲ ਹੈ ਇਸ ਤੋਂ ਪਹਿਲਾਂ ਉਹ 'ਦੀਜੈ ਬੁੱਧਿ ਬਿਬੇਕਾ' ਨਾਵਲ ਪਾਠਕਾਂ ਦੇ ਰੂ-ਬਰੂ ਕਰ ਚੁੱਕੀ ਹੈ। 'ਰਿਸ਼ਤਿਆਂ ਦੀ ਧੁੱਪ ਛਾਂ' ਨਾਵਲ ਦੇ 45 ਕਾਂਡ ਹਨ। ਇਸ ਨਾਵਲ ਵਿਚ ਸਮਾਜ ਅਤੇ ਪਰਿਵਾਰ ਦੀਆਂ ਮਰਿਆਦਾਵਾਂ ਵਿਚ ਬੱਝੀ ਜ਼ਿੰਦਗੀ ਦਾ ਰੂਪਮਾਨ ਬਹੁਤ ਹੀ ਰੁਮਾਂਚਿਤ ਢੰਗ ਨਾਲ ਕੀਤਾ ਹੈ। ਪਾਤਰਾਂ ਦੇ ਨਾਂਅ ਅਤੇ ਕੰਮ-ਧੰਦੇ ਪੇਂਡੂ ਜੀਵਨ ਨਾਲ ਡੂੰਘੀ ਸਾਂਝ ਪਾ ਰਹੇ ਹਨ। ਨਾਵਲ ਵਿਚ ਵੱਖ-ਵੱਖ ਥਾਵਾਂ 'ਤੇ ਵਰਤੇ ਮੁਹਾਵਰੇ ਨਾਵਲ ਨੂੰ ਹੋਰ ਵੀ ਦਿਲਚਸਪ ਬਣਾਉਂਦੇ ਹਨ। ਪਾਤਰਾਂ ਦੇ ਨਾਂਅ ਨਸੀਬ, ਚਰਨਾ ਸ਼ਿੰਦਰ, ਜ਼ੈਲਾ ਧੰਨ ਕੁਰ, ਜੀਤਾ, ਬਿੰਦਰ ਰਾਣੋ, ਚੰਨੋ, ਮੱਘਰ, ਜੀਤ, ਨਾਜਰ, ਨੈਬਾ ਵਰਗੇ ਰੱਖੇ ਹਨ ਜੋ ਨਾਵਲ ਨੂੰ ਨਿਰੋਲ ਪੇਂਡੂ ਜੀਵਨ ਨਾਲ ਜੋੜਦੇ ਹਨ। ਨਾਵਲ ਵਿਚ ਜਿੱਥੇ ਪਰਿਵਾਰਕ, ਸਮਾਜਿਕ ਜੀਵਨ ਦਾ ਬਹੁਤ ਹੀ ਵਧੀਆ ਢੰਗ ਨਾਲ ਚਿਤਰਨ ਕੀਤਾ ਗਿਆ ਹੈ, ਉੱਥੇ ਪੰਜਾਬ ਦੇ ਮਾੜੇ ਦਿਨਾਂ ਦਾ ਵੀ ਜ਼ਿਕਰ ਹੈ ਜਿਸ ਦੌਰਾਨ ਪੁਲਿਸ ਅਤੇ ਉਨ੍ਹਾਂ ਦੇ ਦਲਾਲਾਂ ਵਲੋਂ ਕੀਤੇ ਜਾ ਰਹੇ ਮਨੁੱਖੀ ਅਧਿਕਾਰਾਂ ਦੇ ਘਾਣ ਦੀ ਗੱਲ ਕੀਤੀ ਹੈ। ਬੇਦੋਸ਼ੇ ਲੋਕਾਂ ਨੂੰ ਆਪਣੇ ਲਾਲਚ ਅਤੇ ਮਨੋਰਥਾਂ ਤਹਿਤ ਦਿੱਤੇ ਗਏ ਤਸ਼ੱਦਦ ਦੀ ਕਹਾਣੀ ਦਾ ਬਹੁਤ ਹੀ ਬਾਖ਼ੂਬੀ ਚਿਤਰਨ ਕੀਤਾ ਗਿਆ ਹੈ। ਨਾਵਲ ਦੀ ਮੁੱਖ ਪਾਤਰ ਨਸੀਬ ਪਰਿਵਾਰ ਅਤੇ ਸਮਾਜ ਵਿਚ ਵੱਡਾ ਯੋਗਦਾਨ ਪਾਉਂਦੀ ਹੋਈ ਮਿਸਾਲ ਬਣਦੀ ਹੈ। ਚੰਨੋ ਮਰਦ ਪ੍ਰਧਾਨ ਸਮਾਜ ਵਿਚ ਸਦੀਆਂ ਤੋਂ ਮਾਨਸਿਕ ਅਤੇ ਸਰੀਰਕ ਗ਼ੁਲਾਮੀ ਭੋਗ ਰਹੀਆਂ ਔਰਤਾਂ ਦਾ ਰੂਪਮਾਨ ਕਰਦੀ ਹੈ। ਨਾਵਲ ਵਿਚ ਸਾਰੇ ਪਾਤਰ ਇਕ ਫ਼ਿਲਮ ਵਾਂਗ ਕਹਾਣੀ ਨੂੰ ਸਿਰਜਦੇ ਹਨ। ਪਾਤਰਾਂ ਵਿਚਾਲੇ ਵਾਰਤਾਲਾਪ ਪਾਠਕ ਦੀ ਦਿਲਚਸਪੀ ਵਧਾਉਂਦਾ ਹੈ, ਇਹੀ ਕਾਰਨ ਹੈ ਕਿ ਇਕ ਵਾਰ ਪੜ੍ਹਨਾ ਸ਼ੁਰੂ ਕਰਨ 'ਤੇ ਪਾਠਕ ਲਗਾਤਾਰ ਨਾਵਲ ਨੂੰ ਪੜ੍ਹਨ ਵਿਚ ਰੁਚੀ ਰੱਖਦਾ ਹੋਇਆ ਪੜ੍ਹ ਕੇ ਹੀ ਸਾਹ ਲਵੇਗਾ। ਇਹੀ ਇਸ ਨਾਵਲ ਦੀ ਪ੍ਰਾਪਤੀ ਹੈ। ਚਰਨੇ ਅਤੇ ਨਸੀਬ ਦੇ ਪਾਤਰਾਂ ਰਾਹੀਂ ਨਾਵਲਕਾਰਾ ਨੇ ਉੱਚੇ ਅਤੇ ਸੁੱਚੇ ਆਦਰਸ਼ਾਂ ਨੂੰ ਪ੍ਰਣਾਏ ਲੋਕਾਂ ਦਾ ਜ਼ਿਕਰ ਕੀਤਾ ਹੈ, ਉੱਥੇ ਸਮਾਜ ਨੂੰ ਸਿਉਂਕ ਵਾਂਗ ਲੱਗੇ ਕਿਰਦਾਰ ਸਿਰਜ ਕੇ ਉਨ੍ਹਾਂ ਨੂੰ ਨੰਗੇ ਵੀ ਕੀਤਾ ਹੈ।
-ਬਲਵਿੰਦਰ ਸਿੰਘ ਗੁਰਾਇਆ
ਮੋਬਾਈਲ : 94170-58020
ਇਹ ਗੱਲਾਂ ਕਦੇ ਫੇਰ ਕਰਾਂਗੇ
ਲੇਖਕ : ਸਵਰਾਜਬੀਰ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ ਲੁਧਿਆਣਾ
ਮੁੱਲ : 225 ਰੁਪਏ, ਸਫ਼ੇ : 136
ਸੰਪਰਕ : 98152 98459

ਸਵਰਾਜਬੀਰ ਦੀ ਪੁਸਤਕ 'ਇਹ ਗੱਲਾਂ ਕਦੇ ਫੇਰ ਕਰਾਂਗੇ' ਛੇ ਨਾਟਕਾਂ ਦਾ ਸੰਗ੍ਰਿਹ ਹੈ ਜਿਸ ਵਿਚ ਪੰਜ ਇੱਕ ਪਾਤਰੀ ਨਾਟਕ ਅਤੇ ਇੱਕ ਦੋ ਪਾਤਰੀ ਨਾਟਕ ਸ਼ਾਮਿਲ ਹੈ। ਪੁਸਤਕ ਦੇ ਆਰੰਭ ਵਿਚ ਸਵਰਾਜਬੀਰ ਸ਼ਾਹ ਹੁਸੈਨ ਦੇ ਹਵਾਲੇ ਨਾਲ ਦਸਦਾ ਹੈ ਕਿ ਮਨੁੱਖੀ ਸਰੀਰ ਅਤੇ ਮਨ ਵਿਚ ਵੀ ਉਸੇ ਤਰ੍ਹਾਂ ਤੂਫਾਨ ਆਉਂਦੇ ਹਨ ਜਿਵੇਂ ਦਰਿਆਵਾਂ ਸਮੁੰਦਰਾਂ ਵਿਚ ਆਉਂਦੇ ਹਨ। ਇਨ੍ਹਾਂ ਤੂਫਾਨਾਂ ਨਾਲ ਲੜਦੇ ਮਨੁੱਖ ਦੀਆਂ ਹਜ਼ਾਰਾਂ ਕਹਾਣੀਆਂ ਹਨ। ਇਸ ਪੁਸਤਕ ਵਿਚਲੇ ਨਾਟਕ ਉਨ੍ਹਾਂ ਕਹਾਣੀਆਂ ਵਿਚੋਂ ਕੁਝ ਕੁ ਨੂੰ ਪੜ੍ਹਨ, ਸਮਝਣ ਅਤੇ ਪੇਸ਼ ਕਰਨ ਦਾ ਯਤਨ ਹੈ।
ਮਨੁੱਖ ਦੀ ਇਹ ਫਿਤਰਤ ਹੈ ਕਿ ਜਿਹੜੀ ਗੱਲ ਵਿਚੋਂ ਉਸ ਨੂੰ ਹੀਣ-ਭਾਵਨਾ ਆਵੇ, ਜਿਹੜੀ ਗੱਲ ਉਸ ਦੇ ਅੰਦਰ ਨੂੰ ਫਿਟਕਾਰੇ ਜਾਂ ਜਿਹੜੀ ਗੱਲ ਉਸ ਦੇ ਮਨ ਨੂੰ ਦਰਦ ਦੇਵੇ, ਜਿਹੜੀ ਗੱਲ ਕਰਦਿਆਂ ਉਸ ਨੂੰ ਪਛਤਾਵਾ ਹੋਵੇ, ਮਨੁੱਖ ਉਹ ਗੱਲ ਕਰਨ ਤੋਂ ਟਾਲਾ ਵੱਟਦਾ ਹੈ, ਉਹ ਗੱਲ ਕਰਨ ਨੂੰ ਕਦੇ ਫੇਰ 'ਤੇ ਛੱਡਦਾ ਹੈ। ਇਹੀ ਵਰਤਾਰਾ ਨਾਟਕ 'ਇਹ ਗੱਲਾਂ ਕਦੇ ਫੇਰ ਕਰਾਂਗੇ' ਦੀ ਨਾਇਕਾ ਦਾ ਹੈ ਜੋ ਆਪਣੇ ਘਰ ਨੂੰ ਆਪਣਾ ਬਣਾਉਣ ਲਈ ਇੱਕ ਯੁੱਧ ਲੜਦੀ ਹੈ। ਆਪਣੇ ਘਰਵਾਲੇ ਅਤੇ ਸੱਸ ਦੀ ਪਰਿਵਾਰ ਮੁਕੰਮਲ ਕਰਨ ਦੀ ਇੱਛਾ ਖਾਤਰ ਇੱਕ ਪੁੱਤ ਜੰਮਣ ਲਈ ਅੱਠ ਧੀਆਂ ਦਾ ਜੰਮਣ ਤੋਂ ਪਹਿਲਾਂ ਕਤਲ ਕਰਦੀ ਹੈ। ਉਹੀ ਧੀਆਂ ਉਸ ਨੂੰ ਸਵਾਲ ਕਰਦੀਆਂ, ਡਰਾਉਂਦੀਆਂ, ਹਲੂਣੇ ਮਾਰਦੀਆਂ, ਆਪਣਾ ਕਸੂਰ ਪੁੱਛਦੀਆਂ, ਇਹੀ ਡਰ ਉਸ ਨੂੰ ਇਹ ਗੱਲਾਂ ਕਰਨ ਤੋਂ ਵਰਜਦਾ ਹੈ। ਨਾਟਕ 'ਅਦਾਕਾਰ : ਆਦਿ ਅੰਤ ਕੀ ਸਾਖੀ' ਦਾ ਨਾਇਕ ਇਸ ਕਰਕੇ ਸਾਰੀ ਗੱਲ ਮਖੌਟਿਆਂ ਰਾਹੀਂ ਕਰ ਜਾਂਦਾ ਹੈ ਕਿਉਂਕਿ ਉਹ ਅਦਾਕਾਰ ਹੈ ਅਤੇ ਸੰਗੀਤ ਸਹਾਰਾ ਹੈ ।
ਨਾਟਕ 'ਪਸੰਦ' ਵਿਚਲੀ ਮੁਟਿਆਰ ਜੋ ਕਿਸੇ ਦੀ ਪਸੰਦ ਬਣ ਜਾਣ ਦਾ ਸੁਪਨਾ ਲਈ ਬੈਠੀ ਹੈ 'ਸੋਹਣੀ ਸਨੁੱਖੀ ਪਿਆਰੀ ਕੁੜੀ, ਪੜ੍ਹੀ ਲਿਖੀ, ਨੌਕਰੀ ਕਰਦੀ, ਨਿਆਰੀ ਕੁੜੀ' ਜਾਨੀ ਸਰਬ ਕਲਾ ਭਰਪੂਰ ਹੋਕੇ ਵੀ 'ਨਾਪਸੰਦ' ਬਣ ਜਾਂਦੀ ਹੈ। ਕਈ ਬਾਰ ਉਸ ਦੇ ਅੰਦਰ ਬਣਦਾ ਬਣਦਾ ਖੂਬਸੂਰਤ ਸੰਸਾਰ ਟੁੱਟਦਾ ਹੈ। ਰਿਸ਼ਤਿਆਂ ਲਈ ਸਮਾਜ ਦੀ ਇਸ ਦੇਖ ਦਖਾਈ ਰਸਮ ਤੋਂ ਬਗਾਵਤ ਕਰਦੀ ਤਾਂ ਹੈ ਪਰ ਅਖੀਰ ਕਿਸੇ ਦੀ ਪਸੰਦ ਬਣਨ ਲਈ ਵਿਖਾਏ ਜਾਣ ਵਾਲੀ ਲੜਾਈ ਲੜਨ ਲਈ ਤਿਆਰ ਹੈ। ਨਾਟਕ 'ਖੁਸ਼ਬੋਅ' ਉਸ ਕਾਤਲ ਦੇ ਅੰਦਰਲੀ ਖੁਸ਼ਬੋਅ ਬਾਰੇ ਹੈ ਜਿਸ ਤੋਂ ਉਸ ਨੂੰ ਨਫਰਤ ਹੈ ਪਰ ਉਹ ਮਰ ਨਹੀਂ ਰਹੀ। ਉਜਾਗਰ ਸਿੰਘ ਆਪਣੀ ਧੀ ਦੇ ਕਤਲ ਵਿਚ ਜੇਲ੍ਹ ਵਿਚ ਹੈ। ਧੀ ਜੋ ਫੁੱਲਾਂ ਨੂੰ ਪਿਆਰ ਕਰਦੀ ਸੀ, ਫੁੱਲ਼ ਬੀਜਦੀ ਸੀ, ਫੁੱਲ ਪਹਿਨਦੀ ਸੀ ਅਤੇ ਫੁੱਲਾਂ ਵਰਗੀ ਜ਼ਿੰਦਗੀ ਜਿਊਣਾ ਚਾਹੁੰਦੀ ਸੀ। ਉਜਾਗਰ ਸਿੰਘ ਦੀ ਅਣਖ ਅਤੇ ਹੈਂਕੜ ਨੂੰ ਉਹ ਫੁੱਲ ਕਬੂਲ ਨਹੀਂ ਸੀ ਜੋ ਉਸ ਦੀ ਧੀ ਨੇ ਪਸੰਦ ਕੀਤਾ ਸੀ ਇਸ ਕਰਕੇ ਉਸ ਨੇ ਧੀ ਦੀ ਵਿਉਂਤ ਅਤੇ ਸੁਪਨੇ ਨੂੰ ਮਸਲ ਦਿੱਤਾ। ਨਾਟਕ 'ਸਭ ਤੋਂ ਚੰਗੀ ਜ਼ਨਾਨੀ' ਦੀ ਪਾਤਰ ਗੁਰੋ ਯਾਨੀ ਗੁਰੋ ਭੂਆ ਹੈ। ਘਰ ਤੋਂ ਸਹੁਰੇ, ਸਹੁਰਿਆਂ ਤੋਂ ਘਰ, ਜ਼ਿੰਦਗੀ ਦੇ ਕਈ ਮੋੜਾਂ 'ਤੇ ਠੋਕਰਾਂ ਖਾਂਦੀ ਹੋਈ ਉਹ ਜਗਤ ਭੂਆ ਬਣ ਜਾਂਦੀ ਹੈ। ਕੁਝ ਤਾਂ ਜ਼ਮਾਨੇ ਨੇ ਉਸ ਨਾਲ ਕੀਤੀਆਂ ਅਤੇ ਕੁਝ ਉਸ ਨੇ ਜ਼ਮਾਨੇ ਤੋਂ ਲੁਕੋ ਕੇ ਖੁਦ ਆਪਣੇ ਆਪ ਕੀਤੀਆਂ ਪਰ ਹਰ ਇੱਕ ਦੇ ਕੰਮ ਆਉਣ ਵਾਲੇ ਸੁਭਾਅ ਕਰਕੇ ਉਹ ਸਭ ਤੋਂ ਚੰਗੀ ਜ਼ਨਾਨੀ ਹੋਣ ਦਾ ਭਰਮ ਪਾਲੀ ਰੱਖਦੀ ਹੈ। ਗੁਰੋ ਦੁਨੀਆ ਦੀ ਪ੍ਰਤੀਕ ਵੀ ਹੈ ਜੋ ਬਾਹਰੋਂ ਦੇਖਣ ਨੂੰ ਚੰਗੀ ਬਣੀ ਰਹਿੰਦੀ ਹੈ ਪਰ ਅੰਦਰੋ-ਅੰਦਰੀ ਬਹੁਤ ਕੁਝ ਹੋ ਰਿਹਾ ਜਿਸ ਦਾ ਪਤਾ ਨਾ ਲੱਗਣ ਕਰਕੇ ਦੁਨੀਆਂ ਚੰਗੀ ਹੈ। ਨਾਟਕ 'ਸਕੈਲਪਲ: ਡਾਕਟਰੀ ਛੁਰੀ' ਦਾ ਪਾਤਰ ਪੂਰਨ ਸਿੰਘ ਪੂਰੇ ਦਾ ਪੂਰਾ ਉਹ ਡਾਕਟਰੀ ਸਿਸਟਮ ਹੈ ਜੋ ਲੋਕਾਂ ਨੂੰ ਇਲਾਜ ਦੇ ਨਾਮ ਤੇ ਲੁਟਦਾ ਹੈ, ਬਲੈਕਮੇਲ ਕਰਦਾ ਹੈ, ਇਨਸਾਨੀ ਜ਼ਿੰਦਗੀ ਨੂੰ ਟਿੱਚ ਸਮਝਦਾ ਹੈ।
ਪੁਸਤਕ ਵਿਚਲੇ ਸਾਰੇ ਦੇ ਸਾਰੇ ਨਾਟਕ ਮਨੁੱਖੀ ਮਨ ਅੰਦਰਲੇ ਤੂਫਾਨ ਹਨ, ਇਨਸਾਨੀ ਸੋਚ ਵਿਚਲੇ ਭੂਚਾਲ ਹਨ , ਬੰਦੇ ਦੇ ਕਰਨੀ ਦੇ ਨਤੀਜੇ ਹਨ, ਜਿਨ੍ਹਾਂ ਬਾਰੇ ਹੋਰ ਬਹੁਤ ਗੱਲਾਂ ਹੋ ਸਕਦੀਆਂ ਹਨ ਅਤੇ ਉਹ ਗੱਲਾਂ ਕਦੇ ਫੇਰ ਕਰਨ ਨਾਲੋਂ ਹੁਣੇ ਕਰਨ ਦਾ ਵਕਤ ਹੈ , ਕਿਤਾਬ ਪੜ੍ਹੋ ਤੁਹਾਡਾ ਮਨ ਤੁਹਾਡੇ ਨਾਲ ਉਹ ਗੱਲਾਂ ਕਰੇਗਾ।
-ਨਿਰਮਲ ਜੌੜਾ
ਮੋਬਾਈਲ : 98140-79799
ਹਰਫ਼ ਬੋਲਦੇ ਰਹਿਣਗੇ
ਲੇਖਕ : ਬਲਵੰਤ ਸਾਨੀਪੁਰ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 350 ਰੁਪਏ, ਸਫ਼ੇ : 244
ਸੰਪਰਕ: 98152-98459

ਬਲਵੰਤ ਸਾਨੀਪੁਰ ਦੀ ਹਥਲੀ ਪੁਸਤਕ 'ਹਰਫ਼ ਬੋਲਦੇ ਰਹਿਣਗੇ' ਨੂੰ ਇੱਕਸੁਰ ਹੋ ਕੇ ਪੜ੍ਹਦਿਆਂ ਪਤਾ ਲਗਦਾ ਹੈ ਕਿ ਉਹ ਸਾਡੇ ਸਮਾਜਿਕ ਤਾਣੇ-ਬਾਣੇ ਵਿਚ ਪੈਰ ਪਸਾਰ ਚੁੱਕੀਆਂ ਵਿਸੰਗਤੀਆਂ ਅਤੇ ਦੋਗਲੇ ਕਿਰਦਾਰਾਂ ਦੇ ਖ਼ਿਲਾਫ਼ ਬੇਬਾਕ ਢੰਗ ਨਾਲ ਲਿਖਣ ਵਾਲੇ ਨਿਧੜਕ ਕਵੀ ਹਨ। ਜਦੋਂ ਕੁਝ ਅਜਿਹੀਆਂ ਧਿਰਾਂ ਇਨਕਲਾਬ ਦੀ ਗੱਲ ਛੇੜਦੀਆਂ ਦਿਖਾਈ ਦਿੰਦੀਆਂ ਹਨ, ਜਿਨ੍ਹਾਂ ਦਾ ਇਨਕਲਾਬ ਨਾਲ ਦੂਰ ਦਾ ਵੀ ਕੋਈ ਵਾਸਤਾ ਨਹੀਂ ਹੁੰਦਾ, ਤਾਂ ਉਨ੍ਹਾਂ ਦੀ ਕਲਮ ਆਪ-ਮੁਹਾਰੇ ਕਹਿਣਾ ਸ਼ੁਰੂ ਕਰ ਦਿੰਦੀ ਹੈ:
ਮੈਂ ਇਨਕਲਾਬ ਹਾਂ ਇਨਕਲਾਬ
ਜੋ ਖ਼ੁਦਕੁਸ਼ੀ ਕਰ ਚੁੱਕਾ ਹਾਂ
ਹੁਣ ਤਾਂ ਇਹ ਮੇਰੇ ਸਰੀਰ ਦਾ ਢਾਂਚਾ ਹੈ
ਮੇਰੇ ਜਿਸਮ ਦੀ ਮੰਮੀ ਦੀ ਨੁਮਾਇਸ਼
ਦੇਖਣ ਵਿਚ ਆਉਂਦਾ ਹੈ ਕਿ ਅੱਜਕਲ੍ਹ ਜੀਵਨ ਦੇ ਹਰ ਖੇਤਰ ਵਿਚ ਅਜਿਹੀਆਂ ਵਸਤੂਆਂ ਵੱਡੀ ਗਿਣਤੀ ਵਿਚ ਮੌਜੂਦ ਹਨ, ਜਿਨ੍ਹਾਂ ਨੂੰ ਅਕਸਰ ਅਸੀਂ ਡਿਸਪੋਜ਼ਏਬ ਕਹਿ ਦਿੱਤਾ ਜਾਂਦਾ ਹੈ। ਦੇਸੀ ਭਾਸ਼ਾ ਵਿਚ ਅਸੀਂ ਇਸ ਨੂੰ ਵਰਤੋ ਅਤੇ ਸੁੱਟੋ ਦਾ ਯੁੱਗ ਵੀ ਕਹਿ ਸਕਦੇ ਹਾਂ। ਬਲਵੰਤ ਸਾਨੀਪੁਰ ਮਹਿਸੂਸ ਕਰਦੇ ਹਨ ਕਿ ਮਾਨਵੀ ਰਿਸ਼ਤੇ-ਨਾਤਿਆਂ ਵਿਚ ਵੀ ਇਹੋ ਰੁਖ਼ ਅਪਣਾਇਆ ਜਾ ਰਿਹਾ ਹੈ, ਇਸੇ ਲਈ ਤਾਂ ਕਿਸੇ ਨਾਲ ਕੇਵਲ ਉਦੋਂ ਤੱਕ ਹੀ ਸਹਿਚਾਰ ਰੱਖਿਆ ਜਾਂਦਾ ਹੈ, ਜਦੋਂ ਤੱਕ ਉਸ ਦੀ ਜ਼ਰੂਰਤ ਹੁੰਦੀ ਹੈ:
ਟੱਕਿਆਂ ਸੰਗ ਹੁਣ ਰਿਸ਼ਤੇਦਾਰੀ
ਹੁਣ ਨਾ ਬਾਪੂ ਨਾ ਬੇਬੇ ਪਿਆਰੀ
ਨਾ ਮਰਦ ਨਾ ਰਹੀ ਹੈ ਨਾਰੀ
ਭਾਰੀ ਜੇਬ ਨਾਲ ਹੁਣ ਸਾਡੀ ਯਾਰੀ
ਬਲਵੰਤ ਸਾਨੀਪੁਰ ਕੇਵਲ ਆਪਣੀ ਕਵਿਤਾ ਵਿਚ ਹੀ ਲੋਕ-ਹਿੱਤਾਂ ਦੀ ਗੱਲ ਨਹੀਂ ਕਰਦੇ ਬਲਕਿ ਆਪਣੇ ਜੀਵਨ ਵਿਚ ਅਮਲੀ ਰੂਪ ਵੀ ਦਿੰਦੇ ਹਨ। ਸਾਧਾਰਨ ਕਿਸਾਨ ਪਰਿਵਾਰ ਵਿਚ ਪੈਦਾ ਹੋਣ ਕਾਰਨ, ਜਦੋਂ ਉਨ੍ਹਾਂ ਨੇ ਆਪਣੀ ਕਾਲਜੀ ਪੜ੍ਹਾਈ ਛੱਡ ਕੇ ਖੇਤੀਬਾੜੀ ਦੇ ਪਿੱਤਰੀ ਕਿੱਤੇ ਨੂੰ ਅਪਣਾਇਆ, ਉਦੋਂ ਕਿਸਾਨ ਵਰਗ ਹਰੇ ਇਨਕਲਾਬ ਦੀ ਨੀਤੀ ਕਾਰਨ ਨਪੀੜਿਆ ਜਾ ਰਿਹਾ ਸੀ। ਉਨ੍ਹਾਂ ਦਿਨਾਂ ਵਿਚ ਵਿੱਢੇ ਗਏ ਕਿਸਾਨੀ ਘੋਲ ਵਿਚ ਵੀ ਉਹ ਮੂਹਰਲੀਆਂ ਸਫ਼ਾਂ ਵਿਚ ਲੜਦੇ ਦਿਖਾਈ ਦਿੱਤੇ। ਬਰਾਬਰੀ ਵਾਲੇ ਸਮਾਜ ਦੀ ਸਿਰਜਣਾ ਲਈ ਵਚਨਬੱਧ ਉਨ੍ਹਾਂ ਦੀ ਕਲਿਆਣਕਾਰੀ ਲੇਖਣੀ ਨੂੰ ਸਲਾਮ ਕਰਨਾ ਬਣਦਾ ਹੈ।
-ਕਰਮ ਸਿੰਘ ਜ਼ਖ਼ਮੀ
ਮੋਬਾਈਲ : 98146-28027
ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ
ਲੇਖਕ : ਰਾਜੇਸ਼ ਭਬਿਆਣਾ
ਪ੍ਰਕਾਸ਼ਕ : 5 ਆਬ ਪ੍ਰਕਾਸ਼ਨ ਜਲੰਧਰ।
ਮੁੱਲ : 200 ਰੁਪਏ, ਸਫ਼ੇ : 199
ਸੰਪਰਕ : 62399-56927

'ਸਾਹਿਬ ਸ੍ਰੀ ਕਾਂਸ਼ੀ ਰਾਮ ਜੀ' ਰਾਜੇਸ਼ ਭਬਿਆਣਾ ਦੁਆਰਾ ਸ੍ਰੀ ਕਾਂਸ਼ੀ ਰਾਮ ਜੀ ਦੀ ਜੀਵਨੀ ਲਿਖੀ ਗਈ ਹੈ। ਲੇਖਕ ਇਸ ਤੋਂ ਪਹਿਲਾਂ ਚਾਰ ਕਾਵਿ-ਸੰਗ੍ਰਹਿ ਅਤੇ ਚਾਰ ਵਾਰਤਕ ਰਚਨਾਵਾਂ ਪੰਜਾਬੀ ਸਾਹਿਤ ਦੀ ਝੋਲੀ ਵਿਚ ਪਾ ਚੁੱਕਾ ਹੈ। ਹਥਲੀ ਰਚਨਾ ਵਿਚ ਲੇਖਕ ਨੇ ਸ੍ਰੀ ਕਾਂਸ਼ੀ ਰਾਮ ਦੇ ਜੀਵਨ ਸੰਘਰਸ਼ ਅਤੇ ਸਮਾਜ ਭਲਾਈ ਦੇ ਮਿਸ਼ਨ ਨੂੰ ਵਿਸਥਾਰਪੂਰਵਕ ਢੰਗ ਨਾਲ ਬਿਆਨ ਕੀਤਾ ਹੈ। ਉਨ੍ਹਾਂ ਨੇ ਇਕ ਅਜਿਹੀ ਕ੍ਰਾਂਤੀਕਾਰੀ ਲਹਿਰ ਦੀ ਨੀਂਹ ਰੱਖੀ, ਜਿਸ ਨੇ ਸਮੁੱਚੇ ਭਾਰਤ ਦੀ ਸੁੱਤੀ ਪਈ ਕਿਰਤੀ ਜਮਾਤ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋਣ ਲਈ ਝੰਜੋੜਿਆ। ਜਿਹੜੇ ਲੋਕ ਵੱਖ-ਵੱਖ ਜਾਤਾਂ, ਧਰਮਾਂ, ਮਜ਼੍ਹਬਾਂ, ਭਾਸ਼ਾਵਾਂ, ਪ੍ਰਾਂਤਾਂ ਵਿਚ ਵੰਡੇ ਹੋਏ ਸਨ, ਉਨ੍ਹਾਂ ਦੀ ਚੇਤਨਾ ਨੂੰ ਜਗਾਇਆ। ਲੇਖਕ ਕਾਂਸ਼ੀ ਰਾਮ ਜੀ ਦੇ ਕੀਤੇ ਮਹਾਨ ਕਾਰਨਾਮਿਆਂ ਨੂੰ ਆਪਣੀ ਕਵਿਤਾ ਵਿਚ ਇੰਝ ਜੜਦਾ ਹੈ-
ਜੁਰਅਤ ਅਜਿਹੀ ਕਿ 'ਕੱਲਾ ਹੀ ਖੜ੍ਹ ਗਿਆ,
ਇਹ ਧਰਤੀ ਸਾਡੀ ਕਹਿ 'ਕੱਲਾ ਹੀ ਅੜ ਗਿਆ।
ਹੁਣ ਹੋਰ ਨਹੀਂ ਬ੍ਰਾਹਮਣ ਦਾ ਜ਼ੁਲਮ ਸਹਿਣਾ,
ਆਪਣੀ ਵਿਰਾਸਤ ਲਈ 'ਕੱਲਾ ਹੀ ਲੜ ਗਿਆ।
ਜਿੱਤਣ ਲਈ ਹਥਿਆਰ ਨਹੀਂ 'ਹੌਸਲਾ' ਜਰੂਰੀ,
ਹਾਰੇ ਲੋਕਾਂ ਦੀ ਸੋਚ 'ਚ 'ਕੱਲਾ ਹੀ ਜੜ ਗਿਆ।
ਸ੍ਰੀ ਕਾਂਸ਼ੀ ਰਾਮ ਜੀ ਦੇ ਬਚਪਨ ਦੀ ਇੱਕ ਘਟਨਾ ਦਾ ਜ਼ਿਕਰ ਕਰਦਿਆਂ ਲੇਖਕ ਲਿਖਦਾ ਹੈ-ਕਾਂਸ਼ੀ ਰਾਮ ਚੌਥੀ ਜਮਾਤ ਵਿਚ ਪੜ੍ਹਦਾ ਸੀ ਤਾਂ ਉਸ ਨੂੰ ਚਾਰ ਰੁਪਏ ਪ੍ਰਤੀ ਮਹੀਨਾ ਵਜ਼ੀਫ਼ਾ ਲੱਗ ਗਿਆ ਸੀ। ਅੱਠਵੀਂ ਜਮਾਤ ਤੱਕ ਪਹੁੰਚਦਿਆਂ ਵਜ਼ੀਫ਼ਾ ਅੱਠ ਰੁਪਏ ਮਹੀਨਾ ਹੋ ਗਿਆ ਸੀ। ਨੇੜਲੇ ਪਿੰਡ ਦੇ ਇੱਕ ਐੱਸ.ਸੀ. ਪਰਿਵਾਰ ਦਾ ਲੜਕਾ ਆਈ.ਏ.ਐੱਸ. ਅਫ਼ਸਰ ਚੁਣਿਆ ਗਿਆ ਸੀ। ਈਰਖਾ ਵੱਸ ਕਿਸੇ ਵਿਅਕਤੀ ਨੇ ਕਾਂਸ਼ੀ ਰਾਮ ਦੇ ਪਿਤਾ ਨੂੰ ਤਾਅਨਾ ਮਾਰਦਿਆਂ ਕਿਹਾ- 'ਮੁੰਡੇ ਨੂੰ ਕਾਹਨੂੰ ਪੜ੍ਹਾਉਣੈ। ਪੜ੍ਹ ਲਿਖ ਕੇ ਏਹਨੇ ਕੇਹੜਾ ਪਟਵਾਰੀ ਲੱਗ ਜਾਣੈ।' ਤਦ ਕਾਂਸ਼ੀ ਰਾਮ ਦੇ ਪਿਤਾ ਨੇ ਮੋੜਵਾਂ ਜਵਾਬ ਦਿੰਦਿਆਂ ਕਿਹਾ ਸੀ- 'ਇਹ ਪਟਵਾਰੀ ਕਿਉਂ ਲੱਗੂਗਾ। ਲਾਗਲੇ ਪਿੰਡ ਦੇ ਮੁੰਡੇ ਵਾਂਗ ਡੀ.ਸੀ. ਬਣੂੰਗਾ।' ਕਾਂਸ਼ੀ ਰਾਮ ਨੇ ਆਪਣੀ ਪੜ੍ਹਾਈ ਪੂਰੀ ਕਰਕੇ ਡੀ.ਸੀ. ਲੱਗਣ ਦੀ ਥਾਂ ਉਹ ਕਿਰਤੀਆਂ, ਕੰਮੀਆਂ, ਦਲਿਤਾਂ ਅਤੇ ਸਦੀਆਂ ਤੋਂ ਲਿਤਾੜੇ ਜਾ ਰਹੇ ਲੋਕਾਂ ਲਈ ਚਾਨਣਮੁਨਾਰਾ ਬਣਿਆ। ਇਸ ਪ੍ਰਕਾਰ ਲੇਖਕ ਨੇ ਸ੍ਰੀ ਕਾਂਸ਼ੀ ਰਾਮ ਜੀ ਦੀ ਜੀਵਨੀ ਲਿਖ ਕੇ ਦਲਿਤ ਵਰਗ ਨਾਲ ਜੁੜੇ ਲੋਕਾਂ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਕਰਨ ਦਾ ਵਧੀਆ ਕਾਰਜ ਕੀਤਾ ਹੈ।
-ਡਾ. ਇਕਬਾਲ ਸਿੰਘ ਸਕਰੌਦੀ
ਮੋਬਾਈਲ : 84276-85020
ਪੰਜਾਬ ਦੀਆਂ ਦਰਦ ਕਹਾਣੀਆਂ
ਲੇਖਿਕਾ : ਡਾ. ਹਰਸ਼ਿੰਦਰ ਕੌਰ
ਪ੍ਰਕਾਸ਼ਕ : ਸਿੰਘ ਬਰਦਰਜ਼, ਅੰਮ੍ਰਿਤਸਰ
ਮੁੱਲ : 150 ਰੁਪਏ, ਸਫ਼ੇ : 128
ਸੰਪਰਕ : 98555-66345

ਮੰਨੀ-ਪ੍ਰਮੰਨੀ ਕਾਲਮ ਨਵੀਸ ਅਤੇ ਕਈ ਪੁਸਤਕਾਂ ਦੀ ਰਚੇਤਾ ਡਾ. ਹਰਸ਼ਿੰਦਰ ਕੌਰ ਖ਼ਾਸ ਕਰਕੇ ਪੰਜਾਬ ਦੇ ਭਖਵੇਂ ਮਸਲਿਆਂ 'ਤੇ ਕਲਮ ਚਲਾਉਣ ਵਾਲੀ ਲੇਖਕਾ ਹੈ। ਇਸ ਵਿਚ ਕੋਈ ਅੱਤਕਥਨੀ ਨਹੀਂ ਕਿ ਲੇਖਕਾ ਜਿੰਨੀ ਡੂੰਘੀ ਸੰਵੇਦਨਸ਼ੀਲਤਾ ਅਤੇ ਸ਼ਿੱਦਤ ਨਾਲ ਸਮਾਜਕ ਬੁਰਾਈਆਂ ਨੂੰ ਮਹਿਸੂਸ ਕਰਕੇ ਆਪਣੀਆਂ ਲਿਖਤਾਂ ਵਿਚ ਉਤਾਰਦੀ ਹੈ ਓਨਾ ਸ਼ਾਇਦ ਹੋਰ ਲੇਖਕ ਜਾਂ ਲੇਖਕਾ ਇਸ ਡੁੰਘਿਆਈ ਤੱਕ ਖੁੱਭ ਕੇ ਲਿਖਦੀ ਹੋਵੇ। ਡਾ. ਹਰਸ਼ਿੰਦਰ ਕੌਰ ਦਾ ਨਵਪ੍ਰਕਾਸ਼ਿਤ ਕਹਾਣੀ ਸੰਗ੍ਰਹਿ, 'ਪੰਜਾਬ ਦੀਆਂ ਦਰਦ ਕਹਾਣੀਆਂ' ਅਜਿਹੀਆਂ ਵਿਸ਼ੇਸ਼ ਕਰਕੇ ਪੰਜਾਬ ਵਿਚ ਵਾਪਰ ਰਹੀ ਦਰਿੰਦਗੀ, ਵਿਭਚਾਰ, ਅਨੈਤਿਕਤਾ ਅਤੇ ਘੋਰ ਅਣਮਨੁੱਖੀ ਕਾਰਿਆਂ ਦੀ ਦਰਦਪਰੁਨੀ, ਲੂੰਅ ਕੰਡੇ ਖੜ੍ਹੇ ਕਰਨ ਵਾਲੀ ਦਾਸਤਾਨ ਹੈ। ਲੇਖਿਕਾ ਮੁਤਾਬਕ, 'ਬਾਲੜੀਆਂ ਨਾਲ ਬਲਾਤਕਾਰ, ਕੁੱਖ ਵਿਚ ਕੰਨਿਆ ਭਰੂਣ ਹੱਤਿਆ, ਦਾਜ ਦੀ ਖ਼ਾਤਿਰ ਮਾਰਨਾ, ਸਾੜਨਾ, ਬਜ਼ੁਰਗਾਂ, ਤੇ ਅਣਮਨੁੱਖੀ ਅੱਤਿਆਚਾਰ ਆਦਿ ਦੀਆਂ ਖ਼ਬਰਾਂ ਹੁਣ ਆਮ ਹੋ ਗਈਆਂ ਹਨ ਅਤੇ ਲੋਕ ਪੂਰੀ ਖ਼ਬਰ ਪੜ੍ਹਦੇ ਵੀ ਨਹੀਂ, ਇਨ੍ਹਾਂ ਘਟਨਾਵਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਹੁਣ ਇਹ ਅਤਿ ਦੇ ਜ਼ੁਲਮ ਲੋਕਾਂ ਨੂੰ ਆਵਾਜ਼ ਕੱਢਣ ਲਈ ਵੀ ਨਹੀਂ ਉਕਸਾਉਂਦੇ।' ਲੇਖਕਾ ਨੇ ਇਨ੍ਹਾਂ ਹੀ ਦਿਲ ਵਲੂੰਧਰਨ ਵਾਲੀਆਂ ਖ਼ਬਰਾਂ ਨੂੰ ਆਧਾਰ ਬਣਾ ਕੇ ਪੁਸਤਕ ਵਿਚਲੀਆਂ ਕਹਾਣੀਆਂ ਨੂੰ ਘੜਿਆ ਹੈ। ਇਨ੍ਹਾਂ ਵਿਚ ਸੌ ਫ਼ੀਸਦੀ ਯਥਾਰਥ ਹੈ। ਹਥਲੇ ਸੰਗ੍ਰਹਿ ਵਿਚਲੀਆਂ, ਹੁਣ ਤਾਂ ਮੇਰੀ ਕੁੱਖ ਵੀ ਛੱਡੀ ਨਾ ਗਈ, ਮੈਂ ਗੂੰਗੀ ਬੋਲੀ ਜੁ ਹੋਈ, ਮੈਂ ਹਨੀਮੂਨ ਮਨਾਉਣ ਲਈ ਨਹੀਂ ਹਾਂ, ਤੇਜ਼ਾਬ ਅੱਖ ਵਿਚ, ਧੀ ਨਾਲੋਂ ਸ਼ਰਾਬ ਕੀਮਤੀ, ਕੁੜੀ ਜੰਮਣਾ ਜੁਰਮ, ਬਲਾਤਕਾਰੀ ਦਾਦਾ, ਫਿਰ ਮੈਂ ਗਾਇਬ ਹੋ ਗਈ ਆਦਿ ਕਹਾਣੀਆਂ ਪੜ੍ਹ ਕੇ ਸਪੱਸ਼ਟ ਮਹਿਸੂਸ ਹੁੰਦਾ ਹੈ ਕਿ ਹੁਣ ਜ਼ੁਲਮ ਦੀ ਇੰਤਹਾ ਹੋ ਚੁੱਕੀ ਹੈ। ਚਾਰ-ਪੰਜ ਸਾਲਾ ਬੱਚੀ ਤੋਂ ਲੈ ਕੇ 90 ਸਾਲਾ ਬਿਰਧ ਵੀ ਇਨ੍ਹਾਂ ਜਬਰ-ਜ਼ੁਲਮ ਦਾ ਸ਼ਿਕਾਰ ਹੋ ਰਹੀ ਹੈ। ਇਸ ਪ੍ਰਤੀ ਚੁੱਪ ਖ਼ਤਰਨਾਕ ਹੈ। ਸਿਰਫ਼ ਕਨੂੰਨੀ ਸਖ਼ਤੀ ਇਨ੍ਹਾਂ ਜ਼ੁਲਮਾਂ ਤੇ ਠੱਲ੍ਹ ਨਹੀਂ ਪਾ ਸਕਦੀ। ਹੁਣ ਵੇਲਾ ਆ ਗਿਆ ਹੈ ਕਿ ਚੰਗੇ ਤੇ ਸਮਾਜ ਸੁਧਾਰਕ ਲੋਕਾਂ ਨੂੰ ਚੁੱਪ ਤੋੜਣ ਦੀ ਲੋੜ ਹੈ। ਇੱਥੇ ਇਹ ਦੱਸਣਾ ਵੀ ਗ਼ੈਰਵਾਜਿਬ ਨਹੀਂ ਹੋਵੇਗਾ ਕਿ ਪ੍ਰਗਤੀਸ਼ੀਲ ਲੇਖਕਾਂ ਲਈ ਤਾਂ ਸਮਾਜ ਦੇ ਇਹ ਸਭ ਤੋਂ ਗੰਭੀਰ ਵਿਸ਼ੇ ਮਹੱਤਵਪੂਰਨ ਨਹੀਂ ਰਹਿ ਗਏ। ਇਸ ਸਮਾਜ ਵਿਚ ਸ਼ਰਾਬ ਨੂੰ ਨਸ਼ਾ ਹੀ ਨਹੀਂ ਸਮਝਿਆ ਜਾਂਦਾ ਅਤੇ ਕੋਈ ਕਹਾਣੀਕਾਰ 'ਮੈਂ ਰੇਪ ਨੂੰ ਇਨਜਵਾਏ ਕਰਦੀ ਹਾਂ' ਵਰਗੀਆਂ ਕਹਾਣੀਆਂ ਲਿਖ ਕੇ ਸਾਹਿਤ ਅਕਾਦਮੀ ਪੁਰਸਕਾਰ ਲੈ ਜਾਂਦਾ ਹੈ ਤਾਂ ਸਾਡੇ ਬੁੱਧੀਜੀਵੀ ਵਰਗ ਦੀ ਸੋਚ ਔਰਤ ਨੂੰ ਕੁੱਖ ਦੀ ਆਜ਼ਾਦੀ ਦਿਵਾਉਣ ਲਈ ਇਸਤਰੀ ਵਿਮਰਸ਼ ਦਾ ਫੁਰਨਾ ਘੜਦੀ ਹੈ। ਉੱਥੇ ਸਮਾਜ ਦੇ ਇਨ੍ਹਾਂ ਚਿੰਤਕਾਂ ਤੋਂ ਕਿਹੜੀ ਆਸ ਕੀਤੀ ਜਾ ਸਕਦੀ ਹੈ। ਡਾ. ਹਰਸ਼ਿੰਦਰ ਵਲੋਂ ਸਾਧਾਰਨ ਭਾਸ਼ਾ ਅਤੇ ਅਖ਼ਬਾਰੀ ਕਾਲਮ ਸ਼ੈਲੀ ਵਿਚ ਲਿਖੀਆਂ ਇਨ੍ਹਾਂ ਕਹਾਣੀਆਂ ਨੂੰ ਪੜ੍ਹਨ ਉਪਰੰਤ ਸਧਾਰਨ ਪਾਠਕ ਦਾ ਮਨ ਵਿਚਲਿਤ ਹੋ ਉਠਦਾ ਹੈ ਅਤੇ ਉਸਦੀ ਨੀਂਦ ਉਡ ਜਾਂਦੀ ਹੈ। ਪਾਠਕ ਸਮਾਜ ਦੇ ਇਸ ਘਿਨੌਣੇ ਰੂਪ ਬਾਰੇ ਪੜ੍ਹ ਕੇ ਸੋਚੀਂ ਪੈ ਜਾਂਦਾ ਹੈ। ਡਾ. ਹਰਸ਼ਿੰਦਰ ਦੀ ਇਸ ਬੇਬਾਕੀ, ਦਲੇਰੀ ਅਤੇ ਜੁਅਰਤ ਦੀ ਦਾਦ ਦੇਣੀ ਬਣਦੀ ਹੈ।
-ਡਾ. ਧਰਮਪਾਲ ਸਾਹਿਲ
ਮੋਬਾਈਲ : 98761-56964
ਚੰਨ ਦਾ ਉੱਚੜਿਆ ਚਿਹਰਾ
ਲੇਖਕ : ਕੇ. ਐਲ. ਗਰਗ
ਪ੍ਰਕਾਸ਼ਕ : ਨਵਯੁਗ ਪਬਲਿਸ਼ਰਜ਼, ਨਵੀਂ ਦਿੱਲੀ
ਮੁੱਲ :350 ਰੁਪਏ, ਸਫੇ : 180
ਸੰਪਰਕ : 94635-37050

ਬਹੁਪੱਖੀ ਸਾਹਿਤਕਾਰ ਕੇ.ਐਲ. ਗਰਗ ਉੱਘਾ ਵਿਅੰਗ-ਕਾਰ ਹੈ। ਵਿਅੰਗ ਸਿਰਜਣਾ ਦੇ ਨਾਲ ਉਸ ਨੇ ਕਹਾਣੀਆਂ, ਨਾਵਲ, ਸੰਪਾਦਨਾ ਸਫਰਨਾਮਾ ਤੇ ਅਨੁਵਾਦ ਖੇਤਰ ਵਿਚ ਵੀ ਜ਼ਿਕਰਯੋਗ ਕੰਮ ਕੀਤਾ ਹੈ। ਰੇਡੀਓ ਟੀ. ਵੀ. ਦਾ ਚੰਗਾ ਬੁਲਾਰਾ ਹੈ। ਮਿੱਠਬੋਲੜਾ ਤੇ ਦਿਲਕਸ਼ ਸ਼ਖ਼ਸੀਅਤ ਦਾ ਮਾਲਕ ਹੈ। ਹੱਸਣਾ-ਹਸਾਉਣਾ ਉਸ ਦੀ ਸ਼ਖ਼ਸੀਅਤ ਦਾ ਵਿਸ਼ੇਸ਼ ਗੁਣ ਹੈ। ਸਾਹਿਤ ਸਿਰਜਣਾ ਵਿਚ ਉਹ ਨਾਗਮਣੀ ਪੁਰਸਕਾਰ, ਲਾਭ ਸਿੰਘ ਚਾਤ੍ਰਿਕ ਪੁਰਸਕਾਰ, ਪਿਆਰਾ ਸਿੰਘ ਦਾਤਾ ਐਵਾਰਡ, ਅੰਮ੍ਰਿਤਾ ਇਮਰੋਜ਼ ਪੁਰਸਕਾਰ, ਭਾਰਤੀ ਸਾਹਿਤ ਅਕੈਡਮੀ ਪੁਰਸਕਾਰ, ਭਾਸ਼ਾ ਵਿਭਾਗ ਪੰਜਾਬ ਤੋਂ ਕਹਾਣੀਕਾਰ ਸੁਜਾਨ ਸਿੰਘ ਪੁਰਸਕਾਰ ਸਮੇਤ ਅਨੇਕਾਂ ਸਾਹਿਤ ਸਭਾਵਾਂ ਕੋਲੋਂ ਸਨਮਾਨਿਤ ਕੇ. ਐਲ. ਗਰਗ ਦੀਆਂ ਲਿਖੀਆਂ ਤੇ ਸੰਪਾਦਿਤ ਕਿਤਾਬਾਂ ਦੀ ਗਿਣਤੀ 80 ਦੇ ਨੇੜੇ ਹੈ। ਚਰਚਾ ਅਧੀਨ ਪੁਸਤਕ ਉਸ ਦਾ ਨਵਾਂ ਨਾਵਲ ਹੈ। ਨਾਵਲ ਰਿਵਾਇਤੀ ਲੀਹ ਤੋਂ ਹਟ ਕੇ ਨਵੀਂ ਤਰਤੀਬ ਤੇ ਨਵੀਂ ਤਕਨੀਕ ਦਾ ਹੈ। ਲੇਖਕ ਨੇ ਨਾਵਲ ਨੂੰ ਕਾਂਡਾਂ ਦੀ ਥਾਂ ਕੇਵਲ ਤਿੰਨ ਭਾਗਾਂ ਵਿਚ ਵੰਡਿਆ ਹੈ। ਪਹਿਲਾ ਕਾਂਡ ਹੈ-ਪਹਿਲੀ ਚੀਖ (ਪੰਨਾ 7-51) ਵਿਚ ਪਾਤਰਾਂ ਦੀ ਜ਼ਿੰਦਗੀ ਦਾ ਸਫ਼ਰ ਹੈ। ਇਸ ਕਾਂਡ ਵਿਚ ਰਕਸ਼ਾ ਰਾਣੀ ਔਰਤ ਪਾਤਰ ਹੈ। ਉਸ ਨੂੰ ਮਾਪੇ ਉਦੋਂ ਵਿਆਹ ਦਿੰਦੇ ਹਨ ਜਦੋਂ ਉਸ ਨੇ ਪਲੱਸ ਟੂ ਪਾਸ ਕੀਤੀ ਸੀ ਭਾਵ ਛੋਟੀ ਉਮਰ ਵਿਚ ਵਿਆਹ। ਕੁੰਦਨ ਪਤੀ ਹੈ। ਉਸ ਦੇ ਪਾਰਸ ਨਾਂਅ ਦਾ ਪੁੱਤਰ ਹੁੰਦਾ ਹੈ। ਪਾਰਸ ਦਿਮਾਗੀ ਤੌਰ 'ਤੇ ਤੇਜ਼ ਹੈ। ਉਹ ਭਾਸ਼ਾ ਅਧਿਆਪਕ ਬਣਦਾ ਹੈ। । ਪਾਰਸ ਛੋਟੀ ਉਮਰ ਦਾ ਸੀ ਕਿ ਉਸ ਦੇ ਪਿਤਾ ਕੁੰਦਨ ਦੀ ਦਫਤਰ ਦੀ ਛੱਤ ਡਿਗਣ ਕਾਰਨ ਮੌਤ ਹੋ ਜਾਂਦੀ ਹੈ ਜਿਸ ਵਿਚ ਉਹ ਨੌਕਰੀ ਕਰਦਾ ਹੈ। ਪਿਤਾ ਦੀ ਮੌਤ ਦਾ ਗ਼ਮ ਪਾਰਸ ਦੇ ਅਧਿਆਪਕ ਗੁਰਬਾਣੀ ਸੁਣਾ ਕੇ ਦੂਰ ਕਰਦੇ ਹਨ। ਉਸ ਦਾ ਸਮੇਂ ਨਾਲ ਵਿਆਹ ਮਨਜੀਤ ਨਾਂਅ ਦੀ ਕੁੜੀ ਨਾਲ ਹੁੰਦਾ ਹੈ। ਦੋਨੋਂ ਪ੍ਰੀਖਿਆ ਵਿਚ ਅੱਵਲ ਆਉਂਦੇ ਹਨ। ਮਨਜੀਤ ਪੰਜਾਬੀ ਅਧਿਆਪਕਾ ਤੇ ਨਾਲ ਦੇ ਸਕੂਲ ਵਿਚ ਪਾਰਸ ਹਿੰਦੀ ਅਧਿਆਪਕ ਲੱਗ ਜਾਂਦੇ ਹਨ। ਇਸ ਜੋੜੀ ਦੇ ਘਰ ਇਕ ਪੁੱਤਰ ਹੈ। ਚੰਗੀ ਜ਼ਿੰਦਗੀ ਜਿਊਂ ਰਹੇ ਹਨ। ਰਕਸ਼ਾ ਵੀ ਤਰਸ ਆਧਾਰਿਤ ਨੌਕਰੀ ਕਰਦੀ ਹੈ। ਦੂਸਰਾ ਕਾਂਡ ਹੈ ਰਕਸ਼ਾ ਰਾਣੀ ਦੀ ਦੂਸਰੀ ਚੀਖ (ਪੰਨਾ 52-102 ਇਸ ਕਾਂਡ ਵਿਚ ਰਕਸ਼ਾ ਦੀ ਮਾਂ ਮਰ ਜਾਂਦੀ ਹੈ। ਬਾਪ ਵੀ ਬਿਮਾਰ ਹੈ। ਪੇਕਿਆਂ ਵਲੋਂ ਦੁਖੀ ਹੈ, ਪਹਿਲਾਂ ਪਤੀ ਕਾਰਨ ਦੁੱਖ ਮਿਲਦਾ ਹੈ। ਪੰਜਾਬ 'ਚ ਕਾਲਾ ਦੌਰ ਚੱਲ ਰਿਹਾ ਹੈ। ਇਕ ਮੁੰਡਾ ਗੁਰਤੇਜ ਪੀਪਣੀ, ਪਾਰਸ ਦਾ ਵਿਦਿਆਰਥੀ ਹੈ। ਖਾੜਕੂਵਾਦ ਦੇ ਦਿਨਾਂ ਵਿਚ ਪਾਰਸ ਅੱਤਵਾਦ ਦੇ ਵਿਰੁੱਧ ਬੋਲਦਾ ਹੈ। ਇਸੇ ਕਾਰਨ ਗੁਰਤੇਜ ਤੇ ਉਸ ਦੇ ਖਾੜਕੂ ਸਾਥੀ ਪਾਰਸ ਨੂੰ ਸਕੂਲ ਜਾਂਦਿਆ ਰਸਤੇ ਵਿਚ ਮਾਰ ਦਿੰਦੇ ਹਨ। ਉਸ ਸਮੇਂ ਪੰਜਾਬ ਨਾਜ਼ਕ ਦੌਰ ਵਿਚੋਂ ਲੰਘ ਰਿਹਾ ਸੀ। ਪਾਰਸ ਦੇ ਮੌਤ ਪਿੱਛੋਂ ਰਕਸ਼ਾ ਬੇਹੱਦ ਦੁਖੀ ਹੈ। ਜ਼ਹੀਨ ਤੇ ਮਿਹਨਤੀ ਪੁੱਤਰ ਦੀ ਮੌਤ ਨਾਲ ਰਕਸ਼ਾ ਦੇ ਦੁੱਖਾਂ ਦਾ ਪਹਾੜ ਡਿਗ ਪੈਂਦਾ ਹੈ। ਇਹ ਵੇਰਵਾ ਪੰਜਾਬ ਦੀ ਕਟ ਵੱਢ (ਪੰਨਾ 105-168) ਵਿਚ ਹੈ। ਲੇਖਕ ਨੇ ਇਸ ਕਾਂਡ ਵਿਚ ਪੀੜਤ ਪੰਜਾਬ ਦਾ ਪੂਰਾ ਨਕਸ਼ਾ ਖਿੱਚਿਆ ਹੈ। ਅਖੀਰ ਮਾਵਾਂ ਦੇ ਰੁਦਨ ਸਿਰਲੇਖ ਤਹਿਤ ਪਹਿਲੀ ਮਾਂ ਦੀ ਪੁੱਤਰ ਤੇ ਪਤੀ ਦੇ ਵਿਛੋੜੇ ਦੇ ਕੀਰਨੇ ਹਨ। ਦੂਸਰੀ ਮਾਂ (ਗੁਰਤੇਜ ਖਾੜਕੂ ਦੀ ਮਾਂ) ਦੀ ਅੰਤਰ ਸੰਵੇਦਨਾ ਦਾ ਜ਼ਿਕਰ ਹੈ। ਪੰਜਾਬ ਦੀਆਂ ਖ਼ੈਰਾਂ ਮੰਗਦਾ ਨਾਵਲ ਸਿੱਧਾ ਸਪਾਟ ਬਿਰਤਾਂਤਕ ਸ਼ੈਲੀ ਵਿਚ ਹੈ। ਇਸ ਦਿਲਚਸਪ ਨਾਵਲ ਦਾ ਸਵਾਗਤ ਹੈ।
-ਪ੍ਰਿੰ: ਗੁਰਮੀਤ ਸਿੰਘ ਫਾਜ਼ਿਲਕਾ
ਮੋਬਾਈਲ : 98148-56160
































.jpg)






























































































































































.jpg)

.jpg)





.jpg)


