21-12-25
ਨੌਵੇਂ ਪਾਤਿਸ਼ਾਹ
ਸ੍ਰੀ ਗੁਰੂ ਤੇਗ ਬਹਾਦਰ ਜੀ
ਇਤਿਹਾਸ ਅਤੇ ਵਿਚਾਰ-ਚਰਚਾ
ਲੇਖਕ : ਡਾ. ਸੁਖਦਿਆਲ ਸਿੰਘ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨ, ਸਮਾਨਾ
ਮੁੱਲ : 350 ਰੁਪਏ, ਸਫ਼ੇ : 248
ਸੰਪਰਕ : 98158-80539

ਵਿਚਾਰਧੀਨ ਪੁਸਤਕ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ, ਇਤਿਹਾਸ ਅਤੇ ਵਿਚਾਰਧਾਰਾ ਨਾਲ ਸੰਬੰਧਿਤ ਹੈ। ਇਹ ਇਕ ਮਹਾਨ ਪ੍ਰੋਜੈਕਟ 'ਤੇ ਆਧਾਰਿਤ ਹੈ। ਲੇਖਕ ਨੇ ਇਹ ਪੁਸਤਕ ਪੰਜਾਬੀ ਯੂਨੀਵਰਸਿਟੀ ਦੇ ਇਤਿਹਾਸ ਅਧਿਐਨ ਵਿਭਾਗ ਦੇ ਸਾਬਕਾ ਡਾਇਰੈਕਟਰ ਅਤੇ ਇਤਿਹਾਸ ਵਿਭਾਗ (ਦੋਵਾਂ ਦੇ ਮੁਖੀ) ਦੀ ਪ੍ਰੇਰਣਾਤਮਿਕ ਅਗਵਾਈ ਹੇਠ ਸਫਲਤਾ ਸਹਿਤ ਸਿਰਜੀ ਹੈ। ਵਿਦਵਾਨ ਲੇਖਕ ਨੇ ਥਾਂ-ਪੁਰ-ਥਾਂ ਘੁੰਮਦਿਆਂ, ਔਖੇ ਪੈਂਡੇ ਤੈਅ ਕਰਦਿਆਂ, ਅੱਖੀਂ ਵੇਖ ਕੇ, ਸੰਵਾਦ ਰਚਾਉਂਦਿਆਂ ਮੁੱਲਵਾਨ ਸਰਵੇਖਣ ਕੀਤਾ ਹੈ। ਸ਼ਾਇਦ ਅਜਿਹੀ ਕਠਿਨ ਮਿਹਨਤ ਦੇ ਫਲਸਰੂਪ, ਉਹ ਵੀ ਇਤਿਹਾਸ ਅਧਿਐਨ ਵਿਭਾਗ ਦੇ ਮੁਖੀ ਵਜੋਂ ਫ਼ਰਜ਼ ਨਿਭਾਉਂਦਿਆਂ ਸੇਵਾਮੁਕਤ ਹੋਇਆ ਹੈ। ਹਥਲੀ ਪੁਸਤਕ ਨੂੰ ਲੇਖਕ ਨੇ ਗਿਆਰਾਂ ਕਾਂਡਾਂ (ਸਰੋਤ, ਇਤਿਹਾਸਕ ਪਿਛੋਕੜ, ਜਨਮ ਅਤੇ ਪੂਰਬ-ਗੁਰਿਆਈ ਕਾਲ, ਗੁਰਿਆਲੀ ਕਾਲ, ਕੀਰਤਪੁਰ ਸਾਹਿਬ ਅਤੇ ਚੱਕ ਨਾਨਕੀ, ਗੁਰੂ ਤੇਗ ਬਹਾਦਰ ਜੀ ਦੇ ਪੂਰਬੀ ਭਾਰਤ ਦੇ ਦੌਰੇ, ਗੁਰੂ ਜੀ ਦੇ ਮਾਲਵਾ ਅਤੇ ਬਾਂਗਰ ਦੇ ਦੌਰੇ, ਸ਼ਹਾਦਤ, ਇਤਿਹਾਸ ਅਤੇ ਵਿਚਾਰਧਾਰਾ, ਵਿਚਾਰਧਾਰਾ (ਗੁਰੂ ਜੀ ਦੇ ਅੰਤਿਮ ਸਮੇਂ ਦੇ ਸਲੋਕ) ਵਿਚ ਵੰਡ ਕੇ ਡੂੰਘਾ ਅਧਿਐਨ ਪ੍ਰਸਤੁਤ ਕੀਤਾ ਹੈ।
ਲੇਖਕ ਨੇ ਆਪਣੇ ਅਧਿਐਨ ਕਾਰਜ ਦੇ ਮੁੱਖ ਸਰੋਤਾਂ ਬਾਰੇ ਵੀ ਬੜੀ ਅਹਿਮ ਜਾਣਕਾਰੀ ਦਿੱਤੀ ਹੈ। ਗੁਰੂ ਸਾਹਿਬ ਦੇ ਲਗਭਗ 22 ਹੁਕਮਨਾਮੇ ਦੱਸੇ ਨੇ। ਪਤਾ ਚਲਦਾ ਹੈ ਕਿ ਗੁਰੂ ਤੇਗ ਬਹਾਦਰ ਜੀ ਦੇ ਗੁਰੂ ਬਣਨ ਤੋਂ ਪਿਛੋਂ ਹੀ 1666 ਈ. ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਹੋਇਆ। ਇਹ ਵੀ ਜਾਣਕਾਰੀ ਮਿਲਦੀ ਹੈ ਕਿ ਨੌਵੇਂ ਗੁਰੂ ਜੀ ਦਾ ਪ੍ਰਕਾਸ਼ ਗੁਰ ਬਿਲਾਸ ਪਾਤਿਸ਼ਾਹੀ ਛੇਵੀਂ ਅਨੁਸਾਰ ਵਿਸਾਖ ਵਦੀ ਪੰਜ ਸੰਮਤ 1678 ਬਿ. ਨੂੰ ਹੋਇਆ। ਜਿਨ੍ਹਾਂ ਸੋਮਿਆਂ ਦਾ ਲੇਖਕ ਨੇ ਅਧਿਐਨ ਕੀਤਾ ਹੈ, ਉਨ੍ਹਾਂ ਦੇ ਨਾਂਅ ਵੀ ਦਿੱਤੇ ਨੇ। ਬਚਿੱਤ੍ਰ ਨਾਟਕ, ਸਰੂਪ ਦਾਸ ਭੱਲਾ (ਮਹਿਮਾ ਪ੍ਰਕਾਸ਼), ਭਾਈ ਸੰਤੋਖ ਸਿੰਘ (ਸੂਰਜ ਪ੍ਰਕਾਸ਼), ਗਿਆਨੀ ਗਿਆਨ ਸਿੰਘ (ਤਵਾਰੀਖ ਗੁਰੂ ਖਾਲਸਾ), ਡਾ. ਫੌਜਾ ਸਿੰਘ ਅਤੇ ਡਾ. ਤਾਰਨ ਸਿੰਘ ਦੀ ਲਿਖੀ ਸਾਂਝੀ ਰਚਨਾ (ਗੁਰੂ ਤੇਗ ਬਹਾਦਰ ਜੀਵਨ ਤੇ ਰਚਨਾ), ਪਿਆਰਾ ਸਿੰਘ ਪਦਮ, ਗਿਆਨੀ ਗਰਜਾ ਸਿੰਘ, ਭਾਈ ਵੀਰ ਸਿੰਘ ਦੀ ਪੁਰਾਤਨ ਜਨਮ ਸਾਖੀ, ਮੈਕਾਲਿਫ਼ ਦਾ ਸਿੱਖ ਰਿਲੀਜਨ, ਡਾ. ਤਿਰਲੋਚਨ ਸਿੰਘ ਵਲੋਂ ਅੰਗਰੇਜ਼ੀ ਵਿਚ ਤਿਆਰ ਕੀਤੀ ਗਈ ਕਿਤਾਬ : ਗੁਰੂ ਤੇਗ ਬਹਾਦਰ : ਪ੍ਰੋਫਿਟ ਐਂਡ ਮਾਰਟਾਇਰੀ, ਡਾ. ਸੁਰਿੰਦਰ ਸਿੰਘ ਕੋਹਲੀ (ਗੁਰੂ ਤੇਗ ਬਹਾਦਰ-ਜੀਵਨ, ਸਮਾਂ ਤੇ ਰਚਨਾ), ਡਾ. ਫੌਜਾ ਸਿੰਘ ਵਲੋਂ ਸੰਪਾਦਿਤ ਕੀਤੀ ਪੁਸਤਕ (ਗੁਰੂ ਤੇਗ਼ ਬਹਾਦਰ,ਯਾਤਰਾਵਾਂ, ਪਰੰਪਰਾਵਾਂ ਅਤੇ ਯਾਦ ਚਿੰਨ੍ਹ ਆਦਿ ਦਾ ਨਿੱਠ ਕੇ ਅਧਿਐਨ ਕੀਤਾ ਹੈ। ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰੀ ਕਵੀ 'ਸੈਨਾਪਿਤੀ' ਅਤੇ ਕੇਸਰ ਸਿੰਘ ਛਿੱਬਰ (ਬੰਸਾਵਲੀਨਾਮਾ ਦਸਾਂ ਪਾਤਿਸ਼ਾਹੀਆਂ (1769 ਈ.) ਦੇ ਹਵਾਲੇ ਵੀ ਮਿਲਦੇ ਹਨ। ਵਿਸ਼ੇਸ਼ ਗੱਲ ਇਹ ਹੈ ਕਿ ਗੁਰਬਾਣੀ ਗੁਰੂ ਜੀ ਦੀ 'ਕਹਿਣੀ' ਅਤੇ 'ਸ਼ਹਾਦਤ' ਕਰਨੀ ਮੰਨੀ ਜਾਂਦੀ ਹੈ। ਚੇਤੇ ਰਹੇ ਕਿ ਡਾ. ਸੁਖਦਿਆਲ ਸਿੰਘ ਨੇ ਸਹੀ ਇਤਿਹਾਸਕ ਘਟਨਾਵਾਂ ਨਾਲ ਸਹਿਮਤੀ ਪ੍ਰਗਟ ਕੀਤੀ ਹੈ ਅਤੇ ਕਈ ਗੱਲਾਂ ਨਾਲ ਦਲੀਲ ਆਧਾਰਿਤ ਅਸਹਿਮਤੀ ਵੀ। ਰਾਹ ਪਿਆ ਜਾਣੀਏ ਜਾਂ ਵਾਹ ਪਿਆ ਜਾਣੀਏ। ਇਸ ਪੁਸਤਕ ਦਾ ਮੁੱਲ ਡੂੰਘੇ ਅਧਿਐਨ ਨਾਲ ਹੀ ਪਾਇਆ ਜਾ ਸਕਦਾ ਹੈ। ਸੰਖੇਪ ਇਹ ਕਿ ਪੁਸਤਕ ਲੇਖਕ ਦੇ ਵਿਸ਼ਾਲ ਅਧਿਐਨ ਅਤੇ ਅਣਥਕ ਫੀਲਡ ਵਰਕ ਦਾ ਬੜਾ ਕੀਮਤੀ ਦਸਤਾਵੇਜ਼ ਹੋ ਨਿੱਬੜੀ ਹੈ। ਲੇਖਕ ਵਧਾਈ ਦਾ ਪਾਤਰ ਹੈ।
ਚੈਖ਼ਵ ਦੀਆਂ ਕਹਾਣੀਆਂ
(ਭਾਗ-2)
ਅਨੁਵਾਦਕ : ਚਰਨ ਗਿੱਲ
ਪ੍ਰਕਾਸ਼ਕ : ਆਟਮ ਆਰਟਸ, ਪਟਿਆਲਾ
ਮੁੱਲ : 399 ਰੁਪਏ, ਸਫ਼ੇ : 280
ਸੰਪਰਕ : 91158-72450

ਚਰਨ ਗਿੱਲ ਦੁਆਰਾ ਚੈਖ਼ਵ (1860-1904) ਦੀਆਂ ਕਹਾਣੀਆਂ ਦਾ ਇਹ ਦੂਜਾ ਕਹਾਣੀ ਸੰਗ੍ਰਹਿ ਹੈ। ਅਨੁਵਾਦ ਸਰਲ ਪੰਜਾਬੀ ਵਿਚ ਹੈ। ਦੋਵਾਂ ਭਾਗਾਂ ਵਿਚ 31, 31 ਕਹਾਣੀਆਂ ਸ਼ਾਮਿਲ ਕੀਤੀਆਂ ਗਈਆਂ ਹਨ। ਚੈਖ਼ਵ ਇਕ ਅਸਫਲ ਦੁਕਾਨਦਾਰ ਦਾ ਪੁੱਤਰ ਅਤੇ ਇਕ ਵਗਾਰੀ ਕਾਮੇ ਦਾ ਪੋਤਰਾ ਸੀ ਪਰ ਫਿਰ ਵੀ ਉਸ ਨੇ ਆਪਣੀ ਮਿਹਨਤ ਨਾਲ ਮਾਸਕੋ ਯੂਨੀਵਰਸਿਟੀ ਤੋਂ ਡਾਕਟਰੀ ਦੀ ਡਿਗਰੀ ਪ੍ਰਾਪਤ ਕੀਤੀ। 1892-93 ਵਿਚ ਰੂਸ ਵਿਚ ਹੈਜ਼ੇ ਦੀ ਮਹਾਂਮਾਰੀ ਸਮੇਂ ਲੋਕਾਈ ਦੀ ਤਨਦੇਹੀ ਨਾਲ ਸੇਵਾ ਕੀਤੀ। ਫਿਰ ਡਾਕਟਰੀ ਦਾ ਪੇਸ਼ਾ ਛੱਡ ਕੇ, ਬਾਕੀ ਦੀ ਸਾਰੀ ਉਮਰ ਨਾਟਕਕਾਰ, ਕਹਾਣੀਕਾਰ ਵਜੋਂ ਪੇਸ਼ਾਵਰਾਨਾ ਕਿੱਤਾ ਅਪਣਾਇਆ। ਹਥਲੇ ਕਹਾਣੀ ਸੰਗ੍ਰਹਿ ਵਿਚ (ਡਾਰਲਿੰਗ, ਤਿੱਤਲੀ, ਹਾਏ ਲੋਕਾਈ, ਇਕ ਭਲਾਮਾਣਸ ਦੋਸਤ, ਕਾਂ, ਇਕ ਕਲਾਕਾਰ ਦੀ ਮੌਤ, ਨੱਚਣ ਗਾਉਣ ਵਾਲੀ ਇਕ ਡਾਕਟਰ ਦੀ ਫੇਰੀ, ਚੁੰਮਣ, ਸ਼ਰੀਕ-ਏ-ਹਯਾਤ, ਇਕ ਘਟਨਾ ਮੋਟਾ ਅਤੇ ਪਤਲਾ, ਵਿਦਿਆਰਥੀ, ਘਾਟੀ ਵਿਚ, ਮਰਦਾ ਭਿਖਾਰੀ, ਕਲਾਕ੍ਰਿਤੀ, ਵਿਚੋਲਣ, ਸੱਚ ਛੁਪਾਇਆ ਨਾ ਛੁਪੇ, ਪਾਪ, ਡਾਕੀਆ, ਅਨਿਉਤਾ, ਸਰਕਾਰੀ ਡਿਊਟੀ, ਕ੍ਰਿਸਮਸ ਦੇ ਦਿਨ, ਡਬਲ ਬਾਸਤੇ ਰੋਮੰਸ, ਯੋਗਤਾ, ਅਗਾਫਿਆ, ਸਕੂਲ ਅਧਿਆਪਕਾ, ਆਦਿ ਸ਼ਾਮਿਲ ਕੀਤੀਆਂ ਗਈਆਂ ਹਨ। ਇਨ੍ਹਾਂ ਤੋਂ ਬਿਨਾਂ ਤਿੰਨ ਹੋਰ ਵੀ ਸ਼ਾਮਿਲ ਨੇ ਜਿਵੇਂ ਨਿਰਾਲਾ ਬੁਲਾਰਾ, ਸਵੀਡਿਸ਼ ਮਾਚਸ, ਕੈਮਿਸਟ ਦੀ ਪਤਨੀ, ਕਹਾਣੀਆਂ ਨਿੱਕੀਆਂ ਵੀ ਨੇ, ਦਰਮਿਆਨੀਆਂ ਵੀ ਨੇ ਪਰ 'ਘਾਟੀ ਵਿਚ' ਕਹਾਣੀ ਤਾਂ 'ਨਾਵਲੈੱਟ' ਹੀ ਪ੍ਰਤੀਤ ਹੁੰਦੀ ਹੈ। ਇਸ ਕਹਾਣੀ 'ਤੇ 1991 ਵਿਚ ਮੂਵੀ 'ਕਸਬਾ' ਦੇ ਨਾਮ ਨਾਲ ਬਣੀ ਹੈ। ਡਾਇਰੈਕਟਰ ਅਤੇ ਲੇਖਕ ਕਮਾਰ ਸਾਹਨੀ ਹਨ। ਪੰਨਾ : 162
ਇਨ੍ਹਾਂ ਕਹਾਣੀਆਂ ਦਾ ਅਧਿਕਰਤ ਪਿਛੋਕੜ ਰੂਸੀ ਹੀ ਹੈ। ਲੇਖਕ ਵਾਤਾਵਰਨ ਸਿਰਜਦਾ ਹੈ। ਪਾਤਰਾਂ ਦਾ ਪ੍ਰਵੇਸ਼ ਕਰਵਾਉਂਦਾ ਹੈ। ਮੁੱਖ ਹੀਰੋ ਦੇ ਦੁਆਲੇ ਪਾਤਰ ਪਰਿਕਰਮਾ ਕਰਦੇ ਵੇਖੇ ਜਾ ਸਕਦੇ ਨੇ। ਸੰਵਾਦ ਜੁਗਤ ਨਾਲ ਵਿਕਾਸ ਕਰਦੀਆਂ ਨੇ ਕਹਾਣੀਆਂ।
ਘਟਨਾਵਾਂ ਦੀ ਪੇਸ਼ਕਾਰੀ ਅਤੇ ਕਥਾਨਕ ਵਾਸਤਵਿਕ ਜਾਪਦੇ ਨੇ। ਸਸਪੈਂਸ ਬਰਕਰਾਰ ਰਹਿੰਦਾ ਹੈ। ਪਾਤਰਾਂ ਦੇ ਨੈਣ-ਨਕਸ਼, ਮੁਹਾਂਦਰੇ ਸਿਰਜੇ ਨੇ, ਕਈ ਵਾਰੀ ਚਲਦੀ-ਚਲਦੀ ਕਹਾਣੀ ਕਿੱਧਰ ਮੋੜ ਕੱਟ ਜਾਵੇ ਪਤਾ ਨਹੀਂ ਚਲਦਾ ਫਿਰ ਵੀ ਕਈ ਵਾਰੀ ਫੋਰਸੈਡੋ (ਪੂਰਵ ਸੰਕੇਤ) ਦੀ ਵਰਤੋਂ ਵੀ ਚੈਖ਼ਵ ਕਰ ਜਾਂਦਾ ਹੈ। ਅਜਿਹੀ ਫੋਰਸੈਡੋ ਨਿਕਟ ਅਧਿਐਨ ਨਾਲ ਹੀ ਸਮਝ 'ਚ ਆ ਸਕਦੀ ਹੈ। ਪਾਤਰਾਂ ਦੇ ਨਾਮ ਅਤੇ ਘਟਨਾ ਸਥਾਨ ਰੂਸੀ ਹੀ ਹਨ। ਪੰਜਾਬੀ ਪਾਠਕਾਂ ਨੂੰ ਯਾਦ ਰੱਖਣ ਵਿਚ ਮੁਸ਼ਕਿਲ ਪੇਸ਼ ਆ ਸਕਦੀ ਹੈ ਪਰ ਵਿਸ਼ੇ ਵਸਤੂ ਦੀ ਪੇਸ਼ਕਾਰੀ ਕਮਾਲ ਹੈ। ਕਹਾਣੀਆਂ ਦਾ ਆਰੰਭ ਅਤੇ ਅੰਤ ਅਚਾਨਕ ਹੋ ਸਕਦਾ ਹੈ। ਚੈਖੋਵ ਜਿਸ ਵਿਸ਼ੇ 'ਤੇ ਫੋਕਸ ਕਰਦਾ ਹੈ, ਉਸ ਦਾ ਬਾਰੀਕੀ ਨਾਲ ਰੇਸ਼ਾ-ਰੇਸ਼ਾ ਉਘਾੜ ਦਿੰਦਾ ਹੈ। ਉਸ ਨੂੰ ਚੇਤਨ-ਅਵਚੇਤਨ ਦੀ ਪੂਰੀ ਪਕੜ ਸੀ। ਉਹ ਵਿਗਿਆਨ ਦਾ ਵਿਦਿਆਰਥੀ ਸੀ। ਉਸ ਨੇ ਜ਼ਿਆਦਾਤਰ ਰੂਸ ਦੀ ਮੱਧ ਸ਼੍ਰੇਣੀ ਦੀ ਦੁਬਿਧਾ ਸਿਰਜੀ ਹੈ। ਵਿਸ਼ਵ ਦੇ ਭਵਿੱਖ ਦੇ ਕਹਾਣੀਕਾਰਾਂ ਲਈ ਨਵੀਆਂ ਬਿਰਤਾਂਤਕ ਪੈੜਾਂ ਪਾਈਆਂ ਨੇ। ਅਨੁਵਾਦਕ ਚਰਨ ਗਿੱਲ ਦੀ ਪ੍ਰਸੰਸਾ ਕਰਨੀ ਬਣਦੀ ਹੈ।
-ਡਾ. ਧਰਮ ਚੰਦ ਵਾਤਿਸ਼
ਮੋਬਾਈਲ 88376-79186
ਜ਼ਮਾਨੇ ਬਦਲ ਗਏ
ਬੀਤੇ ਸੱਭਿਆਚਾਰ ਦਾ ਕਾਵਿ ਕੋਸ਼
ਲੇਖਕ : ਜ਼ੈਲਦਾਰ ਸਿੰਘ ਹਸਮੁੱਖ
ਪ੍ਰਕਾਸ਼ਕ : ਅਲਖ ਪ੍ਰਕਾਸ਼ਨ, ਮੱਲ੍ਹੀਆਂ ਖੁਰਦ, ਜਲੰਧਰ।
ਮੁੱਲ : 200 ਰੁਪਏ, ਸਫ਼ੇ : 168
ਸੰਪਰਕ : 96465-94294

ਹਥਲੀ ਪੁਸਤਕ 'ਜ਼ਮਾਨੇ ਬਦਲ ਗਏ ਬੀਤੇ ਸੱਭਿਆਚਾਰ ਦਾ ਸ਼ਬਦ ਕੋਸ਼' ਲੇਖਕ ਜ਼ੈਲਦਾਰ ਸਿੰਘ ਹਸਮੁੱਖ ਦਾ ਕਾਵਿ ਸੰਗ੍ਰਹਿ ਹੈ। ਇਸ ਤੋਂ ਪਹਿਲਾਂ ਲੇਖਕ ਦੀਆਂ ਤਿੰਨ ਪੁਸਤਕਾਂ 'ਜਿਉਂ ਸਿੱਪੀ ਵਿਚ ਮੋਤੀ', 'ਅਜੇ ਸਮਝ ਅਲਫ ਦੀ ਨਹੀਂ ਤੈਨੂੰ' ਤੇ 'ਪੀਂਘ ਸਤਰੰਗੀ' ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਹਥਲੀ ਪੁਸਤਕ 'ਚ ਉਸ ਦੀਆਂ 76 ਕਾਵਿ ਰਚਨਾਵਾਂ ਸ਼ਾਮਿਲ ਹਨ। ਜੇਕਰ ਇਸ ਨੂੰ ਪੰਜਾਬੀ ਸੱਭਿਆਚਾਰ ਅਤੇ ਵਿਰਾਸਤ ਦਾ ਮਹਾਂ-ਕਾਵਿ ਆਖ ਲਿਆ ਜਾਵੇ ਤਾਂ ਇਹ ਕੋਈ ਅਤਿਕਥਨੀ ਨਹੀਂ ਹੋਵੇਗੀ। ਲੇਖਕ ਨੇ ਇਨ੍ਹਾਂ ਕਾਵਿ-ਰਚਨਾਵਾਂ 'ਚ ਪੰਜਾਬੀ ਸੱਭਿਆਚਾਰ ਦੇ ਅਲੋਪ ਹੋ ਰਹੇ ਰਸਮੋ-ਰਿਵਾਜਾਂ, ਘਰੇਲੂ ਕੰਮ ਧੰਦਿਆਂ, ਵਹਿਮਾਂ-ਭਰਮਾਂ, ਪੇਂਡੂ ਖੇਡਾਂ, ਤਿੱਥਾਂ-ਤਿਉਹਾਰਾਂ, ਮੇਲਿਆਂ, ਛਿੰਝਾਂ, ਹੱਟੀਆਂ-ਭੱਠੀਆਂ, ਪਿੱਪਲ-ਬਰੋਟਿਆਂ, ਮੇਲ-ਮੁਕਾਣਾਂ, ਖੇਤੀ ਸੰਦਾਂ, ਵਿਆਹ-ਸ਼ਾਦੀਆਂ ਆਦਿ ਦਾ ਕਲਾਤਮਿਕ ਦ੍ਰਿਸ਼ ਚਿਤਰਨ ਕੀਤਾ ਹੈ :
ਵਿਆਹ ਵਿਚ ਸਪੀਕਰ ਚਲਦੇ ਸੀ,
ਕੱਠੇ, ਮੰਜੇ ਜੋੜ ਕੇ ਲੱਗਦੇ ਸੀ,
ਸਭ ਸੂਈਆਂ ਚੁੱਕਣ ਭੱਜਦੇ ਸੀ,
ਸੱਜਣੋਂ ਜ਼ਮਾਨੇ ਗੁਜ਼ਰ ਗਏ,
ਮਿੱਤਰੋ ਜ਼ਮਾਨੇ ਬਦਲ ਗਏ। ਪੰਨਾ : 24
ਲੇਖਕ ਨੇ ਬਰਸਾਤਾਂ ਤੋਂ ਪਹਿਲਾਂ ਕੋਠੇ ਲਿੱਪਣ, ਸਕੂਲੋਂ ਛੁੱਟੀਆਂ ਹੋਣਾਂ, ਮਦਾਰੀ ਦੇ ਤਮਾਸ਼ੇ, ਘੁਲਾੜੀਆਂ 'ਚ ਗੁੜ ਪਕਾਉਣਾ, ਭੱਠੀਆਂ ਤੋਂ ਦਾਣੇ ਭੁੰਨਾਉਣਾ ਆਦਿ ਪੇਂਡੂ ਵਿਰਾਸਤੀ ਦ੍ਰਿਸ਼ਾਂ ਨੂੰ ਕਾਵਿਕ ਰੂਪ 'ਚ ਬਾਖ਼ੂਬੀ ਚਿਤਰਿਆ ਹੈ ਅਤੇ ਪਾਠਕ ਦੇ ਅੱਗੋਂ ਪੁਰਾਣੇ ਪੰਜਾਬ ਦੇ ਅਮੀਰ ਸੱਭਿਆਚਾਰ ਦੇ ਇਹ ਖ਼ੂਬਸੂਰਤ ਦਿਨ ਕਿਸੇ ਫ਼ਿਲਮ ਦੇ ਸੀਨ ਵਾਂਗ ਅੱਖਾਂ ਅੱਗੇ ਘੁੰਮਣ ਲੱਗਦੇ ਹਨ। ਇਸ ਕਾਵਿ ਕੋਸ਼ 'ਚ ਲੇਖਕ ਨੇ ਪੇਂਡੂ ਸੱਭਿਆਚਾਰ ਨਾਲ ਸੰਬੰਧਿਤ ਕਈ ਅਜਿਹੇ ਸ਼ਬਦਾਂ ਦੇ ਨਵੀਂ ਪੀੜ੍ਹੀ ਨੂੰ ਦਰਸ਼ਨ-ਦੀਦਾਰੇ ਕਰਵਾਏ ਹਨ, ਜੋ ਬਿਲਕੁਲ ਅਲੋਪ ਹੋਣ ਕਿਨਾਰੇ ਹਨ ਜਿਵੇਂ: ਹੋਲਾਂ ਭੁੰਨਣਾ, ਬੋਹੜ ਦੀਆਂ ਗੋਲਾਂ, ਭੰਬੋਲਾਂ ਖਾਣੀਆਂ, ਵਣ ਕਰੇਲੇ, ਸਿੰਬਲ ਡੋਡੇ, ਫਲ੍ਹਾ, ਮੰਜੇ ਦੇ ਸੇਰੂ, ਸ਼ਤੀਰ, ਬਹੁਲੀ, ਡੋਕੇ, ਲਵੇਰਾ, ਰੀਣ, ਭੜੋਲੇ, ਮੱਟ, ਗੋਹਲੇ ਪੱਥਣੇ, ਅਟੇਰਨਾ, ਗੋਹੜਾ, ਗਲੋਟੇ, ਅੱਟੀਆਂ, ਮੂੜ੍ਹੇ ਆਦਿ ਵਿਸਰ ਚੁੱਕੇ ਸ਼ਬਦਾਂ ਨੂੰ ਸੰਭਾਲਨ ਦਾ ਯਤਨ ਕੀਤਾ ਹੈ। ਲੇਖਕ ਹਸਮੁੱਖ ਨੇ ਇਸ ਲੰਮੀ ਕਵਿਤਾ (ਮਹਾਂ ਕਾਵਿ) ਨੂੰ ਇਕ ਸਥਾਈ ਉਪਰ ਸਿਰਜਿਆ ਹੈ। ਪੰਜਾਬ ਦੀ ਲੋਕ ਧਾਰਾ ਦੀਆਂ ਖੁਸ਼ਬੋਆਂ ਨਾਲ ਲਬਰੇਜ਼ ਇਸ ਕਾਵਿ ਰਚਨਾ ਦੀ ਛੰਦਾ-ਬੰਦੀ ਰਸਮਈ ਹੋਣ ਦੇ ਨਾਲ-ਨਾਲ ਲੇਖਕ ਦੀ ਵਿਸ਼ਿਆਂ ਬਾਰੇ ਗਹਿਰੀ ਜਾਣਕਾਰੀ ਇਸ ਪੁਸਤਕ ਨੂੰ ਹੋਰ ਸੁਆਦਲਾ ਬਣਾਉਂਦੀ ਪ੍ਰਤੀਤ ਹੁੰਦੀ ਹੈ। ਲੇਖਕ ਵਧਾਈ ਦਾ ਪਾਤਰ ਹੈ। ਇਸ ਖ਼ੂਬਸੂਰਤ ਪੁਸਤਕ ਦਾ ਭਰਪੂਰ ਸਵਾਗਤ ਕਰਨਾ ਬਣਦਾ ਹੈ।
-ਮਨਜੀਤ ਸਿੰਘ ਘੜੈਲੀ
ਮੋਬਾਈਲ : 98153-91625
ਬੰਟਿਆਂ ਦੀ ਸ਼ਬਜ਼ੀ
ਲੇਖਕ : ਸੁਖਦੇਵ ਸਿੰਘ ਸ਼ਾਂਤ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ ਸਮਾਣਾ
ਮੁੱਲ : 100 ਰੁਪਏ, ਸਫੇ : 20
ਸੰਪਰਕ : 98149-01254

ਹੱਥਲੀ ਪੁਸਤਕ ਬੰਟਿਆਂ ਦਾ ਸ਼ਬਜ਼ੀ ਸੁਖਦੇਵ ਸਿੰਘ ਸ਼ਾਂਤ ਦੀ ਬਾਲ ਪੁਸਤਕ ਵਿਚ 8 ਬਾਲ ਕਹਾਣੀਆਂ ਸ਼ਾਮਿਲ ਹਨ ਜੋ ਕਿ ਬਹੁਤ ਹੀ ਸ਼ਾਨਦਾਰ ਢੁਕਦੀਆਂ ਤਸਵੀਰਾਂ ਨਾਲ ਸ਼ਿੰਗਾਰੀਆਂ ਹੋਈਆਂ ਹਨ। ਸਭ ਰਚਨਾਵਾਂ ਸਰਲ ਠੇਠ ਅਤੇ ਬਾਲਾਂ ਦੇ ਮਾਨਸਿਕ ਪੱਧਰ ਦੀਆਂ ਹਨ। ਸੁਖਦੇਵ ਸ਼ਾਤ ਪੰਜਾਬੀ ਦੇ ਬਹੁਤ ਹੀ ਸਤਿਕਾਰਤ ਸਾਹਿਤਕਾਰ ਹਨ ਇਸ ਤੋਂ ਪਹਿਲਾਂ ਉਹ ਸਾਹਿਤ ਦੀਆਂ ਵੱਖ-ਵੱਖ ਵਿਧਾਵਾਂ ਵਿਚ 15 ਦੇ ਕਰੀਬ ਪੁਸਤਕਾਂ ਪੰਜਾਬੀ ਮਾਂ-ਬੋਲੀ ਦੀ ਝੋਲੀ ਪਾ ਚੁੱਕੇ ਹਨ। ਇਸ ਕਿਤਾਬ ਦੀਆਂ ਸਾਰੀਆਂ ਰਚਨਾਵਾਂ ਜਿੱਥੇ ਬਾਲਾਂ ਦਾ ਭਰਪੂਰ ਮਨੋਰੰਜਨ ਕਰਦੀਆਂ ਹਨ ਉਥੇ ਸੁਭਾਵਿਕ ਹੀ ਬਾਲਾਂ ਨੂੰ ਸਿੱਖਿਆ ਵੀ ਦਿੰਦੀਆਂ ਹਨ।
ਜਿਵੇਂ:- 'ਬੰਟਿਆਂ ਦੀ ਸ਼ਬਜ਼ੀ' ਕਹਾਣੀ ਬੜੀ ਦਿਲਚਸਪ ਹੈ ਲੇਖਕ ਆਪਣੇ ਪਿਤਾ ਜੀ ਨਾਲ ਬੈਠਾ ਰੋਟੀ ਖਾ ਰਿਹਾ ਸੀ ਪਿਤਾ ਜੀ ਨੇ ਪੁੱਛਿਆ , 'ਸੁਖਦੇਵ ਬੇਟਾ ਅੱਜ ਭਲਾ ਆਪਾਂ ਕਾਹਦੀ ਸ਼ਬਜ਼ੀ ਖਾ ਰਹੇ ਹਾਂ ?' ਤਾਂ ਮੈਂ ਕਿਹਾ ਡੈਡੀ ਜੀ ਆਲੂ ਮਟਰਾਂ ਦੀ ਸਬਜ਼ੀ ਖਾ ਰਹੇ ਹਾਂ।' ਤਾਂ ਪਿਤਾ ਜੀ ਹੱਸ ਕੇ ਕਹਿੰਦੇ, 'ਨਹੀਂ ਪੁੱਤਰਾ! ਆਪਾਂ ਅੱਜ ਬੰਟਿਆਂ ਦੀ ਸਬਜ਼ੀ ਖਾ ਰਹੇ ਹਾਂ।' ਮੈਂ ਬਹੁਤ ਹੈਰਾਨ ਸੀ ਕਿ ਪਿਤਾ ਜੀ ਮਟਰਾਂ ਨੂੰ 'ਬੰਟੇ' ਕਿਉਂ ਆਖ ਰਹੇ ਹਨ ਕੋਲ਼ ਹੀ ਮੇਰੇ ਮਾਤਾ ਜੀ ਸੁਣ ਰਹੇ ਸਨ ਉਨ੍ਹਾਂ ਨੇ ਝੱਟ ਕਿਹਾ 'ਪੁੱਤਰਾ! ਤੂੰ ਛੋਟਾ ਹੁੰਦਾ ਬੰਟੇ ਬਹੁਤ ਖੇਡਦਾ ਸੀ। ਤੈਨੂੰ ਪੜ੍ਹਾਈ ਨਾਲੋਂ ਵੱਧ ਬੰਟਿਆਂ ਨਾਲ ਪਿਆਰ ਸੀ। ਇਕ ਦਿਨ ਅਸੀਂ ਤੇਰੇ ਬੰਟੇ ਲਕੋ ਦਿੱਤੇ ਸਨ ਜਦੋਂ ਤੂੰ ਬੜੀ ਬੇਸਬਰੀ ਨਾਲ ਭਾਲ਼ ਰਿਹਾ ਸੀ ਤਾਂ ਅਸੀਂ ਤੈਨੂੰ ਆਖ ਦਿੱਤਾ ਸੀ ਤੇਰੇ ਬੰਟਿਆਂ ਦੀ ਸਬਜ਼ੀ ਬਣਾ ਲਈ ਹੈ। ਤੂੰ ਬੱਚਾ ਸੀ ਝੱਟ ਮੰਨ ਗਿਆ ਸੀ ਕਿ ਇਹ ਤਾਂ ਸੱਚ-ਮੁੱਚ ਹੀ ਮੇਰੇ ਬੰਟਿਆਂ ਦੀ ਸਬਜ਼ੀ ਬਣਾ ਲਈ ਹੈ। ਤੂੰ ਉਸ ਤੋਂ ਬਾਅਦ ਬੰਟਿਆਂ ਦਾ ਖਹਿੜਾ ਛੱਡ ਕੇ ਪੜ੍ਹਾਈ ਵਿਚ ਜੁੱਟ ਗਿਆ ਸੀ । ਮਾਤਾ ਜੀ ਨੇ ਮੇਰੇ ਬੰਟਿਆਂ ਦੀ ਸ਼ਬਜ਼ੀ ਕਹਿਣ ਦੀ ਬਚਪਨ ਦੀ ਕਹਾਣੀ ਸੁਣਾ ਕੇ ਮੈਨੂੰ ਹੈਰਾਨ ਕਰ ਦਿੱਤਾ ਸੀ। ਏਸੇ ਤਰ੍ਹਾਂ 'ਮਾਂ ਬੋਲੀ ਦੀ ਕਹਾਣੀ' ਪੰਜਾਬੀ ਮਾਂ-ਬੋਲੀ ਦਾ ਮਹੱਤਵ ਸਮਝਾਉਂਦੀ ਹੈ। ਅਮਰੀਕਾ ਗਿਆ ਦਾਦਾ ਕੋਸ਼ਿਸ਼ ਕਰ ਰਿਹਾ ਸੀ ਕਿ ਮੇਰਾ ਪੋਤਰਾ ਅਤੇ ਪੋਤਰੀ ਪੰਜਾਬੀ ਮਾਂ-ਬੋਲੀ ਵਿਚ ਗੱਲ ਕਰਨ ਪਰ ਉਨ੍ਹਾਂ ਦੇ ਮੰਮੀ-ਡੈਡੀ ਆਪਣੀ ਡਿਊਟੀ ਸਮੇਂ ਅੰਗਰੇਜ਼ੀ ਬੋਲਦੇ ਕਰਕੇ ਘਰ ਆ ਕੇ ਵੀ ਬੱਚਿਆਂ ਨਾਲ ਅੰਗਰੇਜ਼ੀ ਵਿਚ ਹੀ ਗੱਲ ਕਰਦੇ ਸਨ। ਕੁਝ ਸਮੇਂ ਬਾਅਦ ਉਨ੍ਹਾਂ ਦੇ ਨਜ਼ਦੀਕ ਹੀ ਇਕ ਰੂਸੀ ਪਰਿਵਾਰ ਰਹਿਣ ਲੱਗ ਪਿਆ। ਉਨ੍ਹਾਂ ਦੇ ਬੱਚੇ ਇਨ੍ਹਾਂ ਬੱਚਿਆਂ ਦੇ ਹਾਣੀ ਕਰਕੇ ਫਰੈਂਡ ਬਣ ਗਏ ਸਨ। ਜਦੋਂ ਪੰਜਾਬੀ ਬੱਚੇ ਆਪਣੇ ਦੋਸਤ ਦੇ ਘਰ ਜਾਂਦੇ ਤਾਂ ਉਹ ਆਪਣੀ ਬੋਲੀ ਰੂਸੀ ਵਿਚ ਗੱਲ ਕਰਦੇ ਸਨ ਉਨ੍ਹਾਂ ਬੱਚਿਆਂ ਨੇ ਇਨ੍ਹਾਂ ਬੱਚਿਆਂ ਨੂੰ ਆਖਿਆ ਕਿ ਅਸੀਂ ਤਾਂ ਰੂਸੀ ਬੋਲੀਇਸ ਕਰਕੇ ਸਿੱਖ ਰਹੇ ਹਾਂ ਤਾਂ ਕਿ ਜਦੋਂ ਮੰਮੀ ਡੈਡੀ ਨਾਲ ਅਸੀਂ ਰੂਸ ਜਾਈਏ, ਸਾਨੂੰ ਕੋਈ ਮੁਸ਼ਕਿਲ ਨਾ ਆਵੇ। ਇਨ੍ਹਾਂ ਪੰਜਾਬੀ ਬੱਚਿਆਂ ਨੂੰ ਇਹ ਗੱਲ ਬਹੁਤ ਹੀ ਚੰਗੀ ਲੱਗੀ ਉਹ ਵੀ ਘਰ ਆ ਕੇ ਜਦੋਂ ਦਾਦੇ ਵਲੋਂ ਸਿਖਾਈ ਗਈ ਸਾਫ਼ ਪੰਜਾਬੀ ਬੋਲਣ ਲੱਗੇ ਤਾਂ ਸਾਰੇ ਮੈਂਬਰ ਹੈਰਾਨ ਸਨ। ਪੰਜਾਬੀ ਮਾਂ-ਬੋਲੀ ਦੀ ਝੋਲ਼ੀ ਵਿਚ ਪਿਆਰੀ ਪੁਸਤਕ ਪਾਉਣ 'ਤੇ ਮੈਂ ਲੇਖਕ ਨੂੰ ਸ਼ਾਬਾਸ਼ ਅਤੇ ਮੁਬਾਰਕਬਾਦ ਦਿੰਦਾ ਹਾਂ।
-ਅਮਰੀਕ ਸਿੰਘ ਤਲਵੰਡੀ ਕਲਾਂ
ਮੋਬਾਈਲ : 94635-42896
ਜਪੁ ਜੀ ਸਾਹਿਬ ਸਟੀਕ
(ਅਰਥਾਂ ਸਹਿਤ ਵਿਆਖਿਆ)
ਲੇਖਕ : ਪ੍ਰਿੰਸੀਪਲ ਸੁਰਜੀਤ ਸਿੰਘ
ਪ੍ਰਕਾਸ਼ਕ : ਭਾਈ ਚਤਰ ਸਿੰਘ-ਜੀਵਨ ਸਿੰਘ ਅੰਮ੍ਰਿਤਸਰ
ਭੇਟਾ : 360 ਰੁਪਏ, ਸਫੇ : 80
ਸੰਪਰਕ : 0183-5011003

ਹਥਲੀ ਪੁਸਤਕ ਦੇ ਲੇਖਕ ਨੇ ਜਪੁ ਜੀ ਸਾਹਿਬ ਦੀ ਪਾਵਨ ਬਾਣੀ ਨੂੰ ਅਰਥਾਂ ਤੇ ਵਿਆਖਿਆ ਸਹਿਤ ਗੁਰਬਾਣੀ ਪ੍ਰੇਮੀਆਂ ਤੇ ਗੁਰਮਤਿ ਦੀ ਕਸੌਟੀ ਨੂੰ ਮੱਦੇਨਜ਼ਰ ਰੱਖਦਿਆਂ ਸੰਗਤ ਦੇ ਸਨਮੁਖ ਪੇਸ਼ ਕਰਨ ਦਾ ਸ਼ਲਾਘਾਯੋਗ ਉੱਦਮ ਕੀਤਾ ਹੈ। ਇਸ ਤੋਂ ਪਹਿਲਾਂ ਵੀ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਇਸ ਸ਼ਾਹਕਾਰ ਪਾਵਨ ਬਾਣੀ ਨੂੰ ਸਿੱਖ ਅਤੇ ਗੁਰਸਿੱਖ ਵਿਦਵਾਨਾਂ ਨੇ ਵੀ ਵੱਡੀ ਗਿਣਤੀ ਵਿਚ 'ਜਪੁ ਜੀ ਸਟੀਕ' ਧਰਮ ਦੀਆਂ ਗੁੱਝੀਆਂ ਰਮਜ਼ਾਂ ਸਮਝਣ ਵਾਲੇ ਪਾਠਕਾਂ ਦੇ ਗੋਚਰੇ ਪੇਸ਼ ਕਰਕੇ ਆਪਣੇ ਫ਼ਰਜ਼ ਦੀ ਪੂਰਤੀ ਕੀਤੀ ਹੈ। ਲੇਖਕ ਮੁਤਾਬਿਕ ਗੁਰੂ ਸਾਹਿਬ ਜਦੋਂ ਇਕਾਂਤ ਵਿਚ ਬੈਠੇ ਲੋਕਾਈ ਦੇ ਕਰਮਾਂ ਨੂੰ ਵਾਚ ਰਹੇ ਸਨ। ਉਸ ਸਮੇਂ ਉਨ੍ਹਾਂ 'ਜਪੁ' ਦੀ ਪਾਵਨ ਬਾਣੀ ਵਿਚ ਉਸ ਕਰਤੇ ਅਤੇ ਸੱਚੇ ਸਾਹਿਬ ਦੀ ਉਹ ਛੁਪਵੀਂ ਥਾਂ ਅਤੇ ਉਸ ਦੇ ਸੱਚੇ ਨਾਮ ਨੂੰ ਜਾਣਨ, ਸਮਝਣ ਤੱਕ ਕਿਵੇਂ ਪਹੁੰਚਣਾ ਹੈ, ਉਸ ਉੱਚੇ ਦੀ ਸੱਚੀ ਤੇ ਸੁੱਚੀ ਜੀਵਨ ਜੁਗਤਿ ਨੂੰ ਪ੍ਰਾਪਤ ਕਰਨ ਲਈ ਪਹੁੰਚ ਮਾਰਗ ਦੀਆਂ ਕਠਿਨਾਈਆਂ, ਪਹੁੰਚ ਮਾਰਗ ਦੇ ਵੱਖ-ਵੱਖ ਪੜਾਵਾਂ ਦੀ ਪਹਿਚਾਣ ਤੇ ਨਾ ਦੱਸਣਯੋਗ ਉਨ੍ਹਾਂ ਟਿਕਾਣਿਆਂ ਨੂੰ ਸਪੱਸ਼ਟ ਹੀ ਨਹੀਂ ਕੀਤਾ, ਸਗੋਂ ਸਮੁੱਚੀ ਲੋਕਾਈ ਦਾ ਮਾਰਗ ਦਰਸ਼ਨ ਵੀ ਕੀਤਾ ਹੈ। ਜਦੋਂ ਵੀ ਕੋਈ ਜਗਿਆਸੂ ਇਸ ਮਾਰਗ ਦਾ ਪਾਂਧੀ ਬਣਦਾ ਹੈ, ਉਹ ਆਪਣੇ ਮਨ ਦੀ ਅਵਸਥਾ ਨੂੰ ਬਿਆਨ ਨਹੀਂ ਕਰ ਸਕਦਾ ਹੈ, ਜਿਵੇਂ ਕੋਈ ਗੂੰਗਾ ਮਨੁੱਖ ਖਾਧੀ ਹੋਈ ਮਠਿਆਈ ਦੇ ਸਵਾਦ ਨੂੰ ਦੱਸਣ ਤੋਂ ਅਸਮਰੱਥ ਹੁੰਦਾ ਹੈ। ਪਰ ਨਾਲ ਹੀ ਇਹ ਕੀਮਤੀ ਰਤਨ ਲੁਕਾਇਆਂ ਵੀ ਲੁਕ ਨਹੀਂ ਸਕਦਾ।
ਸੁਹਿਰਦ ਲੇਖਕ ਨੇ ਇਸ ਛੋਟੀ ਤੇ ਬਹੁ-ਪਰਤੀ ਪੁਸਤਕ ਨੂੰ ਪੰਜ ਭਾਗਾਂ ਵਿਚ ਵੰਡਿਆ ਹੈ। ਪਹਿਲੇ ਭਾਗ ਵਿਚ 'ਬੇਨਤੀ' ਦੇ ਸ਼ਬਦਾਂ ਤੋਂ ਸਾਂਝ ਤੋਂ ਬਾਅਦ 'ਗੁਰੂ ਨਾਨਕ ਸਾਹਿਬ ਦਾ ਜੀਵਨ', 'ਜਪੁ ਜੀ ਸਾਹਿਬ ਦਾ ਕੇਂਦਰੀ ਭਾਵ', 'ਜਪੁ ਜੀ ਸਾਹਿਬ ਦੀ ਪਾਵਨ ਬਾਣੀ ਦਾ ਪਉੜੀ ਵਾਰ ਸਾਰ' (ਗੁਰਬਾਣੀ ਦੀ ਰੌਸ਼ਨੀ ਵਿਚ), ਚੌਥੇ ਭਾਗ ਵਿਚ 'ਜਪੁ ਜੀ ਦਾ ਤੱਤ ਸਾਰ ਭਾਵ' ਅਤੇ ਪੰਜਵੇਂ ਹਿੱਸੇ ਵਿਚ 'ਜਪੁ ਜੀ ਸਾਹਿਬ ਦੇ 'ਪਦ ਅਰਥ' ਤੇ 'ਭਾਵ ਅਰਥ' ਪਾਠਕਾਂ ਦੇ ਸਪੁਰਦ ਕੀਤੇ ਹਨ। ਅਸਲ ਵਿਚ ਜਗਤ ਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਦੀ ਇਸ ਪਾਵਨ ਬਾਣੀ ਦੀ ਸਮੁੱਚੀ ਵਿਚਾਰ ਇਸੇ ਦੇ ਇਰਦ-ਗਿਰਦ ਘੁੰਮਦੀ ਹੈ ਕਿ ਸੱਚ ਕੀ ਹੈ ਅਤੇ ਮਨੁੱਖ ਨੇ ਸਚਿਆਰ ਕਿਵੇਂ ਬਣਨਾ ਹੈ? ਗੁਰੂ ਸਾਹਿਬ ਨੇ ਉਸ ਕਰਤਾ-ਪੁਰਖ ਨਿਰੰਕਾਰ ਲਈ 'ਸੱਚਾ ਸਾਹਿਬ' ਅਤੇ ਉਸ ਦੇ ਨਾਂਅ ਲਈ ਵੀ 'ਸੱਚ ਨਾਮ' ਹੀ ਵਰਤੇ ਹਨ। ਅਸੀਂ ਰੋਜ਼ਾਨਾ ਜੀਵਨ ਵਿਚ ਵੇਖਦੇ ਹਾਂ ਕਿ ਇਹ ਚੰਚਲ ਮਨ ਹਉਮੈ ਦੀ ਬਰੀਕ ਪਰਤ ਕਾਰਨ ਅੰਸ਼, ਵੰਸ਼, ਕੁਲ, ਰੂਪ ਅਤੇ ਰਾਜਸੀ ਤਾਕਤ ਹੇਠ ਗਫ਼ਲਤ ਦੀ ਨੀਂਦ ਵਿਚ ਸੁੱਤਾ ਪਿਆ ਹੈ। ਉਸ ਸੱਚੇ ਦਾ ਹੁਕਮ ਮੰਨਣ ਤੋਂ ਆਕੀ ਹੋਇਆ ਬੈਠਾ ਹੈ। ਜੋ ਹੁਕਮ ਵਿਚ ਚੱਲਣਾ ਸਿੱਖ ਲੈਂਦੇ ਹਨ, ਉਨ੍ਹਾਂ ਦੀ ਜੀਵਨ ਜਾਚ ਵੀ ਬਦਲ ਜਾਂਦੀ ਹੈ। ਜਦੋਂ ਜੀਵਨ ਵਿਚ ਤਬਦੀਲੀ ਆਉਂਦੀ ਹੈ ਤਾਂ ਇਸ ਔਝੜੇ ਪਏ ਮਨ ਵਿਚੋਂ ਹਉਮੈ ਦੀਆਂ ਜੜ੍ਹਾਂ ਵਿਚ ਬੈਠੇ ਵਿਕਾਰ ਕਾਮ, ਕ੍ਰੋਧ, ਲੋਭ, ਮੋਹ ਵੀ ਕਾਬੂ ਵਿਚ ਆਉਣੇ ਸ਼ੁਰੂ ਹੋ ਜਾਂਦੇ ਹਨ।
ਅਸੀਂ ਇਸ ਗੱਲ ਨੂੰ ਭਲੀ ਭਾਂਤ ਸਮਝ ਸਕਦੇ ਹਾਂ 'ਜਪੁ ਜੀ' ਸਾਹਿਬ ਦਾ ਆਰੰਭ 'ਸੱਚ ਦੇ ਜਪ' ਨਾਲ ਹੁੰਦਾ ਹੈ ਅਤੇ ਸਮਾਪਤੀ ਪੰਜਾਂ ਖੰਡਾਂ ਦੀ ਯਾਤਰਾ ਤੋਂ ਬਾਅਦ 'ਸੱਚਖੰਡ' ਦੀ ਅਵਸਥਾ ਸਿਰਜ ਕੇ ਹੁੰਦੀ ਹੈ। ਇਸ ਪੂਰੀ ਸ਼ਾਹਕਾਰ ਰਚਨਾ ਵਿਚ ਵਰਤੇ ਅਨੇਕਾਂ ਸ਼ਬਦ ਬੇ-ਪ੍ਰਵਾਹ, ਸਾਚਾ ਸਾਹਿਬ, ਸਾਚਾ ਨਾਮ, ਦਾਤਾਰ, ਇਕ ਦਾਤਾ, ਨਿਰੰਜਨ, ਨਿਰੰਕਾਰ, ਕਰਤਾ ਪੁਰਖ, ਵੱਡਾ ਤੇ ਵੱਡਾ ਸਾਹਿਬ, ਵੱਡਾ ਦਾਤਾ, ਸਾਚਾ, ਪਾਤਸ਼ਾਹ, ਸਾਹ-ਪਾਤ ਸਾਹਿਬ, ਸਿਰਜਣ ਹਾਰ, ਰਾਮ, ਜਗਦੀਸ਼, ਦਾਤਾਰ ਉਸ ਦੇ ਬੇਅੰਤ, ਬ੍ਰਹਮੰਡੀ ਪਸਾਰੇ ਦਾ ਵਰਨਣ ਕਰ ਰਹੇ ਹਨ, ਨਾਲ ਹੀ, ਸਰਗੁਣ ਨਿਰਗੁਣ ਤੇ ਨਿਰੰਕਾਰ ਵੀ ਆਪ ਹੀ ਹੈ।
ਇਸ ਪਾਵਨ ਬਾਣੀ ਵਿਚ ਗੁਰਬਾਣੀ ਵਿਆਕਰਣ ਨੂੰ ਵੀ ਗੁਰੂ ਸਾਹਿਬ ਨੇ ਧਿਆਨ ਗੋਚਰੇ ਰੱਖਿਆ ਹੈ। ਲੇਖਕ ਅਨੁਸਾਰ ਮਨੁੱਖੀ ਗਿਆਨ ਇੰਦਰੀਆਂ ਦੀ ਪਹੁੰਚ, ਸਿਰਫ਼ ਦ੍ਰਿਸ਼ਟਮਾਨ ਸਥੂਲ ਸੱਚ ਪਸਾਰੇ ਤੱਕ ਦੀਆਂ ਉਡਾਰੀਆਂ ਤੱਕ ਹੀ ਸੀਮਤ ਹੋ ਜਾਂਦੀ ਹੈ। ਅਸੀਂ ਕੇਵਲ ਇਹ ਹੀ ਵੇਖਣਾ ਹੈ ਮਨ ਦੀ ਸੁਚੱਤਾ, ਸ਼ੁੱਧਤਾ, ਸੱਚ ਦੀ ਸੋਝੀ ਅਤੇ ਸਚਿਆਰ ਦੀ ਅਵਸਥਾ ਦਾ ਸਫਰ ਕਿਵੇਂ ਤੈਅ ਕਰਨਾ ਹੈ, ਹਉਮੈ ਤੇ ਕੂੜ ਦੀ ਕੰਧ ਨੂੰ ਕਿਵੇਂ ਤੋੜਨਾ ਹੈ।
ਪਾਠਕਾਂ ਲਈ ਇਸ ਬੇਸ਼ਕੀਮਤੀ ਪੁਸਤਕ ਨੂੰ ਪੇਸ਼ ਕਰਨ ਤੋਂ ਪਹਿਲਾਂ ਲੇਖਕ ਦਾ ਮੰਨਣਾ ਹੈ ਕਿ ਗੁਰਬਾਣੀ ਨੂੰ ਹਿਰਦੇ ਦੀਆਂ ਡੂੰਘਾਈਆਂ ਤੱਕ ਪੜ੍ਹਨ ਤੇ ਵਾਚਣ ਤੋਂ ਬਾਅਦ ਹੀ ਇਸ 'ਸਟੀਕ' ਨੂੰ ਕਲਮ ਤੇ ਕਾਗਜ਼ ਤੇ ਉਤਾਰਨਾ ਸ਼ੁਰੂ ਕੀਤਾ। ਲੇਖਕ ਦੀ ਮਿਹਨਤ ਦੀ ਦਾਦ ਗੁਰਮਤਿ ਦੇ ਗਹਿਰ-ਗੰਭੀਰ ਪਾਠਕ ਹੀ ਦੇ ਸਕਦੇ ਹਨ।
-ਭਗਵਾਨ ਸਿੰਘ ਜੌਹਲ
ਮੋਬਾਈਲ : 98143-24040
ਤੁਲਨਾਤਮਕ ਅਧਿਐਨ
(ਗੁਰਦਿਆਲ ਸਿੰਘ ਤੇ ਨਿਰਮਲ ਵਰਮਾ)
ਲੇਖਕ : ਡਾ. ਹਰਜੀਤ ਸਿੰਘ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 320 ਰੁਪਏ, ਸਫ਼ੇ : 265
ਸੰਪਰਕ : 84279-22889

ਸਾਹਿਤ ਦੇ ਸਮੀਖਿਅਕ ਰੁਝਾਨਾਂ ਵਿਚ ਤੁਲਨਾਤਮਿਕ ਵਿਧੀ ਦਾ ਆਪਣਾ ਵਿਧੀ ਵਿਧਾਨ ਅਤੇ ਮੌਲਿਕ ਮਹੱਤਵ ਹੈ। ਇਸ ਵਿਧੀ ਦੁਆਰਾ ਦੋ ਜਾਂ ਵੱਧ ਲੇਖਕਾਂ ਦੇ ਮਹਿਜ਼ ਸਮੀਖਿਅਕ ਸਰੋਕਾਰਾਂ ਨੂੰ ਹੀ ਟਕਰਾਅ ਕੇ ਨਹੀਂ ਦੇਖਿਆ ਜਾਂਦਾ ਸਗੋਂ ਵੱਖੋ-ਵੱਖਰੇ ਸੰਸਕ੍ਰਿਤਕ, ਸਮਾਜਿਕ ਅਤੇ ਭੂਗੋਲਿਕ ਪਰਿਵੇਸ਼ ਵਿਚੋਂ ਨਿਕਲਦੀ ਸਿਰਜਣਾ ਦਾ ਸੰਵਾਦਮੂਲਕ ਅਧਿਐਨ ਕੀਤਾ ਜਾਂਦਾ ਹੈ। ਇਸ ਵਿਧੀ ਦੁਆਰਾ ਕਿਸੇ ਲੇਖਕ ਨੂੰ ਦੂਜੇ ਤੋਂ ਉੱਤਮ, ਮੱਧਮ ਜਾਂ ਨਿਮਨ ਸਾਬਿਤ ਕਰਨ ਦੀ ਥਾਂ ਉਨ੍ਹਾਂ ਦੇ ਸਿਰਜਣ ਸਰੋਤ, ਵਿਚਾਰਕ ਸੰਵਾਦ ਅਤੇ ਕਲਾਤਮਿਕ ਪ੍ਰਤਿਭਾ ਨੂੰ ਬਹੁਤ ਗਹਿਨਤਾ ਨਾਲ ਪਰਖਿਆ ਜਾਂਦਾ ਹੈ। ਵਿਚਾਰ ਅਧੀਨ ਪੁਸਤਕ ਡਾ. ਹਰਜੀਤ ਸਿੰਘ ਦੀ ਇਸੇ ਪ੍ਰਕਾਰ ਦੀ ਆਲੋਚਨਾਤਮਿਕ ਕ੍ਰਿਤ ਹੈ, ਜਿਸ ਵਿਚ ਖੋਜਾਰਥੀ ਨੇ ਪੁਸਤਕ ਪੰਜਾਬੀ ਦੇ ਪ੍ਰਸਿੱਧ ਨਾਵਲਕਾਰ ਗੁਰਦਿਆਲ ਸਿੰਘ ਅਤੇ ਹਿੰਦੀ ਭਾਸ਼ਾ ਦੇ ਚਰਚਿਤ ਕਥਾਕਾਰ ਨਿਰਮਲ ਵਰਮਾ ਦੇ ਨਾਵਲਾਂ ਨੂੰ ਬਹੁਤ ਸੂਖਮਤਾ ਭਰੀ ਖੋਜੀ ਚੇਤਨਾ ਨਾਲ ਪਰਖ ਕੇ ਪੇਸ਼ ਕੀਤਾ ਹੈ। ਦੋ ਭਾਸ਼ਾਵਾਂ ਦੇ ਪ੍ਰਤੀਨਿਧ ਨਾਵਲਕਾਰਾਂ ਨੂੰ ਵਿਸ਼ਾ, ਕਲਾ ਅਤੇ ਦ੍ਰਿਸ਼ਟੀ ਦੇ ਪੱਖ ਤੋਂ ਤੁਲਨਾਤਮਿਕ ਪਰਿਪੇਖ ਵਿਚ ਪ੍ਰਸਤੁਤ ਕਰਕੇ ਪ੍ਰਮਾਣਿਕ ਧਾਰਨਾਵਾਂ ਦੀ ਨਿਸ਼ਾਨਦੇਹੀ ਕਰਨ ਪੱਖੋਂ ਇਹ ਕਿਤਾਬ ਬੇਹੱਦ ਅਹਿਮ ਹੈ। ਕਿਤਾਬ ਦੇ ਪਹਿਲੇ ਅਧਿਆਏ ਵਿਚ ਤੁਲਨਾਤਮਿਕ ਸਾਹਿਤ ਅਧਿਐਨ ਦੇ ਸਿਧਾਂਤਕ ਪ੍ਰਸੰਗ ਬਾਰੇ ਚਰਚਾ ਕੀਤੀ ਗਈ ਹੈ, ਜਿਸ ਅਧੀਨ ਇਸ ਅਧਿਐਨ ਵਿਧੀ ਦੀ ਪਰਿਭਾਸ਼ਾ, ਸਰੂਪ, ਪ੍ਰਕਿਰਤੀ ਅਤੇ ਸਮੁੱਚੇ ਫਲਸਫੇ ਦਾ ਮੁਲਾਂਕਣ ਕੀਤਾ ਗਿਆ ਹੈ। ਇਸ ਉਪਰੰਤ ਪੰਜਾਬੀ ਭਾਸ਼ਾ ਵਿਚ ਰਚੇ ਕਾਵਿ ਅਤੇ ਵਾਰਤਕ ਸਾਹਿਤ ਨੂੰ ਤੁਲਨਾਤਮਿਕ ਤੌਰ 'ਤੇ ਸਮੀਖਿਆ ਦਾ ਕੇਂਦਰ ਬਣਾਇਆ ਗਿਆ ਹੈ। ਤੀਸਰੇ ਅਧਿਆਏ ਵਿਚ ਗੁਰਦਿਆਲ ਸਿੰਘ ਅਤੇ ਨਿਰਮਲ ਵਰਮਾ ਦੇ ਨਾਵਲਾਂ ਅੰਦਰ ਪੇਸ਼ ਸਮਾਜਿਕ, ਸੰਸਕ੍ਰਿਤਕ, ਰਾਜਸੀ ਜੀਵਨ ਨੂੰ ਆਧਾਰ ਬਣਾ ਕੇ ਤੁਲਨਾਇਆ ਗਿਆ ਹੈ। ਇਸੇ ਤਰ੍ਹਾਂ ਅਗਲੇ ਅਧਿਆਏ ਵਿਚ ਦੋਵੇਂ ਨਾਵਲਕਾਰਾਂ ਦੀ ਟੈਕਸਟ ਅੰਦਰਲੇ ਜਾਤੀ, ਜਮਾਤੀ ਵਿਚਾਰਕ ਦ੍ਰਿਸ਼ਟੀਕੋਣ ਅਤੇ ਕਲਾਤਮਿਕ ਪਰਿਪੇਖ ਨੂੰ ਟਕਰਾ ਕੇ ਮੁੱਲਵਾਨ ਧਾਰਨਾਵਾਂ ਪ੍ਰਸਤੁਤ ਹੋਈਆਂ ਹਨ। ਕਿਤਾਬ ਵਿਚ ਦੋਵੇਂ ਨਾਵਲਕਾਰਾਂ ਦੇ ਨਾਵਲਾਂ ਦੇ ਸ਼ਿਲਪ ਵਿਧਾਨ ਬਾਰੇ ਵੀ ਅਹਿਮ ਸਥਾਪਨਾਵਾਂ ਪੇਸ਼ ਹੋਈਆਂ ਹਨ। ਕੁੱਲ ਮਿਲਾ ਕੇ ਇਹ ਪੁਸਤਕ ਤੁਲਨਾਤਮਿਕ ਸਮੀਖਿਅਕ ਵਿਧੀ ਵਿਚ ਮਹੱਤਵਪੂਰਨ ਵਾਧਾ ਹੈ।
-ਡਾ. ਜੇ. ਬੀ. ਸੇਖੋਂ
ਮੋਬਾਈਲ : 94175-86028
ਵਕਤ ਕੇ ਰੰਗ
ਲੇਖਕ : ਅਮਰਜੀਤ ਸਿੰਘ ਬਠਲਾਣਾ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ : 132
ਸੰਪਰਕ : 98887-83588

ਇਹ ਪੁਸਤਕ ਕਾਵਿ-ਵਾਰਤਕ ਰਚਨਾਵਾਂ ਦਾ ਸੁਮੇਲ ਹੈ, ਜਿਸ ਵਿਚ ਲੇਖਕ ਨੇ ਆਪਣੀਆਂ ਚੋਣਵੀਆਂ ਕਵਿਤਾਵਾਂ ਅਤੇ ਵਾਰਤਕ ਲੇਖ ਸ਼ਾਮਿਲ ਕੀਤੇ ਹਨ। ਇਨ੍ਹਾਂ ਰਚਨਾਵਾਂ ਵਿਚੋਂ ਜ਼ਿੰਦਗੀ ਦੇ ਸਾਰੇ ਰੰਗ ਰੂਪਮਾਨ ਹੁੰਦੇ ਹਨ। ਆਓ ਉਸ ਦੀਆਂ ਕਵਿਤਾਵਾਂ ਦੇ ਕੁਝ ਰੰਗ ਮਾਣੀਏ
-ਕਿਰਤ ਕਰੋ, ਵੰਡ ਛਕੋ, ਨਾਮ ਜਪੋ ਬਾਬਾ ਨਾਨਕ ਕਹਿੰਦੇ,
ਗੁਰਬਾਣੀ ਨਾਲ ਜੁੜ ਕੇ ਰਹੋ, ਕਿਉਂ ਦੁੱਖ ਪਏ ਸਹਿੰਦੇ।
-ਇਹ ਦੁਨੀਆ ਦੋਧਾਰੀ ਤਲਵਾਰ ਹੈ।
ਕਰਦੀ ਦੋਵੇਂ ਪਾਸਿਓਂ ਮਾਰ ਹੈ।
-ਮੈਨੂੰ ਸੂਰਜ ਨਹੀਂ ਜਗਾਉਂਦਾ, ਮੈਂ ਸੂਰਜ ਨੂੰ ਜਗਾਉਂਦਾ ਹਾਂ।
ਸੱਜਰੇ ਉੱਠ ਕੇ ਮੈਂ ਸੈਰ ਕਰਕੇ ਆਉਂਦਾ ਹਾਂ।
-ਪਤਝੜ ਵੀ ਜ਼ਰੂਰੀ ਹੈ, ਨਵੀਆਂ ਬਹਾਰਾਂ ਲਈ
ਜਿਵੇਂ ਤਹਿਜ਼ੀਬ ਜ਼ਰੂਰੀ ਹੈ, ਏ.ਸੀ. ਦੀਆਂ ਠੰਢੀਆਂ ਠਾਰਾਂ ਲਈ।
-ਦਿੱਲੀ ਮੋਰਚੇ 'ਚ ਬੈਠੇ ਮਜ਼ਦੂਰ ਤੇ ਕਿਸਾਨ ਜੀ
ਆਮ ਲੋਕਾਂ ਲਈ ਜੋ ਬਣ ਗਿਆ ਤੀਰਥ ਅਸਥਾਨ ਜੀ।
ਵਾਰਤਕ ਰਚਨਾਵਾਂ ਵਿਚ ਲੇਖਕ ਨੇ ਪ੍ਰਵਾਸੀ ਮਜ਼ਦੂਰਾਂ, ਖੇਡਾਂ, ਧਰਨਿਆਂ ਅਤੇ ਚੋਣਾਂ ਆਦਿ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ ਹਨ। ਆਪਣੇ ਮਾਤਾ-ਪਿਤਾ, ਪਿੰਡਾਂ, ਰਸਮੋ ਰਿਵਾਜਾਂ ਬਾਰੇ ਗੱਲਾਂ ਕੀਤੀਆਂ ਹਨ। ਸਿੱਧੂ ਮੂਸੇਵਾਲੇ ਨੂੰ ਅਮਰ ਹੋਣ ਦਾ ਖਿਤਾਬ ਦਿੱਤਾ ਹੈ। ਹੋਰ ਵੀ ਬਹੁਤ ਸਾਰੇ ਨਿੱਕੇ ਵੱਡੇ ਵਿਸ਼ਿਆਂ ਨੂੰ ਛੂਹਿਆ ਹੈ। ਇਸ ਤਰ੍ਹਾਂ ਇਹ ਪੁਸਤਕ ਬਹੁਰੰਗੀ ਝਲਕ ਮਾਰਦੀ ਹੈ। ਇਸ ਦਾ ਭਰਪੂਰ ਸੁਆਗਤ ਹੈ।
-ਡਾ. ਸਰਬਜੀਤ ਕੌਰ ਸੰਧਾਵਾਲੀਆ
ਜ਼ਿੰਦਗੀ ਦਾ ਮੰਚ
(ਸਵਿੰਦਰ ਸੰਧੂ ਦੀਆਂ ਚੋਣਵੀਆਂ ਕਵਿਤਾਵਾਂ)
ਸੰਪਾਦਕ : ਜਗਦੀਸ਼ ਰਾਣਾ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ ਚੰਡੀਗੜ੍ਹ
ਮੁੱਲ : 220 ਰੁਪਏ, ਸਫੇ : 147
ਸੰਪਰਕ : 79862-07849

'ਜ਼ਿੰਦਗੀ ਦਾ ਮੰਚ' ਲੋਕ ਸ਼ਾਇਰ ਜਗਦੀਸ਼ ਰਾਣਾ ਦਾ ਸਵਿੰਦਰ ਸੰਧੂ ਦੀਆਂ ਤਿੰਨ ਕਾਵਿ-ਕਿਤਾਬਾਂ 'ਬੁੱਲ੍ਹਾ ਪੁਰੇ ਦੀ ਵਾਅ ਦਾ', 'ਸੁਪਨ ਬਲੌਰੀ' ਅਤੇ 'ਅਗਨ ਕੁੰਡ ਦੀ ਯਾਤਰਾ' ਵਿਚੋਂ ਚੋਣਵੀਆਂ ਕਵਿਤਾਵਾਂ ਚੁਣ ਕੇ ਸੰਪਾਦਨ ਕੀਤਾ ਹੈ। ਵਿਸ਼ਵ ਪ੍ਰਸਿੱਧ ਨਾਟਕਕਾਰ ਵਿਲੀਅਮ ਸ਼ੈਕਸਪੀਅਰ ਦਾ ਕੌਲ ਹੈ ਕਿ ਦੁਨੀਆ ਇਕ ਮੰਚ ਹੈ ਅਤੇ ਇਸ ਮੰਚ 'ਤੇ ਹਰ ਕੋਈ ਆਪਣਾ ਰੋਲ (ਪਾਰਟ) ਨਿਭਾਉਂਦਾ ਹੈ। ਇੰਜ ਹੀ ਇਸ ਸੰਪਾਦਤ ਕਾਵਿ ਸੰਗ੍ਰਹਿ ਦੇ ਦੋ ਕਿਰਦਾਰ ਹਨ। ਇਕ ਹੈ ਸ਼ਾਇਰਾ ਮੈਡਮ ਸਵਿੰਦਰ ਸੰਧੂ ਜਿਸ ਨੇ ਇਸ ਮੰਚ 'ਤੇ ਕਲਾਮ ਰਾਹੀਂ ਆਪਣਾ ਰੋਲ ਨਿਭਾਇਆ ਹੈ ਅਤੇ ਦੂਜੇ ਹਨ ਲੋਕ ਸ਼ਾਇਰ ਜਗਦੀਸ਼ ਰਾਣਾ ਜਿਸ ਨੇ ਇਸ ਪੁਸਤਕ ਦੇ ਸੰਪਾਦਨ ਦਾ ਰੋਲ ਨਿਭਾਇਆ ਹੈ। ਸ਼ਾਇਰਾ ਮੈਡਮ ਸਵਿੰਦਰ ਸੰਧੂ ਨੂੰ ਇਹ ਸ਼ਰਫ਼ ਹਾਸਲ ਹੈ ਕਿ ਉਹ ਉਮਰ ਦੀਆਂ ਤਿਰਕਾਲਾਂ ਅਰਥਾਤ ਅੱਸੀ ਸਾਲ ਦੀ ਉਮਰ ਵਿਚ ਕਲਮ ਨਾਲ ਅਸਹਿਮਤੀਆਂ ਸਹਿਮਤੀਆਂ ਅਤੇ ਮਾਨਵੀ ਸਰੋਕਾਰਾਂ ਅਤੇ ਫਿਕਰਾਂ ਨੂੰ ਪ੍ਰਬੀਨਤਾ ਨਾਲ ਨਿਭਾਅ ਰਹੀ ਹੈ। ਸ਼ਾਇਰਾ ਪਿੱਤਰੀ ਸੱਤਾ ਅੰਦਰ ਜਿਸ ਤਰ੍ਹਾਂ ਦਮ ਘੁਟਣ ਦੀ ਜ਼ਿੰਦਗੀ, ਉਸ ਤਰ੍ਹਾਂ ਦੀ ਜ਼ਿੰਦਗੀ ਔਰਤ ਗੁਜ਼ਾਰ ਰਹੀ ਹੈ, ਉਹ ਕਥਨ ਕਰਦੀ ਹੈ ਕਿ 'ਦੁੱਧ ਦਾ ਉਬਾਲ ਬਚਾਉਣ ਲਈ ਮਨ ਦਾ ਉਬਾਲ ਠੰਢਾ ਕਰ ਲੈਂਦੀ ਹੈ ਅਤੇ ਦੂਜੇ ਪਾਸੇ ਉਹ ਬੇਟੀਆਂ ਦੇ ਹੁਝ ਵੀ ਮਾਰਦੀ ਹੈ ਕਿ ਬੇਟੀਆਂ ਕੋਈ ਮਾਸ ਦਾ ਖਿਡੌਣਾ ਨਹੀਂ, ਜਿਨ੍ਹਾਂ ਨੂੰ ਕੌਰਵਾਂ ਦੀ ਟੀਰੀ ਅੱਖ ਦਰੋਪਤੀ ਦਾ ਚੀਰ ਹਰਨ ਕਰਨ ਦੇ ਦੇਵੇ। ਹੁਣ ਇਹ ਮਾਸ ਦੀ ਗੁੱਡੀ ਅਸਤਰ ਸ਼ਸਤਰ ਨਾਲ ਆਪਣੀ ਇੱਜ਼ਤ ਬਚਾਉਣ ਲਈ ਸਮਕਾਲ ਦੀਆਂ ਦਰੋਪਤੀਆਂ ਦਾ ਚੀਰ ਹਰਨ ਨਹੀਂ ਹੋਣ ਦਿੰਦੀ। ਉਹ ਬਾਬਲ ਦੀ ਮੁਸ਼ੱਕਤ ਦੇ ਵਾਰੇ-ਵਾਰੇ ਜਾਂਦਿਆਂ ਉਸ ਨੂੰ ਬਰਗਦ ਦੇ ਰੁੱਖ ਦੀ ਸੰਗਿਆ ਦਿੰਦੀ ਹੈ, ਪਰ ਨਾਲ ਹੀ ਅੱਜ ਦੇ ਪਦਾਰਥਵਾਦੀ ਯੁੱਗ ਵਿਚ ਮਾਤਾ-ਪਿਤਾ ਦੀ ਹੋ ਰਹੀ ਦੁਰਗਤੀ 'ਤੇ ਵੀ ਹੰਝੂ ਕੇਰਦੀ ਹੈ। ਜਦੋਂ ਬੱਚੇ ਕੁੱਤੇ ਬਿੱਲੀਆਂ ਨੂੰ ਤਾਂ ਪਾਲਤੂ ਬਣਾ ਰਹੇ ਹਨ, ਪਰ ਮਾਤਾ-ਪਿਤਾ ਨੂੰ ਫਾਲਤੂ ਬਣਾ ਰਹੇ ਹਨ। ਉਹ ਰਿਸ਼ਤਿਆਂ ਦੇ ਵਿਗੜ ਰਹੀ ਵਿਆਕਰਨ ਨੂੰ ਸੁਰ ਸਿਰ ਕਰਨ ਦਾ ਆਪਣਾ ਕਾਵਿ ਧਰਮ ਨਿਭਾਅ ਰਹੀ ਹੈ। ਉਹ ਵਕਤ ਦੇ ਸਿਪਾਹਸਲਾਰ ਤੇ ਕਟਾਕਸ਼ੀ ਨਸ਼ਤਰ ਚਲਾਉਂਦਿਆਂ ਕਹਿੰਦੀ ਹੈ 'ਮਨ ਕੀ ਬਾਤ' ਕਹਿਣ ਵਾਲਾ ਗਿਰਗਿਟੀ ਕਿਰਦਾਰ ਨਿਭਾਅ ਰਿਹਾ ਹੈ, ਜੋ ਕਾਰਪੋਰੇਟ ਸੈਕਟਰ ਦੀ ਕਠਪੁਤਲੀ ਬਣ ਕੇ ਜਨਤਾ ਦੇ ਮਨ ਦੀ ਬਾਤ ਨਹੀਂ ਸਮਝ ਰਿਹਾ ਹੈ। ਉਹ ਲੋਕਤੰਤਰ ਨੂੰ ਛੜਯੰਤਰ ਕਹਿੰਦੀ ਹੈ, ਜੋ ਪੰਜ ਸਾਲਾਂ ਬਾਅਦ ਲਾਰਿਆਂ ਦਾ ਕਲੋਰੋਫਾਰਮ ਸੁੰਘਾ ਕੇ ਸੱਤਾ ਦੇ ਗਲਿਆਰਿਆਂ ਦੇ ਤਖ਼ਤ ਨੂੰ ਫੈਵੀਕੋਲ ਲਗਾ ਕੇ ਬੈਠ ਜਾਂਦੇ ਹਨ। ਖੁੰਬਾਂ ਵਾਂਗ ਖੁੱਲ੍ਹ ਰਹੀਆਂ ਯੂਨੀਵਰਸਿਟੀਆਂ ਅਤੇ ਸਕੂਲਾਂ ਨਾਲ ਵਿੱਦਿਆ ਵੀਚਾਰੀ ਨਹੀਂ ਜਾ ਰਹੀ, ਬਲਕਿ ਦੁਖਿਆਰੀ ਬਣ ਰਹੀ ਹੈ। ਪੱਤਰਕਾਰਤਾ ਲੋਕਤੰਤਰ ਦਾ ਚੌਥਾ ਥੰਮ੍ਹ ਸਮਝੀ ਜਾਂਦੀ ਹੈ ਪਰ ਅੱਜ ਦੀ ਪੱਤਰਕਾਰਤਾ ਗੋਦੀ ਮੀਡੀਆ ਬਣ ਕੇ ਚਾਰ ਛਿੱਲੜਾਂ ਦੀ ਖਾਤਰ ਬਦਨਾਮੀ ਖੱਟ ਰਹੀ ਹੈ। ਉਹ ਤਾਂ ਸਮਕਾਲੀ ਸੱਸੀਆਂ ਲਈ ਜੋਦੜੀ ਕਰਦੀ ਹੈ 'ਫਿਰ ਸੱਸੀ ਦੇ ਪੈਰ ਨਾ ਭੁੱਜਣ, ਮਾਰੂਥਲ ਕਿਉਂ ਆਵਾਂ, ਤਿਹਾਈ ਨਾ ਮਰੇ ਹਰਿਆਲੀ ਪੰਜ ਆਬ ਬਣ ਜਾਵਾਂ।' ਪ੍ਰਦੂਸ਼ਤ ਗੂੰਗੀ ਗੰਗਾ ਨੂੰ ਮੇਹਣੇ ਤਾਂ ਮਾਰਦੀ ਹੀ ਹੈ ਤੇ ਇਸ ਕੁਲਹਿਣੀ ਰੁੱਤ ਵਿਚ ਬਸੰਤ ਦੀ ਉਡੀਕ ਰਹੀ ਹੈ। ਇਹ ਕਾਵਿ ਪਰਾਗਾ ਪੜ੍ਹਨਯੋਗ ਤਾਂ ਹੈ ਹੀ ਗੁੜਨ ਯੋਗ ਵੀ ਹੈ। 'ਜ਼ਿੰਦਗੀ ਦੇ ਮੰਚ' ਦੇ ਦੋਵੇਂ ਕਿਰਦਾਰਾਂ ਨੂੰ ਸਲਾਮ ਕਰਨਾ ਤਾਂ ਬਣਦਾ ਹੈ।
-ਭਗਵਾਨ ਢਿੱਲੋਂ
ਮੋਬਾਈਲ : 98143-78254
ਮਨ ਹੋਆ ਵਣਜਾਰਾ
ਕਵੀ : ਡਾ. ਰਵਿੰਦਰ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 250 ਰੁਪਏ, ਸਫੇ : 103
ਸੰਪਰਕ : 98724-82378

ਹਥਲੀ ਕਾਵਿ ਪੁਸਤਕ ਡਾ. ਰਵਿੰਦਰ ਦੀ ਬਾਰ੍ਹਵੀਂ ਕਾਵਿ ਪੁਸਤਕ ਹੈ। ਉਸ ਨੇ ਪਹਿਲਾ ਕਾਵਿ ਸੰਗ੍ਰਹਿ 'ਆਪਣੀ ਉਡੀਕ ਵਿਚ' ਅੱਜ ਤੋਂ 43 ਸਾਲ ਪਹਿਲਾਂ 1982 ਵਿਚ ਪ੍ਰਕਾਸ਼ਿਤ ਕਰਵਾਇਆ। ਇਕ ਨਾਟਕ ਵੀ ਸਿਰਜਿਆ, ਅੰਗਰੇਜ਼ੀ ਅਤੇ ਹਿੰਦੀ ਤੋਂ ਚੋਣਵੀਂ ਕਵਿਤਾ ਦਾ ਪੰਜਾਬੀ ਵਿਚ ਕਾਵਿ ਅਨੁਵਾਦ ਵੀ ਕੀਤਾ। ਉਸ ਦੀ ਸਿਰਜਣਾ ਬਾਰੇ ਡਾ. ਜੋਗਿੰਦਰ ਕੈਰੋਂ, ਡਾ. ਰਣਜੀਤ ਸਿੰਘ ਰੰਗੀਲਾ ਤੇ ਡਾ. ਅਨੂਪ ਸਿੰਘ ਨੇ ਪੁਸਤਕਾਂ ਲਿਖੀਆਂ। ਉਸ ਨੇ ਕਈ ਪ੍ਰਸਿੱਧ ਮੈਗਜ਼ੀਨਾਂ ਅਤੇ ਪੁਸਤਕਾਂ ਦੀ ਸੰਪਾਦਨਾ ਕੀਤੀ। ਇਸ ਤਰ੍ਹਾਂ ਉਹ ਪਿਛਲੀ ਅੱਧੀ ਸਦੀ ਤੋਂ ਸਾਹਿਤ ਸਿਰਜਣਾ ਵਿਚ ਮਸ਼ਰੂਫ਼ ਹੈ। ਹਥਲੀ ਪੁਸਤਕ ਦੇ 104 ਸਫਿਆਂ ਵਿਚ ਕਵੀ ਨੇ 42 ਸ਼ਾਨਦਾਰ ਕਵਿਤਾਵਾਂ ਸ਼ਾਮਿਲ ਕੀਤੀਆਂ ਹਨ। ਉਹ 'ਕਵਿਤਾ' ਦੀ ਵਡਿਆਈ ਵਿਚ ਅਤੇ ਜ਼ਿੰਦਗੀ ਵਿਚ ਹਮੇਸ਼ਾ ਸੰਗਦੀ ਬਣਦੀ ਰਹਿਣ ਬਾਰੇ ਲਿਖਦਾ ਹੈ, 'ਕਵਿਤਾ/ਜੇ ਤੂੰ ਹਰ ਪਲ/ਮੇਰੇ ਨਾਲ ਨਾਲ/ਨਾ ਰਹਿੰਦੀ ਹੁੰਦੀ/ ਮੇਰੀ ਨਾੜ-ਨਾੜ ਤੋਂ/ਵਾਕਿਫ਼ ਨਾ ਹੁੰਦੀ/ (ਤਾਂ) ਮੈਂ ਕਿੱਦਾਂ ਏਨਾ ਪੰਧ ਕਰ ਕੇ/ਏਥੋਂ ਤੱਕ ਆਉਣਾ ਸੀ।
ਕਵੀ ਦੀ ਪਹਿਲੀ ਕਵਿਤਾ ਹੈ : ਮਨ ਤਾਂ ਕਦੋਂ ਦਾ/ਦੇਸ਼ ਦੇਸ਼/ਸ਼ਹਿਰ-ਸ਼ਹਿਰ/ਵਣਜਾਰਾ ਹੋਇਆ ਫਿਰਦਾ ਹੈ/ਵੰਗਾਂ ਦਾ ਵਿਉਪਾਰ ਕਰੇ/ਕਈ ਵਾਰੀ/ਕੋਈ ਵੰਗ ਨ ਟੁੱਟ ਕੇ/ਵੀਣੀ ਜ਼ਖ਼ਮੀ ਕਰਦੀ/ਹੋਰ ਕਿਸੇ ਥਾਂ/ਹੋਰ ਕਿਸੇ ਵੀਣੀ ਨੂੰ/ਵੰਗਾਂ ਦੀ ਛਣਕਾਣ ਦਾ/ਰਾਗ ਨਾਦ/ਸੰਗੀਤ ਸੁਣਾਉਂਦਾ/ਹੋਰ ਕਿਸੇ ਦੀਆਂ ਅੱਖਾਂ ਵਿਚ/ਸੁਪਨੇ ਬੀਜਣ ਲਗਦਾ/ਕੋਈ ਹੋਕਾ ਤੇ ਰੰਗਲਾ ਸੁਪਨਾ ਨਾ ਬਚਦਾ/ (ਸਫਾ 10)
ਇਹ ਕਾਵਿ ਪੁਸਤਕ ਕਵੀ ਦੇ ਅੰਤਹਾਕਰਨ ਨਾਲ ਆਪਣਾ ਸੰਵਾਦ ਹੈ। ਅਤੀਤ ਦੇ ਪਾਤਰਾਂ ਨਾਲ ਵਾਰਤਾਲਾਪ ਹੈ। ਬੱਚੇ ਕਿਉਂ ਮਰ ਜਾਂਦੇ ਨੇ?' ਕਵਿਤਾ ਵਿਚ ਜੰਗਬਾਜ਼ਾਂ ਪਾਗਲ-ਹਲਕਾਂਦੇ ਲੋਕਾਂ ਹੱਥੋਂ ਮਰ ਰਹੇ ਨਿਹੱਥੇ ਬੱਚਿਆਂ ਬਾਰੇ ਸੰਵਾਦ ਰਚਾਉਂਦਾ ਹੈ ਕਿ ਇਸ ਪਾਗਲਪਨ ਦੀ ਜੜ੍ਹ ਉਹ ਆਦਮ ਦੇ ਇਤਿਹਾਸ ਵਿਚੋਂ ਟੋਲਦਾ ਹੈ। ਉਹ ਪੁੱਛਦਾ ਹੈ, ਕੁਝ ਅਖ਼ਬਾਰੀ ਤਸਵੀਰਾਂ 'ਚ, ਇਕ ਦਿਲ ਲਈ ਕੈਦ ਹੋ ਕੇ, ਕਿਉਂ ਮਰ ਜਾਂਦੇ ਨੇ ਬੱਚੇ?/ਬਿਨਾਂ ਕਿਸੇ ਵਿਰੋਧ ਦੇ/ਚੁੱਪਚਾਂਦ (ਸਫਾ : 24)
ਕਵੀ ਪੈਦਾ ਹੋਣ ਤੋਂ ਪਹਿਲਾਂ ਹੀ ਮਰ ਰਹੇ ਬੱਚਿਆਂ ਉੱਤੇ ਆਹ ਭਰਦਾ ਹੈ ਕਿ ਇਨ੍ਹਾਂ ਬੱਚਿਆਂ ਨੇ ਭਵਿੱਖ ਸਿਰਜਣਾ ਸੀ, ਕਾਨੂੰਨਾਂ ਨੂੰ ਚੰਗੇ ਪਾਸੇ ਮੋੜ ਦੇਣਾ ਸੀ, ਉਹ ਮਾਰਿਆ ਕਿਉਂ ਜਾ ਰਿਹਾ ਹੈ। ਕਵੀ ਦੀ ਅਭਾਖਿਆ ਹੈ ਕਿ ਬੱਚਿਆਂ ਨੂੰ ਉਨ੍ਹਾਂ ਦੇ ਸੁੰਦਰ ਭਵਿੱਖ ਵਿਚ ਮੌਲਣ ਦਿਓ। ਸਫਾ : 28 ਉਤਵੀ ਕਵਿਤਾ 'ਬੱਚਿਆਂ ਨੂੰ ਬੱਚੇ ਰਹਿਣ ਦਿਓ' ਵਿਚ ਕਵੀ ਬੱਚਿਆਂ ਪ੍ਰਤੀ ਅਰਦਾਸ ਕਰਦਾ ਹੈ ਕਿ 'ਕਿਉਂ ਉਨ੍ਹਾਂ ਦੇ ਹੱਥੀਂ/ਤ੍ਰਿਸ਼ੂਲਾਂ, ਤਲਵਾਰਾਂ, ਬੰਦੂਕਾਂ, ਖਿਡਾਉਣੇ ਫੜਾ/ਮਜ਼੍ਹਬੀ ਪਹਿਰਾਵੇ ਪਹਿਨਾ/ਧਾਰਮਿਕ ਜਲੂਸਾਂ ਵਿਚ/ਪਰੇਡਾਂ ਕਰਵਾਉਂਦੇ ਹੋ? ਉਨ੍ਹਾਂ ਨੂੰ ਬੱਚੇ ਰਹਿਣ ਦਿਓ... ਸਫਾ : 28
ਉਸ ਦੀ ਟਾਈਟਲ ਕਵਿਤਾ ਹੈ : ਇਕ ਇਕ ਕਰਕੇ/ਕਈ ਨੁੱਕਰਾਂ ਖਾਲੀ ਹੋ ਗਈਆਂ/ਮੇਰੇ ਵਿਚੋਂ/ਨੁਕਰਾਂ ਹੋ/ਨੀਰਸ ਬੇਰੰਗੇ ਜੀਵਨ ਨੂੰ/ਰੰਗਾਂ ਮਹਿਕਾਂ ਯਾਦਾਂ ਦਾ, ਸੰਸਾਰ ਬਣਾਈ ਰੱਖਦੀਆਂ ਸਨ। ਇਕ ਨੁੱਕਰ ਹੈ/ਭਰੀ ਅਜੇ ਵੀ/ਖਾਲੀ ਨੁਕਰਾਂ ਭਰ ਨਹੀਂ ਹੋਈਆਂ/ਕੌਣ ਭਰੇਗਾ। ਮੇਰੀ ਖਾਲੀ ਨੁੱਕਰ...।
-ਸੁਲੱਖਣ ਸਰਹੱਦੀ
ਮੋਬਾਈਲ : 94174-84337
ਉਡਾਣ
ਲੇਖਿਕਾ : ਜਤਿੰਦਰਪਾਲ ਕੌਰ ਭਿੰਡਰ
ਪ੍ਰਕਾਸ਼ਕ : ਸ਼ੇਲਿੰਦਰਜੀਤ ਸਿੰਘ ਰਾਜਨ, ਮੁੱਖ ਸੰਚਾਲਕ ਪੰਜਾਬੀ ਸਾਹਿਤ ਸਭਾ (ਰਜਿ.) ਬਾਬਾ ਬਕਾਲਾ ਸਾਹਿਬ।
ਮੁੱਲ : 150 ਰੁਪਏ, ਸਫ਼ੇ : 112
ਸੰਪਰਕ : 82848-33286

'ਉਡਾਣ' ਜਤਿੰਦਰਪਾਲ ਕੌਰ ਭਿੰਡਰ ਦਾ ਚੌਥਾ ਕਾਵਿ-ਸੰਗ੍ਰਹਿ ਹੈ। ਇਸ ਤੋਂ ਪਹਿਲਾਂ ਉਨ੍ਹਾਂ ਦੇ 'ਪੂਰਾ ਸੱਚ' (2022), 'ਮੱਥੇ ਵਿਚਲਾ ਦੀਵਾ' (2022) ਅਤੇ 'ਬੀਜ ਤੋਂ ਬੂਟਾ' (2023) ਕਾਵਿ-ਸੰਗ੍ਰਹਿ ਪ੍ਰਕਾਸ਼ਿਤ ਹੋ ਚੁੱਕੇ ਹਨ। ਇਸ ਕਾਵਿ-ਸੰਗ੍ਰਹਿ ਦਾ ਸਮਰਪਣ 'ਖੁੱਲ੍ਹੀਆਂ ਅੱਖਾਂ ਨਾਲ ਸੁਪਨੇ ਵੇਖਣ ਵਾਲਿਆਂ ਨੂੰ ਅਤੇ ਉਨ੍ਹਾਂ ਸੁਪਨਿਆਂ ਨੂੰ ਹਕੀਕਤ ਬਣਾਉਣ ਲਈ ਸਖ਼ਤ ਘਾਲਣਾ ਵਾਲਿਆਂ ਨੂੰ' ਸ਼ਬਦ ਮਨੁੱਖ ਨੂੰ ਮਿਹਨਤੀ, ਸਿਰੜੀ, ਲਗਨ, ਸਿਦਕ ਅਤੇ ਅਗਾਂਹ-ਵਧੂ ਸੋਚ ਅਪਣਾਉਣ ਦਾ ਸੰਕੇਤ ਕਰਦੇ ਹਨ। ਕਵਿਤਰੀ ਆਪਣੀਆਂ ਕਾਵਿ-ਰਚਨਾਵਾਂ ਵਿਚ ਉਕਤ ਵਰਣਿਤ ਗੁਣਾਂ ਨੂੰ ਪ੍ਰਕਾਸ਼ਿਤ ਕਰਦੀ ਹੈ। ਇਸ ਕਾਵਿ-ਸੰਗ੍ਰਹਿ ਵਿਚ 'ਹੋਂਦ ਤੇ ਖ਼ਤਰਾ' ਤੋਂ ਲੈ ਕੇ 'ਧੁਖਦਾ ਜੰਗਲ' ਤੱਕ ਲਗਭਗ 98 ਕਵਿਤਾਵਾਂ ਸ਼ਾਮਿਲ ਕੀਤੀਆਂ ਹਨ। 'ਉਡਾਣ' ਕਵਿਤਾ ਵਿਚ ਮਨੁੱਖੀ ਅਕਾਂਖਿਆਵਾਂ ਦਾ ਵੇਰਵਾ ਦਿੰਦਿਆਂ, ਉੱਚੀਆਂ ਉਡਾਰੀਆਂ ਭਰਨ ਦੀ ਪ੍ਰੇਰਨਾ ਦਿੱਤੀ ਹੈ। ਇਹ ਕਾਵਿ-ਸਤਰਾਂ 'ਸਾਡਿਆਂ ਵੇ ਸਾਹਾਂ ਵਾਲੀ ਬੋਲਦੀ ਸੁਗੰਧੀ/ ਸਾਨੂੰ ਨੇੜੇ-ਤੇੜੇ ਹੋਰ ਘੁਲ਼ ਲੈਣ ਦੇ/ ਸ਼ਾਲਾ! ਤੂੰ ਵੀ ਵਸੇਂ,/ ਸਾਨੂੰ ਜਿਊਣ ਦੇ ਤਬੀਬਾ!/ ਸਾਡੇ ਤੇਰੇ ਤਾਈਂ ਇਹੋ ਅਰਜੋਈ ਵੇ!' ਉਮੀਦ ਦਾ ਮਾਰਗ ਦਰਸਾਉਂਦੀਆਂ ਹਨ। ਇਨ੍ਹਾਂ ਕਵਿਤਾਵਾਂ ਵਿਚ ਮਨੁੱਖੀ ਸਮਾਜ ਦੇ ਸਮਾਜਿਕ, ਰਾਜਨੀਤਕ, ਆਰਥਿਕ, ਧਾਰਮਿਕ ਅਤੇ ਸੱਭਿਆਚਾਰਕ ਵਰਤਾਰਿਆਂ ਨਾਲ ਜੁੜੇ ਸਰੋਕਾਰਾਂ ਦੀ ਪੇਸ਼ਕਾਰੀ ਹੈ। 'ਹੋਂਦ', 'ਪੱਤਣ', 'ਪਰਦਾ', 'ਰੂਹ', 'ਕੈਨਵਸ', 'ਚੁੱਪ', 'ਸਿਜਦਾ', 'ਆਗਾਜ਼', 'ਛਲਾਵਾ', 'ਪਰਵਾਜ਼', 'ਸ਼ਿੰਗਾਰ', 'ਕਾਸਦ', 'ਕੁਦਰਤ', 'ਫਿਤਰਤ', 'ਰੰਗ-ਸ਼ਾਲਾ', 'ਜ਼ਿੰਦਗੀ', 'ਹੱਦਾਂ-ਸਰਹੱਦਾਂ', 'ਧੁਖਦਾ ਜੰਗਲ' ਆਦਿ ਸ਼ਬਦ ਸਿਧਾਂਤਕ ਅਤੇ ਸੰਕਲਪਗਤ ਧਾਰਨਾਵਾਂ ਦਾ ਬੋਧ ਕਰਵਾਉਂਦੇ ਹੋਏ ਕਾਵਿ-ਪਾਠਕ ਅੰਦਰ ਸੁਪਨੇ ਸਜਾਉਣ ਅਤੇ ਸੁਪਨਿਆਂ ਦੀ ਤਾਮੀਰ ਲਈ ਉਤਸ਼ਾਹਿਤ ਕਰਦੇ ਹਨ। 'ਸਿਜਦਾ' ਕਵਿਤਾ ਦੀਆਂ ਹੇਠਲੀਆਂ ਸਤਰਾਂ ਉਡਾਣ ਭਰਨ ਦਾ ਸੰਦੇਸ਼ ਦਿੰਦੀਆਂ ਹਨ:
ਤਾਰਿਆਂ ਵਾਲੀ ਚੁੰਨੀ ਮੇਰੀ
ਕੰਡਿਆਂ ਵਿਚ ਉਲਝਾਅ ਨਾ ਐਵੇਂ,
ਖੰਭ ਖੋਲ੍ਹ ਕੇ ਉੱਡ ਲੈਣ ਦੇ,
ਪਿੱਟ ਸਿਆਪਾ ਪਾ ਨਾ ਐਵੇਂ।
'ਉਡਾਣ' ਕਾਵਿ-ਸੰਗ੍ਰਹਿ ਵਿਚਲੀਆਂ ਕਵਿਤਾਵਾਂ ਬਿਖੜੇ ਪੈਂਡੇ 'ਤੇ ਤੁਰਦੇ ਪਾਂਧੀ ਲਈ ਆਸਾਂ ਦੇ ਦੀਵੇ ਜਗਾਈ ਰੱਖਦੀਆਂ ਹੋਣ ਕਰਕੇ ਦੁਸ਼ਵਾਰੀਆਂ ਨਾਲ ਜੂਝਣ ਦਾ ਸੁਨੇਹਾ ਦਿੰਦੀਆਂ ਹਨ। ਉਸ ਦੀ ਬੋਲੀ ਸਾਦ-ਮੁਰਾਦੀ, ਸਰਲ, ਸਪੱਸ਼ਟ ਹੈ ਵਰਤੇ ਗਏ ਅਲੰਕਾਰ, ਬਿੰਬ ਮਾਨਵੀ ਜੀਵਨ 'ਚੋਂ ਲਏ ਗਏ ਹਨ। ਇਸ ਲਈ ਮਾਨਵੀ ਸਰੋਕਾਰਾਂ ਨਾਲ ਜੁੜੀ ਸ਼ਾਇਰੀ ਵਿਚ ਸਰਲਤਾ ਅਤੇ ਤਰਲਤਾ ਦੇ ਗੁਣ ਵਿਦਮਾਨ ਹਨ। ਮਾਨਵੀ ਸੰਵੇਦਨਾਵਾਂ ਨੂੰ ਟੁੰਬਰ ਵਾਲੀ ਸ਼ਇਰੀ ਨੂੰ ਦਿਲੋਂ ਸਲਾਮ।
-ਸੰਧੂ ਵਰਿਆਮਵੀ (ਪ੍ਰੋ.)
ਮੋਬਾਈਲ : 98786-14096
ਪੰਜਵਾਂ ਰੰਗ
ਲੇਖਕ : ਪ੍ਰਿੰ. ਵਿਜੈ ਕੁਮਾਰ
ਪ੍ਰਕਾਸ਼ਕ : ਲੋਕਗੀਤ ਪ੍ਰਕਾਸ਼ਨ, ਮੁਹਾਲੀ।
ਮੁੱਲ : 350 ਰੁਪਏ, ਸਫ਼ੇ : 140
ਸੰਪਰਕ : 98726-27136

ਪੰਜਾਬੀ ਬਾਲ-ਸਾਹਿਤ ਵਿਚ ਕਿਸ਼ੋਰ ਅਵਸਥਾ 'ਚ ਲੋਰੀਆਂ ਮੁੱਢ ਹਨ। ਉਸ ਤੋਂ ਬਾਅਦ ਬਾਤਾਂ ਸੁਣਾਉਣ ਅਤੇ ਸੁਣਨ ਦੀ ਪਰੰਪਰਾ ਰਹੀ ਹੈ ਪ੍ਰੰਤੂ ਜਦੋਂ ਤੋਂ ਸਿੱਖਿਆ ਬੱਚਿਆਂ ਨੂੰ ਗ੍ਰਹਿਣ ਕਰਨਾ ਲਾਜ਼ਮੀ ਕੀਤਾ ਫਿਰ ਬਾਲ ਕਹਾਣੀ ਲਿਖਣ ਦਾ ਸ਼ਬਦੀ ਰੂਪ 'ਚ ਬੋਲਬਾਲਾ ਹੋਇਆ ਤੇ ਬੱਚੇ ਨੂੰ ਬਾਲ ਕਹਾਣੀ ਪੜ੍ਹਨ ਦੀ ਪ੍ਰਕਿਰਿਆ ਆਰੰਭ ਹੋਈ। ਬਾਲ ਕਹਾਣੀ ਰਾਹੀਂ ਜਿਥੇ ਬੱਚੇ ਨੂੰ ਮਨੋਰੰਜਨ ਪ੍ਰਾਪਤ ਹੁੰਦਾ ਹੈ, ਉਥੇ ਉਸ ਨੂੰ ਨਰੋਈਆਂ ਨੈਤਿਕ ਕਦਰਾਂ-ਕੀਮਤਾਂ ਦੀ ਜਾਣਕਾਰੀ ਮਿਲਦੀ ਹੈ। ਇਸ ਤੋਂ ਬਿਨਾਂ ਮਿਥਿਹਾਸ, ਇਤਿਹਾਸ ਅਤੇ ਵਰਤਮਾਨ ਦੀਆਂ ਸਮੱਸਿਆਵਾਂ ਤੋਂ ਵੀ ਅਵਗਤ ਕਰਾਇਆ ਜਾਂਦਾ। ਯੁੱਗ ਵਿਗਿਆਨ ਦਾ ਹੈ, ਇਸ ਲਈ ਕਥਾ-ਕਹਾਣੀਆਂ ਦੀ ਵਿਚਾਰਧਾਰਾ ਉਸਾਰੂ ਭਾਵ ਵਿਗਿਆਨਕ ਹੋਣੀ ਸਮੇਂ ਦੀ ਮੰਗ ਹੈ ਤਾਂ ਜੋ ਬੱਚੇ ਨਵੇਂ ਯੁੱਗ ਦੇ ਸਿਰਜਕ ਬਣ ਸਕਣ। ਇਸ ਉਕਤ ਪ੍ਰਸੰਗ ਦੀ ਦ੍ਰਿਸ਼ਟੀ ਤੋਂ 'ਪੰਜਵਾਂ ਰੰਗ' ਕਹਾਣੀ ਸੰਗ੍ਰਹਿ ਪੜ੍ਹਿਆ ਜਾ ਸਕਦਾ ਹੈ। ਪ੍ਰਿੰਸੀਪਲ ਵਿਜੈ ਕੁਮਾਰ ਇਕ ਚੰਗੇ ਸਿੱਖਿਅਕ ਪ੍ਰਬੰਧਕ ਹੋਣ ਕਾਰਨ, ਬਾਲ ਸਾਹਿਤ ਦੇ ਮੂਲ ਮਨੋਰਥਾਂ ਤੋਂ ਭਲੀ ਪ੍ਰਕਾਰ ਜਾਣੂ ਹਨ। ਬੜੀ ਦੇਰ ਤੋਂ ਉਹ ਬਾਲ ਸਾਹਿਤ ਦੇ ਖੇਤਰ ਵਿਚ ਆਪਣੀਆਂ ਰਚਨਾਵਾਂ ਲਿਖ ਰਹੇ ਹਨ। ਹਥਲੀ ਪੁਸਤਕ ਤੋਂ ਪਹਿਲਾਂ ਉਨ੍ਹਾਂ ਦੇ 9 ਬਾਲ ਕਹਾਣੀ ਸੰਗ੍ਰਹਿ ਛਪ ਚੁੱਕੇ ਹਨ। 'ਪੰਜਵਾਂ ਰੰਗ' 'ਚ 49 ਬਾਲ ਕਹਾਣੀਆਂ ਹਨ, ਜਿਹੜੀਆਂ ਅਜੋਕੇ ਸਮੇਂ 'ਚੋਂ ਉਪਜੀਆਂ ਹਨ। ਮੇਰੀ ਜਾਚੇ ਇਹ ਕਹਾਣੀਆਂ ਗਿਆਰਾਂ ਸਾਲ ਤੋਂ ਸੋਲਾਂ ਸਾਲ ਦੇ ਆਯੂ-ਗੁੱਟ ਭਾਵ ਮਿਡਲ ਸ਼੍ਰੇਣੀ ਦੇ ਵਿਦਿਆਰਥੀਆਂ ਲਈ ਵਧੇਰੇ ਲਾਹੇਵੰਦ ਹਨ। ਵੱਡੀ ਖੂਬੀ ਇਹੋ ਕਿ ਇਨ੍ਹਾਂ ਕਹਾਣੀਆਂ ਦੇ ਬਹੁਤੇ ਪਾਤਰ ਬੱਚੇ ਹਨ, ਜਿਨ੍ਹਾਂ ਰਾਹੀਂ ਕਹਾਣੀ ਸਿਰਜੀ ਗਈ ਹੈ। ਕਹਾਣੀ ਦੇ ਉਦੇਸ਼ ਨੂੰ ਪੂਰਨ ਲਈ ਅਧਿਆਪਕ, ਮਾਪੇ, ਰਿਸ਼ਤੇਦਾਰ ਤੇ ਮਿੱਤਰਾਂ ਰਾਹੀਂ ਕਹਾਣੀ ਨੂੰ ਰੌਚਿਕ ਢੰਗ ਨਾਲ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ। ਕਹਾਣੀ ਦੀ ਵਾਰਤਾਲਾਪ ਸਹਿਜ ਢੰਗ ਨਾਲ ਤੁਰਦੀ-ਤੁਰਦੀ ਸਜੀਵ ਰੂਪ ਧਾਰ ਲੈਂਦੀ ਹੈ। ਜੋ ਕੁਝ ਆਲੇ-ਦੁਆਲੇ ਵਾਪਰ ਰਿਹਾ, ਉਸ ਨੂੰ ਰੂਪਮਾਨ ਕਰਨਾ ਇਨ੍ਹਾਂ ਕਹਾਣੀਆਂ ਦਾ ਵਿਸ਼ੇਸ਼ ਗੁਣ ਹੈ। ਅੰਨ ਦੀ ਕਦਰ, ਦਾਦਾ ਜੀ ਤੇ ਬੋਹੜ, ਮਨ ਨਾਲ ਕੀਤੀ ਪੜ੍ਹਾਈ, ਆਦਤ ਸੁਧਰ ਗਈ, ਬਿੱਛੂ ਦੀ ਸਲਾਹ, ਏਕੇ ਦੀ ਜਿੱਤ, ਸਫਲਤਾ ਦਾ ਰਾਜ਼, ਮਾਤ ਭਾਸ਼ਾ ਦਾ ਜਾਦੂ, ਸੋਨੇ ਦੇ ਕੰਨ, ਬਾਪੂ ਜੀ ਦੀ ਖੇਤੀ, ਖੇਤਾਂ ਵਾਲਾ ਏ.ਸੀ., ਦਰਿਆ ਦੀ ਦੇਣ ਤੇ ਬੂੰਦ-ਬੂੰਦ ਬਣਿਆ ਦਰਿਆ, ਜ਼ਿਕਰਯੋਗ ਹਨ। ਕੰਪਿਊਟਰ ਰਾਹੀਂ ਬਣਾਏ ਚਿੱਤਰ ਸੁਧਾਰ ਦੀ ਮੰਗ ਕਰਦੇ ਹਨ। ਪੁਸਤਕ 'ਚ ਕਹਾਣੀਆਂ ਦੀ ਗਿਣਤੀ ਘੱਟ ਵੀ ਹੋ ਸਕਦੀ ਸੀ। ਉਦਮ ਚੰਗਾ ਹੈ।
-ਮਨਮੋਹਨ ਸਿੰਘ ਦਾਊਂ
ਮੋਬਾਈਲ : 98151-23900











































.jpg)



























































































































































