22-12-2025
ਨਵੀਨਤਾਕਾਰੀ ਅਧਿਆਪਨ ਵਿਧੀਆਂ
ਨਵੀਨਤਾਕਾਰੀ ਅਧਿਆਪਨ ਵਿਧੀਆਂ ਸਿਰਫ਼ ਕਲਾਸ ਵਿਚ ਅਤੇ ਆਧੁਨਿਕ ਤਕਨੀਕ ਦੀ ਵਰਤੋਂ ਕਰਨਾ ਹੀ ਨਹੀਂ, ਇਹ ਅਧਿਆਪਨ ਸਿੱਖਣ ਦੇ ਢੰਗ ਹਨ। ਉਹ ਸਾਰੀਆਂ ਅਧਿਆਪਨ ਰਣਨੀਤੀਆਂ ਦੀ ਵਰਤੋਂ ਕਰਨ ਬਾਰੇ ਹਨ ਜੋ ਵਿਦਿਆਰਥੀਆਂ 'ਤੇ ਵਧੇਰੇ ਧਿਆਨ ਕੇਂਦਰਿਤ ਕਰਦੀਆਂ ਹਨ। ਇਹ ਵਿਧੀਆਂ ਵਿਦਿਆਰਥੀਆਂ ਨੂੰ ਪਾਠਾਂ ਦੌਰਾਨ ਸਰਗਰਮੀ ਨਾਲ ਸ਼ਾਮਿਲ ਹੋਣ ਅਤੇ ਉਨ੍ਹਾਂ ਦੇ ਸਹਿਪਾਠੀਆਂ ਅਤੇ ਅਧਿਆਪਕ ਨਾਲ ਗੱਲਬਾਤ ਕਰਨ ਲਈ ਉਤਸ਼ਾਹਿਤ ਕਰਦੀਆਂ ਹਨ। ਵਿਦਿਆਰਥੀ ਤੁਹਾਡੇ ਨਵੀਨਤਾਕਾਰੀ ਸਿੱਖਿਆਰਥੀ ਹਨ। ਇਸ ਲਈ ਅਜਿਹਾ ਮਾਹੌਲ ਬਣਾਓ ਜਿੱਥੇ ਵਿਦਿਆਰਥੀ ਬੋਲਣ ਅਤੇ ਆਪਣੇ ਵਿਚਾਰ ਪ੍ਰਗਟ ਕਰਨ ਲਈ ਉਤਸ਼ਾਹਿਤ ਹੋਣ। 3ਡੀ ਛਪਾਈ ਤੁਹਾਡੇ ਪਾਠਾਂ ਨੂੰ ਹੋਰ ਮਜ਼ੇਦਾਰ ਬਣਾਉਂਦੀ ਹੈ ਅਤੇ ਵਿਦਿਆਰਥੀਆਂ ਨੂੰ ਨਵੀਆਂ ਚੀਜ਼ਾਂ ਨੂੰ ਬਿਹਰਤ ਢੰਗ ਨਾਲ ਸਿੱਖਣ ਦਾ ਅਨੁਭਵ ਦਿੰਦੀ ਹੈ। ਇਹ ਵਿਧੀ ਕਲਾਸ ਰੂਮ ਦੀ ਸ਼ਮੂਲੀਅਤ ਨੂੰ ਇਕ ਨਵੀਂ ਪੱਧਰ 'ਤੇ ਲੈ ਜਾਂਦੀ ਹੈ। ਜਿਸ ਦੀ ਪਾਠ ਪੁਸਤਕ ਕਦੇ ਵੀ ਮੁਕਾਬਲਾ ਨਹੀਂ ਕਰ ਸਕਦੀ। ਸਾਰੇ ਵਿਦਿਆਰਥੀ ਇਕ ਯੂਨਿਟ ਦੇ ਅੰਤ ਵਿਚ ਪ੍ਰੋਜੈਕਟਾਂ 'ਤੇ ਕੰਮ ਕਰਦੇ ਹਨ। ਪ੍ਰੋਜੈਕਟ ਅਧਾਰਿਤ ਸਿਖਲਾਈ ਵੀ ਪ੍ਰੋਜੈਕਟਾਂ ਦੇ ਆਲੇ-ਦੁਆਲੇ ਘੁੰਮਦੀ ਹੈ, ਪਰ ਇਹ ਵਿਦਿਆਰਥੀਆਂ ਨੂੰ ਅਸਲ ਸੰਸਾਰ ਦੇ ਮੁੱਦਿਆਂ ਨੂੰ ਹੱਲ ਕਰਨ ਅਤੇ ਵਧੇਰੇ ਵਿਸਤ੍ਰਿਤ ਸਮੇਂ ਵਿਚ ਨਵੇਂ ਹੱਲਾਂ ਨਾਲ ਆਉਣ ਦੀ ਆਗਿਆ ਦਿੰਦੀ ਹੈ। ਪੁੱਛਗਿੱਛ ਅਧਾਰਿਤ ਸਿਖਲਾਈ ਵੀ ਇਕ ਕਿਸਮ ਦੀ ਸਰਗਰਮ ਸਿਖਲਾਈ ਹੈ।
-ਮੀਨੂੰ ਜਿੰਦਲ
ਸ.ਸ.ਸ.ਸ. ਕਡਿਆਣਾ ਕਲਾਂ, ਲੁਧਿਆਣਾ।
ਕਿੱਧਰ ਨੂੰ ਤੁਰ ਪਿਆ ਸਮਾਜ
ਕਦੇ ਕਹਿੰਦੇ ਸੀ ਪਤੀ ਪਰਮੇਸ਼ਵਰ ਹੁੰਦਾ ਹੈ, ਪਰ ਜੋ ਅੱਜ ਕੱਲ੍ਹ ਵਾਰਦਾਤਾਂ ਹੋ ਰਹੀਆਂ ਹਨ, ਬਹੁਤ ਅਫ਼ਸੋਸ ਹੁੰਦਾ ਹੈ ਕਿ ਅਸੀਂ ਕਿਧਰ ਨੂੰ ਜਾ ਰਹੇ ਹਾਂ। ਪਹਿਲਾਂ ਕਹਿੰਦੇ ਸੀ ਕੁੜੀਆਂ 'ਤੇ ਜ਼ੁਲਮ ਹੋ ਰਹੇ ਹਨ। ਪਰ ਹੁਣ ਤਾਂ ਕੁੜੀਆਂ ਹੀ ਇੰਨੀਆਂ ਮਰਜ਼ੀਖੋਰ ਹੋ ਗਈਆਂ ਹਨ ਕਿ ਕੋਈ ਕੀ ਵਿਸ਼ਵਾਸ ਕਰੇਗਾ? ਹਰ ਬੰਦਾ ਡਰੇਗਾ ਵਿਆਹ ਕਰਾਉਣ ਤੋਂ ਤੇ ਮਾਂ ਪਿਉ ਤਾਂ ਸ਼ਾਇਦ ਘੁੰਮਣ ਵੀ ਨਾ ਭੇਜਣ ਬੱਚਿਆਂ ਨੂੰ ਖ਼ਾਸ ਕਰਕੇ ਮੁੰਡਿਆਂ ਨੂੰ ਕਿ ਆਪਣੀਆਂ ਘਰ ਵਾਲੀਆਂ ਨੂੰ ਲੈ ਕੇ ਤੁਸੀਂ ਕਿਤੇ ਬਾਹਰ ਵਿਆਹ ਤੋਂ ਬਾਅਦ ਘੁੰਮ ਆਓ, ਕਿਉਂਕਿ ਵਿਸ਼ਵਾਸ ਟੁੱਟ ਜਾਂਦਾ ਹੈ ਤੇ ਜਦੋਂ ਵਿਸ਼ਵਾਸ ਟੁੱਟ ਜਾਵੇ ਉਸ ਵੇਲੇ ਸਭ ਕੁਝ ਗਰਕ ਹੋ ਜਾਂਦਾ ਹੈ ਜਿਹੜੀ ਖ਼ਬਰ ਪਤਾ ਲੱਗੀ ਕਿ ਕਿਸੇ ਲੜਕੀ ਨੇ ਆਪਣੇ ਪਤੀ ਨੂੰ ਮਰਵਾ ਦਿੱਤਾ ਆਸ਼ਿਕ ਨਾਲ ਮਿਲ ਕੇ, ਤੁਸੀਂ ਦੱਸੋ ਕੀ ਬੀਤੀ ਹੋਵੇਗੀ ਉਸ ਪਰਿਵਾਰ 'ਤੇ ਕਿਸੇ ਦਾ ਇਕਲੌਤਾ ਮੁੰਡਾ ਖੋਹ ਕੇ ਤੁਹਾਨੂੰ ਕੀ ਮਿਲਿਆ। ਤੁਸੀਂ ਵਿਆਹ ਨਾ ਕਰਵਾਉ, ਸਿੱਧੀ ਸਪੱਸ਼ਟ ਗੱਲ ਆਪਣੇ ਪੇਕੇ ਤੇ ਸਹੁਰਾ ਪਰਿਵਾਰ ਨੂੰ ਦੱਸ ਦਿਉ ਕਿ ਉਹ ਮੁੰਡੇ ਦੇ ਨਾਲ ਨਹੀਂ ਰਹਿਣਾ ਚਾਹੁੰਦੀ, ਉਹ ਕਿਹੜਾ ਤੁਹਾਡੇ ਨਾਲ ਜ਼ਬਰਦਸਤੀ ਕਰਨਗੇ। ਸੋ, ਕਿਸੇ ਦੇ ਘਰ ਵੀ ਇਹੋ ਜਿਹੀ ਧੀ ਪੈਦਾ ਨਾ ਹੋਵੇ ਜੋ ਕਿਸੇ ਦਾ ਘਰ ਖਾ ਜਾਵੇ। ਹੁਣ ਦੱਸੋ ਉਸ ਮੁੰਡੇ ਦਾ ਕੀ ਕਸੂਰ ਸੀ।
-ਕੰਵਲਜੀਤ ਕੌਰ ਜੁਨੇਜਾ
ਰੋਹਤਕ।
ਵਿਦਿਆਰਥਣ ਵਲੋਂ ਖ਼ੁਦਕੁਸ਼ੀ ਸਮਾਜ 'ਤੇ ਕਲੰਕ
ਬਰਨਾਲਾ ਜ਼ਿਲ੍ਹੇ ਦੇ ਪਿੰਡ ਠੀਕਰੀਵਾਲਾ ਦੇ ਇਕ ਮਜ਼ਦੂਰ ਪਰਿਵਾਰ ਦੀ 23 ਸਾਲਾ ਵਿਦਿਆਰਥਣ ਵਲੋਂ ਫੀਸ ਨਾ ਭਰੇ ਜਾਣ ਕਾਰਨ ਖ਼ੁਦਕੁਸ਼ੀ ਕਰ ਲੈਣਾ ਇਕ ਚਿੰਤਾਜਨਕ ਘਟਨਾ ਹੈ। ਖ਼ੁਦਕੁਸ਼ੀ ਕਰਨ ਵਾਲੀ ਇਹ ਵਿਦਿਆਰਥਣ ਬਰਨਾਲਾ ਸ਼ਹਿਰ ਦੇ ਯੂਨੀਵਰਸਿਟੀ ਕਾਲਜ ਵਿਚ ਬੀ.ਏ. ਫਾਈਨਲ ਦੀ ਵਿਦਿਆਰਥਣ ਸੀ। ਇਸ ਦੀ ਸਮੱਸਿਆ ਇਹ ਸੀ ਕਿ ਇਸ ਦੀਆਂ ਪ੍ਰੀਖਿਆਵਾਂ ਸ਼ੁਰੂ ਹੋਣ ਵਾਲੀਆਂ ਸਨ, ਪਰ ਇਸ ਤੋਂ ਫੀਸ ਨਹੀਂ ਭਰੀ ਗਈ ਸੀ। ਪ੍ਰੀਖਿਆਵਾਂ ਨੇੜੇ ਹੋਣ ਕਾਰਨ ਕੁੜੀ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਹੋ ਗਈ। ਕਾਲਜ ਪ੍ਰਬੰਧਕਾਂ ਵਲੋਂ ਵੀ ਫੀਸ ਭਰਨ ਲਈ ਦਬਾਅ ਬਣਾਉਣ ਕਰਕੇ ਲੜਕੀ ਨੇ ਖੁਦਕੁਸ਼ੀ ਕਰ ਲਈ। ਅਜਿਹੀਆਂ ਘਟਨਾਵਾਂ ਨਾ ਵਾਪਰਨ ਇਸ ਸੰਬੰਧੀ ਕਾਲਜ ਪ੍ਰਬੰਧਕਾਂ ਨੂੰ ਕੋਈ ਰਣਨੀਤੀ ਬਣਾਉਣੀ ਚਾਹੀਦੀ ਹੈ, ਕਾਲਜ ਪ੍ਰਬੰਧਕਾਂ ਵਲੋਂ ਅਨੇਕਾਂ ਤਰ੍ਹਾਂ ਦੇ ਫੰਡ ਵਿਦਿਆਰਥੀਆਂ ਤੋਂ ਇਕੱਠੇ ਕੀਤੇ ਜਾਂਦੇ ਹਨ। ਇਨ੍ਹਾਂ ਵਿਚ ਫੀਸ ਨਾ ਭਰਨ ਵਾਲੇ ਵਿਦਿਆਰਥੀਆਂ ਲਈ ਗਰੀਬ ਵਿਦਿਆਰਥੀ ਫੰਡ ਸ਼ੁਰੂ ਕਰ ਦਿੱਤਾ ਜਾਵੇ ਤਾਂ ਅਜਿਹੇ ਕੇਸਾਂ ਵਿਚ ਜਦੋਂ ਕੋਈ ਫੀਸ ਨਾ ਭਰ ਸਕਦਾ ਹੋਵੇ ਤਾਂ ਉਸ ਦੀ ਫੀਸ ਭਰ ਕੇ ਅਜਿਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕਦਾ ਹੈ।
-ਮਾਲਵਿੰਦਰ ਸਿੰਘ ਤਿਉਣਾ,
ਪੁਜਾਰੀਆਂ, ਬਠਿੰਡਾ।
ਜੈਵਿਕ ਖੇਤੀ ਦੀ ਲੋੜ
ਜੈਵਿਕ ਖੇਤੀ ਵਿਚ ਰਸਾਇਣਕ ਖਾਦਾਂ, ਕੀਟ-ਨਾਸ਼ਕ ਦਵਾਈਆਂ ਤੇ ਪੌਦੇ ਨੂੰ ਵਸਾਉਣ ਵਾਲੇ ਰਸਾਇਣਾਂ ਦੀ ਵਰਤੋਂ ਨਹੀਂ ਹੁੰਦੀ। ਜੈਵਿਕ ਖੇਤੀ ਫ਼ਸਲੀ ਚੱਕਰ, ਫ਼ਸਲਾਂ ਦੀ ਰਹਿੰਦ-ਖੂੰਹਦ, ਰੂੜੀ ਦੀ ਖਾਦ, ਫ਼ਲੀਦਾਰ ਫ਼ਸਲਾਂ, ਹਰੀ ਖਾਦ ਅਤੇ ਬਾਇਓ ਕੀਟਨਾਸ਼ਕ ਜ਼ਹਿਰਾਂ ਆਦਿ 'ਤੇ ਨਿਰਭਰ ਕਰਦੀ ਹੈ। ਇਸ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵਧਦੀ ਹੈ ਅਤੇ ਪੌਦੇ ਨੂੰ ਵਧਣ-ਫੁੱਲਣ ਲਈ ਲੋੜੀਂਦੇ ਖੁਰਾਕੀ ਤੱਤ ਲਗਾਤਾਰ ਮਿਲਦੇ ਰਹਿੰਦੇ ਹਨ। ਜੋ ਸਾਡੀ ਸਿਹਤ ਲਈ ਬਹੁਤ ਹੀ ਗੁਣਕਾਰੀ ਹੈ। ਅੱਜ ਦੇ ਦੌਰ ਵਿਚ ਮਨੁੱਖ ਬਹੁਤ ਸਾਰੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਰਿਹਾ ਹੈ, ਇਸ ਦਾ ਮੁੱਖ ਕਾਰਨ ਰਸਾਇਣਕ ਖਾਦਾਂ ਦੀ ਵਰਤੋਂ ਹੈ। ਰਸਾਇਣਕ ਖਾਦਾਂ ਜੀਵ-ਜੰਤੂਆਂ ਅਤੇ ਪੰਛੀਆਂ ਲਈ ਵੀ ਹਾਨੀਕਾਰਕ ਹਨ। ਫ਼ਸਲਾਂ ਦਾ ਝਾੜ ਵੱਧ ਲੈਣ ਲਈ ਰਸਾਇਣਕ ਖਾਦਾਂ ਦੀ ਵਧੇਰੇ ਵਰਤੋਂ ਸਿਹਤ ਲਈ ਬਹੁਤ ਹੀ ਹਾਨੀਕਾਰਕ ਸਿੱਧ ਹੋ ਰਹੀ ਹੈ, ਹਵਾ ਪਾਣੀ ਪ੍ਰਦੂਸ਼ਿਤ ਹੋ ਰਿਹਾ ਹੈ, ਕੈਂਸਰ ਦੇ ਰੋਗ ਵਧਣ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਜਾਨਲੇਵਾ ਬਿਮਾਰੀਆਂ ਦਾ ਆਗਮਨ ਹੋ ਰਿਹਾ ਹੈ। 'ਸੋਨੇ ਦੀ ਚਿੜੀ' ਕਿਹਾ ਜਾਂਦਾ ਪੰਜਾਬ ਅੱਜ ਦੂਸ਼ਿਤ ਹੋ ਚੁੱਕਾ ਹੈ, ਕਿਸਾਨ ਵੀਰਾਂ ਨੂੰ ਜੈਵਿਕ ਖੇਤੀ ਅਪਣਾਉਣ ਦੀ ਲੋੜ ਹੈ, ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਬਿਮਾਰੀਆਂ ਤੋਂ ਬਚਾਇਆ ਜਾ ਸਕੇ।
-ਸਤਵੀਰ ਕੌਰ
ਬੱਲੂਆਣਾ, ਬਠਿੰਡਾ।
ਠੰਢ 'ਚ ਆਪਣਾ ਧਿਆਨ ਰੱਖੋ
ਸਰਦੀ ਤੇ ਠਢ ਨੇ ਆਪਣਾ ਪੂਰਾ ਜ਼ੋਰ ਫੜਿਆ ਹੋਇਆ ਹੈ। ਸਰਦੀ ਦਾ ਸਾਰੇ ਲੋਕਾਂ ਦੀ ਸਿਹਤ ਅਤੇ ਕੰਮਾਂ-ਕਾਰਾਂ 'ਤੇ ਕਾਫ਼ੀ ਅਸਰ ਪੈਂਦਾ ਹੈ। ਪਿਛਲੇ ਕੁਝ ਦਿਨਾਂ ਤੋਂ ਧੁੰਦ ਵੀ ਬਹੁਤ ਜ਼ਿਆਦਾ ਪੈਣੀ ਸ਼ੁਰੂ ਹੋ ਗਈ ਹੈ। ਸਰਦੀ ਬੱਚਿਆਂ, ਬਜ਼ੁਰਗਾਂ ਅਤੇ ਬਿਮਾਰ ਚੱਲ ਰਹੇ ਲੋਕਾਂ ਨੂੰ ਆਪਣੀ ਲਪੇਟ ਵਿਚ ਲੈ ਰਹੀ ਹੈ, ਜਿਸ ਕਰਕੇ ਲੋਕਾਂ ਨੂੰ ਖੰਘ, ਬੁਖਾਰ, ਜ਼ੁਕਾਮ, ਗਲਾ ਖ਼ਰਾਬ, ਸਾਹ-ਦਮੇ ਵਰਗੀਆਂ ਬਿਮਾਰੀਆਂ ਆਮ ਹੀ ਹੋ ਰਹੀਆਂ ਹਨ। ਸਾਡੀ ਲੋਕਾਂ ਨੂੰ ਅਪੀਲ ਹੈ ਕਿ ਉਹ ਇਹ ਠੰਢ ਅਤੇ ਧੁੰਦ ਦੇ ਮੌਸਮ ਵਿਚ ਆਪਣੇ ਬਚਾਅ ਲਈ ਗਰਮ ਕੱਪੜੇ ਪਾਉਣ, ਗਰਮ ਚੀਜ਼ਾਂ ਖਾਣ ਅਤੇ ਬਿਨਾਂ ਕੰਮ ਤੋਂ ਘਰੋਂ ਬਾਹਰ ਨਿਕਲਣ ਤੋਂ ਬਚਣਾ ਚਾਹੀਦਾ ਹੈ।
-ਗੁਰਤੇਜ ਸਿੰਘ ਖੁਡਾਲ
ਗਲੀ ਨੰਬਰ-11, ਭਾਗੂ ਰੋਡ, ਬਠਿੰਡਾ।