JALANDHAR WEATHER

25-12-2025

 ਜ਼ੀਰੋ ਐਫ.ਆਈ.ਆਰ.

ਪੁਰਾਣੀ ਸੀ.ਆਰ.ਪੀ.ਸੀ. ਦੇ ਸਮੇਂ ਜ਼ੀਰੋ ਐਫ.ਆਈ.ਆਰ. ਬਹੁਤ ਠੀਕ ਸਹੂਲਤ ਸੀ। ਅਪਰਾਧ ਜਿਥੇ ਮਰਜ਼ੀ ਹੋਵੇ, ਪੀੜਤ ਕਿਸੇ ਵੀ ਥਾਣੇ ਵਿਚ ਜਾ ਕੇ ਐਫ.ਆਈ.ਆਰ. ਦਰਜ ਕਰਵਾ ਸਕਦਾ ਸੀ। ਬਾਅਦ ਵਿਚ ਕੇਸ ਲੱਗਦੇ ਥਾਣੇ ਵਿਚ ਤਬਦੀਲ ਹੋ ਜਾਂਦਾ ਸੀ। ਹੁਣ ਲੋਕਾਂ ਨੂੰ ਲਗਦਾ ਹੈ ਕਿ ਨਵੇਂ ਕਾਨੂੰਨ ਆਉਣ ਨਾਲ ਜ਼ੀਰੋ ਐਫ.ਆਈ.ਆਰ. ਖ਼ਤਮ ਹੋ ਗਈ ਹੈ। ਪਰ ਅਜਿਹਾ ਨਹੀਂ ਹੈ। ਬੀ.ਐਨ.ਐਸ.ਐੱਸ. 2023 ਵਿਚ ਜ਼ੀਰੋ ਐਫ.ਆਈ.ਆਰ. ਪੂਰੀ ਤਰ੍ਹਾਂ ਲਾਗੂ ਹੈ, ਬੱਸ ਨਾਂਅ ਹੀ ਬਦਲਿਆ ਹੈ। ਬੀ.ਐਨ.ਐਸ.ਐੱਸ. ਦੀ ਧਾਰਾ 173 ਵਿਚ ਐਫ.ਆਈ.ਆਰ. ਦਰਜ ਕਰਨ ਦੀਆਂ ਸ਼ਰਤਾਂ ਪਹਿਲਾਂ ਵਾਲੀਆਂ ਨੇ। ਇਹ ਔਰਤ ਅਪਰਾਧ, ਦੁਰਘਟਨਾ, ਅਪਹਰਨ, ਗੰਭੀਰ ਮਾਰ ਕੁਟਾਈ ਵਿਚ ਜ਼ੀਰੋ ਐਫ.ਆਈ.ਆਰ. ਹੋ ਸਕਦੀ ਹੈ। ਬੱਸ, ਬੀ.ਐਨ.ਐਸ.ਐਸ. ਵਿਚ ਇਸ ਨੂੰ ਸਟੈਚੁਟਰੀ ਸ਼ਬਦਾਂ ਵਿਚ ਐਫ.ਆਈ.ਆਰ. ਈ-ਰਿਸਪੈਕਟਿਵ ਆਫ਼ ਟੈਰੀਟੋਰੀਅਲ ਜੁਰਿਸਡਿਕਸ਼ਨ ਕਿਹਾ ਜਾਂਦਾ ਹੈ।

-ਹਰਜਿੰਦਰ ਪਾਲ ਸਿੰਘ
881ਏ, ਜਵੱਦੀ ਕਲਾਂ, ਲੁਧਿਆਣਾ।

ਨਸ਼ਾ, ਨਸ ਤੇ ਜਵਾਨੀ

ਸਾਰਿਆਂ ਨੂੰ ਪਤਾ ਹੈ ਕਿ ਅੱਜ ਪੰਜਾਬ ਕਿਸ ਦੌਰ 'ਚੋਂ ਲੰਘ ਰਿਹਾ ਹੈ। ਸੁੰਨੀਆਂ ਥਾਵਾਂ 'ਤੇ ਨਸਾਂ ਵਿਚ ਲੱਗੀਆਂ ਹੋਈਆਂ ਸਰਿੰਜਾਂ ਮ੍ਰਿਤਕਾਂ ਦੀਆਂ ਬਾਹਾਂ ਵਿਚ ਦੇਖੀਆਂ ਜਾਂਦੀਆਂ ਹਨ। ਛੋਟੀ ਉਮਰ ਦੇ ਨੌਜਵਾਨ ਨਸ਼ੇ ਦੇ ਸ਼ਿਕਾਰ ਹੋ ਰਹੇ ਹਨ। ਪਿੱਛੇ ਜਿਹੇ ਮਾਨਸਾ ਵਿਖੇ ਇਕ ਐਥਲੀਟ ਨੇ ਚਿੱਟਾ ਲਾਉਣ ਲਈ ਆਪਣਾ ਛੋਟਾ ਬੱਚਾ ਹੀ ਵੇਚ ਦਿੱਤਾ। ਭਾਵੇਂ, ਸਮਾਜ ਸੇਵੀ ਸੰਸਥਾਵਾਂ ਨੇ ਬੱਚਾ ਬਚਾ ਲਿਆ ਹੈ। ਚੋਰੀ ਦੀਆਂ ਵਾਰਦਾਤਾਂ ਵਿਚ ਵਾਧਾ ਹੋ ਰਿਹਾ ਹੈ। ਨਸ਼ੇੜੀ ਗਟਰਾਂ ਦੇ ਉੱਪਰ ਰੱਖੇ ਹੋਏ ਲੋਹੇ ਦੇ ਢੱਕਣ, ਕਿਤੇ ਟੂਟੀ ਲੱਗੀ ਹੋਵੇ, ਜਾਂ ਕਿਤੇ ਸਿਲੰਡਰਾਂ ਦੀ ਖੜ੍ਹੀ ਗੱਡੀ ਵਿਚੋਂ ਸਿਲੰਡਰ ਚੋਰੀ ਕਰਕੇ ਵੇਚਣ ਬਾਅਦ ਨਸ਼ੇ ਦਾ ਜੁਗਾੜ ਕਰ ਰਹੇ ਹਨ। ਪੰਜਾਬ ਦੇ ਹੀ ਇਕ ਕਸਬੇ ਦੀ ਕੰਧ 'ਤੇ ਲਿਖਿਆ ਹੋਇਆ ਸੀ ਕਿ ਇਥੇ ਨਸ਼ਾ ਆਮ ਵਿਕਦਾ ਹੈ, ਇਹ ਬਹੁਤ ਵਾਇਰਲ ਹੋਈ ਸੀ। ਪਿੰਡ ਦੇ ਲੋਕਾਂ ਨੇ ਆਪਣੀ ਭੜਾਸ ਕੱਢੀ। ਹਾਲਾਂਕਿ ਪਿੰਡ ਵਾਸੀਆਂ ਨੇ ਕਿਹਾ ਕਿ ਪੁਲਿਸ ਨੂੰ ਨਾਂਅ ਵੀ ਦੱਸਿਆ, ਵੀਡੀਓ ਵੀ ਦੇ ਦਿੱਤੀ ਗਈ, ਪਰ ਪੁਲਿਸ ਪ੍ਰਸ਼ਾਸਨ ਵਲੋਂ ਕੋਈ ਕਾਰਵਾਈ ਨਹੀਂ ਹੋਈ। ਮੋਗਾ ਵਿਚ ਤਾਂ ਨਾ ਦੱਸਣ ਵਾਲੇ ਦੀਆਂ ਲੱਤਾਂ-ਬਾਹਾਂ ਹੀ ਤਸਕਰਾਂ ਨੇ ਤੋੜ ਦਿੱਤੀਆਂ। ਨੌਜਵਾਨ ਮੁੰਡੇ-ਕੁੜੀਆਂ ਆਪਣੀ ਜਵਾਨੀ ਦਾ ਘਾਣ ਕਰ ਰਹੇ ਹਨ। ਫਿਰਨੀਆਂ, ਖੰਡਰ ਬਿਲਡਿੰਗਾਂ, ਸ਼ਮਸ਼ਾਨਘਾਟਾਂ ਵਿਚ ਨਸ਼ਿਆਂ ਨਾਲ ਭਰੀਆਂ ਸਰਿੰਜਾਂ ਲਾਉਂਦੇ ਨੌਜਵਾਨ ਦੇਖੇ ਜਾ ਸਕਦੇ ਹਨ। ਪਿੱਛੇ ਜਿਹੇ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋਈ, ਜਿਸ ਵਿਚ ਸ਼ਮਸ਼ਾਨਘਾਟ ਵਿਚ ਫੁੱਲ ਚੁਗ ਕੇ ਉੱਥੇ ਪਏ ਲੋਕਰ ਵਿਚ ਰੱਖ ਦਿੱਤੇ। ਅਕਸਰ ਫੁੱਲਾਂ ਵਾਲੀ ਥੈਲੀ ਵਿਚ ਮਾਇਆ ਵੀ ਪਾ ਦਿੱਤੀ ਜਾਂਦੀ ਹੈ। ਨਸ਼ੇੜੀਆਂ ਨੇ ਫੁੱਲ ਕੱਢ ਕੇ ਇਧਰ-ਉਧਰ ਸੁੱਟ ਦਿੱਤੇ ਤੇ ਪੈਸੇ ਕੱਢ ਕੇ ਲੈ ਗਏ। ਲਗਾਤਾਰ ਸਮਾਜ ਦੀ ਹਾਲਤ ਤਰਸਯੋਗ ਬਣਦੀ ਜਾ ਰਹੀ ਹੈ।

-ਸੰਜੀਵ ਸਿੰਘ ਸੈਣੀ, ਮੁਹਾਲੀ।

ਮਜ਼ਦੂਰਾਂ ਦਾ ਸ਼ੋਸ਼ਣ

ਜੇਕਰ ਮਜ਼ਦੂਰ ਨੂੰ ਦੇਸ਼ ਦੇ ਵਿਕਾਸ ਦੀ ਰੀੜ੍ਹ ਦੀ ਹੱਡੀ ਕਿਹਾ ਜਾਵੇ ਤਾਂ ਸ਼ਾਇਦ ਇਸ ਵਿਚ ਕੋਈ ਅਤਿਕਥਨੀ ਨਹੀਂ ਹੋਵੇਗੀ। ਪ੍ਰੰਤੂ ਸਮਾਜ ਵਿਚ ਨਜ਼ਰ ਮਾਰਿਆਂ ਪਤਾ ਲੱਗਦਾ ਹੈ ਕਿ ਨਿੱਜੀ ਖੇਤਰ ਵਿਚ ਕੰਮ ਕਰਨ ਵਾਲੇ ਮਜ਼ਦੂਰਾਂ ਦਾ ਵੱਡੇ ਪੱਧਰ 'ਤੇ ਸ਼ੋਸ਼ਣ ਹੋ ਰਿਹਾ ਹੈ। ਜੇਕਰ ਗਹੁ ਨਾਲ ਦੇਖਿਆ ਜਾਵੇ ਤਾਂ ਨਿੱਜੀ ਖੇਤਰ ਵਿਚ ਕੰਮ ਕਰਨ ਵਾਲੇ ਮਜ਼ਦੂਰ ਆਪਣੇ ਘਰ ਸਿਰਫ਼ ਕੁਝ ਘੰਟੇ ਸੌਣ ਹੀ ਆਉਂਦੇ/ਜਾਂਦੇ ਹਨ। 12 ਘੰਟੇ ਕੰਮ ਕਰਨ ਤੋਂ ਇਲਾਵਾ ਔਸਤਨ ਦੋ ਘੰਟੇ ਕੰਮ ਵਾਲੀ ਥਾਂ 'ਤੇ ਆਉਂਦੇ ਜਾਂਦੇ ਰਸਤੇ ਵਿਚ ਲੱਗ ਜਾਂਦੇ ਹਨ। ਫਿਰ ਘਰ ਆ ਕੇ ਨਹਾਉਣਾ, ਰੋਟੀ ਆਦਿ ਖਾਣ 'ਤੇ ਵੀ ਦੋ ਘੰਟੇ ਦਾ ਸਮਾਂ ਲੱਗ ਜਾਂਦਾ ਹੈ। ਜਿਸ ਕਰਕੇ ਉਹ ਆਪਣੀ ਸਿਹਤ ਦਾ ਵੀ ਧਿਆਨ ਨਹੀਂ ਰੱਖ ਸਕਦੇ। ਪਰਿਵਾਰ ਨੂੰ ਸਮਾਂ ਦੇਣਾ ਅਲੱਗ ਹੈ। ਮਜ਼ਦੂਰ ਜਮਾਤ ਦੀਆਂ ਸਮੱਸਿਆਵਾਂ ਨੂੰ ਧਿਆਨ ਵਿਚ ਰੱਖਦੇ ਹੋਏ ਸਰਕਾਰ ਨੂੰ ਇਸ ਪਾਸੇ ਬਿਨਾਂ ਕਿਸੇ ਹੋਰ ਦੇਰੀ ਕੀਤੇ ਵਿਆਪਕ ਸੁਧਾਰ ਕਰਨਾ ਚਾਹੀਦਾ ਹੈ।

-ਅੰਗਰੇਜ ਸਿੰਘ ਵਿੱਕੀ ਕੋਟਗੁਰੂ
ਪਿੰਡ-ਡਾਕ. ਕੋਟਗੁਰੂ (ਬਠਿੰਡਾ)

ਪਵਿੱਤਰ ਸ਼ਹਿਰਾਂ ਦਾ ਦਰਜਾ

ਪੰਜਾਬ ਸਰਕਾਰ ਨੇ ਪੰਜਾਬ ਦੇ ਤਿੰਨ ਸ਼ਹਿਰਾਂ ਜਿਨ੍ਹਾਂ ਵਿਚ ਸ੍ਰੀ ਅੰਮ੍ਰਿਤਸਰ ਸਾਹਿਬ, ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਅਤੇ ਅਨੰਦਪੁਰ ਸਾਹਿਬ ਸ਼ਾਮਿਲ ਹਨ, ਇਨ੍ਹਾਂ ਨੂੰ ਪਵਿੱਤਰ ਸ਼ਹਿਰ ਐਲਾਨ ਕਰ ਕੇ ਬਹੁਤ ਹੀ ਵਧੀਆ ਤੇ ਸ਼ਲਾਘਾਯੋਗ ਕੰਮ ਕੀਤਾ ਹੈ। ਇਨ੍ਹਾਂ ਸ਼ਹਿਰਾਂ ਵਿਚ ਹਰ ਪ੍ਰਕਾਰ ਦੇ ਨਸ਼ਿਆਂ ਸ਼ਰਾਬ, ਮੈਡੀਕਲ ਨਸ਼ੇ, ਤੰਬਾਕੂ, ਬੀੜੀ, ਸਿਗਰਟ ਤੋਂ ਇਲਾਵਾ ਅੰਡਾ ਮੀਟ ਅਤੇ ਹੋਰ ਹਰ ਪ੍ਰਕਾਰ ਦੀਆਂ ਇਤਰਾਜ਼ਯੋਗ ਵਸਤੂਆਂ ਜੋ ਸਿੱਖ ਸਿਧਾਂਤਾਂ ਦੇ ਹੋਣ ਉਨ੍ਹਾਂ ਵਸਤੂਆਂ 'ਤੇ ਪੂਰਨ ਪਾਬੰਦੀ ਲਗਾਉਣੀ ਸੀ ਪਰ ਇਕੱਲੇ ਐਲਾਨ ਕਰਨ ਨਾਲ ਕੁਝ ਵੀ ਨਹੀਂ ਹੋਣਾ। ਸਰਕਾਰ ਵਲੋਂ ਇਹ ਹੁਕਮ ਪੂਰੀ ਸਖ਼ਤੀ ਨਾਲ ਲਾਗੂ ਕਰਨੇ ਚਾਹੀਦੇ ਹਨ। ਇਸ 'ਤੇ ਸਿਆਸੀ ਪਾਰਟੀਆਂ ਨੂੰ ਸਿਆਸਤ ਨਹੀਂ ਕਰਨੀ ਚਾਹੀਦੀ ਸਗੋਂ ਸਭ ਨੂੰ ਪੂਰਾ ਸਾਥ ਦੇਣਾ ਚਾਹੀਦਾ ਹੈ। ਇਹ ਧਰਮ ਨਾਲ ਜੁੜਿਆ ਹੋਇਆ ਮਸਲਾ ਹੈ। ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਅਸੀਂ ਸਰਕਾਰ ਦੇ ਇਸ ਵਧੀਆ ਫ਼ੈਸਲੇ ਦਾ ਸਵਾਗਤ ਕਰੀਏ। ਇਸ ਫ਼ੈਸਲੇ ਨੂੰ ਪੂਰਨ ਤੌਰ 'ਤੇ ਲਾਗੂ ਕਰਨ ਲਈ ਸਰਕਾਰ ਵਲੋਂ ਐਲਾਨੇ ਗਏ ਪਵਿੱਤਰ ਸ਼ਹਿਰਾਂ ਦੀ ਪਵਿੱਤਰਤਾ ਕਾਇਮ ਕਰਨ ਅਤੇ ਰੱਖਣ ਲਈ ਸਰਕਾਰ ਦਾ ਪੂਰਾ-ਪੂਰਾ ਸਾਥ ਦੇਈਏ। ਫਿਰ ਹੀ ਇਨ੍ਹਾਂ ਧਾਰਮਿਕ ਸ਼ਹਿਰਾਂ ਦੀ ਪਵਿੱਤਰਤਾ ਕਾਇਮ ਹੋ ਸਕੇਗੀ।

-ਗੁਰਤੇਜ ਸਿੰਘ ਖੁਡਾਲ
ਗਲੀ ਨੰਬਰ 11, ਭਾਗੂ ਰੋਡ, ਬਠਿੰਡਾ।

ਹੁਸ਼ਿਆਰਪੁਰ ਪ੍ਰਸ਼ਾਸਨ ਧਿਆਨ ਦੇਵੇ
ਇਸ ਵਾਰ ਪੰਜਾਬ ਅਤੇ ਹਿਮਾਚਲ ਵਿਚ ਮੀਹਾਂ ਕਾਰਨ ਕਾਫੀ ਨੁਕਸਾਨ ਹੋਇਆ ਹੈ। ਇਨ੍ਹਾਂ ਮੀਹਾਂ ਕਾਰਨ ਸੜਕਾਂ ਦੀ ਹਾਲਤ ਵੀ ਬਹੁਤ ਮਾੜੀ ਹੋ ਗਈ ਸੀ। ਹਿਮਾਚਲ ਨੇ ਤਾਂ ਆਪਣੀਆਂ ਸਾਰੀਆਂ ਸੜਕਾਂ ਦੁਬਾਰਾ ਬਣਾ ਕੇ ਆਪਣਾ ਸਾਰਾ ਇੰਫਰਾਸਟਰਕਚਰ ਠੀਕ ਕਰ ਲਿਆ ਹੈ ਪਰ ਪੰਜਾਬ ਦੇ ਏਰੀਆ ਦੀਆਂ ਸੜਕਾਂ ਪੂਰੀ ਤਰ੍ਹਾਂ ਬਦਹਾਲ ਹਨ। ਚਿੰਤਪੁਰਨੀ ਦੇ ਰਸਤੇ 'ਤੇ ਪੈਂਦੇ ਮੰਗੂਵਾਲ ਲਾਗੇ ਵੀ ਸੜਕ ਟੁੱਟ ਗਈ ਸੀ ਜਿਸ ਕਾਰਨ ਉਥੇ ਦੁਰਘਟਨਾ ਵੀ ਘਟੀ ਸੀ ਅਤੇ ਕੁਝ ਲੋਕਾਂ ਦੀ ਜਾਨ ਵੀ ਚਲੀ ਗਈ ਸੀ। ਉਥੇ ਵੀ ਅਜੇ ਤੱਕ ਕੁਝ ਨਹੀਂ ਕੀਤਾ ਗਿਆ। ਹੋਰ ਤਾਂ ਹੋਰ, ਪਹਾੜੀ ਏਰੀਏ ਦੀਆਂ ਸੜਕਾਂ 'ਤੇ ਡਿਗੀ ਹੋਈ ਮਿੱਟੀ ਵੀ ਸਰਕਾਰ ਵਲੋਂ ਨਹੀਂ ਚੁਕਾਈ ਗਈ। ਸੜਕਾਂ ਅੱਧ-ਅਧੂਰੀਆਂ ਹੀ ਚੱਲ ਰਹੀਆਂ ਹਨ। ਹੁਸ਼ਿਆਰਪੁਰ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਨੂੰ ਇਹ ਮੰਗ ਹੈ ਕਿ ਇਨ੍ਹਾਂ ਰਸਤਿਆਂ ਦਾ ਜਲਦ ਹੀ ਸੁਧਾਰ ਕੀਤਾ ਜਾ ਸਕੇ ਤਾਂ ਜੋ ਹਿਮਾਚਲ ਆਉਣ-ਜਾਣ ਵਾਲੇ ਲੋਕਾਂ ਨੂੰ ਰਾਹਤ ਮਿਲ ਸਕੇ।

-ਅਸ਼ੀਸ਼ ਸ਼ਰਮਾ, ਜਲੰਧਰ

ਵਿਦਿਆਰਥੀਆਂ ਦਾ ਬਦਲਦਾ ਵਿਵਹਾਰ

ਇਕ ਅਧਿਆਪਕਾ ਹੋਣ ਨਾਤੇ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਇਕ ਟੀਚਰ ਦਾ ਕਰਤਵ ਹੈ ਕਿ ਜਿਹੜੇ ਬੱਚੇ ਉਸ ਕੋਲ ਪੜ੍ਹਨ ਲਈ ਸਿੱਖਿਆ ਕੇਂਦਰਾਂ ਵਿਚ ਆ ਰਹੇ ਹਨ, ੳਹ ਉਨ੍ਹਾਂ ਨੂੰ ਇਹੋ ਜਿਹੀ ਸਿੱਖਿਆ ਪ੍ਰਦਾਨ ਕਰੇ ਕਿ ਬੱਚਾ ਇਕ ਚੰਗਾ ਨਾਗਰਿਕ ਬਣ ਸਕੇ। ਸਿੱਖਿਅਕ ਤਾਂ ਆਪਣੀ ਭੂਮਿਕਾ ਬੜੀ ਚੰਗੀ ਤਰ੍ਹਾਂ ਨਿਭਾ ਰਹੇ ਹਨ, ਪਰ ਫਿਰ ਵੀ ਕੁਝ ਵਿਦਿਆਰਥੀ ਗ਼ਲਤ ਸੁਸਾਇਟੀ ਵਿਚ ਜਾ ਰਹੇ ਹਨ। ਇਸ ਕਰਕੇ ਮੈਂ ਕਹਿਣਾ ਚਾਹਾਂਗੀ ਕਿ ਸਿੱਖਿਆ ਦੇ ਨਾਲ-ਨਾਲ ਵਿਦਿਆਰਥੀਆਂ ਦੇ ਮਾਂ-ਬਾਪ ਵੀ ਬੱਚਿਆਂ ਪ੍ਰਤੀ ਆਪਣੀ ਜ਼ਿੰਮੇਦਾਰੀਆਂ ਸਮਝਣ ਤਾਂ ਜੋ ਸਿੱਖਿਅਕ ਅਤੇ ਮਾਂ-ਬਾਪ ਮਿਲ ਕੇ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਣ ਅਤੇ ਆਪਣੇ ਸਮਾਜ, ਰਾਸ਼ਟਰ ਤੇ ਦੇਸ਼ ਨੂੰ ਸਿੱਖਿਅਤ ਅਤੇ ਸੂਝਵਾਨ ਨੌਜਵਾਨ ਦੇ ਸਕਦੇ ਹਨ ਜੋ ਭਵਿੱਖ ਵਿਚ ਦੇਸ਼ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਉਸ ਨੂੰ ਨਵਿਆਉਣ ਪ੍ਰਤੀ ਆਪਣੀ ਮਹੱਤਵਪੂਰਨ ਭੂਮਿਕਾ ਅਦਾ ਕਰ ਸਕਣ।

-ਸ੍ਰੀਮਤੀ ਸੁਧਾ
ਅਧਿਆਪਕਾ, ਆਕਸਫੋਰਡ ਸਕੂਲ।