JALANDHAR WEATHER

29-12-2025

 ਵਾਧੂ ਖ਼ਰਚੇ ਤੋਂ ਬਚੋ
ਪੰਜਾਬ ਵਿਚ ਭਾਵੇਂ ਬਹੁਤ ਸਾਰੇ ਲੋਕ ਗ਼ਰੀਬ ਹਨ ਅਤੇ ਐਸ਼ੋ ਆਰਾਮ ਦੀਆਂ ਚੀਜ਼ਾਂ ਖਰੀਦਣ ਦੀ ਸਥਿਤੀ 'ਚ ਨਹੀਂ ਹਨ, ਫਿਰ ਵੀ ਉਹ ਇਹ ਚੀਜ਼ਾਂ ਖ਼ਰੀਦ ਹੀ ਲੈਂਦੇ ਹਨ। ਸਾਡੇ ਸਮਾਜ ਵਿਚ ਲੋਕਾਂ ਨੂੰ ਆਪਣੀ ਹੈਸੀਅਤ ਤੋਂ ਵਧ ਕੇ ਖ਼ਰਚ ਕਰਨ ਦੀ ਆਦਤ ਹੈ। ਲੋਕ ਆਪਣੇ ਘਰ ਦੇ ਪ੍ਰੋਗਰਾਮਾਂ ਖ਼ਾਸ ਕਰਕੇ ਕੁੜੀਆਂ ਦੇ ਵਿਆਹ 'ਤੇ ਜ਼ਰੂਰਤ ਤੋਂ ਜ਼ਿਆਦਾ ਖ਼ਰਚ ਕਰਦੇ ਹਨ ਅਤੇ ਆਪਣੀ ਫੋਕੀ ਟੌਹਰ ਬਣਾਉਂਦੇ ਹਨ। ਆਪਣੀ ਹੈਸੀਅਤ ਤੋਂ ਵਧ ਕੇ ਦਾਜ ਦੇਣ ਲਈ ਕਰਜ਼ਾ ਤੱਕ ਚੁੱਕਦੇ ਹਨ। ਇਹ ਕਰਜ਼ਾ ਦਿਨੋ-ਦਿਨ ਵਧਦਾ ਚਲਾ ਜਾਂਦਾ ਹੈ। ਲੋਕ ਸਮਾਜ ਵਿਚ ਆਪਣੀ ਚੰਗੀ ਹੈਸੀਅਤ ਦਿਖਾਉਣ ਲਈ ਹੱਦੋਂ ਵਧ ਖ਼ਰਚੇ ਕਰਦੇ ਹਨ। ਪਿੰਡ ਹੋਵੇ ਜਾਂ ਸ਼ਹਿਰ ਕਿਸੇ ਗੁਆਂਢੀ ਨੇ ਵੱਡੀ ਕੋਠੀ ਪਾਈ ਹੈ ਤਾਂ ਲੋਕ ਉਸ ਦੀ ਰੀਸ ਕਰ ਕੇ ਉਸ ਤੋਂ ਵੀ ਉੱਚੀ ਕੋਠੀ ਪਾਉਂਦੇ ਹਨ। ਪਰ ਕਰਜ਼ਾ ਚੁੱਕ ਕੇ। ਜੇ ਗੁਆਂਢੀਆਂ ਨੇ ਕਾਰ, ਮੋਟਰਸਾਈਕਲ ਲਿਆ ਤਾਂ ਦੂਸਰੇ ਲੋਕ ਵੀ ਉਸ ਦੀ ਰੀਸ ਕਰ ਕੇ ਕਰਜ਼ਾ ਚੁੱਕ ਕੇ ਕਾਰ, ਜੀਪ, ਮੋਟਰਸਾਈਕਲ ਲੈਂਦੇ ਹਨ।

-ਸ਼ਾਰਦਾ ਸ਼ਰਮਾ
ਪਿੰਡ ਤੇ ਡਾ. ਝਬੇਲਵਾਲੀ।

ਦੁਰਘਟਨਾਵਾਂ ਤੋਂ ਸਬਕ
ਅੱਜ-ਕੱਲ੍ਹ ਪੰਜਾਬ ਵਿਚ ਠੰਢ ਅਤੇ ਧੁੰਦ ਨੇ ਜ਼ੋਰ ਫੜਿਆ ਹੋਇਆ ਹੈ। ਇਸ ਮੌਸਮ ਵਿਚ ਹਰ ਰੋਜ਼ ਵੇਖਣ-ਸੁਣਨ ਨੂੰ ਮਿਲਦਾ ਹੈ ਕਿ ਉਸ ਜਗ੍ਹਾ ਗੱਡੀਆਂ ਆਪਸ 'ਚ ਟਕਰਾਅ ਗਈਆਂ ਅਤੇ ਇੰਨ੍ਹੇ ਲੋਕਾਂ ਦੇ ਸੱਟਾਂ ਵੱਜੀਆਂ। ਇਨ੍ਹਾਂ ਸੜਕ ਦੁਰਘਟਨਾਵਾਂ ਵਿਚ ਕਈ ਲੋਕ ਆਪਣੀ ਜਾਨ ਤੱਕ ਗੁਆ ਲੈਂਦੇ ਹਨ। ਤੇਜ਼ ਰਫ਼ਤਾਰੀ, ਮੋਬਾਈਲ ਫ਼ੋਨ ਜਾਂ ਹੋਰ ਅਨਦੇਖੀ ਇਨ੍ਹਾਂ ਦੁਰਘਟਨਾਵਾਂ ਦਾ ਕਾਰਨ ਬਣਦੇ ਹਨ। ਸਾਨੂੰ ਇਸ ਮੌਸਮ ਵਿਚ ਗੱਡੀ ਬੜੀ ਹੀ ਸਾਵਧਾਨੀ ਨਾਲ ਅਤੇ ਥੋੜ੍ਹੀ ਹੌਲੀ ਚਲਾ ਕੇ ਰੱਖਣੀ ਚਾਹੀਦੀ ਹੈ। ਗੱਡੀ ਦੇ ਸਾਰੇ ਇੰਡੀਕੇਟਰ ਜਲਾ ਕੇ ਚੱਲਣਾ ਚਾਹੀਦਾ ਹੈ ਤਾਂ ਜੋ ਪਿੱਛੋਂ ਆ ਰਹੀ ਗੱਡੀ ਨੂੰ ਪਤਾ ਚਲ ਸਕੇ ਕਿ ਅੱਗੇ ਗੱਡੀ ਹੈ। ਟਰਾਲੀਆਂ, ਸਾਈਕਲਾਂ ਆਦਿ 'ਤੇ ਵੀ ਰਿਫ਼ਲੈਕਟਰ ਲਗਾ ਕੇ ਚੱਲਣਾ ਚਾਹੀਦਾ ਹੈ। ਜ਼ਿੰਦਗੀ ਬੜੀ ਅਨਮੋਲ ਹੈ ਜਿਹੇ ਛੋਟੀਆਂ-ਛੋਟੀਆਂ ਅਣਗਹਿਲੀਆਂ ਕਾਰਨ ਇਹ ਚਲੀ ਜਾਵੇ ਤਾਂ ਇਹ ਘਾਟਾ ਜਲਦੀ ਪੂਰਾ ਨਹੀਂ ਹੁੰਦਾ। ਇਸ ਲਈ ਹੌਲੀ ਚੱਲੋ, ਸਾਵਧਾਨੀ ਨਾਲ ਚੱਲੋ ਚਾਹੇ ਸਮਾਂ ਵਧ ਲੱਗੇ ਪਰ ਤੁਸੀਂ ਆਪਣੀ ਮੰਜ਼ਿਲ ਤੱਕ ਤਾਂ ਪਹੁੰਚ ਸਕਦੇ ਹੋ।

-ਅਸ਼ੀਸ਼ ਸ਼ਰਮਾ
ਜਲੰਧਰ।

ਆਪਣੇ ਤੱਕ ਮਤਲਬ ਰੱਖੋ
ਕੌਣ ਕੀ ਕਰ ਰਿਹਾ ਹੈ, ਕਿਉਂ ਕਰ ਰਿਹਾ ਹੈ? ਦੂਜਿਆਂ ਬਾਰੇ ਸੋਚਦੇ ਰਹਿਣਾ ਸਾਡਾ ਕੰਮ ਨਹੀਂ ਹੈ। ਅੱਜ ਜ਼ਿੰਦਗੀ ਬਹੁਤ ਜ਼ਿਆਦਾ ਫਾਰਵਰਡ ਹੁੰਦੀ ਜਾ ਰਹੀ ਹੈ, ਜਿਥੇ ਆਪਣੇ ਖ਼ੂਨ ਦੇ ਰਿਸ਼ਤਿਆਂ ਲਈ ਸਮਾਂ ਨਹੀਂ ਹੈ। ਅੱਜਕੱਲ੍ਹ ਦੀ ਦੌੜ-ਭੱਜ ਭਰੀ ਜ਼ਿੰਦਗੀ ਵਿਚ ਅਸੀਂ ਦੂਜਿਆਂ ਦੀ ਨਿੱਜੀ ਜ਼ਿੰਦਗੀ ਬਾਰੇ ਦਿਲਚਸਪੀ ਕਿਉਂ ਰੱਖ ਰਹੇ ਹਾਂ? ਦੋਸਤ ਦੀ ਜ਼ਿੰਦਗੀ ਵਿਚ ਜ਼ਿਆਦਾ ਦਖ਼ਲਅੰਦਾਜ਼ੀ ਨਾ ਕਰੋ।
ਠੀਕ ਹੈ ਤੁਹਾਡਾ ਦੋਸਤ ਹੈ, ਦਿਲੋਂ ਕਰੀਬੀ ਹੈ, ਜੇ ਉਹ ਤੁਹਾਡੀ ਜ਼ਿੰਦਗੀ ਵਿਚ ਦਖ਼ਲਅੰਦਾਜ਼ੀ ਕਰ ਰਿਹਾ ਹੈ, ਤੁਹਾਡਾ ਕਿਸੇ ਸਮੱਸਿਆ ਲਈ ਤੁਹਾਨੂੰ ਹੱਲ ਕੱਢ ਰਿਹਾ ਤਾਂ ਤੁਹਾਡਾ ਵੀ ਹੱਕ ਬਣਦਾ ਹੈ ਕਿ ਜੇ ਉਹ ਮੁਸੀਬਤ ਵਿਚ ਹੈ ਉਸ ਦੀ ਮਦਦ ਕਰੋ। ਪਰ ਅੱਜਕੱਲ੍ਹ ਦੋਸਤਾਂ ਦੇ ਵੀ ਅੱਗੇ ਦੋਸਤ ਹੁੰਦੇ ਹਨ, ਸੋਚ, ਸਮਝ ਕੇ ਗੱਲ ਕਰਨੀ ਚਾਹੀਦੀ ਹੈ। ਹਰ ਇਕ ਨੂੰ ਆਪਣੇ ਘਰ ਨਹੀਂ ਲੈ ਕੇ ਆਉਣਾ ਚਾਹੀਦਾ। ਘਰ ਦੇ ਭੇਤ ਖੁੱਲ੍ਹਦੇ ਹਨ। ਹਰ ਹੱਥ ਮਿਲਾਉਣ ਵਾਲਾ ਇਨਸਾਨ ਚੰਗਾ ਹੀ ਨਹੀਂ ਹੁੰਦਾ। ਆਪਣੇ ਲਈ ਜ਼ਰੂਰ ਸਮਾਂ ਕੱਢੋ। ਆਪਣੀ ਸਿਹਤ ਦਾ ਧਿਆਨ ਰੱਖੋ। ਰੂਹ ਨੂੰ ਸਕੂਨ ਦੇਣ ਵਾਲੇ ਕੰਮ ਕਰੋ, ਲੋੜਵੰਦਾਂ ਦੀ ਮਦਦ ਕਰੋ। ਚੰਗੇ ਦੋਸਤਾਂ ਨਾਲ ਸੰਗ ਕਰੋ। ਚੰਗੀਆਂ ਕਿਤਾਬਾਂ ਪੜੋ।

-ਸੰਜੀਵ ਸਿੰਘ ਸੈਣੀ
ਮੁਹਾਲੀ।

ਪੰਜਾਬੀ ਮਾਂ ਬੋਲੀ
ਪਿਛਲੇ ਦਿਨੀਂ ਪੰਜਾਬ ਸਫ਼ੇ ਉੱਪਰ 'ਪੰਜਾਬੀ ਮਾਂ ਬੋਲੀ ਦੇ ਠੇਠ ਸ਼ਬਦ ਪਿੰਡਾਂ ਵਿਚੋਂ ਵੀ ਅਲੋਪ ਹੋਣ ਲੱਗੇ', ਸਿਰਲੇਖ ਹੇਠ ਗੁਰਵਿੰਦਰ ਸਿੰਘ ਔਲਖ ਦੀ ਖੋਜ ਖ਼ਬਰ ਪੜ੍ਹਨ ਨੂੰ ਮਿਲੀ। ਇਸ ਖ਼ਬਰ ਨੂੰ ਪੰਜਾਬੀ ਭਾਸ਼ਾ ਦੇ ਪ੍ਰੇਮੀਆਂ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਹੈ, ਕਿਉਂਕਿ ਸੱਚ ਹਮੇਸ਼ਾ ਸੱਚ ਹੁੰਦਾ ਹੈ ਅਤੇ ਇਹ ਵੀ ਇਕ ਸੱਚ ਹੈ। ਧਿਆਨ ਨਾਲ ਵੇਖਣ 'ਤੇ ਪਤਾ ਲੱਗਦਾ ਹੈ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਵਿਚ 30 ਤੋਂ 40 ਫ਼ੀਸਦੀ ਬੱਚੇ ਪੰਜਾਬ 'ਚ ਪ੍ਰਵਾਸ ਕਰਕੇ ਆਏ ਯੂ.ਪੀ., ਬਿਹਾਰ ਦੇ ਲੋਕਾਂ ਦੇ ਹਨ ਅਤੇ ਪੰਜਾਬ ਦੇ ਵਿੱਤੀ ਤੌਰ 'ਤੇ ਕਮਜ਼ੋਰ ਲੋਕਾਂ ਦੇ ਬੱਚੇ ਹੀ ਇਨ੍ਹਾਂ ਸਕੂਲਾਂ 'ਚ ਪੜ੍ਹ ਰਹੇ ਹਨ। ਦੂਜੇ ਪਾਸੇ ਜੋ ਬੱਚੇ ਕਾਨਵੈਂਟ ਅਤੇ ਮਹਿੰਗੇ ਸਕੂਲਾਂ ਵਿਚ ਪੜ੍ਹਦੇ ਹਨ, ਉਥੇ ਬਹੁਗਿਣਤੀ ਸਕੂਲਾਂ ਵਿਚ ਪੰਜਾਬੀ ਬੋਲੀ ਬੋਲਣ ਵਾਲੇ ਨੂੰ ਪਸੰਦ ਨਹੀਂ ਕੀਤਾ ਜਾਂਦਾ। ਅਜਿਹੀ ਸਥਿਤੀ ਵਿਚ ਲੱਗਦਾ ਹੈ ਕਿ ਸ਼ਾਇਦ ਪੰਜਾਬੀ ਭਾਸ਼ਾ ਦਾ ਜੀਵਨ ਪੰਜਾਬ 'ਚ ਹੀ ਬਹੁਤਾ ਲੰਮਾ ਨਹੀਂ ਹੋਵੇਗਾ। ਪਹਿਲਾਂ ਪੰਜਾਬ ਵਿਚ ਸਕੂਲਾਂ ਦੇ ਨਾਂਅ ਗੁਰੂਆਂ ਦੇ ਨਾਂਅ 'ਤੇ ਹੁੰਦੇ ਸਨ, ਪਰ ਹੁਣ ਬਹੁਤੇ ਸਕੂਲਾਂ ਦੇ ਨਾਂਅ 'ਚ ਅੰਗਰੇਜ਼ੀ ਸ਼ਬਦਾਂ ਦੀ ਭਰਮਾਰ ਹੈ।

-ਮਾਲਵਿੰਦਰ ਸਿੰਘ ਤਿਉਣਾ
ਪੁਜਾਰੀਆ, ਬਠਿੰਡਾ।

ਯਾਦ ਅਤੇ ਮਾਨਸਿਕ ਨਕਸ਼ਾ
ਯਾਦ ਇਕ ਭੰਡਾਰਨ ਸਿਸਟਮ ਹੁੰਦਾ ਹੈ, ਜਿਸ ਵਿਚ ਪ੍ਰਸੰਗਿਕ ਯਾਦ ਅਤੇ ਅਰਥਗਤ ਯਾਦਾਂ ਸੰਗਠਿਤ ਹੁੰਦੀਆਂ ਹਨ। ਭੰਡਾਰਨ ਤੰਤਰ ਵਿਚ ਇਕੱਠੀਆਂ ਹੋਈਆਂ ਸੂਚਨਾਵਾਂ ਨੂੰ ਵਿਅਕਤੀ ਦੁਬਾਰਾ ਪ੍ਰਾਪਤ ਕਰ ਲੈਂਦਾ ਹੈ। ਸੂਚਨਾਵਾਂ ਨੂੰ ਦੁਬਾਰਾ ਪ੍ਰਾਪਤ ਕਰਨ ਦਾ ਪ੍ਰਮੁੱਖ ਕਾਰਨ ਮਨੁੱਖੀ ਯਾਦ ਅੰਦਰ ਅਨੇਕਾਂ ਇਕਾਈਆਂ ਦੇ ਤੱਤਾਂ ਦਾ ਸ਼ਾਮਿਲ ਹੋਣਾ ਹੁੰਦਾ ਹੈ। ਇਨ੍ਹਾਂ ਇਕਾਈਆਂ ਵਿਚ ਸੰਕਲਪ, ਪ੍ਰਤਿਮਾ ਜਾਂ ਕਲਪਨਾ, ਮਾਨਸਿਕ ਨਕਸ਼ਾ, ਸਕੀਮਾਂ ਅਤੇ ਸਕ੍ਰਿਪਟ ਆਦਿ ਤੱਤ ਸ਼ਾਮਿਲ ਹੁੰਦੇ ਹਨ। ਇਸ ਲਿਖਤ ਵਿਚ ਮਾਨਸਿਕ ਨਕਸ਼ੇ ਬਾਰੇ ਵਿਚਾਰ ਕੀਤੀ ਜਾਵੇਗੀ। ਵਿਅਕਤੀ ਆਪਣੇ ਭੌਤਿਕ ਵਾਤਾਵਰਨ ਦੇ ਅਨੁਭਵਾਂ ਨੂੰ ਮਾਨਸਿਕ ਨਕਸ਼ੇ ਦੇ ਰੂਪ ਵਿਚ ਯਾਦ ਰੱਖਦਾ ਹੈ।
ਮਾਨਸਿਕ ਨਕਸ਼ੇ ਦੇ ਨਿਰਮਾਣ ਵਿਚ ਅਨੇਕਾਂ ਤੱਤ ਆਪਣਾ ਕਾਰਜ ਕਰਦੇ ਰਹਿੰਦੇ ਹਨ। ਇਨ੍ਹਾਂ ਤੱਤਾਂ ਵਿਚ ਸਿੱਖਿਆ, ਯਾਦ, ਧਿਆਨ, ਸੰਵੇਦਨਾ, ਪ੍ਰਤੱਖੀਕਰਨ ਅਤੇ ਚਿੰਤਨ ਆਦਿ ਇਕਾਈਆਂ ਸ਼ਾਮਿਲ ਹੁੰਦੀਆਂ ਹਨ। ਵਿਅਕਤੀ ਜਦੋਂ ਕਿਸੇ ਇਮਾਰਤ ਤੇ ਸੰਸਥਾ ਆਦਿ ਬਾਰੇ ਸੋਚਦਾ ਹੈ ਤਾਂ ਉਸ ਦੇ ਮਨ ਵਿਚ ਕੁਝ ਦ੍ਰਿਸ਼ਟੀ ਪ੍ਰਤੀਬਿੰਬ ਬਣਦੇ ਹਨ। ਇਨ੍ਹਾਂ ਪ੍ਰਤੀਬਿੰਬਾਂ ਅਤੇ ਨਾਲ ਜੁੜੀਆਂ ਮਾਨਸਿਕ ਕਿਰਿਆਵਾਂ ਦੇ ਸਦਕੇ ਹੀ ਮਾਨਸਿਕ ਨਕਸ਼ਾ ਬਣਦਾ ਹੈ।
ਮਾਨਸਿਕ ਨਕਸ਼ੇ ਦੇ ਨਿਰਮਾਣ ਵਿਚ ਦ੍ਰਿਸ਼ਟੀ ਪ੍ਰਤਿਮਾਵਾਂ ਦੀ ਇਕ ਕ੍ਰਮਵਾਰ ਤਰਤੀਬ ਹੁੰਦਾ ਹੈ, ਜਿਸ ਵਿਚ ਵਸਤੂ ਦੇ ਆਕਾਰ, ਦਿਸ਼ਾਵਾਂ ਅਤੇ ਦੂਰੀਆਂ ਆਦਿ ਤੱਤ ਸ਼ਾਮਿਲ ਹੁੰਦੇ ਹਨ। ਮਾਨਸਿਕ ਨਕਸ਼ੇ ਦੇ ਬਣਨ ਨਾਲ ਵਸਤੂਆਂ ਜਲਦੀ ਯਾਦ ਆਉਂਦੀਆਂ ਹਨ।

-ਮਨੋਵਿਗਿਆਨਕ ਪ੍ਰਯੋਗਸ਼ਾਲਾ
ਪਿੰਡ ਨੌਨੀਤਪੁਰ, ਤਹਿ. ਗੜਸ਼ੰਕਰ (ਹੁਸ਼ਿਆਰਪੁਰ)