9-01-2026
ਸਰਕਾਰੀ ਸੰਪਤੀ ਦੀ ਸੰਭਾਲ
ਬਹੁਤ ਵਾਰੀ ਜਨਤਕ ਥਾਵਾਂ ਲਈ ਕੂਲਰ, ਪੱਖੇ, ਬੈਂਚ, ਆਰ.ਓ. ਕੋਈ ਸ਼ੈੱਡ, ਬੂਟੇ ਆਦਿ ਸਰਕਾਰ ਜਾਂ ਲੋਕਾਂ ਵਲੋਂ ਦਾਨ ਦਿੱਤੇ ਜਾਂਦੇ ਹਨ। ਦਾਨੀਆਂ ਵਲੋਂ ਦਿੱਤੇ ਸਾਮਾਨ 'ਤੇ ਪੈਸੇ ਤਾਂ ਲੱਗਦੇ ਹੀ ਹਨ। ਕਈ ਵਾਰ ਲੋਕਾਂ ਨੂੰ ਵੱਖ-ਵੱਖ ਸਮਾਜਿਕ ਬੁਰਾਈਆਂ ਤੋਂ ਜਾਗਰੂਕ ਕਰਨ ਲਈ ਸਰਕਾਰ ਬੈਨਰਾਂ ਜਾਂ ਬੋਰਡਾਂ ਦਾ ਪ੍ਰਬੰਧ ਕਰਦੀ ਹੈ। ਕਈ ਵਾਰ ਅਜਿਹੇ ਪ੍ਰੋਗਰਾਮ ਕਰਵਾਉਣ 'ਤੇ ਸਰਕਾਰ ਦਾ ਕਾਫ਼ੀ ਪੈਸਾ ਲੱਗ ਜਾਂਦਾ ਹੈ, ਪਰ ਨਤੀਜਾ ਵਧੀਆ ਨਹੀਂ ਨਿਕਲਦਾ। ਦੋ-ਚਾਰ ਮਹੀਨੇ ਬਾਅਦ ਸਾਰਾ ਸਾਮਾਨ ਕਬਾੜ ਦਾ ਰੂਪ ਧਾਰਨ ਕਰ ਲੈਂਦਾ ਹੈ, ਸਭ ਖ਼ਰਾਬ ਹੋ ਜਾਂਦਾ ਹੈ। ਉਪਰੋਕਤ ਸਾਮਾਨ/ਚੀਜ਼ਾਂ ਨੂੰ ਸਾਂਭਣ ਲਈ ਮੁਲਾਜ਼ਮਾਂ ਤੇ ਹਰੇਕ ਨਾਗਰਿਕ ਦਾ ਫ਼ਰਜ਼ ਬਣਦਾ ਹੈ ਤਾਂ ਹੀ ਇਨ੍ਹਾਂ ਦਾ ਫ਼ਾਇਦਾ ਹੈ।
-ਗੁਰਚਰਨ ਸਿੰਘ
ਪਿੰਡ ਮਜਾਰਾ, ਨਵਾਂਸ਼ਹਿਰ।
ਨੌਜਵਾਨ ਵਿਹੂਣਾ ਪੰਜਾਬ
ਪੰਜਾਬ ਦਾ ਬਹੁਤਾ ਕੰਮ-ਕਾਰ ਅੱਜਕੱਲ੍ਹ ਪ੍ਰਵਾਸੀਆਂ ਨੇ ਸਾਂਭ ਰੱਖਿਆ ਹੈ। ਸਬਜ਼ੀਆਂ ਦੀਆਂ ਰੇਹੜੀਆਂ, ਆਟੋ, ਮਜ਼ਦੂਰ-ਮਿਸਤਰੀ ਦਾ ਕੰਮ, ਟਾਈਲਾਂ ਦਾ ਕੰਮ, ਫੈਕਟਰੀਆਂ ਜਾਂ ਹੋਰ ਪੰਜਾਬ ਦੇ ਸਾਰੇ ਕੰਮ ਅੱਜਕੱਲ੍ਹ ਪ੍ਰਵਾਸੀਆਂ ਨੇ ਹੀ ਸਾਂਭੇ ਹੋਏ ਹਨ। ਦੂਜੇ ਪਾਸੇ ਪੰਜਾਬ ਵਿਚ ਪਿਛਲੇ ਕੁਝ ਸਮੇਂ ਤੋਂ ਫੈਲੇ ਵੱਡੀ ਪੱਧਰ 'ਤੇ ਨਸ਼ਿਆਂ, ਰੁਜ਼ਗਾਰ ਦੀ ਘਾਟ ਅਤੇ ਸਿਸਟਮ ਦੀ ਖ਼ਰਾਬੀ ਤੋਂ ਅੱਕੀ ਨੌਜਵਾਨ ਪੀੜ੍ਹੀ ਦਾ ਵਿਦੇਸ਼ਾਂ ਵੱਲ ਜਾਣ ਦਾ ਰੁਝਾਨ ਲਗਾਤਾਰ ਜਾਰੀ ਹੈ। ਮਾਪੇ ਆਪਣੇ ਲੜਕੇ ਜਾਂ ਲੜਕੀ ਨੂੰ 12ਵੀਂ ਕਰਾਉਣ ਤੋਂ ਬਾਅਦ ਅਗਲੇਰੀ ਪੜ੍ਹਾਈ ਲਈ ਲੱਖਾਂ ਰੁਪਏ ਖ਼ਰਚ ਕੇ ਵਿਦੇਸ਼ ਭੇਜਣ ਨੂੰ ਤਰਜੀਹ ਦੇ ਰਹੇ ਹਨ। ਇਸ ਤਰ੍ਹਾਂ ਦੇ ਬਣੇ ਰੁਝਾਨ ਕਾਰਨ ਜਿਥੇ ਪੰਜਾਬ ਵਿਚ ਅਨੇਕਾਂ ਕਾਲਜਾਂ, ਯੂਨੀਵਰਸਿਟੀਆਂ ਵਿਚ ਵਿਦਿਆਰਥੀਆਂ ਬਾਝੋਂ ਉੱਲੂ ਬੋਲਦੇ ਨਜ਼ਰ ਆ ਰਹੇ ਹਨ, ਉਥੇ ਪੰਜਾਬ ਵਿਚ ਨੌਜਵਾਨਾਂ ਦੀ ਗਿਣਤੀ ਲਗਾਤਾਰ ਘਟਦੀ ਜਾ ਰਹੀ ਹੈ। ਇਕੱਲੇ-ਇਕੱਲੇ ਬੱਚਿਆਂ ਦੇ ਬਾਹਰ ਜਾਣ ਕਾਰਨ ਇਥੇ ਬੁੱਢੇ ਮਾਪੇ ਆਪਣੇ ਬੱਚਿਆਂ ਦੇ ਵਿਛੋੜੇ ਦਾ ਸੰਤਾਪ ਹੰਢਾਅ ਰਹੇ ਹਨ। ਹੁਣ ਤਾਂ ਪਿੰਡਾਂ ਵਿਚ ਵੀ ਘਰ ਸੁੰਨਸਾਨ ਪਏ ਨਜ਼ਰ ਆਉਂਦੇ ਹਨ ਜਾਂ ਜਿਨ੍ਹਾਂ ਘਰਾਂ ਵਿਚ ਕੋਈ ਰਹਿੰਦਾ ਹੈ ਤਾਂ ਬਜ਼ੁਰਗ ਹੀ ਰਹਿੰਦਾ ਹੈ। ਸਮੇਂ ਦੀਆਂ ਸਰਕਾਰਾਂ ਨੂੰ ਸਮਾਂ ਰਹਿੰਦੇ ਪੰਜਾਬ ਅੰਦਰ ਨੌਜਵਾਨਾਂ ਲਈ ਵੱਧ ਤੋਂ ਵੱਧ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਠੋਸ ਕਦਮ ਚੁੱਕਣੇ ਚਾਹੀਦੇ ਹਨ, ਨਹੀਂ ਤਾਂ ਇਹ ਪੰਜਾਬ ਨੌਜਵਾਨ ਵਿਹੂਣਾ ਪੰਜਾਬ ਹੀ ਬਣ ਕੇ ਰਹਿ ਜਾਵੇਗਾ।
-ਅਸ਼ੀਸ਼ ਸ਼ਰਮਾ, ਜਲੰਧਰ।
ਆਧਾਰ ਕਾਰਡ ਸੇਵਾ ਠੱਪ
ਬਠਿੰਡਾ ਜ਼ਿਲੇ ਅਧੀਨ ਆਉਂਦੀ ਸੰਗਤ ਮੰਡੀ ਦੇ ਡਾਕਖਾਨੇ ਵਿਚ ਪਿਛਲੇ ਕਈ ਮਹੀਨਿਆਂ ਤੋਂ ਆਧਾਰ ਕਾਰਡ ਸੇਵਾ ਬਿਲਕੁਲ ਠੱਪ ਪਈ ਹੈ, ਪ੍ਰੰਤੂ ਵਿਭਾਗ ਦੇ ਕਿਸੇ ਵੀ ਅਧਿਕਾਰੀ ਦਾ ਇਸ ਪਾਸੇ ਧਿਆਨ ਨਹੀਂ ਹੈ, ਜਿਸ ਕਰਕੇ ਆਮ ਲੋਕ ਖੱਜਲ ਖੁਆਰ ਹੋ ਕੇ ਵਾਪਸ ਚਲੇ ਜਾਂਦੇ ਹਨ। ਸਭ ਤੋਂ ਵੱਡਾ ਸਵਾਲ ਇਹ ਪੈਦਾ ਹੁੰਦਾ ਹੈ ਕਿ ਜਦੋਂ ਦੇਸ਼ ਦੇ ਹੋਰ ਡਾਕਘਰਾਂ ਵਿਚ ਆਧਾਰ ਕਾਰਡ ਸੇਵਾ ਚੱਲ ਰਹੀ ਹੈ ਤਾਂ ਫਿਰ ਸੰਗਤ ਮੰਡੀ ਦੇ ਡਾਕਖਾਨੇ ਵਿਚ ਪਿਛਲੇ ਲੰਮੇ ਸਮੇਂ ਤੋਂ ਇਹ ਸੇਵਾ ਕਿਉਂ ਠੱਪ ਪਈ ਹੈ? ਲੋੜ ਹੈ ਇਸ ਮਾਮਲੇ ਦੀ ਪੜਤਾਲ ਕਰਕੇ ਜਲਦ ਤੋਂ ਜਲਦ ਸੰਗਤ ਮੰਡੀ ਦੇ ਡਾਕਖਾਨੇ ਵਿਚ ਆਧਾਰ ਕਾਰਡ ਸੇਵਾ ਚਾਲੂ ਕਰਨ ਦੀ।
-ਅੰਗਰੇਜ ਸਿੰਘ ਵਿੱਕੀ ਕੋਟਗੁਰੂ
ਪਿੰਡ ਤੇ ਡਾਕ. ਕੋਟਗੁਰੂ (ਬਠਿੰਡਾ)
ਧਾਰਮਿਕ ਸਮਾਗਮ
ਅੱਜ ਕੱਲ੍ਹ ਧਾਰਮਿਕ ਸਮਾਗਮ ਵੀ ਮਨੋਰੰਜਨ ਦਾ ਸਾਧਨ ਬਣਦੇ ਜਾ ਰਹੇ ਹਨ। ਆਯੋਜਕਾਂ ਵਲੋਂ ਕੀਰਤਨਾਂ, ਜਾਗਰਣ ਵਿਚ ਚਕਾਚੌਂਧ ਲਾਈਟਾਂ, ਉੱਚੀ ਆਵਾਜ਼ ਵਿਚ ਡੀ.ਜੇ. ਲਗਾਏ ਜਾਂਦੇ ਹਨ। ਰਿਮਿਕਸ ਭਜਨਾਂ 'ਤੇ ਭਗਤ ਥਿਰਕਣ ਲੱਗ ਜਾਂਦੇ ਹਨ। ਵੱਡੇ-ਵੱਡੇ ਸਿੰਗਰ ਬੁਲਾਏ ਜਾਂਦੇ ਹਨ। ਫਿਰ ਲੰਗਰ ਵਿਚ ਸੁਆਦੀ ਪਕਵਾਨਾਂ ਦੀ ਹੋੜ ਲੱਗਦੀ ਹੈ। ਇਸ ਤਰ੍ਹਾਂ ਇਹ ਸਮਾਗਮ ਨੱਚਣ, ਗਾਉਣ ਤੇ ਖਾਣ-ਪੀਣ ਦੇ ਸਮਾਗਮ ਬਣ ਕੇ ਰਹਿ ਜਾਂਦੇ ਹਨ। ਜਦੋਂ ਕਿ ਅਜਿਹੇ ਸਮਾਗਮਾਂ ਦਾ ਮਕਸਦ ਸਾਡੀ ਆਤਮਾ, ਮਨ ਅਤੇ ਜੀਵਨ ਦਾ ਸ਼ੁੱਧੀਕਰਨ ਕਰਨਾ ਹੁੰਦਾ ਹੈ। ਕੀ ਅਸੀਂ ਤੇਜ਼ ਸੰਗੀਤ, ਫੋਟੋ ਸ਼ੂਟ, ਕੈਮਰਾ ਰੀਲਜ਼ ਨਾਲ ਅਜਿਹੇ ਸਮਾਗਮਾਂ ਦੇ ਅਸਲ ਮਕਸਦ ਨੂੰ ਪੂਰਾ ਕਰ ਸਕਦੇ ਹਾਂ, ਬਿਲਕੁਲ ਵੀ ਨਹੀਂ। ਡੀ.ਜੇ. ਦੀਆਂ ਧੁਨਾਂ ਵਿਚ ਅਜਿਹੇ ਸਮਾਗਮ ਮਹਿਜ਼ ਉਪਚਾਰਿਕਤਾ ਬਣ ਕੇ ਰਹਿ ਜਾਂਦੇ ਹਨ। ਅਜਿਹੇ ਸਮਾਗਮਾਂ ਵਿਚ ਜ਼ਰੂਰੀ ਹੈ ਕਿ ਧਾਰਮਿਕ ਅਨੁਸ਼ਾਸਨ, ਮਰਿਆਦਾ, ਸੰਸਕਾਰ ਤੇ ਸੁੱਚਤਾ ਬਰਕਰਾਰ ਰੱਖੀ ਜਾਵੇ। ਘੱਟ ਆਵਾਜ਼ ਵਿਚ ਵਕਤਾ ਬੋਲੇ ਤੇ ਸਰੋਤੇ ਸ਼ਾਂਤ ਭਾਵ ਨਾਲ ਬੈਠ ਕੇ ਸੁਣਨ ਵਾਲੇ ਹੋਣੇ ਚਾਹੀਦੇ ਹਨ। ਤਾਂ ਹੀ ਸਾਨੂੰ ਸਮਾਗਮਾਂ ਦਾ ਧਾਰਮਿਕ ਤੇ ਆਤਮਿਕ ਸ਼ਾਂਤੀ ਦੇ ਤੌਰ 'ਤੇ ਕੋਈ ਫਲ ਮਿਲ ਸਕੇਗਾ।
-ਚਰਨਜੀਤ ਸਿੰਘ ਮੁਕਤਸਰ,
ਸੈਂਟਰ ਹੈੱਡ ਟੀਚਰ, ਝਬੇਲਵਾਲੀ।
ਸਿੱਖਿਆ ਜਗਤ ਅੰਕ ਮੁੜ ਸ਼ੁਰੂ ਕਰੋ
'ਅਜੀਤ' ਪੰਜਾਬੀ ਸਭ ਤੋਂ ਵਧ ਪੜ੍ਹਿਆ ਜਾਣ ਵਾਲਾ ਅਖ਼ਬਾਰ ਹੈ, ਜੋ ਪੰਜਾਬ ਦੇ ਸਰਕਾਰੀ ਸਕੂਲਾਂ 'ਚ ਅਧਿਆਪਕਾਂ ਤੇ ਵਿਦਿਆਰਥੀਆਂ ਵਲੋਂ ਵਿਸ਼ੇਸ਼ ਤੌਰ 'ਤੇ ਪੜ੍ਹਿਆ ਜਾਂਦਾ ਹੈ। ਪਰ ਪਿਛਲੇ ਕੁਝ ਅਰਸੇ ਤੋਂ ਇਸ ਵਿਚ ਪ੍ਰਕਾਸ਼ਿਤ ਕੀਤਾ ਜਾਂਦਾ ਸਿੱਖਿਆ ਜਗਤ ਅੰਕ ਨਹੀਂ ਛਾਪਿਆ ਜਾ ਰਿਹਾ। ਪੰਜਾਬ ਦੇ 19,000 ਦੇ ਕਰੀਬ ਸਰਕਾਰੀ ਸਕੂਲਾਂ 'ਚ 'ਅਜੀਤ' ਅਖ਼ਬਾਰ ਦੀ ਕਾਪੀ ਆਉਂਦੀ ਸੀ ਤੇ ਹੁਣ ਵੀ ਬਹੁਤ ਵੱਡੀ ਗਿਣਤੀ 'ਚ ਸਕੂਲਾਂ ਤੇ ਲਗਭਗ ਸਾਰੇ ਸਰਕਾਰੀ ਦਫ਼ਤਰਾਂ 'ਚ ਅਜੀਤ ਅਖ਼ਬਾਰ ਨੂੰ ਸ਼ਿੱਦਤ ਨਾਲ ਪੜ੍ਹਿਆ ਜਾਂਦਾ ਹੈ।
ਆਪ ਜੀ ਵਲੋਂ ਅਜੀਤ 'ਚ ਪ੍ਰਕਾਸ਼ਿਤ ਕੀਤੇ ਜਾਂਦੇ ਸਿੱਖਿਆ ਅੰਕ 'ਚ ਚੋਖੀ ਜਾਣਕਾਰੀ ਹੁੰਦੀ ਸੀ। ਲੱਖਾਂ ਵਿਦਿਆਰਥੀ ਇਸ ਅੰਕ ਦੇ ਜ਼ਰੀਏ ਵੱਖ-ਵੱਖ ਕਿਸਮ ਦੀ ਜਾਣਕਾਰੀ ਹਾਸਿਲ ਕਰਦੇ ਸਨ। ਪਰ ਹੁਣ ਪਾਠਕ ਉਹ ਅੰਕ ਨਾ ਛਪਣ ਕਾਰਨ ਸਿੱਖਿਆ ਸੰਬੰਧੀ ਜਾਣਕਾਰੀ ਤੋਂ ਵਾਂਝੇ ਹਨ। ਸੋ, ਇਸ ਅੰਕ ਨੂੰ ਮੁੜ ਪ੍ਰਕਾਸ਼ਤ ਕੀਤੇ ਜਾਣ ਦੀ ਜ਼ਰੂਰਤ ਹੈ। ਉਮੀਦ ਕਰਦੇ ਹਾਂ ਕਿ ਆਪ ਇਸ ਸੁਝਾਅ 'ਤੇ ਜ਼ਰੂਰ ਗੌਰ ਕਰੋਗੇ ਤੇ ਸਿੱਖਿਆ ਬਾਰੇ ਅੰਕ ਨੂੰ ਜਲਦ ਤੋਂ ਜਲਦ ਮੁੜ ਪ੍ਰਕਾਸ਼ਿਤ ਕਰਨ ਦੀ ਕ੍ਰਿਪਾਲਤਾ ਕਰੋਗੇ।
-ਲੈਕਚਰਾਰ ਅਜੀਤ ਖੰਨਾ