18-01-26
ਬਾਤਾਂ
ਲੇਖਕ : ਜੋਧ ਸਿੰਘ ਮੋਗਾ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 300 ਰੁਪਏ, ਸਫ਼ੇ : 128
ਸੰਪਰਕ : 62802-58057

ਅਮਲ ਦੀਆਂ ਪੈੜਾਂ ਪਾਉਣ ਵਾਲੇ, ਪੇਂਟਿੰਗ, ਲੇਖ ਅਤੇ ਕਵਿਤਾ ਵਿਚ ਮੁਹਾਰਤ ਰੱਖਣ ਵਾਲੇ ਲੇਖਕ ਜੋਧ ਸਿੰਘ ਦੀ ਇਸ ਹਥਲੀ ਪੁਸਤਕ ਵਿਚ ਬਾਤਾਂ, ਕਹਾਣੀਆਂ, ਯਾਦਾਂ ਅਤੇ ਫੇਬਲਜ਼ ਦੀਆਂ ਕੁੱਲ 34 ਰਚਨਾਵਾਂ ਹਨ। ਪੁਸਤਕ ਦਾ ਮੁੱਖ ਕਵਰ ਅਤੇ ਰਚਨਾਵਾਂ ਨਾਲ ਛਪੇ ਚਿੱਤਰ ਮਨ ਨੂੰ ਟੁੰਬਦੇ ਹਨ। ਗੁਣਾਂ ਦਾ ਭੰਡਾਰ, ਸਮੇਂ ਦੀ ਸੁਯੋਗ ਵਰਤੋਂ ਕਰਨ ਦਾ ਧਾਰਨੀ ਲੇਖਕ ਆਪਣੇ ਪ੍ਰਾਪਤ ਗਿਆਨ ਤੇ ਗੁਣਾਂ ਨੂੰ ਸਾਂਭਣ ਦੇ ਨਾਲ-ਨਾਲ ਉਨ੍ਹਾਂ ਦੀ ਸੁਗੰਧ ਆਪਣੀਆਂ ਪੁਸਤਕਾਂ ਰਾਹੀਂ ਦੂਜਿਆਂ ਤੱਕ ਵੀ ਪਹੁੰਚਾ ਰਿਹਾ ਹੈ। ਨਿਰੰਤਰ ਸਾਹਿਤ ਸਾਧਨਾ ਸਿਰਜਣਾ 'ਚ ਰੁੱਝਿਆ ਲੇਖਕ ਮਾਂ-ਬੋਲੀ ਪੰਜਾਬੀ ਨੂੰ ਆਪਣੀਆਂ ਸੱਤ ਪੁਸਤਕਾਂ ਸਮਰਪਿਤ ਕਰ ਚੁੱਕਾ ਹੈ। ਲੇਖਕ ਨੇ ਆਪਣੀ ਇਹ ਪੁਸਤਕ ਪਰਿਵਾਰ ਨੂੰ ਪੜ੍ਹਾਉਣ ਵਾਲੇ ਅਤੇ ਸਾਹਿਤ ਨਾਲ ਜੋੜਣ ਵਾਲੇ ਆਪਣੇ ਵੱਡੇ ਭਰਾ ਨੂੰ ਸਮਰਪਿਤ ਕੀਤੀ ਹੈ। ਪੁਸਤਕਾਂ ਦੀਆਂ ਰਚਨਾਵਾਂ ਨਾਲ ਪ੍ਰਕਾਸ਼ਿਤ ਚਿੱਤਰ ਪਾਠਕਾਂ ਦੇ ਧਿਆਨ ਨੂੰ ਖਿੱਚਣ ਦੇ ਨਾਲ-ਨਾਲ ਰਚਨਾਵਾਂ ਦੀ ਵਿਸ਼ਾ ਵਸਤੂ ਨੂੰ ਡੂੰਘਾਈ ਤੱਕ ਲੈ ਜਾਂਦੇ ਹਨ। ਹਾਸਾ ਮਜ਼ਾਕ ਉੱਤੇ ਆਧਾਰਿਤ ਰਚਨਾਵਾਂ ਦੀ ਪੇਸ਼ਕਾਰੀ ਅਤੇ ਵਿਸ਼ਾ ਵਸਤੂ ਨੂੰ ਦਿਲਚਸਪ ਅਤੇ ਸੁਆਦਲੀ ਬਣਾ ਦਿੰਦੀ ਹੈ। ਪੁਸਤਕ ਦੀਆਂ ਰਚਨਾਵਾਂ ਦਾ ਮਹਤੱਵ ਪੂਰਨ ਪੱਖ ਇਹ ਹੈ ਕਿ ਇਹ ਬੱਚਿਆਂ ਨੂੰ ਅੰਧ ਵਿਸ਼ਵਾਸ ਤੋਂ ਦੂਰ ਰੱਖਦੀਆਂ ਹਨ। ਲੇਖਕ ਆਪਣੀਆਂ ਰਚਨਾਵਾਂ ਦੇ ਮਾਧਿਅਮ ਰਾਹੀਂ ਬੱਚਿਆਂ ਵਿਚ ਹਾਂ ਪੱਖੀ ਨਜ਼ਰੀਆ ਅਤੇ ਉਸਾਰੂ ਦ੍ਰਿਸ਼ਟੀਕੋਣ ਪੈਦਾ ਕਰਨਾ ਚਾਹੁੰਦਾ ਹੈ।
ਇਹ ਪੁਸਤਕ ਬੱਚਿਆਂ ਦੇ ਮਨਾਂ ਵਿਚ ਡਰ ਦੀ ਥਾਂ ਹੌਸਲਾ ਪੈਦਾ ਕਰੇਗੀ। ਉਨ੍ਹਾਂ ਦੀ ਸੋਚ ਵਿਗਿਆਨਕ ਅਤੇ ਤਰਕ ਸੰਗਤ ਬਣੇਗੀ। ਇਸ ਪੁਸਤਕ ਦੀਆਂ ਰਚਨਾਵਾਂ ਬੱਚਿਆਂ ਦਾ ਮਨੋਰੰਜਨ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਸਾਹਿਤ ਨਾਲ ਜੋੜ ਕੇ ਉਨ੍ਹਾਂ ਨੂੰ ਮੋਬਾਈਲ ਤੋਂ ਵੀ ਦੂਰ ਰੱਖਣਗੀਆਂ। ਸਾਹਿਤ ਦਾ ਮੁਜੱਸਮਾ ਲੇਖਕ ਬੁਢਾਪੇ ਵਿਚ ਵੀ ਨੌਜਵਾਨਾਂ ਵਰਗੇ ਉਪਕਾਰੀ ਗੁਣਾ ਵਾਲੇ ਸਾਹਿਤ ਦੀ ਸਿਰਜਨਾ ਕਰਨ ਵਿਚ ਨਿਰੰਤਰ ਗਤੀਸ਼ੀਲ ਹੈ। ਇਸ ਪੁਸਤਕ ਨੂੰ ਪੜ੍ਹਦਿਆਂ ਰਚਨਾਵਾਂ ਵਿਚ ਲੇਖਕ ਦਾ ਉਦੇਸ਼ ਬਾਤਾਂ ਪੜ੍ਹੋ, ਹੱਸੋ, ਹਸਾਓ ਅਤੇ ਮਨੋਰੰਜਨ ਕਰੋ ਝਲਕਦਾ ਹੈ । ਰਚਨਾਵਾਂ ਦੀ ਪੇਸ਼ਕਾਰੀ ਦੀ ਸ਼ੈਲੀ, ਸੁਆਦਲੀ ਅਤੇ ਦਿਲਚਸਪ ਹੈ। ਲੇਖਕ ਬੱਚਿਆਂ ਦੇ ਪੱਧਰ ਤੱਕ ਰਚਨਾਵਾਂ ਦੀ ਸਿਰਜਣਾ ਕਰਨ ਦੀ ਮੁਹਾਰਤ ਰੱਖਦਾ ਹੈ। ਲੇਖਕ ਦੀ ਭਾਸ਼ਾ ਉੱਤੇ ਪਕੜ ਜਾਪਦੀ ਹੈ।
-ਪ੍ਰਿੰਸੀਪਲ ਵਿਜੈ ਕੁਮਾਰ
ਮੋਬਾਈਲ : 98726-27136
ਰੰਗਾਂ ਦੀ ਖੇਡ
ਲੇਖਿਕਾ : ਸੁਰਿੰਦਰ ਗੀਤ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ : 143
ਸੰਪਰਕ : 94638-36591

ਮੂਲ ਤੌਰ 'ਤੇ ਪ੍ਰਵਾਸੀ ਚਰਚਿਤ ਕਵਿੱਤਰੀ ਸੁਰਿੰਦਰ ਗੀਤ ਦੇ ਦੂਸਰੇ ਕਹਾਣੀ ਸੰਗ੍ਰਹਿ 'ਰੰਗਾਂ ਦੀ ਖੇਡ' ਵਿਚ 11 ਕਹਾਣੀਆਂ ਸ਼ਾਮਿਲ ਕੀਤੀਆਂ ਗਈਆਂ ਹਨ। ਲੇਖਿਕਾ ਕੋਲ ਪੰਜਾਬ ਅਤੇ ਵਿਦੇਸ਼ ਦੋਹਾਂ ਦਾ ਅਨੁਭਵ ਹੋਣ ਕਾਰਨ ਇਹ ਕਹਾਣੀਆਂ ਪੰਜਾਬੀ ਅਤੇ ਵਿਦੇਸ਼ੀ ਸਮਾਜ ਦੇ ਸੱਭਿਆਚਾਰ ਤੋਂ ਉਪਜੀਆਂ ਕਹਾਣੀਆਂ ਮੰਨੀਆਂ ਜਾ ਸਕਦੀਆਂ ਹਨ। ਇਨ੍ਹਾਂ ਕਹਾਣੀਆਂ ਨੂੰ ਪੜ੍ਹਦਿਆਂ ਵਿਸ਼ੇਸ਼ ਤੌਰ 'ਤੇ ਪੰਜਾਬੋਂ ਵਿਦੇਸ਼ਾਂ 'ਚ ਪ੍ਰਵਾਸੀ ਹੋਏ ਪੰਜਾਬੀਆਂ ਦੇ ਵਿਹਾਰ ਅਤੇ ਕਿਰਦਾਰ ਤੋਂ ਸਪੱਸ਼ਟ ਹੁੰਦਾ ਹੈ ਕਿ ਉਹ ਪਰਾਈ ਧਰਤੀ 'ਤੇ ਜਾ ਕੇ ਵੀ ਆਪਣੀਆਂ ਮੂਲ ਪਰਵਿਰਤੀਆਂ ਤੋਂ ਨਿਜਾਤ ਪ੍ਰਾਪਤ ਨਹੀਂ ਕਰ ਸਕੇ। ਉਨ੍ਹਾਂ ਵਿਚ ਜਾਤ-ਬਰਾਦਰੀ, ਲਾਲਚ, ਸਵਾਰਥ, ਈਰਖਾ , ਆਪਸੀ ਮੁਕਾਬਲੇਬਾਜ਼ੀ ਊਚ-ਨੀਚ ਉਂਝ ਹੀ ਵਿਦਮਾਨ ਹੈ ਅਤੇ ਇਹ ਪਰਵਿਰਤੀਆਂ ਉਨ੍ਹਾਂ ਦੀ ਵਿਦੇਸ਼ ਵਿਚ ਪੈਦਾ ਹੋਈ ਅਗਲੇਰੀ ਪੀੜ੍ਹੀ ਅੰਦਰ ਵੀ ਕਿਸੇ ਨਾ ਕਿਸੇ ਰੂਪ ਵਿਚ ਟ੍ਰਾਂਸਫਰ ਹੋਈਆਂ ਹਨ। ਕਹਾਣੀ ਨੀਵੀਂ ਜਾਤ ਜਾਂ ਪਾਪਾ ਮੁਆਫ ਕਰ ਦੇਵੋ ਜਾਂ ਸਵਾਲਾਂ 'ਚੋਂ ਸਵਾਲ ਵਿਚ ਜਾਤ-ਪਾਤ ਦਾ ਮਸਲਾ ਉੱਘੜ ਕੇ ਸਾਹਮਣੇ ਆਉਂਦਾ ਹੈ ਉੱਥੇ ਰੰਗਾਂ ਦੀ ਖੇਡ ਵਿਚ ਇਹੋ ਮਸਲਾ ਵਿਦੇਸ਼ੀ ਰੰਗ ਭੇਦ ਯਾਨੀ ਨਸਲਵਾਦ ਦੇ ਰੂਪ ਵਿਚ ਮੁਖਰ ਹੁੰਦਾ ਹੈ। ਇਨ੍ਹਾਂ ਵਿਚ ਲੇਖਿਕਾ ਨੇ ਜਾਤ-ਪਾਤ ਵਿਵਸਥਾ 'ਤੇ ਬਹੁਤ ਹੀ ਤਿੱਖੇ ਕਟਾਕਸ਼ ਕੀਤੇ ਹਨ। ਇਨ੍ਹਾਂ ਤੋਂ ਇਲਾਵਾ ਔਰਤ ਦੇ ਅਸਤਿਤਵ ਦੇ ਵੱਖੋ-ਵੱਖਰੇ ਪਸਾਰਾਂ, ਔਰਤ ਦੀ ਪਿਤਰਾਤਮਿਕ ਸੋਚ ਕਹਾਣੀ ਮੈਂ ਵੀ ਤੇਰੀ ਹਾਂ ਵਿਚ ਪ੍ਰਗਟ ਹੁੰਦੀ ਹੈ। ਵਿਦੇਸ਼ੀ ਲੜਕੀ ਦਾ ਪੰਜਾਬੀ ਮਾਂ-ਪੁੱਤਰ ਦੇ ਹੱਥੋਂ ਸ਼ੋਸ਼ਣ ਦਾ ਸ਼ਿਕਾਰ ਹੋਣਾ ਟੈਟੂ ਕਹਾਣੀ, ਪਤਨੀ ਨਾਲ ਕੀਤੀਆਂ ਵਧੀਕੀਆਂ ਦਾ ਆਖ਼ਰੀ ਉਮਰੇ ਪਛਤਾਵਾ ਕੇਅਰ ਟੇਕਰ ਵਿਚ, ਪੁਰਾਣੀਆਂ ਮਿੱਠੀਆਂ ਕੌੜੀਆਂ ਸਮਰਿਤੀਆਂ ਸਮੇਟਦੀ ਕਹਾਣੀ ਮੇਰਾ ਜਮਾਤੀ ਗੇਜੂ, ਪਰਿਵਾਰਕ ਰਿਸ਼ਤਿਆਂ ਵਿਚ ਬਦਲਦੇ ਵਤੀਰਿਆਂ ਦਾ ਦੁਖਾਂਤ ਆਦਿ ਦੇਖਣ ਨੂੰ ਮਿਲਦੇ ਹਨ। ਪ੍ਰਵਾਸੀ ਜੀਵਨ ਨਾਲ ਸੰਬੰਧਿਤ ਵਧੇਰੇ ਕਹਾਣੀਆਂ ਦੁਖਾਂਤਕ ਹਨ। ਇਨ੍ਹਾਂ ਵਿਚ ਵਿਦੇਸ਼ ਵਸੇ ਪੰਜਾਬੀਆਂ ਦਾ ਮਾਨਸਿਕ ਸੰਤਾਪ ਵੀ ਝਲਕਦਾ ਹੈ, ਆਪਣੀ ਧਰਤੀ ਪ੍ਰਤੀ ਹੇਰਵੇ ਦੀ ਹੂਕ ਵੀ ਗੂੰਜਦੀ ਹੈ। ਇੰਜ ਲਗਦਾ ਹੈ ਕਿ ਉਨ੍ਹਾਂ ਵਿਕਸਿਤ ਦੇਸ਼ਾਂ ਵਿਚ ਪ੍ਰਵਾਸ ਕਰਕੇ ਪੰਜਾਬੀ ਪਰਿਵਾਰ ਆਰਥਿਕ ਤੌਰ 'ਤੇ ਬੇਸ਼ੱਕ ਮਜ਼ਬੂਤ ਹੋ ਗਏ ਹੋਣ ਪਰ ਮਾਨਸਿਕ ਅਤੇ ਸਮਾਜਿਕ ਤੌਰ 'ਤੇ ਵਿਕਸਿਤ ਨਹੀਂ ਹੋ ਸਕੇ ਹਨ। ਇਥੇ ਔਰਤ ਹੀ ਔਰਤ ਹੱਥੋਂ ਸੰਤਾਪ ਹੰਢਾ ਰਹੀ ਹੈ। ਕੁੱਲ ਮਿਲਾ ਕੇ ਸੰਗ੍ਰਹਿ ਦੀਆਂ ਕਹਾਣੀਆਂ ਉੱਤਮ ਪੁਰਖੀ ਵਿਧੀ ਵਿਚ ਪਾਤਰਾਂ ਦੇ ਦੁੱਖਾਂ ਦੀਆਂ ਕਹਾਣੀਆਂ ਹਨ। ਇਨ੍ਹਾਂ ਦੇ ਬਿਰਤਾਂਤ ਵਿਚ ਤਣਾਅ, ਦਵੰਦ ਅਤੇ ਵਿਰੋਧੀ ਪ੍ਰਸਥਿਤੀਆਂ ਨਾਲ ਟਕਰਾਅ ਵੀ ਮੌਜੂਦ ਹੈ। ਇਕਹਿਰੇ ਕਲੇਵਰ ਦੀਆਂ ਹੋਣ ਕਰਕੇ ਕਥਾਨਕ ਵਧੇਰੇ ਗੁੰਝਲਦਾਰ ਜਾਂ ਜਟਿਲ ਨਹੀਂ ਹਨ। ਸਹਿਜਤਾ, ਸਰਲਤਾ ਅਤੇ ਸਪਸ਼ੱਟਤਾ, ਭਾਸ਼ਾ ਵਿਚ ਮਲਵਈ ਮੁਹਾਵਰਾ ਹੋਣ ਕਰਕੇ ਰੌਚਕਤਾ ਅਤੇ ਰਵਾਨੀ ਹੈ। ਇਹ ਕਹਾਣੀਆਂ ਪ੍ਰਵਾਸੀ ਪੰਜਾਬੀਆਂ ਦੀ ਮਾਨਸਿਕਤਾ ਦਾ ਯਥਾਰਥਮਈ ਢੰਗ ਅਤੇ ਬੇਬਾਕੀ ਨਾਲ ਪੋਸਮਾਰਟਮ ਕਰਦੀਆਂ ਹਨ।
-ਡਾ.ਧਰਮਪਾਲ ਸਾਹਿਲ
ਮੋਬਾਈਲ : 98761-56964
ਧੁਖਦੀਆਂ ਪੈੜਾਂ ਦੀ ਚਿੱਤਰਕਾਰੀ
ਲੇਖਕ : ਬਲਦੇਵ ਸਿੰਘ 'ਬੱਦਨ'
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨਜ਼, ਸਮਾਣਾ
ਮੁੱਲ : 300 ਰੁ. ਸਫ਼ੇ : 128
ਸੰਪਰਕ : 99588-31357

ਬਲਦੇਵ ਸਿੰਘ 'ਬੱਦਨ' ਸੁਚੇਤ ਕਲਮਕਾਰ ਹੈ ਜਿਸ ਦੀਆਂ ਪੁਸਤਕਾਂ ਦੀ ਸੂਚੀ ਕਾਫ਼ੀ ਲੰਮੀ ਹੈ। ਉਂਝ 'ਦੁਖਦੀਆਂ ਪੈੜਾਂ ਦੀ ਚਿੱਤਰਕਾਰੀ' ਉਸ ਦਾ ਤੀਸਰਾ ਗ਼ਜ਼ਲ ਸੰਗ੍ਰਹਿ ਹੈ। ਇਸ ਗ਼ਜ਼ਲ ਸੰਗ੍ਰਹਿ ਦੀਆਂ ਗ਼ਜ਼ਲਾਂ ਨੂੰ ਵਾਚਦਿਆਂ ਇਹ ਮਹਿਸੂਸ ਹੁੰਦਾ ਹੈ ਕਿ ਬੱਦਨ ਨੂੰ ਗ਼ਜ਼ਲ ਕਹਿਣ ਦਾ ਪਤਾ ਹੈ ਤੇ ਉਹ ਬਹੁਤਿਆਂ ਵਾਂਗ ਦੇਖਾਦੇਖੀ ਗ਼ਜ਼ਲ ਸਿਰਜਣਾ ਵਿਚ ਦਾਖ਼ਲ ਨਹੀਂ ਹੋਇਆ। ਨੈਸ਼ਨਲ ਬੁੱਕ ਟਰੱਸਟ ਵਿਚ ਉੱਚ ਅਹੁਦੇ 'ਤੇ ਰਹਿੰਦਿਆਂ ਜਿਹੜੀਆਂ ਪੁਸਤਕਾਂ ਦਾ ਉਸ ਨੇ ਅਧਿਐਨ ਕੀਤਾ ਹੈ ਉਹ ਗ਼ਜ਼ਲ ਵਿਚ ਵੀ ਉਸ ਦੇ ਕੰਮ ਆ ਰਿਹਾ ਹੈ। ਬੱਦਨ ਸਿਆਸਤ, ਮਨੁੱਖੀ ਲੋੜਾਂ ਥੁੜਾਂ, ਕੌਮਾਂਤਰੀ ਮਸਲਿਆਂ, ਕੌਮੀ ਸਮੱਸਿਆਵਾਂ ਤੇ ਜ਼ਿੰਦਗੀ ਦੇ ਫ਼ਲਸਫ਼ੇ ਬਾਰੇ ਵਿਸ਼ਾਲ ਸੂਝ ਰੱਖਦਾ ਹੈ ਜਿਸ ਕਾਰਨ ਉਸ ਦੀਆਂ ਗ਼ਜ਼ਲਾਂ ਦੇ ਸ਼ਿਅਰ ਪਾਠਕ ਲਈ ਰਾਹ ਦਸੇਰੇ ਵੀ ਬਣਦੇ ਹਨ। ਨਾਮਾਤਰ ਅਣਗੌਲ ਨੂੰ ਛੱਡ ਕੇ ਇਸ ਸੰਗ੍ਰਹਿ ਨੇ ਮੈਨੂੰ ਪ੍ਰਭਾਵਤ ਕੀਤਾ ਹੈ। ਤਪਦੀ ਰੇਤ 'ਤੇ ਸੱਸੀਆਂ ਦੀਆਂ ਪੈੜਾਂ ਨੂੰ ਚਿੱਤਰਕਾਰੀ ਨਾਲ ਜੋੜਨਾ ਜਣੇ-ਖਣੇ ਦਾ ਕੰਮ ਨਹੀਂ ਹੈ ਤੇ ਚੰਨ ਵਰਗਾ ਕਹਿਣ ਦੀ ਥਾਂ ਚੰਨ 'ਤੇ ਕਿਸੇ ਦਾ ਨਾਮ ਲਿਖਣਾ ਵੀ ਏਨਾ ਸਹਿਜ ਨਹੀਂ ਹੈ। ਗ਼ਜ਼ਲਕਾਰ ਸਰਹੱਦਾਂ ਦੇ ਝਗੜੇ ਵਿਚ ਨਹੀਂ ਪੈਂਦਾ ਸਗੋਂ ਉਹ ਸਮੁੱਚੀ ਧਰਤੀ ਨੂੰ ਆਪਣੀ ਮੰਨਦਾ ਹੈ ਤੇ ਉਸ ਲਈ ਮਨੁੱਖ ਨੂੰ ਦਰਪੇਸ਼ ਮਸਲੇ ਸਾਂਝੇ ਸਾਂਝੇ ਹਨ। ਬਿਗਾਨੇ ਬੋਹੜ ਦੀ ਛਾਂ ਨਾਲੋਂ ਉਹ ਆਪਣੀ ਧੁੱਪ ਵਿਚ ਰਹਿਣਾ ਪਸੰਦ ਕਰਦਾ ਹੈ। ਨਿੱਜ ਨਾਲ ਜੁੜੀ ਮੁਹੱਬਤ ਉਸ ਲਈ ਜ਼ਿੰਦਗੀ ਦਾ ਜ਼ਰੂਰੀ ਤੱਤ ਤਾਂ ਹੈ ਪਰ ਸਾਰਾ ਕੁੱਝ ਨਹੀਂ ਹੈ ਤੇ ਇਨ੍ਹਾਂ ਗ਼ਜ਼ਲਾਂ ਵਿਚ ਗ਼ਜ਼ਲਕਾਰ ਛੁਪਾਏ ਗਏ ਸੱਚ ਤੇ ਤੱਥਾਂ ਨੂੰ ਵੀ ਉਜਾਗਰ ਕਰਦਾ ਹੈ ਪਰ ਹੋਛੇ ਸਵਾਲਾਂ ਅੱਗੇ ਚੁੱਪ ਰਹਿਣਾ ਉਸ ਦੀ ਤਰਜੀਹ ਹੈ। ਉਹ ਜੀਵਨ ਵਿਚ ਇਕਸਾਰਤਾ ਦਾ ਹਾਮੀ ਹੈ ਦੁੱਖ ਵਿਚ ਉਦਾਸੀ ਤੇ ਖ਼ੁਸ਼ੀ ਵਿਚ ਹੁਲਾਸੀ ਵਿਚ ਉਸ ਦਾ ਯਕੀਨ ਨਹੀਂ ਹੈ। 'ਬੋਦੀ ਵਾਲਾ ਤਾਰਾ ਚੜ੍ਹਿਆ, ਘਰ ਘਰ ਹੋਣ ਵਿਚਾਰਾਂ, ਜੰਗਲ ਦੇ ਵਿਚ ਡੋਲਾ ਲੁੱਟਿਆ, ਲੁੱਟਿਆ ਆਪ ਕਹਾਰਾਂ।' ਵਰਗੇ ਸ਼ਿਅਰ ਬਲਦੇਵ ਸਿੰਘ 'ਬੱਦਨ' ਨੂੰ ਦੂਸਰੇ ਗ਼ਜ਼ਲਕਾਰਾਂ ਨਾਲੋਂ ਵੱਖਰਾ ਕਰਦੇ ਹਨ। ਇਹ ਗ਼ਜ਼ਲ ਸੰਗ੍ਰਹਿ ਬਲਦੇਵ ਸਿੰਘ 'ਬੱਦਨ' ਦੇ ਗ਼ਜ਼ਲ ਸਫ਼ਰ ਦਾ ਅਗਲਾ ਮਜ਼ਬੂਤ ਪੜਾਅ ਹੈ ਤੇ ਜਾਪਦਾ ਹੈ ਉਸ ਨੇ ਗ਼ਜ਼ਲ ਨੂੰ ਗੰਭੀਰਤਾ ਨਾਲ ਲਿਆ ਹੈ।
-ਗੁਰਦਿਆਲ ਰੌਸ਼ਨ
ਮੋਬਾਈਲ : 99884-44002
ਸੁਪਨਿਆਂ ਦੀ ਗੱਲ
ਕਵੀ : ਪਿਆਰਾ ਸਿੰਘ 'ਰਾਹੀ'
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 112
ਸੰਪਰਕ : 94638-37388

ਇਹ ਪੁਸਤਕ ਗੀਤਾਂ, ਗ਼ਜ਼ਲਾਂ ਅਤੇ ਕਵਿਤਾਵਾਂ ਦਾ ਸੰਗ੍ਰਹਿ ਹੈ। ਇਨ੍ਹਾਂ ਵਿਚ ਡੂੰਘੇ ਅਹਿਸਾਸ ਵਲਵਲੇ ਸਮੋਏ ਹੋਏ ਹਨ। ਆਓ ਕੁਝ ਝਲਕਾਂ ਮਾਣੀਏ :-
ਜੇ ਤੂੰ ਸਮਿਆਂ ਦੇ ਹਾਣ ਦਾ ਕੋਈ ਗੀਤ ਨਾ ਬਣਾਇਆ।
ਤੇਰਾ ਕਿਸ ਕੰਮ ਲਿਖਿਆ ਤੇ ਕਿਸ ਕੰਮ ਗਾਇਆ।
-ਐਵੇਂ ਠੰਢੇ ਹਉਕੇ ਭਰਨਾ, ਠੀਕ ਨਹੀਂ ਹੈ।
ਜ਼ੁਲਮ ਕਿਸੇ ਦਾ ਚੁੱਪ ਰਹਿ ਜਰਨਾ, ਠੀਕ ਨਹੀਂ ਹੈ।
-ਜੇਕਰ ਪੰਧ ਲੰਮੇਰਾ ਹੋਵੇ।
ਪਰਬਤ ਵਰਗਾ ਜੇਰਾ ਹੋਵੇ।
-ਚੰਗਾ-ਮਾੜਾ, ਔਖਾ-ਸੌਖਾ, ਸਭ ਦਾ ਵੇਲਾ ਸਰ ਜਾਂਦਾ ਹੈ।
ਐਪਰ ਕੌੜਾ ਬੋਲ ਕਿਸੇ ਦਾ, ਸੀਨਾ ਛਲਣੀ ਕਰ ਜਾਂਦਾ ਹੈ।
-ਠੰਢੇ ਬੁਰਜ 'ਚ ਬੈਠੀ ਮਾਤਾ, ਕੀ ਕੀ ਸਿਤਮ ਹੰਢਾਉਂਦੀ ਰਹੀ।
ਉਹ ਪਿਉ-ਦਾਦੇ ਦਾ ਵਿਰਸਾ, ਛੋਟੇ ਲਾਲਾਂ ਤਾਈਂ ਸੁਣਾਉਂਦੀ ਰਹੀ।
ਇਨ੍ਹਾਂ ਕਵਿਤਾਵਾਂ ਅਤੇ ਗੀਤਾਂ ਵਿਚੋਂ ਸਰਲਤਾ, ਸਹਿਜਤਾ, ਵਿਰਾਸਤ ਅਤੇ ਲੋਕਧਾਰਾ ਦੇ ਦਰਸ਼ਨ ਹੁੰਦੇ ਹਨ। ਇਨ੍ਹਾਂ ਦੇ ਵਿਸ਼ੇ ਪਿਆਰ, ਮੁਹੱਬਤ, ਸਾਂਝ, ਭਾਈਚਾਰੇ ਅਤੇ ਮਨੁੱਖਤਾ ਦੇ ਕਲਿਆਣ ਨਾਲ ਮਹਿਕ ਰਹੇ ਹਨ। ਇਨ੍ਹਾਂ ਵਿਚ ਨਿੱਜ ਤੋਂ ਪਾਰ ਦੇ ਸਫ਼ਰ ਦੀ ਉਮੰਗ ਅਤੇ ਤਰੰਗ ਹੈ। ਇਨ੍ਹਾਂ ਖ਼ੂਬਸੂਰਤ ਨਜ਼ਮਾਂ, ਗ਼ਜ਼ਲਾਂ ਅਤੇ ਗੀਤਾਂ ਦੀ ਪਟਾਰੀ ਦਾ ਨਿੱਘਾ ਸਵਾਗਤ ਹੈ।
-ਡਾ. ਸਰਬਜੀਤ ਕੌਰ ਸੰਧਾਵਾਲੀਆ
ਜੇਬ ਵਿਚਲਾ ਬ੍ਰਹਿਮੰਡ
ਲੇਖਕ : ਰੂਪ ਸਿੰਘ
ਪ੍ਰਕਾਸ਼ਕ : ਨਵ ਯੁਗ ਪਬਲਿਸ਼ਰ, ਨਵੀਂ ਦਿੱਲੀ
ਮੁੱਲ : 575 ਰੁਪਏ, ਸਫ਼ੇ : 229
ਸੰਪਰਕ : 099996-44600

ਅਜੋਕਾ ਯੁੱਗ ਸੋਸ਼ਲ ਮੀਡੀਆ ਦਾ ਯੁੱਗ ਹੈ। ਇਸ ਦੌਰ ਵਿਚ ਜਦੋਂ ਇੱਕ ਪਾਸੇ ਏ. ਆਈ. ਵਰਗੀ ਮਸਨੂਈ ਬੁੱਧੀ ਦੀਆਂ ਗੱਲਾਂ ਹੋ ਰਹੀਆਂ ਹਨ, ਉਥੇ ਹੀ ਦੂਸਰੇ ਪਾਸੇ ਸਾਈਬਰ ਅਪਰਾਧਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਅਜਿਹੇ ਹੀ ਵਿਸ਼ੇ ਨੂੰ ਆਧਾਰ ਬਣਾ ਕੇ ਨਾਵਲਕਾਰ ਨੇ ਆਪਣੇ ਇਸ ਨਾਵਲ ਵਿਚ ਬਹੁਤ ਸਾਰੀਆਂ ਸੋਸ਼ਲ ਮੀਡੀਆ ਦੀਆਂ ਅਤੇ ਸਮਾਜਿਕ ਸਮੱਸਿਆਵਾਂ ਨੂੰ ਉਭਾਰਿਆ ਹੈ। ਨਾਵਲ ਵਿਚ ਮੋਬਾਈਲ ਫੋਨ ਨੂੰ ਬ੍ਰਹਿਮੰਡ ਦੇ ਨਾਲ ਤੁਲਨਾ ਕਰਦਿਆਂ ਇਸ ਨੂੰ ਜੇਬ ਵਿਚਲਾ ਬ੍ਰਹਿਮੰਡ ਕਿਹਾ ਗਿਆ ਹੈ, ਕਿਉਂ ਜੋ ਇਹ ਆਪਣੇ ਵਿਚ ਅਨੰਤ ਸਮੋਈ ਬੈਠਾ ਹੈ, ਜਿਸ ਤਰ੍ਹਾਂ ਬ੍ਰਹਿਮੰਡ ਨੂੰ ਜਾਣਿਆ ਨਹੀਂ ਜਾ ਸਕਦਾ, ਉਸੇ ਤਰ੍ਹਾਂ ਮੋਬਾਈਲ ਫੋਨ ਵਿਚਲੇ ਸੰਸਾਰ ਨੂੰ ਵੀ ਪੂਰੀ ਤਰ੍ਹਾਂ ਨਹੀਂ ਜਾਣਿਆ ਜਾ ਸਕਦਾ। ਜੇਬ ਵਿਚ ਰਹਿਣ ਵਾਲਾ ਇਹ ਬ੍ਰਹਿਮੰਡ ਕਿਸ ਪ੍ਰਕਾਰ ਅਨੰਤ ਤੋਂ ਅੰਤ ਵੱਲ ਨੂੰ ਲੈ ਜਾਂਦਾ ਹੈ, ਇਸ ਨਾਵਲ ਵਿਚ ਬਾਖੂਬੀ ਦਿਖਾਇਆ ਗਿਆ ਹੈ। ਨਾਵਲ ਦੀ ਕਹਾਣੀ ਦਾ ਮੁੱਖ ਪਾਤਰ ਪ੍ਰਸਿੱਧ ਉਦਯੋਗਪਤੀ ਅਸ਼ੋਕ ਹੈ, ਜਿਹੜਾ ਕਿ ਸਮਾਜ ਵਿਚ ਅਤੇ ਘਰ ਪਰਿਵਾਰ ਵਿਚ ਇੱਕ ਇੱਜ਼ਤਦਾਰ ਵਿਅਕਤੀ ਹੈ। ਅਚਾਨਕ ਉਸ ਦੀ ਜ਼ਿੰਦਗੀ ਵਿਚ ਸੋਸ਼ਲ ਮੀਡੀਆ ਫੇਸਬੁੱਕ ਦੇ ਮਾਧਿਅਮ ਰਾਹੀਂ ਇੱਕ ਨੌਜਵਾਨ ਕੁੜੀ ਦਾ ਦਾਖਲਾ ਉਸ ਦੀ ਜ਼ਿੰਦਗੀ ਵਿਚ ਹਲਚਲ ਮਚਾ ਦਿੰਦਾ ਹੈ। ਆਪਣੇ-ਆਪ ਨੂੰ ਬਹੁਤ ਬਚਾ ਕੇ ਰੱਖਣ ਦੇ ਬਾਵਜੂਦ ਵੀ ਉਹ ਉਸ ਕੁੜੀ ਦੇ ਪਿਆਰ ਵਿਚ ਫਸਦਾ ਚਲਿਆ ਜਾਂਦਾ ਹੈ ਤੇ ਅਚਾਨਕ ਇੱਕ ਦਿਨ ਉਹ ਲੜਕੀ ਉਸ ਦੀਆਂ ਕੁਝ ਤਸਵੀਰਾਂ ਅਤੇ ਵੀਡੀਓ ਉਸ ਨੂੰ ਭੇਜਦੀ ਹ,ੈ ਜਿਨ੍ਹਾਂ ਵਿਚ ਉਹ ਉਸ ਲੜਕੀ ਦੇ ਨਾਲ ਕੁਝ ਅਤਰੰਗ ਪਲਾਂ ਨੂੰ ਮਾਣ ਰਿਹਾ ਹੁੰਦਾ ਹੈ ਅਤੇ ਬਦਲੇ ਵਿਚ ਉਹ ਉਸ ਤੋਂ ਲੱਖਾਂ ਰੁਪਏ ਦੀ ਮੰਗ ਕਰਦੀ ਹੈ। ਲੜਕੀ ਦੇ ਇਸ ਵਿਹਾਰ ਨਾਲ ਉਹ ਇਸ ਕਦਰ ਟੁੱਟ ਜਾਂਦਾ ਹੈ ਕਿ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦਾ ਹੈ ਅਤੇ ਸਾਰਿਆਂ ਨਾਲੋਂ ਆਪਣੇ-ਆਪ ਨੂੰ ਵੱਖ ਕਰ ਲੈਂਦਾ ਹੈ। ਘਟਨਾਵਾਂ ਵਾਪਰਦੀਆਂ ਹਨ ਅਤੇ ਨਾਵਲ ਆਪਣੇ ਸਿਖਰ ਵੱਲ ਵੱਧਦਾ ਹੈ ਅਤੇ ਸਿਖਰ 'ਤੇ ਜਾ ਕੇ ਉਸ ਦਾ ਪੁੱਤਰ ਅਤੇ ਪੋਤਾ ਉਸ ਨੂੰ ਇਸ ਘੁੰਮਣ-ਘੇਰੀ ਵਿਚੋਂ ਬੜੀ ਸਿਆਣਪ ਨਾਲ ਬਾਹਰ ਕੱਢ ਕੇ ਦੁਬਾਰਾ ਜ਼ਿੰਦਗੀ ਜਿਊਣ ਲਈ ਪ੍ਰੇਰਿਤ ਕਰਦੇ ਹਨ। ਨਾਵਲ ਵਿਚ ਦੋ ਕਹਾਣੀਆਂ ਨਾਲ-ਨਾਲ ਚਲਦੀਆਂ ਹਨ ਇਕ ਅਤੀਤ ਦੀ ਅਤੇ ਦੂਸਰੀ ਵਰਤਮਾਨ ਦੀ। ਅਤੀਤ ਵਿਚ ਵਾਪਰੀਆਂ ਘਟਨਾਵਾਂ ਦਾ ਵਰਤਮਾਨ 'ਤੇ ਪਰਛਾਵਾਂ ਅਤੇ ਨਤੀਜੇ ਦੋਵੇਂ ਸਾਫ ਦਿਖਾਈ ਦਿੰਦੇ ਹਨ। ਨਾਵਲ ਦੇ ਵਿਸ਼ਾ-ਵਸਤੂ ਦੀ ਗੱਲ ਕਰੀਏ ਤਾਂ ਇਹ ਨਾ ਸਿਰਫ ਸਾਈਬਰ ਅਪਰਾਧਾਂ, ਸਗੋਂ ਦੇਸ਼ ਵਿਚ ਚੱਲ ਰਹੇ ਮੌਜੂਦਾ ਹਾਲਾਤਾਂ, ਸੋਸ਼ਲ ਮੀਡੀਆ, ਨਸ਼ਿਆਂ ਦੀ ਸਮੱਸਿਆ, ਗ਼ਰੀਬੀ, ਅਨਪੜਤਾ ਆਦਿ ਨੂੰ ਵੀ ਆਪਣੇ ਕਲੇਵਰ ਵਿਚ ਲੈਂਦਾ ਹੈ। ਕਿਸ ਪ੍ਰਕਾਰ ਕਈ ਚੀਜ਼ਾਂ ਬੱਚਿਆਂ ਨੂੰ ਨਸ਼ਿਆਂ ਅਤੇ ਅਪਰਾਧਾਂ ਦੀ ਦੁਨੀਆ ਵਿਚ ਧੱਕ ਦਿੰਦੀਆਂ ਹਨ, ਇਹ ਵੀ ਇਸ ਨਾਵਲ ਵਿਚ ਨਾਵਲਕਾਰ ਨੇ ਉਭਾਰਿਆ ਹੈ। ਨਾਵਲ ਸਮਾਜਿਕ ਅਤੇ ਮਾਨਸਿਕ ਸਮੱਸਿਆਵਾਂ ਨੂੰ ਬਹੁਤ ਗਹਿਰਾਈ ਨਾਲ ਚਿਤਰਦਾ ਹੈ। ਪਾਤਰ ਉਸਾਰੀ ਵਿਚ ਵੀ ਜਿੱਥੇ ਨਾਵਲਕਾਰ ਅਸ਼ੋਕ ਦੇ ਪਾਤਰ ਨੂੰ ਬਹੁਤ ਹੀ ਸੁਲਝਿਆ ਹੋਇਆ ਵਿਅਕਤੀ ਦਿਖਾਉਂਦਾ ਹੈ, ਉੱਥੇ ਹੀ ਉਸ ਨੂੰ ਨਰਮ ਦਿਲ ਅਤੇ ਸੰਵੇਦਨਸ਼ੀਲ ਵਿਅਕਤੀ ਵਜੋਂ ਵੀ ਉਭਾਰਦਾ ਹੈ, ਜਿਹੜਾ ਆਪਣੇ ਮਨ ਵਿਚ ਪਿਆਰ, ਹਮਦਰਦੀ ਅਤੇ ਮਾਨਵੀ ਹੋਂਦ ਨਾਲ ਜੁੜੀਆਂ ਭਾਵਨਾਵਾਂ ਨੂੰ ਲੈ ਕੇ ਚੱਲਦਾ ਹੈ ਅਤੇ ਆਪਣੇ ਆਸੇ-ਪਾਸੇ ਹਰ ਉਸ ਇਨਸਾਨ ਦੀ ਮਦਦ ਕਰਨ ਦੀ ਕੋਸ਼ਿਸ਼ ਕਰਦਾ ਹੈ, ਜਿਸ ਨੂੰ ਉਸ ਦੀ ਮਦਦ ਲੋੜੀਂਦੀ ਹੈ। ਨਾਵਲ ਵਿਚ ਇੱਕ ਹੋਰ ਮਹੱਤਵਪੂਰਨ ਪਾਤਰ ਡਰਾਈਵਰ ਨੂੰ ਵੀ ਮੰਨਿਆ ਜਾ ਸਕਦਾ ਹੈ, ਜਿਹੜਾ ਕਿ ਇੱਕ ਪਾਸੇ ਕਿਤਾਬਾਂ ਦੀ ਦੁਨੀਆ ਅਤੇ ਆਦਰਸ਼ਵਾਦ ਨਾਲ ਜੁੜਿਆ ਹੋਇਆ ਹੈ ਪਰ ਦੂਜੇ ਪਾਸੇ ਉਹੀ ਮੌਕਾ ਮਿਲਣ ਤੇ ਉਸ ਵਗਦੀ ਗੰਗਾ ਵਿਚ ਹੱਥ ਧੋਣ ਤੋਂ ਗਰੇਜ਼ ਨਹੀਂ ਕਰਦਾ, ਜਿੱਥੇ ਉਸ ਦੀ ਆਪਣੀ ਬੇਟੀ ਅਸ਼ੋਕ ਵਰਗੇ ਉਦਯੋਗਪਤੀ ਨੂੰ ਬਲੈਕਮੇਲ ਕਰਨ ਦੀ ਕੋਸ਼ਿਸ਼ ਕਰਦੀ ਹੈ। ਆਪਣੇ ਮਾਲਕ ਅਤੇ ਆਪਣੀ ਬੇਟੀ ਦੇ ਸੰਬੰਧਾਂ ਬਾਰੇ ਜਾਣਨ ਤੋਂ ਬਾਅਦ ਵੀ ਉਹ ਚੁੱਪ ਰਹਿੰਦਾ ਹੈ, ਬਿਲਕੁਲ ਧਿਆਨ ਨਹੀਂ ਦਿੰਦਾ ਅਤੇ ਜਦੋਂ ਉਸ ਦੀ ਬੇਟੀ ਪੈਸੇ ਮੰਗਦੀ ਹੈ ਤਾਂ ਉਹ ਉਸ ਦਾ ਪੂਰਾ ਸਾਥ ਦਿੰਦਾ ਹੈ। ਨਾਵਲ ਦੀ ਬੋਲੀ ਸ਼ੈਲੀ ਅਤੇ ਵਾਰਤਾਲਾਪ ਬਹੁਤ ਢੁਕਵੀਂ ਹੈ। ਹਰ ਪਾਤਰ ਦਾ ਤਜਰਬਾ ਉਸ ਦੇ ਮੂੰਹੋਂ ਬੋਲਦਾ ਨਜ਼ਰ ਆਉਂਦਾ ਹੈ। ਚਾਹੇ ਉਹ ਕੁੜੀਆਂ ਨੌਜਵਾਨ ਕੁੜੀਆਂ ਦੀ ਆਪਸੀ ਵਾਰਤਾਲਾਪ ਹੋਵੇ, ਅਸ਼ੋਕ ਦਾ ਤਜਰਬਾ ਅਤੇ ਉਸ ਦੀ ਐਮ.ਐਲ.ਏ. ਦੇ ਨਾਲ ਗੱਲਬਾਤ ਹੋਵੇ, ਅਸ਼ੋਕ ਦਾ ਆਪਣੇ ਡਰਾਈਵਰ ਦੇ ਨਾਲ ਵਾਰਤਾਲਾਪ ਹੋਵੇ, ਨਾਵਲਕਾਰ ਨੇ ਇਸ ਸਭ ਨੂੰ ਬਹੁਤ ਬਾਰੀਕੀ ਨਾਲ ਸਿਰਜਿਆ ਹੈ। ਆਦਿ ਮੱਧ ਤੋਂ ਅੰਤ ਵੱਲ ਦਾ ਨਾਵਲ ਦਾ ਸਫ਼ਰ ਬਹੁਤ ਹੀ ਦਿਲਚਸਪੀ ਭਰਿਆ ਅਤੇ ਸੁਖਾਵਾਂ ਹੈ, ਜਿਸ ਵਿਚ ਸਹੀ ਤੇ ਗਲਤ ਦੇ ਫ਼ੈਸਲੇ ਨੂੰ ਸਹੀ ਅਰਥਾਂ ਵਿਚ ਨਿਭਾਇਆ ਗਿਆ ਹੈ। ਨਾਵਲਕਾਰ ਆਪਣੇ ਇਸ ਨਾਵਲ ਰਾਹੀਂ ਮੌਜੂਦਾ ਹਾਲਾਤਾਂ ਨੂੰ ਚਿਤਰਨ ਵਿਚ ਕਾਫੀ ਕਾਮਯਾਬ ਰਿਹਾ ਹੈ।
-ਡਾ.ਸੁਖਪਾਲ ਕੌਰ ਸਮਰਾਲਾ
ਮੋਬਾਈਲ : 83606-83823
ਤੂੰ ਇੱਕ ਦੀਵਾ ਬਣ
ਲੇਖਕ : ਲਾਭ ਸਿੰਘ ਉੱਗੋਕੇ
ਪ੍ਰਕਾਸ਼ਕ : ਤਰਕਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 299 ਰੁਪਏ, ਸਫ਼ੇ : 120
ਸੰਪਰਕ : 98552-05290

ਲਾਭ ਸਿੰਘ ਉੱਗੋਕੇ ਦੀ ਇਹ ਪਲੇਠੀ ਪੁਸਤਕ 'ਤੂੰ ਇੱਕ ਦੀਵਾ ਬਣ' ਸੱਚਮੁੱਚ ਹੀ ਮਨ ਨੂੰ ਮੋਹ ਲੈਣ ਵਾਲੀ ਖ਼ੂਬਸੂਰਤ ਸਿਰਜਣਾ ਹੈ, ਜਿਸ ਵਿਚ ਵਰਤੀ ਗਈ ਸਾਦੀ, ਸਰਲ ਅਤੇ ਰੌਚਕ ਸ਼ਬਦਾਵਲੀ ਕਾਰਨ ਪਾਠਕ ਦਾ ਵਾਰ-ਵਾਰ ਪੜ੍ਹਨ ਨੂੰ ਜੀਅ ਕਰਦਾ ਹੈ। ਉਨ੍ਹਾਂ ਦੀ ਕਵਿਤਾ ਦੀਆਂ ਇਹ ਸਤਰਾਂ ਸਾਹਿਤ ਪ੍ਰਤੀ ਉਨ੍ਹਾਂ ਦੀ ਸੂਖਮ ਸੂਝ-ਬੂਝ ਦੀ ਸ਼ਾਹਦੀ ਭਰਦੀਆਂ ਹਨ:
ਇਹ ਜੋ ਕਾਲੇ ਅੱਖਰ ਨੇ
ਤੇਰੀ ਜ਼ਿੰਦਗੀ ਨੂੰ ਰੁਸ਼ਨਾ ਸਕਦੇ ਨੇ।
ਇਹ ਦੁਨੀਆਦਾਰੀ ਦੇ ਜੋ ਚੱਕਰ ਨੇ,
ਉਨ੍ਹਾਂ 'ਚੋਂ ਪਾਰ ਲੰਘਾ ਸਕਦੇ ਨੇ।
ਲਾਭ ਸਿੰਘ ਉੱਗੋਕੇ ਇਸ ਬਾਰੇ ਵੀ ਪੂਰੀ ਤਰ੍ਹਾਂ ਸੁਚੇਤ ਹਨ ਕਿ ਜੀਵਨ ਵਿਚ ਸਭ ਕੁੱਝ ਸਾਡੀ ਮਰਜ਼ੀ ਨਾਲ ਨਹੀਂ ਹੁੰਦਾ ਬਲਕਿ ਬਹੁਤ ਕੁੱਝ ਅਜਿਹਾ ਵੀ ਵਾਪਰਦਾ ਹੈ, ਜਿਸ ਨਾਲ ਅਸੀਂ ਆਪਣੇ ਮਨ ਦਾ ਸੁੱਖ-ਚੈਨ ਗੁਆ ਬਹਿੰਦੇ ਹਾਂ। ਉਨ੍ਹਾਂ ਦਾ ਮੰਨਣਾ ਹੈ ਕਿ ਮਨੁੱਖ ਨੂੰ ਆਪਣੇ ਭੂਤ ਅਤੇ ਭਵਿੱਖ ਦੇ ਝੋਰੇ ਛੱਡ ਕੇ ਕੁਦਰਤ ਵਲੋਂ ਮਿਲੇ ਖ਼ੁਸ਼ੀਆਂ ਦੇ ਪਲ ਖੁੱਲ੍ਹ ਕੇ ਮਾਣਨੇ ਚਾਹੀਦੇ ਹਨ:
ਛੱਡ ਦੇ ਬੰਦਿਆ ਸਭ ਕੁਦਰਤ 'ਤੇ
ਕਿਉਂ ਦਿਲ ਨੂੰ ਲਾਈ ਬੈਠਾ ਝੋਰਾ।
ਖੁੱਲ੍ਹ ਕੇ ਸੁਆਦ ਚੱਖ ਖ਼ੁਸ਼ੀਆਂ ਦਾ
ਬੇਸ਼ੱਕ ਮਿਲ ਰਹੀਆਂ ਨੇ ਭੋਰਾ-ਭੋਰਾ।
ਸਾਹਿਤ ਨਾਲ ਉਨ੍ਹਾਂ ਦਾ ਪਿਆਰ ਉਸ ਵੇਲੇ ਸਾਰੇ ਹੱਦਾਂ-ਬੰਨੇ ਟੱਪ ਜਾਂਦਾ ਹੈ, ਜਦੋਂ ਉਹ ਕਿਤਾਬਾਂ ਨੂੰ ਆਪਣੀ ਪ੍ਰੇਮਿਕਾ ਦੇ ਰੂਪ ਵਿਚ ਚਿਤਵਦੇ ਹਨ। ਕਿਤਾਬਾਂ ਨੂੰ ਉਹ ਰੋਗੀਆਂ ਲਈ ਦਵਾਈ, ਜ਼ਿੰਦਗੀ ਦੀ ਅਸਲ ਸੱਚਾਈ, ਮਨੁੱਖ ਦੇ ਅੰਦਰ ਦੀ ਗਹਿਰਾਈ ਅਤੇ ਸੱਚ ਦੀ ਪਰਛਾਈ ਸਮਝਦੇ ਹਨ। ਉਨ੍ਹਾਂ ਨੇ ਸਮਾਜ ਦੇ ਲਗਭਗ ਹਰ ਮਸਲੇ 'ਤੇ ਚਰਚਾ ਛੇੜਨ ਦੀ ਸਫ਼ਲ ਅਤੇ ਸੁਚੱਜੀ ਕੋਸ਼ਿਸ਼ ਕੀਤੀ ਹੈ। ਅਮਲੀ ਰੂਪ ਵਿਚ ਵੀ ਉਹ ਮਾਂ-ਬੋਲੀ ਪੰਜਾਬੀ ਦੀ ਪ੍ਰਫੁੱਲਤਾ ਲਈ ਜ਼ਿਕਰਯੋਗ ਭੂਮਿਕਾ ਨਿਭਾ ਰਹੇ ਹਨ। ਤਸੱਲੀ ਵਾਲੀ ਗੱਲ ਹੈ ਕਿ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹਨ ਦੇ ਬਾਵਜੂਦ ਵੀ ਉਨ੍ਹਾਂ ਨੂੰ ਕਿਰਤੀ-ਕਾਮਿਆਂ ਦਾ ਹੱਡੀਂ ਹੰਢਾਇਆ ਦਰਦ ਭੁੱਲਿਆ ਨਹੀਂ ਹੈ। ਕੁੱਲ ਮਿਲਾ ਕੇ ਉਨ੍ਹਾਂ ਦੀ ਇਹ ਪੁਸਤਕ ਬੇਹੱਦ ਸ਼ਲਾਘਾਯੋਗ, ਪੜ੍ਹਨਯੋਗ ਅਤੇ ਸੰਭਾਲਣਯੋਗ ਹੈ।
-ਕਰਮ ਸਿੰਘ ਜ਼ਖ਼ਮੀ
ਮੋਬਾਈਲ : 98146-28027
ਮੈਂ ਗਾਜ਼ਾ ਕਹਿਨਾ
ਸੰਪਾਦਕ : ਅਰਵਿੰਦਰ ਕੌਰ ਕਾਕੜਾ
ਸਹਿ: ਸੰਪਾਦਕ : ਅਜਮੇਰ ਸਿੱਧੂ
ਪ੍ਰਕਾਸ਼ਕ : ਚਿੰਤਨ ਪ੍ਰਕਾਸ਼ਨ ਲੁਧਿਆਣਾ
ਮੁੱਲ : 160 ਰੁਪਏ, ਸਫ਼ੇ : 160
ਸੰਪਰਕ : 94636-15526

ਸੰਸਾਰ ਵਿਚ ਜਦੋਂ ਵੀ ਕਿਧਰੇ ਜੰਗ ਲਗਦੀ ਹੈ ਤੇ ਮਨੁੱਖਤਾ ਦਾ ਘਾਣ ਹੁਦਾ ਹੈ ਤਾਂ ਸੰਵੇਦਨਸ਼ੀਲ ਹਿਰਦੇ ਨਿਰਦੋਸ਼ ਲੋਕਾਂ ਦੇ ਮਾਰੇ ਜਾਣ 'ਤੇ ਹਾਅ ਦਾ ਨਾਅਰਾ ਜ਼ਰੂਰ ਮਾਰਦੇ ਹਨ। ਉਹ ਜਾਣਦੇ ਹਨ ਕਿ ਲੜਾਈ ਕਿਸੇ ਮਸਲੇ ਦਾ ਹੱਲ ਨਹੀਂ। ਅੱਜ ਵੀ ਸੰਸਾਰ ਵਿਚ ਪੂੰਜੀਵਾਦੀ ਮੁਲਕਾਂ ਵਲੋਂ ਆਪਣੀ ਫੋਕੀ ਹੈਂਕੜ ਲਈ ਅਤੇ ਗ਼ਰੀਬ ਮੁਲਕਾਂ ਦੇ ਸੋਮਿਆਂ ਦੀ ਲੁੱਟ-ਖਸੁੱਟ ਕਰਨ ਲਈ ਉਨ੍ਹਾਂ 'ਤੇ ਬਹੁਤੀ ਵਾਰੀ ਜੰਗ ਥੋਪ ਦਿੱਤੀ ਜਾਂਦੀ ਹੈ। ਪਰ ਨਿੱਕੇ ਮੁਲਕ ਨਾ ਚਾਹੁੰਦਿਆਂ ਹੋਇਆਂ ਵੀ ਜੰਗ ਦੀ ਲਪੇਟ ਵਿਚ ਆ ਜਾਂਦੇ ਹਨ। 'ਮੈਂ ਗਾਜ਼ਾ ਕਹਿਨਾ' ਅਰਵਿੰਦਰ ਕੌਰ ਕਾਕੜਾ ਅਤੇ ਅਜਮੇਰ ਸਿੱਧੂ ਦੁਆਰਾ ਸੰਪਾਦਿਤ ਕਾਵਿ-ਪੁਸਤਕ ਅਜਿਹੀ ਹੀ ਜੰਗ ਦੇ ਪ੍ਰਤੀਕਰਮ ਵਜੋਂ ਸਿਰਜਣਾਤਮਿਕ ਵਿਰੋਧ ਦੇ ਰੂਪ ਵਿਚ ਸਾਹਮਣੇ ਆਉਂਦੀ ਹੈ। ਇਹ ਜੰਗ ਇਜ਼ਰਾਈਲ ਦੁਆਰਾ ਫਲਸਤੀਨੀ ਲੋਕਾਂ 'ਤੇ ਕੀਤੇ ਜ਼ੁਲਮਾਂ ਦੀ ਦਾਸਤਾਨ ਨੂੰ ਕਾਵਿਕ ਹੁੰਗਾਰੇ ਪ੍ਰਦਾਨ ਕਰਕੇ ਇਸ ਜੰਗ ਵਿਚ ਮਾਰੇ ਗਏ ਨਿਰਦੋਸ਼ ਲੋਕਾਂ ਨੂੰ ਸ਼ਰਧਾਂਜਲੀ ਵੀ ਪੇਸ਼ ਕਰਦੀ ਹੈ ਅਤੇ ਜ਼ੁਲਮ ਕਰਨ ਵਾਲੇ ਮੁਲਕ ਇਜ਼ਰਾਈਲ ਦਾ ਡਟਵਾਂ ਵਿਰੋਧ ਵੀ ਕਰਦੀ ਹੈ। ਜਦੋਂ ਪਾਠਕ ਇਸ ਪੁਸਤਕ ਵਿਚਲੀਆਂ ਕਵਿਤਾਵਾਂ ਨੂੰ ਪੜ੍ਹਦਾ ਹੈ ਤਾਂ ਜੰਗ ਦੀ ਅੱਗ ਵਿਚ ਝੁਲਸਦੇ ਲੋਕਾਂ ਦੇ ਕਾਵਿ-ਚਿੱਤਰ ਪੜ੍ਹ ਕੇ ਉਸ ਦੀਆਂ ਅੱਖਾਂ ਨਮ ਹੋ ਜਾਂਦੀਆਂ ਹਨ।
ਇਸ ਪੁਸਤਕ ਵਿਚ ਫਲਸਤੀਨੀ ਲੋਕਾਂ 'ਤੇ ਕੀਤੇ ਜਾਂਦੇ ਜ਼ਾਲਮਾਨਾਂ ਹਮਲਿਆਂ ਬਾਰੇ ਪੁਸਤਕ ਵਿਚ ਸ਼ਾਮਿਲ ਹਰੇਕ ਕਵੀ ਨੇ ਆਪਣੇ ਨਜ਼ਰੀਏ ਤੋਂ ਆਪਣਾ ਵਿਰੋਧ ਸਿਰਜਣਾਤਮਿਕ ਤਰੀਕੇ ਨਾਲ ਪੇਸ਼ ਕੀਤਾ ਹੈ। ਇਨ੍ਹਾਂ ਕਵੀਆਂ ਦੁਆਰਾ ਪੇਸ਼ ਪ੍ਰਤੀਕਰਮ ਦਰਅਸਲ ਇਨਸਾਨੀ ਕਦਰਾਂ-ਕੀਮਤਾਂ ਦੀ ਨਿਸ਼ਾਨਦੇਹੀ ਕਰਦਾ ਹੈ ਜੋ ਅਜੋਕੇ ਪੈਸਾਬਦੀ ਦੌਰ ਵਿਚ ਮਰਦੀਆਂ ਜਾ ਰਹੀਆਂ ਹਨ। ਢਹਿੰਦੀਆਂ ਬਿਲਡਿੰਗਾਂ, ਵਿਲਕਦੇ ਬੱਚੇ, ਰੁਲਦਾ ਅਨਾਜ ਅਤੇ ਭੁੱਖ ਨਾਲ ਮਰਦੇ ਲੋਕਾਂ ਦੀ ਚੀਕ-ਪੁਕਾਰ ਨੂੰ ਲਗਭਗ 6 ਦਰਜਨ ਕਵੀਆਂ ਨੇ ਕਾਵਿ-ਜ਼ੁਬਾਨ ਦਿੱਤੀ ਹੈ ਤੇ ਆਪਣੀਆਂ ਨਜ਼ਮਾਂ, ਗ਼ਜ਼ਲਾਂ ਗੀਤਾਂ ਦੀ ਵੰਨ-ਸੁਵੰਨਤਾ ਨਾਲ ਜੰਗ ਦੇ ਖਿਲਾਫ਼ ਪਰਚਮ ਬੁਲੰਦ ਕੀਤਾ ਹੈ। ਭਾਵੇਂ ਕਿ ਕਵਿਤਾਵਾਂ ਵਿਚ ਭਾਵੁਕ ਰੁਦਨ ਵੀ ਪੇਸ਼ ਹੋਇਆ ਹੈ। ਪੁਸਤਕ ਦੇ ਅੰਤ 'ਤੇ ਕੁਝ ਅਨੁਵਾਦਿਤ ਕਵਿਤਾਵਾਂ ਵੀ ਸ਼ਾਮਿਲ ਕੀਤੀਆਂ ਗਈਆਂ ਹਨ। ਕਿਸੇ ਪੂੰਜੀਵਾਦੀ ਸਾਮਰਾਜਵਾਦੀ ਮੁਲਕ ਦੇ ਜ਼ੁਲਮਾਂ ਦੇ ਖਿਲਾਫ਼ ਪੰਜਾਬੀ ਕਵੀਆਂ ਦੁਆਰਾ ਪੇਸ਼ ਕੀਤਾ ਸਿਰਜਣਾਤਮਿਕ ਕਾਵਿਕ-ਵਿਰੋਧ ਕਰਦੀ ਇਹ ਵੱਖਰੀ ਅਤੇ ਨਿਵੇਕਲੀ ਕਿਸਮ ਦੀ ਮਹੱਤਵਪੂਰਨ ਪੁਸਤਕ ਹੈ।
-ਡਾ. ਸਰਦੂਲ ਸਿੰਘ ਔਜਲਾ
ਮੋਬਾਈਲ : 98141-68611
ਬੁਣਤੀ
ਲੇਖਕ : ਪ੍ਰਤੀਕ ਸਿੰਘ
ਪ੍ਰਕਾਸ਼ਨ : ਚੇਤਨਾ ਪ੍ਰਕਾਸ਼ਨ ਲੁਧਿਆਣਾ
ਮੁੱਲ : 199 ਰੁਪਏ, ਸਫ਼ਾ : 84
ਸੰਪਰਕ : 95011-45039

'ਬੁਣਤੀ' ਪੁਸਤਕ ਪ੍ਰਤੀਕ ਸਿੰਘ ਦੀ ਲਿਖੀ ਹੋਈ ਕਾਵਿ-ਪੁਸਤਕ ਹੈ। ਇਹ ਕਵੀ ਦੀ ਪ੍ਰਥਮ ਪੁਸਤਕ ਹੈ। ਇਸ ਕਾਵਿ-ਪੁਸਤਕ ਵਿਚ ਲਘੂ ਆਕਾਰ ਦੀਆਂ ਰਚਨਾਵਾਂ ਸ਼ਾਮਿਲ ਹਨ, ਜਿਨ੍ਹਾਂ ਵਿਚ ਕਵੀ ਕਾਵਿ-ਨਾਇਕਾ ਨੂੰ ਸੰਬੋਧਨ ਕਰਦਾ ਹੈ ਤੇ ਆਪਣੇ ਮਨੋਭਾਵ ਬੁਣਦਾ ਹੈ। ਪੁਸਤਕ ਦੀ ਭੂਮਿਕਾ ਵਿਚ ਕਵੀ ਲਿਖਦਾ ਹੈ ਕਿ ਕਵਿਤਾ ਉਸ ਲਈ ਆਪਣੇ ਮਨ ਦੀ ਗੱਲ ਕਰਨ ਦਾ ਇੱਕ ਸਾਧਨ ਹੈ। ਕਵੀ ਨੇ ਦੱਸਿਆ ਹੈ ਕਿ ਕਾਲਜ ਸਫ਼ਰ ਦੌਰਾਨ ਹੀ ਉਸ ਨੇ ਗ਼ਜ਼ਲਾਂ ਅਤੇ ਕਾਵਿ ਰਚਨਾਵਾਂ ਲਿਖਣ ਦੀ ਕੋਸ਼ਿਸ਼ ਕੀਤੀ। ਚਿੱਤਰਕਲਾ ਅਤੇ ਰੇਖਾ ਚਿੱਤਰ ਤੇ ਪੇਂਟਿੰਗ ਕਵੀ ਦਾ ਮਨਪਸੰਦ ਦਾ ਖੇਤਰ ਰਿਹਾ ਹੈ। 1990 ਦੇ ਅੱਧ 'ਚ ਕੈਨੇਡਾ ਪ੍ਰਵਾਸ ਕਰਨ ਤੋਂ ਬਾਅਦ ਤੇਜ਼ ਰਫ਼ਤਾਰ ਜ਼ਿੰਦਗੀ ਵੇਖਦਿਆਂ ਕਵੀ ਦੇ ਮਨ ਵਿਚ ਜੋ ਭਾਵ ਆਏ ਉਹ ਹੌਲੀ-ਹੌਲੀ ਕਾਵ-ਸਿਰਜਨਾ ਦਾ ਹਿੱਸਾ ਬਣਦੇ ਗਏ। ਕਵੀ ਨੇ ਇਸ ਪੁਸਤਕ ਵਿਚ ਪਿਛਲੇ ਤਿੰਨ-ਚਾਰ ਸਾਲਾਂ ਤੋਂ ਲਿਖੀਆਂ ਰਚਨਾਵਾਂ ਸ਼ਾਮਿਲ ਕੀਤੀਆਂ ਹਨ। ਇਸ ਕਵਿਤਾ ਵਿਚ ਕਵੀ ਦੂਸਰੀ ਧਿਰ ਨੂੰ ਸੰਬੋਧਨ ਕਰਦਾ ਵਾਰਤਾਲਾਪੀ ਸ਼ੈਲੀ ਵਿਚ ਕਾਵਿ-ਰਚਨਾ ਕਰਦਾ ਹੈ। ਕਵਿਤਾ ਦੀ ਮੁੱਖ ਸੁਰ ਸੰਬੋਧਨੀ ਸ਼ੈਲੀ ਦੀ ਹੈ। ਮੈਂ ਅਤੇ ਤੂੰ ਵਿਚ ਰਿਸ਼ਤਾ ਬਣਾਉਂਦੀਆਂ ਕਵਿਤਾਵਾਂ ਭਾਵਨਾਵਾਂ ਦਾ ਬੇਰੋਕ ਪ੍ਰਗਟਾਵਾ ਹਨ।
ਕਵੀ ਕਾਵਿ-ਨਾਇਕਾ ਨਾਲ ਵਾਅਦਾ ਕਰਦਾ ਹੈ
ਤੇਰੇ ਲਈ ਤਾਰੇ ਤੋੜ ਕੇ ਲਿਆਉਣ ਦੀ ਸ਼ੇਖੀ ਨਹੀਂ ਮਾਰਾਂਗਾ ਐਪਰ ਧਰਤੀ ਦੇ ਇਤਬਾਰ ਵਾਂਗ/ ਤੇਰੇ ਰੂਹ ਵਿਚ ਰਚੇ ਰਹਿਣ ਦਾ ਵਾਅਦਾ ਜ਼ਰੂਰ ਕੀਤਾ ਹੈ। ਆਪਣੇ-ਆਪ ਨਾਲ ਕਵੀ ਦੀਆਂ ਰਚਨਾਵਾਂ ਵਿਚ ਪਰਵਾਸ ਦੀਆਂ ਚੁਣੌਤੀਆਂ ਤੇ ਬੇਗਾਨਗੀ ਦਾ ਅਹਿਸਾਸ ਵੀ ਕਿਤੇ-ਕਿਤੇ ਮਹਿਸੂਸ ਕੀਤਾ ਜਾ ਸਕਦਾ ਹੈ। ਮਾਂ ਦੇ ਰਿਸ਼ਤੇ ਨੂੰ ਕਵੀ ਭਾਵਨਾਤਮਿਕਤਾ ਨਾਲ ਬਿਆਨ ਕਰਦਾ ਹੈ। ਪ੍ਰਦੇਸ਼ ਰਹਿਣ ਵਾਲੇ ਪੁੱਤਰ ਅਕਸਰ ਮਾਵਾਂ ਨੂੰ ਦੇਰ ਬਾਅਦ ਮਿਲਦੇ ਹਨ ਤੇ ਜੇ ਉਨ੍ਹਾਂ ਦੇ ਪਿੱਛੋਂ ਹੀ ਮਾਂ ਜਹਾਨ ਤੋਂ ਚਲੀ ਜਾਵੇ ਤਾਂ ਉਸ ਦਾ ਦੁੱਖ ਕਿੰਨਾ ਮਨ ਨੂੰ ਪਰੇਸ਼ਾਨ ਕਰਦਾ ਹੈ। ਮਾਂ ਕਵਿਤਾ 'ਚ ਵੇਖਿਆ ਜਾ ਸਕਦਾ ਹੈ।
ਕਵੀ ਨੇ ਮਨੁੱਖੀ ਮਨ ਦੇ ਕਈ ਅਹਿਸਾਸਾਂ ਨੂੰ ਵੀ ਇਸ ਕਵਿ-ਪੁਸਤਕ ਵਿਚ ਢਾਲਿਆ ਹੈ। ਵਸੀਅਤ, ਆਪਾ, ਛੋਹ, ਖੁਸ਼ੀ, ਉਦਾਸੀ, ਸੱਖਣ, ਪਰਤਾਂ, ਸਫਾ, ਅਹਿਸਾਸ, ਘੜੀ, ਚੇਤਾ, ਖੈਰਖਬਰ, ਗੱਲਾਂ, ਨੇੜਤਾ, ਡਾਇਰੀ ਦਾ ਵਰਕਾ, ਮੋਨੋਲਾਗ, ਪਗਡੰਡੀ ਵਿਸ਼ੇਸ਼ ਧਿਆਨ ਮੰਗਦੀਆਂ ਕਵਿਤਾਵਾਂ ਹਨ। ਇਨ੍ਹਾਂ ਛੋਟੀਆਂ ਕਵਿਤਾਵਾਂ ਦੇ ਵੱਡੇ ਅਰਥ ਹਨ। ਹੁਣ ਜਿਸ ਕਵਿਤਾ ਵਿਚ ਕਵੀ ਦੇ ਬਹੁਤ ਅਹਿਸਾਸ ਰੁਮਾਂਸ, ਵਿਛੋੜੇ, ਪ੍ਰੇਮ ਭਾਵਨਾ 'ਤੇ ਅਧੂਰੇ ਰਹਿ ਚੁੱਕੇ ਪਿਆਰ ਦੀ ਭਾਵਨਾ ਨੂੰ ਪ੍ਰਗਟਾਉਂਦੇ ਹਨ। ਅਤੀਤ ਪ੍ਰਤੀ ਕਵੀ ਦਾ ਮੋਹ ਕਾਵਿ-ਰਚਨਾਵਾਂ ਵਿਚ ਝਲਕਦਾ ਹੈ। ਕਵੀ ਨੇ ਅਜਿਹੀ ਭਾਸ਼ਾ ਵਿਚ ਆਪਣੇ ਮਨ ਦੀ ਗੱਲ ਕਹਿਣ ਲਈ ਸੰਕੇਤ ਦਿੱਤਾ ਹੈ, ਜਿਸ ਵਿਚ ਸ਼ਬਦਾਂ ਦੀ ਲੋੜ ਨਹੀਂ ਹੁੰਦੀ। ਪਹੁੰਚ, ਮੇਰੇ, ਬੋਲ, ਕਿਤਾਬ ਦੀ ਕਵਿਤਾ, ਸਾਥ, ਸੰਵਾਦ, ਸਿਰਜਣਾ ਤੇ ਬਾਰਿਸ਼ ਕਵਿਤਾਵਾਂ ਅਜਿਹੇ ਭਾਵਾਂ ਦਾ ਪ੍ਰਗਟਾਵਾ ਕਰਦੀਆਂ ਹਨ। ਪਰਵਾਸ ਦੀ ਬੇਗਾਨਗੀ ਵੀ ਕਵੀ ਦੀਆਂ ਕਵਿਤਾਵਾਂ 'ਚੋਂ ਝਲਕਦੀ ਹੈ
ਆਪਣੀ ਮੁੱਠੀ 'ਚ / ਦਾਣੇ ਲਈ
ਫਿਰਦਾ ਰਿਹਾ ਮੈਂ / ਨਾ ਪੰਛੀ ਮਿਲੇ ਚੋਗ ਵਾਸਤੇ
ਨਾ ਬੀਜਣ ਜੋਗੀ ਜ਼ਮੀਨ
ਤੇਰੀ ਦੇਹਲੀ ਤੇ ਖਿਲਾਰ ਚਲਿਆਂ
ਸਮੁੱਚੇ ਤੌਰ 'ਤੇ ਕਵੀ ਪ੍ਰਤੀਕ ਸਿੰਘ ਦਾ ਕਾਵਿ-ਸੰਗ੍ਰਹਿ 'ਬੁਣਤੀ' ਛੋਟੇ-ਵੱਡੇ ਭਾਵਾਂ ਤੇ ਅਹਿਸਾਸਾਂ ਸਾਰਥਕ ਦਿਸ਼ਾ ਦੇਣ ਵਾਲਾ ਕਾਵਿ-ਸੰਗ੍ਰਹਿ ਹੈ, ਜਿਸ ਵਿਚ ਕਵੀ ਆਪਣੇ ਮਨੋਭਾਵ ਪ੍ਰਤੀਕਾਤਮਿਕ ਢੰਗ ਨਾਲ ਪ੍ਰਗਟਾਉਂਦਾ ਹੈ। ਉਸ ਦੀਆਂ ਇਹ ਕਾਵਿ ਰਚਨਾਵਾਂ ਉਸ 'ਤੇ ਕਈ ਭਰਮ ਅਤੇ ਸੰਵੇਦਨਾਵਾਂ ਦਾ ਪ੍ਰਗਟਾਵਾ ਕਰਦੀਆਂ ਹਨ।
-ਪ੍ਰੋ. ਕੁਲਜੀਤ ਕੌਰ, ਜਲੰਧਰ।
ਨਿਮਾਣਾ ਸ਼ਾਇਰ
ਲੇਖਕ : ਮਾਨ ਚੱਕ ਵਾਲਾ
ਪ੍ਰਕਾਸ਼ਕ : ਆਜ਼ਾਦ ਬੁੱਕ ਡਿਪੂ, ਅੰਮ੍ਰਿਤਸਰ
ਮੁੱਲ : 200 ਰੁਪਏ, ਸਫ਼ੇ : 100
ਸੰਪਰਕ : 94631-70369

ਸ਼ਾਇਰ ਮਾਨ ਚੱਕ ਵਾਲਾ ਆਪਣੇ ਪਲੇਠੇ ਕਾਵਿ-ਸੰਗ੍ਰਹਿ 'ਨਿਮਾਣਾ ਸ਼ਾਇਰ' ਰਾਹੀਂ ਪੰਜਾਬੀ ਸ਼ਾਇਰੀ ਦੇ ਦਰ ਦਰਵਾਜ਼ੇ 'ਤੇ ਦਸਤਕ ਦੇ ਰਿਹਾ ਹੈ। ਜਦੋਂ ਇਸ ਨਵੇਂ ਨਕੋਰ ਸ਼ਾਇਰ ਦੀ ਸ਼ਾਇਰੀ ਦੇ ਕਾਵਿ-ਪ੍ਰਵਚਨ ਦੀ ਤੰਦ ਸੂਤਰ ਫੜਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਸ਼ਾਇਰ ਦੀ ਸ਼ਾਇਰੀ ਜੋ ਪਹਾੜੀ ਨਦੀ ਦੇ ਵਹਿਣ ਵਾਂਗ ਮੈਦਾਨੀ ਹਲਕਿਆਂ 'ਚ ਪਹੁੰਚਦੀ ਹੈ ਤਾਂ ਇਸ ਵਿਚਲੀਆਂ ਕਵਿਤਾਵਾਂ ਜੋ ਤਰੰਗਤੀ ਮੁਹੱਬਤ ਦੇ ਵਹਿਣ ਵਾਂਗ, ਰੋਸੇ, ਮੇਹਣੇ, ਮਨ ਮਨਾਉਣੀਆਂ, ਇਕਲਾਪਾ ਤੇ ਭਟਕਣ ਦੇ ਚੱਕਰਵਿਊ 'ਚ ਘੁੰਮਣਘੇਰੀ ਖਾ ਰਹੀਆਂ ਹਨ ਤੇ ਵਸਲ ਤੱਕ ਪਹੁੰਚਣ ਲਈ ਸ਼ਾਇਰ ਕਾਵਿ-ਤਰੱਦਦ ਕਰ ਰਿਹਾ ਹੈ। ਸ਼ਾਇਰ ਕਾਵਿ ਖੇਤਰ ਵਿਚ ਸਿਖਾਂਦਰੂ ਪ੍ਰਯਤਨ ਵਿਚੋਂ ਗੁਜ਼ਰ ਰਿਹਾ ਹੈ ਅਤੇ ਸ਼ਾਇਰੀ ਨਾਲ ਪੱਕੀ ਪੀਡੀ ਗੰਢ ਪਾ ਕੇ ਅਰਜਨ ਵਾਂਗ ਮੱਛੀ ਦੀ ਅੱਖ ਵਿਚ ਤੀਰ ਮਾਰਨ ਦੀ ਤੀਰਅੰਦਾਜ਼ੀ ਦੇ ਮੁਢਲੇ ਪ੍ਰਯਤਨ ਵਿਚ ਹੈ। ਸ਼ਾਇਰ ਆਪਣੀ ਨਜ਼ਮ 'ਕੁਝ ਵੱਖਰਾ ਕਰਦੇ ਹਾਂ' ਵਿਚ ਕੁਝ ਵੱਖਰਾ ਕਰਨ ਦਾ ਕਾਵਿ ਤਰੱਦਦ ਕਰਨਾ ਚਾਹੁੰਦਾ ਹੈ। ਇਹ ਵੱਖਰਾਪਨ ਉਸ ਸਮੇਂ ਨਜ਼ਰ ਆਉਂਦਾ ਹੈ ਜਦੋਂ ਉਹ ਮਹਿਬੂਬ ਦੀ ਗਲਵੱਕੜੀ, ਮਾਂ ਦੀ ਗਲਵੱਕੜੀ ਨਾਲ ਤੁਲਨਾ ਕਰਦਾ ਹੈ। ਸ਼ਾਇਰ ਕਾਲੇ ਗੋਰੇ ਰੰਗ, ਜਾਤ-ਪਾਤ ਅਤੇ ਪਖੰਡਵਾਦ ਦੇ ਪਸਰੇ ਧੰਦੂਕਾਰੇ 'ਚੋਂ ਨਿਕਲਣ ਲਈ ਕਵਿਤਾ ਵਿਚ ਠਾਹਰ ਭਾਲਦਾ ਹੈ। ਉਹ ਧਰਮ ਦੇ ਅਲੰਬਰਦਾਰਾਂ ਨੂੰ ਚੌਰਾਹੇ 'ਚ ਨੰਗਿਆਂ ਕਰਦਾ ਹੈ ਜਦੋਂ ਇਹ ਤਥਾ-ਕਥਿਤ ਪਖੰਡੀ ਡੇਰੇਦਾਰ ਭੋਲੀ-ਭਾਲੀ ਜਨਤਾ ਨੂੰ ਮੋਹ ਮਾਇਆ ਅਤੇ ਨਰਕ ਸਵਰਗ ਦੀਆਂ ਭਰਾਂਤੀਆਂ ਨਾਲ ਆਪਣੇ ਚੁੰਗਲ ਵਿਚ ਫਸਾ ਲੈਂਦੇ ਹਨ। ਸ਼ਾਇਰ ਅਜੇ ਸ਼ੌਕੀਆ ਕਲਮ ਅਜ਼ਮਾਈ ਕਰ ਰਿਹਾ ਹੈ ਤੇ ਇਹ ਇਸ ਕਾਵਿ-ਪਰਾਗੇ ਦੇ ਪਹਿਲੇ ਪੂਰ ਲਈ ਜ਼ਿਆਦਾ ਹੀ ਕਾਹਲਾ ਨਜ਼ਰ ਆਉਂਦਾ ਹੈ। ਸ਼ਾਇਰ ਦਾ ਸ਼ਾਇਰਾਨਾ ਤਖੱਸਲ ਕਿਸੇ ਬੱਝਵੀਂ ਕਾਵਿ-ਸੁਰ ਤੋਂ ਤਲਾਂਜਲੀ ਸਿਰਜ ਕੇ ਭਰਾਂਤੀਆਂ ਫੈਲਾਉਂਦਾ ਨਜ਼ਰ ਆ ਰਿਹਾ ਹੈ। ਸ਼ਾਇਰ ਨੂੰ ਚਾਹੀਦਾ ਹੈ ਕਿ ਅਜੇ ਸਮਕਾਲੀ ਸ਼ਾਇਰੀ ਦਾ ਨਿੱਠ ਕੇ ਅਧਿਐਨ ਕਰਨ ਉਪਰੰਤ ਆਪਣਾ ਸਥਾਨ ਨਿਸਚਿਤ ਕਰੇ। ਸਾਰੀ ਕਿਤਾਬ ਵਿਚ ਸ਼ਬਦ ਜੋੜਾਂ ਦੀਆਂ ਗ਼ਲਤੀਆਂ ਦੀ ਏਨੀ ਭਰਮਾਰ ਹੈ ਜੋ ਬਰਦਾਸ਼ਤ ਤੋਂ ਬਾਹਰ ਹੈ। ਲਗਦਾ ਹੈ ਕਿਤਾਬ ਦੇ ਖਰੜੇ ਦੀ ਟਾਈਪਿੰਗ ਕਿਸੇ ਸਿਖਾਂਦਰੂ ਟਾਈਪਿਸਟ ਤੋਂ ਕਰਾਈ ਹੋਵੇ ਤੇ ਉਸ ਨੇ ਬਿਨਾਂ ਕਿਸੇ ਸੁਧਾਈ ਦੇ ਪੈਨ ਡਰਾਈਵ ਪ੍ਰਕਾਸ਼ਕ ਨੂੰ ਭੇਜਿਆ ਹੋਵੇ ਤੇ ਅੱਗੋਂ ਪ੍ਰਕਾਸ਼ਕ ਨੇ ਵੀ ਸ਼ਬਦ ਜੋੜਾਂ ਦੀ ਸੁਧਾਈ ਕੀਤੇ ਬਿਨਾਂ ਉਵੇਂ ਦਾ ਉਵੇਂ ਹੀ ਛਾਪੇ ਚਾੜ੍ਹ ਦਿੱਤਾ ਹੈ। ਗ਼ਲਤ ਸ਼ਬਦ ਜੋੜਾਂ ਨਾਲ ਅਰਥਾਂ ਦੇ ਅਨੱਰਥ ਹੋ ਜਾਂਦੇ ਹਨ। ਜਿਵੇਂ ਉਰਦੂ ਵਾਲੇ ਆਖਦੇ ਹਨ 'ਹਮ ਵਫ਼ਾ ਲਿਖਤੇ ਰਹੇ ਵੋਹ ਜਫ਼ਾ ਪੜ੍ਹਤੇ ਰਹੇ', ਨੁਕਤੇ ਕਿ ਹੇਰ ਫੇਰ ਨੇ ਮਹਿਰਮ ਸੇ ਮੁਜ਼ਰਮ ਬਨਾ ਦੀਆਂ।' ਸ਼ਾਇਰ ਨੂੰ ਇਹ ਹਦਾਇਤ ਨਹੀਂ ਸਿਰਫ਼ ਸਲਾਹ ਹੈ ਕਿ ਸ਼ਾਇਰੀ ਵਿਚ ਹੱਥ ਅਜ਼ਮਾਉਣ ਲਈ ਭਾਸ਼ਾਈ ਗਿਆਨ ਦੀ ਪ੍ਰਬੀਨਤਾ ਬਹੁਤ ਜ਼ਰੂਰੀ ਹੈ। ਨਿਕਟ ਭਵਿੱਖ ਵਿਚ ਇਹ ਭਾਸ਼ਾਈ ਉਕਾਈਆਂ ਨੂੰ ਸੁਧਾਰਨ ਉਪਰੰਤ ਬਿਹਤਰ ਕਲਾਤਮਿਕ ਪ੍ਰਗਟਾਵੇ ਦੀ ਉਡੀਕ ਰਹੇਗੀ।
-ਭਗਵਾਨ ਢਿੱਲੋਂ
ਮੋਬਾਈਲ : 98143-78254
ਤਰਜ਼-ਇ-ਜ਼ਿੰਦਗੀ
ਲੇਖਕ : ਇੰਦਰ ਸਿੰਘ 'ਰਾਜ਼'
ਸੰਪਾਦਕ : ਅਮਰ ਜਿਓਤੀ (ਡਾ.)
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 220 ਰੁਪਏ, ਸਫ਼ੇ : 127
ਸੰਪਰਕ : amarjyotiwriter@hotmail.com

ਪੰਜਾਬੀ, ਉਰਦੂ ਅਤੇ ਫਾਰਸੀ ਵਿਚ ਲਿਖਣ ਵਾਲੇ ਇੰਦਰ ਸਿੰਘ 'ਰਾਜ਼' 2005 ਵਿਚ ਇਸ ਸੰਸਾਰ ਤੋਂ ਰੁਖ਼ਸਤ ਹੋ ਗਏ ਸਨ। ਉਨ੍ਹਾਂ ਦੀਆਂ ਅਣਛਪੀਆਂ ਰਚਨਾਵਾਂ ਨੂੰ ਪੁਸਤਕ ਦਾ ਰੂਪ ਦਿੰਦੇ ਹੋਏ ਉਨ੍ਹਾਂ ਦੀ ਸਪੁੱਤਰੀ ਅਤੇ ਲੇਖਿਕਾ ਡਾ. ਅਮਰ ਜਿਓਤੀ ਨੇ ਇਹ ਪੁਸਤਕ 'ਤਰਜ਼-ਇ-ਜ਼ਿੰਦਗੀ' ਸੰਪਾਦਿਤ ਕੀਤੀ ਹੈ। ਪੁਸਤਕ ਦੇ ਪਹਿਲੇ ਭਾਗ ਵਿਚ ਗ਼ਜ਼ਲ/ਨਜ਼ਮ ਅਤੇ ਦੂਸਰੇ ਭਾਗ ਵਿਚ ਵਾਰਤਕ ਲੇਖ ਅਤੇ ਮਿੰਨੀ ਕਹਾਣੀਆਂ ਹਨ। ਇਹ ਸੰਗ੍ਰਹਿ ਨਾ ਸਿਰਫ਼ ਸਾਹਿਤਕ ਰਚਨਾਵਾਂ ਦਾ ਪਿਟਾਰਾ ਹੈ, ਸਗੋਂ ਜੀਵਨ ਦੇ ਅਨੇਕਾਂ ਪਹਿਲੂਆਂ 'ਤੇ ਰੌਸ਼ਨੀ ਪਾਉਂਦੀ ਇੱਕ ਗਹਿਰੀ ਵਿਚਾਰਧਾਰਾ ਵੀ ਪੇਸ਼ ਕਰਦਾ ਹੈ। ਜਿਵੇਂ ਕਿ ਨਾਂਅ ਤੋਂ ਜ਼ਾਹਿਰ ਹੈ, ਕਿਤਾਬ ਦਾ ਮਕਸਦ ਪਾਠਕਾਂ ਨੂੰ ਜੀਣ ਦਾ ਇੱਕ ਸਹੀ ਢੰਗ, ਇੱਕ ਚੰਗੀ 'ਤਰਜ਼-ਇ-ਜ਼ਿੰਦਗੀ' ਪ੍ਰਦਾਨ ਕਰਨਾ ਹੈ। ਪੁਸਤਕ ਦਾ ਵਿਸ਼ਾ-ਵਸਤੂ ਬਹੁਤ ਵਿਭਿੰਨ ਹੈ, ਜਿਸ ਵਿਚ ਅਕੀਦਤ ਭਰੀਆਂ ਲਿਖਤਾਂ ਤੋਂ ਲੈ ਕੇ ਗ਼ਜ਼ਲਾਂ ਅਤੇ ਨਜ਼ਮਾਂ ਤੱਕ ਸ਼ਾਮਿਲ ਹਨ। ਲੇਖਕ ਨੇ ਵਾਰਤਕ ਦੇ ਹਿੱਸੇ ਵਿਚ ਸਮਾਜਿਕ, ਸੱਭਿਆਚਾਰਕ ਅਤੇ ਇਤਿਹਾਸਕ ਮੁੱਦਿਆਂ ਨੂੰ ਛੋਹਿਆ ਹੈ। ਜਿੱਥੇ 'ਸਾਡੀ ਮਾਤ ਭਾਸ਼ਾ-ਕੁਝ ਸਮੱਸਿਆਵਾਂ, ਕੁਝ ਸੋਧਾਂ' ਰਾਹੀਂ ਪੰਜਾਬੀ ਭਾਸ਼ਾ ਦੀ ਦੁਰਦਸ਼ਾ ਅਤੇ ਇਸ ਦੇ ਸੁਧਾਰ ਲਈ ਸੁਝਾਅ ਦਿੱਤੇ ਗਏ ਹਨ, ਉੱਥੇ ਹੀ 'ਚੜ੍ਹਦੀ ਕਲਾ ਦੇ ਪ੍ਰਤੀਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ' ਜਿਹੇ ਲੇਖ ਇਤਿਹਾਸਕ ਅਤੇ ਰੂਹਾਨੀ ਪ੍ਰੇਰਨਾ ਦਾ ਸੋਮਾ ਹਨ।
ਕਿਤਾਬ ਵਿਚ 'ਨਿੱਕੀਆਂ ਨਿੱਕੀਆਂ ਗੱਲਾਂ' ਅਤੇ 'ਨੰਨ੍ਹੀ ਮੁੰਨੀ ਕਹਾਣੀਆਂ' ਵਰਗੇ ਭਾਗ ਸ਼ਾਮਿਲ ਹਨ, ਜੋ ੋਦਰਸਾਉਂਦੇ ਹਨ ਕਿ ਲੇਖਕ ਨੇ ਸਿਰਫ਼ ਗੰਭੀਰ ਵਿਸ਼ਿਆਂ ਤੱਕ ਹੀ ਸੀਮਤ ਨਾ ਰਹਿ ਕੇ, ਹਲਕੇ-ਫੁਲਕੇ ਪਰ ਸਾਰਥਕ ਅੰਦਾਜ਼ ਵਿਚ ਵੀ ਜੀਵਨ ਸੰਬੰਧੀ ਗਿਆਨ ਸਾਂਝਾ ਕੀਤਾ ਹੈ। 'ਮਤਲਬੀ ਪਾਗਲ' ਕਹਾਣੀ ਦਾ ਸੰਖੇਪ ਅੰਸ਼ ਇੱਕ ਜ਼ਾਲਮ ਬਾਦਸ਼ਾਹ ਅਤੇ ਇੱਕ ਨਿਡਰ ਕਿਸਾਨ ਦੀ ਗੱਲ ਕਰਦਾ ਹੈ, ਜੋ ਕਿ ਨੈਤਿਕ ਕਦਰਾਂ-ਕੀਮਤਾਂ ਅਤੇ ਸੱਚ ਬੋਲਣ ਦੀ ਹਿੰਮਤ 'ਤੇ ਜ਼ੋਰ ਦਿੰਦਾ ਹੈ।
ਲੇਖਕ ਦੀ ਸ਼ੈਲੀ ਸਰਲ, ਸਪੱਸ਼ਟ ਅਤੇ ਹਿਰਦੇ ਨੂੰ ਛੂਹਣ ਵਾਲੀ ਹੈ। 'ਰਾਜ਼' ਦੀ ਭਾਸ਼ਾ ਆਮ ਪਾਠਕ ਲਈ ਸੁਖਾਲੀ ਹੈ, ਜੋ ਇਸ ਸੰਗ੍ਰਹਿ ਨੂੰ ਹੋਰ ਵੀ ਪ੍ਰਭਾਵਸ਼ਾਲੀ ਬਣਾਉਂਦੀ ਹੈ। ਇਹ ਪੁਸਤਕ ਉਨ੍ਹਾਂ ਪਾਠਕਾਂ ਲਈ ਲਾਹੇਵੰਦ ਹੈ, ਜੋ ਸਾਹਿਤਕ ਰਸਦੇ ਨਾਲ-ਨਾਲ ਜੀਵਨ ਦੀਆਂ ਸੱਚਾਈਆਂ ਅਤੇ ਪ੍ਰੇਰਨਾਦਾਇਕ ਵਿਚਾਰਾਂ ਨੂੰ ਗ੍ਰਹਿਣ ਕਰਨਾ ਚਾਹੁੰਦੇ ਹਨ। 'ਤਰਜ਼-ਇ-ਜ਼ਿੰਦਗੀ' ਇੱਕ ਅਜਿਹੀ ਰਚਨਾ ਹੈ ਜੋ ਪਾਠਕ ਨੂੰ ਹੱਸਦੇ ਅਤੇ ਚੜ੍ਹਦੀ ਕਲਾ ਵਿਚ ਰਹਿਣ ਦਾ ਸੁਨੇਹਾ ਦਿੰਦੀ ਹੈ।
-ਜਸਵਿੰਦਰ ਸਿੰਘ ਕਾਈਨੌਰ
ਮੋਬਾਈਲ : 98888-42244
ਬਸੰਤ
(ਸੋਵੀਅਤ ਕਹਾਣੀਆਂ)
ਲੇਖਕ : ਸੇਰਗੇਈ ਐਨਤੋਨੋਵ
ਅਨੁਵਾਦਕ : ਗੁਰਵਿੰਦਰ ਸਵੈਚ
ਪ੍ਰਕਾਸ਼ਕ : ਗੋਰਕੀ ਪ੍ਰਕਾਸ਼ਨ, ਲੁਧਿਆਣਾ
ਮੁੱਲ : 300 ਰੁਪਏ, ਸਫ਼ੇ : 248
ਸੰਪਰਕ : 98148-57091

ਰੂਸੀ ਸਾਹਿਤ ਦੀਆਂ ਕਈ ਮਹਾਨ ਕਿਰਤਾਂ ਪੰਜਾਬੀ ਵਿਚ ਅਨੁਵਾਦ ਹੋਈਆਂ ਹਨ। ਸੰਸਾਰ ਸਾਹਿਤ ਵਿਚ ਰੂਸੀ ਸਾਹਿਤ ਆਪਣੇ ਲੇਖਕਾਂ ਗੋਰਕੀ, ਤਾਲਸਤਾਏ, ਦੋਸਤੋਵੋਸਕੀ, ਤੁਰਗਾਨੇਵ ਵਰਗੇ ਮਹਾਨ ਲੇਖਕਾਂ ਕਾਰਨ ਅਹਿਮ ਸਥਾਨ ਰੱਖਦਾ ਹੈ। ਸਮਾਜਵਾਦ ਅਤੇ ਉਸ ਦੇ ਪਰਨਾਏ ਆਦਰਸ਼ ਰੂਸੀ ਸਾਹਿਤ ਦਾ ਮੁੱਖ ਵਿਸ਼ਾ ਹਨ। ਪੁਰਾਣੇ ਅਤੇ ਨਵੇਂ ਵਿਚਾਰਾਂ ਦਾ ਸੁਮੇਲ ਇਹ ਸਾਹਿਤ ਨਵੇਂ ਜਾਵੀਏ ਤੋਂ ਸੰਸਾਰ ਨੂੰ ਦੇਖਦਾ ਹੈ ਅਤੇ ਨਵੀਆਂ ਸਮਾਜਿਕ ਬਣਤਰਾਂ ਨੂੰ ਤਰਜੀਹ ਦਿੰਦਾ ਹੈ। ਸੰਸਾਰ ਪ੍ਰਸਿੱਧ ਨਾਵਲਾਂ ਤੋਂ ਬਾਅਦ ਜੇਕਰ ਰੂਸੀ ਸਾਹਿਤ ਦੀਆਂ ਕਹਾਣੀਆਂ ਦੀ ਗੱਲ ਕਰੀਏ ਤਾਂ ਇਸ ਕਹਾਣੀ ਸੰਗ੍ਰਹਿ ਵਿਚਲੀਆਂ 6 ਕਹਾਣੀਆਂ ਆਪਣੇ ਉਸ ਮਾਪਦੰਡ 'ਤੇ ਪੂਰੀ ਤਰ੍ਹਾਂ ਖਰੀਆਂ ਉਤਰਦੀਆਂ ਹਨ ਜਿਨ੍ਹਾਂ ਕਰਕੇ ਰੂਸੀ ਸਾਹਿਤ ਨੂੰ ਪ੍ਰਸਿੱਧੀ ਮਿਲੀ ਹੈ। ਪ੍ਰਸਿੱਧ ਰੂਸੀ ਲੇਖਕ ਸੇਰਗਈ ਐਨਤੋਨੋਵ ਦੀਆਂ ਇਨ੍ਹਾਂ 6 ਲੰਬੀਆਂ ਰੂਸੀ ਕਹਾਣੀਆਂ ਨੂੰ ਪੰਜਾਬੀ ਵਿਚ ਅਨੁਵਾਦਕ ਨੇ ਜਿਸ ਮਿਹਨਤ ਅਤੇ ਖ਼ੂਬਸੂਰਤੀ ਨਾਲ ਅਨੁਵਾਦ ਕੀਤਾ ਹੈ, ਉਹ ਕਾਬਿਲੇ ਤਾਰੀਫ ਹੈ। ਪੁਸਤਕ ਤੇ ਸਿਰਲੇਖ ਬਸੰਤ ਵਾਂਗ ਇਨ੍ਹਾਂ ਕਹਾਣੀਆਂ ਨੂੰ ਪੜ੍ਹਦਿਆਂ ਵੀ ਬਸੰਤ ਰੁੱਤ ਵਰਗਾ ਅਹਿਸਾਸ ਹੁੰਦਾ ਹੈ ਜਿਸ ਵਿਚ ਬਹਾਰ ਹੈ, ਤਾਜ਼ਗੀ ਹੈ, ਖੁਸ਼ਗਵਾਰ ਮੌਸਮ ਹੈ, ਕਾਵਿਮਈ ਰੰਗ ਹੈ ਅਤੇ ਪਾਠਕ ਇਸ ਰੰਗ ਵਿਚ ਰੰਗਿਆ ਜਾਂਦਾ ਹੈ। ਸਭ ਤੋਂ ਖਾਸ ਗੱਲ ਜੋ ਇਨ੍ਹਾਂ ਕਹਾਣੀਆਂ ਵਿਚ ਹੈ ਉਹ ਹੈ ਕਿ ਇਹ ਕਹਾਣੀਆਂ ਉਨ੍ਹਾਂ 6 ਨੌਜਵਾਨ ਲੜਕੀਆਂ ਨੂੰ ਮੁੱਖ ਪਾਤਰ ਵਜੋਂ ਉਭਾਰਦੀਆਂ ਹਨ ਜਿਹੜੀਆਂ ਕਿ ਪ੍ਰਤੀਕ ਹਨ ਉਸ ਊਰਜਾ ਦਾ ਜੋ ਜੀਵਨ ਨੂੰ ਸ਼ਕਤੀ ਪ੍ਰਦਾਨ ਕਰਦੀ ਹੈ। ਇਹ ਆਪਣੇ ਆਪ ਦੇ ਨਾਲ-ਨਾਲ ਆਪਣੇ ਸਮਾਜ ਅਤੇ ਦੇਸ਼ ਪ੍ਰਤੀ ਵੀ ਉਤਸ਼ਾਹ ਅਤੇ ਪ੍ਰੇਰਨਾ ਨਾਲ ਭਰੀਆਂ ਹੋਈਆਂ ਹਨ। ਔਰਤ ਬਰਾਬਰੀ ਨੂੰ ਦ੍ਰਿੜ੍ਹਤਾ ਨਾਲ ਦਰਸਾਉਂਦੀਆਂ ਇਨ੍ਹਾਂ ਨੌਜਵਾਨ ਕੁੜੀਆਂ ਨੇ ਆਪਣੇ-ਆਪਣੇ ਖੇਤਰ ਵਿਚ ਆਪਣੇ ਹਿੱਸੇ ਦੀ ਜੰਗ ਵੀ ਲੜੀ ਹੈ ਅਤੇ ਜਿੱਤ ਵੀ ਹਾਸਿਲ ਕੀਤੀ ਹੈ। ਕਹਾਣੀ 'ਬਸੰਤ' ਦੀ ਨਿਉਸ਼ਾ ਆਪਣੇ ਦਲ ਦੀ ਮੁਖੀ ਹੋਣ ਨਾਤੇ ਜ਼ਿੰਮੇਵਾਰੀ ਵੀ ਸੰਭਾਲਦੀ ਹੈ ਅਤੇ ਆਪਣੇ ਕੌਮਸੋਮੋਲ ਦੇ ਮੈਂਬਰਾਂ ਨਾਲ ਡਟ ਕੇ ਕੰਮ ਕਰਦੀ ਹੈ। ਮੁਖੀ ਨਾਲ ਆਪਣੇ ਹੱਕਾਂ ਲਈ ਲੜਦੀ ਹੈ, ਭਵਿੱਖ ਦੀਆਂ ਯੋਜਨਾਵਾਂ ਤਿਆਰ ਕਰਦੀ ਹੈ। ਭਾਵੇਂ ਕਿ ਪਹਿਲਾਂ ਉਸ ਨਾਲ ਸਭ ਦੀ ਸਹਿਮਤੀ ਨਹੀਂ ਹੁੰਦੀ ਪਰ ਜ਼ਿਲ੍ਹਾ ਮੁਖੀ ਦਾ ਉਸ ਦੇ ਯਕੀਨ ਅਤੇ ਉਸ ਦੀ ਮੁਹੱਬਤ ਉਸ ਨੂੰ ਕਾਮਯਾਬ ਕਰਦੀ ਹੈ। ਇਹ ਖ਼ੂਬਸੂਰਤ ਕਹਾਣੀ ਕਿਸੇ ਕਲਪਨਾ ਦ੍ਰਿਸ਼ ਵਾਂਗ ਸਹਿਜੇ ਤੁਰਦੀ ਹੈ, ਜਿਸ ਵਿਚ ਪਿਆਰ ਦੀਆਂ ਭਾਵਨਾਵਾਂ ਦਾ ਪ੍ਰਗਟਾਵਾ ਬਹੁਤ ਹੀ ਖ਼ੂਬਸੂਰਤੀ ਨਾਲ ਕੀਤਾ ਗਿਆ ਹੈ। ਇਸੇ ਤਰ੍ਹਾਂ ਕਹਾਣੀ 'ਲੇਨਾ' ਦੀ ਮੁੱਖ ਪਾਤਰ ਲੇਨਾ ਆਪਣੇ ਕੰਮ ਅਤੇ ਪਿਆਰ ਪ੍ਰਤੀ ਪੂਰੀ ਤਰ੍ਹਾਂ ਇਮਾਨਦਾਰੀ ਨਾਲ ਆਪਣੇ ਫਰਜ਼ ਨਿਭਾਉਂਦੀ ਹੈ। ਕਹਾਣੀ ਇਕ-ਦੂਸਰੇ ਦੇ ਸਾਥ, ਭਰੋਸੇ ਦੇ ਨਾਲ ਚਲਦਿਆਂ ਜ਼ਿੰਦਗੀ ਦੀਆਂ ਔਖੀਆਂ ਮੰਜ਼ਿਲਾਂ ਸਰ ਕਰਨ ਦਾ ਸੁਨੇਹਾ ਦਿੰਦੀ ਹੈ ਜਿੱਥੇ ਦੋ ਜਣੇ ਇੱਕ ਦੂਜੇ ਦੇ ਪੂਰਕ ਹੋ ਕੇ ਸੰਪੂਰਨਤਾ ਹਾਸਿਲ ਕਰਨ ਵੱਲ ਵਧਦੇ ਹਨ। ਕਹਾਣੀ 'ਬਰਸਾਤ' ਦੀ ਵਲੇਂਤਿਨਾ ਨੂੰ ਆਪਣੇ ਕੰਮ ਨਾਲ ਪਿਆਰ ਹੈ ਪਰ ਉਸ ਨੂੰ ਜਾਪਦਾ ਹੈ ਜਿੱਥੇ ਉਹ ਕੰਮ ਕਰਦੀ ਹੈ ਉੱਥੇ ਉਸ ਦੀ ਕਦਰ ਨਹੀਂ। ਆਪਣੇ ਨਵੇਂ ਮੁਖੀ ਦੇ ਆਉਣ 'ਤੇ ਉਹ ਇਸ ਅਹਿਸਾਸ ਨੂੰ ਹੋਰ ਵੀ ਸ਼ਿੱਦਤ ਨਾਲ ਮਹਿਸੂਸ ਕਰਦੀ ਪਰ ਜਦੋਂ ਅਖੀਰ ਉਸ ਨੂੰ ਇਸ ਦੀ ਇੱਛਾ ਅਨੁਸਾਰ ਪੁਰਾਣੀ ਮੁਖੀ ਨਾਲ ਕੰਮ ਕਰਨ ਲਈ ਸ਼ਹਿਰ ਭੇਜਿਆ ਜਾਂਦਾ ਹੈ ਤਾਂ ਉਸਨੂੰ ਜਾਪਦਾ ਹੈ ਕਿ ਜੋ ਪਿਆਰ ਤੇ ਸਨਮਾਨ ਉਸ ਨੂੰ ਇੱਥੇ ਮਿਲਿਆ, ਉਹ ਸ਼ਾਇਦ ਕਿਤੇ ਹੋਰ ਨਾ ਮਿਲੇ। ਕਹਾਣੀ ਦੱਸਦੀ ਹੈ ਕਿ ਕਦੇ-ਕਦੇ ਦੂਰੀ ਹੀ ਅਸਲ ਮਾਇਨਿਆਂ ਵਿਚ ਨੇੜਤਾ ਦੇ ਅਰਥ ਸਮਝਾਉਂਦੀ ਹੈ। ਕਹਾਣੀ 'ਨੀਨਾ ਕਾਤਸੋਵਾ' ਦੀ ਨੀਨਾ ਇੰਜੀਨੀਅਰ ਹੈ ਜਿਸ ਨੂੰ ਜਾਪਦਾ ਹੈ ਕਿ ਜ਼ਿੰਦਗੀ ਵਿਚ ਆਪਣੇ ਅਸੂਲਾਂ ਲਈ ਲੜਨਾ ਤੇ ਖੜ੍ਹਨਾ ਹੀ ਅਸਲ ਜ਼ਿੰਦਗੀ ਹੈ। ਪਹਿਲਾਂ-ਪਹਿਲ ਉਹ ਆਪਣੇ ਕੰਮ ਤੋਂ ਨਾ ਖੁਸ਼ ਹੁੰਦੀ ਹੈ ਪਰ ਫਿਰ ਉਸੇ ਕੰਮ ਵਿਚ ਪਰਪੱਕਤਾ ਹਾਸਿਲ ਕਰਦਿਆਂ ਉਹ ਆਪਣੇ ਅਸੂਲਾਂ ਨੂੰ ਕਾਇਮ ਰੱਖਦਿਆਂ ਆਪਣੀ ਜ਼ਿੰਦਗੀ ਨੂੰ ਅੱਗੇ ਵਧਦਿਆਂ ਦੇਖਦੀ ਹੈ ਤਾਂ ਅਹਿਸਾਸ ਕਰਦੀ ਹੈ ਕਿ ਜ਼ਿੰਦਗੀ ਦਾ ਸਰਵੋਤਮ ਪੜਾਅ ਆਉਣਾ ਅਜੇ ਬਾਕੀ ਹੈ ਅਤੇ ਉਹ ਉਸ ਪੜਾਅ ਲਈ ਸਫਰ ਦੇ ਅਧੀਨ ਹੈ। ਕਾਵਿਮਈ ਸ਼ੈਲੀ ਦੀਆਂ ਇਨ੍ਹਾਂ ਕਹਾਣੀਆਂ ਦੇ ਪਾਤਰ ਕਮਾਲ ਦੇ ਹਨ। ਅਨੁਵਾਦਕ ਨੇ ਆਪਣੀ ਸ਼ੈਲੀ ਰਾਹੀਂ ਇੱਕ ਵੱਖਰਾ ਰੰਗ ਭਰਿਆ ਹੈ ਜਿਸ ਦਾ ਜ਼ਿਕਰ ਪੁਸਤਕ ਦੀ ਭੂਮਿਕਾ ਵਿਚ ਵੀ ਆਉਂਦਾ ਹੈ। ਕਹਾਣੀਆਂ ਆਦਰਸ਼ਵਾਦੀ ਅਤੇ ਰੋਮਾਂਟਿਕ ਹੋਣ ਦੇ ਬਾਵਜੂਦ ਵੀ ਇਸ ਰੰਗ ਤੋਂ ਅਭਿੱਜ ਨਜ਼ਰ ਆਉਂਦੀਆਂ ਹਨ ਕਿਉਂਕਿ ਇਨ੍ਹਾਂ ਦਾ ਮੁੱਖ ਵਿਸ਼ਾ ਮਜ਼ਬੂਤ ਸ਼ਖ਼ਸੀਅਤ ਵਾਲੀਆਂ ਔਰਤਾਂ ਅਤੇ ਸਮਾਜ ਦੇ ਵਿਚ ਸਮੂਹਿਕ ਕਿਰਤ ਕਰਨ ਵਾਲਿਆਂ ਦੀ ਜੀਵਨ ਝਲਕ ਨੂੰ ਪੇਸ਼ ਕਰਦਾ ਨਜ਼ਰ ਆਉਂਦਾ ਹੈ। ਯਥਾਰਥ ਨੂੰ ਬਿਆਨ ਕਰਦਿਆਂ ਕਹਾਣੀਆਂ ਸਮਾਜਵਾਦੀ ਕਦਰਾਂ-ਕੀਮਤਾਂ ਅਤੇ ਸਮਾਜਵਾਦੀ ਪ੍ਰਬੰਧ ਨੂੰ ਬਾਰੀਕੀ ਅਤੇ ਡੂੰਘਾਈ ਨਾਲ ਪ੍ਰਗਟਾਉਂਦੀਆਂ ਹਨ। ਕੁੱਲ ਮਿਲਾ ਕੇ ਇਹ ਕਹਾਣੀ ਸੰਗ੍ਰਹਿ ਮਾਣਨ ਯੋਗ ਹੈ ਕਿਉਂਕਿ ਇਸ ਨੂੰ ਪੜ੍ਹਦਿਆਂ ਅਨੰਦ ਮਿਲਦਾ ਹੈ ਜਿਸ ਲਈ ਅਨੁਵਾਦਕ ਖਾਸ ਤੌਰ 'ਤੇ ਵਧਾਈ ਦਾ ਪਾਤਰ ਹੈ ਕਿਉਂਕਿ ਕਈ ਵਾਰ ਅਨੁਵਾਦ ਕਰਦਿਆਂ ਕਿਸੇ ਵੀ ਰਚਨਾ ਦਾ ਅਸਲੀ ਰੰਗ ਤੇ ਰਸ ਖੋ ਜਾਂਦਾ ਹੈ ਜਿਸ ਕਾਰਨ ਉਸ ਦੇ ਅਸਲ ਤੱਕ ਨਹੀਂ ਪਹੁੰਚਿਆ ਜਾਂਦਾ। ਪਰ ਇਨ੍ਹਾਂ ਕਹਾਣੀਆਂ ਵਿਚ ਅਨੁਵਾਦਕ ਦੀ ਮਿਹਨਤ ਸਾਫ ਨਜ਼ਰ ਆਉਂਦੀ।
-ਡਾ. ਸੁਖਪਾਲ ਕੌਰ ਸਮਰਾਲਾ
ਮੋਬਾਈਲ : 83606-83823













































































.jpg)

























































































































