JALANDHAR WEATHER

23-01-2026

 ਸਲੀਕੇ ਦੀ ਭਾਵਨਾ

ਬਾਲ ਸੰਸਾਰ ਮੈਗਜ਼ੀਨ ਵਿਚ 'ਸਲੀਕੇ ਦੀ ਭਾਵਨਾ' ਬੇਅੰਤ ਸਿੰਘ ਮਲੂਕਾ ਦੀ ਰਚਨਾ ਲਿਖੀ ਹੈ। ਸਲੀਕੇ ਦੀ ਭਾਵਨਾ ਨਾਲ ਅਸੀਂ ਆਪਣੇ ਜੀਵਨ ਵਿਚ ਤਰੱਕੀ ਕਰਦੇ ਹਾਂ। ਸਲੀਕੇ ਦੀ ਭਾਵਨਾ ਅਸੀਂ ਖ਼ੁਦ ਘਰ ਤੋਂ ਸਿੱਖਦੇ ਹਾਂ। ਸਾਂਝੇ ਪੰਜਾਬ ਦੀ ਭਰਪੂਰ ਜਾਣਕਾਰੀ ਮਿਲੀ। ਸੰਜੀਵ ਸਿੰਘ ਸੈਣੀ ਦਾ ਲੇਖ 'ਸਾਕਾਰਤਮਿਕ ਸੋਚ' ਬਹੁਤ ਵਧੀਆ ਸੀ।
ਚੰਗੀਆਂ ਕਿਤਾਬਾਂ ਸਾਨੂੰ ਉੱਚੇ ਮੁਕਾਮ ਵੱਲ ਲੈ ਕੇ ਜਾਂਦੀਆਂ ਹਨ। ਪ੍ਰਿੰ. ਹਰੀ ਕ੍ਰਿਸ਼ਨ ਮਾਇਰ ਦਾ ਲੇਖ 'ਹਸਾਉਣੀ ਵਾਲੀ ਗੈਸ' ਮਨ ਨੂੰ ਚੰਗਾ ਲੱਗਾ। ਨਰਿੰਦਰ ਪਾਲ ਕੌਰ ਦੀ ਰਚਨਾ 'ਨਵੇਂ ਵਰ੍ਹੇ 'ਚ ਜ਼ਿੰਦਗੀ ਨੂੰ ਕਰੀਏ ਰੀਸੈਟ' ਨਵੇਂ ਵਰ੍ਹੇ ਵਿਚ ਚੰਗੀਆਂ ਪ੍ਰਾਪਤੀਆਂ ਕਰਨ ਲਈ ਸਖ਼ਤ ਮਿਹਨਤ ਕਰਨ ਦੀ ਬਹੁਤ ਲੋੜ ਹੈ। ਨਵੇਂ ਵਰ੍ਹੇ ਵਿਚ ਮਿਹਨਤ ਕਰੀਏ ਟੀਚੇ ਨੂੰ ਪੂਰਾ ਕਰਨ ਵਿਚ ਜੁਟ ਜਾਈਏ। ਸੁਰਿੰਦਰ ਸਿੰਘ ਦੀ ਰਚਨਾ 'ਜੀ ਆਇਆਂ 2026' ਵਧੀਆ ਲੱਗੀ। ਇਸ ਰਚਨਾ ਵਿਚ ਕਵੀ ਨੇ ਸਭ ਲਈ ਦੁਆ ਕੀਤੀ ਹੈ। ਬਾਲ ਕਲਾਕਾਰ ਕੋਨਾ ਵਿਚ ਬਾਲ ਚਿੱਤਰਕਾਰ ਨੇ ਬਹੁਤ ਸੋਹਣੀਆਂ ਤਸਵੀਰਾਂ ਬਣਾਈਆਂ ਸੀ। ਮਨ ਨੂੰ ਖ਼ੁਸ਼ੀ ਪ੍ਰਦਾਨ ਕੀਤੀ।

-ਰਾਮ ਸਿੰਘ ਪਾਠਕ

ਕੁਝ ਰਿਸ਼ਤੇ ਜੋ ਕਦੇ ਟੁੱਟਦੇ ਨਹੀਂ

ਕੁਝ ਰਿਸ਼ਤੇ ਅਜਿਹੇ ਹੁੰਦੇ ਨੇ ਜੋ ਨਾ ਤਾਂ ਕਿਸੇ ਵਾਅਦੇ ਨਾਲ ਬੰਨ੍ਹੇ ਹੁੰਦੇ ਨੇ, ਨਾ ਹੀ ਕਿਸੇ ਸ਼ਰਤ ਦੇ ਮੁਹਤਾਜ਼ ਹੁੰਦੇ ਹਨ। ਉਹ ਦਿਲ ਤੋਂ ਜੁੜਦੇ ਨੇ, ਰੂਹ ਨਾਲ ਵੱਸਦੇ ਨੇ। ਵਕਤ ਬਦਲ ਜਾਂਦਾ ਹੈ, ਹਾਲਾਤ ਪਲਟ ਜਾਂਦੇ ਨੇ, ਲੋਕ ਦੂਰ ਹੋ ਜਾਂਦੇ ਨੇ ਪਰ ਇਹ ਰਿਸ਼ਤੇ ਕਦੇ ਟੁੱਟਦੇ ਨਹੀਂ।
ਇਹ ਰਿਸ਼ਤੇ ਕਦੇ-ਕਦੇ ਖਾਮੋਸ਼ੀ ਵਿਚ ਵੀ ਬੋਲ ਪੈਂਦੇ ਨੇ। ਸਾਲਾਂ ਤੱਕ ਗੱਲ ਨਾ ਹੋਵੇ, ਪਰ ਮਿਲਦੇ ਹੀ ਅਜਿਹਾ ਲੱਗਦਾ ਹੈ ਜਿਵੇਂ ਕੱਲ੍ਹ ਦੀ ਗੱਲ ਹੋਵੇ। ਇਨ੍ਹਾਂ ਵਿਚ ਕੋਈ ਗਿਲਾ-ਸ਼ਿਕਵਾ ਨਹੀਂ ਹੁੰਦਾ, ਸਿਰਫ਼ ਸਮਝ ਹੁੰਦੀ ਹੈ ਬਿਨਾਂ ਸ਼ਬਦਾਂ ਦੀ ਸਮਝ। ਕੁਝ ਰਿਸ਼ਤੇ ਸਮੇਂ ਦੀਆਂ ਲਹਿਰਾਂ ਤੋਂ ਪਰੇ ਨੇ। ਇਨ੍ਹਾਂ ਨੂੰ ਦੂਰੀ ਕਮਜ਼ੋਰ ਨਹੀਂ ਕਰਦੀ, ਸਗੋਂ ਹੋਰ ਮਜ਼ਬੂਤ ਬਣਾਉਂਦੀ ਹੈ।
ਕੁਝ ਰਿਸ਼ਤੇ ਖੂਨ ਨਾਲ ਨਹੀਂ, ਅਹਿਸਾਸ ਨਾਲ ਬਣਦੇ ਨੇ। ਜਿੱਥੇ ਲੋੜ ਪੈਂਦੀ ਹੈ, ਉੱਥੇ ਉਹ ਆਪਣੇ ਆਪ ਹਾਜ਼ਰ ਹੋ ਜਾਂਦੇ ਨੇ। ਅੱਜ ਦੀ ਦੁਨੀਆ ਵਿਚ, ਜਿੱਥੇ ਹਰ ਚੀਜ਼ ਮਤਲਬ ਨਾਲ ਮਾਪੀ ਜਾਂਦੀ ਹੈ, ਉੱਥੇ ਇਹ ਰਿਸ਼ਤੇ ਦੀ ਬਹੁਤ ਅਹਿਮੀਅਤ ਹੈ। ਇਨ੍ਹਾਂ ਨੂੰ ਸੰਭਾਲ ਕੇ ਰੱਖਣਾ, ਇਨ੍ਹਾਂ ਦੀ ਕਦਰ ਕਰਨੀ ਬਹੁਤ ਜ਼ਰੂਰੀ ਹੈ।

-ਮੰਜੂ ਰਾਇਕਾ
ਭਿੰਡਰਾਂ ਸੰਗਰੂਰ।

ਚੰਗੇ ਗੁਣ ਧਾਰਨ ਕਰੋ

ਹਰ ਇਨਸਾਨ ਨੂੰ ਜ਼ਿੰਦਗੀ 'ਚ ਚੰਗੇ ਕਰਮ ਕਰਨੇ ਚਾਹੀਦੇ ਹਨ। ਜਦੋਂ ਤੁਸੀਂ ਚੰਗੇ ਕਰਮ ਕਰਦੇ ਹੋ ਤਾਂ ਫਲ ਖੁਦ-ਬ-ਖੁਦ ਤੁਹਾਨੂੰ ਪ੍ਰਾਪਤ ਹੋ ਜਾਂਦਾ ਹੈ। ਮਾੜੇ ਕਰਮ ਇਨਸਾਨ ਨੂੰ ਬੁਰੇ ਪਾਸੇ ਲਿਜਾ ਕੇ ਜ਼ਿੰਦਗੀ ਨੂੰ ਦੁਖਦਾਇਕ ਬਣਾਉਂਦੇ ਹਨ। ਇਕ ਗੱਲ ਕਦੇ ਨਾ ਭੁੱਲੋ ਕੇ ਤੁਹਾਡੇ ਕੀਤੇ ਚੰਗੇ ਕਰਮ ਜੀਵਨ 'ਚ ਤੁਹਾਨੂੰ ਮਹਾਨ ਬਣਾਉਂਦੇ ਹਨ। ਜਦਕਿ ਮਾੜੇ ਕਰਮ ਤੁਹਾਨੂੰ ਦੁੱਖਾਂ ਦੀ ਦਲਦਲ 'ਚ ਧੱਕ ਦਿੰਦੇ ਹਨ। ਇਹ ਗੱਲ ਸੱਚ ਹੈ ਕਿ ਦੁੱਖ ਸੁੱਖ ਜ਼ਿੰਦਗੀ ਦਾ ਹਿੱਸਾ ਹੁੰਦੇ ਹਨ। ਪਰ ਕੁਝ ਦੁੱਖ ਅਸੀ ਖੁਦ ਸਹੇੜਦੇ ਹਾਂ, ਬੁਰੇ ਕਰਮ ਕਰਕੇ। ਸੋ, ਬੁਰੇ ਕੰਮਾ ਤੋਂ ਬਚਣਾ ਚਾਹੀਦਾ ਹੈ। ਗੁਰਬਾਣੀ 'ਚ ਕਿਹਾ ਗਿਆ ਹੈ ਮਾੜੇ ਕੰਮ ਦਾ ਨਤੀਜਾ ਮਾੜਾ ਹੀ ਆਉਣਾ। ਸੋ, ਮਾੜੇ ਕੰਮਾਂ ਤੋਂ ਪਰਹੇਜ਼ ਕਰੋ ਤੇ ਚੰਗੇ ਗੁਣ ਧਾਰਨ ਕਰਕੇ ਜੀਵਨ 'ਚ ਚੰਗੇ ਇਨਸਾਨ ਬਣੋ।

-ਲੈਕਚਰਾਰ ਅਜੀਤ ਖੰਨਾ
(ਐੱਮਏ,ਐੱਮਫ਼ਿਲ,ਐਮਜੇਐੱਮਸੀ,ਬੀਐਡ)

ਸਿਆਣਪ ਨਾਲ ਫ਼ੈਸਲੇ ਲੈਣਾ ਜ਼ਰੂਰੀ

ਅੱਜ ਦੇ ਆਧੁਨਿਕ ਯੁੱਗ ਵਿਚ ਕਈ ਲੋਕ ਸੋਚ-ਵਿਚਾਰ ਅਤੇ ਸਮਝਦਾਰੀ ਨਾਲ ਫ਼ੈਸਲੇ ਕਰਨ ਦੀ ਥਾਂ 'ਤੇ ਜਜ਼ਬਾਤਾਂ ਦੇ ਵਹਾਅ ਵਿਚ ਆ ਕੇ ਤੁਰੰਤ ਕਦਮ ਚੁੱਕ ਲੈਂਦੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਉੱਚ ਸਿੱਖਿਆ ਹਾਸਿਲ ਕਰਨ ਦੇ ਬਾਵਜੂਦ ਵੀ ਉਨ੍ਹਾਂ ਵਿਚ ਨੈਤਿਕ ਮੁੱਲਾਂ, ਧੀਰਜ ਅਤੇ ਸਹਿਣਸ਼ੀਲਤਾ ਦੀ ਕਮੀ ਸਪੱਸ਼ਟ ਨਜ਼ਰ ਆਉਂਦੀ ਹੈ। ਅਫ਼ਵਾਹਾਂ ਅਤੇ ਗਲਤ ਜਾਣਕਾਰੀ ਨੂੰ ਬਿਨਾਂ ਪਰਖੇ ਸਵੀਕਾਰ ਕਰ ਲੈਣਾ ਲੋਕਾਂ ਦੀ ਸੋਚ 'ਤੇ ਨਕਾਰਾਤਮਕ ਪ੍ਰਭਾਵ ਛੱਡਦਾ ਹੈ, ਜਿਸ ਕਾਰਨ ਸਮਾਜ ਵਿਚ ਭਰਮ, ਬੇਭਰੋਸਗੀ ਅਤੇ ਟਕਰਾਅ ਵੱਧਦਾ ਹੈ। ਸਿਆਣਪ ਦੀ ਕਮੀ ਕਾਰਨ ਲੋਕ ਇੱਕ ਦੂਜੇ ਦੀ ਗੱਲ ਧਿਆਨ ਨਾਲ ਸੁਣਨ ਦੀ ਥਾਂ ਆਪਣੀ ਰਾਇ ਥੋਪਣ ਦੀ ਕੋਸ਼ਿਸ਼ ਕਰਦੇ ਹਨ। ਇਸ ਰਵੱਈਏ ਨਾਲ ਨਿੱਜੀ ਰਿਸ਼ਤਿਆਂ ਵਿਚ ਤਣਾਅ ਪੈਦਾ ਹੁੰਦਾ ਹੈ ਅਤੇ ਸਮਾਜਿਕ ਏਕਤਾ ਕਮਜ਼ੋਰ ਪੈਂਦੀ ਹੈ। ਗੁੱਸਾ, ਹੰਕਾਰ ਅਤੇ ਜਲਦਬਾਜ਼ੀ ਅਕਸਰ ਗਲਤ ਫ਼ੈਸਲਿਆਂ ਨੂੰ ਜਨਮ ਦਿੰਦੇ ਹਨ, ਜਿਨ੍ਹਾਂ ਦੇ ਨਤੀਜੇ ਲੰਬੇ ਸਮੇਂ ਤੱਕ ਭੁਗਤਣੇ ਪੈਂਦੇ ਹਨ। ਜੇ ਅਸੀਂ ਸਮਾਜ ਵਿਚ ਸਕਾਰਾਤਮਕ ਬਦਲਾਅ ਲਿਆਉਣਾ ਚਾਹੁੰਦੇ ਹਾਂ ਤਾਂ ਸਾਨੂੰ ਸਭ ਤੋਂ ਪਹਿਲਾਂ ਆਪਣੀ ਸੋਚ ਵਿਚ ਸੁਧਾਰ ਕਰਨਾ ਹੋਵੇਗਾ ਅਤੇ ਸਿਆਣਪ ਨਾਲ ਫ਼ੈਸਲੇ ਲੈਣੇ ਪੈਣਗੇ।

-ਸਤਵਿੰਦਰ ਕੌਰ ਮੱਲੇਵਾਲ

ਦਰੱਖਤਾਂ ਦੀ ਕਟਾਈ 'ਤੇ ਰੋਕ ਜ਼ਰੂਰੀ

ਪੰਜਾਬ ਵਿਚ ਹਰ ਨਿੱਤ ਦਿਨ ਹਰੇ ਭਰੇ ਦਰੱਖਤਾਂ ਦੀ ਕਟਾਈ ਬਹੁਤ ਹੀ ਵੱਡੀ ਪੱਧਰ 'ਤੇ ਚਲਦੀ ਰਹਿੰਦੀ ਸੀ, ਜਿਸ ਕਰਕੇ ਵਾਤਾਵਰਨ ਦਿਨ-ਬ-ਦਿਨ ਖ਼ਰਾਬ ਹੁੰਦਾ ਜਾ ਰਿਹਾ ਸੀ। ਸਮਾਜ ਸੇਵੀ ਲੋਕਾਂ ਅਤੇ ਅਨੇਕਾਂ ਹੀ ਅਖ਼ਬਾਰਾਂ ਅਤੇ ਲੇਖਕਾਂ ਨੇ ਰੁੱਖਾਂ ਦੀ ਕਟਾਈ ਨੂੰ ਰੋਕਣ ਲਈ ਵੱਡੇ ਪੱਧਰ 'ਤੇ ਆਵਾਜ਼ ਬੁਲੰਦ ਕੀਤੀ। ਪ੍ਰੰਤੂ ਫਿਰ ਵੀ ਸਮੇਂ ਦੀ ਕਿਸੇ ਸਰਕਾਰ ਦੇ ਕੰਨ 'ਤੇ ਜੂੰ ਨਹੀਂ ਸਰਕੀ। ਹੁਣ ਤਾਂ ਆਮ ਲੋਕ ਸਰਕਾਰਾਂ ਤੋਂ ਆਸ ਉਮੀਦ ਛੱਡ ਕੇ ਮਾਨਯੋਗ ਅਦਾਲਤਾਂ ਦਾ ਹੀ ਆਸਰਾ ਉਡੀਕਦੇ ਰਹਿੰਦੇ ਹਨ। ਮਾਣਯੋਗ ਪੰਜਾਬ ਹਰਿਆਣਾ ਹਾਈ ਕੋਰਟ ਦੇ ਤਾਜ਼ਾ ਫ਼ੈਸਲੇ ਨੇ ਪੰਜਾਬ ਵਿਚ ਰੁੱਖਾਂ ਦੀ ਕਟਾਈ 'ਤੇ ਬਿਨਾਂ ਇਜਾਜ਼ਤ ਪੂਰਨ ਪਾਬੰਦੀ ਲਗਾ ਦਿੱਤੀ ਹੈ। ਜਿਸ ਕਰਕੇ ਵਾਤਾਵਰਨ ਪ੍ਰੇਮੀਆਂ ਨੂੰ ਕੁਝ ਰਾਹਤ ਮਿਲੀ ਹੈ। ਮਾਣਯੋਗ ਅਦਾਲਤ ਦੇ ਇਸ ਫ਼ੈਸਲੇ ਦਾ ਹਰ ਪਾਸਿਓਂ ਸਵਾਗਤ ਕੀਤਾ ਜਾ ਰਿਹਾ ਹੈ। ਸਰਕਾਰਾਂ ਤੋਂ ਉੱਪਰ ਉੱਠ ਕੇ ਮਾਣਯੋਗ ਅਦਾਲਤ ਦਾ ਦੇਰੀ ਨਾਲ ਲਿਆ ਬਹੁਤ ਦੀ ਦਰੁੱਸਤ ਅਤੇ ਸ਼ਲਾਘਾਯੋਗ ਫ਼ੈਸਲਾ ਹੈ।

-ਅੰਗਰੇਜ ਸਿੰਘ ਵਿੱਕੀ
ਪਿੰਡ ਤੇ ਡਾਕ. ਕੋਟਗੁਰੂ (ਬਠਿੰਡਾ)

ਥਾਣਿਆਂ ਵਿਚ ਪੁਲਿਸ ਮੁਲਾਜ਼ਮਾਂ ਦੀ ਘਾਟ

ਪੰਜਾਬ ਦੇ ਪੁਲਿਸ ਥਾਣੇ ਪੁਲਿਸ ਮੁਲਾਜ਼ਮਾਂ ਦੀ ਘਾਟ ਨਾਲ ਜੂਝ ਰਹੇ ਹਨ। ਪੁਲਿਸ ਨੂੰ ਵੀ.ਵੀ.ਆਈ.ਪੀ. ਡਿਊਟੀ ਕਾਰਨ ਲਗਾਤਾਰ ਥਾਣਿਆਂ 'ਚੋਂ ਬਾਹਰ ਰਹਿਣਾ ਪੈਂਦਾ ਹੈ, ਜਿਸ ਕਰਕੇ ਲੋਕਾਂ ਦੇ ਰੋਜ਼ਮਰ੍ਹਾ ਦੇ ਮਾਮਲੇ ਲਟਕ ਜਾਂਦੇ ਹਨ। ਲਗਾਤਾਰ ਕੰਮ ਦਾ ਬੋਝ ਵਧਣ ਅਤੇ ਨਫ਼ਰੀ ਘੱਟ ਹੋਣ ਕਾਰਨ ਪੁਲਿਸ ਥਾਣਿਆਂ ਵਿਚ ਤਣਾਅ ਦਾ ਮਾਹੌਲ ਬਣਿਆ ਰਹਿੰਦਾ ਹੈ। ਰਾਜਨੀਤਕ ਦਬਾਅ ਕਾਰਨ ਜ਼ਿਆਦਾਤਰ ਮੁਲਾਜ਼ਮ ਗੰਨਮੈਨ ਦੇ ਤੌਰ 'ਤੇ ਨਿਯੁਕਤ ਹੋਣ ਕਾਰਨ ਲੋਕਾਂ ਦੀ ਸੁਰੱਖਿਆ ਰੱਬ ਭਰੋਸੇ ਹੈ। ਥਾਣਿਆਂ ਵਿਚ ਨਫ਼ਰੀ ਘੱਟ ਕਾਰਨ ਅਪਰਾਧ ਵਧ ਰਹੇ ਹਨ, ਜਿਸ ਕਰਕੇ ਹੁਣ ਸਰਕਾਰ ਨੂੰ ਬੇਲੋੜਾ ਗੰਨਮੈਨ ਕਲਚਰ ਬੰਦ ਕਰਕੇ ਮੁਲਾਜ਼ਮਾਂ ਨੂੰ ਥਾਣਿਆਂ ਵਿਚ ਭੇਜਣਾ ਚਾਹੀਦਾ ਹੈ।

-ਰਾਮ ਕਲਿਆਣ