01-02-26
ਜੰਗਲੀ ਜੀਵਾਂ ਦੀਆਂ ਕਹਾਣੀਆਂ
ਲੇਖਕ : ਮੁਖ਼ਤਾਰ ਗਿੱਲ
ਪ੍ਰਕਾਸ਼ਕ : ਆਜ਼ਾਦ ਬੁੱਕ ਡੀਪੂ, ਅੰਮ੍ਰਿਤਸਰ
ਮੁੱਲ : 150 ਰੁਪਏ, ਸਫ਼ੇ : 43
ਸੰਪਰਕ : 98140-82217

ਹਥਲੀ ਪੁਸਤਕ 'ਜੰਗਲੀ ਜੀਵਾਂ ਦੀਆਂ ਕਹਾਣੀਆਂ' (ਬਾਲ ਬਾਤਾਂ) ਉੱਘੇ ਲੇਖਕ ਮੁਖ਼ਤਾਰ ਗਿੱਲ ਦੀਆਂ ਬਾਲ ਕਹਾਣੀਆਂ ਦਾ ਸੰਗ੍ਰਹਿ ਹੈ। ਲੇਖਕ ਕਰੀਬ ਪਿਛਲੇ 5 ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਨਿਰੰਤਰ ਸਾਹਿਤ ਦੇ ਖੇਤਰ 'ਚ ਸਰਗਰਮ ਹੈ। ਉਸ ਨੇ ਪੰਜਾਬੀ ਸਾਹਿਤ ਦੀਆਂ ਹੋਰ ਸਿਨਫ਼ਾਂ ਵਿਚ ਲਿਖਣ ਦੇ ਨਾਲ-ਨਾਲ ਬਾਲ ਸਾਹਿਤ ਦੀ ਵੀ ਸਿਰਜਣਾ ਕੀਤੀ ਹੈ। ਇਸ ਹਥਲੀ ਬਾਲ ਪੁਸਤਕ 'ਚ ਲੇਖਕ ਦੀਆਂ 25 ਬਾਲ ਕਹਾਣੀਆਂ ਸ਼ਾਮਿਲ ਹਨ। ਇਨ੍ਹਾਂ ਬਾਲ ਕਹਾਣੀਆਂ 'ਚ ਲੇਖਕ ਨੇ ਭਾਂਤ-ਸੁਭਾਂਤੇ ਜੰਗਲੀ ਜੀਵ ਜੰਤੂਆਂ ਨੂੰ ਪਾਤਰਾਂ ਵਜੋਂ ਸਿਰਜ ਕੇ ਇਨ੍ਹਾਂ ਬਾਲ ਕਹਾਣੀਆਂ ਦੀ ਗੋਂਦ-ਗੁੰਦੀ ਹੈ। ਕਹਾਣੀਆਂ ਦੇ ਪਾਤਰ ਭਾਵੇਂ ਜੰਗਲੀ ਜੀਵ ਜੰਤੂ ਹਨ ਪ੍ਰੰਤੂ ਉਹ ਮਨੁੱਖੀ ਮਾਨਸਿਕਤਾ ਦੀ ਹੀ ਪੇਸ਼ਕਾਰੀ ਕਰਦੇ ਜਾਪਦੇ ਹਨ। ਇਸ ਪੁਸਤਕ ਦੀ ਪਲੇਠੀ ਬਾਲ ਕਹਾਣੀ 'ਬਿੱਲੀ, ਕੁੱਤੇ ਤੇ ਚੂਹੇ ਦੀ ਦੁਸ਼ਮਣੀ' 'ਚ ਲੇਖਕ ਨੇ ਸਿੱਖਿਆ ਦਿੱਤੀ ਹੈ ਕਿ ਦੋਸਤੀ 'ਚ ਲਾਲਚ ਭਾਰੂ ਨਹੀਂ ਹੋਣਾ ਚਾਹੀਦਾ ਸਗੋਂ ਸਬਰ, ਵਫ਼ਾਦਾਰੀ, ਇਮਾਨਦਾਰੀ ਦਾ ਹੋਣਾ ਬਹੁਤ ਜ਼ਰੂਰੀ ਹੈ। 'ਲੂੰਬੜੀ, ਬਾਂਦਰ ਅਤੇ ਆੜੂ' ਕਹਾਣੀ 'ਚ ਪ੍ਰੇਰਣਾ ਦਿੱਤੀ ਗਈ ਹੈ ਕਿ ਸਾਨੂੰ ਕਿਸੇ ਦਾ ਹੱਕ ਨਹੀਂ ਮਾਰਨਾ ਚਾਹੀਦਾ। 'ਬੁਲਬੁਲ ਅਤੇ ਗਟਾਰ ਦੀ ਕਾਂ ਨੂੰ ਨਸੀਹਤ' ਕਹਾਣੀ 'ਚ ਨਸੀਹਤ ਦਿੱਤੀ ਗਈ ਹੈ ਕਿ ਸਾਨੂੰ ਆਪਣਾ ਕੰਮ ਬਿਨਾਂ ਕਿਸੇ ਦੇਰੀ ਦੇ ਕਰਨਾ ਚਾਹੀਦਾ ਹੈ ਕਿਉਂਕਿ ਕੰਮ 'ਚ ਦੇਰੀ ਕਰਨੀ ਮੁਸੀਬਤ ਨੂੰ ਸੱਦਾ ਦੇਣਾ ਹੁੰਦਾ ਹੈ। 'ਬਗਲੇ ਦੀ ਕਾਂ ਨੂੰ ਨਸੀਹਤ' ਕਹਾਣੀ 'ਚ ਦੱਸਿਆ ਗਿਆ ਹੈ ਕਿ ਕਿਸੇ ਦੀ ਵੀ ਨਕਲ ਉਤਾਰਨੀ ਮਾੜੀ ਆਦਤ ਹੈ। 'ਮਾਣੋ ਦਾ ਡਰ' ਕਹਾਣੀ 'ਚ ਬੱਚਿਆਂ ਨੂੰ ਸਿੱਖਿਆ ਦਿੱਤੀ ਗਈ ਹੈ ਕਿ ਸਾਲਾਨਾ ਪ੍ਰੀਖਿਆਵਾਂ 'ਚ ਦ੍ਰਿੜ੍ਹ ਆਤਮ-ਵਿਸ਼ਵਾਸ ਅਤੇ ਤਣਾਅ ਮੁਕਤ ਹੋ ਕੇ ਹੀ ਸਾਨੂੰ ਪ੍ਰੀਖਿਆ ਦੇਣੀ ਚਾਹੀਦੀ ਹੈ। 'ਜੜ੍ਹਾਂ ਦੀ ਸਿੱਖਿਆ' ਕਹਾਣੀ ਸਾਨੂੰ ਸਾਰਿਆਂ ਨੂੰ ਆਪਸ ਵਿਚ ਰਲ-ਮਿਲ ਕੇ ਰਹਿਣ ਦੀ ਨਸੀਹਤ ਦਿੰਦੀ ਹੈ। 'ਸ਼ੈਤਾਨ ਕੀੜਾ' ਕਹਾਣੀ ਜ਼ਿੰਦਗੀ 'ਚ ਕਦੇ ਵੀ ਝੂਠ ਨਾ ਬੋਲਣ ਅਤੇ ਸ਼ੈਤਾਨੀ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਦੀ ਹੈ। ਇਸ ਤੋਂ ਇਲਾਵਾ ਇਸ ਪੁਸਤਕ ਦੀਆਂ ਹੋਰ ਕਹਾਣੀਆਂ 'ਚਲਾਕ ਲੂੰਬੜੀ', 'ਛੋਟੀ ਮੱਛੀ ਦੀ ਚਲਾਕੀ', 'ਚਲਾਕੋ ਦੀ ਚਲਾਕੀ', 'ਲੂੰਬੜੀ ਆਂਟੀ ਦੀ ਸਿੱਖਿਆ', 'ਚਿੜੀ ਦਾ ਤੋਹਫ਼ਾ', 'ਸ਼ਰਾਰਤੀ ਗੋਲੂ', 'ਨੇਕ ਦਿਲ ਡੰਪੀ', 'ਜੰਗਲ ਦੀ ਹੋਲੀ', 'ਰੰਗਾਂ ਦਾ ਕ੍ਰਿਸ਼ਮਾ', 'ਲੱਖੀ ਜੰਗਲ ਦਾ ਦੁਸਹਿਰਾ', 'ਨਕਲਚੂ ਖ਼ਰਗੋਸ਼ ਤੇ ਲੇਲਾ', 'ਬਾਗੜ ਬਿੱਲਾ ਜੋੜੀ ਦੀ ਪੂਛ', 'ਸ਼ੈਤਾਨ ਬਾਂਦਰ', 'ਚਟੋਰੀ ਚਮਜੂੰ' ਆਦਿ ਬਾਲ ਕਹਾਣੀਆਂ ਵੀ ਦਿਲਚਸਪ ਅਤੇ ਸਿੱਖਿਆਦਾਇਕ ਹਨ। ਇਹ ਬਾਲ ਕਹਾਣੀਆਂ ਬੱਚਿਆਂ ਨੂੰ ਸਮੇਂ ਦੀਆਂ ਚੁਣੌਤੀਆਂ ਨਾਲ ਟਾਕਰਾ ਲੈਣ ਦਾ ਬਲ ਪ੍ਰਦਾਨ ਕਰਦੀਆਂ ਹਨ। ਬਾਲ ਮਨਾਂ ਦੇ ਹਾਣ ਦੀਆਂ ਬਾਤਾਂ ਪਾਉਣ ਕਰਕੇ ਇਹ ਪੁਸਤਕ ਖ਼ਾਸਕਰ ਛੋਟੇ ਬੱਚਿਆਂ ਲਈ ਬੇਹੱਦ ਲਾਭਕਾਰੀ ਹੈ। ਇਨ੍ਹਾਂ ਬਾਲ ਕਹਾਣੀਆਂ ਨਾਲ ਢੁਕਵੀਆਂ ਤਸਵੀਰਾਂ ਇਸ ਪੁਸਤਕ ਨੂੰ ਹੋਰ ਖ਼ੂਬਸੂਰਤੀ ਪ੍ਰਦਾਨ ਕਰਦੀਆਂ ਹਨ।
-ਮਨਜੀਤ ਸਿੰਘ ਘੜੈਲੀ
ਮੋਬਾਈਲ : 98153-91625
ਦੋ ਫ਼ਾਟਕ
ਲੇਖਕ : ਪ੍ਰਿੰ. ਸੁਰਜੀਤ ਸਿੰਘ ਕੈਂਥ
ਪ੍ਰਕਾਸ਼ਕ : ਬੀ.ਆਰ.ਐੱਸ. ਪਬਲੀਕੇਸ਼ਨਜ਼, ਹੁਸ਼ਿਆਰਪੁਰ
ਮੁੱਲ : 300 ਰੁਪਏ, ਸਫ਼ੇ : 112
ਸੰਪਰਕ : 98142-22241

ਨਾਵਲ 'ਇਮਤਿਹਾਨ ਜਾਰੀ ਹੈ' ਤੋਂ ਬਾਅਦ 'ਦੋ ਫਾਟਕ' ਸੇਵਾਮੁਕਤ ਪ੍ਰਿੰਸੀਪਲ ਸੁਰਜੀਤ ਸਿੰਘ ਕੈਂਥ ਦੀ ਦੂਸਰੀ ਪੁਸਤਕ ਹੈ, ਜਿਸ ਵਿਚ ਵੱਖੋ-ਵੱਖਰੇ ਕਈ ਰੰਗਾਂ ਦੀਆਂ ਰਚਨਾਵਾਂ ਸ਼ਾਮਿਲ ਕੀਤੀਆਂ ਗਈਆਂ ਹਨ। ਇਨ੍ਹਾਂ ਰੰਗਾਂ ਵਿਚ ਕਹਾਣੀਆਂ, ਜੀਵਨ ਅਨੁਭਵ, ਪਿੰਡ ਦੀਆਂ ਯਾਦਾਂ, ਹੱਡ-ਬੀਤੀਆਂ ਤੇ ਉਨ੍ਹਾਂ ਦੇ ਪਰਿਵਾਰ ਦੀ ਬੰਸਾਵਲੀ ਸ਼ਾਮਿਲ ਹੈ।
ਕਹਾਣੀਆਂ ਵਾਲੇ ਭਾਗ ਵਿਚ ਕੁੱਲ ਤਿੰਨ ਕਹਾਣੀਆਂ ਹਨ। ਪਹਿਲੀ ਕਹਾਣੀ 'ਦੋ ਫਾਟਕ' ਜਿਸ 'ਤੇ ਇਸ ਪੁਸਤਕ ਦਾ ਨਾਮਕਰਨ ਕੀਤਾ ਗਿਆ ਹੈ। ਇਹ ਇਕ ਧੰਨੇ ਨਾਂਅ ਦੇ ਸ਼ਖ਼ਸ ਦੀ ਕਹਾਣੀ ਹੈ, ਜਿਸ ਦੀ ਜ਼ਿੰਦਗੀ ਕਾਲਜੀ ਮੁਹੱਬਤ ਤੋਂ ਸ਼ੁਰੂ ਹੋ ਕੇ ਕਈ ਵਿੰਗ ਵਲ ਖਾਂਦੀ ਹੋਈ ਆਖ਼ਰ ਨਿਰਾਸ਼ਤਾ ਤੇ ਬੇਬਸੀ 'ਚ ਜਾ ਮੁੱਕਦੀ ਹੈ। 'ਰਿਸ਼ਤਾ' ਕਹਾਣੀ ਭਾਰਤੀ ਫ਼ੌਜੀਆਂ ਵਲੋਂ ਪਾਕਿਸਤਾਨੀ ਬਜ਼ੁਰਗ ਅਤੇ ਬੱਚੇ ਪ੍ਰਤੀ ਦਰਸਾਏ ਚੰਗੇ ਵਿਹਾਰ ਦੀ ਕਹਾਣੀ ਹੈ, ਜੋ ਇਨਸਾਨੀਅਤ ਦੇ ਰਿਸ਼ਤੇ ਨੂੰ ਪਰਪੱਕ ਕਰਦੀ ਹੈ। 'ਦੋ ਪਲਾਂ ਦਾ ਸਾਥੀ' ਸਫ਼ਰ 'ਚ ਮਿਲੇ ਮਰਦ ਅਤੇ ਔਰਤ ਦੀ ਕਹਾਣੀ ਹੈ ਜੋ ਪਹਿਲੀ ਝਲਕ ਹੀ ਇਕ ਦੂਸਰੇ ਨੂੰ ਆਪਣੇ ਦਿਲ ਦੇ ਬਹਿੰਦੇ ਹਨ। ਇਨ੍ਹਾਂ ਕਹਾਣੀਆਂ 'ਚ ਮਨੁੱਖੀ ਸਾਂਝ, ਮੁਹੱਬਤ ਅਤੇ ਪ੍ਰੇਮ ਦੇ ਝਲਕਾਰੇ ਮਿਲਦੇ ਹਨ।
ਲੇਖਕ ਦੀ ਸਾਰੀ ਜ਼ਿੰਦਗੀ ਸਿੱਖਿਆ ਵਿਭਾਗ ਵਿਚ ਨੌਕਰੀ ਕਰਦਿਆਂ ਬੀਤੀਦੀ ਹੈ। ਉਹ ਉਨ੍ਹਾਂ ਸਾਰੇ ਸ਼ਖ਼ਸਾਂ ਪ੍ਰਤੀ ਆਭਾਰ ਪ੍ਰਗਟ ਕਰਦਾ ਹੈ, ਜੋ ਉਸ ਦੇ ਕਿਸੇ ਨਿੱਕੇ ਤੋਂ ਨਿੱਕੇ ਅਤੇ ਵੱਡੇ ਤੋਂ ਵੱਡੇ ਕੰਮ ਆਏ ਹਨ। ਇਨ੍ਹਾਂ ਸਮਿਆਂ ਵਿਚ ਲੇਖਕ ਆਪਣੇ ਪਿੰਡ ਅਤੇ ਆਲੇ-ਦੁਆਲੇ ਨਾਲ ਜੁੜੀਆਂ ਕਈ ਯਾਦਾਂ ਵੀ ਸਾਡੇ ਨਾਲ ਸਾਂਝੀਆਂ ਕਰਦਾ ਹੈ। 'ਹੱਡ ਬੀਤੀਆਂ' ਵਾਲੇ ਭਾਗ ਵਿਚ ਉਹ ਕਈ ਉਨ੍ਹਾਂ ਘਟਨਾਵਾਂ ਦਾ ਜ਼ਿਕਰ ਕਰਦਾ ਹੈ, ਜੋ ਹਾਸ-ਰਸ ਅਤੇ ਵਿਅੰਗ ਭਰਪੂਰ ਹਨ। ਇਸ 'ਚੋਂ ਉਸ ਦੀ ਸਵੈ-ਜੀਵਨੀ ਦੇ ਦ੍ਰਿਸ਼ਟਾਂਤ ਦ੍ਰਿਸ਼ਟੀਗੋਚਰ ਹੁੰਦੇ ਹਨ। 'ਕਰਾਮਾਤ ਲੱਛਮੀ ਦੇਵੀ ਦੀ' ਪ੍ਰਿੰਸੀਪਲ ਬੇਦੀ ਸਾਹਿਬ ਦੀ ਫੇਰੀ, 'ਚੜ੍ਹਦੇ ਨੂੰ ਸਲਾਮ' ਰਚਨਾਵਾਂ ਹਾਸ-ਵਿਅੰਗ ਦੇ ਸੁਹਣੇ ਨਮੂਨੇ ਪੇਸ਼ ਕਰਦੀਆਂ ਹਨ।
'ਬੰਸਾਵਲੀ' ਵਾਲੇ ਭਾਗ ਵਿਚ ਲੇਖਕ ਆਪਣੇ ਪਰਿਵਾਰ ਅਤੇ ਪੂਰਵਜਾਂ ਨੂੰ ਬਹੁਤ ਸਲੀਕੇ ਅਤੇ ਸ਼ਰਧਾ ਨਾਲ ਯਾਦ ਕਰਦਾ ਹੋਇਆ ਉਨ੍ਹਾਂ ਪ੍ਰਤੀ ਬਣਦਾ ਆਪਣਾ ਸਤਿਕਾਰ ਵੀ ਪ੍ਰਗਟ ਕਰਦਾ ਹੈ। ਪੁਸਤਕ ਪੜ੍ਹਨਯੋਗ ਹੈ। c c c
ਹਾਸਾ ਨਿਰ੍ਹਾ ਪਤਾਸਾ
ਲੇਖਕ : ਪ੍ਰਿਤਪਾਲ ਸਿੰਘ
ਪ੍ਰਕਾਸ਼ਕ : ਟਵੰਟੀ ਫਸਟ ਸੈਂਚੁਰੀ ਪਬਲੀਕੇਸ਼ਨਜ਼, ਪਟਿਆਲਾ
ਮੁੱਲ : 275 ਰੁਪਏ, ਸਫ਼ੇ : 216
ਸੰਪਰਕ : 98156-54530

ਪ੍ਰਿਤਪਾਲ ਸਿੰਘ ਪੰਜਾਬੀ ਹਾਸ-ਵਿਅੰਗ ਨੂੰ ਸਮਰਪਿਤ ਨਾਂਅ ਹੈ। ਉਹ ਹੁਣ ਤੱਕ ਪੰਜ ਸੰਗ੍ਰਹਿ 'ਆਓ ਹੱਸੀਏ', 'ਹੱਸਣਾ ਤੇ ਹਸਾਉਣਾ', 'ਦੱਬ ਕੇ ਹੱਸੋ', 'ਹੱਸੋ ਤੇ ਹਸਾਉ', 'ਕੁਤਕੁਤਾਰੀਆਂ' ਪੰਜਾਬੀ ਸਾਹਿਤ ਦੀ ਝੋਲੀ 'ਚ ਪਾ ਕੇ ਚੰਗਾ ਨਾਮਣਾ ਖੱਟ ਚੁੱਕਿਆ ਹੈ। ਅੱਜਕਲ੍ਹ ਦੇ ਖੁਸ਼ਕ ਅਤੇ ਘੁਟੇ-ਵੱਟੇ ਜ਼ਮਾਨੇ 'ਚ ਸਭ ਤੋਂ ਔਖਾ ਕਾਰਜ ਮਸ਼ੀਨ ਬਣੇ ਬੰਦੇ ਨੂੰ ਹਸਾਉਣ ਦਾ ਹੈ। ਹਸਾਉਣਾ ਸਮਝੋ, ਇਕ ਤਰ੍ਹਾਂ ਨਾਲ ਪੁੰਨ ਖੱਟਣ ਵਾਲਾ ਹੀ ਕਾਰਜ ਹੈ ਤੇ ਸਾਡਾ ਦਾਨਵੀਰ, ਹਾਸਵੀਰ ਇਹੋ ਕਾਰਜ ਬੜੇ ਉੱਦਮ ਨਾਲ ਕਰ ਰਿਹਾ ਹੈ।
ਹੁਣ ਪ੍ਰਿਤਪਾਲ ਸਿੰਘ ਛੇਵੀਂ ਚੁਟਕਲਾ ਪੁਸਤਕ ਲੈ ਕੇ ਇਕ ਵਾਰ ਫਿਰ ਦਮਗਜ਼ੇ ਮਾਰਦਾ ਹੋਇਆ ਹਾਸ-ਵਿਅੰਗ ਦੇ ਮੈਦਾਨ ਵਿਚ ਆ ਡਟਿਆ ਹੈ। ਉਹ ਆਪਣੇ ਹਾਸ-ਰਸੀ ਮਸਾਲੇ ਲਈ ਪਾਖੰਡੀ ਸਾਧਾਂ, ਨਕਲੀ ਕਥਾਵਾਚਕਾਂ, ਲੜਾਕੀਆਂ ਔਰਤਾਂ, ਮੂਰਖ ਮਨੁੱਖਾਂ ਅਤੇ ਲੇਖਕ ਭਾਈਚਾਰੇ ਦੀਆਂ ਵਿੰਞੀਆਂ ਟੇਢੀਆਂ ਹਰਕਤਾਂ ਨੂੰ ਲੈਂਦਾ ਹੈ। ਭਾਸ਼ਾ ਦੀ ਕਰਾਮਾਤ ਰਾਹੀਂ ਵੀ ਉਹ ਸਾਨੂੰ ਹਸਾਉਣ ਦਾ ਯਤਨ ਕਰਦਾ ਹੈ। ਉਹ ਆਪਣੇ ਇਸ ਕਾਰਜ ਲਈ ਕਈ ਢੰਗ ਤਰੀਕੇ ਤੇ ਨੁਸਖ਼ੇ ਵਰਤਦਾ ਹੈ। ਉਹਦੇ ਚੁਟਕਲਿਆਂ ਵਿਚ ਝੇਡਾਂ ਹਨ, ਮਸਖ਼ਰੀਆਂ ਹਨ, ਸਿੱਠਣੀਆਂ ਹਨ ਅਤੇ ਹਲਕੀਆਂ-ਫੁਲਕੀਆਂ ਗੱਲਾਂ-ਬਾਤਾਂ ਅਤੇ ਫਿਕਰ ਬਾਜ਼ੀ ਹੈ।
ਉਹ ਇਕ ਵਿਸ਼ੇਸ਼ ਵਿਧੀ ਵੀ ਵਰਤਦਾ ਹੈ ਜੋ ਸਭ ਤੋਂ ਵੱਧ ਕਾਰਗਰ ਸਿੱਧ ਹੋਈ ਹੈ। ਇਸ ਵਿਧੀ ਨੂੰ ਅੰਗਰੇਜ਼ੀ ਵਿਚ 'ਸਟਿੰਗ ਇਨ ਦ ਟੇਲ' ਵਿਧੀ ਆਖਦੇ ਹਨ। ਯਾਨਿ ਪੂਛਲ ਵਿਚ ਡੰਗ। ਜਿਵੇਂ ਅਠੂਹੇਂ ਦਾ ਡੰਗ ਉਸ ਦੀ ਪੂਛ ਵਿਚ ਹੁੰਦਾ ਹੈ, ਉਵੇਂ ਚੁਟਕਲੇ ਦਾ ਡੰਗ ਜਾਂ ਹਾਸਾ ਉਸ ਦੇ ਆਖਰੀ ਫ਼ਿਕਰੇ ਜਾਂ ਵਾਕ ਵਿਚ ਛੁਪਿਆ ਹੁੰਦਾ ਹੈ। ਉਹ ਚੁਟਕਲੇ ਦੀ ਉਸਾਰੀ ਕਰਦਾ-ਕਰਦਾ ਆਖ਼ਰ ਵਿਚ ਅਜਿਹਾ ਫਿਕਰਾ ਕਦਮ ਹੈ ਜੋ ਬੰਬ ਵਾਂਙ ਵਿਸਫ਼ੋਟ ਕਰਦਾ ਹੈ ਤੇ ਇਹੋ ਵਿਸਫ਼ੋਟ ਹਾਸੇ ਦੇ ਰੂਪ ਵਿਚ ਫੁੱਟਦਾ ਹੈ। ਇਹ ਵਿਧੀ ਸਭ ਤੋਂ ਵਧੀਆ ਭਾਸ਼ਾ ਉਪਜਾਉਣ ਲਈ ਬਹੁਤ ਲਾਭਕਾਰੀ ਸਿੱਧ ਹੁੰਦੀ ਹੈ।
ਪ੍ਰਿਤਪਾਲ ਸਿੰਘ ਨੂੰ ਮੈਂ ਹਾਰਦਿਕ ਤੇ ਦਿਲੋਂ ਸ਼ਾਬਾਸ਼ ਭੇਟ ਕਰਦਾ ਹਾਂ ਜੋ ਤਪੇ-ਖਪੇ ਤੇ ਨਿਰਾਸ਼ ਲੋਕਾਂ ਨੂੰ ਹਸਾਉਣ ਦੇ ਕਾਰਜ ਵਿਚ ਰੁੱਝਾ ਹੋਇਆ ਹੈ। ਇਸ ਪੁਸਤਕ ਨੂੰ ਪੜ੍ਹੋ ਤੇ ਆਪਣਾ ਬਲੱਡ ਪ੍ਰੈੱਸ਼ਰ ਘਟਾਓ।
-ਕੇ. ਐੱਲ. ਗਰਗ
ਮੋਬਾਈਲ : 94635-37050
ਫਿਰ ਬਿਜੜੇ ਦੂਰ ਉੱਡ ਗਏ
ਲੇਖਕ : ਗੁਰਚਰਨ ਨੂਰਪੁਰ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨ, ਸਮਾਣਾ
ਮੁੱਲ : 90 ਰੁਪਏ, ਸਫ਼ੇ : 16
ਸੰਪਰਕ : 98550 51099

ਹੱਥਲੀ ਪੁਸਤਕ 'ਫਿਰ ਬਿਜੜੇ ਦੂਰ ਉੱਡ ਗਏ' ਗੁਰਚਰਨ ਨੂਰਪੁਰ ਦੀ ਬਾਲ ਕਹਾਣੀਆਂ ਦੀ ਪੁਸਤਕ ਹੈ। ਇਸ ਵਿਚ ਚਾਰ ਬਾਲ ਕਹਾਣੀਆਂ ਹਨ ਪਹਿਲੀ ਹੈ 'ਫਿਰ ਬਿਜੜੇ ਉੱਡ ਗਏ' ਜਿਸ ਵਿਚ ਵਿਚ ਪੁਰਾਣੇ ਬਹੁਤ ਵਧੀਆ ਵਾਤਾਵਰਨ ਦੀ ਗੱਲ ਕੀਤੀ ਹੈ ਜਦੋਂ ਬਿਜੜੇ ਬਹੁਤ ਹੀ ਸੁੰਦਰ ਆਲ੍ਹਣੇ ਬਣਾ ਕੇ ਰਿਹਾ ਕਰਦੇ ਸਨ ਹੁਣ ਵਾਲੇ ਬਿਜੜੇ ਅਜੋਕੇ ਵਾਤਾਵਰਨ ਨੂੰ ਵੇਖ ਕੇ ਉਦਾਸ ਬੈਠੇ ਹਨ ਕੋਲ ਹੀ ਕਾਂ ਅਤੇ ਘੁੱਗੀ ਬੈਠੇ ਸਨ ਉਨ੍ਹਾਂ ਨੇ ਉਦਾਸੀ ਦਾ ਕਾਰਨ ਪੁੱਛਿਆ ਤਾਂ ਕਾਂ ਨੇ ਬਹੁਤ ਹੀ ਵਧੀਆ ਇਲਾਕੇ ਦੇ ਸੁੰਦਰ ਵਾਤਾਵਰਨ ਦੀ ਗੱਲ ਕੀਤੀ ਤਾਂ ਬਿਜੜੇ ਨਰ ਅਤੇ ਮਾਦਾ ਨੇ ਉਸ ਸਥਾਨ ਬਾਰੇ ਪਤਾ ਕੀਤਾ ਤਾਂ ਉਹ ਉਡਾਰੀ ਮਾਰ ਕੇ ਉਸ ਸੁੰਦਰ ਥਾਂ ਵੱਲ ਰਵਾਨਾ ਹੋ ਗਏ ਸਨ। ਅਜੋਕੇ ਵਾਤਾਵਰਨ ਬਾਰੇ ਬੱਚਿਆਂ ਨੂੰ ਸੁਚੇਤ ਕੀਤਾ ਹੈ। ਦੂਸਰੀ ਕਹਾਣੀ 'ਫਰਜ਼' ਵਿਚ ਦੋ ਰੁੱਖਾਂ ਦੀ ਗੱਲ ਬਾਤ ਕੀਤੀ ਹੈ ਪਾਪੂਲਰ ਪਤਝੜ ਵਿਚ ਕਿਵੇਂ ਰੁੰਡ-ਮੁਰੰਡ ਹੋ ਜਾਦਾਂ ਹੈ ਬੋਹੜ ਦਾ ਰੁੱਖ ਸਾਰਾ ਸਾਲ ਆਪਣਾ ਫਰਜ਼ ਸਮਝ ਕੇ ਲੋਕਾਈ ਨੂੰ ਠੰਢੀ ਮਿੱਠੀ ਛਾਂ ਦਿੰਦਾ ਹੈ ਲੋਕ ਗਰਮੀਆਂ ਵਿਚ ਠੰਢੀ ਛਾਂ ਦਾ ਆਨੰਦ ਮਾਣਦੇ ਹਨ ਮੀਂਹ ਕਣੀ ਵਿਚ ਉਸ ਦੇ ਹੇਠ ਵੀ ਆ ਖੜ੍ਹਦੇ ਹਨ ਬਾਲਾਂ ਨੂੰ ਆਪਣੇ ਫਰਜ਼ ਬਾਖੂਬੀ ਨਿਭਾਉਣ ਦੀ ਸਿੱਖਿਆ ਮਿਲਦੀ ਹੈ। ਤੀਜੀ ਕਹਾਣੀ 'ਅਸਲ ਖਜ਼ਾਨਾ' ਇਕ ਅੰਧਵਿਸ਼ਵਾਸੀ ਰਾਜਾ ਜੋਤਸ਼ੀ ਦੇ ਪਿੱਛੇ ਲੱਗ ਕੇ ਕਿਸੇ ਥਾਂ ਦੱਬੇ ਹੋਏ ਖਜ਼ਾਨੇ ਦੀ ਭਾਲ ਕਰਦਾ ਹੈ ਪਰ ਜਦੋਂ ਨਹੀਂ ਮਿਲਦਾ ਉਹ ਮਾਨਸਿਕ ਰੋਗੀ ਹੋ ਜਾਂਦਾ ਹੈ ਅਚਾਨਕ ਫਿਰ ਕੋਈ ਵਿਦਵਾਨ ਆਦਮੀ ਉਨ੍ਹਾਂ ਦੀ ਬਿਮਾਰੀ ਸੁਣ ਕੇ ਰਾਜੇ ਦੇ ਕੋਲ਼ ਪਹੁੰਚਦਾ ਹੈ ਅਤੇ ਰਾਜੇ ਨੂੰ ਅਸਲ ਖਜ਼ਾਨਾ ਜਨਤਾ ਅਤੇ ਜਨਤਾ ਦੀ ਸੇਵਾ ਬਾਰੇ ਸਮਝਾਉਂਦਾ ਹੈ ਰਾਜੇ ਦੀ ਨਾਂਹ ਪੱਖੀ ਸੋਚ ਨੂੰ ਹਾਂ ਪੱਖੀ ਸੋਚ ਵਿਚ ਬਦਲ ਦਿੰਦਾ ਹੈ। ਚੌਥੀ ਕਹਾਣੀ 'ਤੇ ਨਿਕਚੂ ਬਚ ਗਿਆ' ਵਿਚ ਕਾਂ ਟਟੀਰੀ ਦੇ ਬੱਚਿਆਂ ਨੂੰ ਚੁੱਕਣਾ ਅਤੇ ਖਾਣਾ ਚਾਹੁੰਦੇ ਹਨ ਪਰ ਟਟੀਰੀਆਂ ਆਪਣੀ ਅਕਲ ਅਤੇ ਦਲੇਰੀ ਨਾਲ ਬੱਚਿਆਂ ਨੂੰ ਬਚਾ ਲੈਂਦੀਆਂ ਹਨ ਬਾਲਾਂ ਨੂੰ ਚੰਗੀ ਸੋਚ ਅਤੇ ਦਲੇਰੀ ਦੀ ਸਿੱਖਿਆ ਮਿਲਦੀ ਹੈ। ਇਸ ਬਾਲ ਪੁਸਤਕ ਦੇ ਵੀ ਸਿਰਫ ਸੋਲਾਂ ਪੰਨੇ ਹਨ ਹੀ ਹਨ ਮੈਂ ਇਸ ਲੇਖਕ ਨੂੰ ਪਹਿਲਾਂ ਵੀ ਬੇਨਤੀ ਕਰ ਚੁੱਕਿਆਂ ਹਾਂ ਕਿ ਸੋਲਾਂ ਪੰਨੇ ਦੀ ਪੁਸਤਕ ਦੇ ਸਿਰਫ ਅੱਠ ਵਰਕੇ ਬਣਦੇ ਹਨ ਵਿਚ ਤਸਵੀਰਾਂ ਵੀ ਹਨ ਕਿਤਾਬ ਸਿਰਫ ਪੰਜ ਸੱਤ ਮਿੰਟ ਵਿਚ ਪੜ੍ਹੀ ਜਾਂਦੀ ਹੈ ਜਦੋਂ ਕਿ ਪਹਿਲੀ ਜਮਾਤ ਦੀ ਕਿਤਾਬ ਦੇ ਵੀ ਇਕ ਸੌ ਚਾਲੀ ਪੰਨੇ ਹਨ ਪਤਾ ਨਹੀਂ ਲੇਖਕ ਜਾਂ ਪ੍ਰਕਾਸ਼ਕ ਦੀ ਕੀ ਮਜਬੂਰੀ ਹੈ ਇਸ ਤਰ੍ਹਾਂ ਕਿਤਾਬਾਂ ਦੀ ਗਿਣਤੀ ਵਧਾਉਣ ਤੋਂ ਲੇਖਕ ਅਤੇ ਪ੍ਰਕਾਸ਼ਿਕ ਨੂੰ ਪ੍ਰਹੇਜ਼ ਕਰਨਾ ਚਾਹੀਦਾ ਹੈ। ਪਹਿਲੇ ਪੰਨੇ ਤੇ ਸਾਹਿਤਕਾਰ ਦੀਆਂ ਪਹਿਲਾਂ ਛਪੀਆਂ ਕਿਤਾਬਾਂ ਦੀ ਲਿਸਟ ਹੁੰਦੀ ਹੈ ਉਹ ਵੀ ਨਹੀਂ ਹੈ ਸਮਰਪਿਤ ਵਾਲਾ ਪੰਨਾ ਵੀ ਨਹੀਂ ਹੈ। ਕਹਾਣੀਆਂ ਖੂਬਸੂਰਤ ਹਨ ਕਿੰਨਾ ਚੰਗਾ ਹੁੰਦਾ ਕੁੱਝ ਹੋਰ ਕਹਾਣੀਆਂ ਹੁੰਦੀਆਂ ਘੱਟੋ-ਘੱਟ ਬੱਤੀ ਪੰਨੇ ਦੀ ਕਿਤਾਬ ਤਾਂ ਹੁੰਦੀ ਪਰ ਫੇਰ ਵੀ ਮੈਂ ਲੇਖਕ ਦਾ ਪੰਜਾਬੀ ਮਾਂ ਬੋਲੀ ਦੀ ਝੋਲੀ ਨਵੀਂ ਪੁਸਤਕ ਪਾਉਣ 'ਤੇ ਸਵਾਗਤ ਕਰਦਾ ਹਾਂ।
-ਅਮਰੀਕ ਸਿੰਘ ਤਲਵੰਡੀ ਕਲਾਂ
ਮੋਬਾਈਲ : 94635-42896
ਮੇਰੀਆਂ ਚੋਣਵੀਆਂ ਬੋਲੀਆਂ
ਲੇਖਕ : ਰਘਬੀਰ ਸਿੰਘ ਗਿੱਲ ਕੱਟੂ
ਪ੍ਰਕਾਸ਼ਕ : ਕੈਲੀਬਰ ਪਬਲੀਕੇਸ਼ਨ, ਪਟਿਆਲਾ
ਮੁੱਲ : 250 ਰੁਪਏ, ਸਫ਼ੇ : 120
ਸੰਪਰਕ : 88470-87593

ਸ਼ਾਇਰ ਰਘਬੀਰ ਸਿੰਘ ਗਿੱਲ ਕੱਟੂ ਨੇ 'ਬਰਨਾਲਾ ਸਕੂਲ ਆਫ਼ ਪੋਇਟਰੀ' ਵਜੋਂ ਜਾਣੇ ਜਾਂਦੇ ਸਾਹਿਤ ਦੀ ਰਾਜਧਾਨੀ ਬਰਨਾਲਾ ਵਿਖੇ ਅਧਿਆਪਨ ਕਿੱਤੇ ਦੀ ਸੇਵਾਮੁਕਤੀ ਤੋਂ ਬਾਅਦ ਆਪਣੇ ਜੱਦੀ ਪਿੰਡ ਕੱਟੂ ਤੋਂ ਆ ਕੇ ਬਰਨਾਲਾ ਸ਼ਹਿਰ ਵਿਖੇ ਪੱਕਾ ਰੈਣ ਬਸੇਰਾ ਬਣਾ ਲਿਆ ਹੈ। ਹਥਲੇ ਬੋਲੀਆਂ ਦੇ ਤਿੰਨ ਸੰਗ੍ਰਹਿਆਂ 'ਮਤਾਬੀ', 'ਬੋਲ ਕਿਸਾਨੀ ਦੇ' ਅਤੇ 'ਕੱਟੂ ਵਾਲਾ ਪਾਵੇ ਬੋਲੀਆਂ' ਤੋਂ ਬਾਅਦ ਇਨ੍ਹਾਂ ਤਿੰਨਾਂ ਬੋਲੀਆਂ ਦੇ ਸੰਗ੍ਰਹਿਆਂ ਵਿਚ ਚੋਣਵੀਆਂ ਬੋਲੀਆਂ ਚੁਣ ਕੇ ਇਸ ਚੌਥੇ ਬੋਲੀਆਂ ਦੇ ਸੰਗ੍ਰਹਿ 'ਮੇਰੀਆਂ ਚੋਣਵੀਆਂ ਬੋਲੀਆਂ' ਰਾਹੀਂ ਸ਼ਾਇਰੀ ਦੀ ਇਸ ਵਿਲੱਖਣ ਸਿਨਫ਼ ਬੋਲੀਆਂ ਰਾਹੀਂ ਬੋਲੀਆਂ ਦੇ ਪਿੜ ਵਿਚ ਧਮਕ ਪਾ ਰਿਹਾ ਹੈ। ਜਿਵੇਂ ਪ੍ਰੋ. ਮੋਹਣ ਸਿੰਘ ਨੇ ਆਪਣੀ ਪਤਨੀ ਬਸੰਤ ਦੇ ਮੂੰਹੋਂ ਅਖਵਾਇਆ ਸੀ 'ਮੋਹਨ ਕਿੰਝ ਤੂੰ ਬਣਦਾ ਸ਼ਾਇਰ ਜੇਕਰ ਮੈਂ ਨਾ ਮਰਦੀ' ਵਾਂਗ ਆਪਣੀ ਪਤਨੀ ਹਰਿੰਦਰ ਕੌਰ ਅਤੇ ਵਿਦਵਾਨ ਧੀ ਹਿਤਪ੍ਰੀਤ ਕੌਰ ਪੀ.ਐੱਚ.ਡੀ. ਦੀ ਮੌਤ ਤੋਂ ਬਾਅਦ ਇਕਲਾਪੇ ਅਤੇ ਉਦਾਸੀ ਦੇ ਆਲਮ ਵਿਚੋਂ ਨਿਕਲਣ ਲਈ ਸ਼ਬਦ ਦੀ ਠਾਹਰ ਭਾਲੀ। ਇਹ ਇਕ ਇਤਫ਼ਾਕ ਹੀ ਸੀ ਕਿ ਕੱਟੂ ਸਾਹਿਬ ਦਾ ਸੀਰੀ ਭਗਤੂ ਜੋ ਸ਼ਾਹੀ ਅਨਪੜ੍ਹ ਸੀ ਤੇ ਮੌਕੇ 'ਤੇ ਹੀ ਹਾਲਤ ਮੁਤਾਬਿਕ ਬੋਲੀਆਂ ਜੋੜ ਕੇ ਵਜਦ ਵਿਚ ਆਇਆ ਬੋਲੀਆਂ ਪਾਉਣ ਲੱਗ ਜਾਂਦਾ ਸੀ ਤੇ ਸਾਡਾ ਇਹ ਸ਼ਬਦ ਸਾਧਕ ਆਪਣੇ ਸੀਰੀ ਦੀ ਇਸ ਕਲਾ ਤੋਂ ਬਹੁਤ ਪ੍ਰਭਾਵਿਤ ਹੋਇਆ ਤੇ ਇਸੇ ਪ੍ਰਭਾਵ ਅਧੀਨ ਖ਼ੁਦ ਵੀ ਬੋਲੀਆਂ ਜੋੜਨ ਲੱਗ ਪਿਆ। ਬੋਲੀਆਂ ਛਪਾਰ ਦੇ ਮੇਲੇ 'ਤੇ ਵੀ ਸੁਣੀਆਂ ਜਾ ਸਕਦੀਆਂ ਹਨ ਪਰ ਇਹ ਬੋਲੀਆਂ ਕੁਝ ਜ਼ਿਆਦਾ ਹੀ 'ਚੱਕਵੇਂ ਸੁਰ' ਵਾਲੀਆਂ ਹੁੰਦੀਆਂ ਹਨ। ਸੰਗਰੂਰ ਜ਼ਿਲ੍ਹੇ ਦੇ ਕੁਝ ਪਿੰਡਾਂ ਵਿਚ ਹੁਣ ਵੀ ਵਿਆਹਾਂ ਸ਼ਾਦੀਆਂ ਵਿਚ ਗੱਭਰੂ ਬੋਲੀਆਂ ਪਾਉਂਦੇ ਸੁਣੇ ਦੇਖੇ ਜਾ ਸਕਦੇ ਹਨ। ਅੱਜਕਲ੍ਹ ਇਨ੍ਹਾਂ ਬੋਲੀਆਂ ਪਾਉਣ ਵਾਲਿਆਂ ਨੇ ਇਸ ਨੂੰ ਕਿੱਤੇ ਵਜੋਂ ਵੀ ਅਪਣਾ ਲਿਆ ਹੈ ਤੇ ਰਿਕਾਰਡਿਡ ਡੀ.ਜੇ. 'ਤੇ ਬੋਲੀਆਂ ਪਾਈਆਂ ਜਾਂਦੀਆਂ ਹਨ ਪਰ ਜੋ ਸਰੂਰ ਗੱਭਰੂਆਂ ਦੀ ਟੋਲੀ ਆਪ ਮੁਹਾਰੇ ਬੋਲੀਆਂ ਪਾਉਂਦੀ ਹੈ, ਉਹ ਰਿਕਾਰਡਿਡ ਬੋਲੀਆਂ 'ਤੇ ਨਹੀਂ ਆਉਂਦਾ। ਸਾਡਾ ਇਹ ਸ਼ਾਇਰ ਅਖਿਆਤਮੀ ਰੰਗੀਨ ਵਾਲਾ ਹੈ, ਤੇ ਇਸ ਸੰਗ੍ਰਹਿ ਵਿਚ ਇਸ ਰੰਗ ਦੀਆਂ ਬੋਲੀਆਂ ਤੋਂ ਇਲਾਵਾ ਵਿਭਿੰਨ ਸਰੋਕਾਰਾਂ ਵਾਲੀਆਂ 211 ਬੋਲੀਆਂ ਸ਼ਾਮਿਲ ਹਨ। ਸ਼ਾਇਰ ਮਾਂ ਬੋਲੀ ਪੰਜਾਬੀ ਨੂੰ ਜਨੂੰਨ ਦੀ ਹੱਦ ਤੱਕ ਪਿਆਰ ਕਰਦਾ ਹੈ ਤੇ ਦੁੱਖ ਪ੍ਰਗਟ ਕਰਦਾ ਹੈ ਕਿ ਵਿਦੇਸ਼ੀ ਚਕਾਚੌਂਧ ਕਾਰਨ ਤਾਇਆ, ਚਾਚਾ, ਮਾਮਾ-ਮਾਮੀ, ਮਾਸੜ-ਮਾਸੀ ਜਿਹੇ ਰਿਸ਼ਤਿਆਂ ਨੂੰ ਅੰਕਲ ਆਂਟੀ ਨਾਲ ਹੀ ਸਾਰ ਲੈਂਦੇ ਹਨ। ਸ਼ਾਇਰ ਕਟਾਕਸ਼ੀ ਅੰਦਾਜ਼ ਵਿਚ ਵਿਦੇਸ਼ਾਂ ਦੀ ਧਰਤੀ 'ਤੇ ਡਾਲਰਾਂ ਪੌਂਡਾਂ ਦੀ ਭਰਵੀਂ ਝਾਕ ਲੈ ਕੇ ਜਹਾਜ਼ਾਂ 'ਤੇ ਚੜ੍ਹ ਜਾਂਦੇ ਹਨ ਪਰ ਪਿੱਛੋਂ ਜੋ ਮਾਤਾ ਪਿਤਾ ਦੀ ਬੁਢੇਪੇ ਵਿਚ ਦੁਰਗਤ ਹੁੰਦੀ ਹੈ, ਉਸ ਤੋਂ ਵਿਦੇਸ਼ੀਂ ਬੈਠੇ ਲਾਡਲੇ, ਅਣਭਿਜ ਹੋ ਜਾਂਦੇ ਹਨ। ਸ਼ਾਇਰ ਦੀ ਇਸ ਬੋਲੀ ਦਾ ਰੰਗ ਦੇਖੋ-'ਸੈਂਟਰ ਖੁੱਲ੍ਹ ਗਏ ਆਈਲੈਟਾਂ ਦੇ, ਵਧਦੀ ਨਿਤ ਹੈਰਾਨੀ, ਮਨਮਾਨੀ ਦੀਆਂ ਫੀਸਾਂ ਲੈਂਦੇ, ਕਰਦੇ ਨੇ ਮਨਮਾਨੀ, ਜਿੰਨੇ ਮੰਗਣ ਦੇਈ ਜਾਂਦੇ, ਛੱਡ ਗਏ ਆਨਾ ਕਾਨੀ, ਗਿਣੇ ਜਾਣ ਲਾ ਜਾਂਦੇ ਬਾਹਰ, ਕਰਕੇ ਧਰਤ ਬਿਗਾਨੀ, ਦੀਵਾ ਲਾ ਕੇ ਵੀ ਲੱਭਦੀ ਨਹੀਂ ਜਵਾਨੀ। ਜੇਕਰ ਕਾਲਜਾਂ ਦੇ ਯੁਵਕ ਮੇਲਿਆਂ ਵਿਚ ਇਸ ਸ਼ਾਇਰ ਦੀਆਂ ਸਾਫ਼ ਸੁਥਰੀਆਂ ਤੇ ਕਟਾਕਸ਼ੀ ਬੋਲੀਆਂ ਪਾਈਆਂ ਜਾਣ ਤਾਂ ਸੋਨੇ 'ਤੇ ਸੁਹਾਗੇ ਵਾਲੀ ਗੱਲ ਬਣ ਜਾਏਗੀ।
-ਭਗਵਾਨ ਢਿੱਲੋਂ
ਮੋਬਾਈਲ : 98143-78254
ਪੰਜਾਬੀ ਰਹਿਤਲ
ਲੇਖਿਕਾ : ਤੇਜਿੰਦਰਪਾਲ ਕੌਰ ਮਾਨ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 300 ਰੁਪਏ, ਸਫ਼ੇ : 156
ਸੰਪਰਕ : 98786-77562

'ਪੰਜਾਬੀ ਰਹਿਤਲ' ਲੇਖਿਕਾ ਤੇਜਿੰਦਰਪਾਲ ਕੌਰ ਦੀ ਪਲੇਠੀ ਵਾਰਤਕ ਪੁਸਤਕ ਹੈ, ਜੋ ਪੰਜਾਬ ਦੇ ਸੱਭਿਆਚਾਰ ਨਾਲ ਸੰਬੰਧਿਤ ਹੈ। ਪੇਂਡੂ ਸੱਭਿਆਚਾਰ ਬਾਰੇ ਗਿਆਨੀ ਗੁਰਦਿੱਤ ਸਿੰਘ ਦੀ ਕਲਾਸੀਕਲ ਰਚਨਾ 'ਮੇਰਾ ਪਿੰਡ' ਯਾਦ ਆਉਣੀ ਸੁਭਾਵਿਕ ਹੈ। ਹੋਰ ਵੀ ਬਹੁਤ ਸਾਰੀਆਂ ਪੁਸਤਕਾਂ ਲੋਕ-ਸਾਹਿਤ, ਲੋਕ-ਗੀਤਾਂ, ਰੀਤੀ-ਰਿਵਾਜਾਂ ਅਤੇ ਸੱਭਿਆਚਾਰ ਬਾਰੇ ਪੜ੍ਹਨ ਨੂੰ ਮਿਲਦੀਆਂ ਹਨ। ਪੰਜਾਬ ਦੇ ਵੱਖ-ਵੱਖ ਖੇਤਰਾਂ ਦੀ ਜੀਵਨ-ਸ਼ੈਲੀ ਬਾਰੇ ਜਾਣਕਾਰੀ ਮਿਲਦੀ ਹੈ। ਆਪਣੇ ਵਿਰਸੇ ਤੇ ਵਿਰਾਸਤ ਦੀਆਂ ਜੜ੍ਹਾਂ ਬਾਰੇ ਜਾਣਕਾਰੀ ਦੇਣ ਵਾਲੀ 'ਪੰਜਾਬੀ ਰਹਿਤਲ' ਪੁਸਤਕ ਬੜੀ ਮਿਹਨਤ ਨਾਲ ਸੁੱਚੀ-ਭਾਵਨਾ ਵਾਲੀ ਪੁਸਤਕ ਹੈ। ਅੱਖੀਂ ਡਿੱਠੀ, ਹੱਡੀਂ ਹੰਢਾਈ ਅਤੇ ਕੰਨੀ ਸੁਣੀ ਜਾਣਕਾਰੀ ਦਾ ਪ੍ਰਭਾਵ ਗਹਿਰਾ ਹੁੰਦਾ। ਇਸ ਸੱਚ ਨੂੰ ਲੇਖਿਕਾ ਨੇ ਹਲਫ਼ੀਆ ਬਿਆਨ ਕਰ ਵਿਖਾਇਆ। ਪੁਸਤਕ ਦੀ ਵਾਰਤਕ ਢੁਕਵੀਂ, ਸੰਜਮੀ ਤੇ ਵਿਸ਼ੇ (ਰਸਮ) ਨਾਲ ਸੰਬੰਧਿਤ ਕਾਵਿ-ਟੁਕੜੀਆਂ ਰਾਹੀਂ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਹੈ। ਹਰ ਰਸਮ ਬਾਰੇ ਅਤੀਤ ਅਤੇ ਵਰਤਮਾਨ ਨਾਲ ਜੋੜ ਕੇ ਸਪੱਸ਼ਟ ਕੀਤਾ ਗਿਆ ਹੈ। ਇੰਝ ਇਹ ਪੁਸਤਕ ਜਿਥੇ ਰਸਮਾਂ ਦੇ ਪਿਛੋਕੜ 'ਤੇ ਝਾਤ ਪੁਆਉਂਦੀ ਹੈ, ਉਥੇ ਅੱਜ ਦੇ ਯੁੱਗ ਵਿਚ ਬਦਲ ਰਹੀਆਂ ਪ੍ਰਸਥਿਤੀਆਂ ਅਤੇ ਵਿਗਿਆਨਕ ਸੋਚ ਦੇ ਪ੍ਰਭਾਵਾਂ ਦਾ ਜ਼ਿਕਰ ਵੀ ਕਰਦੀ ਹੈ। ਇਹ ਦ੍ਰਿਸ਼ਟੀ ਲੇਖਿਕਾ ਦੀ ਵਿਸ਼ਾਲ ਜਾਣਕਾਰੀ ਦਾ ਸਬੂਤ ਹੈ। ਪਹਿਲੇ ਭਾਗ ਵਿਚ ਬੱਚੇ ਦੇ ਜਨਮ ਨਾਲ ਸੰਬੰਧਿਤ ਰਸਮਾਂ ਰਿਵਾਜਾਂ ਨਾਲ ਸੰਬੰਧਿਤ 21 ਰਸਮਾਂ ਦਾ ਜ਼ਿਕਰ ਜੋ ਬੋਹੀਆ ਭੇਜਣਾ ਤੋਂ ਪ੍ਰਾਰੰਭ ਕਰਕੇ ਬੱਚੇ ਦਾ ਪਹਿਲਾ ਖਿਡੌਣਾ ਤੱਕ ਜਾਣਕਾਰੀ ਭਰਪੂਰ ਵਰਣਨ ਹੈ। ਦੂਜੇ ਭਾਗ ਵਿਚ ਵਿਆਹ ਦੀਆਂ 88 ਰਸਮਾਂ ਹਨ, ਜੋ ਵਿਆਹ ਤੋਂ ਪ੍ਰਾਰੰਭ ਕਰਕੇ ਤਰੌਜਾ ਤੱਕ ਬਿਆਨ ਕੀਤੀਆਂ ਗਈਆਂ ਹਨ। ਤੀਜੇ ਭਾਵ ਅੰਤਿਮ ਹਿੱਸੇ ਵਿਚ ਮੌਤ ਨਾਲ ਸੰਬੰਧਿਤ 37 ਰਸਮਾਂ ਦਾ ਜ਼ਿਕਰ ਕੀਤਾ ਗਿਆ, ਜੋ ਜਿਊਣਾ ਝੂਠ ਤੇ ਮਰਨਾ ਸੱਚ ਤੋਂ ਲੈ ਕੇ ਅਨੰਦ ਸਾਹਿਬ ਦੀ ਪ੍ਰਕਿਰਿਆ ਤੱਕ ਬਿਆਨ ਕੀਤੀਆਂ ਗਈਆਂ ਹਨ। ਲੇਖਿਕਾ ਨੇ ਹਰ ਰਸਮ ਬਾਰੇ ਸਟੀਕ ਜਾਣਕਾਰੀ ਦਿੱਤੀ ਹੈ। ਇਨ੍ਹਾਂ ਰਸਮਾਂ ਪਿੱਛੇ ਸਾਡੇ ਬਜ਼ੁਰਗਾਂ ਦੀ ਸਿਆਣਪ, ਸਦਭਾਵਨਾ ਤੇ ਆਪਸੀ ਮਿਲਵਰਤਣ ਦੀ ਅਕਾਂਖਿਆ ਓਤ-ਪੋਤ ਹੈ। ਅੱਜ ਦੇ ਸਮਿਆਂ ਵਿਚ ਬਹੁਤ ਸਾਰੀਆਂ ਰਸਮਾਂ ਅਲੋਪ ਹੋ ਗਈਆਂ ਹਨ। ਇਹ ਪੁਸਤਕ ਸਾਨੂੰ ਆਪਣੇ ਵਿਰਸੇ ਦੀਆਂ ਜੜ੍ਹਾਂ ਦੀ ਯਾਦ ਤਾਜ਼ਾ ਕਰਾਉਂਦੀ ਹੈ, ਪੰਜਾਬੀ ਰਹਿਤਲ ਨੂੰ ਜਿਊਂਦਾ ਰੱਖਣ ਦਾ ਸੰਦੇਸ਼ ਵੀ ਦਿੰਦੀ ਹੈ। ਖੋਜਾਰਥੀਆਂ ਲਈ ਇਹ ਪੁਸਤਕ ਕੰਮ ਆਉਣ ਵਾਲੀ ਹੈ। ਪੰਜਾਬੀ ਰਸਮਾਂ 126 ਅੰਕਿਤ ਕਰਨੀਆਂ ਇਕ ਕੋਸ਼ਕਾਰੀ ਸੰਗ੍ਰਹਿ ਕਰਨ ਵਰਗਾ ਉੱਦਮ ਹੈ। ਇਸ ਸੁਚੱਜੀ ਕਿਰਤ ਲਈ ਲੇਖਿਕਾ ਨੂੰ ਮੁਬਾਰਕ।
ਮਿੱਟੀ ਤੋਂ ਮਿੱਟੀ ਤੱਕ
ਲੇਖਕ : ਸੁਭਾਸ਼ ਦੀਵਾਨਾ
ਪ੍ਰਕਾਸ਼ਕ : ਲੇਖਕ ਖ਼ੁਦ
ਮੁੱਲ : 200 ਰੁਪਏ, ਸਫ਼ੇ : 80
ਸੰਪਰਕ : 98888-29666

ਪੰਜਾਬੀ ਵਿਚ ਗ਼ਜ਼ਲ ਦੀ ਸਥਾਪਤੀ ਪਿੱਛੇ ਪੰਜਾਬੀ ਗ਼ਜ਼ਲਕਾਰਾਂ ਦੀ ਲੰਮੀ ਘਾਲਣਾ ਦਾ ਹੱਥ ਹੈ। ਸੁਭਾਸ਼ ਦੀਵਾਨਾ ਵਰਗੇ ਕਲਮਕਾਰਾਂ ਦਾ ਜੁੜਨਾ ਤੇ ਨਿਰੰਤਰਤਾ ਨਾਲ ਗ਼ਜ਼ਲ ਦੀ ਸਿਰਜਣਾ ਕਰਨਾ ਵੀ ਏਸ ਦੀ ਸਫ਼ਲਤਾ ਦਾ ਭੇਦ ਰਿਹਾ ਹੈ। 'ਮਿੱਟੀ ਤੋਂ ਮਿੱਟੀ ਤੱਕ' ਗ਼ਜ਼ਲ ਸੰਗ੍ਰਹਿ ਤੋਂ ਪਹਿਲਾਂ ਉਸ ਦੇ ਇਕ ਦਰਜਨ ਕਾਵਿ ਸੰਗ੍ਰਹਿ ਛਪ ਚੁੱਕੇ ਹਨ। ਇਸ ਪੁਸਤਕ ਵਿਚ ਉਸ ਦੀਆਂ 78 ਗ਼ਜ਼ਲਾਂ ਛਪੀਆਂ ਹੋਈਆਂ ਮਿਲਦੀਆਂ ਹਨ। ਇਨ੍ਹਾਂ ਤਮਾਮ ਗ਼ਜ਼ਲਾਂ ਵਿਚ ਬੌਧਿਕਤਾ ਦੇ ਨਾਂਅ 'ਤੇ ਅੜਾਉਣੀਆਂ ਨਹੀਂ ਹਨ ਬਲਕਿ ਸੁਭਾਸ਼ ਦੀਵਾਨਾ ਦਾ ਸਿੱਧੀ ਤੇ ਸਾਦੀ ਗ਼ਜ਼ਲਕਾਰੀ ਵਿਚ ਵਿਸ਼ਵਾਸ ਹੈ। ਇਨ੍ਹਾਂ ਗ਼ਜ਼ਲਾਂ ਵਿਚ ਆਰਥਿਕ ਅਸਾਵੇਂਪਨ, ਸਵਾਰਥੀ ਸਿਆਸਤ, ਸਮਾਜਿਕ ਵਿਤਕਰੇ, ਮਨੁੱਖ ਦੀਆਂ ਵਾਤਾਵਰਨੀ ਉਕਾਈਆਂ ਤੇ ਕੌਮੀ ਮਸਲਿਆਂ ਬਾਰੇ ਗੂੜ੍ਹੇ ਕਿੰਤੂ ਦੇਖਣ ਨੂੰ ਮਿਲਦੇ ਹਨ। ਆਪਣੀ ਪਹਿਲੀ ਗ਼ਜ਼ਲ ਵਿਚ ਗ਼ਜ਼ਲਕਾਰ ਆਪਣੇ ਹੀ ਰੂ-ਬਰੂ ਹੋ ਕੇ ਆਪਣੀ ਸ਼ਖ਼ਸੀਅਤ ਦਾ ਵਿਸ਼ਲੇਸ਼ਣ ਕਰਦਾ ਹੈ ਤੇ ਆਪਣੇ ਆਪ ਦੀ ਹੀ ਆਲੋਚਨਾ ਕਰਦਾ ਹੈ। ਦੂਸਰੀ ਗ਼ਜ਼ਲ ਵਿਚ ਉਹ ਰਾਜਸੱਤਾ ਦੀ ਅਸਲੀਅਤ ਨੂੰ ਪੇਸ਼ ਕਰਦਾ ਹੈ ਤੇ ਆਖਦਾ ਹੈ ਕਿ ਇਸ ਦਾ ਕੋਈ ਵੀ ਦੀਨ ਈਮਾਨ ਨਹੀਂ ਹੈ। ਅਗਲੇ ਪੰਨਿਆਂ ਵਿਚ ਉਸ ਨੂੰ ਹਰ ਚੀਜ਼ 'ਚੋਂ ਇਲਾਹੀ ਨੂਰ ਮਹਿਸੂਸ ਕਰਦਾ ਹੈ ਤੇ ਉਹ ਜ਼ਿੰਦਗੀ, ਮੌਤ ਵਿਚ ਚੱਲ ਰਹੀ ਕਿਸ਼ਤੀ ਨੂੰ ਗਹੁ ਨਾਲ਼ ਵਾਚਦਾ ਹੈ। ਉਸ ਮੁਤਾਬਕ ਜ਼ਿੰਦਗੀ ਦਾ ਕਾਫ਼ਿਲਾ ਜੁੱਗਾਂ ਤੋਂ ਚਲਦਾ ਆ ਰਿਹਾ ਹੈ ਤੇ ਇਸ ਵਿਚ ਨਵੇਂ ਲੋਕ ਜਾਂਦੇ ਤੇ ਰਲ਼ਦੇ ਰਹਿੰਦੇ ਹਨ। ਉਸ ਅਨੁਸਾਰ ਵਕਤ ਬੜਾ ਬਲਵਾਨ ਹੈ, ਮਨੁੱਖ ਦੀ ਔਕਾਤ ਇਸ ਨੂੰ ਰੋਕ ਨਹੀਂ ਸਕਦੀ ਤੇ ਇਹ ਆਪਣੇ ਆਪ ਰਸਤੇ ਬਣਾਉਂਦਾ ਹੈ। 'ਜੀਣਾ ਹੈ ਤਾਂ' ਵਿਚ ਉਹ ਦਿਲ ਨੂੰ ਭਰਮਾਈ ਰੱਖਣ ਵਿਚ ਹੀ ਭਲਾਈ ਸਮਝਦਾ ਹੈ, ਕੋਈ ਆਸ ਜ਼ਿੰਦਗੀ ਨੂੰ ਅੱਗੇ ਤੋਰਨ ਦਾ ਸਬੱਬ ਬਣ ਸਕਦੀ ਹੈ। ਉਸ ਨੂੰ ਮੁਖ਼ਬਰੀ ਕਰ ਰਹੇ ਆਪਣੇ ਚਿਹਰੇ ਦਾ ਮਲਾਲ ਹੈ ਤੇ ਉਹ ਸਮਝਦਾ ਹੈ ਕਿ ਇਸ ਕਾਰਨ ਮੇਰੇ ਸਾਰੇ ਭੇਦ ਦੁਨੀਆਂ ਤਕ ਅੱਪੜ ਰਹੇ ਹਨ। ਇੰਝ ਸੁਭਾਸ਼ ਦੀਵਾਨਾ ਦੀ ਗ਼ਜ਼ਲ ਦੇ ਵਿਸ਼ੇ ਸੀਮਤ ਨਾ ਹੋ ਕੇ ਇਕ ਵੱਡੇ ਦਾਇਰੇ ਤਕ ਫੈਲੇ ਹੋਏ ਹਨ। 'ਮਿੱਟੀ ਤੋਂ ਮਿੱਟੀ ਤੱਕ' ਗ਼ਜ਼ਲ ਸੰਗ੍ਰਹਿ ਸੁਭਾਸ਼ ਦੀਵਾਨਾ ਦੀ ਗ਼ਜ਼ਲਕਾਰੀ ਨੂੰ ਹੋਰ ਅੱਗੇ ਤੋਰਦਾ ਤੇ ਇਸ ਵਿਚ ਉਸ ਦੀ ਉਮਰ ਦਾ ਤਜਰਬਾ ਵੀ ਸ਼ਾਮਿਲ ਹੈ।
-ਗੁਰਦਿਆਲ ਰੌਸ਼ਨ
ਮੋਬਾਈਲ : 99884-44002
ਸ਼ਾਇਰਾਂ ਦੀ ਦੁਨੀਆ-1
ਲੇਖਕ : ਜਗਦੀਸ਼ ਰਾਣਾ
ਪ੍ਰਕਾਸ਼ਕ : ਸਪਤਰਿਸ਼ੀ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 550 ਰੁਪਏ, ਸਫ਼ੇ : 324
ਸੰਪਰਕ : 79862-07849o

ਸ੍ਰੀ ਜਗਦੀਸ਼ ਰਾਣਾ (ਜਨਮ 1973, ਪਿੰਡ ਸੋਫ਼ੀ, ਜ਼ਿਲ੍ਹਾ ਜਲੰਧਰ), ਮਾਲਵਾ ਖੇਤਰ ਦੇ ਇਕ ਫ਼ੌਜੀ ਪਰਿਵਾਰ ਵਿਚ ਪੈਦਾ ਹੋਇਆ। ਘਰੋਗੀ ਪਰਿਸਥਿਤੀਆਂ ਪ੍ਰਤੀਕੂਲ ਹੋਣ ਦੇ ਕਾਰਨ ਉਹ ਨਿਰਵਿਘਨ ਵਿੱਦਿਆ ਤਾਂ ਪ੍ਰਾਪਤ ਨਾ ਕਰ ਸਕਿਆ ਪਰ ਫਿਰ ਵੀ ਆਪਣੀ ਹਿੰਮਤ ਅਤੇ ਲਗਨ ਦੁਆਰਾ ਪਾਲੀਟੈਕਨਿਕ ਵਿਚੋਂ ਇਕ ਡਿਪਲੋਮਾ ਜ਼ਰੂਰ ਪ੍ਰਾਪਤ ਕਰ ਲਿਆ। ਕੰਪਿਊਟਰ ਬਾਰੇ ਬੇਸਿਕ ਜਾਣਕਾਰੀ ਹੋਣ ਕਾਰਨ ਉਹ ਪੰਜਾਬੀ ਦੇ ਕਈ ਮਕਬੂਲ ਗਾਇਕਾਂ ਨਾਲ ਸੈਕਟਰੀ ਵਜੋਂ ਵੀ ਕੰਮ ਕਰਦਾ ਰਿਹਾ। ਸੰਵੇਦਨਸ਼ੀਲ ਹੋਣ ਕਾਰਨ ਉਹ ਕਾਵਿ-ਅਭਿਵਿਅਕਤੀ ਦੇ ਲੜ ਚੜ੍ਹਦੀ ਜਵਾਨੀ ਵਿਚ ਹੀ ਲੱਗ ਗਿਆ ਸੀ, ਗਾਇਕਾਂ ਨਾਲ ਪਰਿਚਯ ਹੋਣ ਕਰਕੇ ਉਸ ਦੀ ਗੀਤਕਾਰੀ ਵਿਚ ਹੋਰ ਨਿਖਾਰ ਆ ਗਿਆ। ਉਸ ਦੇ ਲਿਖੇ ਗੀਤਾਂ ਨੂੰ ਕਈ ਨਾਮਵਰ ਗਾਇਕਾਂ ਨੇ ਆਪਣੀ ਮਧੁਰ ਆਵਾਜ਼ ਦਿੱਤੀ ਹੈ। ਇਸੇ ਦੌਰਾਨ ਉਹ ਫੇਸਬੁੱਕ 'ਤੇ ਆਪਣਾ ਇਕ ਪੇਜ ਬਣਾ ਕੇ ਪੰਜਾਬੀ ਦੇ ਕੁਝ ਪ੍ਰਮੁੱਖ ਕਵੀਆਂ ਨਾਲ ਪਰਿਚਯ ਕਰਵਾਉਂਦਾ ਰਿਹਾ। ਜਦ ਅਜਿਹੇ ਸ਼ਬਦ-ਚਿੱਤਰਾਂ ਦੀ ਸੰਖਿਆ 50 ਤੋਂ ਵੀ ਵਧ ਗਈ ਤਾਂ ਉਸ ਨੇ ਸ਼ਾਇਰਾਂ ਦੀ ਦੁਨੀਆ (ਭਾਗ ਪਹਿਲਾ) ਪੁਸਤਕ ਦਾ ਪ੍ਰਕਾਸ਼ਨ ਕਰਵਾ ਲਿਆ ਹੈ। ਇਨ੍ਹਾਂ ਸ਼ਬਦ-ਚਿੱਤਰਾਂ ਵਿਚ ਕਵੀਆਂ ਦੇ ਸੰਖੇਪ ਜੀਵਨ, ਕਾਵਿ-ਕਲਾ ਅਤੇ ਕਾਵਿ-ਵੰਨਗੀਆਂ ਅੰਕਿਤ ਹੋਈਆਂ ਹਨ। ਕਵੀਆਂ ਦੀ ਸੂਚੀ ਵਿਚ ਨਰਿੰਦਰ ਮਾਨਵ, ਸੰਧੂ ਵਰਿਆਣਵੀ, ਬਲਬੀਰ ਕੌਰ ਰਾਏਕੋਟੀ, ਗੁਰਚਰਨ ਕੌਰ ਕੋਚਰ, ਅਮਰਜੀਤ ਸਿੰਘ ਸੰਧੂ, ਡਾ. ਬਲਦੇਵ ਸਿੰਘ ਬੱਦਨ, ਗੁਰਦਾਸ ਰਾਮ ਆਲਮ, ਡਾ. ਜਸਵੰਤ ਬੇਗੋਵਾਲ, ਬਲਜੀਤ ਸੈਣੀ, ਅਨੁ ਬਾਲਾ, ਸ਼ੌਕਤ ਢੰਡਵਾੜਵੀ, ਅਰਤਿੰਦਰ ਸੰਧੂ, ਬਲਬੀਰ ਸੈਣੀ, ਚਰਨ ਸਿੰਘ ਸਫ਼ਰੀ, ਸੰਤ ਰਾਮ ਉਦਾਸੀ, ਡਾ. ਸੁਹਿੰਦਰ ਬੀਰ, ਦਾਦਰ ਪੰਡੋਰਵੀ, ਇਕਵਿੰਦਰ ਸਿੰਘ ਢੱਟ, ਪਾਸ਼, ਅੰਮ੍ਰਿਤਪਾਲ ਸ਼ੈਦਾ... ਆਦਿ 50 ਕਵੀਆਂ ਦਾ ਵਿਸ਼ਵ-ਕੋਸ਼ੀ ਵਰਣਨ ਹੋਇਆ ਹੈ।
-ਬ੍ਰਹਮ ਜਗਦੀਸ਼ ਸਿੰਘ
ਮੋਬਾਈਲ : 98760-52136
ਖੋਰਾ
ਲੇਖਕ : ਧਰਮਪਾਲ ਸਾਹਿਲ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 350 ਰੁਪਏ, ਸਫ਼ੇ : 216
ਸੰਪਰਕ : 98761-56964

ਡਾ. ਧਰਮਪਾਲ ਸਾਹਿਲ ਬਹੁਵਿਧਾਈ ਲੇਖਕ ਹੈ। ਉਸ ਦਾ ਇਹ 7ਵਾਂ ਨਾਵਲ ਹੈ। ਉਸ ਦੀਆਂ ਰਚਨਾਵਾਂ 'ਤੇ ਅਨੇਕਾਂ ਖੋਜ ਕਾਰਜ ਹੋ ਚੁੱਕੇ ਹਨ। ਅਨੇਕ ਸੰਸਥਾਵਾਂ ਵਲੋਂ ਸਨਮਾਨਿਆ ਜਾ ਚੁੱਕਾ ਹੈ। ਵਿਚਾਰ ਅਧੀਨ ਨਾਵਲ ਕੰਢੀ ਖੇਤਰ ਦੇ ਪਿਛੋਕੜ ਵਿਚ ਸਿਰਜਿਆ ਗਿਆ ਹੈ। ਖੋਰਾ ਵਿਸ਼ੇਸ਼ ਅਰਥਾਂ ਦਾ ਧਾਰਨੀ ਹੈ। ਪਹਾੜ ਵੀ ਖੁਰ ਗਏ, ਜੰਗਲ ਵੀ ਜਾਂਦੇ ਰਹੇ, ਧਰਤੀ ਖੁਰ ਕੇ ਨਿਵਾਣਾਂ ਵੱਲ ਚਲੀ ਗਈ। ਉੱਚੀਆਂ ਥਾਵਾਂ 'ਤੇ ਰਹਿਣ ਵਾਲਿਆਂ ਨੀਵੀਆਂ ਥਾਵਾਂ 'ਤੇ ਘਰ ਬਣਾ ਲਏ। ਪਥਰੀਲੇ ਅਣਵਿਕਸਿਤ ਇਲਾਕੇ ਦੀ ਨਵੀਂ ਨੁਹਾਰ ਬਦਲਦੀ ਵਿਖਾਈ ਗਈ ਹੈ। ਪੁਰਾਤਨ ਸੱਭਿਆਚਾਰ ਨੂੰ ਵੀ ਖੋਰਾ ਲੱਗ ਗਿਆ ਹੈ। ਲੇਖਕ ਅਨੁਸਾਰ ਵਿਕਾਸ ਦੇ ਨਾਂਅ 'ਤੇ ਵਿਨਾਸ਼ ਸ਼ੁਰੂ ਹੋ ਗਿਆ। ਅਵਿਕਸਿਤ ਸਮੇਂ ਆਵਾਜਾਈ ਦੇ ਸਾਧਨ ਮੁਸ਼ਕਿਲਾਂ ਭਰੇ ਸਨ। ਵਿੱਦਿਆ ਦਾ ਪ੍ਰਸਾਰ ਨਹੀਂ ਸੀ। ਹਸਪਤਾਲ ਨਹੀਂ ਸਨ। ਬਿਜਲੀ ਨਹੀਂ ਸੀ। ਸੰਚਾਰ ਦੇ ਸਾਧਨ ਕੇਵਲ ਚਿੱਠੀਆਂ ਜਾਂ ਤਾਰਾਂ ਸਨ। ਟੈਲੀਫੋਨ-ਮੋਬਾਈਲ ਨਹੀਂ ਸਨ। ਪ੍ਰਾਇਮਰੀ ਸਕੂਲਾਂ ਵਿਚ ਪੰਜ ਜਮਾਤਾਂ ਲਈ ਕੇਵਲ ਇਕ ਅਧਿਆਪਕ ਹੁੰਦਾ ਸੀ। ਪਾਣੀ ਖੂਹ 'ਤੋਂ ਹੀ ਭਰਿਆ ਜਾਂਦਾ ਸੀ। ਟੂਟੀਆਂ ਨਹੀਂ ਸਨ। ਪੱਥਰਾਂ ਨੂੰ ਧਮਾਕਿਆਂ ਨਾਲ ਭੰਨ ਕੇ ਰਾਹ ਪੱਧਰੇ ਹੋਣੇ ਸ਼ੁਰੂ ਹੋਏ। ਜਿਨ੍ਹਾਂ ਦੀ ਜ਼ਮੀਨ ਸੜਕ 'ਚ ਆਉਂਦੀ ਸੀ, ਉਨ੍ਹਾਂ ਨੂੰ ਮੁਆਵਜ਼ੇ ਦਿੱਤੇ ਜਾਂਦੇ ਸਨ। ਚੁਸਤ ਲੋਕ ਗ਼ਲਤ ਹਸਤਾਖ਼ਰ ਕਰਵਾ ਕੇ ਅਸਲੀ ਜ਼ਮੀਨ ਦੇ ਮਾਲਕ ਦਾ ਮੁਆਵਜ਼ਾ ਲੈ ਜਾਂਦੇ ਸਨ। ਜ਼ਮੀਨ ਦੇ ਇਕ ਮਾਲਕ ਬਜ਼ੁਰਗ ਨੇ ਅਜਿਹੇ ਧੱਕੇ ਵਿਰੁੱਧ ਅਦਾਲਤ ਰਾਹੀਂ ਸੜਕ ਸਟੇਅ ਕਰਵਾ ਦਿੱਤੀ ਅਤੇ ਧੋਖੇਬਾਜ਼ਾਂ ਨੂੰ ਜੇਲ੍ਹ ਭਿਜਵਾ ਦਿੱਤਾ। ਮਜ਼ਦੂਰਾਂ ਪਾਸੋਂ ਸੜਕ ਉਸਾਰੀ ਦਾ ਕੰਮ ਬੰਦ ਹੋ ਗਿਆ। ਲੋਕ ਸਟੇਅ ਕਰਵਾਉਣ ਵਾਲੇ ਦੇ ਵਿਰੁੱਧ ਹੋ ਗਏ ਪਰ ਉਸ ਨੇ ਇਕੱਲੇ ਨੇ ਕਿਸੇ ਦੀ ਪਰਵਾਹ ਨਾ ਕੀਤੀ। ਕੰਮ ਦੀ ਭਾਲ ਵਿਚ ਮਜ਼ਦੂਰ ਸ਼ਹਿਰਾਂ ਵੱਲ ਜਾਣ ਲੱਗੇ। ਸਟੇਅ ਕਰਵਾਉਣ ਵਾਲੇ ਨੂੰ ਮੁਆਵਜ਼ਾ ਮਿਲਣ 'ਤੇ ਸੜਕ ਦਾ ਕੰਮ ਮੁੜ ਆਰੰਭ ਹੋ ਗਿਆ। ਲੋਕ ਖੁਸ਼ ਹੋ ਗਏ, ਪਰ ਉਸ ਜ਼ਮੀਨ ਦੇ ਮਾਲਕ ਦਾ ਕਿਸੇ ਨੇ ਕਤਲ ਕਰ ਦਿੱਤਾ। ਨਾਵਲ ਦੇ ਕਥਾਨਕ ਦੀ ਉਸਾਰੀ ਅਨੇਕਾਂ ਪਾਤਰ, ਘਟਨਾਵਾਂ ਸਿਰਜੀਆਂ ਗਈਆਂ ਹਨ। ਉਪਕਥਾਵਾਂ, ਪ੍ਰਕਰਿਆ, ਪਤਾਕੇ ਵੀ ਹਨ। ਲੰਮੇ ਸਮੇਂ ਦੀ ਫੇਬੁਲਾ ਨੂੰ ਕਥਾਨਕ 'ਚ ਬਦਲਣ ਲਈ ਪਦਲੋਪਾਂ (ਇਲਿਪਸਸ) ਦਾ ਪ੍ਰਯੋਗ ਕੀਤਾ ਗਿਆ ਹੈ। ਕੰਢੀ ਇਲਾਕੇ ਦੀ ਸ਼ਬਦਾਵਲੀ ਦੇ ਪ੍ਰਯੋਗ ਨਾਲ ਨਾਵਲ ਯਥਾਰਥਿਕ ਰੰਗਣ ਪਕੜ ਗਿਆ ਹੈ। ਨਾਵਲ ਵਿਚ ਬਿਰਜਮੋਹਨ ਅਤੇ ਬਾਲੋ ਦੀ ਪ੍ਰੇਮ-ਕਥਾ ਪਾਠਕਾਂ ਲਈ ਦਿਲਚਸਪੀ ਪੈਦਾ ਕਰਦੀ ਹੈ। ਭਾਵੇਂ ਉਨ੍ਹਾਂ ਦੀਆਂ ਉਮਰਾਂ ਵਿਚ ਬੜਾ ਫ਼ਰਕ ਸੀ। ਬਾਲੋ ਮੁਟਿਆਰ ਸੀ। ਬਿਰਜਮੋਹਨ ਬਚਪਨ ਵਿਚ ਸੀ, ਪਰ ਫਿਰ ਵੀ ਇਕ ਦੂਜੇ ਲਈ ਕੁਦਰਤੀ ਆਕਰਸ਼ਨ ਸੀ। ਕੇਵਲ ਆਦਰਸ਼ ਪਿਆਰ ਸੀ। ਪਲੈਟਾਨਿਕ ਲਵ। ਅਸ਼ਲੀਲਤਾ ਬਿਲਕੁਲ ਵੀ ਨਹੀਂ ਸੀ। ਸਬੱਬ ਨਾਲ ਦੋਵਾਂ ਦੀਆਂ ਬਾਹਾਂ, ਵੱਖ-ਵੱਖ ਦੁਰਘਟਨਾਵਾਂ ਵਿਚ ਟੁੱਟ ਗਈਆਂ। ਬਿਰਜੂ ਦੀ ਬਾਂਹ ਠੀਕ ਹੋ ਗਈ। ਬਾਲੋ ਦੀ ਖੱਬੀ ਬਾਂਹ ਕੱਟਣੀ ਪਈ। ਬਾਲੋ ਸੱਜੀ ਬਾਂਹ ਨਾਲ ਹੀ ਉਸ ਨੂੰ ਪਿਆਰ ਦੇ ਦਿੰਦੀ ਸੀ। ਭਾਵੇਂ ਉਹ ਬਹੁਤ ਖ਼ੂਬਸੂਰਤ ਸੀ ਪਰ ਬਾਂਹ ਟੁੱਟੀ ਹੋਣ ਕਰਕੇ ਯੋਗ ਵਰ ਨਾ ਮਿਲਿਆ। ਉਸ ਦੀ ਸ਼ਾਦੀ ਇਕ ਫ਼ੌਜੀ ਨਾਲ ਹੋ ਗਈ। ਬਾਲੋ ਬਿਰਜੂ ਦੀ ਤਰੱਕੀ ਦਾ ਪ੍ਰੇਰਨਾ-ਸਰੋਤ ਬਣੀ ਰਹੀ। ਭਰ ਜਵਾਨੀ ਵਿਚ ਬਿਰਜੂ ਨੂੰ ਸ਼ੁੱਭ ਕਾਮਨਾਵਾਂ ਦਿੰਦੀ ਹੋਈ ਕਹਿੰਦੀ ਹੁੰਦੀ ਸੀ:
'ਬਈ ਮੇਰਾ ਬਿਰਜੂ ਖ਼ੂਬ ਪੜ੍ਹੀ ਲਿਖੀ ਕੇ ਬੱਢਾ ਅਫ਼ਸਰ ਬਣੀ ਜਾਏ ਮਤੇ ਸਾਰੇ ਪੈਸੇ ਕਮਾਵੇ ਤੇ ਮੇਰੇ ਲਈ ਸ਼ਾਟਨ ਦਾ ਪੀਲਾ ਸੂਟ ਲਿਆਵੇ। ਪੰਨਾ. 98
ਪਰ ਜਦੋਂ ਬਿਰਜੂ ਅਫ਼ਸਰ ਬਣ ਕੇ ਉਹਦੇ ਸਹੁਰੇ ਪਿੰਡ ਮਿਲਣ ਲਈ ਆਇਆ, ਬਾਲੋ ਤਾਂ ਕੈਂਸਰ ਦੀ ਬਿਮਾਰੀ ਨਾਲ ਮਰ ਚੁੱਕੀ ਸੀ। ਮਰੀ ਪਈ ਨੂੰ ਸੰਬੋਧਨ ਕਰਦਿਆਂ ਬਿਰਜੂ ਕਹਿੰਦਾ ਹੈ:
'ਤੂੰ ਕਹਿੰਦੀ ਹੁੰਦੀ ਸੀ ਨਾ, ਜਦੋਂ ਖ਼ੂਬ ਪੜ੍ਹ ਲਿਖ ਕੇ ਵੱਡਾ ਅਫ਼ਸਰ ਬਣਿਆ ਤਾਂ ਮੈਨੂੰ ਪੀਲਾ ਸ਼ਾਟਨ ਦਾ ਸੂਟ ਲੈ ਕੇ ਦੇਵੀਂ-ਦੇਖ ਲੈ ਮੈਂ ਲੈ ਆਇਆ-ਇਕ ਵਾਰ ਦੇਖ ਤਾਂ ਸਹੀ ਬਾਲੋ...।' ਪੰਨਾ 216
ਬਿਲਕਦੇ ਨੇ ਝਟ ਪਟ ਆਪਣੇ ਬੈਗ 'ਚੋਂ ਪੀਲੇ ਰੰਗ ਦਾ ਸੂਟ ਕੱਢ ਕੇ ਬਾਲੋ ਦੀ ਬੇਜਾਨ ਦੇਹ 'ਤੇ ਰੱਖ ਦਿੱਤਾ। ਪੰਨਾ. 216
ਇਨ੍ਹਾਂ ਹਿਰਦੇਵੇਧਕ ਸ਼ਬਦਾਂ ਨਾਲ ਨਾਵਲ ਸਮਾਪਤ ਹੁੰਦਾ ਹੈ। ਸੰਵੇਦਨਸ਼ੀਲ ਪਾਠਕ ਸੋਚਦਾ ਹੀ ਰਹਿ ਜਾਂਦਾ ਹੈ।
-ਡਾ. ਧਰਮ ਚੰਦ ਵਾਤਿਸ਼
ਈ-ਮੇਲ : vatish.dharamchand@gmail.com
ਤਲਖ ਹਕੀਕਤਾਂ
ਲੇਖਿਕਾ : ਅਮਰ ਕੌਰ ਬੇਦੀ
ਪ੍ਰਕਾਸ਼ਕ ਬਿਮਲ ਕ੍ਰਇਏਸ਼ਨ ਪ੍ਰਿਟਿੰਗ ਕਮਿਊਨੀਕੇਸ਼ਨ ਜਲੰਧਰ
ਮੁੱਲ : ਨਿਸ਼ਕਾਮ ਸੇਵਾ, ਸਫੇ : 40
ਸੰਪਰਕ : 99881-76886

ਨੌਵੇਂ ਪਾਤਸ਼ਾਂਹ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਲੇਖਿਕਾ ਦੀ ਅੱਠਵੀਂ ਪੁਸਤਕ ਵਿਚ 16 ਛੋਟੇ ਛੋਟੇ ਲੇਖ ਹਨ। ਸਾਰੇ ਲੇਖ ਸਮਾਜ ਵਿਚ ਪਸਰੇ ਕੂੜਪਸਾਰੇ ਬਾਰੇ ਹਨ। ਬਹੁਤ ਕੁਝ ਬੁਰਾ ਤੇ ਭੈੜਾ ਵਰਤਾਰਾ ਅਜੋਕੇ ਸਮਾਜ ਵਿਚ ਚੱਲ ਰਿਹਾ ਹੈ। ਲੇਖਿਕਾ ਗੁਰੂ ਘਰ ਵਿਚ ਅਟੁੱਟ ਵਿਸ਼ਵਾਸ ਰੱਖਦੀ ਹੈ। ਗੁਰਬਾਣੀ ਮਨੁੱਖ ਦੇ ਸਾਰੇ ਦੁੱਖਾਂ ਦੀ ਦਾਰੂ ਹੈ। ਲੇਖਾਂ ਵਿਚ ਅਕਸਰ ਗੁਰਬਾਣੀ ਦੀਆਂ ਪਵਿੱਤਰ ਤੁਕਾਂ ਦੇ ਹਵਾਲੇ ਹਨ। ਅਖ਼ਬਾਰਾਂ ਵਿਚ ਅਕਸਰ ਪੜ੍ਹਦੇ ਹਾਂ ਕਿ ਘਰਾਂ ਵਿਚ ਬਜ਼ੁਰਗਾਂ ਦੀ ਹਾਲਤ ਬਹੁਤ ਮਾੜੀ ਹੈ। ਪੁੱਤਰਾਂ ਵਲੋਂ ਆਪਣੇ ਬਜ਼ੁਰਗ ਮਾਪਿਆਂ ਦੀ ਅਣਦੇਖੀ ਕੀਤੀ ਜਾਂਦੀ ਹੈ। ਕਿਤਾਬ ਦਾ ਪਹਿਲਾ ਲੇਖ ਫਰਜ਼ਾਂ ਤੋਂ ਬੇਮੁਖ ਵਿਚ ਇਕ ਬਜ਼ੁਰਗ ਮਾਤਾ ਸੰਤੀ ਬੱਚਿਆਂ ਵਲੋਂ ਦੁਖੀ ਹੋਈ ਕਹਿੰਦੀ ਹੈ 'ਮੈਨੂੰ ਸਮਝ ਨਹੀਂ ਆ ਰਹੀ ਕਿ ਮੈਂ ਹੁਣ ਕਿੱਥੇ ਜਾਵਾਂ ਤੇ ਕੀ ਕਰਾਂ?' ਮਾਤਾ ਦੁਖੀ ਹੈ ਕੁਝ ਦਿਨਾਂ ਪਿੱਛੋਂ ਉਹ ਅਕਾਲ ਚਲਾਣਾ ਕਰ ਜਾਂਦੀ ਹੈ। ਭੋਗ ਵਾਲੇ ਦਿਨ ਲੋਕ ਪੁੱਤਰਾਂ ਨੂੰ ਸਿਰੋਪੇ ਦਿੱਤੇ ਜਾ ਰਹੇ ਹਨ ਲੇਖਿਕਾ ਸੋਚਦੀ ਹੈ ਕਿ ਮਰਿਆਂ ਬਾਅਦ ਇਹ ਲੋਕ ਦਿਖਾਵਾ ਕਿਸ ਕੰਮ? ਲੇਖਿਕਾ ਪਾਠਕਾਂ ਨੂੰ ਸੋਚਣ ਲਈ ਮਜਬੂਰ ਕਰਦੀ ਹੈ। ਲੇਖ ਮੋਬਾਈਲ ਵਰਦਾਨ ਕਿ ਸਰਾਪ ਵਿਚ ਨਾਬਾਲਗ ਮੁੰਡਾ ਨਾਬਾਲਗ ਕੁੜੀ ਨਾਲ ਵਿਆਹ ਕਰਾਉਣ ਲਈ ਜ਼ਿੱਦ ਕਰਦਾ ਹੈ। 'ਮਾਂ ਕੀ ਕਰੇ', 'ਮੋਹ ਦੀਆਂ ਤੰਦਾਂ' ਵਿਚ ਬਾਪ ਜੇਲ੍ਹ ਗਏ ਮੁੰਡੇ ਨੂੰ ਮੋਹ ਵਸ ਛੁਡਾ ਕੇ ਲਿਆਉਂਦਾ ਹੈ। ਲੇਖਿਕਾ ਰਿਸ਼ਤਿਆਂ ਵਿਚ ਆ ਰਹੇ ਨਿਘਾਰ 'ਤੇ ਚਿੰਤਤ ਹੈ (ਕੇਹੇ ਰਿਸ਼ਤੇ, ਰਿਸ਼ਤਿਆਂ ਦੀਆਂ ਟੁਟਦੀਆਂ ਤੰਦਾਂ) ਇਕ ਲੇਖ ਵਿਚ ਘਰ ਵਿਚ ਮੁੰਡੇ ਕੁੜੀ ਨਾਲ ਵੱਖਰੇ-ਵੱਖਰੇ ਵਿਹਾਰ ਤੋਂ ਦੁਖੀ ਵਰਾਤਾਰੇ ਦੀ ਗਾਥਾ ਹੈ। ਲੇਖਿਕਾ ਨੇ ਸੰਦੇਸ਼ ਦਿੱਤਾ ਹੈ ਮਾਪਿਆ ਨੂੰ ਬੱਚਿਆਂ ਨਾਲ ਪਿਆਰ ਭਰਿਆ ਇਕੋ ਜਿਹਾ ਵਰਤਾਓ ਕਰਨਾ ਚਾਹੀਦਾ ਹੈ। ਧੀ ਪੁੱਤ ਵਿਚ ਫਰਕ ਨਹੀ ਰੱਖਣਾ ਚਾਹੀਦਾ। ਇਸ ਨਾਲ ਬਾਲ ਮਾਨਸਿਕਤਾ 'ਤੇ ਗ਼ਲਤ ਅਸਰ ਪੈਂਦਾ ਹੈ। ਕਿਤਾਬ ਵਿਚ ਲੇਖਿਕਾ ਨੇ ਅਧਿਆਪਨ ਸਮੇਂ ਦੇ ਸਕੂਲ ਸਮੇਂ ਦੇ ਤਜਰਬੇ ਪਾਠਕਾਂ ਨਾਲ ਸਾਂਝੇ ਕੀਤੇ ਹਨ। ਲੇਖਾਂ ਦੀ ਸ਼ੈਲੀ ਕਥਾ ਰਸ ਵਾਲੀ ਹੈ ਪੁਸਤਕ ਦੇ ਲੇਖ ਮਿਲਗੋਭਾ ਸੱਭਿਆਚਾਰ, ਕੇਹਾ ਸਮਾਂ ਆਇਆ, ਕਸੂਰ ਕਿਸ ਦਾ, ਮਾਂ ਦੀ ਮਮਤਾ, ਸਤਿਕਾਰ ਕਰਨਾ ਭੁੱਲੇ, ਨੈਤਿਕ ਸਿੱਖਿਆ ਪੜ੍ਹਨ ਵਾਲੇ ਹਨ। ਲੇਖਾਂ ਦੀ ਸਾਧਾਰਨ ਸ਼ੈਲੀ, ਪਾਤਰਾਂ ਦਾ ਕਿਰਦਾਰ, ਸੰਖੇਪਤਾ, ਸਮਾਜਿਕ ਤਸਵੀਰ ਪਾਤਰੀ ਸੰਵਾਦ ਮੁਖ ਵਿਸ਼ੇਸ਼ਤਾਵਾਂ ਹਨ। ਕਿਤਾਬ ਤੇ ਲੇਖਿਕਾ ਬਾਰੇ ਦੋ ਸ਼ਬਦ ਸਰਦਾਰ ਬੇਅੰਤ ਸਿੰਘ ਸਰਹੱਦੀ ਸੰਪਾਦਕ ਅਦਾਰਾ ਸਿਮਰਨ ਜਲੰਧਰ ਤੇ ਮਾਸਟਰ ਮਹਿੰਦਰ ਸਿੰਘ ਅਨੇਜਾ ਨੇ ਲਿਖੇ ਹਨ। ਨੈਤਿਕ ਸਿੱਖਿਆ ਅਧਾਰਿਤ ਪੁਸਤਕ ਦਾ ਸਵਾਗਤ ਹੈ।
-ਪ੍ਰਿੰਸੀਪਲ ਗੁਰਮੀਤ ਸਿੰਘ ਫ਼ਾਜ਼ਿਲਕਾ
ਮੋਬਾਈਲ : 98148-56160
ਉੱਠ ਜਾਗ ਮਨਾ
ਲੇਖਿਕਾ : ਹਰਜਿੰਦਰ ਕੌਰ ਸੱਧਰ
ਪ੍ਰਕਾਸ਼ਕ : ਸਾਦਿਕ ਪਬਲੀਕੇਸ਼ਨਜ਼ ਬਠਿੰਡਾ
ਮੁੱਲ : 250 ਰੁਪਏ, ਸਫ਼ੇ : 120
ਸੰਪਰਕ : 98723-07247

ਹਰਜਿੰਦਰ ਕੌਰ ਸੱਧਰ ਦੀ ਕਾਵਿ-ਪੁਸਤਕ 'ਉੱਠ ਜਾਗ ਮਨਾ' ਮਨੁੱਖੀ ਮਾਨਸਿਕਤਾ ਨੂੰ ਜਾਗ੍ਰਿਤ ਕਰਨ ਅਤੇ ਹਾਂ-ਵਾਚੀ ਨਜ਼ਰੀਆ ਰੱਖ ਕੇ ਜੀਵਨ ਯਥਾਰਥ ਦੀਆਂ ਦੁਸ਼ਵਾਰੀਆਂ ਤੇ ਜਿੱਤ ਪ੍ਰਾਪਤ ਕਰਨ ਲਈ ਪ੍ਰੇਰਿਤ ਕਰਨ ਵਾਲਾ ਕਾਵਿ-ਸੰਗ੍ਰਹਿ ਹੈ। ਇਸ ਕਾਵਿ-ਸੰਗ੍ਰਹਿ ਵਿਚ ਹਰਜਿੰਦਰ ਕੌਰ ਸੱਧਰ ਦੀਆਂ 56 ਕਾਵਿ-ਰਚਨਾਵਾਂ ਪੇਸ਼ ਹੋਈਆਂ ਹਨ ਕਿਉਂਕਿ ਹਰਜਿੰਦਰ ਕੌਰ ਸੱਧਰ ਨੇ ਜ਼ਿੰਦਗੀ ਨੂੰ ਬਹੁਤ ਨੇੜਿਓਂ ਦੇਖਿਆ ਹੈ। ਇਸ ਕਰਕੇ ਉਸ ਦੇ ਨਿੱਜੀ ਅਤੇ ਸਮਾਜਿਕ, ਪਰਿਵਾਰਕ ਅਨੁਭਵਾਂ ਨੂੰ ਕਾਵਿ-ਜ਼ੁਬਾਨ ਮਿਲੀ ਹੈ। ਸੱਧਰ ਦੀਆਂ ਕਵਿਤਾਵਾਂ ਵਿਚ ਜਿਹੜਾ ਨਾਰੀ-ਬਿੰਬ ਪੇਸ਼ ਹੋਇਆ ਹੈ ਉਹ ਕਿਸੇ ਤਰਸ ਦੀ ਪਾਤਰ ਨਹੀਂ ਸਗੋਂ ਉਹ ਜੀਵਨ ਦੀਆਂ ਤਲਖ ਹਕੀਕਤਾਂ ਨਾਲ ਖਹਿ ਕੇ ਉਨ੍ਹਾਂ 'ਤੇ ਜਿੱਤ ਪ੍ਰਾਪਤ ਕਰਦੀ ਨਜ਼ਰ ਆਉਂਦੀ ਹੈ। ਉਹ ਹੁਣ ਘਰ ਦੀ ਚਾਰ ਦੀਵਾਰੀ ਵਿਚ ਕੈਦ ਹੋ ਕੇ ਆਪਣਾ ਜੀਵਨ ਬਸਰ ਨਹੀਂ ਕਰਦੀ ਸਗੋਂ ਉਹ ਹੁਣ ਸਮਾਜ ਵਿਚ ਮਰਦ ਦੇ ਮੋਢੇ ਨਾਲ ਮੋਢਾ ਡਾਹ ਕੇ ਬਰਾਬਰ ਕਾਰਜ ਕਰਦੀ ਹੈ। ਜਿਵੇਂ:
ਆਦਿ ਤੋਂ ਅੱਜ ਤੱਕ
ਕਦਮ-ਦਰ-ਕਦਮ ਤਰੱਕੀ ਕਰਦੀ
ਹਰ ਫੀਲਡ ਵਿਚ ਜੂਝਦੀ
ਸਫਲਤਾ ਦੀ ਪੌੜੀ ਚੜ੍ਹਦੀ
ਇੱਕੀਵੀਂ ਸਦੀ ਦੀ ਔਰਤ ਹਾਂ ਮੈਂ।
ਸੱਧਰ ਦੀ ਕਵਿਤਾ ਸਾਧਨਹੀਣ ਧਿਰ ਦੇ ਹੱਕ ਵਿਚ ਆਵਾਜ਼ ਬੁਲੰਦ ਕਰਦੀ ਹੈ। ਉਹ ਦੱਸਦੀ ਹੈ ਕਿ ਮਜ਼ਦੂਰ ਜਿਸ ਦੀ ਜ਼ਿੰਦਗੀ ਵੀਰਾਨ ਸੀ ਤੇ ਸੋਸ਼ਣ ਦਾ ਸ਼ਿਕਾਰ ਹੋ ਕੇ ਉਪਰਲੀ ਧਿਰ ਦੀਆਂ ਵਧੀਕੀਆਂ ਨੂੰ ਸਹਿੰਦਾ ਸੀ ਪਰ ਹੁਣ ਉਹ ਜਾਗ੍ਰਿਤ ਹੋ ਰਿਹਾ ਹੈ, ਜਿਸ ਦੀ ਨਿਸ਼ਾਨਦੇਹੀ ਉਸ ਦੀ ਕਵਿਤਾ ਵਿਚ ਹੋਈ ਮਿਲਦੀ ਹੈ:
ਕਿਰਤੀਆਂ ਕਿਸਾਨਾਂ ਤੇ,
ਮਜ਼ਦੂਰਾਂ ਵਿਚ ਰੋਹ ਹੈ
ਆਉਣ ਵਾਲਾ ਕੱਲ੍ਹ ਦੇਖ,
ਸੀਨੇ ਪੈਂਦੀ ਖੋਹ ਹੈ।
ਸੱਧਰ ਦੇ ਕਾਵਿ-ਸੰਗ੍ਰਹਿ ਦੇ ਸਿਰਲੇਖ ਤੋਂ ਹੀ ਸੱਪਸ਼ਟ ਹੈ ਕਿ ਇਹ ਢਹਿੰਦੀਆਂ ਕਲਾ ਵਿਚ ਜਾ ਰਹੀ ਮਾਨਸਿਕਤਾ ਨੂੰ ਚੜ੍ਹਦੀ ਕਲਾ ਵਿਚ ਰਹਿਣ ਦੀ ਤਾਗੀਦ ਕਰਦੀ ਹੈ। ਉਹ ਧੀਆਂ ਨੂੰ ਆਪਣੇ ਖੁਆਬ ਪੂਰੇ ਕਰਨ ਲਈ ਮਿਹਨਤ ਅਤੇ ਨੈਤਿਕਤਾ ਦਾ ਸਹਾਰਾ ਲੈਣ ਲਈ ਕਾਵਿਕ-ਅਪੀਲ ਕਰਦੀ ਹੈ। ਸੱਧਰ ਨੂੰ ਇਸ ਗੱਲ ਦਾ ਅਨੁਭਵ ਹੈ ਕਿ ਭਾਵੇਂ ਨਾਂਹ-ਵਾਚੀ ਧਿਰ ਮਜ਼ਬੂਤ ਹੈ ਪਰ ਮਨੁੱਖ ਦਾ ਦ੍ਰਿੜ੍ਹ ਇਰਾਦਾ ਉਸ ਨੂੰ ਕਿਸੇ ਵੀ ਮੁਕਾਮ 'ਤੇ ਪਹੁੰਚਾ ਸਕਦਾ ਹੈ। ਪੁਸਤਕ ਪੜ੍ਹਨਯੋਗ ਹੈ।
-ਡਾ. ਸਰਦੂਲ ਸਿੰਘ ਔਜਲਾ
ਮੋਬਾਈਲ : 98141-68611
ਪਿੰਡ ਜਰਮਸਤਪੁਰ
ਆਦਿ ਤੋਂ ਵਰਤਮਨ
ਲੇਖਕ : ਜਸਵਿੰਦਰ ਸਿੰਘ ਢਿੱਲੋਂ
ਮੁੱਲ: 400 ਰੁਪਏ, ਸਫ਼ੇ : 256
ਪ੍ਰਕਾਸ਼ਕ : ਆਜ਼ਾਦ ਬੁੱਕ ਡੀਪੂ, ਅੰਮ੍ਰਿਤਸਰ
ਸੰਪਰਕ : 96460-69551

ਸਥਾਨਕ ਇਤਿਹਾਸ, ਇਤਿਹਾਸਕਾਰੀ ਦੀ ਮਹੱਤਵਪੂਰਨ ਪਰਤ ਹੈ। ਵਿਅਕਤੀ ਵਿਸ਼ੇਸ਼, ਪਿੰਡ ਤੇ ਨਗਰ ਦਾ ਇਤਿਹਾਸ ਇਸ ਦਾ ਖੇਤਰ ਹਨ। ਪ੍ਰੰਤੂ ਮੁਲਕ ਦੀ ਸਭ ਤੋਂ ਹੇਠਲੀ ਇਕਾਈ ਪਿੰਡ ਦਾ ਇਤਿਹਾਸ ਲਿਖਣ ਦੀ ਵੱਡੀ ਰੁਕਾਵਟ ਇਹ ਹੈ, ਕਿ; 'ਇਹ ਕਿਸੇ ਵੀ ਰੂਪ 'ਚ ਲਿਖਤੀ ਨਹੀਂ ਮਿਲਦਾ।' ਹਾਂ; ਕਿਤੇ-ਕਿਤੇ ਇਤਿਹਾਸ ਪੁਸਤਕਾਂ, ਮਾਲ-ਦਸਤਾਵੇਜ਼ਾਂ ਅਤੇ ਗਜ਼ਟੀਅਰਾਂ ਵਿਚ ਇਸ਼ਾਰੇ ਮਿਲਦੇ ਹਨ, ਬੱਝਵਾਂ ਰੂਪ ਜਾਂ ਵਿਸਥਾਰਤ ਨਹੀਂ। ਸੋ, ਅਕਸਰ ਹੀ ਪੀੜ੍ਹੀ-ਦਰ-ਪੀੜ੍ਹੀ, ਬਜ਼ੁਰਗਾਂ ਅਤੇ ਦੰਦ-ਕਥਾਵਾਂ ਉੱਤੇ ਨਿਰਭਰ ਕਰਨਾ ਪੈਂਦਾ ਹੈ। ਪੁਰਾਣੀ ਪੀੜ੍ਹੀ ਖ਼ਤਮ ਹੋ ਗਈ ਹੈ, ਸੱਥਾਂ ਵੀ ਖ਼ਤਮ ਹੋ ਚੱਲੀਆਂ ਹਨ ਜਿੱਥੇ ਚੁੰਝ-ਚਰਚਾ ਚਲਦੀ ਤੇ ਪਾਸਾਰ ਹੁੰਦਾ ਸੀ। ਸਿੱਟੇ ਵਜੋਂ ਪਿੰਡਾਂ ਦਾ ਇਤਿਹਾਸ ਗੁੰਮ ਜਾਣਾ ਹੈ। ਵੇਲਾ ਹੈ; ਜਿੰਨਾ ਕੁ ਅਤੇ ਜਿਸ ਵੀ ਰੂਪ ਵਿਚ ਮਿਲ ਸਕਦਾ ਹੈ, ਸਾਂਭ ਲਈਏ, ਨਹੀਂ ਤਾਂ ਲੋਕ-ਚੇਤਿਆਂ 'ਚ ਪਿਆ, ਪਿੰਡਾਂ ਦਾ, ਇਤਿਹਾਸ ਲੁਪਤ ਹੋ ਜਾਵੇਗਾ।
ਉਕਤ ਬਾਰੇ, ਹੱਥਲੀ ਪੁਸਤਕ ਵਿਚ, ਪਿੰਡ ਜਰਮਸਤਪੁਰ, ਬਲਾਕ-ਤਹਿ.-ਜ਼ਿਲਾ ਤਰਨਤਾਰਨ ਦਾ 'ਆਦਿ ਤੋਂ ਵਰਤਮਾਨ' ਤਵਾਰੀਖ ਸਾਂਭਣ ਦਾ ਇਕ ਸੁਚੇਤ ਯਤਨ ਉਸੇ ਪਿੰਡ ਦੇ ਜੰਮਪਲ ਵਲੋਂ ਕੀਤਾ ਗਿਆ ਹੈ। ਪਿੰਡ ਕਦ ਵਸਿਆ, ਕਿਸ ਵਸਾਇਆ, ਉੱਥੇ ਵਸ ਜਾਣ ਦੇ ਕਾਰਨ ਅਤੇ ਪਿੰਡ ਦੀਆਂ ਉੱਘੜਵੀਆਂ ਗੱਲਾਂ ਸਮੇਤ ਪਹਿਲ-ਪਲੱਕੜੇ ਨਾਮਵਰ ਕਰਮਯੋਗੀਆ, ਪ੍ਰਚੀਨ ਰਹਿਤਲ-ਵਹਿਤਲ, ਵਰਤੋਂ-ਵਿਹਾਰ, ਅਣਥੱਕ-ਘਾਲਣਾਵਾਂ, ਕਿਰਤੀ-ਸ਼ਿਲਪੀ-ਕਿਸਾਨ, ਆਜ਼ਾਦੀ ਘੁਲਾਟੀਏ ਤੇ ਹੋਰ ਸ਼ਖ਼ਸੀਅਤਾਂ, ਬੰਸਾਵਲੀਆਂ ਅਤੇ ਖੇਤ-ਖਲਿਆਣਾਂ, ਖੂਹਾਂ-ਟੋਭਿਆਂ ਤੇ ਸਥਾਨਾਂ-ਅਸਥਾਨਾਂ ਦੀਆਂ ਵਿਸ਼ੇਸ ਗੱਲਾਂ ਅਤੇ ਵਿਅਕਤੀਗਤ ਰੇਖਾ ਚਿਤਰਾਂ ਸਮੇਤ ਪਿੰਡ ਦੀ ਗਾਥਾ ਦਾ ਸੰਭਵ ਚਾਨਣਾ ਪਾਉਣ ਦਾ ਸੰਭਵ ਯਤਨ ਕੀਤਾ ਗਿਆ ਹੈ ਇਸ ਕਿਤਾਬ ਵਿਚ।
ਪੁਸਤਕ, ਸੰਬੰਧਿਤ ਪਿੰਡ ਵਾਸੀਆਂ ਨੂੰ ਆਉਣ ਵਾਲੀਆਂ ਨਸਲਾਂ ਲਈ ਸਾਂਭ ਲੈਣੀ ਚਾਹੀਦੀ ਹੈ। ਕਾਰਨ; 'ਇਸ ਵਿਚ ਉਨ੍ਹਾਂ ਦੇ ਪੁਰਖਿਆਂ ਦੀਆਂ ਘਾਲਣਾਵਾਂ ਸਮੇਤ ਪਰਿਵਾਰਕ-ਵੰਸ਼ਾਵਲੀਆਂ ਅਤੇ ਪਿੰਡ ਬਾਰੇ ਮਹੱਤਵਪੂਰਨ ਕਨਸੋਆ ਤੇ ਤੱਥ ਹਨ।' ਹਾਂ; ਸਥਾਨਕ ਇਤਿਹਾਸਕਾਰੀ ਜਾਂ ਪਿੰਡਾਂ ਦੇ ਇਤਿਹਾਸ ਨਾਲ ਵਾਹ-ਵਾਸਤਾ ਵਿਦਿਆਰਥੀਆਂ ਅਤੇ ਖੋਜ਼ਆਰਥੀਆਂ ਨੂੰ ਇਹ ਪੁਸਤਕ ਵੀ ਵਾਚ ਲੈਣੀ ਚਾਹੀਦੀ ਹੈ।
-ਵਿਜੈ ਬੰਬੇਲੀ
ਮੋਬਾਈਲ : 94634-39075










































































































.jpg)






























































































