JALANDHAR WEATHER

26-02-26

 ਮਸਲਾ ਅਵਾਰਾ ਕੁੱਤਿਆਂ ਦਾ

ਪਿੰਡ ਹੋਵੇ ਜਾਂ ਸ਼ਹਿਰ, ਅਵਾਰਾ ਕੁੱਤਿਆਂ ਦੀ ਹਰ ਥਾਂ ਭਰਮਾਰ ਹੈ। ਛੋਟੇ ਬੱਚੇ ਅਤੇ ਬਜ਼ੁਰਗ ਅਵਸਥਾ ਵਾਲੇ ਲੋਕ ਇਨ੍ਹਾਂ ਦਾ ਸ਼ਿਕਾਰ ਬਣਦੇ ਹਨ, ਇਹ ਕਈਆਂ ਨੂੰ ਤਾਂ ਮੌਤ ਦੇ ਘਾਟ ਹੀ ਉਤਾਰ ਦਿੰਦੇ ਹਨ। ਸਕੂਟਰ ਅਤੇ ਮੋਟਰ ਸਾਈਕਲ ਸਵਾਰ ਵੀ ਇਨ੍ਹਾਂ ਨਾਲ ਟਕਰਾ ਕੇ ਹਾਦਸੇ ਦਾ ਸ਼ਿਕਾਰ ਹੁੰਦੇ ਹਨ। ਮਾਨਯੋਗ ਸੁਪਰੀਮ ਕੋਰਟ ਨੇ ਸਾਰੇ ਦੇਸ਼ ਵਿਚ ਆਵਾਰਾ ਕੁੱਤਿਆਂ ਦੇ ਮਸਲੇ ਦੇ ਹੱਲ ਲਈ ਹੁਕਮ ਜਾਰੀ ਕੀਤੇ ਹੋਏ ਹਨ ਪਰ ਲਗਦਾ ਹੈ ਕਿ ਸਰਕਾਰ ਅਜੇ ਇਸ ਮਸਲੇ ਵੱਲ ਧਿਆਨ ਹੀ ਨਹੀਂ ਦੇ ਰਹੀ। ਆਵਾਰਾ ਪਸ਼ੂ ਅਤੇ ਕੁੱਤਿਆਂ ਵਲੋਂ ਕੀਤੇ ਜਾ ਰਹੇ ਨੁਕਸਾਨ ਨੂੰ ਮੁੱਖ ਰੱਖਦੇ ਹੋਏ ਇਨ੍ਹਾਂ ਦਾ ਜਲਦੀ ਹੱਲ ਕੱਢਣਾ ਚਾਹੀਦਾ ਹੈ ਤਾਂ ਜੋ ਕੀਮਤੀ ਇਨਸਾਨੀ ਜਾਨਾਂ ਦਾ ਬਚਾਅ ਕੀਤਾ ਜਾ ਸਕੇ।

-ਮਹਿੰਦਰ ਸਿੰਘ ਬਾਜਵਾ
ਪਿੰਡ ਮਸੀਤਾਂ, ਕਪੂਰਥਲਾ।

ਪੈਸਾ ਬਨਾਮ ਰਿਸ਼ਤੇ

ਪਿਛਲੇ ਦਿਨੀਂ ਪੰਜਾਬ ਦੇ ਜ਼ਿਲ੍ਹਾ ਸੰਗਰੂਰ ਦੇ ਇਕ ਪਿੰਡ ਵਿਚ ਬਹੁਤ ਹੀ ਦਿਲ ਕੰਬਾਊ ਘਟਨਾ ਵਾਪਰੀ ਸੀ। ਇਸ ਘਟਨਾ ਵਿਚ ਪੰਜਾਬ ਪੁਲਿਸ ਦੀ ਇਕ ਮਹਿਲਾ ਸਿਪਾਹੀ ਅਤੇ ਉਸ ਦੀ ਮਾਤਾ ਕਾਰ ਐਕਸੀਡੈਂਟ ਦੌਰਾਨ ਕਾਰ ਨੂੰ ਅੱਗ ਲੱਗਣ ਕਰਕੇ ਜਿੰਦਾ ਸੜ ਗਈਆਂ ਸਨ। ਆਮ ਤੌਰ 'ਤੇ ਲੋਕਾਂ ਨੂੰ ਦੇਖਣ ਵਿਚ ਇਹ ਇਕ ਐਕਸੀਡੈਂਟ ਦੀ ਘਟਨਾ ਲੱਗ ਰਹੀ ਸੀ। ਪਰ ਪੰਜਾਬ ਪੁਲਿਸ ਨੇ ਜਦੋਂ ਇਸ ਘਟਨਾ ਦੀ ਬਰੀਕੀ ਨਾਲ ਜਾਂਚ ਕੀਤੀ ਤਾਂ ਸਾਹਮਣੇ ਆਇਆ ਕਿ ਇਹ ਕੁਦਰਤੀ ਐਕਸੀਡੈਂਟ ਨਹੀਂ ਸੀ। ਇਸ ਘਟਨਾ ਦਾ ਮਾਸਟਰਮਾਈਂਡ ਕੁੜੀ ਦਾ ਭਰਾ ਹੀ ਨਿਕਲਿਆ। ਜੋ ਪੰਜਾਬ ਪੁਲਿਸ ਦਾ ਮੁਲਾਜ਼ਮ ਹੈ। ਉਸ ਨੇ ਹੀ ਆਪਣੀ ਮਾਤਾ ਅਤੇ ਭੈਣ ਨੂੰ ਕਤਲ ਕਰਨ ਤੋਂ ਬਾਅਦ ਗੱਡੀ ਸਮੇਤ ਅੱਗ ਲਗਾ ਕੇ ਇਸ ਨੂੰ ਇਕ ਐਕਸੀਡੈਂਟ ਦੀ ਘਟਨਾ ਦਾ ਰੂਪ ਦੇਣ ਦੀ ਕੋਸ਼ਿਸ ਕੀਤੀ ਸੀ। ਪਤਾ ਲੱਗਾ ਕਿ ਦੋਸ਼ੀ ਨੇ ਜਾਇਦਾਦ ਅਤੇ ਪੈਸੇ ਦੇ ਲਾਲਚ ਵਿਚ ਇਸ ਘਟਨਾ ਨੂੰ ਅੰਜਾਮ ਦਿੱਤਾ ਸੀ। ਪੁਲੀਸ ਨੇ ਦੋਸ਼ੀ ਨੂੰ ਕਾਬੂ ਕਰਕੇ ਘਟਨਾ ਦੀ ਸਚਾਈ ਲੋਕਾਂ ਸਾਹਮਣੇ ਲਿਆਂਦੀ ਹੈ। ਪੰਜਾਬ ਪੁਲਿਸ ਦੀ ਤਾਰੀਫ ਕਰਨੀ ਬਣਦੀ ਹੈ ਕਿ ਜਿਨ੍ਹਾਂ ਨੇ ਪੂਰੀ ਮਿਹਨਤ ਕਰਕੇ ਦੂਹਰੇ ਕਤਲ ਕੇਸ ਨੂੰ ਹੱਲ ਕੀਤਾ ਹੈ। ਇਸ ਦੂਹਰੇ ਕਤਲ ਦੇ ਦੋਸ਼ੀ ਨੂੰ ਫੜ ਕਿ ਜੇਲ੍ਹ ਵਿਚ ਬੰਦ ਕੀਤਾ ਹੈ। ਅੱਜਕਲ੍ਹ ਬਹੁਤ ਸਾਰੀਆਂ ਅਜਿਹੀਆਂ ਘਿਨੌਣੀਆਂ ਘਟਨਾਵਾਂ ਜੋ ਲੋਕ ਪੈਸੇ ਅਤੇ ਜਾਇਦਾਦ ਦੇ ਲਾਲਚ ਵਿਚ ਆਪਣੇ ਖੂਨ ਅਤੇ ਆਪਣੇ ਰਿਸ਼ਤਿਆਂ ਦੇ ਕਾਤਲ ਬਣ ਰਹੇ ਹਨ। ਸਾਨੂੰ ਅਜਿਹੀਆਂ ਘਟਨਾਵਾਂ ਰੋਜ਼ਾਨਾ ਹੀ ਅਖਬਾਰਾਂ ਸੋਸ਼ਲ ਮੀਡੀਆ ਤੇ ਦੇਖਣ, ਸੁਣਨ ਅਤੇ ਪੜ੍ਹਨ ਨੂੰ ਮਿਲਦੀਆਂ ਹਨ।

-ਗੁਰਤੇਜ ਸਿੰਘ ਖੁਡਾਲ,
ਭਾਗੂ ਰੋਡ, ਬਠਿੰਡਾ।

ਅਲਵਿਦਾ ਘੁਗਿਆਣਵੀ

19 ਫਰਵਰੀ ਨੂੰ ਅਜੀਤ ਵਿਚ ਉੱਘੇ ਲੇਖਕ ਨਵਰਾਹੀ ਘੁਗਿਆਣਵੀ ਜੀ ਦੇ ਅਕਾਲ ਚਲਾਣੇ ਦੀ ਦੁੱਖਦਾਈ ਖ਼ਬਰ ਪੜ੍ਹੀ। ਨਵਰਾਹੀ ਘੁਗਿਆਣਵੀ ਦੇ ਸਵਰਗਵਾਸ ਹੋਣ ਨਾਲ ਪੰਜਾਬੀ ਸਾਹਿਤ ਜਗਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਹ ਅੰਤਿਮ ਸਾਹਾਂ ਤੱਕ ਲਿਖਦੇ ਰਹੇ। ਕਾਫੀ ਸਾਲਾਂ ਤੋਂ ਹਰ ਐਤਵਾਰ ਉਨ੍ਹਾਂ ਦੇ ਹਾਸ - ਵਿਅੰਗ ਅਜੀਤ ਵਿਚ ਪੜ੍ਹਦੇ ਰਹੇ ਹਾਂ। ਉਨ੍ਹਾਂ ਨੇ ਪੰਜਾਬੀ ਦੀਆਂ ਵੱਖ-ਵੱਖ ਵਿਧਾਵਾਂ ਵਿਚ ਲਿਖਿਆ। ਗੀਤ-ਕਵਿਤਾ, ਰੁਬਾਈ, ਮੁਕਤ ਛੰਦ ਕਵਿਤਾ, ਗਜ਼ਲ, ਅਤੇ ਬਾਲ ਸਹਿਤ ਦੇ ਖੇਤਰ ਵਿਚ ਵੀ ਬਹੁਤ ਸਾਰੀਆਂ ਵਿਚ ਰਚਨਾਵਾਂ ਲਿਖੀਆਂ।
ਇਨ੍ਹਾਂ ਦਾ ਅਸਲੀ ਨਾਂ ਫੌਜਾ ਸਿੰਘ ਬਰਾੜ ਸੀ। 2023 ਵਿਚ ਇਨ੍ਹਾਂ ਨੂੰਬਿਸਮਿਲ ਫਰੀਦਕੋਟ ਐਵਾਰਡ ਨਾਲ ਵੀ ਸਨਮਾਨਿਤ ਕੀਤਾ ਗਿਆ। ਪੰਜਾਬੀ ਸਾਹਿਤ ਜਗਤ ਨੇ ਆਪਣਾ ਇੱਕ ਹੀਰਾ ਲੇਖਕ ਗੁਆ ਲਿਆ ਹੈ।

-ਡਾਕਟਰ ਨਰਿੰਦਰ ਭੱਪਰ ਝਬੇਲਵਾਲੀ।
ਸ੍ਰੀ ਮੁਕਤਸਰ ਸਾਹਿਬ।

ਸੰਜੀਵਨੀ ਹੈ ਨੈਤਿਕ ਸਮਰਥਨ

ਮਨੁੱਖ ਇਕ ਸਮਾਜਿਕ ਪ੍ਰਾਣੀ ਹੈ। ਸਮਾਜ ਵਿਚ ਰਹਿੰਦਿਆਂ ਹਰ ਤਰ੍ਹਾਂ ਦੇ ਬੰਦਿਆਂ ਨਾਲ ਵਿਚਰ ਕੇ ਕਈ ਤਰ੍ਹਾਂ ਦੀਆਂ ਸਮੱਸਿਆਂਵਾਂ ਵਿਚੋਂ ਵੀ ਗੁਜ਼ਰਨਾ ਪੈਂਦਾ ਹੈ। ਨੈਤਿਕ ਸਮਰਥਨ (ਮੋਰਲ ਸਪੋਰਟ) ਮਨੁੱਖੀ ਜੀਵਨ ਵਿਚ ਇੱਕ ਸੰਜੀਵਨੀ ਬੂਟੀ ਦਾ ਰੁਤਬਾ ਰੱਖਦਾ ਹੈ। ਸਾਨੂੰ ਬਿਨਾਂ ਸੋਚੇ ਸਮਝੇ ਮੂੰਹੋਂ ਗੱਲ ਕੱਢ ਕੇ ਸਾਹਮਣੇ ਵਾਲੇ ਨੂੰ ਬੜੀ ਦੁਬਿਧਾ ਵਿਚ ਪਾਉਣ ਦੀ ਬਜਾਏ ਆਪਣੇ ਮੂੰਹੋਂ ਸ਼ਬਦ ਬੜੀ ਗੰਭੀਰਤਾ ਨਾਲ ਸੋਚ ਵਿਚਾਰ ਕੇ ਉਸ ਦੇ ਖਰੇ ਖੋਟੇ ਪ੍ਰਭਾਵ ਨੂੰ ਘੋਖ ਕੇ ਹੀ ਕੱਢਣੇ ਚਾਹੀਦੇ ਹਨ। ਇਹੀ ਮਨੁੱਖ ਦਾ ਸਦਾਚਾਰ ਹੋਣਾ ਚਾਹੀਦਾ ਹੈ। ਸਾਨੂੰ ਕਿਸੇ ਨਾਲ ਗੱਲ ਕਰਨ ਤੋਂ ਪਹਿਲਾਂ ਉਸ ਦੀ ਭਾਵਨਾ ਪੜ੍ਹਨ ਦਾ ਸਲੀਕਾ ਹੋਣਾ ਚਾਹੀਦਾ ਹੈ। ਹਮੇਸ਼ਾ ਸੋਚ ਸਮਝ ਕੇ ਠਰ੍ਹੰਮੇ ਨਾਲ ਗੱਲ ਕਰਨੀ ਚਾਹੀਦੀ ਹੈ। ਹਮੇਸ਼ਾ ਨੈਤਿਕ ਸਮਰਪਣ ਵਿਚੋਂ ਹੀ ਨੈਤਿਕ ਸਮਰਥਨ ਉਪਜਦਾ ਹੈ। ਇਹ ਦੋਵੇਂ ਤੱਥ ਇੱਕ ਦੂਜੇ ਨਾਲ ਹੀ ਸੰਪੂਰਨ ਹੁੰਦੇ ਹਨ। ਸਮਝ ਲੈਣਾ ਚਾਹੀਦਾ ਹੈ ਕਿ ਨੈਤਿਕ ਸਮਰਥਨ ਆਸਰਾ ਦੇਣਾ ਹੁੰਦਾ ਹੈ। ਨੈਤਿਕ ਸਮਰਥਨ ਦੀ ਵਧੇਰੇ ਲੋੜ ਘੱਟ ਗਿਆਨਵਾਨ ਅਤੇ ਮਾਨਸਿਕ ਕੰਮਜ਼ੋਰ ਨੂੰ ਹੁੰਦੀ ਹੈ। ਜੋ ਹਾਲਾਤਾਂ ਤੋਂ ਭੱਜ ਜਾਂਦੇ ਹਨ ਮੁਕਾਬਲਾ ਨਹੀਂ ਕਰ ਸਕਦੇ, ਉਹਨਾਂ ਲਈ ਨੈਤਿਕ ਸਮਰਥਨ ਵਧੇਰੇ ਰਾਮਬਾਣ ਹੁੰਦਾ ਹੈ। ਸਮਾਜ ਵਿਚ ਵਿਚਰਦਿਆਂ ਨੈਤਿਕ ਸਮਰਥਨ ਦੀ ਲੋੜ ਰੋਗੀਆਂ, ਆਰਥਿਕ, ਸਮਾਜਿਕ ਪੱਖੋਂ ਅਤੇ ਮਾਨਸਿਕ ਪੱਖੋਂ ਲੋਕਾਂ ਨੂੰ ਪੈਂਦੀ ਹੈ।

-ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ