08-03-26
ਅਜੇ ਜਿਉਂਦਾ ਹਾਂ
ਲੇਖਕ : ਸੁਰਿੰਦਰ ਗਿੱਲ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 220 ਰੁਪਏ, ਸਫ਼ੇ : 115
ਸੰਪਰਕ : 99154-73505

ਸੁਰਿੰਦਰ ਗਿੱਲ ਪੰਜਾਬੀ ਦਾ ਪੁਰਾਣਾ, ਚਰਚਿਤ ਤੇ ਪ੍ਰਬੁੱਧ ਸ਼ਾਇਰ ਹੈ ਜਿਸ ਨੇ ਕਵਿਤਾ ਦੀ ਹਰ ਵੰਨਗੀ ਨੂੰ ਛੋਹਿਆ ਹੈ। ਖੁੱਲ੍ਹੀ ਕਵਿਤਾ, ਗੀਤ ਤੇ ਗ਼ਜ਼ਲ ਉਸ ਦੀਆਂ ਮਨਭਾਉਂਦੀਆਂ ਵਿਧਾਵਾਂ ਹਨ। ਪੰਜਾਬੀ ਸਾਹਿਤ ਨੂੰ ਦਰਜਨ ਦੇ ਕਰੀਬ ਪੁਸਤਕਾਂ ਦੇਣ ਵਾਲੇ ਗਿੱਲ ਨੂੰ ਵਾਰਤਕ ਲਿਖਣ ਵਿਚ ਵੀ ਮੁਹਾਰਤ ਹਾਸਿਲ ਹੈ। ਅੱਜਕੱਲ੍ਹ ਉਸ ਨੇ ਆਪਣੀਆਂ ਸਰਗਰਮੀਆਂ ਨੂੰ ਘਟਾਇਆ ਹੋਇਆ ਹੈ ਸ਼ਾਇਦ ਸੰਬੰਧਿਤ ਪੁਸਤਕ ਦੇ ਸਿਰਲੇਖ ਰਾਹੀਂ ਉਸ ਨੇ ਮਿੱਤਰ-ਪਿਆਰਿਆਂ ਨੂੰ ਇਹ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਮੈਂ ਅਜੇ ਸਹੀ-ਸਲਾਮਤ ਹਾਂ। ਇਸ ਸੰਗ੍ਰਹਿ ਦੀ ਪਹਿਲੀ ਕਵਿਤਾ 'ਮੈਂ ਜਿਉਂਦਾ ਹਾਂ' ਵੀ ਸ਼ਾਇਰ ਦੀ ਇਸੇ ਧਾਰਨਾ ਨੂੰ ਵਿਸਤਰਿਤ ਕਰਦੀ ਹੈ। ਜ਼ਿੰਦਗੀ ਭਰ ਸੂਹੀ ਸੋਚ ਨੂੰ ਸਮਰਪਿਤ ਗਿੱਲ ਆਪਣੀ ਦੂਸਰੀ ਕਵਿਤਾ 'ਸਵੈਮਾਣ' ਵਿਚ ਉਪਰਾਮ ਮਹਿਸੂਸ ਹੁੰਦਾ ਹੈ। ਉਂਝ ਇਸ ਵਿਚ ਜੂਝਦੇ ਰਹਿਣ ਦਾ ਸੰਦੇਸ਼ ਵੀ ਬੜਾ ਗੂੜ੍ਹਾ ਹੈ। ਸ਼ਾਇਰ ਆਪਣੀ ਉਮਰ ਦੇ ਅੱਠਵੇਂ ਦਹਾਕੇ ਵਿਚ ਬੇਲਿਹਾਜ਼ਾ ਹੋ ਗਿਆ ਜਾਪਦਾ ਹੈ ਤੇ ਆਪਣੀਆਂ ਕੱਚੀਆਂ-ਪੱਕੀਆਂ ਰਚਨਾਵਾਂ ਦਾ ਪ੍ਰਚਾਰ ਕਰ ਰਹੇ ਸ਼ਾਇਰਾਂ ਨੂੰ ਉਹ ਨਜ਼ਮ 'ਕਵਿਤਾ ਤੇ ਵਿਗਿਆਪਨ' ਵਿਚ ਲੰਮੇ ਹੱਥੀਂ ਲੈਂਦਾ ਹੈ। ਦਰਅਸਲ 'ਅਜੇ ਜਿਉਂਦਾ ਹਾਂ' ਦੀਆਂ ਨਜ਼ਮਾਂ ਰਾਹੀਂ ਸੁਰਿੰਦਰ ਗਿੱਲ ਬੀਤੇ ਨਾਲ ਜੁੜਦਾ ਹੈ, ਟੁੱਟਦਾ ਹੈ ਤੇ ਗੁਆਚਦਾ ਹੈ। ਲੰਘੀਆਂ ਬਸੰਤਾਂ ਤੇ ਪੱਤਝੜਾਂ ਨੂੰ ਆਪਣੀ ਕਲਪਨਾ ਵਿਚ ਨਿਹਾਰ ਕੇ ਤੇ ਕਾਗ਼ਜ਼ ਉੱਤੇ ਝਰੀਟ ਕੇ ਉਸ ਨੂੰ ਅਨੰਦ ਦੀ ਪ੍ਰਾਪਤੀ ਹੁੰਦੀ ਹੈ। ਇਸ ਅਵਸਥਾ ਵਿਚ ਮਨੁੱਖ ਖ਼ਾਸਕਰ ਸ਼ਾਇਰ ਦੁਨੀਆ ਨੂੰ ਊਟ-ਪਟਾਂਗ ਸੁਪਨੇ ਤੋਂ ਵੱਧ ਕੁਝ ਨਹੀਂ ਸਮਝਦਾ। ਉਸ ਦੀ ਚੜ੍ਹਦੀ ਉਮਰ ਦੇ ਗਵਾਹ ਉਸ ਨੂੰ ਫੁੱਲ ਵੀ ਯਾਦ ਹਨ, ਮਹਿਕਾਂ ਤੇ ਤਿਤਲੀਆਂ ਵੀ। 'ਦੋਸਤੀ ਦੀ ਚਿਣਗ' ਨਜ਼ਮ ਵਿਚ ਉਹ ਕਾਲਜ ਦੇ ਦਿਨਾਂ ਦੇ ਸਹਿਪਾਠੀਆਂ ਨੂੰ ਯਾਦ ਕਰਦਾ ਹੈ, ਕਿਤੇ ਨਾ ਕਿਤੇ ਉਸ ਦੇ ਦਿਲ ਵਿਚ ਅਫ਼ਸੋਸ ਹੈ ਕਿ ਉਹ ਦਿਨ ਪਰਤਣ ਵਾਲੇ ਨਹੀਂ ਹਨ। ਕੁੱਲ ਮਿਲਾ ਕੇ ਇਹ ਪੁਸਤਕ ਸੁਰਿੰਦਰ ਗਿੱਲ ਦੀਆਂ ਯਾਦਾਂ ਦੀ ਪਿਛਲਝਾਤ ਹੈ। ਸੁਰਿੰਦਰ ਗਿੱਲ ਦੀ ਲੰਮੀ ਉਮਰ ਹੋਵੇ ਤੇ ਉਹ ਇਨ੍ਹਾਂ ਯਾਦਾਂ ਦੀ ਉਂਗਲ ਫੜ ਕੇ ਤੁਰਿਆ ਰਹੇ ਤੇ ਮੁਸਕਰਾਉਂਦਾ ਰਹੇ।
-ਗੁਰਦਿਆਲ ਰੌਸ਼ਨ
ਮੋਬਾਈਲ : 99884-44002
ਅੱਗ ਦਾ ਸਫ਼ਰ
ਲੇਖਕ : ਸ਼ਿਵ ਕੁਮਾਰ ਬਟਾਲਵੀ
ਸੰਪਾਦਕ : ਗੁਲਜ਼ਾਰ ਸਿੰਘ ਸੰਧੂ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 350 ਰੁਪਏ, ਸਫ਼ੇ : 167
ਸੰਪਰਕ : 0172-5027427

ਗੁਲਜ਼ਾਰ ਸਿੰਘ ਸੰਧੂ ਪੰਜਾਬੀ ਸਾਹਿਤ ਦੇ ਬੜੇ ਸੂਝਵਾਨ, ਮੰਨੇ-ਪ੍ਰਮੰਨੇ ਵਿਦਵਾਨ, ਚਮਕਦੇ ਸਿਤਾਰੇ ਹਨ। ਵਿਚਾਰਧੀਨ ਪੁਸਤਕ ਵਿਚ ਉਨ੍ਹਾਂ ਨੇ ਸ਼ਿਵ ਕੁਮਾਰ ਬਟਾਲਵੀ ਦੀਆਂ ਸਮੁੱਚੀਆਂ ਕਾਵਿ-ਰਚਨਾਵਾਂ (ਪੀੜਾਂ ਦਾ ਪਰਾਗਾ 1960, ਲਾਜਵੰਤੀ 1961, ਆਟੇ ਦੀਆਂ ਚਿੜੀਆਂ 1962, ਮੈਨੂੰ ਵਿਦਾ ਕਰੋ 1963, ਬਿਰਹਾ ਤੂੰ ਸੁਲਤਾਨ 1964, ਮੈਂ ਤੇ ਮੈਂ 1973) ਤੱਕ ਦੀਆਂ ਚੋਣਵੀਆਂ ਕਾਵਿਤਾਵਾਂ ਦਾ ਮੁੱਲਵਾਨ ਸੰਪਾਦਨ ਕੀਤਾ ਹੈ, ਪੁਸਤਕ ਦੇ ਅੰਤ ਵਿਚ ਸ਼ਿਵ ਦਾ ਸ਼ਾਹਕਾਰ 'ਲੂਣਾ' ਨੂੰ ਇਸ ਪੁਸਤਕ ਦਾ ਸ਼ਿੰਗਾਰ ਬਣਾਇਆ ਹੈ। ਜਗਦੀਪ ਗਰਚਾ ਵਲੋਂ ਹਰ ਰਚਨਾ ਨਾਲ ਢੁਕਵਾਂ ਚਿਤਰਾਂਕਣ ਕਰਕੇ ਸੋਨੇ 'ਤੇ ਸੁਹਾਗਾ ਕਰ ਵਿਖਾਇਆ ਹੈ। ਸਾਰੀ ਦੀ ਸਾਰੀ ਪੁਸਤਕ ਵਿਚ ਉੱਤਮ-ਪੁਰਖੀ/ਕਿਧਰੇ ਕਿਧਰੇ ਅਨੁਯ ਪੁਰਖੀ ਸ਼ੈਲੀ ਵਿਚ ਕਾਵਿ-ਨਾਇਕਾਂ/ਨਾਇਕਾਵਾਂ ਦੀ ਮਾਨਸਿਕ ਅਵਸਥਾ ਦਾ ਨਿਰੂਪਨ ਕੀਤਾ ਗਿਆ ਹੈ। ਇੰਜ ਇਹ ਰਚਨਾ ਬਿਰਹਾ ਦੀ ਅੱਗ ਨਾਲ ਤਪਦੀ ਅੰਗੀਠੀ ਹੀ ਤਾਂ ਹੈ। ਕਾਮੁਕ ਸਮੱਸਿਆਵਾਂ ਦੇ ਸਿਰਜਣ ਸਮੇਂ ਕਿਧਰੇ ਵੀ ਨੰਗੇਜ਼ ਬਿਰਤਾਂਤ ਨਹੀਂ, ਸ਼ਬਦ ਢਕੇ ਰਹਿ ਜਾਂਦੇ ਨੇ, ਅਰਥ ਨੰਗੇ ਹੋ ਜਾਂਦੇ ਨੇ, ਇਹੋ ਤਾਂ ਕਲਾਤਮਿਕਤਾ ਹੈ। ਗੀਤਾਂ ਦੀ ਬਣਤਰ ਅਤੇ ਬੁਣਤਰ ਵਿਚ ਬਿਰਤਾਂਤਕ ਬਾਰਬਾਰਤਾ (ਨਰੈਟਿਵ ਫਰੀਕੂਐਂਸੀ) ਕਾਰਜਸ਼ੀਲ ਹੈ। ਪੰਜਾਬੀ ਰਸਮਾਂ ਰਿਵਾਜਾਂ ਅਤੇ ਸਮੁੱਚੇ ਸੱਭਿਆਚਾਰ ਵਿਚੋਂ ਬਿੰਬਾਵਲੀ, ਅਲੰਕਾਰਾਂ ਆਦਿ ਦੀ ਭਰਪੂਰ ਹੈ। ਭਾਵ ਅੱਗ ਦੀ ਸੱਪਣੀ, ਸੁਨਪੇ ਦੀ ਸੱਪਣੀ, ਅੱਗ ਦਾ ਮਿਰਗ (ਕਾਮ) ਚੇਤਰ, ਮਹਿਕ, ਖੁਸ਼ਬੋ, ਚੁੰਮਣ, ਤੀਰਥ ਆਦਿ। ਕਾਵਿ-ਨਾਇਕਾਵਾਂ ਦੇ ਬੋਲਾਂ ਰਾਹੀਂ ਸੰਵੇਦਨਸ਼ੀਲ, ਹਿਰੇਦਵੇਧਕ ਗੀਤਾਂ ਦੀ ਸ਼ਮੂਲੀਅਤ ਵੀ ਹੈ। ਪ੍ਰਕਿਰਤਕ ਦ੍ਰਿਸ਼ਾਂ ਦਾ ਕਮਾਲ ਦਾ ਪ੍ਰਯੋਗ ਹੈ। ਕਵੀ ਨੂੰ ਆਪਣੇ ਗੀਤਾਂ ਲਈ ਯੋਗ ਵਾਤਾਵਰਨ ਸਿਰਜਣ ਦਾ ਹੁਨਰ ਹਾਸਲ ਹੈ। ਹਰ ਗੀਤ ਦਾ 'ਕੇਂਦਰੀ ਸੂਤਰ' ਹੈ, ਜਿਸ ਦੇ ਦੁਆਲੇ ਉਸ ਦੇ ਗੀਤ ਪ੍ਰਕਰਮਾ ਕਰਦੇ ਹਨ। ਕਈ ਗੀਤ ਪ੍ਰਤੀਬਿੰਬਤ ਚੇਤਨਾ ਨਾਲ ਸ਼ੁਰੂ ਹੋਕੇ ਅਪ੍ਰਤਿਬਿੰਬਤ ਚੇਤਨਾ ਨਾਲ ਅੰਤ ਨੂੰ ਅਪੜਦੇ ਨੇ ਜਾਂ ਇਸ ਦੇ ਉਲਟ ਵੀ ਸੰਭਵ ਹਨ। ਸਹਿਜ ਸੁਭਾਅ ਹੀ ਰੁਮਾਂਟਿਕਤਾ ਨਾਲ ਬੌਧਿਕ ਸੰਕੇਤ ਵੀ ਰੂਪਮਾਨ ਹੋਏ ਵੇਖੇ ਜਾ ਸਕਦੇ ਹਨ। ਕਈ ਗੀਤ 'ਸਾਡੇ' (ਬਹੁਵਚਨ) ਨਾਲ ਆਹੰਤ ਹੋ ਕੇ 'ਮੈਂ' ਵਿਚ ਕਰਵਟ ਲੈ ਜਾਂਦੇ ਹਨ। ਕਈ ਗੀਤਾਂ ਦਾ ਆਰੰਭ ਜਿਵੇਂ ਹੁੰਦਾ ਹੈ, ਉਸ ਸ਼ਬਾਦਵਲੀ ਨਾਲ ਹੀ ਬੰਦ ਹੋ ਜਾਂਦੇ ਹਨ। ਅਜਿਹੀ ਤਕਨੀਕ ਨੂੰ ਇੰਜ ਬਿਆਨ ਕੀਤਾ ਜਾ ਸਕਦਾ ਹੈ, 'ਰਾਤੀਂ ਜੀਹਦੇ ਖਿਆਲ ਦੇ ਨਾਲ ਸੁੱਤੇ, ਸਵੇਰ ਉਸ ਦੇ ਖਿਆਲ ਦੇ ਨਾਲ ਜਾਗੇ', ਸ਼ੀਸ਼ੋ ਤਿੱਥਾਂ ਅਨੁਸਾਰ ਲੰਮੇਰੀ ਕਵਿਤਾ ਹੈ। ਉਸ ਦੀ ਮਨਮੋਹਕ ਸੁੰਦਰਤਾ ਦਾ ਰੱਜ ਕੇ ਬਿਆਨ ਕੀਤਾ ਗਿਆ ਹੈ।
ਚੋਣਵੀਆਂ ਫੁਟਕਲ ਰਚਨਾਵਾਂ/ ਗੀਤਾਂ ਤੋਂ ਬਾਅਦ (ਜਿਨ੍ਹਾਂ ਵਿਚ ਵਹਿੰਦੀ ਨਦੀ ਦਾ ਵਹਾਓ ਹੈ) ਸ਼ਾਹਕਾਰ 'ਲੂਣਾ' ਦਾ ਸਮੁੱਚਾ ਸੰਗ੍ਰਹਿ ਸ਼ਾਮਿਲ ਕੀਤਾ ਗਿਆ ਹੈ। ਸਵਾਲਾਂ ਦਾ ਸਵਾਲ ਹੈ ਇਸ ਕਾਵਿ-ਸੰਗ੍ਰਹਿ ਨੂੰ ਕਿਸ ਕਾਵਿ-ਵੰਨਗੀ ਵਿਚ ਸਮਝਿਆ ਜਾਵੇ। ਮਹਾਂ-ਕਾਵਿ, ਨਾਟ-ਕਾਵਿ, ਕਾਵਿ-ਨਾਟ ਜਾਂ ਗੀਤ-ਕਾਵਿ, ਪਰ ਇਸ ਵਿਚ ਕੋਈ ਸ਼ੱਕ ਨਹੀਂ ਕਿ ਇਹ ਬਿਰਤਾਂਤਕ ਕਾਵਿ ਹੈ ਕਿਉਂਕਿ ਇਸ ਵਿਚ ਘਟਨਾਵਾਂ ਹੀ ਕਥਾਨਕ ਦੀ ਉਸਾਰੀ ਕਰਦੀਆਂ ਨੇ। ਪੂਰਨ ਦੇ ਕਿੱਸੇ ਤਾਂ ਪਹਿਲਾਂ ਵੀ ਕਿੱਥੇ ਗਏ ਹਨ, ਸ਼ਿਵ ਨੇ ਲੂਣਾ ਨੂੰ ਵੱਖਰੇ ਸੰਦਰਭ ਵਿਚ ਪੇਸ਼ ਕਰਕੇ ਨਵੀਂ ਪਿਰਤ ਪਾਈ ਹੈ। ਸੰਸਾਰ ਪ੍ਰਸਿੱਧ ਚਿੰਤਕ ਟੀ.ਐਸ. ਇਲੀਅਟ ਦਾ ਕਥਨ ਹੈ (ਕਿਤਾਬਾਂ ਵਿਚੋਂ ਕਿਤਾਬਾਂ ਜਨਮ ਲੈਂਦੀਆਂ ਹਨ, ਰਚਨਾਵਾਂ ਵਿਚੋਂ ਰਚਨਾਵਾਂ ਸ਼ਿਵ ਦੇ ਇਸ ਗੀਤ ਦੇ ਬੋਲਾਂ ਦੀ (ਅਸਾਂ ਤਾਂ ਜੋਬਨ ਰੁੱਤੇ ਮਰਨਾ) ਭਵਿੱਖ ਦੀ ਸੱਚਾਈ ਹੋ ਨਿਬੜੀ ਹੈ। ਉਸ ਦਾ ਜੀਵਨ 23 ਜੁਲਾਈ, 1936 ਤੋਂ 6ਮਈ 1973 ਤੱਕ ਰਿਹਾ। ਇਵੇਂ ਹੀ ਰੁਮਾਂਟਿਕ ਕਵੀ ਜਾਹਨ ਕੀਟਸ ਦਾ ਜੀਵਨ (31 ਅਕਤੂਬਰ 1975-23 ਫਰਵਰੀ, 1821) ਤੱਕ ਰਿਹਾ। ਅਜੀਬ ਸਾਂਝ ਹੈ, ਦੋਵਾਂ ਦਾ ਜੀਵਨ ਦੁੱਖਾਂ ਭਰਿਆ, ਨਿਰਾਸ਼ਾ ਵਿਚ ਬੀਤਿਆ। ਪਰ ਦੋਵਾਂ ਦੀਆਂ ਰਚਨਾਵਾਂ ਉਨ੍ਹਾਂ ਨੂੰ ਰਹਿੰਦੀ ਦੁਨੀਆ ਤੱਕ ਅਮਰ ਕਰ ਗਈਆਂ। ਪੂਰਨ ਲੂਣਾ ਨੂੰ ਪ੍ਰਸਥਿਤੀਆਂ ਵੱਲ ਵਸ ਆਦਰਸ਼ ਪਿਾਰ, ਪਲੈਟਾਨਿਕ ਲਵ ਹੀ ਕਰਦਾ ਰਹਿ ਗਿਆ। ਲੂਣਾ ਦੀ ਜਵਾਨੀ ਅਸੰਤੁਸ਼ਟ ਹੀ ਰਹਿ ਗਈ। ਹੇਠਲੀਆਂ ਚੋਣਵੀਆਂ ਪੰਕਤੀਆਂ ਵਿਚ ਕੇਡਾ ਸੱਚ ਬਿਆਨ ਕੀਤਾ ਗਿਆ ਹੈ:
ਪਿਤਾ ਜੇ ਧੀ ਦਾ ਰੂਪ ਹੰਢਾਵੇ
ਤਾਂ ਲੋਕਾਂ ਨੂੰ ਲਾਜ ਨਾ ਆਵੇ
ਜੇ ਲੂਣਾ ਪੂਰਨ ਨੂੰ ਚਾਹਵੇ
ਚ੍ਰਿਤਰਹੀਣ ਕਹੇ ਕਿਉਂ
ਜੀਭ ਜਹਾਨ ਦੀ। (ਪੰ. 145)
-ਡਾ. ਧਰਮ ਚੰਦ ਵਾਤਿਸ਼
ਮੋਬਾਈਲ : 98144-46007
ਮੈਂ ਉਹੀ ਹਾਂ
ਲੇਖਕ : ਦੇਵਿੰਦਰ ਬਿਮਰਾ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 136
ਸੰਪਰਕ : 98141-18345

ਦੇਵਿੰਦਰ ਬਿਮਰਾ ਸਾਹਿਤ ਜਗਤ ਦੀ ਬਹੁਤ ਹੀ ਸਨਮਾਨਯੋਗ ਸ਼ਖ਼ਸੀਅਤ ਹਨ। ਉਨ੍ਹਾਂ ਦਾ ਨਾਂਅ ਉਂਗਲਾਂ 'ਤੇ ਗਿਣੇ ਜਾਣ ਵਾਲੇ ਉਨ੍ਹਾਂ ਕੁਝ ਗਿਣਤੀ ਦੇ ਕਲਮਕਾਰਾਂ ਵਿਚ ਲਿਆ ਜਾਂਦਾ ਹੈ, ਜਿਨ੍ਹਾਂ ਨੂੰ ਪਾਠਕ ਪੜ੍ਹਨਾ ਚਾਹੁੰਦੇ ਹਨ ਅਤੇ ਜਿਨ੍ਹਾਂ ਦੀਆਂ ਲਿਖਤਾਂ ਨੂੰ ਸਮਝਿਆ ਜਾਂਦਾ ਹੈ। ਪੁਸਤਕ ਵਿਚ ਸ਼ਾਮਿਲ ਪਹਿਲੀ ਹੀ ਕਵਿਤਾ ਵਿਚ ਉਹ ਲਿਖਦੇ ਹਨ ਕਿ ਉਹ ਆਪਣੇ ਸੁਪਨਿਆਂ ਦਾ ਸ਼ਹਿਰ ਨਿੱਤ ਖੜ੍ਹਾਅ ਲੈਂਦੇ ਹਨ ਅਤੇ ਝੱਖੜਾਂ ਜਾਂ ਹਨੇਰੀਆਂ ਤੋਂ ਉਨ੍ਹਾਂ ਨੇ ਹੋਰ ਤੇਜ਼ ਤੁਰਨਾ ਸਿੱਖ ਲਿਆ ਹੈ। ਹਨੇਰਿਆਂ ਤੋਂ ਡਰਨਾ ਜਾਂ ਹਾਰ ਮੰਨ ਲੈਣਾ ਤਾਂ ਉਨ੍ਹਾਂ ਦੇ ਸੁਭਾਅ ਵਿਚ ਸ਼ਾਮਿਲ ਹੀ ਨਹੀਂ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਡਰ ਦੀ ਬਾਦਸ਼ਾਹਤ ਹਮੇਸ਼ਾ ਨਹੀਂ ਰਹਿਣੀ ਕਿਉਂਕਿ ਇੱਕ ਦਿਨ ਇੱਕ ਅਜਿਹੀ ਹਨੇਰੀ ਆਵੇਗੀ, ਜੋ ਤਾਜ਼ਾਂ ਨੂੰ ਉਡਾ ਕੇ ਲੈ ਜਾਵੇਗੀ। ਉਹ ਹੋਕੀਂ ਦਿੰਦੇ ਹਨ ਕਿ ਲੋਕ ਉੱਠਣ ਅਤੇ ਅੱਖਾਂ ਪੂੰਝ ਕੇ ਇਸ ਸੁਪਨੇ ਨੂੰ ਸਾਕਾਰ ਕਰਨ ਲਈ ਕਾਰਜਸ਼ੀਲ ਹੋਣ। ਵਿਸ਼ਵ ਭਰ ਵਿਚ ਹੋਣ ਵਾਲੇ ਨਰਸੰਹਾਰ ਪ੍ਰਤੀ ਉਹ ਬੇਹੱਦ ਫ਼ਿਕਰਮੰਦ ਹਨ। ਕੋਈ ਕਿਸੇ 'ਤੇ ਤਰਸ ਨਹੀਂ ਕਰ ਰਿਹਾ ਅਤੇ ਜੰਗ ਨੂੰ ਸ਼ਤਰੰਜ ਦੀ ਖੇਡ ਸਮਝ ਕੇ ਖੇਡਿਆ ਜਾ ਰਿਹਾ ਹੈ। ਸਾਮਰਾਜੀ ਤਾਕਤਾਂ ਦੇ ਖ਼ਿਲਾਫ਼ ਲੜ ਰਹੇ ਜੁਝਾਰੂਆਂ ਨੂੰ ਉਹ ਹੌਸਲਾ ਦਿੰਦੇ ਹਨ ਕਿ ਮੌਸਮ ਕਦੇ ਵੀ ਇੱਕੋ ਜਿਹਾ ਨਹੀਂ ਰਹਿੰਦਾ ਪਰ ਬਹਾਰਾਂ ਦੇ ਆਉਣ ਤੱਕ ਲਾਜ਼ਮੀ ਹੈ ਕਿ ਅਸੀਂ ਪੱਤਝੜਾਂ ਦੇ ਮੁਕੰਮਲ ਖ਼ਾਤਮੇ ਲਈ ਵਚਨਬੱਧ ਰਹੀਏ ਅਤੇ ਆਪਣੇ ਆਲੇ-ਦੁਆਲੇ ਨੂੰ ਨਿਰਾਸ਼ ਨਾ ਹੋਣ ਦੇਈਏ। ਦੇਵਿੰਦਰ ਬਿਮਰਾ ਸੱਚਮੁੱਚ ਹੀ ਅਜੋਕੇ ਵਿਸ਼ਵੀਕਰਨ ਦੇ ਦੌਰ ਵਿਚ ਉਮੀਦ ਦੀ ਕਿਰਨ ਦਿਖਾਈ ਦਿੰਦੇ ਹਨ। ਉਨ੍ਹਾਂ ਦੀ ਤੰਦਰੁਸਤ ਅਤੇ ਲੰਬੀ ਉਮਰ ਦੀ ਕਾਮਨਾ ਕਰਦਿਆਂ ਮੈਂ ਉਨ੍ਹਾਂ ਦੇ ਇਸ ਯਤਨ ਨੂੰ ਸਿਜਦਾ ਕਰਦਾ ਹਾਂ। ਨਮੂਨੇ ਵਜੋਂ ਮੈਂ ਉਨ੍ਹਾਂ ਦੀ ਇੱਕ ਕਵਿਤਾ ਪਾਠਕਾਂ ਦੇ ਸਨਮੁੱਖ ਕਰਨ ਦੀ ਖ਼ੁਸ਼ੀ ਲੈ ਰਿਹਾ ਹਾਂ:
ਅੱਜ ਨਹੀਂ ਤਾਂ ਕੱਲ੍ਹ
ਇਨ੍ਹਾਂ ਦਾ ਸਮਾਂ ਵੀ ਆਏਗਾ
ਕੀ ਹੋਇਆ
ਜੇ ਚੁੱਪ ਬੈਠੇ ਹਨ
ਫਿਲਹਾਲ
ਦਾਤੀ ਹਥੌੜਾ
ਤੇਸਾ ਅਤੇ ਰੰਬਾ।
-ਕਰਮ ਸਿੰਘ ਜ਼ਖ਼ਮੀ
ਸੰਪਰਕ : 98146-28027
51 ਕਹਾਣੀਆਂ
ਲੇਖਕ : ਜਿੰਦਰ
ਪ੍ਰਕਾਸ਼ਕ : ਨਵਯੁੱਗ ਪਬਲਿਸ਼ਰਜ਼, ਨਵੀਂ ਦਿੱਲੀ
ਮੁੱਲ : 900 ਰੁਪਏ, ਸਫ਼ੇ : 565
ਸੰਪਰਕ : 98148-03254

ਜਿੰਦਰ ਦਾ ਨਾਂਅ ਨਵੀਂ ਪੰਜਾਬੀ ਕਹਾਣੀ ਵਿਚ ਅਹਿਮ ਸਥਾਨ ਰੱਖਦਾ ਹੈ। ਉਸ ਦੇ ਸਾਹਿਤਕ ਸਫ਼ਰ ਵਿਚ ਕਹਾਣੀ ਦੇ ਨਾਲ-ਨਾਲ ਸਫ਼ਰਨਾਮਾ ਤੇ ਸਵੈ-ਜੀਵਨੀ ਲਿਖਣ ਵੀ ਸ਼ਾਮਿਲ ਹੈ ਜਿਨ੍ਹਾਂ ਵਿਚ ਉਸ ਦਾ ਰੰਗ ਵੱਖਰਾ ਹੈ ਪਰ ਜਦੋਂ ਅਸੀਂ ਜਿੰਦਰ ਦੀ ਕਹਾਣੀ ਦੀ ਗੱਲ ਕਰਦੇ ਹਾਂ ਤਾਂ ਉਸ ਦੀ ਇਸ ਕਹਾਣੀ-ਸੰਗ੍ਰਹਿ ਵਿਚ ਬਹੁਤ ਸਾਰੇ ਰੰਗ ਦਿਖਾਈ ਦਿੰਦੇ ਹਨ ਜਿਨ੍ਹਾਂ ਕਰਕੇ ਪੰਜਾਬੀ ਕਹਾਣੀ ਵਿਚ ਉਹ ਆਪਣੀ ਵੱਖਰੀ ਹੋਂਦ ਸਥਾਪਿਤ ਕਰਦਾ ਹੈ। ਉਸ ਦੀਆਂ ਕਹਾਣੀਆਂ ਮਨੁੱਖੀ ਰਿਸ਼ਤਿਆਂ ਦੀ ਵਿਚਿੱਤਰਤਾ ਨੂੰ ਪੇਸ਼ ਕਰਨ ਦੇ ਨਾਲ-ਨਾਲ ਸਮਾਜਿਕ ਤੇ ਮਾਨਸਿਕ ਸਮੀਕਰਨਾਂ ਨੂੰ ਵੀ ਉਭਾਰਦੀਆਂ ਹਨ। ਇਹ ਕਹਾਣੀਆਂ ਜਿਥੇ ਉਸ ਦੀ ਰਚਨਾਤਮਿਕ ਸੰਵੇਦਨਾ ਅਤੇ ਯਥਾਰਥਵਾਦੀ ਕਥਾ ਦ੍ਰਿਸ਼ਟੀ ਨੂੰ ਸਾਹਮਣੇ ਲੈ ਕੇ ਆਉਂਦੀਆਂ ਹਨ ਉੱਥੇ ਹੀ ਇਨ੍ਹਾਂ ਵਿਚ ਉਸ ਦੀਆਂ ਉਹ ਬਿਰਤਾਂਤਿਕ ਜੁਗਤਾਂ ਵੀ ਨਜ਼ਰ ਆਉਂਦੀਆਂ ਹਨ ਜਿਸ ਰਾਹੀਂ ਉਹ ਜਟਿਲ ਮਨੁੱਖੀ ਮਾਨਸਿਕਤਾ ਨੂੰ ਸਹਿਜੇ ਹੀ ਪਾਠਕਾਂ ਸਾਵੇਂ ਫਰੋਲ ਦਿੰਦਾ ਹੈ। ਫਿਰ ਚਾਹੇ ਉਹ 'ਆਵਾਜ਼ਾਂ' ਕਹਾਣੀ ਵਿਚਲੇ ਪਾਤਰ ਔਰੰਗਜ਼ੇਬ ਦੀ ਮਾਨਸਿਕਤਾ ਹੋਵੇ ਜੋ ਇਤਿਹਾਸ ਵਿਚ ਚਿਤਰੇ ਆਪਣੇ ਚਰਿੱਤਰ 'ਚੋਂ ਬਾਹਰ ਨਿਕਲ ਕੇ ਆਪਣੇ ਮਨ ਦੀ ਅੰਦਰਲੀ ਆਵਾਜ਼ ਸੁਣਾਉਣ ਲਈ ਬੇਚੈਨ ਨਜ਼ਰ ਆਉਂਦਾ ਹੈ ਜਾਂ ਫਿਰ 'ਮਾਤੇਸ਼ੀ' ਅਤੇ 'ਸ਼ੀਤ ਯੁੱਧ' ਦੇ ਮੈਂ ਪਾਤਰਾਂ ਦੇ ਮਨ ਦੀਆਂ ਉਨ੍ਹਾਂ ਪੇਚੀਦਗੀਆਂ ਦੀ ਗੱਲ ਹੋਵੇ ਜੋ ਉਹ ਸਮਝਣ ਤੇ ਸਮਝਾਉਣ ਵਿਚ ਅਸਮਰੱਥ ਜਿਹਾ ਮਹਿਸੂਸ ਕਰਦੇ ਹਨ। 'ਦਰਦ' ਕਹਾਣੀ ਦਾ ਮੈਂ ਪਾਤਰ ਆਪਣੇ ਅੰਦਰ ਕਿਧਰੇ ਐਸੇ ਜ਼ਖ਼ਮ ਲੁਕੋਈ ਬੈਠਾ ਹੈ ਜਿਹੜੇ ਕਿ ਨਾਸੂਰ ਬਣ ਚੁੱਕੇ ਹਨ। ਉਸ ਦੀਆਂ ਪਰਤਾਂ ਫਰੋਲਦਿਆਂ ਕਹਾਣੀਕਾਰ ਨੂੰ ਜਾਪਦਾ ਹੈ ਕਿ ਸਭ ਤੋਂ ਡੂੰਘੀ ਪਰਤ ਵਿਚ ਉਸ ਦਾ ਉਸ ਹਿੰਦੂ ਕੁੜੀ ਲਈ ਪਿਆਰ ਛੁਪਿਆ ਹੈ ਜਿਸ ਤੋਂ ਵਿਛੜਨ ਦਾ ਦਰਦ ਲਈ ਉਹ ਅੱਜ ਵੀ ਕਿਸੇ ਇੰਤਜ਼ਾਰ ਵਿਚ ਬੈਠਾ ਹੈ। 'ਡਰ' ਪੀੜ੍ਹੀ-ਪਾੜੇ ਨੂੰ ਖੂਬਸੂਰਤੀ ਨਾਲ ਪੇਸ਼ ਕਰਦੀ ਕਹਾਣੀ ਹੈ ਜਿਸ ਦਾ ਸੁਨੇਹਾ ਸਪੱਸ਼ਟ ਹੈ ਕਿ ਹਰ ਆਉਣ ਵਾਲੀ ਪੀੜ੍ਹੀ ਪਿਛਲੀ ਨਾਲੋਂ ਜ਼ਿਆਦਾ ਅਤੇ ਦੋ ਕਦਮ ਅੱਗੇ ਸੋਚਦੀ ਹੈ। ਕਹਾਣੀ 'ਜੋਗੀ' ਦਾ ਮੈਂ ਪਾਤਰ' ਮਾਂ ਦੇ ਪਿਆਰ ਲਈ ਭਟਕਦਾ ਹਰੇਕ ਔਰਤ ਵਿਚੋਂ ਸ਼ਾਇਦ ਮਾਂ ਦੀ ਤਲਾਸ਼ ਕਰਦਾ ਹੈ। ਸਮਾਜ ਦਾ ਉਸ ਦੇ ਚਰਿੱਤਰ ਪ੍ਰਤੀ ਨਜ਼ਰੀਆ ਵੱਖਰਾ ਹੈ ਪਰ ਉਸ ਦੇ ਅੰਦਰ ਦੀ ਥਾਹ ਕੋਈ ਨਹੀਂ ਪਾਉਂਦਾ। 'ਹਾਫ਼ ਟਾਈਮ' ਇਸੇ ਰੰਗ ਦੀ ਕਹਾਣੀ ਹੈ ਜਿਸ ਵਿਚ ਜ਼ਿੰਦਗੀ ਨੂੰ ਜਿਊਣ ਲਈ ਅੱਗੇ ਵਧਣ ਦੀ ਗੱਲ ਕਰਦੀ ਮੈਂ ਪਾਤਰ ਦੀ ਬੇਟੀ ਉਸ ਨੂੰ 'ਹਾਫ਼ ਟਾਈਮ' ਤੋਂ ਬਾਅਦ ਦੀ ਜ਼ਿੰਦਗੀ ਜਿਊਣ ਲਈ ਪ੍ਰੇਰਿਤ ਕਰਦੀ ਹੈ। ਕਹਾਣੀ 'ਜਿੱਤ' ਸਹੀ ਅਰਥਾਂ ਵਿਚ ਕਿਸ ਦੀ ਜਿੱਤ ਤੇ ਕਿਸ ਦੀ ਹਾਰ ਹੋਈ ਇਸ ਗੱਲ 'ਤੇ ਸਵਾਲ ਖੜ੍ਹਾ ਕਰਦੀ ਹੈ। ਇਸੇ ਤਰ੍ਹਾਂ ਇਨ੍ਹਾਂ ਸਾਰੀਆਂ ਕਹਾਣੀਆਂ ਵਿਚ ਜ਼ਿੰਦਗੀ ਦੀਆਂ ਪੇਚੀਦਗੀਆਂ, ਸੰਵੇਦਨਾਵਾਂ, ਦਵੰਦ ਅਤੇ ਆਪਣੇ-ਆਪੇ ਨਾਲ ਸੰਘਰਸ਼ ਆਦਿ ਵਿਸ਼ੇ ਨੂੰ ਪੇਸ਼ ਕੀਤਾ ਗਿਆ ਹੈ ਜਿਨ੍ਹਾਂ ਵਿਚ ਕਾਫ਼ੀ ਮਨੋਵਿਗਿਆਨਕ ਛੋਹਾਂ ਨਜ਼ਰ ਆਉਂਦੀਆਂ ਹਨ। ਕੁੱਲ ਮਿਲਾ ਕੇ ਕਹਾਣੀ ਸੰਗ੍ਰਹਿ ਮਾਣਨਯੋਗ ਹੈ।
-ਡਾ. ਸੁਖਪਾਲ ਕੌਰ ਸਮਰਾਲਾ
ਮੋਬਾਈਲ : 83606-83823
ਬੀਰ ਬਚਿੱਤਰ ਸਿੰਘ ਬਮਾਲ ਦੀ ਕਵੀਸ਼ਰੀ ਕਲਾ
ਸੰਪਾਦਕ : ਗੁਲਜ਼ਾਰ ਸਿੰਘ ਸ਼ੌਂਕੀ
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨਜ਼, ਸਮਾਣਾ
ਮੁੱਲ : 300 ਰੁਪਏ, ਸਫ਼ੇ : 167
ਸੰਪਰਕ : 98552-28224

ਕਵੀਸ਼ਰੀ ਕਲਾ ਪੰਜਾਬ ਦੀ ਪਰੰਪਰਕ ਗਾਇਕੀ ਦੀ ਕਲਾ ਹੈ, ਜਿਸ ਨੂੰ ਸਟੇਜਾਂ 'ਤੇ ਖਲੋ ਕੇ ਬਗ਼ੈਰ ਕਿਸੇ ਵਿਸ਼ੇਸ਼ ਸਾਜ਼ ਤੋਂ ਛੰਦਬੰਦੀ ਵਿਚ ਸਰੋਤਿਆਂ ਦੀ ਹਾਜ਼ਰੀ ਵਿਚ ਗਾਇਆ ਜਾਂਦਾ ਹੈ। ਇਹ ਵੀ ਮੰਨਿਆ ਜਾਂਦਾ ਹੈ ਕਿ ਕਵੀਸ਼ਰੀ ਮਾਲਵੇ ਖਿੱਤੇ ਤੋਂ ਹੀ ਪੂਰੇ ਪੰਜਾਬ ਵਿਚ ਫੈਲੀ ਅਤੇ ਇਸ ਦੀ ਹਰਮਨਪਿਆਰਤਾ ਅੱਜ ਵੀ ਪੂਰੀ ਤਰ੍ਹਾਂ ਬਰਕਰਾਰ ਹੈ। ਕਵੀਸ਼ਰ ਬੀਰ ਬਚਿੱਤਰ ਸਿੰਘ ਬਮਾਲ ਬਾਰੇ ਗੁਲਜ਼ਾਰ ਸਿੰਘ ਸ਼ੌਂਕੀ ਦੁਆਰਾ ਸੰਪਾਦਿਤ ਪੁਸਤਕ 'ਬੀਰ ਬਚਿੱਤਰ ਸਿੰਘ ਬਮਾਲ ਦੀ ਕਵੀਸ਼ਰੀ ਕਲਾ' ਬੇਸ਼ੱਕ ਬਮਾਲ ਦੀ ਕਵੀਸ਼ਰੀ ਕਲਾ ਬਾਰੇ ਲਿਖੀ ਗਈ ਪੁਸਤਕ ਹੈ, ਪਰ ਇਸ ਪੁਸਤਕ ਵਿਚ ਕਵੀਸ਼ਰੀ ਦੇ ਪੈਦਾ ਹੋਣ ਅਤੇ ਹੋਰ ਕਵੀਸ਼ਰੀ ਨਾਲ ਜੁੜਨ ਬਾਰੇ ਬਹੁਤ ਹੀ ਖ਼ੂਬਸੂਰਤ ਵੇਰਵੇ ਦਰਜ ਕੀਤੇ ਗਏ ਹਨ। ਬੀਰ ਬਚਿੱਤਰ ਸਿੰਘ ਬਮਾਲ ਦਾ ਜਨਮ ਪਿਤਾ ਸ. ਚਰਨ ਸਿੰਘ ਮਾਤਾ ਵਿਯੋਗੀ ਦਾ ਬਹੁਤ ਹੀ ਪਿਆਰਾ ਸ਼ਾਗਿਰਦ ਸੀ। ਇਸ ਪੁਸਤਕ ਵਿਚ 'ਬਮਾਲ' ਦੁਆਰਾ ਕਵੀਸ਼ਰੀ ਰੰਗ ਵਿਚ ਰਚੇ ਅੱਠ ਪ੍ਰਸੰਗਾਂ ਬਾਰੇ ਜਾਣਕਾਰੀ ਇਕੱਤਰ ਕਰਕੇ ਪ੍ਰਕਾਸ਼ਿਤ ਕੀਤੀ ਗਈ ਹੈ। ਇਨ੍ਹਾਂ ਪ੍ਰਸੰਗਾਂ ਵਿਚ ਪ੍ਰਸੰਗ ਮਾਤਾ ਸੁਲੱਖਣੀ ਜੀ, ਸ਼ਹੀਦੀ ਸ੍ਰੀ ਗੁਰੂ ਤੇਗ ਬਹਾਦਰ ਜੀ, ਜੰਗ ਚਮਕੌਰ ਸਾਹਿਬ, ਛੋਟੇ ਸਾਹਿਬਜ਼ਾਦੇ, ਚਾਲੀ ਮੁਕਤੇ ਮੁਕਤਸਰ ਦੀ ਜੰਗ, ਬਾਬਾ ਬੰਦਾ ਸਿੰਘ ਬਹਾਦਰ, ਸ਼ੋਲਾਂ ਹਜ਼ਾਰ ਕੰਨਿਆ ਜੇਹਲਮ ਕਿਨਾਰੇ ਅਤੇ ਸੇਵਾ ਸਿੰਘ ਠੀਕਰੀਵਾਲ ਆਦਿ ਸ਼ਾਮਿਲ ਹਨ। ਇਹ ਸਾਰੇ ਹੀ ਪ੍ਰਸੰਗ ਵੱਖ-ਵੱਖ ਛੰਦਾਂ ਵਿਚ ਰਚੇ ਗਏ ਹਨ, ਜਿਨ੍ਹਾਂ ਦੀ ਵੰਨ-ਸੁਵੰਨਤਾ ਪਾਠਕ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕਰਦੀ ਹੈ। ਇਨ੍ਹਾਂ ਛੰਦਾਂ ਵਿਚ ਦੋਤਾਰਾ ਛੰਦ, ਸਰਪਦ ਛੰਦ, ਕਾਫ਼ੀ ਛੰਦ ਡਿਉਢਾ ਛੰਦ, ਝੋਕ ਡੰਦ, ਕੇਸਰੀ ਛੰਦ, ਕੋਰੜਾ ਛੰਦ, ਔੜਾ ਛੰਦ, ਦਵੱਈਆ ਛੰਦ ਤੋਂ ਇਲਾਵਾ ਕੁਝ ਹੋਰ ਛੰਦ ਵੀ ਬਮਾਲ ਦੀ ਕਵੀਸ਼ਰੀ ਕਲਾ ਨੂੰ ਪੇਸ਼ ਕਰਦੇ ਪੁਸਤਕ ਵਿਚ ਸ਼ਾਮਿਲ ਹਨ। ਕੁਝ ਇਕ ਗੀਤ ਵੀ ਇਸ ਪੁਸਤਕ ਵਿਚ ਸ਼ਾਮਿਲ ਕਰਕੇ ਇਸ ਵਿਚ ਵੰਨ-ਸੁਵੰਨਤਾ ਭਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਗੁਲਜ਼ਾਰ ਸਿੰਘ ਸ਼ੌਂਕੀ ਖ਼ੁਦ ਲੇਖਕ ਹੋਣ ਕਰਕੇ ਕਵੀਸ਼ਰੀ ਕਲਾ ਦੀ ਸਮਝ ਰੱਖਦਾ ਹੈ। ਇਹ ਪੁਸਤਕ ਜਿਥੇ ਕਵੀਸ਼ਰੀ ਵਿਚ ਅਹਿਮ ਮੁਕਾਮ ਰੱਖਣ ਵਾਲੇ ਕਵੀਸ਼ਰ ਬਚਿੱਤਰ ਸਿੰਘ ਬਮਾਲ ਦੀ ਕਲਾ ਨੂੰ ਪੇਸ਼ ਕਰਦੀ ਹੈ, ਉਥੇ ਕਵੀਸ਼ਰੀ ਸਿੱਖਣ ਵਾਲੇ ਕਵੀਸ਼ਰਾਂ ਲਈ ਵੀ ਲਾਹੇਵੰਦੀ ਸਾਬਿਤ ਹੋਵੇਗੀ।
-ਡਾ. ਸਰਦੂਲ ਸਿੰਘ ਔਜਲਾ
ਮੋਬਾਈਲ : 98141-68611
ਤੇਰੈ ਘਰਿ ਆਨੰਦ
(ਧਾਰਮਿਕ ਤੇ ਅਧਿਆਤਮਿਕ ਅਨੁਭਵ)
ਲੇਖਿਕਾ : ਡਾ. ਕੁਲਵਿੰਦਰ ਕੌਰ ਮਿਨਹਾਸ
ਪ੍ਰਕਾਸ਼ਨ : ਲਾਹੌਰ ਬੁੱਕ ਸ਼ਾਪ, ਲੁਧਿਆਣਾ
ਮੁੱਲ : 300 ਰੁਪਏ, ਸਫੇ : 160
ਸੰਪਰਕ : 98141-45047

ਇਸ ਕਿਤਾਬ ਵਿਚ ਲੇਖਿਕਾ ਨੇ ਆਪਣੇ ਧਾਰਮਿਕ ਤੇ ਅਧਿਆਤਮਿਕ ਅਨੁਭਵ ਵੱਖ-ਵੱਖ ਲੇਖਾਂ ਵਿਚ ਪੇਸ਼ ਕਰਕੇ ਧਰਮ ਦੇ ਪੰਧੀ ਪਾਠਕਾਂ ਨੂੰ ਅਗਵਾਈ ਦੇਣ ਦਾ ਸਫਲ ਯਤਨ ਕੀਤਾ ਹੈ। ਇਸ ਤੋ ਪਹਿਲਾਂ ਸੁਹਿਰਦ ਲੇਖਿਕਾ ਨੇ ਸਾਹਿਤ ਦੀਆਂ ਵੱਖ ਵੰਨਗੀਆਂ ਤੇ ਤਿੰਨ ਦਰਜਨ ਤੋਂ ਵੱਧ ਪੁਸਤਕਾਂ ਪਾਠਕਾਂ ਦੇ ਸਨਮੁੱਖ ਪੇਸ਼ ਕੀਤੀਆਂ ਹਨ। ਲੇਖਿਕਾ ਮੁਤਾਬਿਕ ਹਰ ਮਨੁੱਖ ਦੇ ਆਪਣੇ ਜੀਵਨ ਬਾਰੇ ਬਹੁਤ ਸਾਰੇ ਅਨੁਭਵ ਹੁੰਦੇ ਹਨ। ਜਿਨ੍ਹਾਂ ਵਿਚ ਕੁਝ ਕੌੜੇ ਤੇ ਕੁਝ ਮਿੱਠੇ। ਇਸ ਤੋਂ ਉਲਟ ਬਹੁਤ ਵਿਰਲੇ ਹੁੰਦੇ ਹਨ, ਜਿਹੜੇ ਧਾਰਮਿਕ ਤੇ ਅਧਿਆਤਮਿਕ ਬਿਰਤੀ ਵਾਲਾ ਜੀਵਨ ਜਿਊਂਦੇ ਹਨ। ਲੇਖਿਕਾ ਪੁਸਤਕ ਦੇ ਪਹਿਲੇ ਅਧਿਆਇ ਵਿਚ 'ਪਰਮਾਤਮਾ ਦੀ ਹੋਂਦ ਵਿਚ ਵਿਸਵਾਸ਼' ਪਕੇਰਾ ਕਰਨ ਵਿਚ ਜਗਿਆਸੂ ਨੂੰ ਅਗਵਾਈ ਦੇਣ ਦਾ ਯਤਨ ਕੀਤਾ ਹੈ। ਦੂਜੇ ਅਧਿਆਇ ਵਿਚ 'ਬੋਲੋ ਸੋ ਨਿਹਾਲ ਦੇ ਜੈਕਾਰੇ' ਤੇ ਜਨਮ ਸੰਬੰਧੀ ਵਿਚਾਰ ਪ੍ਰਗਟ ਕੀਤੇ ਹਨ। ਤੀਜੇ ਅਧਿਆਇ ਵਿਚ 'ਗੁਰੂ ਸਾਹਿਬਾਨ ਤੇ ਗੁਰਬਾਣੀ ਨਾਲ ਪ੍ਰੇਮ' ਦਾ ਹੋਣਾ ਵੀ ਲਾਜ਼ਮੀ ਹੈ। ਚੌਥੇ ਅਧਿਆਏ ਵਿਚ 'ਪਹੁੰਚੀਆਂ ਹੋਈਆਂ ਰੂਹਾਂ ਨਾਲ ਮਿਲਾਪ' ਨਾਲ ਜੀਵਨ ਵਿਚ ਆਉਣ ਵਾਲੇ ਬਦਲਾਓ ਦਾ ਜ਼ਿਕਰ ਹੈ। ਪੰਜਵੇਂ ਆਧਿਆਇ ਵਿਚ 'ਆਨੰਦੁ ਹੀ ਆਨੰਦੁ' ਦਾ ਅਨੁਭਵ ਸਾਂਝਾ ਕੀਤਾ ਹੈ। ਅਨੰਦ ਦਾ ਕੋਈ ਵਿਪਰੀਤ ਸ਼ਬਦ ਹੀ ਨਹੀਂ। ਛੇਵੇਂ, ਸੱਤਵੇਂ ਅਤੇ ਅੱਠਵੇਂ ਅਧਿਆਇ ਵਿਚ 'ਦਰਸ਼ਨ ਦੀਦਾਰੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਤਿਸ਼ਾਹ' ਤੇ ਸੱਚੇ ਦਿਲੋਂ ਕੀਤੀ ਅਰਦਾਸ ਦੇ ਨਾਲ 'ਮਿਲੀਆਂ ਅਸੀਸਾਂ ਅਨਮੋਲ' ਨਾਲ ਪਾਠਕਾਂ ਦਾ ਮਾਰਗ ਦਰਸ਼ਨ ਕੀਤਾ ਹੈ। ਨੌਵੇਂ ਅਧਿਆਇ 'ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਦੀਦਾਰੇ' ਵਿਚੋਂ ਅਨੁਭਵੀ ਬਚਨ, ਦਸਵੇਂ-ਗਿਆਰਵੇਂ ਅਤੇ ਬਾਹਰਵੇਂ ਅਧਿਆਏ ਵਿਚ 'ਧਰਮ ਯੁੱਧ ਮੋਰਚੇ ਦੌਰਾਨ ਜੇਲ੍ਹ ਜਾਣਾ' ਫਿਰ ਸੁਲਤਾਨਪੁਰ ਲੋਧੀ ਦੇ ਪਾਵਨ ਅਸਥਾਨ 'ਤੇ ਬੇਰੀ ਥੱਲੇ ਬੈਠ ਕੇ 'ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਨਾ, ਇਸ ਤੋਂ ਅੱਗੇ ਵੇਂਈ ਦੇ ਘਾਟ ਉਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨਾ ਤੋਂ ਵੀ ਕਿਸੇ ਅਗੰਮੀ ਰਸ ਦੀ ਪ੍ਰਾਪਤੀ ਹੁੰਦੀ ਹੈ। ਤੇਹਰਵੇਂ ਅਧਿਆਏ 'ਚ 'ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨ ਦੀਦਾਰੇ' ਦੀ ਬਖਸ਼ਿਸ ਮਿਲਣੀ, ਇਸ ਤੋਂ ਅੱਗੇ 14ਵੇਂ, 15ਵੇਂ ਅਧਿਆਏ ਵਿਚ 'ਸੁਪਨਿਆਂ ਵਿਚ ਅਧਿਆਤਮਿਕ ਝਲਕਾਰੇ' ਦੀ ਪ੍ਰਾਪਤੀ ਅਤੇ 'ਵੇਈਂ ਕਿਨਾਰੇ ਪ੍ਰਭਾਤ ਫੇਰੀਆਂ ਦਾ ਅਲੌਕਿਕ ਨਜ਼ਾਰਾ' ਤੱਕਣਾ ਵੀ ਆਤਮਰਸੀ ਅਨੁਭਵੀ ਹੀ ਹੈ। ਇਸ ਤੋਂ ਅੱਗੇ ਚੱਲਦਿਆਂ 16ਵੇਂ ਅਧਿਆਏ ਵਿਚ 'ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਘਰ ਵਿਚ ਆਉਣਾ', 17ਵੇਂ ਅਧਿਆਏ ਵਿਚ 'ਰੋਜ਼ਾਨਾ ਗੁਰਦੁਆਰਾ ਸਾਹਿਬ ਦਰਸ਼ਨਾਂ ਲਈ ਜਾਣਾ' ਵੀ ਕਿਸੇ ਪ੍ਰਾਪਤੀ ਤੋਂ ਘੱਟ ਨਹੀਂ। 18ਵੇਂ ਅਧਿਆਇ ਵਿਚ 'ਸੇਵਾ ਤੇ ਸਿਮਰਨ' ਨਾਲ ਜੀਵਨ-ਰੌਂਅ ਦਾ ਬਦਲਣਾ, 19ਵੇਂ ਅਧਿਆਇ ਵਿਚ 'ਧਾਰਮਿਕ ਅਸਥਾਨਾਂ ਦੇ ਦਰਸ਼ਨ ਦੀਦਾਰੇ' ਦੀ ਦਾਤ ਪ੍ਰਾਪਤ ਹੋਣੀ ਅਤੇ ਅੰਤਲੇ ਅਧਿਆਏ ਵਿਚ ਲੇਖਿਕਾ ਨੇ 'ਕੁਦਰਤ ਵਿਚ ਕਾਦਰ ਦੇ ਦੀਦਾਰੇ ਕਰਨੇ' ਅਧਿਆਤਮਿਕ ਅਨੁਭਵ ਦਾ ਸਿਖਰ ਹੈ। ਸਮੁੱਚੇ ਅਨੁਭਵੀ ਲੇਖਾਂ ਨੂੰ ਵਾਚਣ ਤੋਂ ਬਾਅਦ ਸ਼ਰਦਾਵਾਨ ਪਾਠਕ ਦਾ ਪ੍ਰਭੂ ਦੀ ਹੋਂਦ ਵਿਚ ਵਿਸ਼ਵਾਸ ਤੇ ਪ੍ਰੇਮ ਦੀ ਤਾਂਘ ਨਾਲ ਪ੍ਰਭੂ ਮਿਲਾਪ ਮਾਰਗ ਦੇ ਪਾਂਧੀ ਬਣਨਾ ਹੋਰ ਅਸਾਨ ਹੋ ਜਾਵੇਗਾ।
-ਭਗਵਾਨ ਸਿੰਘ ਜੌਹਲ
ਮੋਬਾਈਲ : 98143-24040









































































































































































.jpg)






































