15-03-26
ਵਾਹ! ਧਰਤ ਅਨੰਦਪੁਰੀ ਦੀ
ਲੇਖਕ : ਬਹਾਦਰ ਸਿੰਘ ਗੋਸਲ (ਪ੍ਰਿੰ.)
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ : 112
ਸੰਪਰਕ : 98764-52223

ਹਥਲੀ ਪੁਸਤਕ ਲੇਖਕ ਦਾ ਧਾਰਮਿਕ ਕਵਿਤਾਵਾਂ 'ਤੇ ਆਧਾਰਿਤ ਕਾਵਿ-ਸੰਗ੍ਰਹਿ ਹੈ। ਸੁਹਿਰਦ ਲੇਖਕ ਪਾਠਕਾਂ ਨਾਲ ਹਰ ਸਮੇਂ ਜੁੜਿਆ ਰਹਿਣ ਵਾਲਾ ਲੇਖਕ ਹੈ। ਹੁਣ ਤੱਕ ਛੇ ਦਰਜਨ ਪੁਸਤਕਾਂ ਬਾਲ-ਸਾਹਿਤ ਦੀਆਂ ਪੰਜਾਬ ਦੀ ਪੁੰਗਰਦੀ ਪਨੀਰੀ ਲਈ, ਬੱਚਿਆਂ ਨੂੰ ਮਾਂ-ਬੋਲੀਨਾਲ ਜੋੜਨ ਦੇ ਸਫਲ ਉਪਰਾਲੇ ਵਜੋਂ ਲਿਖ ਚੁੱਕਾ ਹੈ। ਵਾਰਤਿਕ ਦੀਆਂ ਦਰਜਨਾਂ ਪੁਸਤਕਾਂ ਪੰਜਾਬੀਆਂ ਨੂੰ ਧਾਰਮਿਕ, ਸਮਾਜਿਕ ਤੇ ਇਤਿਹਾਸਕ ਸੋਝੀ ਪ੍ਰਦਾਨ ਕਰਦੀਆਂ ਹਨ। ਪੰਜਾਬੀ ਦੀਆਂ ਪ੍ਰਮੁੱਖ ਅਖ਼ਬਾਰਾਂ ਵਿਚ ਵੀ ਇਨ੍ਹਾਂ ਦੀਆਂ ਰਚਨਾਵਾਂ ਪੰਜਾਬ ਦੇ ਲੋਕਾਂ ਨੂੰ ਹਮੇਸ਼ਾ ਅਗਵਾਈ ਦਿੰਦੀਆਂ ਹਨ। ਇਹ ਪੁਸਤਕ ਨੌਵੇਂ ਪਾਤਸ਼ਾਹ ਦੇ 350 ਸਾਲਾ ਸ਼ਤਾਬਦੀ ਦਿਹਾੜੇ ਨੂੰ ਸਮਰਪਿਤ ਹੈ। ਲੇਖਕ ਅਨੁਸਾਰ ਸ੍ਰੀ ਅਨੰਦਪੁਰ ਸਾਹਿਬ ਦੀ ਧਰਤ ਅਜਿਹਾ ਅਸਥਾਨ ਹੈ, ਜਿਥੇ ਸਮੁੱਚੀ ਕੌਮ ਦੀ ਸਾਜਨਾ ਨਿਸ਼ਚਿਤ ਦਿਨ 'ਤੇ ਕੀਤੀ ਗਈ। ਲੇਖਕ/ਕਵੀ ਵਲੋਂ ਦੋ ਦਰਜਨ ਤੋਂ ਵੱਧ ਕਵਿਤਾਵਾਂ ਦੇ ਇਸ ਸੰਗ੍ਰਹਿ ਵਿਚ ਸ਼ਾਮਿਲ ਹਨ। ਇਨ੍ਹਾਂ ਵਿਚ ਚੱਕ ਨਾਨਕੀ ਜੀ, ਚੋਜ ਦਸਮੇਸ਼ ਪਿਤਾ ਦੇ, ਸਿੰਘਾਂ ਦਾ ਹੋਲਾ, ਭੰਗਾਣੀ ਦਾ ਯੁੱਧ, ਜਦੋਂ ਆਈ ਵਿਸਾਖੀ, ਆਓ ਚੱਲੀਏ ਅਨੰਦਪੁਰੀ ਨੂੰ, ਆ ਨੀ ਜਿੰਦੇ, ਸਤਲੁਜ ਦੇ ਪਾਣੀਆਂ, ਅਨੰਦਪੁਰੀ ਦੀ ਯਾਤਰਾ, ਕੀ ਸਿਫ਼ਤ ਕਰਾਂ, ਜੰਗ ਅਨੰਦਪੁਰ ਦੀ (ਕਲੀ), ਵਾਹ! ਧਰਤ ਅਨੰਦਪੁਰੀ ਦੀ, ਅਨੰਦਪੁਰ ਸਾਹਿਬ ਤੋਂ ਰਵਾਨਗੀ, ਪਰਿਵਾਰ ਵਿਛੋੜਾ, ਮਨੁੱਖਤਾ ਦੀ ਸੇਵਾ, ਸਰਬੰਸਦਾਨੀ ਬੱਚਿਆਂ ਨੂੰ ਇਤਿਹਾਸ ਸੁਣਾਈਏ, ਪੁੱਤਰ ਦੇਸ਼ ਕੌਮ ਤੋਂ ਵਾਰੇ, ਅਸੀਂ ਚੱਲੇ ਅਨੰਦਪੁਰੀ ਨੂੰ, ਦਸਮੇਸ਼ ਦੇ ਲਾਲ, ਸਰਹੰਦ ਦੀ ਕੰਧ, ਸਰਹੰਦ ਦੇ ਰਾਹ, ਸਿੰਘਾਂ ਜੇ ਚੱਲਿਆਂ ਅਨੰਦਪੁਰ, ਦਿੱਲੀ ਨਾ ਕਦੇ ਦਰਦ ਜਾਣਿਆ, ਚਮਕੌਰ ਅਤੇ ਸਰਹੰਦ ਨੂੰ ਨਮਨ ਅਤੇ ਸਿੱਖ ਦਾ ਜਰਨੈਲ ਭਾਈ ਜੈਤਾ ਜੀ ਵਾਚਣ ਵਾਲੇ ਪਾਠਕ ਦੇ ਹਿਰਦੇ ਨੂੰ ਟੁੰਬਦੀਆਂ ਹਨ। ਸਮੁੱਚੀਆਂ ਕਵਿਤਾਵਾਂ ਵਿਚ ਨੌਵੇਂ ਪਾਤਸ਼ਾਹ ਵਲੋਂ ਸ੍ਰੀ ਅਨੰਦਪੁਰ ਸਾਹਿਬ ਵਸਾਉਣ ਤੋਂ ਲੈ ਕੇ ਸ੍ਰੀ ਅਨੰਦਪੁਰ ਸਾਹਿਬ ਛੱਡਣ ਦਾ ਸਮੁੱਚਾ ਬਿਰਤਾਂਤ ਸਰਲ ਭਾਸ਼ਾ ਸ਼ੈਲੀ, ਤੁਕ-ਤੁਕਾਂਤ ਦਾ ਖਿਆਲ ਰੱਖਦਿਆਂ, ਪਾਠਕਾਂ ਦੀ ਖ਼ੁਸ਼ਨੂਦੀ ਹਾਸਲ ਕਰਨ ਦਾ ਸਫਲ ਉਪਰਾਲਾ ਹੈ। ਲੇਖਕ ਦੇ ਇਸ ਕਾਵਿ-ਸੰਗ੍ਰਹਿ ਦੀ ਹਰ ਕਵਿਤਾ, ਕਾਵਿ ਪ੍ਰੇਮੀਆਂ ਲਈ 350 ਸਾਲਾ ਸ਼ਤਾਬਦੀ ਵਰ੍ਹੇ 'ਤੇ ਕਾਵਿ-ਸ਼ਰਧਾਂਜਲੀ ਵਜੋਂ ਸਲਾਹੀ ਜਾਵੇਗੀ।
-ਭਗਵਾਨ ਸਿੰਘ ਜੌਹਲ
ਮੋਬਾਈਲ : 98143-24040
ਯਾਦਾਂ ਦਾ ਦਰਪਣ
ਸ਼ੰਗਾਰਾ ਸਿੰਘ ਭੁੱਲਰ
ਸੰਪਾਦਕ : ਡਾ. ਬਲਵਿੰਦਰ ਸਿੰਘ ਥਿੰਦ
ਪ੍ਰਕਾਸ਼ਕ : ਸਪਤਰਿਸ਼ੀ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ : 164
ਸੰਪਰਕ : 94176-06572

ਸ. ਸ਼ੰਗਾਰਾ ਸਿੰਘ ਭੁੱਲਰ (1946-2019) ਦਾ ਜਨਮ ਬਟਾਲਾ ਦੇ ਨਜ਼ਦੀਕ ਇਕ ਪਿੰਡ ਭੁੱਲਰ ਵਿਚ ਹੋਇਆ ਸੀ, ਉਸ ਨੇ ਬਹੁਤ ਸਾਰੇ ਪ੍ਰਸਿੱਧ ਪੰਜਾਬੀਆਂ ਵਾਂਗ ਆਪਣੇ ਪਿੰਡ ਦੇ ਨਾਂਅ ਨੂੰ ਹੀ ਆਪਣੀ ਸ਼ਨਾਖਤ ਬਣਾ ਲਿਆ ਅਤੇ ਇਸੇ ਸ਼ਨਾਖਤ ਦੁਆਰਾ ਜਾਣਿਆ ਜਾਂਦਾ ਰਿਹਾ। ਉਸ ਦਾ ਪਿਤਾ ਇਕ ਛੋਟਾ ਕਿਸਾਨ ਸੀ। ਉਸ ਨੇ ਲੋਕਾਂ ਦੇ ਕਹੇ-ਕਹਾਏ ਆਪਣੇ ਹਿੱਸੇ ਆਉਂਦੀ ਚਾਰ-ਪੰਜ ਕਿੱਲੇ ਜ਼ਮੀਨ ਵੇਚ ਕੇ ਉੱਤਰਾਖੰਡ ਵਿਚ ਵਧੇਰੇ ਜ਼ਮੀਨ ਤਾਂ ਲੈ ਲਈ ਪਰ ਓਪਰੇ ਪਰਿਵੇਸ਼ ਵਿਚ ਉਸ ਦਾ ਦਿਲ ਨਾ ਲੱਗਾ ਅਤੇ ਆਖਰ ਉਹ ਔਣੇ-ਪੌਣੇ ਦਾਮਾਂ ਉੱਪਰ ਜ਼ਮੀਨ ਵੇਚ ਕੇ ਵਾਪਸ ਪਰਤ ਆਇਆ। ਸ਼ੰਗਾਰਾ ਸਿਹੁੰ ਅਜੇ ਸਕੂਲ ਵਿਚ ਪੜ੍ਹਦਾ ਸੀ। ਬਟਾਲੇ ਦੇ ਖਾਲਸਾ ਸਕੂਲ ਤੋਂ ਮੈਟ੍ਰਿਕ ਕਰ ਕੇ ਉਸ ਨੇ ਬੀ.ਯੂ.ਸੀ. ਕਾਲਜ ਕਾਦੀਆਂ ਤੋਂ ਗਰੈਜੂਏਸ਼ਨ ਕੀਤੀ ਅਤੇ ਫਿਰ ਐਮ.ਏ. ਪੰਜਾਬੀ ਲਾਇਲਪੁਰ ਖਾਲਸਾ ਕਾਲਜ ਜਲੰਧਰ ਅਤੇ ਪੰਜਾਬ ਯੂਨੀਵਰਸਿਟੀ ਕੈਂਪਸ ਚੰਡੀਗੜ੍ਹ ਤੋਂ 1968 ਈ. ਵਿਚ ਮੁਕੰਮਲ ਕੀਤੀ। ਇਸ ਤੋਂ ਬਾਅਦ ਉਸ ਦਾ ਵਿਵਸਾਇਕ ਜੀਵਨ ਸ਼ੁਰੂ ਹੋਇਆ। ਕੁਝ ਸਮਾਂ ਉਸ ਨੇ ਪੰਜਾਬ ਦੇ ਸਰਕਾਰੀ, ਗ਼ੈਰ-ਸਰਕਾਰੀ ਕਾਲਜਾਂ ਵਿਚ ਪ੍ਰੋਫੈਸਰੀ ਵੀ ਕੀਤੀ ਪਰ ਇਹ ਨੌਕਰੀਆਂ ਆਰਜ਼ੀ ਹੁੰਦੀਆਂ ਸਨ। ਛੇ-ਸੱਤ ਮਹੀਨਿਆਂ ਤੋਂ ਬਾਅਦ ਨੌਕਰੀ ਤੋਂ ਜਵਾਬ ਮਿਲ ਜਾਂਦਾ ਸੀ। ਇਹ ਵੇਖ ਕੇ ਉਸ ਨੇ ਪੱਕੀ ਨੌਕਰੀ ਦੀ ਤਲਾਸ਼ ਕੀਤੀ। ਕੁਝ ਸਮਾਂ 'ਨਵਾਂ ਜ਼ਮਾਨਾ' ਵਿਚ ਕੰਮ ਕੀਤਾ, ਫਿਰ ਇਕ ਛੋਟੇ ਅਖ਼ਬਾਰ 'ਅਭੀਤ' ਲਈ ਪੱਤਰਕਾਰੀ ਕੀਤੀ। ਇਸ ਉਪਰੰਤ ਉਸ ਨੇ 'ਜਥੇਦਾਰ' ਵਿਚ ਵੀ ਕੰਮ ਕੀਤਾ। ਆਖ਼ਰ ਉਸ ਨੂੰ ਦਿੱਲੀ ਵਿਚ 'ਸੂਚਨਾ ਅਤੇ ਪ੍ਰਸਾਰ ਵਿਭਾਗ' ਵਿਚ 'ਯੋਜਨਾ' ਨੂੰ ਸੰਪਾਦਿਤ ਕਰਨ ਦਾ ਕੰਮ ਮਿਲ ਗਿਆ। 1978 ਵਿਚ 'ਪੰਜਾਬੀ ਟ੍ਰਿਬਿਊਨ' ਸ਼ੁਰੂ ਹੋਇਆ ਤਾਂ ੳਹ ਸੰਪਾਦਕ ਦੀ ਆਸਾਮੀ ਲਈ ਪੇਸ਼ ਹੋਇਆ ਸੀ। ਪਰ ਉਸ ਸਮੇਂ ਸ. ਬਰਜਿੰਦਰ ਸਿੰਘ ਹਮਦਰਦ ਚੁਣੇ ਗਏ ਸਨ, ਜੋ ਚੰਡੀਗੜ੍ਹ ਵਿਚ ਭੁੱਲਰ ਦਾ ਹਮਜਮਾਤੀ ਸੀ। 'ਪੰਜਾਬੀ ਟ੍ਰਿਬਿਊਨ' ਵਿਚ ਚੰਗੀ ਤਰ੍ਹਾਂ ਸਥਾਪਿਤ ਹੋ ਕੇ ਉਸ ਨੇ ਭੁੱਲਰ ਨੂੰ ਆਪਣੇ ਪਾਸ ਅਸਿਸਟੈਂਟ ਐਡੀਟਰ ਵਜੋਂ ਨਿਯੁਕਤ ਕਰ ਲਿਆ। ਸ. ਹਮਦਰਦ ਦੇ 'ਅਜੀਤ' ਵਿਚ ਚਲੇ ਜਾਣ ਉਪਰੰਤ ਉਹ ਸ. ਗੁਲਜ਼ਾਰ ਸਿੰਘ ਸੰਧੂ, ਸ੍ਰੀ ਹਰਭਜਨ ਹਲਵਾਰਵੀ ਅਤੇ ਸ. ਗੁਰਬਚਨ ਸਿੰਘ ਭੁੱਲਰ ਮਗਰੋਂ 'ਟ੍ਰਿਬਿਊਨ ਪੰਜਾਬੀ' ਦਾ ਪੰਜਵਾਂ ਐਡੀਟਰ ਬਣਿਆ। ਉਸ ਦੇ ਕਾਰਜਕਾਲ ਵਿਚ ਇਸ ਅਖ਼ਬਾਰ ਦੀ ਸਰਕੂਲੇਸ਼ਨ 65 ਹਜ਼ਾਰ ਤੱਕ ਪਹੁੰਚ ਗਈ ਸੀ। ਉਹ ਬਹੁਤ ਹਰਮਨ-ਪਿਆਰਾ ਪੱਤਰਕਾਰ ਰਿਹਾ।
c c c
ਅਕਾਲੀ ਸਿਆਸਤ
(ਤੱਥਾਂ, ਤਰੀਕਾਂ ਤੇ ਦਸਤਾਵੇਜ਼ਾਂ ਦੀ ਰੌਸ਼ਨੀ ਵਿਚ)
ਲੇਖਕ : ਕੰਵਰਜੀਤ ਸਿੰਘ ਸਿੱਧੂ
ਪ੍ਰਕਾਸ਼ਕ : ਬਿਬੇਕਗੜ੍ਹ ਪ੍ਰਕਾਸ਼ਨ, ਅਨੰਦਪੁਰ ਸਾਹਿਬ
ਮੁੱਲ : 899 ਰੁਪਏ, ਸਫ਼ੇ : 597
ਸੰਪਰਕ : 99888-68181

ਕੰਵਰਜੀਤ ਸਿੰਘ ਸਿੱਧੂ ਇਕ ਜਾਗਰੂਕ, ਹੱਸਾਸ ਅਤੇ ਵਚਨਬੱਧ ਬਹੁਪੱਖੀ ਲੇਖਕ ਹੈ। ਉਸ ਨੇ ਸਿਰਜਣਾਤਮਿਕ (ਕਵਿਤਾ, ਨਾਵਲ, ਵਾਰਤਕ) ਅਤੇ ਅਨੁਵਾਦ ਦੇ ਖੇਤਰ ਵਿਚ ਪ੍ਰਮਾਣਿਕ ਕੰਮ ਕਰਨ ਦੇ ਨਾਲ ਪੰਜਾਬ ਦੇ ਸਿੱਖ ਇਤਿਹਾਸ ਉੱਪਰ ਵੀ ਆਪਣੀ ਨਜ਼ਰ ਕੇਂਦਰਿਤ ਰੱਖੀ ਹੈ। ਇਸ ਕਿਤਾਬ ਦੀ ਤਿਆਰੀ ਲਈ ਉਸ ਨੇ ਵਰ੍ਹਿਆਂ ਬੱਧੀ 'ਇਕਾਗਰਚਿਤ' ਕੰਮ ਕੀਤਾ ਹੈ। ਹਾਲਾਂ ਕਿ ਅਕਾਲੀ ਸਿਆਸਤ ਉੱਪਰ ਗਿਆਨੀ ਪ੍ਰਤਾਪ ਸਿੰਘ, ਅਜੀਤ ਸਿੰਘ ਸਰਹੱਦੀ, ਹਰਜਿੰਦਰ ਸਿੰਘ ਦਿਲਗੀਰ, ਸਿਰਦਾਰ ਕਪੂਰ ਸਿੰਘ, ਜੇ. ਐਸ. ਗਰੇਵਾਲ ਅਤੇ ਪਰਮਵੀਰ ਸਿੰਘ ਹੋਰਾਂ ਨੇ ਵੀ ਕਾਫੀ ਮਹੱਤਵਪੂਰਨ ਅਤੇ ਫੰਡਾਮੈਂਟਲ ਕੰਮ ਕੀਤਾ ਹੈ ਪਰ ਉਕਤ ਲੇਖਕਾਂ ਪਾਸ ਵਧੇਰੇ ਵਸੀਲੇ ਸਨ, ਬਹੁਤੇ ਲੇਖਕ ਅਕਾਲੀ ਪਾਰਟੀ ਅਤੇ ਸ਼੍ਰੋਮਣੀ ਕਮੇਟੀ ਨਾਲ ਕਿਸੇ ਨਾ ਕਿਸੇ ਰੂਪ ਵਿਚ ਜੁੜੇ ਹੋਏ ਸਨ, ਜਿਸ ਕਾਰਨ ਉਨ੍ਹਾਂ ਨੂੰ ਪਾਰਟੀ ਅਤੇ ਕਮੇਟੀਆਂ ਦੁਆਰਾ ਪਾਸ ਕੀਤੇ ਪ੍ਰਸਤਾਵਾਂ ਅਤੇ ਫੈਸਲਿਆਂ ਬਾਰੇ ਸਿੱਧੀ ਜਾਣਕਾਰੀ ਹੁੰਦੀ ਸੀ ਪਰ ਕੰਵਰਜੀਤ ਸਿੰਘ ਸਿੱਧੂ ਨੂੰ ਸਰੋਤ-ਸਮੱਗਰੀ ਹਾਸਲ ਕਰਨ ਲਈ ਬਹੁਤ ਮਿਹਨਤ ਕਰਨੀ ਪਈ ਹੋਵੇਗੀ। ਇਸ ਐਨਸਾਈਕਲੋਪੇਡਕ ਕੰਮ ਨੂੰ ਪੰਜ ਉਪਭਾਗਾਂ ਵਿਚ ਵਿਭਾਜਿਤ ਕੀਤਾ ਗਿਆ ਹੈ। 1. ਅਕਾਲੀ ਦਲ ਦੀ ਕਾਇਮੀ ਦੇ ਆਰ-ਪਾਰ (1849-1925), 2. ਦੁਚਿੱਤੀਆਂ ਅਤੇ ਤ੍ਰਾਸਦੀ (1935-1947), 3. ਪੰਜਾਬੀ ਸੂਬੇ ਲਈ ਜੱਦੋਜਹਿਦ (1947-1966), 4. ਧਰਮ-ਯੁੱਧ ਦੇ ਆਰ-ਪਾਰ (1967-1997) ਅਤੇ 5. ਸੱਤਾ ਤੋਂ ਹਾਸ਼ੀਏ ਵੱਲ (1998-2025)। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਰਿਆਂ ਦੇ ਪ੍ਰਬੰਧ ਨੂੰ ਸੁਧਾਰਨ ਵਾਸਤੇ ਕਾਇਮ ਕੀਤੀ ਗਈ ਸੀ। ਸਿੱਖ ਸੰਸਾਰ ਵਿਚ ਮੀਰੀ-ਪੀਰੀ ਦੇ ਸੰਯੁਗਤ ਹੋਣ ਕਾਰਨ ਅਕਾਲੀ ਸਿਆਸਤ ਅਤੇ ਸਿੱਖ ਧਰਮ ਇਕੱਠੇ ਚਲਦੇ ਹਨ, ਇਕੱਠੇ ਹੀ ਚੱਲ ਸਕਦੇ ਹਨ। ਜੇ ਅਕਾਲੀਆਂ ਦੀ ਕੋਈ ਧਿਰ ਇਹ ਚਾਹੇ ਕਿ ਚੋਣਾਂ ਜਿੱਤਣ ਵਾਸਤੇ ਅਨਿਆਂ ਧਰਮੀ ਪਾਰਟੀਆਂ ਨਾਲ ਸਹਿਯੋਗ ਕਰ ਲਿਆ ਜਾਵੇ ਤਾਂ ਸਿਆਸਤ ਦੇ ਅੱਗੇ ਨਿਕਲਣ ਅਤੇ ਧਰਮ ਦੇ ਪਿੱਛੇ ਰਹਿ ਜਾਣ ਦਾ ਖਤਰਾ ਪੈਦਾ ਹੋ ਜਾਂਦਾ ਹੈ। ਅਕਾਲੀ ਪਾਰਟੀ ਹੁਣ ਇਸੇ ਖਤਰੇ ਦੇ ਰੂਬਰੂ ਹੈ। ਕੰਵਰਜੀਤ ਸਿੰਘ ਨੂੰ ਇਹ ਵੀ ਕ੍ਰੈਡਿਟ ਜਾਂਦਾ ਹੈ ਕਿ ਉਸ ਨੇ ਆਪਣੇ ਮਤਿ ਦੀ ਪੇਸ਼ਕਾਰੀ ਲਈ ਇਤਿਹਾਸਕ ਤੱਥਾਂ ਨਾਲ ਛੇੜਛਾੜ ਨਹੀਂ ਕੀਤੀ। ਅਕਾਲੀ ਸਿਆਸਤ ਬਾਰੇ ਜਾਣਕਾਰੀ ਦੇਣ ਵਾਲੀ ਇਹ ਇਕ ਹਵਾਲਾ (Reference) ਪੁਸਤਕ ਹੈ।
-ਮੋਬਾਈਲ :98760-52136
ਕੰਧਾਂ 'ਤੇ ਮੋਰ
ਲੇਖਕ : ਰਣਬੀਰ ਸਿੰਘ ਪ੍ਰਿੰਸ
ਪ੍ਰਕਾਸ਼ਕ: ਸਾਦਿਕ ਪਬਲੀਕੇਸ਼ਨਜ਼, ਬਠਿੰਡਾ
ਮੁੱਲ 250 ਰੁਪਏ, ਸਫੇ : 104
ਸੰਪਰਕ : 98722-99613

'ਕੰਧਾਂ ਤੇ ਮੋਰ' ਰਣਬੀਰ ਸਿੰਘ ਪ੍ਰਿੰਸ ਦਾ ਗੀਤ ਸੰਗ੍ਰਹਿ ਹੈ। ਇਸ ਤੋਂ ਪਹਿਲਾਂ ਇਨ੍ਹਾਂ ਦੀਆਂ ਦੋ ਪੁਸਤਕਾਂ ਆ ਚੁੱਕੀਆਂ ਹਨ। ਇਸ ਗੀਤ ਸੰਗ੍ਰਹਿ ਵਿਚ ਲਗਭਗ ਪੰਜਾਹ ਗੀਤ ਹਨ, ਜੋ ਕਿ ਗੀਤਕਾਰੀ ਦੇ ਵੱਖ-ਵੱਖ ਰੂਪਾਂ ਵਿਚ, ਜ਼ਿਆਦਾ ਕਰਕੇ ਰੋਮਾਂਟਿਕ ਅਤੇ ਸ਼ਿੰਗਾਰ ਰਸ ਵਾਲੇ ਹਨ। ਕੁਝ ਕੁ ਗੀਤ ਸਮਾਜਿਕ ਅਤੇ ਸੱਭਿਆਚਾਰਕ ਵੀ ਹਨ ਜਿਵੇਂ-ਮੁਟਿਆਰ ਦੀ ਖਬੂਸੂਰਤੀ ਬਹੁਤ ਹੀ ਸੁੰਦਰ ਸ਼ਬਦਾਂ ਨਾਲ ਪੇਸ਼ ਕੀਤੀ ਹੈ:-
ਗੋਰਾ ਚਿੱਟਾ ਮੁੱਖ ਦੰਦ ਮੋਤੀਆਂ ਦੇ ਵਾਂਗ,
ਗੱਲਾਂ ਗੋਰੀਆਂ ਗੁਲਾਬੀ ਜਿਵੇਂ ਫੁੱਲ ਨੀ।
ਚੰਨ ਚਾਨਣੀ ਤੋਂ ਚਿੱਟੇ ਮਖਮਲੀ ਅੰਗ,
ਪੈਂਦਾ ਨੈਣਾਂ 'ਚੋਂ ਹੁਸਨ ਡੁੱਲ੍ਹ-ਡੁੱਲ਼੍ਹ ਨੀ।
ਮੱਥੇ ਉੱਤੇ ਜ਼ੁਲਫਾਂ ਦੇ ਕੁੰਡਲ ਬਣਾ ਕੇ,
ਚੀਰ ਕੱਢੇਂ ਤੂੰ ਵਿਚਾਲੇ ਤਿੱਖਾ ਤੀਰ ਵਰਗਾ,
ਰੱਬ ਦੀ ਸਹੁੰ ਤੱਕਾਂ ਜਦੋਂ ਚੰਨ ਜਿਹਾ ਮੁੱਖ,
ਤੇਰਾ ਪੈਂਦਾ ਨੀ ਭੁੱਲੇਖਾ ਜੱਟੀ ਹੀਰ ਵਰਗਾ।
ਏਵੇਂ ਹੀ 'ਕੰਧ ਤੇ ਮੋਰ' ਗੀਤ ਵਿਚ ਮਾਂ-ਬਾਪ ਦੇ ਚਲੇ ਜਾਣ ਤੋਂ ਬਾਅਦ ਘਰ ਕਿਹੋ ਜਿਹਾ ਲੱਗਦਾ ਹੈ, ਬਹੁਤ ਪਿਆਰਾ ਗੀਤ ਹੈ:-
ਛੱਡ ਗਿਆ ਬਾਬਲ ਤੇ ਤੂੰ ਵੀ ਮਾਂ ਚੱਲੀ ਨੀ,
ਬੂਹੇ ਵੱਜਾ ਜ਼ਿੰਦਰਾ ਤੇ ਰਹਿਗੀ ਮੈਂ ਕੱਲੀ ਨੀ।
ਮੱਥੇ ਦੀਆਂ ਲਿਖੀਆਂ ਤੇ
ਚੱਲਿਆ ਕੋਈ ਨਾ ਜ਼ੋਰ ਨੀ,
ਕੰਧਾਂ 'ਤੇ ਉਦਾਸੇ ਬੈਠੇ , ਤੇਰੇ ਪਾਏ ਮੋਰ ਨੀ।
ਮਾਂ ਕੰਧਾਂ ਤੇ ਉਦਾਸੇ ਬੈਠੇ , ਤੇਰੇ ਪਾਏ ਮੋਰ ਨੀ।
ਏਵੇਂ ਹੀ ਬੁੱਢੇ ਬਾਰੇ ਬਜ਼ੁਰਗ ਦੇ ਰੁਲਣ ਬਾਰੇ ਬੜਾ ਹੀ ਭਾਵਪੂਰਤ ਗੀਤ ਹੈ :-
ਕੱਲੀ ਜ਼ਿੰਦ ਨੂੰ ਸੌ ਸਿਆਪੇ,
ਰੁਲਦੇ ਵਿਚ ਬੁਢਾਪੇ ਮਾਪੇ।
ਏਥੇ ਕੌਣ ਕਿਸੇ ਨੂੰ ਆਖੇ,
ਕੋਈ ਨਾ ਲੈਂਦਾ ਸਾਰ ਕੁੜੇ।
ਮਾਪੇ ਬਿਰਧ ਆਸ਼ਰਮੀਂ ਰੁਲ਼ਦੇ,
ਕੁੱਤਿਆਂ ਨਾਲ ਪਿਆਰ ਕੁੜੇ,
ਪਿੱਟ ਬੁੱਲ ਨਾਲ ਪਿਆਰ ਕੁੜੇ।
ਰਣਬੀਰ ਸਿੰਘ ਅੰਦਰ ਗੀਤਾਂ ਦਾ ਝਰਨਾ ਵੱਗ ਰਿਹਾ ਹੈ, ਕਈ ਵਾਰ ਆਪ ਮੁਹਾਰੇ ਹੋ ਜਾਂਦਾ ਹੈ। ਇਸ ਝਰਨੇ ਦੇ ਪਾਣੀ ਨੂੰ ਹੋਰ ਵੀ ਖੂਬਸੂਰਤ ਗੀਤਾਂ ਲਈ ਵਰਤੋਂ ਕਰ ਕੇ ਭਵਿੱਖ ਵਿਚ ਹੋਰ ਵੀ ਸੁੰਦਰ ਗੀਤ ਲਿਖੇ ਜਾ ਸਕਦੇ ਹਨ। ਗੀਤਾਂ ਦੀ ਤੁਹਾਡੀ ਪਹਿਲੀ ਪੁਸਤਕ ਹੈ, ਮੈਂ ਇਸ ਦਾ ਸਵਾਗਤ ਕਰਦਾ ਹਾਂ।
-ਅਮਰੀਕ ਸਿੰਘ ਤਲਵੰਡੀ ਕਲਾਂ,
ਮੋਬਾਈਲ : 94635-42896.
ਆਤਮਾ ਰਾਮ ਰੰਜਨ
ਜੀਵਨ ਅਤੇ ਰਚਨਾ
ਸੰਪਾਦਕ : ਸੁਰਿੰਦਰ ਰਾਮਪੁਰੀ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ ਚੰਡੀਗੜ੍ਹ
ਮੁੱਲ : 200 ਰੁਪਏ, ਸਫੇ : 136
ਸੰਪਰਕ : 94638-36591

ਸੁਰਿੰਦਰ ਰਾਮਪੁਰੀ ਇਕ ਜਾਣਿਆ-ਪਛਾਣਿਆ ਲੇਖਕ ਹੈ ਤੇ ਉਹਨੇ ਸਾਹਿਤ ਦੀਆਂ ਵਿਭਿੰਨ ਸਿਨਫ਼ਾਂ ਵਿਚ ਸਾਹਿਤ ਰਚਨਾ ਕੀਤੀ ਹੈ। ਉਹਦੀਆਂ ਮੌਲਿਕ ਰਚਨਾਵਾਂ ਵਿਚ 7 ਕਹਾਣੀ ਸੰਗ੍ਰਹਿ, 3 ਕਾਵਿ ਸੰਗ੍ਰਹਿ, 2 ਵਾਰਤਕ ਸੰਗ੍ਰਹਿ, 5 ਆਲੋਚਨਾ ਪੁਸਤਕਾਂ ਸਮੇਤ ਇਕ ਅਨੁਵਾਦ ਦੀ ਪੁਸਤਕ ਸ਼ਾਮਿਲ ਹੈ। ਉਹਦੀਆਂ ਚੋਣਵੀਆਂ ਕਹਾਣੀਆਂ ਦਾ ਹਿੰਦੀ ਅਨੁਵਾਦ ਵੀ ਉਪਲਬਧ ਹੈ, ਜਿਸਨੂੰ ਹਿੰਦੀ ਦੇ ਸਥਾਪਤ ਅਨੁਵਾਦਕ ਸੁਭਾਸ਼ ਨੀਰਵ ਨੇ ਕੀਤਾ ਹੈ। ਰੀਵਿਊ ਅਧੀਨ ਪੁਸਤਕ ਵਿਚ ਪ੍ਰਸਿੱਧ ਗ਼ਜ਼ਲਗੋ ਆਤਮਾ ਰਾਮ ਰੰਜਨ ਦੇ ਗ਼ਜ਼ਲ-ਕਾਵਿ ਬਾਰੇ ਚਰਚਾ ਕੀਤੀ ਗਈ ਹੈ। ਆਤਮਾ ਰਾਮ ਰੰਜਨ ਇਕ ਪ੍ਰੌੜ੍ਹ (ਜਨਮ 1954) ਲੇਖਕ ਹੈ। ਉਹਦਾ ਜਨਮ ਸਥਾਨ ਨਾਈਆਂ ਵਾਲੀ ਢਾਣੀ (ਅਬੋਹਰ) ਹੈ ਤੇ ਮੌਜੂਦਾ ਸਮੇਂ ਉਹ ਅਬੋਹਰ ਦਾ ਵਸਨੀਕ ਹੈ। ਉਹਨੇ ਬੀ.ਕਾਮ. ਕਰਕੇ ਪੰਜਾਬ ਦੇ ਸਹਿਕਾਰਤਾ ਵਿਭਾਗ ਵਿਚ ਬਤੌਰ ਸਹਾਇਕ ਰਜਿਸਟਰਾਰ ਸੇਵਾ ਨਿਭਾਈ ਹੈ। ਗ਼ਜ਼ਲ ਬਾਰੇ ਮੁਢਲੀ ਜਾਣਕਾਰੀ ਉਸ ਨੇ 'ਗ਼ਜ਼ਲ ਕੀ ਹੈ' (ਦੀਪਕ ਜੈਤੋਈ) ਅਤੇ 'ਗ਼ਜ਼ਲ ਵਿਧਾਨ' (ਐੱਸ. ਤਰਸੇਮ) ਤੋਂ ਪ੍ਰਾਪਤ ਕੀਤੀ ਤੇ ਫਿਰ ਗੁਰਦਿਆਲ ਦਲਾਲ ਨੂੰ ਆਪਣਾ ਮੁਰਸ਼ਿਦ ਧਾਰ ਲਿਆ। ਉਹਦੀਆਂ ਹੁਣ ਤੱਕ 5 ਮੌਲਿਕ ਪੁਸਤਕਾਂ (ਸੁਪਨਿਆਂ ਦੀ ਸਰਦਲ, ਸਰਦਲਾਂ ਤੋਂ ਪਾਰ, ਸੂਲੀ ਟੁੰਗੇ ਸੂਰਜ, ਖਿੱਤੀਆਂ, ਖਾਰੀਆਂ ਝੀਲਾਂ) ਛਪ ਚੁੱਕੀਆਂ ਹਨ ਤੇ ਤਿੰਨ ਕਿਤਾਬਾਂ (ਗ਼ਜ਼ਲ ਸੰਗ੍ਰਹਿ) ਦਾ ਉਹਨੇ ਸੰਪਾਦਨ ਕੀਤਾ ਹੈ। ਪੰਜਾਬੀ ਮੈਗਜ਼ੀਨ 'ਪਰਵਾਜ਼' ਦੇ ਸਹਿ-ਸੰਪਾਦਕ ਵਜੋਂ ਉਹਨੇ 7 ਸਾਲ ਕਾਰਜ ਕੀਤਾ। ਉਹਨੇ ਆਪਣੀ ਮੁਢਲੀ ਪੜ੍ਹਾਈ ਹਿੰਦੀ ਮਾਧਿਅਮ ਵਿਚ ਕੀਤੀ, ਬੀ.ਕਾਮ. ਅਤੇ ਡਿਪਲੋਮਾ ਦਾ ਮਾਧਿਅਮ ਅੰਗਰੇਜ਼ੀ ਸੀ। ਪੰਜਾਬੀ ਉਹਨੇ ਛੇਵੀਂ ਤੋਂ ਦਸਵੀਂ ਤੱਕ ਦੂਜੀ ਭਾਸ਼ਾ ਵਜੋਂ ਪੜ੍ਹੀ। ਉਹਦੇ ਘਰ ਵਿਚ ਬਾਂਗੜੀ ਬੋਲੀ ਜਾਂਦੀ ਸੀ। ਉਹ ਖ਼ੁਦ ਨੂੰ ਗ਼ੈਰ ਪੰਜਾਬੀ ਭਾਸ਼ੀ ਅਤੇ ਗ਼ੈਰ ਸਾਹਿਤਕ ਸ਼ਹਿਰ ਦਾ ਬਾਸ਼ਿੰਦਾ ਮੰਨਦਾ ਹੈ। ਉਹਦੀਆਂ ਸਾਹਿਤਕ ਸੇਵਾਵਾਂ ਬਦਲੇ ਰਾਮਪੁਰ ਅਤੇ ਪਟਿਆਲਾ ਦੀਆਂ ਸਾਹਿਤ ਸਭਾਵਾਂ ਵਲੋਂ ਸਨਮਾਨਿਤ ਕੀਤਾ ਜਾ ਚੁੱਕਾ ਹੈ। ਉਹਦੇ ਸਾਹਿਤਕ ਮਿੱਤਰਾਂ ਵਿਚ ਕੁਲਦੀਪ ਸਿੰਘ ਬੰਗੀ, ਮਾਲਵਿੰਦਰ ਸ਼ਾਇਰ ਅਤੇ ਤ੍ਰਿਲੋਕ ਢਿੱਲੋਂ ਦਾ ਨਾਂਅ ਪਰਮ-ਅਗੇਤ ਹੈ। ਪੁਸਤਕ ਨੂੰ ਦੋ ਭਾਗਾਂ ਵਿਚ ਵੰਡਿਆ ਗਿਆ ਹੈ, ਪਹਿਲੇ ਭਾਗ (9-66) ਵਿਚ ਵੱਖ-ਵੱਖ ਲੇਖਕਾਂ ਵਲੋਂ ਰੰਜਨ ਦੀ ਸ਼ਾਇਰੀ ਦਾ ਅਧਿਐਨ ਕੀਤਾ ਗਿਆ ਹੈ, ਜਦਕਿ ਦੂਜੇ ਹਿੱਸੇ (69-136) ਵਿਚ ਉਸਦੀਆਂ ਚੋਣਵੀਆਂ ਗ਼ਜ਼ਲਾਂ ਸ਼ਾਮਿਲ ਕੀਤੀਆਂ ਗਈਆਂ ਹਨ, ਜਿਨ੍ਹਾਂ ਦੀ ਗਿਣਤੀ 67 ਹੈ। ਉਸਦੀਆਂ ਗ਼ਜ਼ਲਾਂ ਦੀ ਭਾਸ਼ਾ ਪੰਜਾਬੀ ਹੈ ਤੇ ਇਨ੍ਹਾਂ ਵਿਚ ਲੋਕ-ਮਸਲਿਆਂ, ਲੋਕ-ਸੰਘਰਸ਼ਾਂ ਨੂੰ ਪਹਿਲ ਦਿੱਤੀ ਗਈ ਹੈ। ਉਸਦੀ ਸਮੁੱਚੀ ਸ਼ਾਇਰੀ ਲੋਕਪੱਖੀ, ਪ੍ਰਗਤੀਵਾਦੀ ਤੇ ਜੁਝਾਰਵਾਦੀ ਹੈ। ਬੇਰੁਜ਼ਗਾਰੀ, ਅਸਹਿਣਸ਼ੀਲਤਾ, ਅੱਤਵਾਦ, ਖ਼ੁਦਕੁਸ਼ੀ ਜਿਹੇ ਮੁੱਦਿਆਂ ਦੀ ਪੇਸ਼ਕਾਰੀ ਵੀ ਉਹਦੀਆਂ ਗ਼ਜ਼ਲਾਂ ਦਾ ਵਿਸ਼ਾ ਬਣੀ ਹੈ। ਕਿਤਾਬ ਵਿਚ ਮਾਲਵਿੰਦਰ ਸ਼ਾਇਰ ਅਤੇ ਹਰਦੀਪ ਢਿੱਲੋਂ ਨੇ ਰੰਜਨ ਬਾਰੇ ਜੋ ਸ਼ਬਦ-ਚਿੱਤਰ ਲਿਖੇ ਹਨ, ਉਹ ਗ਼ਜ਼ਲ-ਚਿੱਤਰ ਹਨ। ਪੁਸਤਕ ਵਿਚ ਸ਼ਾਮਲ ਗ਼ਜ਼ਲਾਂ ਦੇ ਸ਼ਿਅਰਾਂ ਦੀ ਗਿਣਤੀ 5 ਤੋਂ 12 ਤੱਕ ਫੈਲੀ ਹੋਈ ਹੈ। ਉਂਜ ਤਾਂ ਲਗਭਗ ਸਾਰੀਆਂ ਹੀ ਗ਼ਜ਼ਲਾਂ ਦੇ ਸ਼ਿਅਰਾਂ ਵਿਚ ਵੱਖ ਵੱਖ ਵਿਚਾਰ ਪੇਸ਼ ਹੋਏ ਹਨ ਪਰ ਇਸ ਵਿਚ ਸ਼ਾਮਿਲ ਇਕ ਗ਼ਜ਼ਲ ਅਜਿਹੀ ਵੀ ਹੈ, ਜਿਸ ਵਿਚ ਕਵੀ ਨੇ ਆਪਣੇ ਸ਼ਹਿਰ ਅਬੋਹਰ ਦੀ ਗਾਥਾ ਨੂੰ ਬਿਆਨ ਕੀਤਾ ਹੈ। ਇਸ ਸ਼ਹਿਰ ਦੀ ਅਵਸਥਾ ਦਾ ਵਿਅੰਗਾਤਮਿਕ ਉਲੇਖ ਕਰਦਾ ਹੋਇਆ ਉਹ ਲਿਖਦਾ ਹੈ :
ਟੁੱਟੀਆਂ ਸੜਕਾਂ, ਪੁੱਟੀਆਂ ਗਲੀਆਂ, ਭਰਿਆ ਪਾਣੀ ਸੀਵਰ ਦਾ
ਟੁੰਗ ਪਜਾਮੇ ਨੇਤਾ ਲੰਘਣ, ਸਭ ਚੁਪਚਾਪ ਅਬੋਹਰ ਦੇ।
ਛੀਨਾ ਝਪਟੀ, ਸੀਨਾਜ਼ੋਰੀ, ਰਿਸ਼ਵਤ, ਠੱਗੀ ਤੇ ਚੋਰੀ
ਹੋਰ ਅਨੇਕਾਂ ਮੱਥੇ ਤੇ ਨੇ, ਲੱਗੇ ਦਾਗ ਅਬੋਹਰ ਦੇ। (103)
ਇਸ ਤਰ੍ਹਾਂ ਇਹ ਕਿਤਾਬ ਆਤਮਾ ਰਾਮ ਰੰਜਨ ਦੇ ਜੀਵਨ ਤੇ ਰਚਨਾ ਬਾਰੇ ਪੁਖ਼ਤਾ ਜਾਣਕਾਰੀ ਮੁਹੱਈਆ ਕਰਵਾਉਂਦੀ ਹੈ, ਜਿਸਦਾ ਪੰਜਾਬੀ ਸਾਹਿਤ ਜਗਤ ਵਿਚ ਖ਼ੈਰ-ਮਕਦਮ ਹੈ।
-ਪ੍ਰੋ. ਨਵ ਸੰਗੀਤ ਸਿੰਘ
ਮੋਬਾਈਲ : 94176-92015
ਚੁੱਪ ਦਾ ਸਨਾਟਾ
ਲੇਖਕ : ਸੁਰਿੰਦਰ ਕੈਲੇ
ਪ੍ਰਕਾਸ਼ਕ : ਅਣੂ ਮੰਚ
ਮੁੱਲ : 280 ਰੁਪਏ, ਸਫੇ : 128
ਸੰਪਰਕ : 98725-91653

ਸੰਨ 2025 ਵਿਚ ਪ੍ਰਕਾਸ਼ਿਤ ਵੰਨੇ-ਸੁਵੰਨੇ ਮੁੱਦਿਆਂ ਨਾਲ ਜੁੜੀਆਂ ਮਿੰਨੀ ਕਹਾਣੀਆਂ ਦੇ ਸੰਗ੍ਰਹਿ 'ਚੁੱਪ ਦਾ ਸੱਨਾਟਾ' ਵਿਚ ਕੁੱਲ 58 ਰਚਨਾਵਾਂ ਹਨ। ਇਸ ਮਿੰਨੀ ਕਹਾਣੀ ਸੰਗ੍ਰਹਿ ਦਾ ਨਾਮਕਰਨ ਇਸ ਦੀ ਇਕ ਮਿੰਨੀ ਕਹਾਣੀ 'ਚੁੱਪ ਦਾ ਸੱਨਾਟਾ' ਦੇ ਸਿਰਲੇਖ ਦੇ ਅਧਾਰ 'ਤੇ ਕੀਤਾ ਗਿਆ ਹੈ। ਇਸ ਪੁਸਤਕ ਨੂੰ ਲੇਖਕ ਨੇ ਆਪਣੀਆਂ ਪੋਤੀਆਂ ਨੂੰ ਸਮਰਪਿਤ ਕੀਤਾ ਹੈ। ਪੁਸਤਕ ਦੀਆਂ ਕਹਾਣੀਆਂ ਦੇ ਕਲਾਤਮਿਕ ਅਤੇ ਗੁਣਾਤਮਕ ਪੱਖਾਂ ਨੂੰ ਪ੍ਰੋਫ਼ੈਸਰ ਗੁਰਦੀਪ ਸਿੰਘ ਨੇ ਬਾਖ਼ੂਬੀ ਉਜਾਗਰ ਕੀਤਾ ਹੈ। ਹਿੰਦੀ ਅਤੇ ਪੰਜਾਬੀ ਦੋਵੇਂ ਭਾਸ਼ਾਵਾਂ, ਅਤੇ ਵੱਖ-ਵੱਖ ਵਿਧਾਵਾਂ ਵਿਚ ਨਿੱਠ ਕੇ ਲਿਖਣ ਵਾਲਾ ਲੇਖਕ ਸੁਰਿੰਦਰ ਸਿੰਘ ਕੈਲੇ ਮਿੰਨੀ ਕਹਾਣੀ ਦੇ ਖੇਤਰ ਦਾ ਇਕ ਮਕਬੂਲ ਅਤੇ ਸਿਰਮੌਰ ਲੇਖਕ ਹੈ। ਲੇਖਕ ਦੀ ਮਿੰਨੀ ਕਹਾਣੀ ਕਲਾ ਬਣੀ ਬਣਾਈ ਬਾਈਨਰੀ ਨੂੰ ਤੋੜਦੀ ਹੈ। ਉਸ ਦੀ ਸਿਰਜਣਾ ਵਸਤੂ ਨੂੰ ਸਿਰਫ਼ ਰੂਪ 'ਚ ਢਾਲਦੀ ਹੀ ਨਹੀਂ ਸਗੋਂ ਉਲਟ ਰੂਪ ਰਾਹੀਂ ਆਪਣੀ ਗੱਲ ਵੀ ਆਖਦੀ ਹੈ। ਲੇਖਕ ਨੇ ਆਪਣੇ ਜਜ਼ਬਾਤਾਂ ਨੂੰ ਮਿੰਨੀ ਕਹਾਣੀ ਵਿਧਾ ਦੇ ਮਾਧਿਅਮ ਰਾਹੀਂ ਸਾਹਿਤਕ ਰੂਪ ਵਿਚ ਦਿਲਚਸਪ ਅਤੇ ਸੁਆਦਲੀ ਸ਼ੈਲੀ 'ਚ ਪਾਠਕਾਂ ਦੇ ਸਨਮੁੱਖ ਪੇਸ਼ ਕੀਤਾ ਹੈ। ਲੇਖਕ ਕਹਾਣੀਆਂ 'ਚ ਕੇਵਲ ਮੁੱਦੇ ਉਠਾਉਂਦਾ ਹੀ ਨਹੀਂ ਸਗੋਂ ਉਨ੍ਹਾਂ ਦੇ ਹੱਲ ਸੁਲਝਾਉਂਦਾ ਵੀ ਜਾਪਦਾ ਹੈ। ਲੇਖਕ ਆਪਣੇ ਸਮਕਾਲੀ ਮਿੰਨੀ ਕਹਾਣੀ ਕਲਾ ਦੀਆਂ ਪੈੜਾਂ ਨਪਦਾ ਹੋਇਆ ਆਪਣੀ ਗੱਲ ਕਹਿਣ ਲਈ ਕਥਾ ਵਸਤੂ ਨਹੀਂ ਉਸਾਰਦਾ ਸਗੋਂ ਸਿਆਸੀ ਅਤੇ ਸੰਵਾਦੀ ਮਾਧਿਅਮ ਰਾਹੀਂ ਆਪਣੀ ਕਥਾ ਰਾਹੀਂ ਸੰਵਾਦ ਰਚਾਉਂਦਾ ਹੈ। ਉਸ ਦੇ ਸੰਵਾਦਾਂ ਵਿਚ ਬੇਤਰਤੀਬੀ ਨਹੀਂ ਸਗੋਂ ਸਿਰਜਣਾਤਮਕ ਰੁਮਕ ਅਤੇ ਗਹਿਰੀ ਫਿਲਾਸਫ਼ੀ ਹੈ। ਲੇਖਕ ਦੀ ਕਥਾ ਵਸਤੂ ਦੀ ਵਿਉਂਤਬੰਦੀ 'ਚ ਸਪੱਸ਼ਟਤਾ 'ਤੇ ਵਿਚਾਰਾਂ ਵਿਚ ਸਹਿਜਤਾ ਹੈ। ਲੇਖਕ ਮਿੰਨੀ ਕਹਾਣੀ ਵਿਧਾ ਦੇ ਖੇਤਰ ਵਿਚ 'ਚੁੱਪ ਦਾ ਸੱਨਾਟਾ' ਮਿੰਨੀ ਕਹਾਣੀ ਸੰਗ੍ਰਹਿ ਦੇ ਰਾਹੀਂ ਵਿਚਾਰਾਂ ਅਤੇ ਮੁੱਦਿਆਂ ਦੇ ਪ੍ਰਗਟਾਵੇ ਪੱਖੋਂ ਬਹੁਤ ਕੁਝ ਨਵਾਂ ਸਿਰਜ ਰਿਹਾ ਹੈ। ਕਹਾਣੀਆਂ ਨੂੰ ਪੜ੍ਹਦਿਆਂ ਅਨੁਭਵ ਹੁੰਦਾ ਹੈ ਕਿ ਉਹ ਦੇਸ਼ ਅਤੇ ਸਮਾਜ ਦੀਆਂ ਜ਼ਮੀਨੀ ਹਕੀਕਤਾਂ ਨੂੰ ਬਿਆਨ ਕਰ ਰਿਹਾ ਹੈ। ਕਹਾਣੀਆਂ ਦੀ ਭਾਸ਼ਾ, ਸੰਵਾਦ, ਛੋਟੇ-ਛੋਟੇ ਵਾਕਾਂ ਵਿਚ ਗੱਲ ਕਹਿਣ ਦਾ ਅੰਦਾਜ਼ਾ ਅਤੇ ਮੁੱਦੇ ਨੂੰ ਉਠਾਉਣ ਦਾ ਲਹਿਜਾ ਲੇਖਕ ਦੀ ਭਾਸ਼ਾ ਉਤੇ ਪਕੜ ਅਤੇ ਸਾਹਿਤਕ ਪ੍ਰਪੱਕਤਾ ਨੂੰ ਪ੍ਰਮਾਣਿਤ ਕਰਦਾ ਹੈ।
-ਪ੍ਰਿੰਸੀਪਲ ਵਿਜੈ ਕੁਮਾਰ
ਮੋਬਾਈਲ : 98726-27136
ਤੇਰੀ ਸੋਚ ਮੇਰੇ ਲਫ਼ਜ਼
ਲੇਖਿਕਾ : ਵਿਸ਼ਾਲ ਪੁਆਰ ਟੂਟੋਮਜਾਰੀਆ
ਪ੍ਰਕਾਸ਼ਕ : ਨਿੱਕੀਆਂ ਕਰੂੰਬਲਾਂ ਪ੍ਰਕਾਸ਼ਨ ਮਾਹਿਲਪੁਰ (ਹੁਸ਼ਿਆਰਪੁਰ)
ਮੁੱਲ : 145 ਰੁਪਏ, ਸਫੇ : 72
ਸੰਪਰਕ : 98725-61026

ਸ਼ਾਇਰ ਵਿਸ਼ਾਲ ਪੁਆਰ ਟੂਟੋਮਜਾਰੀਆ ਆਪਣੇ ਪਲੇਠੇ ਕਾਵਿ ਪਰਾਗੇ 'ਤੇਰੀ ਸੋਚ ਮੇਰੇ ਲਫ਼ਜ਼' ਨਾਲ ਪੰਜਾਬੀ ਸ਼ਾਇਰੀ ਦੇ ਦਰ ਦਰਵਾਜ਼ੇ ਤੇ ਦਸਤਕ ਦੇ ਰਿਹਾ ਹੈ। ਸ਼ਾਇਰ ਅਜੇ ਸਿਖਾਂਦੜੂ ਪ੍ਰਯਤਨ ਵਿਚੋਂ ਗੁਜ਼ਰ ਰਿਹਾ ਹੈ ਤੇ ਜਿਸ ਵਿਚ ਡੂੰਘੇ ਅਹਿਸਾਸਾਂ ਦੀ ਸ਼ਾਇਰੀ ਦੀਆਂ ਸੰਭਾਵਨਾਵਾਂ ਮੌਜੂਦ ਹਨ। ਇਸ ਕਿਤਾਬ ਦੀਆਂ ਸਾਰੀਆਂ ਕਵਿਤਾਵਾਂ ਨਿੱਜੀ ਧੁੱਪਾਂ-ਛਾਵਾਂ ਤੇ ਦੁਸ਼ਵਾਰੀਆਂ ਵਿਚੋ ਪੁਣ ਕੇ ਨਿਕਲੀ ਸ਼ਾਇਰੀ ਹੈ ਜੋ ਉਸ ਦੇ ਨਿੱਜ ਤੋਂ ਚੱਲ ਕੇ ਪਰ ਤੱਕ ਦਾ ਸਫ਼ਰ ਕਰਦੀਆਂ ਹਨ। ਸ਼ਾਇਰ ਕਿੱਤੇ ਵਜੋਂ ਇਕ ਫਿਜੀਓਥੈਰਪਿਸਟ ਹਨ ਤੇ ਆਪਣਾ ਨਿੱਜੀ ਸਿਹਤ ਕੇਂਦਰ ਚਲਾ ਰਹੇ ਹਨ। ਉਹ ਜਿਥੇ ਮਰੀਜ਼ਾਂ ਨੂੰ ਫਿਜੀਓਥੈਰਪੀ ਨਾਲ ਚੱਲਣ ਫਿਰਨ ਦੇ ਯੋਗ ਬਣਾਉਂਦੇ ਹਨ, ਉਥੇ ਅੱਖਰਾਂ ਦੀ ਥੈਰੇਪੀ ਨਾਲ ਹੰਭੇ ਹਾਰਿਆਂ ਨੂੰ ਤੇ ਉਦਾਸੀ ਦੇ ਆਲਮ ਵਿਚੋਂ ਨਿਕਲਣ ਲਈ ਜੀਵਨ ਜਾਚ ਵੀ ਸਿਖਾ ਰਹੇ ਨਹ। ਸ਼ਾਇਰ ਦੀ ਸ਼ਾਇਰੀ ਦੇ ਕਾਵਿ-ਪ੍ਰਵਚਨ ਦੀ ਤੰਦ ਸੂਤਰ ਦਾ ਚਿੰਤਨ ਮੰਥਨ ਕਰਦਿਆਂ ਇਹ ਸਪੱਸ਼ਟ ਨਜ਼ਰ ਆ ਜਾਂਦਾ ਹੈ ਕਿ ਮਨੁੱਖ ਅੰਦਰ ਮੁਹੱਬਤ ਦਾ ਆਦਿ ਜੁਗਾਦੀ ਜਜ਼ਬਾ ਮੌਜੂਦ ਤਾਂ ਹੈ ਪਰ ਗਭਰੇਟ ਉਮਰ ਵਿਚ ਇਹ ਜਜ਼ਬਾ ਪਹਾੜੀ ਨਦੀ ਦੇ ਵਹਿਣ ਵਰਗਾ ਹੁੰਦਾ ਹੈ ਤੇ ਰੋਸੇ ਮੇਹਣਿਆਂ ਮੰਨ ਮਨਾਉਣੀਆਂ, ਸੰਯੋਗ ਵਿਯੋਗ ਦੇ ਥਪੇੜੇ ਚੱਲਦਿਆਂ ਜਿਵੇਂ ਮਾੀ ਹਵਾ ਅਤੇ ਬਾਬਾ ਆਦਮ ਨੂੰ ਵਰਜਿਤ ਫਲ, ਚੱਖਣ ਦੀ ਸਜ਼ਾ ਵਜੋਂ ਮਾਈ ਹਵਾ ਦੀ ੌਲਾਦ ਤਰੰਗਤੀ ਦੀ ਪੁਰਸਲਾਤ ਪਾਰ ਕੇ ਆਪਣਏ ਮਹਿਬੂਬ ਦੇ ਵੱਸਲ ਹੰਢਾਉਣ ਤੱਕ ਦੀ ਗਾਥਾ ਹੀ ਦੁਹਰਾਈ ਜਾ ਰਹੀ ਹੈ। ਬਕੌਲ ਮਿਰਜ਼ਾ ਗਾਲਿਬ 'ਗਾਲਿਬ ਯੇਹ ਵੋਹ ਆਤਿਸ਼ ਹੈ ਜੋ ਲਗਾਏ ਨਾ ਲਗੇ ਔਰ ਬੁਝਾਏ ਨਾ ਬਨੇ' ਔਰ ਬਾਈਬਲ ਅਨੁਸਾਰ 'ਬੰਦਾ ਰੋਟੀ ਤੇ ਹੀ ਨਹੀਂ ਜਿਊਂਦਾ' ਤੇ ਇਸ ਤਰ੍ਹਾਂ ਜਾਗਰੂਕ ਤੇ ਇਸ਼ਕ ਦਾ ਕੁੰਠਿਆ ਸਮਾਜਿਕ ਵਰਜਤਾਣਾ ਨਾਲ ਦਸਤਪੰਜਾ ਲੈਂਦਾ ਰਹਿੰਦਾਹ ੈ। ਸ਼ਾਇਰ ਆਪਣੀ ਪਹਿਲੀ ਹੀ ਨਜ਼ਮ 'ਮੇਰੀ ਕਹਾਣੀ ਬਣ ਗਈ' ਵਿਚ ਪਿੱਤਰੀ ਸੱਤਾ ਦੇ ਬਖੀਏ ਉਧੇੜਦਾ ਹੈ ਕਿ ਉਂਜ ਤਾਂ ਪਿਤਾ ਆਪਣੀ ਧੀ ਥਿਆਣੀ ਨੂੰ ਲਾਡੋ ਰਾਣੀ, ਲਾਡੋ ਰਾਣੀ ਕਹਿ ਕੇ ਪਿਆਰਦਾ ਹੈ ਪਰ ਭਵਿੱਖ ਵਿਚ ਜਿਊਣ ਲਈ ਉਸ ਦੀ ਮਰਜ਼ੀ ਨੂੰ ਠੋਕਰ ਮਾਰਦਾ ਹੈ। ਸ਼ਾਇਰ ਇਸ਼ਕ ਮਜਾਜ਼ੀ ਤੋਂ ਇਸ਼ਕ ਹਕੀਕੀ ਤੱਕ ਪਹੁੰਚਣ ਲਈ ਕਦੇ ਬੁੱਲ੍ਹੇਸ਼ਾਹ ਵਾਂਗ ਆਪਣੇ ਮੁਰਸ਼ਦ ਨੂੰ ਮਨਾਉਣ ਲਈ ਘੁੰਗਰੂ ਬੰਨ੍ਹ ਕੇ ਨੱਚਣਾ ਪੈਂਦਾ ਹੈ ਤੇ ਸੋਹਣੀ ਵਾਂਗ ਕੱਚੇ ਘੜੇ 'ਤੇ ਤਰ ਕੇ ਮਹੀਵਾਲ ਨੂੰ ਮਿਲਣ ਲਈ ਸ਼ੂਕਦੇ ਝਨਾਂ ਦੀਆਂ ਲਹਿਰਾਂ ਨਾਲ ਵੀ ਲੜਨਾ ਪੈਂਦਾ ਹੈ। ਉਹ ਤਾਂ ਹਿੱਕ ਠੋਕ ਕੇ ਆਖਦਾ ਹੈ ਕਿ 'ਜ਼ਿੰਦਗੀ ਛੋਟੀ ਤੇ ਖੁਆਹ ਬੜੇ ਨੇ, ਕੱਚੇ ਘੜੇ ਚਨਾਬ ਬੜੇ ਨੇ' ਕਿਤਾਬ ਦਾ ਟਾਈਟਲ ਬੜਾ ਹੀ ਖੂਬਸੂਰਤ ਹੈ। ਇਕ ਗੱਲ ਭਰਾਂਤੀ ਪੈਦਾ ਕਰਦੀ ਹੈ ਕਿ ਸੋਚ ਤਾਂ ਆਪਣੀ ਹੁੰਦੀ ਹੀ ਹੈ ਤੇ ਲਫ਼ਜ਼ ਵੀ ਆਪਣੇ ਹੁੰਦੇ ਹਨ ਪਰ ਇਹ 'ਤੇਰੀ ਸੋਚ' ਦੀ ਅੜਾਉਣੀ ਸਮਝ ਨਹੀਂ ਆਈ। ਨਿਕਟ ਭਵਿੱਖ ਵਿਚ ਹੋਰ ਬਿਹਤਰ ਕਲਾਤਮਿਕ ਪ੍ਰਗਟਾਵੇ ਦੀ ਸ਼ਾਇਰੀ ਦੀ ਉਡੀਕ ਰਹੇਗੀ।
-ਭਗਵਾਨ ਢਿੱਲੋਂ
ਮੋਬਾਈਲ: 98143-78254
ਸਵਾਮੀ ਹਰਿਨਾਮ ਦਾਸ ਉਦਾਸੀ
ਖੋਜ ਅਤੇ ਟੀਕਾਕਾਰੀ
ਲੇਖਕ : ਭਜਨ ਸਿੰਘ
ਪ੍ਰਕਾਸ਼ਕ : ਸਪਤਰਿਸ਼ੀ ਪ੍ਰਕਾਸ਼ਨ ਚੰਡੀਗੜ੍ਹ।
ਮੁੱਲ : 180 ਰੁਪਏ, ਸਫ਼ੇ : 123
ਸੰਪਰਕ : 99884-45538

ਵਿਚਾਰਧੀਨ ਪੁਸਤਕ ਦਾ ਅਧਿਐਨ ਕਰਦਿਆਂ ਪਤਾ ਚਲਦਾ ਹੈ ਕਿ ਖੋਜਕਾਰ ਡਾ. ਭਜਨ ਸਿੰਘ ਦੀ ਦ੍ਰਿਸ਼ਟੀ ਤਰਕਸ਼ੀਲ, ਬਾਹਰਮੁਖੀ ਅਤੇ ਵਿਗਿਆਨਕ ਹੈ। ਲੇਖਕ ਨੇ ਦੱਸਿਆ ਹੈ ਕਿ ਹਰਿਨਾਮ ਦਾਸ ਉਦਾਸੀ ਦਾ ਜਨਮ ਪੱਛਮੀ ਪੰਜਾਬ ਵਿਚ ਪਿਤਾ ਹਰਭਜਨ ਦਾਸ ਦੇ ਗ੍ਰਹਿ ਵਿਖੇ 1902 ਵਿਚ ਹੋਇਆ। ਉਸ ਨੂੰ ਬਚਪਨ ਤੋਂ ਹੀ ਗੁਰਬਾਣੀ ਦੀ ਗੁੜ੍ਹਤੀ ਮਿਲੀ ਸੀ। ਉਸ ਨੇ ਬਚਪਨ ਤੋਂ ਲੱਗੇ ਜਾਗ ਨੂੰ, ਜਗਿਆਸਾ ਅਧੀਨ ਭਿੰਨ-ਭਿੰਨ ਵਿਦਵਾਨਾਂ ਤੋਂ ਗੂੜ੍ਹ ਗਿਆਨ ਪ੍ਰਾਪਤ ਕੀਤਾ। ਉਸ ਨੂੰ ਉਸ ਦੇ ਇਸ ਖੇਤਰ ਵਿਚ ਪ੍ਰਵੇਸ਼ ਕਰਨ ਵਾਲੀ 'ਜੀ.ਬੀ. ਸਿੰਘ' ਦੀ ਪੁਸਤਕ 'ਪ੍ਰਾਚੀਨ ਬੀੜਾ' ਨੇ ਪ੍ਰਭਾਵਿਤ ਕੀਤਾ। ਬਸ ਫਿਰ ਚੱਲ ਸੋ ਚੱਲ। ਉਸ ਨੇ ਸ੍ਰੀ ਜਪੁਜੀ ਸਟੀਕ : ਪੁਰਾਤਨ ਬੀੜਾਂ 'ਤੇ ਵਿਚਾਰ (ਦੋ ਭਾਗਾਂ ਵਿਚ), ਸ੍ਰੀ ਸਰਬਲੋਹ ਗ੍ਰੰਥ ਵਿਚੋਂ 'ਖਾਲਸਾ ਪ੍ਰਕਾਸ਼', ਸ. ਸਰਬਲੋਹ ਗ੍ਰੰਥ ਦੀ ਵਾਕਫੀਅਤ, ਵਿਨਯ ਪਤ੍ਰਿਕਾ, ਗੁਰੂ ਗ੍ਰੰਥ ਸਾਹਿਬ ਸਟੀਕ (ਅਪ੍ਰਕਾਸ਼ਿਤ), ਦਸਮ ਗੁਰੂ ਗ੍ਰੰਥ ਸਟੀਕ (ਅਪ੍ਰਕਾਸ਼ਿਤ), ਸ੍ਰੀ ਸਰਬਲੋਹ ਗ੍ਰੰਥ (ਸੰਪਾਦਨਾ) ਆਦਿ 8 ਕਿਤਾਬਾਂ ਦੀ ਰਚਨਾ ਕੀਤੀ। ਉਸ ਨੇ ਕਵਿਤਾ ਵੀ ਲਿਖੀ ਅਤੇ ਰਚੀਆਂ ਕਵਿਤਾਵਾਂ ਦੇ ਅਰਥ ਵੀ ਆਪ ਹੀ ਕੀਤੇ।
ਹਰਿਨਾਮ ਦਾਸ ਸਵਾਮੀ ਨੇ ਆਪਣੇ ਵਿਚਾਰ ਗੁਰਬਾਣੀ 'ਚ ਮੂਲ ਪਾਠ ਦੇ ਨਾਲ ਅਰਥ ਵੀ ਦਿੱਤੇ ਨੇ। ਅਜਿਹਾ ਕਰਦਿਆਂ ਪਦ-ਵੰਡ, ਪਾਠ-ਭੇਟਾ, ਲਿਖਾਰੀਆਂ ਤੋਂ ਅੱਗੇ ਅੱਗੇ ਉਤਾਰਾ ਕਰਦਿਆਂ ਹੋਈਆਂ ਸੁਭਾਵਿਕ ਭੁੱਲਾਂ ਦੀ ਨਿਸ਼ਾਨਦੇਹੀ ਵੀ ਕੀਤੀ ਹੈ। ਗੁਰਬਾਣੀ ਦੀਆਂ ਟੀਕਾਕਾਰੀ ਪ੍ਰਣਾਲੀਆਂ ਭਾਵ ਸਹਿਜ ਪ੍ਰਣਾਲੀ, ਪਰਮਾਰਥ ਪ੍ਰਣਾਲੀ, ਉਦਾਸੀ ਪ੍ਰਣਾਲੀ, ਨਿਰਮਲ ਪ੍ਰਣਾਲੀ ਸੰਪਦਾਈ ਪ੍ਰਣਾਲੀ ਨੂੰ ਬਾਖੂਬੀ ਸਮਝਾਉਣ ਦਾ ਯਤਨ ਕੀਤਾ ਹੈ। ਆਧੁਨਿਕ ਟੀਕਾਕਾਰੀ ਵਿਚ ਯੋਗਦਾਨ ਪਾਉਣ ਵਾਲੇ ਵਿਦਵਾਨਾਂ ਭਾਈ ਵੀਰ ਸਿੰਘ, ਪ੍ਰਿੰ. ਤੇਜਾ ਸਿੰਘ, ਡਾ. ਮੋਹਨ ਸਿੰਘ ਦੀਵਾਨਾ, ਪ੍ਰੋ. ਸਾਹਿਬ ਸਿੰਘ ਅਤੇ ਡਾ. ਸ਼ੇਰ ਸਿੰਘ ਆਦਿ ਬਾਰੇ ਜਾਣਕਾਰੀ ਦਿੱਤੀ ਹੈ।
ਸਵਾਮੀ ਹਰਿਨਾਮ ਦਾਸ ਨੇ ਆਪਣੇ ਪੂਰਬਲੇ ਅਰਥਾਤ ਪਹਿਲੇ ਟੀਕਾਕਾਰਾਂ ਤੋਂ ਨਿਵੇਕਲੇ ਅਰਥ ਪ੍ਰਸਤੁਤ ਕੀਤੇ ਨੇ, ਉਹ ਕਵਿਤਾ ਦੇ ਮਾਪ-ਤੋਲ, ਅੰਤਯਾਨੁਪ੍ਰਾਸ (ਤੁਕਾਂਤ) ਆਦਿ ਵੱਲ ਵੀ ਪਾਠਕਾਂ ਦਾ ਧਿਆਨ ਆਕਰਸ਼ਿਤ ਕਰਦਾ ਹੈ। ਉਸ ਨੇ ਪ੍ਰੋ. ਸਾਹਿਬ ਸਿੰਘ ਵਲੋਂ ਗੁਰਬਾਣੀ ਦਾ ਵੱਖਰਾ ਵਿਆਕਰਨ ਤਿਆਰ ਕਰਨ ਬਾਰੇ ਵੀ ਜਾਣਕਾਰੀ ਦਿੱਤੀ ਹੈ। ਉਸ ਨੇ ਆਪਣੇ ਵਿਚਾਰਾਂ ਦੀ ਉਦਾਹਰਨਾਂ ਸਹਿਤ ਅਤੇ ਤੁਲਨਾਤਮਿਕ ਅਧਿਐਨ ਦੀ ਜੁਗਤ ਨਾਲ ਪੁਸ਼ਟੀ ਕਰਨ ਦਾ ਯਤਨ ਕੀਤਾ ਹੈ। ਡਾ. ਪਿਆਰ ਸਿੰਘ ਦਾ ਕਥਨ 'ਗੁਰੂ ਸਾਹਿਬ ਦਾ ਵੱਡਾ ਮਨੋਰਥ ਸਵਸਥ ਸਮਾਜ ਲਈ ਸਥਾਪਤ ਕਰਨਾ ਹੀ ਸੀ। ਪੰ. 94, ਸਵਾਮੀ ਹਰਿਨਾਮ ਦਾਸ ਉਦਾਸੀ ਨੇ ਆਪਣੀ ਪੁਸਤਕ 'ਪੁਰਾਤਨ ਬੀੜਾਂ ਤੇ ਵਿਚਾਰ ਦੇ ਪਹਿਲੇ ਭਾਗ ਵਿਚ 40 ਬੀੜਾਂ ਅਤੇ ਦੂਜੇ ਭਾਗ ਵਿਚ 41 ਤੋਂ 118 ਬੀੜਾਂ ਤੱਕ ਜ਼ਿਕਰ ਕੀਤਾ ਹੈ। ਪੰ. 115
ਉਸ ਨੇ ਕਰਤਾਰਪੁਰੀ ਬੀੜ, ਭਾਈ ਬੰਨੋ ਵਾਲੀ ਬੀੜ, ਦਮਦਮਾ ਸਾਹਿਬ ਵਾਲੀ ਬੀੜ, ਭਾਈ ਮਨੀ ਸਿੰਘ ਵਾਲੀ ਬੀੜ, ਭਾਈ ਕੀ ਡਰੋਲੀ ਵਾਲੀ ਬੀੜ, ਕੇਂਦਰੀ ਸਿੱਖ ਅਜਾਇਬ ਘਰ ਵਾਲੀ, ਸਿੱਖ ਰੈਫਰੈਂਸ ਲਾਇਬ੍ਰੇਰੀ ਵਾਲੀਆਂ ਬੀੜਾਂ ਦਾ ਡੂੰਘਾ ਅਧਿਐਨ ਪੇਸ਼ ਕੀਤਾ ਹੈ।
'ਵਾਹ ਪਿਆ ਜਾਣੀਏ ਜਾਂ ਰਾਹ ਪਿਆ ਜਾਣੀਏ' ਇਹ ਖੋਜ ਪੁਸਤਕ ਪੜ੍ਹ ਕੇ ਹੀ ਇਸ ਦਾ ਮੁੱਲ ਪਾਇਆ ਜਾ ਸਕਦਾ ਹੈ।
-ਡਾ. ਧਰਮ ਚੰਦ ਵਾਤਿਸ਼
ਈ-ਮੇਲ : vatishdharamchand@gmail.com
ਸ਼ਹੀਦ ਊਧਮ ਸਿੰਘ
ਲੇਖਕ : ਡਾ. ਸਰਬਜੀਤ ਸਿੰਘ ਛੀਨਾ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 295 ਰੁਪਏ, ਸਫ਼ੇ : 115
ਸੰਪਰਕ : 98551-70335

ਸਾਡੇ ਸਮੁੱਚੇ ਸੁਤੰਤਰਤਾ ਸੰਗਰਾਮ ਦੀ ਇਤਿਹਾਸਕਾਰੀ ਵੇਲੇ ਉਨ੍ਹਾਂ ਸਿਰਲੱਥ ਇਨਕਲਾਬੀ ਯੋਧਿਆਂ ਦੀ ਲਾਸਾਨੀ ਕੁਰਬਾਨੀ ਤੇ ਯੋਗਦਾਨ ਦਾ ਉਚਿਤ ਮੁੱਲ ਨਹੀਂ ਪਾਇਆ ਗਿਆ, ਜਿਨ੍ਹਾਂ ਨੇ ਚੜ੍ਹਦੀ ਜਵਾਨੀ ਵਿਚ ਘਰ-ਪਰਿਵਾਰ ਤੇ ਹਰ ਪ੍ਰਕਾਰ ਦੀ ਸੁੱਖ-ਸਹੂਲਤ ਦੀ ਪ੍ਰਵਾਹ ਨਾ ਕਰਦੇ ਹੋਏ ਅਨੋਖੇ ਸੰਗਰਾਮੀ ਕਾਰਨਾਮੇ ਕੀਤੇ ਅਤੇ ਅਖੀਰ ਆਪਣੇ ਜੀਵਨ ਦੀ ਆਹੂਤੀ ਦੇ ਦਿੱਤੀ। ਅਜਿਹੇ ਸੂਰਬੀਰ ਯੋਧਿਆਂ ਦੀ ਇਕ ਵੱਡੀ ਸੂਚੀ ਇਤਿਹਾਸ ਦੇ ਝਰੋਖੇ ਵਿਚ ਪਈ ਦਿਖਾਈ ਦਿੰਦੀ ਹੈ, ਪਰ ਇਥੇ ਡਾ. ਸਰਬਜੀਤ ਸਿੰਘ ਛੀਨਾ ਰਚਿਤ ਪੁਸਤਕ 'ਸ਼ਹੀਦ ਊਧਮ ਸਿੰਘ' (2025) ਦੇ ਹਵਾਲੇ ਨਾਲ ਗੱਲ ਕੇਵਲ ਸ਼ਹੀਦ ਊਧਮ ਸਿੰਘ ਦੀ ਹੀ ਕੀਤੀ ਜਾ ਰਹੀ ਹੈ। ਇਹ ਇਤਿਹਾਸ ਦੀ ਵਿਡੰਬਨਾ ਹੀ ਹੈ ਕਿ ਕਈ ਵਾਰੀ ਸ਼ਹੀਦ ਊਧਮ ਸਿੰਘ ਦੇ ਕ੍ਰਾਂਤੀਕਾਰੀ ਨਿਸ਼ਾਨੇ ਨੂੰ ਕੇਵਲ ਜਲਿਆਂਵਾਲੇ ਬਾਗ਼ ਦੀ ਵਹਿਸ਼ੀ ਘਟਨਾ ਦੇ ਬਦਲੇ ਤੱਕ ਹੀ ਸੀਮਤ ਕਰ ਜਾਂਦਾ ਹੈ। ਜਦਕਿ ਉਸ ਦੀਆਂ ਉਮਰ ਭਰ ਦੀਆਂ ਭੂਮੀਗਤ ਸਰਗਰਮੀਆਂ, ਰੂਸ, ਅਮਰੀਕਾ, ਇਟਲੀ, ਪੋਲੈਂਡ, ਜਰਮਨੀ ਆਦਿ ਦੇਸ਼ਾਂ ਦੀਆਂ ਵਿਦੇਸ਼ ਯਾਤਰਾਵਾਂ, ਦੋਸਤਾਂ ਨੂੰ ਲਿਖੀਆਂ ਚਿੱਠੀਆਂ, ਕੋਰਟ ਵਿਚ ਦਿੱਤੇ ਬਿਆਨਾਂ ਆਦਿ ਅਨੇਕਾਂ ਸ਼ਹਾਦਤਾਂ ਇਸ ਤੱਥ ਵੱਲ ਇਸ਼ਾਰਾ ਕਰਦੀਆਂ ਹਨ ਕਿ ਉਸ ਦਾ ਜੀਵਨ ਨਿਸ਼ਾਨਾ ਤੇ ਉਦੇਸ਼ ਕਿਤੇ ਵਡੇਰਾ ਸੀ ਅਤੇ ਉਹ ਸਹੀ ਅਰਥਾਂ ਵਿਚ ਧਰਮ ਨਿਰਪੱਖਤਾ, ਆਜ਼ਾਦੀ, ਮਨੁੱਖੀ ਬਰਾਬਰਤਾ, ਦੇਸ਼ ਭਗਤੀ, ਅਣਖ-ਇੱਜਤ, ਕੁਰਬਾਨੀ, ਤਿਆਗ ਬਲੀਦਾਨ ਆਦਿ ਦਾ ਪ੍ਰਤੀਕ ਬਣ ਕੇ ਉਭਰਿਆ। ਲੰਡਨ ਦੀ ਪੈਨਟਿਨ ਵਿਲੇ ਜੇਲ੍ਹ ਵਿਚ 31 ਜੁਲਾਈ, 1940 ਨੂੰ ਹੋਈ ਸ਼ਹੀਦ ਊਧਮ ਸਿੰਘ ਦੀ ਸ਼ਹਾਦਤ ਨੇ ਇਕ ਅਜਿਹੇ ਅਨੋਖੇ ਜਨਤਕ ਉਭਾਰ, ਸਵੈਮਾਣ, ਜੋਸ਼ ਤੇ ਹੁਲਾਰੇ ਦਾ ਮਾਹੌਲ ਪੈਦਾ ਕੀਤਾ ਕਿ ਮਹਿਜ਼ 7 ਸਾਲਾਂ ਬਾਅਦ ਹੀ ਭਾਰਤ ਨੂੰ ਅੰਗਰੇਜ਼ ਬਸਤੀਵਾਦ ਦੇ ਜ਼ਾਲਮ ਫੰਦੇ ਤੋਂ ਮੁਕਤੀ ਹਾਸਲ ਹੋ ਗਈ। ਉਕਤ ਸੰਦਰਭ ਵਿਚ ਡਾ. ਛੀਨਾ ਦੀ ਰੀਵਿਊ ਅਧੀਨ ਪੁਸਤਕ ਵਿਸ਼ੇਸ਼ ਮਹੱਤਵ ਦੀ ਸੂਚਕ ਹੈ। ਲੇਖਕ ਨੇ ਸ਼ਹੀਦ ਊਧਮ ਸਿੰਘ ਦੇ ਅਨਾਥ ਬਚਪਨ ਜੀਵਨ ਦੀਆਂ ਦੁਸ਼ਵਾਰੀਆਂ, ਜਲ੍ਹਿਆਂ ਵਾਲੀ ਘਟਨਾ ਦੇ ਇਤਿਹਾਸਕ ਸੰਦਰਭ ਤੇ ਪਿਛੋਕੜ, ਸ਼ਹੀਦ ਦੇ ਮੂਲ ਪ੍ਰੇਰਕੀ ਸੋਮੇ, ਵੱਖ-ਵੱਖ ਦੇਸ਼ਾਂ ਦੀ ਯਾਤਰਾ, ਭਾਰਤ ਵਿਚ ਜੇਲ੍ਹ ਯਾਤਰਾ, ਲੰਡਨ ਵਿਚ ਪੰਜਾਬੀ ਭਾਈਚਾਰੇ ਨਾਲ ਸੰਬੰਧ, ਲੰਡਨ ਦੇ ਕੈਕਸਟਨ ਹਾਲ ਵਿਚ ਪੰਜਾਬ ਦੇ ਰਹਿ ਚੁੱਕੇ ਗਵਰਨਰ ਸਰ ਮਾਈਕਲ ਉਡਵਾਇਰ ਦੇ ਕਤਲ ਤੇ ਲਾਰਡ ਜੈੱਟ ਲੈਂਡ, ਲੂਈਸ ਡੇਨ ਤੇ ਲਾਰਡ ਲਮਿੰਗਟਨ ਵਰਗੀਆਂ ਪਤਵੰਤੀ ਸ਼ਖ਼ਸੀਅਤਾਂ ਦੇ ਜ਼ਖ਼ਮੀ ਹੋਣ ਦੀ ਘਟਨਾ, ਊਧਮ ਸਿੰਘ ਦੀ ਪੁਲਿਸ ਹਿਰਾਸਤ ਤੇ ਅਦਾਲਤੀ ਕਾਰਵਾਈ ਅਤੇ ਅਖ਼ੀਰ ਫਾਂਸੀ ਦੀ ਸਜ਼ਾ ਆਦਿ ਨਾਲ ਸੰਬੰਧਿਤ ਘਟਨਾਵਾਂ, ਤੱਥਾਂ-ਸੱਚਾਂ ਤੇ ਵੇਰਵਿਆਂ ਨੂੰ ਡੂੰਘੀ ਪਰਖ ਪੜਚੋਲ ਉਪਰੰਤ ਬਹੁਤ ਸਾਦਗੀ ਨਾਲ ਪੇਸ਼ ਕੀਤਾ ਹੈ। ਪੰਜਾਬ ਦੀ ਉਸ ਵਕਤ ਦੀ ਰਾਜਸੀ ਸਥਿਤੀ ਦਾ ਵੀ ਚੰਗਾ ਭਰਵਾਂ ਵਿਸ਼ਲੇਸ਼ਣ ਕੀਤਾ ਗਿਆ ਹੈ। ਸ਼ਹੀਦ ਊਧਮ ਸਿੰਘ ਦੀ ਇਨਕਲਾਬੀ ਵਿਚਾਰਧਾਰਾ ਅਤੇ ਇਸ ਨਾਲ ਜੁੜੇ ਘਟਨਾਵੀ ਬਿਰਤਾਂਤ ਉਤੇ ਬਰਾਬਰ ਫੋਕਸ ਬਣਿਆ ਰਹਿੰਦਾ ਹੈ।
-ਡਾ. ਸੁਖਵਿੰਦਰ ਸਿੰਘ ਰੰਧਾਵਾ
ਮੋਬਾਈਲ : 98154-58666
ਸਮਕਾਲੀ ਪੰਜਾਬੀ ਸਾਹਿਤ : ਦ੍ਰਿਸ਼ ਅਤੇ ਦ੍ਰਿਸ਼ਟੀ
ਸੰਪਾਦਕ : ਡਾ. ਅਵਤਾਰ ਸਿੰਘ, ਡਾ. ਹਰਜੀਤ ਸਿੰਘ ਧਾਲੀਵਾਲ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 320 ਰੁਪਏ, ਸਫ਼ੇ : 194
ਸੰਪਰਕ : 94638-36591

ਡਾ. ਅਵਤਾਰ ਸਿੰਘ ਅਤੇ ਡਾ. ਹਰਜੀਤ ਸਿੰਘ ਧਾਲੀਵਾਲ ਦੁਆਰਾ ਸੰਪਾਦਿਤ ਪੁਸਤਕ 'ਸਮਕਾਲੀ ਪੰਜਾਬੀ ਸਾਹਿਤ : ਦ੍ਰਿਸ਼ ਅਤੇ ਦ੍ਰਿਸ਼ਟੀ' ਪੰਜਾਬੀ ਅਕਾਦਮਿਕ ਜਗਤ ਵਿਚ ਇਕ ਮਹੱਤਵਪੂਰਨ ਯੋਗਦਾਨ ਹੈ। ਇਹ ਪੁਸਤਕ ਅਪ੍ਰੈਲ 2023 ਵਿਚ ਜੀ.ਟੀ.ਬੀ. ਨੈਸ਼ਨਲ ਕਾਲਜ, ਦਾਖਾ ਵਿਖੇ ਕਰਵਾਈ ਗਈ ਰਾਸ਼ਟਰੀ ਸਾਹਿਤਕ ਗੋਸ਼ਟੀ ਦੌਰਾਨ ਪੇਸ਼ ਕੀਤੇ ਗਏ 18 ਵਿਦਵਾਨਾਂ, ਡਾ. ਹਰਜੀਤ ਸਿੰਘ, ਡਾ. ਕਰਮਦੀਪ ਕੌਰ, ਡਾ. ਗੁਰਪ੍ਰੀਤ ਸਿੰਘ, ਹਰਪ੍ਰੀਤ ਕੁਮਾਰ, ਚਰਨਜੀਤ ਕੌਰ, ਅਮਨਦੀਪ ਕੌਰ, ਡਾ. ਸਟਾਲਿਨਜੀਤ ਸਿੰਘ, ਡਾ. ਰਮਨਦੀਪ ਸਿੰਘ, ਡਾ. ਕਿਰਨ, ਡਾ. ਜਗਮਿੰਦਰ ਕੌਰ, ਸੁਖਰਾਜ ਸਿੰਘ, ਪ੍ਰੋ. ਇੰਦਰਜੀਤ ਕੌਰ, ਡਾ. ਵੰਦਨਾ, ਪ੍ਰੋ. ਤੇਜਿੰਦਰਪਾਲ ਕੌਰ, ਕੁਲਦੀਪ ਸਿੰਘ, ਸੁਖਜੀਤ ਕੌਰ, ਪਰਦੀਪ ਸਿੰਘ ਅਤੇ ਡਾ. ਨਰਿੰਦਰਜੀਤ ਕੌਰ ਦੇ ਖੋਜ ਪੱਤਰਾਂ ਦਾ ਇਕ ਸੁਚੱਜਾ ਸੰਗ੍ਰਹਿ ਹੈ। ਇਹ ਸਮਕਾਲੀ ਪੰਜਾਬੀ ਸਾਹਿਤ ਦੇ ਬਦਲਦੇ ਰੂਪਾਂ, ਚੁਣੌਤੀਆਂ ਅਤੇ ਵਿਭਿੰਨ ਪਾਸਾਰਾਂ ਨੂੰ ਸਮਝਣ ਲਈ ਇਕ ਗੰਭੀਰ ਦਸਤਾਵੇਜ਼ ਸਾਬਤ ਹੁੰਦੀ ਹੈ। ਪੁਸਤਕ ਦੀ ਭੂਮਿਕਾ ਵਿਚ ਡਾ. ਧਾਲੀਵਾਲ ਨੇ ਬਸਤੀਵਾਦੀ ਮਾਨਸਿਕਤਾ ਅਤੇ ਇਸ ਦੇ ਪੰਜਾਬੀ ਭਾਸ਼ਾ ਤੇ ਸੱਭਿਆਚਾਰ ਉੱਤੇ ਪਏ ਪ੍ਰਭਾਵਾਂ ਬਾਰੇ ਗਹਿਰੀ ਚਰਚਾ ਕੀਤੀ ਹੈ। ਪੁਸਤਕ ਦੇ ਵਿਭਿੰਨ ਲੇਖ ਸਾਹਿਤ ਦੇ ਵੱਖ-ਵੱਖ ਰੂਪਾਂ ਨੂੰ ਨਵੇਂ ਦ੍ਰਿਸ਼ਟੀਕੋਣ ਤੋਂ ਪੇਸ਼ ਕਰਦੇ ਹਨ। ਖਾਸ ਕਰਕੇ ਡਾ. ਹਰਜੀਤ ਸਿੰਘ ਨੇ ਗੁਰਦਿਆਲ ਸਿੰਘ ਦੇ ਨਾਵਲਾਂ ਵਿਚ ਪੇਸ਼ ਹੋਏ ਰਾਜਨੀਤਕ ਜੀਵਨ ਅਤੇ 'ਪਰਜਾ ਮੰਡਲ ਲਹਿਰ' ਵਰਗੇ ਇਤਿਹਾਸਕਾਰ ਪ੍ਰਸੰਗਾਂ ਦਾ ਬਾਰੀਕੀ ਨਾਲ ਵਿਸ਼ਲੇਸ਼ਣ ਕੀਤਾ ਹੈ। ਪੁਸਤਕ ਇਹ ਸਪੱਸ਼ਟ ਕਰਦੀ ਹੈ ਕਿ ਸਾਹਿਤ ਸਿਰਫ਼ ਕਲਪਨਾ ਨਹੀਂ, ਸਗੋਂ ਸਮਾਜਿਕ ਅਤੇ ਰਾਜਨੀਤਕ ਤਬਦੀਲੀਆਂ ਦਾ ਸ਼ੀਸ਼ਾ ਹੁੰਦਾ ਹੈ। ਪੁਸਤਕ ਵਿਚ ਨਾਰੀ ਚੇਤਨਾ ਅਤੇ ਪ੍ਰਵਾਸੀ ਪੰਜਾਬੀ ਸਾਹਿਤ ਬਾਰੇ ਗੰਭੀਰ ਚਿੰਤਨ ਸ਼ਾਮਿਲ ਹੈ। ਪ੍ਰਵਾਸੀ ਪੰਜਾਬੀ ਨਾਰੀ ਦੇ ਬਦਲਦੇ ਪ੍ਰਤੀਮਾਨਾਂ ਅਤੇ ਪਿਤਰੀ ਸੱਤਾ ਵਿਰੁੱਧ ਉਸ ਦੇ ਵਿਦਰੋਹ ਨੂੰ ਬਾਖ਼ੂਬੀ ਚਿਤਰਿਆ ਗਿਆ ਹੈ। ਇਸ ਤੋਂ ਇਲਾਵਾ, ਸਮਕਾਲੀ ਪੰਜਾਬੀ ਕਹਾਣੀ ਵਿਚ ਦਲਿਤ ਚੇਤਨਾ, ਆਰਥਿਕ ਮੰਦਹਾਲੀ ਅਤੇ ਕਿਸਾਨੀ ਜੀਵਨ ਦੇ ਦੁਖਾਂਤ ਨੂੰ ਵੀ ਪ੍ਰਮੁੱਖਤਾ ਦਿੱਤੀ ਗਈ ਹੈ। ਪੁਸਤਕ ਦਾ ਇਕ ਵਿਸ਼ੇਸ਼ ਪਹਿਲੂ ਪੰਜਾਬੀ ਵਿਕੀਪੀਡੀਆ ਉੱਤੇ ਉਪਲਬੱਧ ਸਾਹਿਤਕ ਇਤਿਹਾਸ ਦਾ ਆਲੋਚਨਾਤਮਕ ਅਧਿਐਨ ਹੈ ਜੋ ਇਸ ਨੂੰ ਡਿਜੀਟਲ ਯੁੱਗ ਦੇ ਅਨੁਕੂਲ ਬਣਾਉਂਦਾ ਹੈ। ਇਹ ਪੁਸਤਕ ਸਿਰਫ਼ ਸਾਹਿਤਕ ਵੇਰਵਾ ਹੀ ਨਹੀਂ ਦਿੰਦੀ, ਸਗੋਂ ਪੰਜਾਬੀ ਭਾਸ਼ਾ ਦੇ ਰਸਤੇ ਵਿਚ ਆ ਰਹੀਆਂ ਰੁਕਾਵਟਾਂ ਅਤੇ ਹਾਸ਼ੀਏ 'ਤੇ ਧੱਕੇ ਗਏ ਲੋਕਾਂ ਦੀ ਆਵਾਜ਼ ਨੂੰ ਮੁੱਖ ਧਾਰਾ ਵਿਚ ਲਿਆਉਣ ਦੀ ਵਕਾਲਤ ਕਰਦੀ ਹੈ।
-ਜਸਵਿੰਦਰ ਸਿੰਘ ਕਾਈਨੌਰ
ਮੋਬਾਈਲ : 98888-42244
ਕਾਲੀ ਕੰਬਲੀ
ਲੇਖਕ : ਸੁਰਜੀਤ ਬਰਾੜ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ ਲੁਧਿਆਣਾ
ਮੁੱਲ : 395 ਰੁਪਏ, ਸਫੇ : 234
ਸੰਪਰਕ : 98553-71313

ਰਜੀਤ ਬਰਾੜ ਦਾ ਨਾਵਲ ਕਾਲੀ ਕੰਬਲੀ ਪ੍ਰਵਾਸੀਆਂ ਦੇ ਆਪਣੇ ਦੇਸ਼ ਪ੍ਰਤੀ ਉਦਰੇਵੇਂ ਨੂੰ ਬਿਆਨ ਕਰਦਾ ਇਕ ਉਮਦਾ ਨਾਵਲ ਹੈ। ਨਾਵਲ ਦਾ ਕਵਰ ਜਿਸ ਵਿਚ ਇਕ ਮਨੁੱਖ ਕਾਲੀ ਕੰਬਲੀ ਲਈ ਉੱਚੀਆਂ-ਉੱਚੀਆਂ ਇਮਾਰਤਾਂ ਦੀ ਚਕਾ-ਚੌਂਧ ਨੂੰ ਵੇਖ ਰਿਹਾ ਹੈ। ਜਦੋਂ ਮੈਂ ਨਾਵਲ ਪੜ੍ਹਿਆ ਤਾਂ ਮੈਨੂੰ ਇਸ ਦੇ ਕਵਰ ਵਿਚਲਾ ਅਰਥ ਸਮਝ ਆ ਗਿਆ। ਮੈਨੂੰ ਕਵਰ ਪੇਜ ਵਾਲਾ ਬੰਦਾ ਨਾਵਲ ਵਿਚਲਾ ਪਾਤਰ ਰਣਧੀਰ ਲੱਗਿਆ ਜੋ ਆਪ ਵਿਦੇਸ਼ ਵਿਚ ਰਹਿ ਤਾਂ ਰਿਹਾ ਹੈ ਪਰ ਇਥੋਂ ਦੀ ਚਕਾ-ਚੌਂਧ ਭਰੀ ਭੱਜ-ਦੌੜ ਵਾਲੀ ਜ਼ਿੰਦਗੀ ਅਤੇ ਪ੍ਰਵਾਸ ਦੇ ਉਦਰੇਵੇਂ ਨੂੰ ਉਹ ਆਪਣੇ ਅੰਦਰ ਸਮੇਟੀ ਬੈਠਾ ਹੈ, ਉਸ ਦੇ ਇਸ ਦੁੱਖ ਨੂੰ ਸ਼ਾਇਦ ਕੋਈ ਮਹਿਸੂਸ ਨਹੀਂ ਕਰ ਸਕਦਾ ਕਿਉਂਕਿ ਉਹ ਆਪਣੇ ਇਸ ਪ੍ਰਵਾਸੀ ਹੋਣ ਦੇ ਦੁੱਖ ਨੂੰ ਕਿਸੇ ਨਾਲ ਵੰਡਦਾ ਈ ਨਹੀਂ ਸਗੋਂ ਉਸ ਨੇ ਆਪਣੇ ਇਸ ਦੁੱਖ ਨੂੰ ਆਪਣੀ ਝੂਠੀ ਤਸੱਲੀ ਅਤੇ ਖੁਸ਼ੀ ਦੀ ਕਾਲੀ ਕੰਬਲੀ ਪਿਛੇ ਲਕੋ ਲਿਆ ਹੈ। ਸ਼ਾਮ ਸਿੰਘ ਨੂੰ ਉਹ ਜਦੋਂ ਕੈਨੇਡਾ ਦੀ ਜ਼ਿੰਦਗੀ ਦੀ ਅਸਲੀਅਤ ਬਾਰੇ ਦੱਸਦਾ ਹੈ ਤਾਂ ਸ਼ਾਮ ਸਿੰਘ ਰਣਧੀਰ ਦੀ ਗੱਲ ਨੂੰ ਬਹੁਤਾ ਨਹੀਂ ਗੌਲਦਾ ਅਤੇ ਕੈਨੇਡਾ ਜਾਣ ਲਈ ਉਤਾਵਲਾ ਹੁੰਦਾ ਹੈ। ਇਸ ਨਾਵਲ ਵਿਚ ਕੈਨੇਡਾ ਵੱਸਦੇ ਪਰਿਵਾਰਾਂ ਦੀ ਹੱਡ ਤੋੜਵੀਂ ਮਿਹਨਤ, ਓਵਰ ਟਾਈਮ, ਕਿਸ਼ਤਾਂ ਤਾਰਨ ਦਾ ਤਣਾਅ, ਰਿਸ਼ਤਿਆਂ ਵਿਚਲੇ ਬਨਾਵਟੀ ਪੁਣੇ, ਜਿਸ ਵਿਚ ਮਨੁੱਖ ਦਾ ਆਪਣਾ ਅਸਤਿੱਤਵ ਪ੍ਰਵਾਸ ਅਤੇ ਸਵਦੇਸ਼ ਵਿਚ ਕਿਤੇ ਗੁਆਚ ਜਿਹਾ ਗਿਆ ਹੈ। ਪੰਜਾਬ ਵਾਸੀਆਂ ਦਾ ਕੈਨੇਡਾ ਜਾ ਕੇ ਵਸਣ ਦਾ ਸੁਪਨਾ ਉਨ੍ਹਾਂ ਦੀ ਜ਼ਿੰਦਗੀ ਦਾ ਮੁੱਖ ਮਨੋਰਥ ਹੈ ਅਤੇ ਇਸ ਸੁਪਨੇ ਦਾ ਸੱਚ ਹੋਣਾ ਉਸ ਝੂਠੀ ਹਕੀਕਤ ਵਰਗਾ ਕਾਲਾ ਸੱਚ ਹੈ, ਜਿਸ ਕਾਲੀ ਕੰਬਲੀ ਨੂੰ ਰਣਧੀਰ ਨੇ ਆਪਣੇ ਦੁਆਲੇ ਲਿਆ ਹੈ।
-ਡਾ. ਜਸਬੀਰ ਕੌਰ
ਮੋਬਾਈਲ : 98721-17774
ਸ਼ਾਇਰਾਂ ਦੀ ਦੁਨੀਆ-2
ਲੇਖਕ : ਜਗਦੀਸ਼ ਰਾਣਾ
ਪ੍ਰਕਾਸ਼ਕ : ਸਾਦਿਕ ਪਬਲੀਕੇਸ਼ਨਜ਼, ਬਠਿੰਡਾ
ਮੁੱਲ : 350 ਰੁਪਏ, ਸਫੇ : 220
ਸੰਪਰਕ : 79862-07849

ਦੋ ਕਾਵਿ ਮੌਲਿਕ ਪੁਸਤਕਾਂ ਤੋਂ ਬਿਨਾਂ ਜਗਦੀਸ਼ ਰਾਣਾ ਨੇ 'ਸ਼ਬਦਾਂ ਦੀ ਲੋਅ', 'ਹਰਫ਼ਾਂ ਦਾ ਚਾਨਣ', 'ਭਜਨ ਸਿੰਘ ਵਿਰਕ ਦਾ ਕਾਵਿ ਸੰਗ੍ਰਹਿ', 'ਜ਼ਿੰਦਗੀ ਦਾ ਮੰਚ' ਅਤੇ 'ਸ਼ਾਇਰਾਂ ਦੀ ਦੁਨੀਆ-1' ਸਾਹਿਤ ਦੀ ਝੋਲੀ ਪਾਈਆਂ ਹਨ। ਦੁਆਬਾ ਸਾਹਿਤ ਸਭਾ ਗੜ੍ਹਸ਼ੰਕਰ ਨਾਲ ਸੰਪਰਕ ਅਜਿਹਾ ਹੋਇਆ ਕਿ ਪੁਸਤਕਾਂ ਸੰਗ੍ਰਹਿਣ ਦਾ ਬੀੜਾ ਚੁੱਕ ਲਿਆ। ਸਾਹਿਤਕ ਮਿੱਤਰਾਂ ਦੀ ਹੱਲਾਸ਼ੇਰੀ ਤੇ ਅਗਵਾਈ ਨੇ ਜਗਦੀਸ਼ ਰਾਣਾ ਨੂੰ ਇਕ ਨਾਮਵਰ ਹਸਤਾਖਰ ਬਣਾ ਦਿੱਤਾ। ਮਾਨ-ਸਨਮਾਨ ਪ੍ਰਾਪਤ ਹੋਣ ਲੱਗੇ। ਹਥਲੀ ਪੁਸਤਕ ਉਸ ਦੀ ਕਰੜੀ ਮਿਹਨਤ ਦੀ ਗੁਆਹੀ ਭਰਦੀ ਹੈ। ਇਸ ਪੁਸਤਕ ਵਿਚ 41 ਸ਼ਾਇਰਾਂ ਅਤੇ 7 ਇਸਤਰੀ ਸ਼ਾਇਰਾਵਾਂ ਦੇ ਸ਼ਬਦ ਚਿੱਤਰ ਸ਼ਾਮਿਲ ਕੀਤੇ ਗਏ ਹਨ। ਇਨ੍ਹਾਂ 48 ਸ਼ਬਦ-ਚਿੱਤਰਾਂ ਵਿਚ ਸਾਹਿਰ ਲੁਧਿਆਣਵੀ, ਸ਼ਿਵ ਕੁਮਾਰ, ਸੁਰਜੀਤ ਪਾਤਰ, ਉਲਫਤ ਬਾਜਵਾ, ਆਰਿਫ਼ ਗੋਬਿੰਦਪੁਰੀ, ਦੀਪਕ ਜੈਤੋਈ, ਪਾਲ ਗੁਰਦਾਸਪੁਰੀ, ਤ੍ਰੈਲੋਚਨ ਲੋਚੀ, ਹਰਮਿੰਦਰ ਸਿੰਘ ਕੋਹਾਰਵਾਲਾ ਤੋਂ ਬਿਨਾਂ ਡਾ. ਅਮਰਜੀਤ ਕੌਂਕੇ, ਆਦੇਸ਼ ਅੰਕੁਸ਼, ਆਰ.ਐਸ. ਫਰਾਜ਼, ਸੋਹਣ ਸਹਿਜਲ, ਸੀਤਲ ਸਿੰਘ ਗੁੰਨੋਪੁਰੀ, ਸੁਰਿੰਦਰਪ੍ਰੀਤ ਘਣੀਆ, ਸ਼ਾਮ ਸਰਗੂੰਦੀ, ਸੰਦੀਪ ਜਸਵਾਲ, ਹਰਜਿੰਦਰ ਬੱਲ, ਹਰਦਿਆਲ ਹੁਸ਼ਿਆਰਪੁਰੀ, ਹਰਬੰਸ ਸਿੰਘ ਅਕਸ, ਕਰਮ ਸਿੰਘ ਜ਼ਖ਼ਮੀ, ਕਲਿਆਣ ਅੰਮ੍ਰਿਤਸਰੀ, ਕੁਲਵਿੰਦਰ ਕੌਰ ਚਾਵਲਾ, ਗੁਰਪ੍ਰੀਤ ਕੌਰ ਸੈਣੀ, ਜਸਵੰਤ ਗਿੱਲ ਸਮਾਲਸਰ, ਜਸਵਿੰਦਰ ਫਗਵਾੜਾ, ਜਗਤਾਰ ਗਿੱਲ, ਜੀਵਨ ਸਿੰਘ ਹਾਣੀ, ਡੀ.ਆਰ. ਧਵਨ, ਦਰਸ਼ਨ ਬੋਪਾਰਾਏ, ਧਰਮਿੰਦਰ ਸ਼ਾਹਿਦ, ਨਾਹਰ ਸਿੰਘ ਮੁਬਾਰਿਕਪੁਰੀ, ਪ੍ਰਭਜੋਤ ਸੋਹੀ, ਬਲਜਿੰਦਰ ਮਾਂਗਟ, ਬਲਵੰਤ ਚਿਰਾਗ, ਭੂਰਾ ਸਿੰਘ ਕਲੇਰ, ਮੋਹਨ ਵਿਰਦੀ, ਮੱਖਣ ਮਾਨ, ਮਨਜੀਤ ਸੋਹਲ, ਮਨਜੀਤ ਕੌਰ ਮੀਸ਼ਾ, ਮਾਲਵਿੰਦਰ ਸ਼ਾਇਰ, ਰੇਸ਼ਮ ਚਿੱਤਰਕਾਰ, ਰਾਜਦੀਪ ਸਿੰਘ ਤੂਰ, ਰਣਜੀਤ ਸਿੰਘ ਧੂਰੀ, ਰਣਬੀਰ ਰਾਣਾ, ਰੂਪ ਸਿੱਧੂ, ਵਿਜੇਤਾ ਭਾਰਦਵਾਜ ਅਤੇ ਵੀਰਪਾਲ ਕੌਰ ਮੋਹਨ ਸ਼ਾਮਿਲ ਹਨ। ਹਰ ਕਮਲਕਾਰ ਨੂੰ ਢੁਕਵੇਂ ਸੰਬੋਧਨੀ ਵਿਸ਼ੇਸ਼ਣ ਨਾਲ ਪੇਸ਼ ਕੀਤਾ ਗਿਆ। ਹਰ ਰਚਨਕਾਰ ਦਾ ਪਿਛੋਕੜ, ਬਚਪਨ, ਵਿਦਿਅਕ ਯੋਗਤਾ ਅਤੇ ਸਮੁੱਚੀ ਰਚਨਾਵਲੀ ਦੀ ਜਾਣਕਾਰੀ ਦਿੱਤੀ ਗਈ। ਸਨਮਾਨ ਪੱਤਰ ਵਰਗੀ ਵਿਧਾ ਪਾਠਕਾਂ ਨੂੰ ਕੰਮ ਆਉਣ ਵਾਲੀ ਹੈ। ਕੋਸ਼ ਵਰਗਾ ਕਾਰਜ ਸਾਂਭਣਯੋਗ ਹੈ। ਸ਼ਾਇਰਾਂ ਦੀ ਤਰਤੀਬ ਪੈਂਤੀ ਅੱਖਰੀ ਅਨੁਸਾਰ ਦਿੱਤੀ ਗਈ। ਹਰ ਰਚਨਾਕਾਰ ਦੀ ਫੋਟੋ ਸ਼ਾਮਿਲ ਹੈ ਅਤੇ ਪੁਸਤਕ ਦੇ ਸਰਵਰਕਰ 'ਤੇ ਪਿਛਲੇ ਪਾਸੇ ਸ਼ਾਇਰਾਂ ਦੀਆਂ ਰੰਗਦਾਰ ਫੋਟੋਆਂ ਜਗਮਗ ਕਰਦੀਆਂ ਹਨ।
-ਮਨਮੋਹਨ ਸਿੰਘ ਦਾਊਂ
ਮੋਬਾਈਲ : 98151-23900


















































































































































































.jpg)






















