22-03-26
ਪੰਜਾਬੀ ਕਲਮਾਂ
ਕਵੀ : ਜਗਜੀਤ ਸਿੰਘ ਲੱਡਾ
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨਜ਼, ਸਮਾਣਾ
ਮੁੱਲ : 150 ਰੁਪਏ, ਸਫ਼ੇ : 80
ਸੰਪਰਕ : 98555-31045

ਸ਼ਾਇਰੀ ਦੇ ਖਿੱਤੇ ਵਿਚ ਪ੍ਰੇਮ-ਪਿਆਰ ਦੀਆਂ ਕਸਕਾਂ ਦੇ ਨਾਲ-ਨਾਲ ਬਿਰਹੋਂ-ਮਿਲਾਪ, ਜਾਮ, ਸਾਕੀ, ਸੁਰਾਹੀ ਅਤੇ ਨਖ਼ਰਾ-ਓ-ਹੁਸਨ ਨਾਲ ਸੰਬੰਧਿਤ ਭਾਵਨਾਵਾਂ ਦਾ ਬਿਆਨ ਕਰਨ ਵਾਲੀ ਸਿਨਫ਼ 'ਗ਼ਜ਼ਲ' ਹੈ ਪਰੰਤੂ ਵਰਤਮਾਨ ਦੌਰ ਵਿਚ ਇਹ ਸਿਨਫ਼ ਬਾਲ ਸਾਹਿਤ ਦਾ ਵੀ ਆਧਾਰ ਬਣਨ ਲੱਗ ਪਈ ਹੈ। ਜਗਜੀਤ ਸਿੰਘ ਲੱਡਾ ਰਚਿਤ ਬਾਲ ਗ਼ਜ਼ਲਾਂ ਦਾ ਮਜ਼ਮੂਆ 'ਪੰਜਾਬੀ ਕਲਮਾਂ' ਇਸ ਦੀ ਖ਼ਾਸ ਮਿਸਾਲ ਹੈ ਜਿਸ ਵਿਚ ਕਵੀ ਨੇ ਪੰਜਾਬੀ ਦੇ ਸੁਪ੍ਰਸਿੱਧ ਲਿਖਾਰੀਆਂ ਦੇ ਜੀਵਨ, ਕ੍ਰਿਤਾਂ, ਵਿਚਾਰਧਾਰਾ ਅਤੇ ਸੰਘਰਸ਼ ਨੂੰ ਆਧਾਰ ਬਣਾਇਆ ਹੈ। ਕਵੀ ਪੁਸਤਕ ਦੇ ਆਰੰਭ ਵਿਚ 'ਆਪਣੇ ਵਲੋਂ' ਤਹਿਤ ਇਸ ਪੁਸਤਕ ਦੀ ਰਚਨਾ-ਪ੍ਰਕਿਰਿਆ ਦੀ ਗੱਲ ਕਰਦਿਆਂ ਸਪੱਸ਼ਟ ਕਰਦਾ ਹੈ ਕਿ ਉਸ ਨੇ ਇਸ ਪੁਸਤਕ ਵਿਚਲੇ ਲੇਖਕਾਂ ਦੇ ਸਾਹਿਤਕ ਖੇਤਰ ਵਿਚ ਆਉਣ ਦੇ ਸਬੱਬ, ਮਾਣ-ਸਨਮਾਨਾਂ ਅਤੇ ਕਿਆਮ ਬਾਰੇ ਹੋਰ ਨੇੜਿਓਂ ਜਾਣਨ ਲਈ ਉਨ੍ਹਾਂ ਨਾਲ ਸੰਬੰਧਿਤ ਆਮ-ਗਿਆਨ ਦੀਆਂ ਪੁਸਤਕਾਂ, ਇੰਟਰਨੈੱਟ ਅਤੇ ਗੂਗਲ ਵਰਗੇ ਸਰੋਤਾਂ ਨੂੰ ਆਧਾਰ ਬਣਾਇਆ ਹੈ। ਇਨ੍ਹਾਂ ਲਿਖਾਰੀਆਂ ਵਿਚ ਤਿੰਨ ਪੀੜ੍ਹੀਆਂ ਦੇ ਕਲਮਕਾਰ ਸੰਮਿਲਿਤ ਕੀਤੇ ਗਏ ਹਨ ਜਿਨ੍ਹਾਂ ਵਿਚ ਸ਼ੇਖ਼ ਫ਼ਰੀਦ, ਸ਼ਾਹ ਹੁਸੈਨ, ਸੁਲਤਾਨ ਬਾਹੂ, ਬੁੱਲ੍ਹੇ ਸ਼ਾਹ, ਵਾਰਿਸ ਸ਼ਾਹ ਆਦਿ ਵਰਗੇ ਮੁਢਲੇ ਪੰਜਾਬੀ ਲਿਖਾਰੀ ਸ਼ਾਮਿਲ ਹਨ। ਅਗਲੀ ਪੀੜ੍ਹੀ ਦੇ ਲਿਖਾਰੀਆਂ ਵਿਚ ਭਾਈ ਵੀਰ ਸਿੰਘ, ਭਾਈ ਕਾਨ੍ਹ ਸਿੰਘ ਨਾਭਾ, ਪ੍ਰੋ. ਪੂਰਨ ਸਿੰਘ, ਧਨੀ ਰਾਮ ਚਾਤ੍ਰਿਕ, ਬਾਬੂ ਫ਼ਿਰੋਜ਼ਦੀਨ ਸ਼ਰਫ਼, ਆਈ.ਸੀ.ਨੰਦਾ, ਗੁਰਬਖ਼ਸ਼ ਸਿੰਘ ਪ੍ਰੀਤਲੜੀ, ਨਾਨਕ ਸਿੰਘ, ਸੰਤ ਸਿੰਘ ਸੇਖੋਂ, ਬਲਵੰਤ ਗਾਰਗੀ, ਅੰਮ੍ਰਿਤਾ ਪ੍ਰੀਤਮ, ਪ੍ਰੋ. ਮੋਹਨ ਸਿੰਘ, ਸ਼ਿਵ ਕੁਮਾਰ ਬਟਾਲਵੀ ਸ਼ਾਮਿਲ ਕੀਤੇ ਗਏ ਹਨ ਜਦੋਂ ਕਿ ਉਨ੍ਹਾਂ ਤੋਂ ਬਾਅਦ ਦੀ ਪੀੜ੍ਹੀ ਦੇ ਲੇਖਕਾਂ ਵਿਚ ਦਲੀਪ ਕੌਰ ਟਿਵਾਣਾ, ਲਾਲ ਸਿੰਘ ਦਿਲ, ਕਰਮ ਸਿੰਘ ਜ਼ਖ਼ਮੀ ਆਦਿ ਸ਼ਾਮਿਲ ਕੀਤੇ ਗਏ ਹਨ। ਇਨ੍ਹਾਂ ਵਿਚ ਚਰਚਿਤ ਸ਼ਾਇਰ, ਅਫ਼ਸਾਨਾ ਨਿਗਾਰ, ਨਸਰ ਨਿਗਾਰ, ਪੱਤਰਕਾਰ ਅਤੇ ਫ਼ਿਲਮੀ ਅਦਾਕਾਰ ਆਦਿ ਸ਼ਾਮਿਲ ਹਨ। ਸਾਹਿਤਕਾਰਾਂ ਨਾਲ ਸੰਬੰਧਿਤ ਇਨ੍ਹਾਂ ਲਿਖਾਰੀਆਂ ਦੇ ਚਿੱਟੇ-ਕਾਲੇ ਚਿੱਤਰ ਵੀ ਉਨ੍ਹਾਂ ਦੇ ਕਾਵਿ-ਰੇਖਾ ਚਿੱਤਰਾਂ ਨਾਲ ਪ੍ਰਕਾਸ਼ਿਤ ਕੀਤੇ ਗਏ ਹਨ ਤਾਂ ਜੋ ਨਵੀਂ ਪੀੜ੍ਹੀ ਉਨ੍ਹਾਂ ਤੋਂ ਪਰਿਚਿਤ ਹੋ ਸਕੇ। ਇਹ ਰੇਖਾਚਿੱਤਰ ਬੱਚਿਆਂ ਨੂੰ ਸਾਹਿਤ ਪੜ੍ਹਨ ਲਈ ਪ੍ਰੇਰਦੇ ਹਨ। ਇਹ ਪੁਸਤਕ ਸਾਹਿਤ-ਵਿਭੂਤੀਆਂ ਨਾਲ ਜੋੜਨ ਦਾ ਸਾਰਥਿਕ ਉਪਰਾਲਾ ਕਹੀ ਜਾ ਸਕਦੀ ਹੈ। ਪੁਸਤਕ ਦੀ ਛਪਾਈ ਬਾਲ ਪਾਠਕ ਨੂੰ ਅਪੀਲ ਕਰਦੀ ਹੈ।
-ਡਾ. ਦਰਸ਼ਨ ਸਿੰਘ 'ਆਸ਼ਟ'
ਮੋਬਾਈਲ : 98144-23703
ਕਵਿਤਾ ਦੇ ਪੈਰਾਂ ਵਿਚ ਕਵੀ
ਲੇਖਕ : ਸੁਖਮਿੰਦਰ ਸੇਖੋਂ
ਪ੍ਰਕਾਸ਼ਕ : ਸਾਹਿਤਯ ਕਲਸ਼ ਪਬਲੀਕੇਸ਼ਨ, ਪਟਿਆਲਾ।
ਮੁੱਲ : 200 ਰੁਪਏ, ਸਫ਼ੇ : 80
ਸੰਪਰਕ : 98145-07693

ਸ਼ਾਇਰ ਸੁਖਮਿੰਦਰ ਸੇਖੋਂ ਕਿਸੇ ਰਸਮੀ ਜਾਣ-ਪਹਿਚਾਣ ਦੇ ਮੁਹਤਾਜ ਨਹੀਂ ਜੋ ਆਪਣੇ ਪਲੇਠੇ ਕਾਵਿ ਪਰਾਗੇ 'ਕਵਿਤਾ ਦੇ ਪੈਰਾਂ ਵਿਚ ਕਵੀ' ਤੋਂ ਪਹਿਲਾਂ ਵੀ ਸੱਤ ਕਹਾਣੀ ਸੰਗ੍ਰਹਿਆਂ, ਤਿੰਨ ਨਾਵਲਾਂ, ਤਿੰਨ ਮਿੰਨੀ ਕਹਾਣੀ ਸੰਗ੍ਰਹਿਆਂ ਤੇ ਇਕ ਵਿਅੰਗ ਸੰਗ੍ਰਹਿ ਨਾਲ ਪੰਜਾਬੀ ਅਦਬ ਦੇ ਦਰ ਦਰਵਾਜ਼ੇ 'ਤੇ ਦਸਤਕ ਦੇ ਚੁੱਕਿਆ ਹੈ ਅਤੇ ਵੱਖ-ਵੱਖ ਸਾਹਿਤਕ ਸੱਥਾਂ ਤੋਂ ਢੇਰ ਸਾਰੇ ਇਨਾਮ-ਸਨਮਾਨਾਂ ਨਾਲ ਪੁਰਸਕ੍ਰਿਤ ਹੋ ਚੁੱਕੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਸ਼ਾਇਰ ਨੇ ਸੋਲਾਂ ਗਲਪ ਰਚਨਾਵਾਂ ਤੋਂ ਬਾਅਦ ਹਥਲੀ ਸਤਾਰ੍ਹਵੀਂ ਕਾਵਿ ਕਿਤਾਬ ਪ੍ਰਕਾਸ਼ਿਤ ਕਰਾਈ ਹੈ। ਸ਼ਾਇਰ ਦੇ ਕਾਵਿ ਪ੍ਰਵਚਨ ਦੀ ਤੰਦ ਸੂਤਰ ਉਸ ਦੇ ਕਾਵਿ ਸੰਗ੍ਰਹਿ ਦੇ ਨਾਮ ਤੋਂ ਸਹਿਜੇ ਹੀ ਅਸਾਡੇ ਹੱਥ ਆ ਜਾਂਦੀ ਹੈ ਅਰਥਾਤ ਕਵਿਤਾ ਦੇ ਪੈਰਾਂ ਵਿਚ ਕਵੀ ਬੈਠਾ ਹੈ। ਸੋ, ਜਿਵੇਂ ਕਵਿਤਾ ਮੁਰਸ਼ਦ ਹੈ ਤੇ ਕਵੀ ਸ਼ਾਗਿਰਦ ਹੋਣ ਕਰਕੇ ਕਵਿਤਾ ਤੇ ਕਵੀ ਇਕ-ਦੂਜੇ ਨਾਲ ਸੰਵਾਦ ਰਚਾਉਂਦੇ ਹਨ। ਕਦੇ ਕਵੀ ਕਵਿਤਾ ਨੂੰ ਸਵਾਲ ਕਰਦਾ ਹੈ ਤਾਂ ਕਵਿਤਾ ਜਵਾਬ ਦਿੰਦੀ ਹੈ ਤੇ ਕਦੇ ਕਵਿਤਾ ਕਵੀ ਨੂੰ ਸਵਾਲ ਕਰਦੀ ਹੈ, ਦੋਵਾਂ ਮੁਰਸ਼ਦ ਤੇ ਸ਼ਾਗਿਰਦ ਦੇ ਸੰਵਾਦ ਦੀ ਸਕੈਨਿੰਗ ਤੇ ਚਿੰਤਨ ਮੰਥਨ ਕਰਦੇ ਹਾਂ ਤਾਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਹੋਰ ਵਿਭਿੰਨ ਸਰੋਕਾਰਾਂ ਤੋਂ ਇਲਾਵਾ ਇਸ ਚਿੰਤਨ ਮੰਥਨ ਨੂੰ ਵੀ ਕਵਿਤਾਇਆ ਹੈ। ਜਿਵੇਂ ਮੇਰਾ ਦਾਗਿਸਤਾਨ ਦੇ ਲੇਖਕ ਰਸੂਲ ਹਮਜ਼ਾਤੋਵ ਆਪਣਾ ਪ੍ਰਵਚਨ ਅਬੂ ਤਾਲਿਬ ਰਾਹੀਂ ਪ੍ਰਚਾਰਦੇ ਪ੍ਰਸਾਰਦੇ ਹਨ ਉਸੇ ਤਰ੍ਹਾਂ ਇਹ ਸ਼ਾਇਰ 'ਫਕੀਰ ਸਿਆਂ' ਪਾਤਰ ਰਾਹੀਂ ਕਵਿਤਾ ਦੇ ਆਭਾ ਮੰਡਲ ਦੀ ਪਰਕਰਮਾ ਕਰਾਉਂਦਾ ਹੈ। ਸ਼ਾਇਰ ਆਧੁਨਿਕ ਸ਼ਾਇਰਾਂ ਦੇ ਹੁੱਝ ਮਾਰਦਿਆਂ ਕਹਿੰਦਾ ਹੈ ਕਿ ਬਹੁਤੇ ਕਵੀ ਕਵਿਤਾ ਨੂੰ ਅਲੰਕਾਰਾਂ ਦੇ ਗਹਿਣਿਆਂ ਨਾਲ ਸ਼ਿੰਗਾਰਦੇ ਰਹਿੰਦੇ ਹਨ ਪਰ ਕਵਿਤਾ ਦੇ ਖਮੀਰ ਦੀ ਗੱਲ ਨਹੀਂ ਕਰਦੇ, ਕਵੀ ਕਹਿੰਦਾ ਹੈ ਕਿ ਕਵਿਤਾ ਦੇ ਹੋਠਾਂ ਨੂੰ ਸ਼ਬਦ ਬਖਸ਼ਣ ਲਈ ਖੁੱਲ੍ਹ ਦੇ ਕੇ ਬੇਬਾਕ ਹੋ ਕੇ ਲਿਖਣ ਦਾ ਅਹਿਦ ਕਰਨ। ਸ਼ਾਇਰ ਅੱਜ ਦੇ ਜੁਗਾੜਬੰਦੀ ਵਿਚ ਗ੍ਰਸਤ ਸ਼ਾਇਰਾਂ ਦੇ ਵੀ ਬਖੀਏ ਉਧੇੜਦਾ ਹੈ। ਜੋ ਚਾਰ ਛਿੱਲੜਾਂ ਦੀ ਝਾਕ ਲਈ ਮਾਨਾਂ-ਸਨਮਾਨਾਂ ਅਤੇ ਪੁਰਸਕਾਰਾਂ ਲਈ ਲੇਲ੍ਹੜੀਆਂ ਕੱਢਦੇ ਫਿਰਦੇ ਹਨ। ਪਾਸ਼ ਨੇ ਅਜਿਹੇ ਬੌਨੇ ਸਾਹਿਤਕਾਰਾਂ ਦੇ ਹੱਥਾਂ ਨੂੰ 'ਟੁੰਡ' ਕਿਹਾ ਹੈ ਅਜਿਹੇ ਸ਼ਾਇਰ ਆਪਣੀ ਜ਼ੁਬਾਨ ਤੇ ਕਲਮ ਨੂੰ ਸਰਕਾਰੇ-ਦਰਬਾਰੇ ਗਿਰਵੀ ਰੱਖ ਦਿੰਦੇ ਹਨ। ਸ਼ਾਇਰ ਆਪਣੀਆਂ ਕਵਿਤਾਵਾਂ 'ਨਗਮਾ ਤੇ ਕਵਿਤਾਵਾਂ', 'ਕਵਿਤਾ ਰੁਦਨ ਕਰੇ', 'ਕਵਿਤਾਂ ਦੇ ਪੈਰਾਂ ਵਿਚ ਕਵੀ', 'ਕਵਿਤਾ ਤੇ ਯਕੀਨ', 'ਕਵਿਤਾ ਕੋਲ ਖੜ੍ਹਾ ਬੰਦਾ', 'ਕਵੀ ਨੂੰ ਮੁਖਾਤਿਬ', 'ਕਵਿਤਾ ਦੀ ਭਾਵਨਾ', 'ਕਵਿਤਾ ਮੇਰੀ ਹਮਸਫਰ' ਤੇ 'ਸ਼ਾਇਰਾਂ ਦਾ ਮੁਲਿਸਤਾਨ' ਆਦਿ ਵਿਚ ਆਪਣੇ ਪ੍ਰਵਚਨ ਨੂੰ ਬਾਖੂਬੀ ਕਵਿਤਾਇਆ ਹੈ। ਸ਼ਾਇਰ ਆਪੇ ਸਿਰਜੇ ਰਾਸ਼ਟਰਵਾਦ ਅੰਦਰ ਕਥਿਤ ਸਮਾਜ ਦੇ ਸੇਵਾਦਾਰ ਸਿਆਸੀ ਘੜੰਮ ਚੌਧਰੀਆਂ ਦੇ ਹੀਜ਼ ਪਿਆਜ ਨੂੰ ਵੀ ਚੌਰਾਹੇ 'ਚ ਨੰਗਿਆਂ ਕਰਕੇ ਇਹ ਬੇਬਾਕੀ ਨਾਲ ਕਹਿੰਦਾ ਹੈ ਕਿ ਇਹ ਚੌਧਰੀ ਮਲਿਕ ਭਾਗੋਆਂ ਦੇ ਘਰੀਂ ਜਾਣ ਲਈ ਤਾਂ ਹਰਲ-ਹਰਲ ਕਰਦੇ ਫਿਰਦੇ ਹਨ ਪਰ ਕੋਧਰੇ ਦੀ ਰੋਟੀ ਤੋਂ ਮੁਸ਼ਕ ਆਉਣ ਲਗਦਾ ਹੈ। ਇਨ੍ਹਾਂ ਦੇ ਰਾਮ ਰਾਜ ਅੰਦਰ ਤਾਂ ਸੀਤਾ ਵੀ ਸੁਰੱਖਿਅਤ ਨਹੀਂ ਤੇ ਦਰੋਪਤੀਆਂ ਦਾ ਚੀਰ ਹਰਨ ਕਰਨ ਲਈ ਦੁਸ਼ਾਸ਼ਨਾਂ ਦੀ ਟੀਰੀ ਅੱਖ ਹਾਬੜੀਆਂ ਅੱਖਾਂ ਲਈ ਫਿਰਦੀ ਹੈ, ਅੱਜ ਹਿੰਦੂ, ਸਿੱਖ, ਮੁਸਲਮਾਨ ਤਾਂ ਹਨ ਪਰ ਬੰਦਿਆਂ ਦੀ ਭੀੜ ਵਿਚ ਇਨਸਾਨ ਨਜ਼ਰੀਂ ਨਹੀਂ ਆਉਂਦਾ। ਅੱਜ ਚਾਹ ਵੇਚਣ ਵਾਲਾ ਅੱਜ ਦੇ ਬਾਜ਼ਾਰ ਵਿਚ ਦੇਸ਼ ਨੂੰ ਵੇਚਣ ਲਈ ਕਾਰਪੋਰੇਟ ਸੈਕਟਰ ਦਾ ਰਿਮੋਟ ਬਣਿਆ ਫਿਰਦਾ ਹੈ। ਸ਼ਾਇਰ ਕੋਲ ਬੌਧਿਕਤਾ ਦਾ ਧਰੂ ਤਾਰਾ ਤਾਂ ਹੈ ਪਰ ਬੌਧਿਕਤਾ ਦੇ ਭਾਰ ਹੇਠਾਂ ਕਾਵਿ-ਸ਼ਿਲਪ ਝੋਲ ਮਾਰਦਾ ਨਜ਼ਰ ਆਉਂਦਾ ਹੈ ਤੇ ਕਈ ਥਾਈ ਲਾਊਡ ਹੋਣ ਦਾ ਝੌਲਾ ਵੀ ਪੈਂਦਾ ਹੈ। ਉਂਜ ਸ਼ਾਇਰ ਇਸ ਪ੍ਰਦੂਸ਼ਿਤ ਧੁੰਦੂਕਾਰੇ ਨੂੰ ਦੂਰ ਕਰਨ ਲਈ ਬੌਧਿਕ ਮਸ਼ਾਲਾਂ ਜਗਾਉਣ ਦਾ ਹੋਕਾ ਦੇ ਰਿਹਾ ਹੈ।
-ਭਗਵਾਨ ਢਿੱਲੋਂ
ਮੋਬਾਈਲ : 98143-78254
ਕੁੜੀ ਕਹਾਣੀ ਬਣਦੀ ਗਈ
ਲੇਖਕ : ਅਵਤਾਰ ਐਸ. ਸੰਘਾ
ਪ੍ਰਕਾਸ਼ਕ : ਆਜ਼ਾਦ ਬੁੱਕ ਡਿਪੂ, ਅੰਮ੍ਰਿਤਸਰ
ਮੁੱਲ 300 ਰੁਪਏ, ਸਫੇ : 160
ਸੰਪਰਕ : 94631-70369

'ਕੁੜੀ ਕਹਾਣੀ ਬਣਦੀ ਗਈ' ਕਹਾਣੀ ਸੰਗ੍ਰਹਿ ਦਾ ਲੇਖਕ ਅਵਤਾਰ ਐਸ. ਸੰਘਾ ਹੈ। ਪੁਸਤਕ ਵਿਚਲੀਆਂ ਕਹਾਣੀਆਂ ਪ੍ਰਵਾਸ ਨਾਲ ਸੰਬੰਧਿਤ ਹਨ। ਇਸ ਪੁਸਤਕ ਤੋਂ ਪਹਿਲਾਂ ਵੀ ਲੇਖਕ ਦੀਆਂ ਕਈ ਹੋਰ ਪੁਸਤਕਾਂ ਛਪ ਚੁੱਕੀਆਂ ਹਨ। ਲੇਖਕ ਦੀਆਂ ਕਹਾਣੀਆਂ ਦੇ ਵਿਸ਼ੇ ਭੂ ਹੇਰਵਾ, ਪੱਛਮੀ ਸੱਭਿਆਚਾਰ, ਮਿਹਨਤ, ਪੱਛਮੀ ਦੇਸ਼ਾਂ ਦੇ ਲੋਕਾਂ ਦੀ ਸੋਚ ਆਦਿ ਹਨ। ਲੇਖਕ ਦੀਆਂ ਕਹਾਣੀਆਂ ਲੀਕ ਤੋਂ ਹੱਟ ਕੇ ਨਵਾਂ ਮੁਹਾਵਰਾ ਸਿਰਜਦੀਆਂ ਹਨ। ਪੁਸਤਕ ਵਿਚਲੀ ਪਹਿਲੀ ਕਹਾਣੀ 'ਅਜੇ ਤੱਕ ਲਾਵਾਂ ਨਹੀਂ ਹੋਈਆਂ' ਵਿਚ ਪੱਛਮੀ ਦੇਸ਼ਾਂ ਦੇ ਲੋਕਾਂ ਦੇ ਵਿਆਹ ਬਾਰੇ ਵਿਚਾਰ ਪ੍ਰਸਤੁਤ ਕੀਤੇ ਹਨ। ਉਨ੍ਹਾਂ ਦਾ ਲਿਵ ਇਨ ਰਿਲੇਸ਼ਨਸ਼ਿਪ ਵਿਚ ਰਹਿਣਾ ਆਮ ਗੱਲ ਹੈ ਤੇ ਵਿਆਹ ਵਰਗਾ ਬੰਧਨ ਜਰੂਰੀ ਨਹੀਂ ਹੈ। ਪੁਸਤਕ ਦੇ ਸਿਰਲੇਖ ਵਿਚਲੀ ਕਹਾਣੀ 'ਕੁੜੀ ਕਹਾਣੀ ਬਣਦੀ ਗਈ' ਵਿਚ ਲੇਖਕ ਦੀਆਂ ਕਾਲਜ ਸਮੇਂ ਦੀਆਂ ਵਿਦਿਆਰਥੀਆਂ ਵਲੋਂ ਸੁਣਾਈਆਂ ਕੁੜੀਆਂ ਨਾਲ ਸੰਬੰਧਿਤ ਬਹੁਤ ਸਾਰੀਆਂ ਘਟਨਾਵਾਂ ਹਨ। ਇਸੇ ਤਰ੍ਹਾਂ 'ਮੁਫਤ ਰੇਲ ਸਫਰ' ਕਹਾਣੀ ਜੋ ਆਸਟਰੇਲੀਆ ਵਿਚ ਲੋਕਾਂ ਦੇ ਉਸ ਦਿਨ ਨੂੰ ਬਿਆਨ ਕਰਦੀ ਹੈ ਜਦੋਂ ਸਰਕਾਰ ਵਲੋਂ ਇਕ ਦਿਨ ਦਾ ਰੇਲ ਸਫਰ ਮੁਫਤ ਕੀਤਾ ਜਾਂਦਾ ਹੈ। 'ਮੇਰਠ ਵਾਲਾ ਚੰਦਰਸ਼ੇਖਰ' ਕਹਾਣੀ ਵਿਚ ਕਿਵੇਂ ਹਰ ਜਗ੍ਹਾ ਸਾਈਬਰ ਕ੍ਰਾਈਮ ਵਰਗੇ ਘਿਨੌਣੇ ਜੁਰਮ ਦਾ ਆਮ ਲੋਕ ਸ਼ਿਕਾਰ ਹੁੰਦੇ ਹਨ ਇਹ ਦਿਖਾਇਆ ਗਿਆ ਹੈ। ਇਸ ਤਰ੍ਹਾਂ ਦੀਆਂ ਘਟਨਾਵਾਂ ਵਿਦੇਸ਼ਾਂ ਵਿਚ ਵੀ ਹੁੰਦੀਆਂ ਹਨ। ਇਸ ਤੋਂ ਬਿਨਾਂ ਪੁਸਤਕ ਵਿਚਲੀਆਂ ਹੋਰ ਕਹਾਣੀਆਂ ਜਿਵੇਂ ਪਤਾ ਤਾਂ ਲੱਗਣਾ ਚਾਹੀਦਾ, 'ਲੱਲੂ ਕਰੇ ਕਵਲੀਆਂ, ਟੇਢੀ ਲੱਕੜੀ, ਚੋਰ ਅੱਖ, ਬੱਦਲਾਂ ਹੇਠ ਛੁਪਿਆ ਸੂਰਜ, ਦੀਸ਼ੋ ਦੀ ਭਰਜਾਈ' ਆਦਿ ਕਹਾਣੀਆਂ ਵਿਕਸਿਤ ਦੇਸ਼ਾਂ ਦੇ ਲੋਕਾਂ ਤੇ ਚਾਨਣਾ ਪਾਉਂਦੀਆਂ ਹਨ। ਕਹਾਣੀਆਂ ਆਕਾਰ ਵਿਚ ਨਾ ਜ਼ਿਆਦਾ ਲੰਬੀਆਂ ਹਨ ਤੇ ਨਾ ਜ਼ਿਆਦਾ ਛੋਟੀਆਂ। ਲੇਖਕ ਕੋਲ ਕਹਾਣੀ ਕਹਿਣ ਦੀ ਕਲਾ ਹੈ। ਵਿਸ਼ਿਆਂ ਦੇ ਨਿਭਾਅ ਦੇ ਪੱਖ ਤੋਂ ਕਹਾਣੀਆਂ ਸਫਲ ਹਨ। ਸਾਰੀਆਂ ਕਹਾਣੀਆਂ ਉੱਤਮ ਸ਼ੈਲੀ ਵਿਚ ਹਨ। ਭਾਸ਼ਾ ਸਰਲ ਤੇ ਸਹਿਜ ਭਰਪੂਰ ਹੈ।
-ਇੰਦਰਪ੍ਰੀਤ ਕੌਰ ਲੁਧਿਆਣਾ
ਮੋਬਾਈਲ : 98886-90280
ਅਹਿਲਿਆ
ਲੇਖਿਕਾ : ਡਾ ਨਵਦੀਪ ਕੌਰ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ ਮੁਹਾਲੀ
ਮੁੱਲ : 400 ਰੁਪਏ, ਸਫੇ : 220
ਸੰਪਰਕ : 89869-72605

ਡਾ. ਨਵਦੀਪ ਕੌਰ ਰਿਜਨਲ ਸੈਂਟਰ ਬਠਿੰਡਾ (ਪੰਜਾਬੀ ਯੂਨੀਵਰਸਿਟੀ) ਵਿਖੇ ਅਸੋਸੀਏਟ ਪ੍ਰੋਫੈਸਰ ਹੈ। ਉਸ ਨੇ ਆਲੋਚਨਾ ਦੀਆਂ ਦਸ ਕਿਤਾਬਾਂ ਲਿਖ ਕੇ ਪੰਜਾਬੀ ਆਲੋਚਨਾ ਵਿਚ ਜ਼ਿਕਰਯੋਗ ਕੰਮ ਕੀਤਾ ਹੈ। ਕਾਵਿ ਸੰਗ੍ਰਹਿ ਅਹਿਲਿਆ ਉਸ ਦਾ ਨਵਾਂ ਕਾਵਿ ਸੰਗ੍ਰਹਿ ਹੈ। ਸਿਰਲੇਖ ਤੋਂ ਸਪੱਸ਼ਟ ਹੈ ਕਿ ਇਸ ਕਾਵਿ ਪੁਸਤਕ ਵਿਚ ਮਿਥਿਹਾਸਕ ਪਾਤਰ ਅਹਿਲਿਆ ਦਾ ਬਿਰਤਾਂਤ ਹੈ। ਅਹਿਲਿਆ ਦਾ ਪਤੀ ਗੌਤਮ ਸੀ। ਅਹਿਲਿਆ ਦੇ ਪਿਤਾ ਨੇ ਉਸਨੂੰ ਸ਼ਾਸਤਰ ਸਿੱਖਿਆ ਪ੍ਰਾਪਤ ਕਰਨ ਲਈ ਰਿਸ਼ੀ ਗੌਤਮ ਦੇ ਆਸਰਮ ਵਿਚ ਭੇਜਿਆ ਸੀ। ਪਰ ਸਮੇਂ ਦਾ ਗੇੜ ਰਿਸੀ ਗੌਤਮ ਅਹਿਲਿਆ ਦੇ ਹੁਸਨ ਤੇ ਡੁੱਲ੍ਹ ਗਿਆ। ਅਹਿਲਿਆ, ਰਿਸ਼ੀ ਗੌਤਮ ਦੀ ਪਤਨੀ ਬਣ ਗਈ। ਸੰਬੰਧ ਜੁੜ ਗਏ। ਰਿਸੀ ਗੌਤਮ ਤੇ ਅਹਿਲਿਆ ਦੀ ਦਾਸਤਾਨ ਕਾਵਿ ਕਿਤਾਬ ਵਿਚ ਹੈ। ਕਿਤਾਬ ਦੇ ਤਤਕਰੇ ਵਿਚ ਭੂਮਿਕਾ ਹੈ। ਪਰ ਅੰਦਰ ਭੂਮਿਕਾ ਨਹੀਂ ਹੈ। ਪਹਿਲੇ ਖੰਡ ਵਿਚ ਅਹਿਲਿਆ ਦਾ ਜਨਮ, ਦੂਜੇ ਖੰਡ ਗੌਤਮ ਦਾ ਸ਼ਿਸ਼ ਬਣਨਾ ਤੀਜੇ ਵਿਚ ਗਿਆਨ ਪ੍ਰਾਪਤੀ, ਚੌਥੇ ਵਿਚ ਗੌਤਮ ਤੇ ਅਹਿਲਿਆ ਦਾ ਵਿਆਹ, ਪੰਜਵੇਂ ਖੰਡ ਵਿਚ ਦੰਪਤੀ ਜੀਵਨ, ਛੇਵੇਂ ਖੰਡ ਵਿਚ ਮਹਾਂ ਚੇਤਨਾ ਦਾ ਕਾਵਿਕ ਜ਼ਿਕਰ ਹੈ। ਕਿਤਾਬ ਦੇ ਹਰੇਕ ਪੰਨੇ ਉਪਰ ਅਤੇ ਟਾਈਟਲ 'ਤੇ ਅਹਿਲਿਆ ਦਾ ਸਕੈੱਚ ਹੈ। ਕਵਿਤਰੀ ਨੇ ਪ੍ਰਤੀਕਾਂ ਦੀ ਵਰਤੋਂ ਕੀਤੀ ਹੈ। ਬ੍ਰਹਮਾ, ਇੰਦਰ ਦੇਵਤਾ ਦਾ ਵੀ ਜ਼ਿਕਰ ਹੈ। ਕਾਵਿਕ ਸ਼ੈਲੀ ਵਿਚ ਬ੍ਰਹਮਾ- ਅਹਿਲਿਆ ਸੰਵਾਦ ਗੌਤਮ -ਅਹਿਲਿਆ ਸੰਵਾਦ ਪਿਤਾ ਦਾ ਅਹਿਲਿਆ ਨਾਲ ਸੰਵਾਦ ਪਾਠਕ ਨੂੰ ਟੁੰਭਦੇ ਹਨ। ਇਸ ਦੇ ਨਾਲ ਆਤਮਾ, ਅਧਿਆਤਮ, ਰੱਬੀ ਗਿਆਨ, ਮਾਇਆ, ਦੁਨੀਆਦਾਰੀ, ਕਲਪ ਬ੍ਰਿਖ, ਸੰਵੇਦਨਾ, ਧਰਮ ਕਰਮ, ਔਰਤ ਦਾ ਪੱਥਰ ਬਣਨਾ' ਕਰਾਮਾਤਾਂ .ਦੇ ਦਾਰਸ਼ਨਿਕ ਕਾਵਿ ਬੰਦ ਹਨ। ਕੁਝ ਸਤਰਾਂ ਹਨ... ਪਿਤਾ ਨੇ ਕਿਹਾ /ਯਾਦ ਰਖੀਂ ਪੁੱਤਰੀ /ਦੇਹ ਦੀ ਸੁੰਦਰਤਾ ਅੰਤਿਮ ਨਹੀਂ (ਪੰਨਾ 27 ਪਹਿਲਾ ਖੰਡ )ਔਰਤ ਦੇਹ ਦਾ ਕੀ ਮਤਲਬ ਹੈ /ਮੈਂ ਅਹਿਲਿਆ ਹਾਂ /ਮੈਨੂੰ ਨਾ ਕੋਈ ਸਿਦਕ ਤੋਂ ਹਿਲਾ ਸਕਦਾ ਦੂਜਾ ਖੰਡ ਪੰਨਾ 49)
ਗੌਤਮ ਆਸਣ 'ਤੇ ਬਹਿ ਗਿਆ /ਆਸ਼ਰਮ ਨੂੰ ਸੰਭਰਿਆ ਦੇਖ ਹੱਕਾ ਬੱਕਾ ਰਹਿ ਗਿਆ (ਤੀਜਾ ਖੰਡ ਪੰਨਾ 81)
ਕਿੰਨੀ ਹੀ ਵਾਰ ਮੈਂ ਸ਼ਰਮਾਈ /ਜਦ ਮੇਰੀ ਦੇਹ ਨਾਲ ਖੇਡਦਾ /ਅਕੇਵਾਂ ਮਹਿਸੂਸ ਕਰਦੀ (ਚੌਥਾ ਖੰਡ ਵਿਆਹ ਪੰਨਾ 125) ਔਰਤ ਦੀ ਸ਼ਕਤੀ 'ਔਰਤ ਦੀ ਦ੍ਰਿੜ੍ਹਤਾ /ਔਰਤ ਦਾ ਸੰਕਲਪ /ਰਾਖਸ਼ਸ ਨੂੰ ਵੀ ਭਲ ਦੇ ਸਕਦੈ /(ਪੰਜਵਾ ਖੰਡ 161 )ਗੌਤਮ ਦੀਆਂ ਅਲਗਰਜ਼ੀਆਂ /ਗੌਤਮ ਦੀਆਂ ਲਾਪਰਵਾਹੀਆਂ /ਆਤਮ ਨਾਦ /ਦੇਹ ਨਾਦ /ਚਿੰਤਨ ਨਾਦ /ਜਾਗ ਉੱਠਿਆ ਵਿਸਮਾਦ (ਪੰਨਾ 207) ਇਸ ਖੰਡ ਵਿਚ ਅਹਿਲਿਆ ਆਪਣੇ ਅੰਦਰ ਦੀ ਨਾਰੀ ਸ਼ਕਤੀ ਨੂੰ ਪਛਾਣਦੀ ਹੈ। ਔਰਤ ਨੂੰ ਚੇਤੰਨ ਕਰਨਾ ਹੀ ਕਿਤਾਬ ਦਾ ਮੰਤਵ ਹੈ।
-ਪ੍ਰਿੰ. ਗੁਰਮੀਤ ਸਿੰਘ ਫਾਜ਼ਿਲਕਾ
ਮੋਬਾਈਲ : 98148-56160
ਸੱਜਰੇ ਫੁੱਲਾਂ ਦਾ ਖੇੜਾ
ਲੇਖਕ : ਬਿੱਕਰ ਸਿੰਘ ਐਸ਼ੀ ਕੰਮੇਆਣਾ
ਪ੍ਰਕਾਸ਼ਕ : ਐਵਿਸ਼ ਪਬਲੀਕੇਸ਼ਨਜ਼, ਦਿੱਲੀ
ਮੁੱਲ : 375 ਰੁਪਏ, ਸਫ਼ੇ : 176
ਸੰਪਰਕ : 098732-37223
.jpg)
ਹਥਲੀ ਪੁਸਤਕ 'ਸੱਜਰੇ ਫੁੱਲਾਂ ਦਾ ਖੇੜਾ' ਪ੍ਰਵਾਸੀ ਪੰਜਾਬੀ ਲੇਖਕ ਬਿੱਕਰ ਸਿੰਘ ਐਸ਼ੀ ਕੰਮੇਆਣਾ ਦਾ ਚੌਥਾ ਗੀਤ ਸੰਗ੍ਰਹਿ ਹੈ। ਇਸ ਤੋਂ ਪਹਿਲਾਂ ਲੇਖਕ ਦੇ ਤਿੰਨ ਗੀਤ ਸੰਗ੍ਰਹਿ 'ਗੁੜ ਨਾਲੋਂ ਇਸ਼ਕ ਮਿੱਠਾ' (1968), 'ਰੁੱਸ ਜਾਵੇ ਨਾ ਬਹਾਰ' (2023), 'ਸੱਤ ਰੰਗੀ ਪੀਂਘ ' (2024) ਪ੍ਰਕਾਸ਼ਿਤ ਹੋ ਚੁੱਕੇ ਹਨ। ਇਸ ਪੁਸਤਕ 'ਸੱਜਰੇ ਫੁੱਲਾਂ ਦਾ ਖੇੜਾ' 'ਚ ਉਸਦੀਆਂ 115 ਰਚਨਾਵਾਂ ਸ਼ਾਮਿਲ ਹਨ। ਇਨ੍ਹਾਂ ਰਚਨਾਵਾਂ 'ਚ ਲੇਖਕ ਰੁੱਖਾਂ, ਕੁੱਖਾਂ, ਪਾਣੀਆਂ ਦੀ ਸਾਂਭ-ਸੰਭਾਲ ਲਈ ਦੁਹਾਈ ਦਿੰਦਾ ਜਾਪਦਾ ਹੈ। ਪੰਜਾਬੀ ਮਾਂ ਬੋਲੀ ਪ੍ਰਤੀ ਉਸਦਾ ਪਿਆਰ ਡੁੱਲ੍ਹ-ਡੁੱਲ੍ਹ ਪੈਂਦਾ ਵਿਖਾਈ ਦਿੰਦਾ ਹੈ ਅਤੇ ਪੰਜਾਬੀਆਂ ਨੂੰ ਆਪਣੀ ਮਾਂ-ਬੋਲੀ ਨੂੰ ਜ਼ਿੰਦਾ ਰੱਖਣ ਲਈ ਸੁਚੇਤ ਕਰਦਾ ਹੈ। ਉਸ ਦੇ ਗੀਤ ਦੰਭੀ, ਪਾਖੰਡੀ ਬਾਬਿਆਂ ਦੇ ਪੋਤੜੇ ਫਰੋਲਦੇ ਹਨ। ਧਰਤੀ ਹੇਠਲੇ ਪਾਣੀ ਦੀ ਬੇਲੋੜੀ ਵਰਤੋਂ, ਹਰੇ-ਭਰੇ ਰੁੱਖਾਂ ਦੀ ਅੰਨੇਵਾਹ ਕਟਾਈ, ਪਾਣੀ ਅਤੇ ਹਵਾ ਪ੍ਰਦੂਸ਼ਣ ਉਸ ਦਾ ਹਿਰਦਾ ਵਲੂੰਧਰਦੇ ਹਨ। ਲੇਖਕ ਸਾਡੇ ਪੁਰਾਤਨ ਪੇਂਡੂ ਸੱਭਿਆਚਾਰ ਅਤੇ ਵਿਰਸੇ ਦੀ ਆਲੋਪ ਹੋ ਰਹੀ ਇਕੱਲੀ-ਇਕੱਲੀ ਵਸਤ ਨੂੰ ਨਿਹਾਰਦਾ ਹੈ ਅਤੇ ਇਨ੍ਹਾਂ ਨੂੰ ਲੁਪਤ ਹੋਣ ਤੋਂ ਬਚਾਉਣ ਦਾ ਹੋਕਾ ਦਿੰਦਾ ਹੈ :
ਕਲਾ-ਕ੍ਰਿਤਾਂ ਦੇ ਸੰਗ੍ਰਹਿਆਂ ਵਿਚ ਸਾਂਭ ਦਿੱਤੇ,
ਚਰਖ਼ੇ, ਕਰੋਸ਼ੀਏ, ਅਟੇਰਨੇ।
ਸੱਗੀ ਫੁੱਲ, ਕੈਂਠੇ ਅਤੇ ਘੱਗਰਿਆਂ, ਘੁੰਡਾਂ ਦੇ ਨਾ,
'ਐਸ਼ੀ' ਵਾਂਗ ਕਿੱਸੇ ਕਿਸੇ ਛੇੜਣੇ। (ਪੰਨਾ : 131)
ਉਸਦੇ ਗੀਤ ਲੋਕ ਹਿੱਤਾਂ ਦੀ ਪਹਿਰੇਦਾਰੀ ਕਰਦੇ ਜਾਪਦੇ ਹਨ ਅਤੇ ਇੰਨਾਂ ਰਚਨਾਵਾਂ 'ਚ ਰਿਸ਼ਵਤਖੋਰਾਂ, ਚੋਰਾਂ-ਠੱਗਾਂ ਦੇ ਖ਼ਿਲਾਫ਼ ਵਿਦਰੋਹ ਸਪੱਸ਼ਟ ਝਲਕਦਾ ਹੈ। ਲੇਖਕ ਅਜੋਕੀ ਰਾਜਨੀਤੀ ਨੂੰ ਵਪਾਰ ਬਣਾਉਣ ਦੇ ਖ਼ਿਲਾਫ਼ ਵਿਦਰੋਹੀ ਸੁਰ ਅਲਾਪਦਾ ਸਮੇਂ ਦੇ ਵੋਟ-ਵਟੋਰੂ ਭ੍ਰਿਸ਼ਟ ਲੀਡਰਾਂ ਤੋਂ ਸਮਾਜ ਨੂੰ ਸੁਚੇਤ ਕਰਦਾ ਹੈ। ਲੇਖਕ ਛੰਦਾਬੰਦੀ ਵਾਲੀ ਕਵਿਤਾ ਅਤੇ ਇਸਦੀ ਰਵਾਨਗੀ ਦੀ ਸਿਫਤ ਕਰਦਾ ਲਿਖਦਾ ਹੈ :
ਐਸੀ ਕਲਮ ਚਲਾਉਂਦੇ ਉਹ ਜਿਨ੍ਹਾਂ ਨੂੰ ਆਉਂਦੀ ਹੈ।
ਲਗਾਂ-ਮਾਤਰਾਂ ਦੀ ਬੰਦਸ਼ , ਜੇ ਲਾਉਣੀ ਆਉਂਦੀ ਹੈ।
ਮੰਜ਼ਲ ਤੇ ਉਹ ਅੱਪੜਣ ਜੇ ਹੈ ਸੋਝੀ ਰਾਹਵਾਂ ਦੀ।
ਗੀਤਾਂ ਵਿਚ ਰਵਾਨੀ ਹੁੰਦੀ ਹੈ ਦਰਿਆਵਾਂ ਦੀ।
(ਪੰਨਾ : 147)
ਲੇਖਕ ਨੇ ਕਵਿਤਾ ਦੇ ਵੱਖ-ਵੱਖ ਰੂਪਾਂ ਗੀਤ, ਕਵਿਤਾ, ਗ਼ਜ਼ਲ਼, ਦੋਗਾਣਾ, ਟੱਪੇ, ਬੋਲੀਆਂ ਆਦਿ ਨਾਲ ਇਸ ਪੁਸਤਕ ਦੇ ਬਹੁਰੰਗੇ ਗੁਲਦਸਤੇ ਨੂੰ ਸ਼ਿੰਗਾਰਿਆ ਹੈ। ਇਸ ਹੱਥਲੀ ਪੁਸਤਕ ਦੀਆਂ ਰਚਨਾਵਾਂ 'ਚ ਰਵਾਨਗੀ ਵੀ ਹੈ ਅਤੇ ਵਿਸ਼ਾ-ਵਸਤੂ ਪੱਖ ਤੋਂ ਵੀ ਮਜ਼ਬੂਤ ਹਨ। ਖ਼ੂਬਸੂਰਤ ਗੀਤਾਂ ਨਾਲ ਪਰੋਈ ਪੁਸਤਕ ' ਸੱਜਰੇ ਫੁੱਲਾਂ ਦੇ ਖੇੜੇ ' 'ਚੋਂ ਬਿਖ਼ਰ ਰਹੀ ਦਿਲਕਸ਼ ਸਾਹਿਤਕ ਖੁਸ਼ਬੋ ਨੂੰ ਖੁਸ਼ਆਮਦੀਦ ਕਹਿਣਾ ਬਣਦਾ ਹੈ।
-ਮਨਜੀਤ ਸਿੰਘ ਘੜੈਲੀ
ਮੋਬਾਈਲ : 98153-91625
'ਦ ਆਊਟਸਾਇਡਰ
ਮੂਲ ਲੇਖਕ : ਅਲਬੇਅਰ ਕਾਮੂ
ਅਨੁਵਾਦ : ਗ. ਸ. ਨਕਸ਼ਦੀਪ ਪੰਜਕੋਹਾ
ਪ੍ਰਕਾਸ਼ਕ : ਆੱਟਮ ਆਰਟ, ਪਟਿਆਲਾ
ਮੁੱਲ : 199 ਰੁਪਏ, ਸਫ਼ੇ : 120
ਸੰਪਰਕ : gsnakshdeeppanjkoha@gmail.com

'ਦ ਆਊਟਸਾਇਡਰ' ਮੂਲ ਰੂਪ ਵਿਚ ਫਰਾਂਸੀਸੀ ਨਾਵਲਕਾਰ 'ਅਲਬੇਅਰ ਕਾਮੂ' ਦੀ ਰਚਨਾ ਹੈ । ਅਨੁਵਾਦ ਦੇ ਰੂਪ 'ਚ ਦੋ ਭਾਗਾਂ ਵਿਚ ਵਿਚ ਵੰਡਿਆ ਹੋਇਆ ਇਹ ਨਾਵਲ 120 ਸਫ਼ਿਆਂ 'ਤੇ ਫੈਲਿਆ ਹੋਇਆ, ਜਿਸ ਅੰਦਰ ਇਕ ਰੱਬ ਦੀ ਹੋਂਦ ਤੋਂ ਮੁਨਕਰ ਅੰਤਰਮੁਖੀ ਸੁਭਾਅ ਵਾਲੇ ਵਿਅਕਤੀ ਦੀਆਂ ਜੀਵਨ ਘਟਨਾਵਾਂ ਨੂੰ ਬਿਆਨਿਆ ਗਿਆ ਹੈ। ਨਾਵਲ ਦੇ ਪਹਿਲੇ ਭਾਗ 'ਚ 6 ਕਾਂਡ ਹਨ ਤੇ ਨਾਵਲ ਦੀ ਸ਼ੁਰੂਆਤ ਨਾਵਲ ਦੇ ਮੈਂ ਪਾਤਰ ਦੀ ਮਾਂ ਦੇ ਮਰਨ ਦੀ ਸੂਚਨਾ ਨਾਲ ਹੁੰਦੀ ਹੈ। ਇਨ੍ਹਾਂ 6 ਕਾਂਡਾਂ ਅੰਦਰ ਨਾਵਲਕਾਰ ਨੇ ਜਿੱਥੇ ਨਾਵਲ ਦੇ ਮੈਂ ਪਾਤਰ ਵਲੋਂ ਆਪਣੀ ਆਰਥਿਕ ਤੰਗੀ ਦੇ ਕਾਰਨ ਆਪਣੀ ਮਾਂ ਨੂੰ ਬਿਰਧ ਆਸ਼ਰਮ ਵਿਚ ਭਰਤੀ ਕਰਵਾਉਣ ਤੇ ਉਸ ਦੇ ਮੌਤ ਹੋਣ ਤੱਕ ਦੇ ਸਮੁੱਚੇ ਘਟਨਾਕ੍ਰਮ ਇਕ ਲੜੀ 'ਚ ਪਰੋ ਕੇ ਨਾਵਲ ਦੀ ਸ਼ੈਲੀ ਨੂੰ ਰੌਚਕ ਬਣਾਇਆ ਹੈ ਉੱਥੇ ਉਸਦੇ ਦੁਆਰਾ ਫਰਾਂਸ ਦੇ ਰੀਤੀ-ਰਿਵਾਜਾਂ ਅਤੇ ਮਾਨਵੀਂ ਕਦਰਾਂ-ਕੀਮਤਾਂ ਨੂੰ ਬਾਖ਼ੂਬੀ ਬਿਆਨ ਕੀਤਾ ਹੈ। ਨਾਵਲ ਦੇ ਪਹਿਲੇ ਭਾਗ ਦੇ ਆਖ਼ਰੀ ਕਾਂਡ ਅੰਦਰ ਨਾਵਲ ਦੇ 'ਮੈਂ' ਪਾਤਰ ਕੋਲੋਂ ਘਬਰਾਹਟ ਅਤੇ ਸਵੈ-ਰੱਖਿਆ ਦੀ ਭਾਵਨਾ ਤਹਿਤ ਇਕ ਅਰਬੀ ਵਿਅਕਤੀ ਦਾ ਕਤਲ ਹੋ ਜਾਂਦਾ ਹੈ।
ਨਾਵਲ ਦੇ ਦੂਜੇ ਭਾਗ ਵਿਚਲੇ 5 ਕਾਂਡਾਂ ਅੰਦਰ ਨਾਵਲ ਦੇ 'ਮੈਂ' ਪਾਤਰ ਦੀ ਗ੍ਰਿਫ਼ਤਾਰੀ ਅਤੇ ਉਸ ਤੋਂ ਬਾਅਦ ਜੇਲ੍ਹ ਅਤੇ ਮੁਕੱਦਮੇ ਦੀ ਜਿਊਰੀ ਵਲੋਂ ਸਮੁੱਚੇ ਘਟਨਾਕ੍ਰਮ ਨੂੰ ਕਾਨੂੰਨੀ ਨੁਕਤੇ-ਨਿਗਾਹ ਨਾਲ ਦੇਖਣ, ਸਰਕਾਰੀ ਅਤੇ ਬਚਾਅ ਪੱਖ ਦੇ ਵਕੀਲਾਂ ਦੀਆਂ ਦਲੀਲਾਂ ਅਤੇ ਗਵਾਹਾਂ ਦੀਆਂ ਗਵਾਹੀਆਂ 'ਤੇ ਮੌਤ ਦੀ ਸਜ਼ਾ ਸੁਣਾਈ ਜਾਣ ਤੱਕ ਦੀ ਕਹਾਣੀ ਹੈ, ਜਿਸ ਵਿਚ ਸਵੈ-ਰੱਖਿਆ ਤਹਿਤ ਹੋਏ ਕਤਲ ਨੂੰ ਇਰਾਦਾ ਕਤਲ 'ਚ ਬਦਲਿਆ ਜਾਂਦਾ ਹੈ। ਇਸ ਸਮੁੱਚੇ ਪਸਾਰੇ ਅੰਦਰ ਫਰਾਂਸੀਸੀ ਕਾਨੂੰਨ ਦੀਆਂ ਅੰਦਰੂਨੀ ਕੰਮਜ਼ੋਰੀਆਂ ਨੂੰ ਜੱਗ ਜ਼ਾਹਿਰ ਕਰਦਿਆਂ ਲੇਖਕ ਨੇ ਕੈਦੀ ਨੂੰ ਈਸਾਈ ਧਰਮ ਰਾਹੀਂ ਜੁਰਮ ਲਈ ਅਫ਼ਸੋਸ ਕਰਨ ਉੱਤੇ ਜ਼ਿਆਦਾ ਜ਼ੋਰ ਦਿੰਦੇ ਦਿਖਾਇਆ ਹੈ, ਜਿਸ ਨੂੰ ਅੰਤਰਮੁਖੀ ਸੁਭਾਅ ਵਾਲਾ ਅਤੇ ਰੱਬ ਦੀ ਹੋਂਦ ਤੋਂ ਮੁਨਕਰ ਕੈਦੀ ਇਸ ਨੂੰ ਮੰਨਣ ਤੋਂ ਇਨਕਾਰੀ ਹੁੰਦਾ ਹੈ। ਨਾਵਲਕਾਰ ਵਿਚਲੀ ਵਾਰਤਾਲਾਪ, ਦ੍ਰਿਸ਼ ਚਿਤਰਨ ਅਤੇ ਚੁਸਤ ਵਾਕ ਬਣਤਰ ਸ਼ੁਰੂ ਤੋਂ ਲੈ ਕੇ ਅਖ਼ੀਰ ਤੱਕ ਪਾਠਕ ਨੂੰ ਆਪਣੇ ਨਾਲ਼ ਜੋੜ ਕੇ ਰੱਖਦੀ ਹੈ। ਨਾਵਲ ਦੇ ਅਨੁਵਾਦ ਕਰਤਾ ਨੇ ਅਨੁਵਾਦ ਕਰਦਿਆਂ ਨਾਵਲ ਦੀ ਰੂਹ ਨੂੰ ਨਹੀਂ ਮਰਨ ਦਿੱਤਾ ਜਿਸਦੇ ਲਈ ਅਨੁਵਾਦਕਾਰ ਵਧਾਈ ਦਾ ਪਾਤਰ ਹੈ। ਬਿਨਾਂ ਸ਼ੱਕ ਗ.ਸ. ਨਕਸ਼ਦੀਪ ਪੰਜਕੋਹਾ ਵਲੋਂ ਅਨੁਵਾਦ ਕੀਤਾ ਗਿਆ ਇਹ ਫਰਾਂਸੀਸੀ ਨਾਵਲ ਪੰਜਾਬੀ ਸਾਹਿਤ ਦੇ ਘੇਰੇ ਨੂੰ ਹੋਰ ਮੋਕਲਾ ਕਰੇਗਾ।
-ਸੁਖਮੰਦਰ ਸਿੰਘ ਬਰਾੜ
ਮੋਬਾਈਲ : 98149-65928




































































































































































































.jpg)











