27-03-26
ਅਸੀਂ ਕਿੱਥੇ ਖੜ੍ਹੇ ਹਾਂ
ਸਾਡਾ ਸਮਾਜ ਕਿੱਧਰ ਜਾ ਰਿਹਾ ਹੈ, ਇਹ ਵਿਚਾਰ ਕਰਨ ਵਾਲਾ ਮੁੱਦਾ ਹੈ? ਲੋਕਾਂ ਵਿਚ ਬਿਲਕੁਲ ਵੀ ਸਹਿਣਸ਼ੀਲਤਾ ਤੇ ਨਿਮਰਤਾ ਨਹੀਂ ਰਹੀ ਹੈ। ਰੋਜ਼ਾਨਾ ਸੜਕ ਹਾਦਸਿਆਂ ਵਿਚ ਕਿੰਨੀਆਂ ਹੀ ਜਾਨਾਂ ਜਾ ਰਹੀਆਂ ਹਨ। ਅਸੀਂ ਕਿਥੇ ਜਾਣਾ ਹੈ ਤਾਂ ਸਮੇਂ ਸਿਰ ਘਰ ਤੋਂ ਕਿਉਂ ਨਹੀਂ ਨਿਕਲਦੇ। ਫਿਰ ਇੰਨੀ ਤੇਜ਼ ਗੱਡੀ ਚਲਾ ਕੇ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਾਂ। ਸਾਹਨੇਵਾਲ ਕੋਲ ਮੋਟਰਸਾਈਕਲ 'ਤੇ ਜਾ ਰਹੇ ਪਰਿਵਾਰ ਨੂੰ ਕਰੇਨ ਨੇ ਟੱਕਰ ਮਾਰ ਦਿੱਤੀ। ਮੋਟਰਸਾਈਕਲ ਸਵਾਰ ਔਰਤ ਤੇ ਉਸ ਦੀ ਬੇਟੀ ਦੀ ਮੌਤ ਹੋ ਗਈ। ਇਕ ਹੋਰ ਹਾਦਸੇ ਵਿਚ ਤੇਜ਼ ਰਫ਼ਤਾਰ ਕਾਰ ਦੇ ਸਾਈਕਲ ਸਵਾਰ ਨੂੰ ਟੱਕਰ ਮਾਰਨ ਨਾਲ ਬਜ਼ੁਰਗ ਦੀ ਮੌਕੇ 'ਤੇ ਮੌਤ ਹੋ ਗਈ। ਲੋਕ ਇੰਨੇ ਬੇਰਹਿਮ ਹੋ ਗਏ ਹਨ ਕਿ ਐਕਸੀਡੈਂਟ ਹੋਣ 'ਤੇ ਰੁਕਦੇ ਵੀ ਨਹੀਂ, ਮੌਕੇ ਤੋਂ ਨਿਕਲਣ ਦੀ ਕੋਸ਼ਿਸ਼ ਕਰਦੇ ਹਨ ਕਿ ਅਸੀਂ ਤਾਂ ਬਚ ਜਾਈਏ। ਇਨਸਾਨੀਅਤ ਸ਼ਰਮਸਾਰ ਹੋ ਚੁੱਕੀ ਹੈ ਪਰ ਕਈ ਚੰਗੇ ਲੋਕ ਨੰਬਰ ਪਲੇਟਾਂ ਦੀ ਫੋਟੋ ਤਸਵੀਰ ਖਿੱਚ ਲੈਂਦੇ ਹਨ, ਫਿਰ ਉਹ ਬੰਦਾ ਆਖਰ ਫੜਿਆ ਵੀ ਜਾਂਦਾ ਹੈ। ਜੇਕਰ ਐਕਸੀਡੈਂਟ ਹੋਣ 'ਤੇ ਜ਼ਖ਼ਮੀ ਬੰਦੇ ਨੂੰ ਜਲਦੀ ਹਸਪਤਾਲ ਪਹੁੰਚਾਇਆ ਜਾਵੇ ਤਾਂ ਉਸ ਦੀ ਜਾਨ ਬਚ ਸਕਦੀ ਹੈ। ਪਿਛੇ ਜਿਹੇ ਇਕ ਵੀਡੀਓ ਵਾਇਰਲ ਹੋ ਰਹੀ ਸੀ ਕਿ ਇਕ ਚਲਦੀ ਕਾਰ ਨੂੰ ਅੱਗ ਲੱਗਣ 'ਤੇ ਬੰਦਾ ਆਪਣੀ ਜਾਨ ਬਚਾਉਣ ਲਈ ਤਰਲੋਮੱਛੀ ਹੋ ਰਿਹਾ ਸੀ, ਪਰ ਰਾਹ ਜਾਂਦੇ ਲੋਕ ਉੱਥੇ ਖੜ੍ਹੇ ਹੋ ਕੇ ਵੀਡੀਓ ਬਣਾ ਰਹੇ ਸਨ।
-ਸੰਜੀਵ ਸਿੰਘ ਸੈਣੀ,
ਮੁਹਾਲੀ।
ਜੰਕ ਫੂਡ ਤੋਂ ਪ੍ਰਹੇਜ਼ ਜ਼ਰੂਰੀ
ਜੰਕ ਫੂਡ ਖਾਣ ਨੂੰ ਸੁਆਦੀ ਤੇ ਵਧੀਆ ਲੱਗਦਾ ਹੈ, ਪਰ ਸਿਹਤ ਲਈ ਬਹੁਤ ਨੁਕਸਾਨਦਾਇਕ ਹੁੰਦਾ ਹੈ। ਇਸ ਵਿਚ ਚਰਬੀ, ਸ਼ੱਕਰ ਅਤੇ ਨਮਕ ਦੀ ਮਾਤਰਾ ਵੱਧ ਹੁੰਦੀ ਹੈ ਜੋ ਸਰੀਰ ਨੂੰ ਕਮਜ਼ੋਰ ਕਰ ਸਕਦੀ ਹੈ। ਜੰਕ ਫੂਡ ਦਾ ਜ਼ਿਆਦਾ ਸੇਵਨ ਕਰਨ ਨਾਲ ਮੋਟਾਪਾ, ਦਿਲ ਦੀਆਂ ਬਿਮਾਰੀਆਂ ਅਤੇ ਪੇਟ ਨਾਲ ਸੰਬੰਧਿਤ ਕਈ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਅੱਜਕਲ੍ਹ ਬੱਚੇ ਅਤੇ ਨੌਜਵਾਨ ਜੰਕ ਫੂਡ ਵਲ ਜ਼ਿਆਦਾ ਆਕਰਸ਼ਿਤ ਹੋ ਰਹੇ ਹਨ, ਜੋ ਉਨ੍ਹਾਂ ਦੀ ਸਿਹਤ ਲਈ ਖਤਰਾ ਬਣ ਸਕਦਾ ਹੈ। ਇਸ ਲਈ ਸਾਨੂੰ ਤਾਜ਼ੇ ਫਲ, ਸਬਜ਼ੀਆਂ ਅਤੇ ਘਰੇਲੂ ਬਣਿਆ ਪੌਸ਼ਟਿਕ ਭੋਜਨ ਖਾਣ ਦੀ ਆਦਤ ਪਾਉਣੀ ਚਾਹੀਦੀ ਹੈ। ਸਿਹਤਮੰਦ ਭੋਜਨ ਨਾਲ ਹੀ ਅਸੀਂ ਤੰਦਰੁਸਤ, ਤਾਕਤਵਰ ਅਤੇ ਖੁਸ਼ਹਾਲ ਜੀਵਨ ਜੀ ਸਕਦੇ ਹਾਂ।
- ਅਕਾਸ਼ਪ੍ਰੀਤ ਸਿੰਘ ਸੋਮਲ, ਸਹੇੜੀ
ਮੀਡੀਆ ਦੀ ਤਾਕਤ ਅਤੇ ਜ਼ਿੰਮੇਵਾਰੀ
ਅੱਜ ਦੇ ਸਮੇਂ ਵਿਚ ਮੀਡੀਆ ਸਿਰਫ਼ ਖ਼ਬਰਾਂ ਦੱਸਣ ਦਾ ਸਾਧਨ ਨਹੀਂ ਰਿਹਾ, ਇਹ ਲੋਕਾਂ ਨੂੰ ਜਾਗਰੂਕ ਕਰਨ ਵਾਲੀ ਵੱਡੀ ਤਾਕਤ ਬਣ ਚੁੱਕੀ ਹੈ। ਸੋਸ਼ਲ ਮੀਡੀਆ, ਵੀਡੀਓਜ਼, ਵਾਇਸ ਮੈਸੇਜ ਇਹ ਸਭ ਚੀਜ਼ਾਂ ਸਾਨੂੰ ਇੱਕ ਦੂਜੇ ਨਾਲ ਜੋੜਦੀਆਂ ਹਨ, ਪਰ ਕਈ ਵਾਰੀ ਇਨ੍ਹਾਂ ਦਾ ਗਲਤ ਇਸਤੇਮਾਲ ਵੀ ਹੋ ਜਾਂਦਾ ਹੈ। ਕਈ ਵਾਰ ਲੋਕ ਬਿਨਾਂ ਸੋਚੇ ਸਮਝੇ ਕਿਸੇ ਦੀ ਵੀਡੀਓ ਜਾਂ ਆਡੀਓ ਲੀਕ ਕਰ ਦਿੰਦੇ ਹਨ, ਜੋ ਕਿਸੇ ਦੀ ਇਜ਼ਤ ਤੇ ਜ਼ਿੰਦਗੀ ਨੂੰ ਨੁਕਸਾਨ ਪਹੁੰਚਾ ਸਕਦੀ ਹੈ।ਇਸ ਲਈ ਜ਼ਰੂਰੀ ਹੈ ਕਿ ਅਸੀਂ ਮੀਡੀਆ ਦੀ ਤਾਕਤ ਨੂੰ ਸਮਝਦਿਆਂ ਅਤੇ ਇਸਦਾ ਸਹੀ ਇਸਤੇਮਾਲ ਕਰੀਏ। ਮੀਡੀਆ ਸੱਚ ਨੂੰ ਉਜਾਗਰ ਕਰ ਸਕਦੀ ਹੈ, ਪਰ ਜੇ ਇਹ ਗਲਤ ਹੱਥਾਂ ਵਿਚ ਆ ਜਾਵੇ ਤਾਂ ਝੂਠ ਨੂੰ ਵੀ ਫੈਲਾ ਸਕਦੀ ਹੈ। ਇਸ ਕਰਕੇ ਹਰ ਇੱਕ ਇਨਸਾਨ ਦੀ ਜ਼ਿੰਮੇਵਾਰੀ ਹੈ ਕਿ ਉਹ ਸਹੀ ਜਾਣਕਾਰੀ ਹੀ ਸਾਂਝੀ ਕਰੇ ਅਤੇ ਕਿਸੇ ਦੀ ਨਿੱਜਤਾ ਦਾ ਆਦਰ ਕਰੇ।
-ਡਾ. ਬਲਜਿੰਦਰ ਕੁਮਾਰ ਕੰਬੋਜ
ਵਧ ਰਿਹਾ ਪ੍ਰਦੂਸ਼ਣ
ਅੱਜ ਦੇ ਸਮੇਂ ਵਿਚ ਪ੍ਰਦੂਸ਼ਣ ਸਾਡੇ ਜੀਵਨ ਲਈ ਇੱਕ ਵੱਡੀ ਸਮੱਸਿਆ ਬਣ ਗਿਆ ਹੈ, ਜਿਸ ਨਾਲ ਹਵਾ, ਪਾਣੀ ਅਤੇ ਮਿੱਟੀ ਪ੍ਰਦੂਸ਼ਿਤ ਹੋ ਰਹੇ ਹਨ। ਵਾਹਨਾਂ ਅਤੇ ਫੈਕਟਰੀਆਂ ਦਾ ਧੂੰਆਂ ਹਵਾ ਨੂੰ ਪ੍ਰਦੂਸ਼ਿਤ ਕਰਦਾ ਹੈ, ਜਦਕਿ ਗੰਦਾ ਪਾਣੀ ਦਰਿਆਵਾਂ ਵਿਚ ਜਾਣ ਨਾਲ ਜਲ ਪ੍ਰਦੂਸ਼ਣ ਵਧਦਾ ਹੈ। ਖੇਤੀ ਵਿਚ ਰਸਾਇਣਕ ਖਾਦਾਂ ਤੇ ਕੀੜੇਮਾਰ ਦਵਾਈਆਂ ਦੀ ਅੰਨ੍ਹੇਵਾਹ ਵਰਤੋਂ ਹੋ ਰਹੀ ਹੈ। ਪ੍ਰਦੂਸ਼ਣ ਨਾਲ ਮਨੁੱਖੀ ਸਿਹਤ ਪ੍ਰਭਾਵਿਤ ਹੁੰਦੀ ਹੈ ਅਤੇ ਕਈ ਬਿਮਾਰੀਆਂ ਵਧਦੀਆਂ ਹਨ, ਇਸ ਲਈ ਸਾਨੂੰ ਵੱਧ ਤੋਂ ਵੱਧ ਦਰੱਖਤ ਲਗਾਉਣੇ ਚਾਹੀਦੇ ਹਨ, ਪਲਾਸਟਿਕ ਦੀ ਵਰਤੋਂ ਘਟਾਉਣੀ ਚਾਹੀਦੀ ਹੈ ਅਤੇ ਵਾਤਾਵਰਨ ਦੀ ਰੱਖਿਆ ਕਰਨੀ ਚਾਹੀਦੀ ਹੈ।
- ਰਾਜਵੀਰ ਸਿੰਘ ਬਹੇੜ