29-03-26
ਲੀਹੋਂ ਲੱਥਾ ਪਿਆਰ
ਲੇਖਕ : ਸੰਪੂਰਨ ਸਿੰਘ ਧਰਮਸੋਤ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 175 ਰੁਪਏ, ਸਫ਼ੇ : 83
ਸੰਪਰਕ : 097284-94438

'ਲੀਹੋ ਲੱਥਾ ਪਿਆਰ' ਨਾਵਲ ਸੰਪੂਰਨ ਸਿੰਘ ਧਰਮਸੋਤ ਦੁਆਰਾ ਰਚਿਤ ਹੈ। ਇਸ ਨਾਵਲ ਵਿਚ ਲੇਖਕ ਨੇ ਮੁੱਖ ਪਾਤਰ ਬਲਤੇਜ ਨੂੰ ਆਧਾਰ ਬਣਾ ਕੇ ਉਸ ਦੇ ਪਿਆਰ ਵਿਚਾਲੇ ਜੋ ਸਮਾਜਿਕ ਤੇ ਆਰਥਿਕ ਮਜਬੂਰੀਆਂ ਪੈਦਾ ਹੁੰਦੀਆਂ ਹਨ। ਉਨ੍ਹਾਂ ਨੂੰ ਭਲੀ-ਭਾਂਤ ਉਜਾਗਰ ਕੀਤਾ ਹੈ। ਇਸ ਨਾਵਲ ਵਿਚ ਵੰਡ ਦਾ ਦੁਖਾਂਤਕ ਪ੍ਰਭਾਵ ਵੀ ਦੇਖਣ ਵਿਚ ਆਇਆ ਹੈ। ਨਾਵਲ ਵਿਚ ਲੇਖਕ ਨੇ ਸਾਡੇ ਸਮਾਜ ਵਿਚ ਜੋ ਬੁਰਾਈਆਂ ਉਤਪੰਨ ਹੋ ਰਹੀਆਂ ਹਨ ਉਨ੍ਹਾਂ 'ਤੇ ਵੀ ਝਾਤ ਪਾਈ ਹੈ। ਔਰਤ ਦੀ ਬਹਾਦਰੀ ਨੂੰ ਇਸ ਨਾਵਲ 'ਚ ਖੂਬ ਪੇਸ਼ ਕੀਤਾ ਗਿਆ ਹੈ। ਇਹ ਨਾਵਲ ਦੱਸਦਾ ਹੈ ਕਿ ਪ੍ਰੇਮ ਤੋਂ ਬਿਨਾਂ ਜੀਵਨ ਸੰਭਵ ਨਹੀਂ ਹੈ। ਇਹ ਨਾਵਲ ਪ੍ਰੇਮ ਤੋਂ ਬਿਨਾਂ ਤੜਫ ਦੀ ਵੇਦਨਾ ਨੂੰ ਦਰਸਾਉਂਦਾ ਹੈ। ਨਾਵਲ ਵਿਚ ਇਹ ਦਿਖਾਇਆ ਗਿਆ ਹੈ ਕਿ ਬਲਤੇਜ ਨਾਂਅ ਦਾ ਪਾਤਰ ਹਸਪਤਾਲ ਵਿਚ ਦਾਖਲ ਸੀ ਤੇ ਪ੍ਰਦੀਪ ਉੱਥੇ ਕੰਮ ਕਰਦੀ ਸੀ ਪਰ ਦੋਨੋਂ ਇੱਕ ਦੂਜੇ ਤੋਂ ਅਨਜਾਨ ਸਨ ਜਦ ਕਿ ਬਹੁਤ ਸਾਲ ਪਹਿਲਾਂ ਉਹ ਇੱਕ ਦੂਜੇ ਨੂੰ ਪਸੰਦ ਕਰਦੇ ਹੁੰਦੇ ਹਨ, ਪਰ ਏਨੇ ਸਾਲਾਂ ਬਾਅਦ ਉਹ ਇੱਕ ਦੂਜੇ ਨੂੰ ਪਹਿਚਾਣ ਨਹੀਂ ਪਾਉਂਦੇ। ਨਾਵਲ ਦੇ ਅੰਤ ਵਿਚ ਜਦ ਉਹ ਇੱਕ ਦੂਜੇ ਨੂੰ ਦੁਬਾਰਾ ਪਹਿਚਾਣਦੇ ਹਨ ਤਾਂ ਉਹ ਦੁਬਾਰਾ ਇੱਕ ਹੋਣਾ ਚਾਹੁੰਦੇ ਸਨ, ਪਰ ਇਹ ਖੁਸ਼ੀ ਜ਼ਿਆਦਾ ਦੇਰ ਨਹੀਂ ਟਿਕਦੀ ਕਿਉਂਕਿ ਬਲਤੇਜ ਹਮੇਸ਼ਾ ਇਹ ਕਹਿੰਦਾ ਸੀ ਕਿ ਜਦ ਉਸ ਦੀ ਮਾਂ ਨਹੀਂ ਰਹੇਗੀ ਤਾਂ ਉਹ ਵੀ ਇਸ ਦੁਨੀਆ ਵਿਚ ਨਹੀਂ ਰਹੇਗਾ ਤੇ ਜਦੋਂ ਉਹ ਆਪਣੀ ਮਾਂ ਦੀ ਮੌਤ ਦੀ ਖ਼ਬਰ ਸੁਣਦਾ ਹੈ ਤਾਂ ਉਹ ਉਥੇ ਹੀ ਹਸਪਤਾਲ ਵਿਚ ਢਹਿ-ਢੇਰੀ ਹੋ ਜਾਂਦਾ ਹੈ ਤੇ ਨਾਵਲ ਦਾ ਅੰਤ ਹੋ ਜਾਂਦਾ ਹੈ। ਇਸ ਨਾਵਲ ਵਿਚ ਇੱਕ ਰਮਾ ਨਾਂਅ ਦੀ ਵੀ ਪਾਤਰ ਹੈ ਜੋ ਕਿ ਹਸਪਤਾਲ ਵਿਚ ਹੀ ਕੰਮ ਕਰਦੀ ਹੈ ਤੇ ਉਸ ਦੇ ਜੀਵਨ ਬਾਰੇ ਵੀ ਸੰਖੇਪ ਤੌਰ 'ਤੇ ਲੇਖਕ ਨੇ ਵਰਣਨ ਕੀਤਾ ਹੈ। ਇਸ ਤਰ੍ਹਾਂ ਨਾਵਲ ਦਿਲਚਸਪ ਬਣ ਜਾਂਦਾ ਹੈ। ਸੋ ਇਹ ਨਾਵਲ ਜੀਵਨ ਦੀ ਮਾਨਸਿਕ ਜ਼ਰੂਰਤ ਨੂੰ ਦਰਸਾਉਂਦਾ ਹੈ ਨਾਵਲ ਵਿਚਲੀ ਬੋਲੀ ਠੇਠ ਪੰਜਾਬੀ ਹੈ ਕਿਤੇ ਕਿਤੇ ਹਿੰਦੀ ਦੇ ਸ਼ਬਦ ਵੀ ਵਰਤੇ ਗਏ ਹਨ ਨਾਵਲ ਵਿਚ ਮੁਹਾਵਰਿਆਂ ਦੀ ਵੀ ਵਰਤੋਂ ਹੋਈ ਹੈ। ਨਾਵਲ ਆਪਣੀ ਤੌਰ ਤੁਰਦਾ ਨਜ਼ਰ ਆਉਂਦਾ ਹੈ ਕਿਧਰੇ ਵੀ ਭਟਕਣ ਮਹਿਸੂਸ ਨਹੀਂ ਹੁੰਦੀ। ਹਰ ਇੱਕ ਘਟਨਾ ਦੂਜੀ ਘਟਨਾ ਨੂੰ ਅੱਗੇ ਤੋਰਦੀ ਹੈ। ਨਾਵਲ ਪੜ੍ਹਨ ਵਿਚ ਉਦਾਸੀ ਮਹਿਸੂਸ ਹੁੰਦੀ ਹੈ ਮਨ ਭਾਵਕ ਵੀ ਹੋ ਜਾਂਦਾ ਹੈ ਪਰ ਫਿਰ ਵੀ ਨਾਵਲ ਪੜ੍ਹਨ ਵਿਚ ਦਿਲਚਸਪ ਹੈ। ਨਾਵਲ ਦਾ ਸਾਕਾਰਾਤਮਿਕ ਪੱਖ ਇਹ ਹੈ ਕਿ ਇਸ ਵਿਚ ਮਨੁੱਖ ਦੇ ਜੀਵਨ 'ਚ ਸਮਾਜਿਕ ਹਾਲਾਤ ਬੇਸ਼ਕ ਚੰਗੇ ਨਹੀਂ ਦਿਖਾਏ ਗਏ ਪ੍ਰੇਮ ਤੋਂ ਬਿਨਾਂ ਜੀਵਨ ਨੂੰ ਵਧੀਆ ਨਹੀਂ ਦਿਖਾਇਆ ਗਿਆ ਪਰ ਇਸ ਸਭ ਦੇ ਹੁੰਦੇ ਹੋਇਆ ਵੀ ਮੁੱਖ ਪਾਤਰ ਬਲਤੇਜ ਆਪਣੀ ਵਿਸ਼ੇਸ਼ ਭੂਮਿਕਾ ਅਦਾ ਕਰਦਾ ਹੈ। ਲੇਖਕ ਨੂੰ ਇਸ ਨਾਵਲ ਦੇ ਆਉਣ ਲਈ ਬਹੁਤ ਬਹੁਤ ਮੁਬਾਰਕਾਂ।
-ਇੰਦਰਪ੍ਰੀਤ ਕੌਰ ਲੁਧਿਆਣਾ
ਮੋਬਾਈਲ : 98886-90280
ਮਰਾਠਾ ਸਾਮਰਾਜ ਦੇ ਬਾਨੀ ਛਤਰਪਤੀ ਸ਼ਿਵਾਜੀ
ਮੂਲ ਲੇਖਕ : ਸਰ ਜਾਦੂਨਾਥ ਸਰਕਾਰ
ਅਨੁਵਾਦਕ : ਜਗਦੀਸ਼ ਰਾਏ ਕੁਲਰੀਆਂ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼ ਸਮਾਨਾ
ਮੁੱਲ : 275 ਰੁਪਏ, ਸਫੇ : 192
ਸੰਪਰਕ : 95018-77033

ਵਿਚਾਰਧੀਨ ਕਿਤਾਬ ਦੇ ਲੇਖਕ ਪ੍ਰਸਿੱਧ ਸਾਹਿਤਕਾਰ/ਇਤਿਹਾਸਕਾਰ ਸਰ ਜਾਦੂ ਨਾਥ ਸਰਕਾਰ ਨੇ ਇਸ ਪੁਸਤਕ ਦੀ ਸਿਰਜਣਾ ਕਰਦਿਆਂ ਸੱਚਮੁੱਚ ਹੀ 'ਜਾਦੂ' ਕਰ ਵਿਖਾਇਆ ਹੈ। ਇਸ ਪੁਸਤਕ ਦੀ ਰਚਨਾ ਸ਼ਿਵਾਜੀ ਦੇ ਜੀਵਨ ਅਨੁਸਾਰ ਕਾਲ-ਕ੍ਰਮ ਅਨੁਸਾਰ ਕੀਤੀ ਗਈ ਹੈ। ਸ਼ਿਵਾਜੀ ਦੀ ਵਿਲੱਖਣ ਸ਼ਖ਼ਸੀਅਤ ਰੂਪਮਾਨ ਕੀਤੀ ਗਈ ਹੈ। ਇਸ ਕਿਤਾਬ ਦੇ ਪੰਦਰਾਂ ਕਾਂਡਾਂ (ਅਨੇਕਾਂ ਉਪ-ਸਿਰਲੇਖਾਂ) ਦੇ ਅਧਿਐਨ ਨਾਲ ਛਤਰਪਤੀ ਦੇ ਸਮੁੱਚੇ ਜੀਵਨ (10 ਅਪ੍ਰੈਲ 1627 ਤੋਂ 4 ਅਪ੍ਰੈਲ 1680) ਲਗਭਗ 53 ਵਰ੍ਹੇ ਤੱਕ ਦੀ ਜਾਣਕਾਰੀ ਉਪਲਬੱਧ ਹੈ। ਇਨ੍ਹਾਂ 15 ਕਾਂਡਾਂ (ਮਹਾਰਾਸ਼ਟਰ ਦੇਸ਼ ਅਤੇ ਮਰਾਠਾ ਕੌਮਾਂ, ਭੌਂਸਲਾ ਵੰਸ਼ ਦੀ ਤਰੱਕੀ, ਮੁਗਲਾਂ ਅਤੇ ਬੀਜਾਪੁਰ ਨਾਲ ਸ਼ਿਵਾਜੀ ਦੀ ਪਹਿਲੀ ਲੜਾਈ, ਸ਼ਿਵਾਜੀ ਦਾ ਦੱਖਣੀ ਮਹਾਰਾਸ਼ਟਰ ਵਿਚ ਦਾਖਲਾ, ਜੈ ਸਿੰਘ ਅਤੇ ਸ਼ਿਵਾਜੀ, ਸੰਘਰਸ਼ ਅਤੇ ਸੰਧੀ, ਔਰੰਗਜ਼ੇਬ ਨਾਲ ਸ਼ਿਵਾਜੀ ਦੀ ਮੁਲਾਕਾਤ, ਆਗਰਾ ਤੋਂ ਭੱਜਣਾ, ਸ਼ਿਵਾਜੀ ਵਲੋਂ ਆਜ਼ਾਦ ਰਾਜ ਦੀ ਸਥਾਪਨਾ, ਸ਼ਿਵਾਜੀ ਦੀ ਤਖਤਪੋਸ਼ੀ, ਛਤਰਪਤੀ ਸ਼ਿਵਾਜੀ ਦਾ ਦੱਖਣ ਜਿੱਤਣਾ, ਸ਼ਿਵਾਜੀ ਦੀ ਸਮੁੰਦਰੀ ਤਾਕਤ, ਕੰਨੜ ਵਿਚ ਮਰਾਠਾ ਪ੍ਰਭਾਵ, ਸ਼ਿਵਾਜੀ ਦੀ ਜ਼ਿੰਦਗੀ ਦੀ ਸ਼ਾਮ, ਸ਼ਿਵਾਜੀ ਦਾ ਰਾਜ ਅਤੇ ਉਸ ਦੀ ਸ਼ਾਸਨ ਪ੍ਰਣਾਲੀ, ਸ਼ਿਵਾਜੀ ਦਾ ਗੁਰੂ ਅਤੇ ਪਰਿਵਾਰ, ਇਤਿਹਾਸ ਵਿਚ ਸ਼ਿਵਾਜੀ ਦਾ ਸਥਾਨ) ਆਦਿ ਤੋਂ ਪੁਸਤਕ ਦੀ ਬਣਤਰ ਸਮੇਤ ਇਤਿਹਾਸਕ ਮਹੱਤਵ ਪਾਠਕਾਂ ਨੂੰ ਪ੍ਰਭਾਵਿਤ ਕਰਦਾ ਹੈ। ਉਨ੍ਹਾਂ ਦਾ ਜਨਮ ਮਾਤਾ ਜੀਜਾਬਾਈ ਦੀ ਕੁੱਖੋਂ ਪਿਤਾ ਸ਼ਾਹ ਜੀ ਭੌਂਸਲਾ ਦੇ ਗ੍ਰਹਿ ਵਿਖੇ ਹੋਇਆ। ਸ਼ਿਵਾਜੀ ਨੇ ਆਪਣੇ ਸਮੇਂ ਦੀਆਂ ਤਿੰਨ ਵੱਡੀਆਂ ਸ਼ਕਤੀਆਂ ਮੁਗਲ ਸਾਮਰਾਜ, ਬੀਜਾਪੁਰ ਰਾਜ ਅਤੇ ਪੁਰਤਗਾਲੀਆਂ ਨਾਲ ਲਗਾਤਾਰ ਟੱਕਰ ਲੈਂਦਿਆਂ। ਇਸ ਸੁਤੰਤਰ ਰਾਜ ਦੀ ਸਥਾਪਨਾ ਕੀਤੀ। ਲਗਭਗ 150 ਸਾਲ ਮਰਾਠਿਆਂ ਦਾ ਰਾਜ ਸਫਲਤਾ ਸਹਿਤ ਚਲਦਾ ਰਿਹਾ। ਪਰ ਫਿਰ ਵੀ ਮਰਾਠੇ ਇਕ ਕੌਮ ਵਜੋਂ ਏਕਤਾ ਨਾ ਰੱਖ ਸਕੇ। ਰਾਸ਼ਟਰੀ ਭਾਵਨਾ ਪੈਦਾ ਕਰਨ ਦੀ ਸ਼ਾਇਦ ਉਸ ਸਮੇਂ ਸੋਝੀ ਹੀ ਨਹੀਂ ਹੋਣੀ। ਲੇਖਕ ਦਾ ਅਧਿਐਨ ਵਿਸ਼ਾਲ ਹੈ। ਇਸੇ ਲਈ ਉਸ ਨੇ ਘਟਨਾਵਾਂ ਦੀਆਂ ਮਿਤੀਆਂ ਅਤੇ ਸਾਲਾਂ ਦੀ ਸੂਚੀ ਦਿੱਤੀ ਹੈ। ਖੋਜ ਦੀ ਦ੍ਰਿਸ਼ਟੀ ਤੋਂ ਇਤਿਹਾਸਕ ਸਮੱਗਰੀ ਦੇ ਸੋਮਿਆਂ ਦੀ ਜਾਣਕਾਰੀ ਵੀ ਉਪਲਬੱਧ ਕਰਵਾਈ ਹੈ। ਆਖਰ ਚੇਤ ਦੀ ਪੂਰਨਮਾਸ਼ੀ ਦਿਨ ਐਤਵਾਰ 4 ਅਪ੍ਰੈਲ, 1680 ਨੂੰ ਉਹ ਸਵਰਗ ਸਿਧਾਰ ਗਏ। ਉਦੋਂ ਉਨ੍ਹਾਂ ਦੀ ਉਮਰ (6 ਦਿਨ ਘੱਟ) 53 ਸਾਲ ਦੀ ਸੀ। ਕਿਹਾ ਜਾ ਸਕਦਾ ਹੈ ਕਿ ਛਤਰਪਤੀ ਸ਼ਿਵਾਜੀ ਇਕ ਮਹਾਨ ਸਮਰਾਟ ਹੋਏ ਹਨ। ਰਾਜ ਕਰਨ ਦੀ ਯੋਗਤਾ ਸੀ। ਉਹ ਆਪਣੀ ਪਰਜਾ ਦੇ ਦੁੱਖ-ਸੁੱਖ ਵੰਡਾਉਂਦੇ ਸਨ। ਕੌਮ ਨੂੰ ਮੁਗਲਾਂ ਦੇ ਜ਼ੁਲਮਾਂ ਤੋਂ ਸੁਰੱਖਿਆ ਪ੍ਰਦਾਨ ਕੀਤੀ। ਸਾਰੇ ਧਰਮਾਂ-ਜਾਤਾਂ ਦਾ ਸਤਿਕਾਰ ਕਰਦੇ ਸਨ। ਬੜੇ ਇਨਸਾਫ਼ ਪਸੰਦ ਸਨ। ਅਜਿਹੇ ਮਹਾਨ ਰਾਜੇ ਦੀ ਇਤਿਹਾਸ ਵਿਚ ਉਦਾਹਰਨ ਘੱਟ ਹੀ ਮਿਲਦੀ ਹੈ। ਇਸੇ ਲਈ ਉਨ੍ਹਾਂ ਦਾ ਨਾਂਅ ਰਹਿੰਦੀ ਦੁਨੀਆ ਤੱਕ ਅਮਰ ਰਹੇਗਾ। ਅਨੁਵਾਦਕ ਦਾ ਪੰਜਾਬੀ ਅਨੁਵਾਦ ਸਰਲ ਭਾਸ਼ਾ ਅਤੇ ਰਵਾਨਗੀ ਭਰਪੂਰ ਹੈ।
-ਡਾ. ਧਰਮ ਚੰਦ ਵਾਤਿਸ਼
496, ਅਜੀਤ ਨਗਰ, ਮਲੇਰਕੋਟਲਾ।
ਜ਼ੁਬਾਨ ਦਾ ਰਸ
ਲੇਖਿਕਾ : ਸ਼ਰਨਦੀਪ ਕੌਰ ਸ਼ੈਰੀ
ਪ੍ਰਕਾਸ਼ਕ : ਸਪਤਰਿਸ਼ੀ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 84
ਸੰਪਰਕ : sharan.chitmink@gmail.com

ਸ਼ਰਨਦੀਪ ਸ਼ੈਰੀ ਦੀ ਇਹ ਪੁਸਤਕ ਇਕ ਕਾਵਿ ਸੰਗ੍ਰਹਿ ਹੈ, ਜਿਸ ਵਿਚ ਕਵਿਤਰੀ ਨੇ ਜ਼ਿੰਦਗੀ ਅਤੇ ਸਮਾਜ ਨਾਲ ਜੁੜੇ ਵੱਖ-ਵੱਖ ਵਿਸ਼ਿਆਂ ਨੂੰ ਜ਼ੁਬਾਨ ਦਿੱਤੀ ਹੈ। ਇਸ ਤੋਂ ਪਹਿਲਾਂ ਹਿੰਦੀ ਨਾਵਲ : 'ਕਿਆ ਭਗਵਾਨ ਨੇ ਨਿਯਮ ਬਦਲ ਦੀਏ' ਹਿੰਦੀ ਸਾਹਿਤ ਨੂੰ ਦਿੱਤੇ ਹਨ। ਇਸ ਪੁਸਤਕ ਵਿਚ ਵਿਸ਼ਿਆਂ ਦੀ ਵੰਨ-ਸੁਵੰਨਤਾ ਹੈ। ਸ਼ਰਨਦੀਪ ਕੌਰ ਸ਼ੈਰੀ ਨੇ ਸਮਾਜ ਤੋਂ ਕਵਿਤਾਵਾਂ, ਰੂਪ ਵਿਚ ਕੀ ਪ੍ਰਸ਼ਨ ਪੁੱਛੇ ਹਨ। ਜਿਥੇ ਕਦਮ ਕਦਮ 'ਤੇ ਚੁਣੌਤੀਆਂ ਅਤੇ ਵੰਗਾਰਾਂ ਹਨ। ਕਵਿੱਤਰੀ ਨੇ 'ਜ਼ੁਬਾਨ ਦਾ ਰਸ' ਨਾਂਅ ਦੀ ਪੁਸਤਕ ਵਿਚ ਜ਼ੁਬਾਨ ਨੂੰ ਸੋਚ-ਸਮਝ ਕੇ ਖੋਲ੍ਹਣ ਅਤੇ ਸਹੀ ਬੋਲਣ ਵੱਲ ਸੰਕੇਤ ਕੀਤਾ ਹੈ।
ਖੰਡ ਮਿਸਰੀ ਵਰਗੀ ਸੀ ਬੋਲੀ
ਕਰ ਜਾਂਦੀ ਘਰ ਏ ਦਿਲ ਅੰਦਰ
ਗੱਲਾਂ ਤਿੱਖੀਆਂ ਤਲਵਾਰ ਜਿਹੀਆਂ
ਫੱਟ ਦਿਲ ਤੇ ਗਹਿਰੇ ਮਾਰ ਦਿੰਦੀਆਂ।
ਇਸ ਕਾਵਿ ਸੰਗ੍ਰਹਿ ਵਿਚ ਕੁੱਲ 39 ਕਵਿਤਾਵਾਂ ਹਨ, ਜਿਹੜੀਆਂ ਮਾਨਵ ਸਰੋਕਾਰਾਂ ਨਾਲ ਜੁੜੀਆਂ ਹਨ। ਬੁਰਾਈ, ਇੱਛਾ, ਔਰਤ, ਜ਼ੁਬਾਨ ਦਾ ਰਸ, ਕੁਦਰਤ, ਬਚਪਨ ਦੀ ਅਮੀਰੀ, ਦੁੱਧ ਤੇ ਪਾਣੀ ਜਿਹਾ ਰਿਸ਼ਤਾ, ਕਠਪੁਤਲੀ, ਆਪਣੀ ਆਪਣੀ ਥਾਂ, ਮੈਂ ਤੇ ਮੇਰਾ ਆਪ, ਅਰਮਾਨ ਜ਼ਿੰਦਗੀ ਆਦਿ ਕਵਿਤਾਵਾਂ ਵਿਸ਼ੇਸ਼ ਧਿਆਨ ਮੰਗਦੀਆਂ ਹਨ। ਕਵਿਤਰੀ ਸਵੈ ਦੀ ਪਛਾਣ ਲਈ ਚਿੰਤਤ ਨਾਰੀ ਦੀ ਆਵਾਜ਼ ਬਣਦੀ ਹੈ। ਉਹ ਆਪਣੀ ਅੰਦਰਲੀ ਟੁੱਟ-ਭੱਜ ਨੂੰ ਜ਼ਿੰਦਗੀ ਦੀ ਸਹਿਜਤਾ ਨਾਲ ਸਵੀਕਾਰ ਕਰਦੀ ਹੈ:
ਅਸੀਂ ਦੋਵੇਂ ਫਿਰ ਇਕ ਦੂਜੇ ਨਾਲ
ਗਲ਼ ਲੱਗ ਕਿੰਨਾ ਰੋਏ ਸੀ
ਪਰ ਸਾਨੂੰ ਪਤਾ ਹੈ ਦੋਨਾਂ ਨੂੰ ਹੀ
ਅਸੀਂ ਹਲਕਾ ਕਿੰਨਾ ਹੋਏ ਸੀ
ਮੈਂ ਤੇ ਮੇਰਾ ਆਪਾ ਦੋਵੇਂ
ਇਕ ਦਿਨ ਕੱਠੇ ਹੋਏ ਸੀ।
ਉਹ ਵਾਤਾਵਰਨ ਪ੍ਰਤੀ ਸੁਚੇਤ ਕਰਦੀ ਕੁਦਰਤ ਦੀ ਖੂਬਸੂਰਤੀ ਦੀ ਸਲਾਹਨਾ ਕਰਦੀ ਹੈ। ਵਾਤਾਵਰਨ ਸੁਰੱਖਿਆ ਅਤੇ ਕੁਦਰਤ ਕਵਿਤਾ ਵੇਖੀ ਜਾ ਸਕਦੀ ਹੈ। 'ਰਿਟਾਇਰਮੈਂਟ' ਕਵਿਤਾ ਜ਼ਿੰਦਗੀ ਦੀ ਇਕ ਪਾਰੀ ਖਤਮ ਹੋ ਜਾਣ ਦੇ ਵਧੀਆ ਅਹਿਸਾਸ ਦੀ ਤਰਜ਼ਮਾਨੀ ਕਰਦੀ ਹੈ। 'ਰਿਸ਼ਤਿਆਂ ਦੇ ਨਾਂਅ' ਕਵਿਤਾ ਰਾਹੀਂ ਉਹ ਰਿਸ਼ਤਿਆਂ ਦੇ ਵੱਖ-ਵੱਖ ਰੂਪ ਸੁਝਾਉਂਦੀ ਹੈ। ਉਸ ਦੀਆਂ ਰਚਨਾਵਾਂ ਪ੍ਰੇਰਨਾਦਾਇਕ ਹਨ ਜੋ ਇਨਸਾਨ ਨੂੰ ਪ੍ਰੇਰਿਤ ਕਰਦੀਆਂ ਹਨ:
ਕੁਝ ਕਰਨ ਦੀ ਇੱਛਾ/ਜੇ ਦਿਲ ਵਿਚ ਹੈ ਸਾਥੀਓ
ਫਿਰ ਅਸਮਾਨ ਦੀ ਉਚਾਈ ਵੀ/ਮਾਇਨੇ ਨਹੀਂ ਰੱਖਦੀ।
ਇਸ ਤਰ੍ਹਾਂ ਇਹ ਕਾਵਿ ਸੰਗ੍ਰਹਿ ਮਾਨਵੀ ਸੰਵੇਦਨਾਵਾਂ ਅਤੇ ਸਮਾਜਿਕ ਸੱਚ ਦੀ ਤਰਜਮਾਨੀ ਕਰਦਾ ਸਰਲ ਭਾਸ਼ਾ ਵਿਚ ਲਿਖਿਆ ਸੰਗ੍ਰਹਿ ਹੈ। ਭਵਿੱਖ ਵਿਚ ਹੋਰ ਬਿਹਤਰ ਕਵਿਤਾ ਦੀ ਉਮੀਦ ਕਰਦੀ ਹਾਂ।
-ਪ੍ਰੋ. ਕੁਲਜੀਤ ਕੌਰ
ਐਚ.ਐਮ.ਵੀ. ਜਲੰਧਰ।
ਪੰਜਾਬ
(ਜੱਟ ਸਮਾਜ, ਸੱਭਿਆਚਾਰ ਅਤੇ ਸਾਹਿਤ)
ਜਿਲਦ-V
ਲੇਖਕ : ਪ੍ਰੋ. ਸੁਖਦਿਆਲ ਸਿੰਘ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨ, ਸਮਾਣਾ
ਮੁੱਲ : 995, ਸਫੇ : 672
ਸੰਪਰਕ : 98158-80539

ਪ੍ਰੋ. ਸੁਖਦਿਆਲ ਸਿੰਘ ਇਕ ਸਮਰਪਿਤ ਇਤਿਹਾਸਕਾਰ ਹੈ। ਉਸ ਦੀਆਂ ਬਹੁਤੀਆਂ ਪੁਸਤਕਾਂ ਪੰਜਾਬ ਦੇ ਸਿੱਖ ਇਤਿਹਾਸ ਦੀ ਪਰਿਕਰਮਾ ਕਰਦੀਆਂ ਹਨ। ਉਸ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵੁੱਚਤਾ, ਸਾਕਾ ਨੀਲਾ ਤਾਰਾ, ਸਿੱਖ ਪ੍ਰਭੂਸੱਤਾ ਦੇ ਸਿਧਾਂਤ ਬਾਰੇ ਕੁਝ ਮਹੱਤਵਪੂਰਨ ਪੁਸਤਕਾਂ ਲਿਖਣ ਤੋਂ ਬਾਅਦ ਆਪਣੀ ਪੂਰੀ ਤਵਜਹੁ ਪੰਜਾਬ ਦੇ ਸੰਪੂਰਨ ਇਤਿਹਾਸ ਲਿਖਣ ਵਿਚ ਲਾ ਰੱਖੀ ਹੈ। ਇਸ ਵੱਡੇ ਪ੍ਰਾਜੈਕਟ ਨੂੰ ਉਸ ਨੇ ਪੰਜ ਭਾਗਾਂ ਵਿਚ ਮੁਕੰਮਲ ਕੀਤਾ ਹੈ। 1. ਪੁਰਾਤਨ ਪੰਜਾਬ ਤੋਂ ਆਧੁਨਿਕ ਪੰਜਾਬ ਤੱਕ, 2. ਸਿੱਖ ਰਾਜ ਦਾ ਕਾਲ, 3. ਅੰਗਰੇਜ਼ ਕਾਲ ਦਾ ਪੰਜਾਬ, 4. ਆਜ਼ਾਦ ਭਾਰਤ ਵਿਚ ਪੂਰਬੀ ਪੰਜਾਬ ਅਤੇ 5. ਜੱਟ ਪੰਜਾਬ : ਸਾਹਿਤ ਤੇ ਸੱਭਿਆਚਾਰ। ਏਨਾ ਵੱਡਾ ਕਾਰਜ ਪ੍ਰੋ. ਸੁਖਦਿਆਲ ਸਿੰਘ ਵਰਗਾ ਕੋਈ ਸਿਰੜੀ ਅਤੇ ਸਿਦਕੀ ਇਤਿਹਾਸਕਾਰ ਹੀ ਕਰਦਾ ਹੈ। ਉਹ 26-27 ਵਰ੍ਹੇ ਦੀ ਯੁਵਾਵਸਥਾ ਵਿਚ ਹੀ ਪੰਜਾਬ ਇਤਿਹਾਸ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਫੀਲਡ ਇਨਵੈਸਟੀਗੇਟਰ ਵਜੋਂ 1975 ਈ. ਵਿਚ ਆ ਗਿਆ ਸੀ ਅਤੇ ਫਿਰ 2008 ਈ. ਤੱਕ ਉਸ ਨੇ ਇਥੇ ਬਹੁਤ ਸਾਰੇ ਅਹੁਦਿਆਂ ਉੱਪਰ ਕੰਮ ਕੀਤਾ।
ਪੰਜਾਬ ਦਾ ਇਤਿਹਾਸ ਜੱਟ ਸ਼੍ਰੇਣੀ ਦੇ ਵਰਨਣ, ਅੰਕਣ ਅਤੇ ਵਿਸ਼ਲੇਸ਼ਣ ਤੋਂ ਬਿਨਾਂ ਅਧੂਰਾ ਹੀ ਰਹੇਗਾ। ਜੱਟ, ਪੰਜਾਬ ਦੀ ਇਕ ਸਭ ਤੋਂ ਚਰਚਿਤ ਅਤੇ ਦਿਲਚਸਪ ਜਮਾਤ ਹੈ। ਸਾਹਿਤ, ਗੀਤਾਂ ਅਤੇ ਲੋਕਯਾਨ ਵਿਚ ਜਦੋਂ ਵੀ ਪੰਜਾਬੀ ਸੱਭਿਆਚਾਰ ਦਾ ਵਰਨਣ ਹੁੰਦਾ ਹੈ ਤਾਂ ਇਸ ਵਰਣਨ ਦੇ ਕੇਂਦਰ ਵਿਚ ਜੱਟ ਸ਼੍ਰੇਣੀ ਹੀ ਹੁੰਦੀ ਹੈ। ਹਥਲੀ ਪੁਸਤਕ ਦੀ ਸਮੱਗਰੀ 20 ਚੈਪਟਰਾਂ ਵਿਚ ਵਿਉਂਤਬੱਧ ਕੀਤੀ ਗਈ ਹੈ : ਜੱਟ ਸਮਾਜ ਦੀ ਉਤਪਤੀ ਤੇ ਪਸਾਰ, ਸਿੱਖ ਇਤਿਹਾਸਕਾਰੀ ਵਿਚ ਜੱਟ, ਪੰਜਾਬੀ ਸੱਭਿਆਚਾਰ ਤੇ ਜੱਟ, ਪੰਜਾਬ ਦੇ ਪ੍ਰਮੁੱਖ ਕਿੱਸਿਆਂ ਵਿਚ ਜੱਟ ਨਾਇਕ/ਨਾਇਕਾਵਾਂ, ਬਾਗ਼ੀ ਅਤੇ ਨਾਬਰ ਜੱਟ ਸੂਰਮੇ : ਦੁੱਲਾ ਭੱਟੀ, ਜਿਉਣਾ ਮੌੜ, ਸੁੱਚਾ ਸਿੰਘ ਸੂਰਮਾ, ਜੱਗਾ ਜੱਟ ਅਤੇ ਮੂਸੇਵਾਲਾ ਸਿੱਧੂ ਜੱਟ ਆਦਿ। ਜੱਟ ਕਿਸੇ ਦੀ ਧੌਂਸ ਨਹੀਂ ਮੰਨਦੇ। ਧੌਂਸ ਦੇਣ ਵਾਲੇ ਦੇ ਸਨਮੁੱਖ ਡਾਂਗਾਂ ਉਲਾਰ ਕੇ ਖੜ੍ਹੇ ਹੋ ਜਾਂਦੇ ਹਨ। ਇਹ ਕੌਮ ਬਦਲੇਖੋਰ ਵੀ ਹੈ, ਇੱਕੀ ਦੀ ਇਕੱਤੀ ਪਾਉਣ ਵਾਲੀ ਵੀ। ਹੁਣ ਕਿਉਂਕਿ ਇਸ ਕੌਮ ਦਾ ਬਹੁਤਾ ਭਾਗ ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿਚ ਜਾ ਵਸਿਆ ਹੈ, ਇਸ ਕਾਰਨ ਲੇਖਕ ਨੇ ਸੋਚਿਆ ਹੋਵੇਗਾ ਕਿ ਇਸ ਦੇ ਇਤਿਹਾਸ ਨੂੰ ਰਿਕਾਰਡ ਕਰ ਦਿੱਤਾ ਜਾਵੇ। ਜੱਟ ਉੱਜੜ ਜਾਣ ਵਾਲੀ ਅਤੇ ਉਜਾੜਾ ਭਾਲਣ ਵਾਲੀ ਕੌਮ ਹੈ। (ਦੇਖੋ ਪੀਲੂ : ਹੁਜਰੇ ਸ਼ਾਹ ਮੁਕੀਮ ਦੇ ਇਕ ਜੱਟੀ ਅਰਜ ਕਰੇ। ਪੰਜ ਸੱਤ ਮਰਣ ਗੁਆਂਢਣਾਂ ਰਹਿੰਦੀਆਂ ਨੂੰ ਤਾਪ ਚੜ੍ਹੇ। ਗਲੀਆਂ ਹੋਵਣ ਸੁੰਨੀਆਂ ਵਿਚ ਮਿਰਜਾ ਯਾਰ ਫਿਰੇ।'
-ਬ੍ਰਹਮ ਜਗਦੀਸ਼ ਸਿੰਘ
ਮੋਬਾਈਲ : 98760-52136
ਧਰਤ ਵਿਦੇਸ਼ੀ ਸਿਰੜ ਪੰਜਾਬੀ
ਲੇਖਕ : ਪਰਮਜੀਤ ਸਿੰਘ ਨਿੱਕੇ ਘੁੰਮਣ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ : 176
ਸੰਪਰਕ : 97816-46008

ਪਰਮਜੀਤ ਸਿੰਘ ਨਿੱਕੇ ਘੁੰਮਣ ਨਿਰੰਤਰ ਲਿਖਣ ਵਾਲਾ ਲੇਖਕ ਹੈ। ਉਹਦਾ ਲੇਖਨ-ਖੇਤਰ ਵਿਵਿਧਮੁਖੀ ਹੈ। ਉਸ ਨੇ ਸਾਹਿਤ ਸਿਰਜਣਾ ਤੋਂ ਇਲਾਵਾ ਫ਼ਿਲਮਾਂ, ਨੈਤਿਕ ਵਿਸ਼ਿਆਂ, ਆਰਥਿਕ ਮਸਲਿਆਂ ਦੇ ਨਾਲ-ਨਾਲ ਆਮ ਜਾਣਕਾਰੀ ਬਾਰੇ ਵੀ ਕਰੀਬ 2000 ਲੇਖ ਲਿਖੇ ਹਨ। ਉਹ ਹੁਣ ਤੱਕ ਦੋ ਬਾਲ ਕਾਵਿ-ਸੰਗ੍ਰਹਿ, ਇੱਕ-ਇੱਕ ਕਹਾਣੀ-ਸੰਗ੍ਰਹਿ ਤੇ ਕਾਵਿ-ਸੰਗ੍ਰਹਿ, ਇੱਕ ਅਨੁਵਾਦ ਦੀ ਪੁਸਤਕ ਤੋਂ ਇਲਾਵਾ ਤਿੰਨ ਸਾਂਝੇ ਸੰਗ੍ਰਹਿਆਂ ਲਈ ਵੀ ਲਿਖ ਚੁੱਕਾ ਹੈ। ਉਸ ਨੇ ਹਿਸਾਬ ਕਿਤਾਬ ਦੀ ਇੱਕ ਅਜਿਹੀ ਕਿਤਾਬ ਲਿਖੀ ਹੈ ਜਿਸ ਵਿਚ ਗਣਿਤ ਵਿਸ਼ੇ ਨਾਲ ਸੰਬੰਧਿਤ ਇਕਾਂਗੀ, ਕਹਾਣੀ, ਕਵਿਤਾ, ਬੁਝਾਰਤਾਂ ਤੇ ਲੇਖ ਸ਼ਾਮਿਲ ਹਨ। ਰੀਵਿਊ ਅਧੀਨ ਪੁਸਤਕ ਵਿਦੇਸ਼ਾਂ ਵਿਚ ਫੈਲੇ ਪੰਜਾਬੀਆਂ ਦੇ ਸਿਰੜ ਦੀ ਦਾਸਤਾਨ ਹੈ, ਜਿਸ ਦੇ ਅੰਤਰਗਤ ਮੁੱਖਬੰਦ (ਡਾ. ਲਖਵਿੰਦਰ ਸਿੰਘ ਜੌਹਲ) ਅਤੇ ਸਵੈਕਥਨ (ਲੇਖਕ) ਤੋਂ ਬਿਨਾਂ 37 ਲੇਖ ਸ਼ਾਮਿਲ ਹਨ। ਇਨ੍ਹਾਂ ਵਿਚ ਕੈਨੇਡਾ, ਚੀਨ, ਫ਼ਿਲਪੀਨਜ਼, ਯੂਗਾਂਡਾ, ਆਸਟਰੀਆ, ਕਿਊਬਾ, ਰੂਸ, ਜਾਰਜੀਆ, ਆਸਟ੍ਰੇਲੀਆ, ਫਰਾਂਸ, ਨਿਊਜ਼ੀਲੈਂਡ, ਅਮਰੀਕਾ, ਈਰਾਨ, ਸਕਾਟਲੈਂਡ, ਪੋਲੈਂਡ, ਫਿਨਲੈਂਡ, ਯੂਕੇ, ਨਾਰਵੇ, ਸਾਈਪ੍ਰਸ, ਬ੍ਰਾਜ਼ੀਲ, ਪੁਰਤਗਾਲ, ਮਲੇਸ਼ੀਆ, ਬਹਿਰੀਨ, ਜਰਮਨੀ, ਦੱਖਣੀ ਕੋਰੀਆ, ਨੇਪਾਲ, ਇਟਲੀ, ਜਾਪਾਨ, ਸਿੰਘਾਪੁਰ, ਬੰਗਲਾਦੇਸ਼, ਸਵੀਡਨ, ਯੂਏਈ, ਇੰਡੋਨੇਸ਼ੀਆ, ਅਫ਼ਗਾਨਿਸਤਾਨ, ਅਰਜਨਟੀਨਾ, ਮਿਆਂਮਾਰ ਵਿਚ ਵਸੇ ਪੰਜਾਬੀਆਂ ਬਾਰੇ ਜ਼ਿਕਰ ਮਿਲਦਾ ਹੈ। ਲੇਖਕ ਨੇ ਇਨ੍ਹਾਂ ਛੋਟੇ ਛੋਟੇ ਲੇਖਾਂ ਦੇ ਮੁੱਢ ਵਿਚ ਸੰਬੰਧਿਤ ਦੇਸ਼ ਦੀ ਭੂਗੋਲਿਕ ਜਾਣਕਾਰੀ, ਜਨਗਣਨਾ, ਕੁੱਲ ਪੰਜਾਬੀ, ਪ੍ਰਤੀ ਵਿਅਕਤੀ ਸਾਲਾਨਾ ਆਮਦਨ, ਵੱਖ-ਵੱਖ ਧਰਮਾਂ ਆਦਿ ਬਾਰੇ ਵੀ ਚੰਗੀ ਜਾਣਕਾਰੀ ਸਾਂਝੀ ਕੀਤੀ ਹੈ। ਇਹ ਸਾਰੀ ਜਾਣਕਾਰੀ ਰੁੱਖੀ ਜਿਹੀ ਨਹੀਂ, ਸਗੋਂ ਬਹੁਤ ਦਿਲਚਸਪ ਹੈ। ਸਾਰੇ ਹੀ ਲੇਖਾਂ ਦੇ ਸਿਰਲੇਖ ਬੜੇ ਆਕਰਸ਼ਕ ਹਨ। ਜਿਵੇਂ 'ਪੰਜਾਬੀਆਂ ਲਈ ਮਿੱਠੀ ਜੇਲ੍ਹ ਬਣ ਗਿਐ ਕੈਨੇਡਾ', 'ਚੀਨ ਵਿਚ ਵੀ ਚਰਨ ਪਾ ਗਏ ਸਨ ਸ੍ਰੀ ਗੁਰੂ ਨਾਨਕ ਦੇਵ ਜੀ', 'ਪੰਜਾਬੀ ਵਿਰਸਾ ਤੇ ਸੱਭਿਆਚਾਰ ਸਮਝਣ ਲਈ ਯਤਨਸ਼ੀਲ ਹਨ ਬਹਿਰੀਨੀ ਪੰਜਾਬਣਾਂ', 'ਸਿੱਖ ਧਰਮ ਦੀ ਚੰਗੀ ਸਮਝ ਰੱਖਦਾ ਹੈ ਸਵੀਡਨ' ਆਦਿ। ਪੁਸਤਕ ਵਿਚਲੇ ਕੁਝ ਵਾਕ ਵੀ ਬੜੇ ਰੌਚਕ ਹਨ : 'ਫ਼ਿਲਪੀਨਜ਼ ਵਿਖੇ ਵਸਣ ਵਾਲੇ ਪੰਜਾਬੀ ਹਰ ਤਿੰਨ ਸਾਲ ਬਾਅਦ ਜਾਂ ਤਾਂ ਆਪਣਾ ਵੀਜ਼ਾ ਨਵਿਆ ਲੈਂਦੇ ਹਨ ਜਾਂ ਫਿਰ ਸਥਾਨਕ ਮੂਲ ਦੀਆਂ ਮੁਟਿਆਰਾਂ ਨਾਲ ਸ਼ਾਦੀ ਕਰਵਾ ਕੇ ਇੱਥੋਂ ਦੇ ਪੱਕੇ ਨਿਵਾਸੀ ਬਣ ਜਾਂਦੇ ਹਨ।' (27) 2020 ਵਿਚ ਆਸਟਰੀਆ ਦੀ ਸਰਕਾਰ ਤੇ ਪ੍ਰਸ਼ਾਸਨ 'ਸਿੱਖ ਧਰਮ' ਨੂੰ ਆਸਟਰੀਆ ਵਿਚ 'ਪ੍ਰਵਾਨਿਤ ਧਰਮ' ਦਾ ਦਰਜਾ ਦੇਣ ਲਈ ਰਾਜ਼ੀ ਹੋਏ ਸਨ ਤੇ ਪੰਜਾਬੀਆਂ ਨੂੰ ਆਪਣੇ ਨਾਵਾਂ ਨਾਲ 'ਸਿੰਘ' ਅਤੇ 'ਕੌਰ' ਸ਼ਬਦ ਲਗਾਉਣ ਦੀ ਆਗਿਆ ਵੀ ਦੇ ਦਿੱਤੀ ਗਈ ਸੀ।' (39) ਲੇਖਕ ਨੂੰ ਚਾਹੀਦਾ ਹੈ ਕਿ ਆਗਾਮੀ ਐਡੀਸ਼ਨ ਵਿਚ ਜਪਾਨ ਵਾਲੇ ਲੇਖ ਵਿਚ ਪੰਜਾਬੀ ਕਵੀ ਪਰਮਿੰਦਰ ਸੋਢੀ ਅਤੇ ਜਪਾਨੀ ਕਾਵਿ-ਰੂਪ ਹਾਇਕੂ ਦੇ ਜ਼ਿਕਰ ਨੂੰ ਵੀ ਸ਼ਾਮਿਲ ਕਰ ਲਵੇ; ਇਸੇ ਤਰ੍ਹਾਂ ਸਕਾਟਲੈਂਡ ਵਾਲੇ ਲੇਖ ਵਿਚ ਉੱਥੋਂ ਛਪਦੇ ਪੰਜਾਬੀ ਅਖ਼ਬਾਰ 'ਪੰਜ ਦਰਿਆ' ਅਤੇ ਇਸ ਦੇ ਸੰਪਾਦਕ ਮਨਦੀਪ ਸਿੰਘ ਖੁਰਮੀ ਦਾ ਜ਼ਿਕਰ ਵੀ ਲੋੜੀਂਦਾ ਹੈ। ਉਂਝ ਇਨ੍ਹਾਂ ਛੋਟੇ-ਛੋਟੇ ਲੇਖਾਂ ਵਿਚ ਜਿੰਨੀ ਸਮੱਗਰੀ ਲੇਖਕ ਨੇ ਸ਼ਾਮਿਲ ਕੀਤੀ ਹੈ, ਉਹ ਬਹੁਤ ਸਲਾਹੁਣਯੋਗ ਹੈ।
-ਪ੍ਰੋ. ਨਵ ਸੰਗੀਤ ਸਿੰਘ
ਮੋਬਾਈਲ : 9517692015
ਮੈਂ ਕਵਿਤਾ ਹਾਂ
ਲੇਖਿਕਾ : ਸਿਮਰਜੀਤ ਕੌਰ ਗਰੇਵਾਲ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 124
ਸੰਪਰਕ : 98151-98121

ਸਿਮਰਜੀਤ ਕੌਰ ਗਰੇਵਾਲ ਦੇ ਹਥਲੇ ਕਾਵਿ ਅਤੇ ਗੀਤ ਸੰਗ੍ਰਹਿ 'ਮੈਂ ਕਵਿਤਾ ਹਾਂ' ਨਾਲ ਇੱਕਸੁਰ ਹੁੰਦਿਆਂ ਪਾਠਕ ਜਿੱਥੇ ਉਨ੍ਹਾਂ ਦੀ ਖ਼ੂਬਸੂਰਤ ਅਤੇ ਬਹੁਪਰਤੀ ਕਾਵਿਕਤਾ ਦਾ ਅਨੰਦ ਮਾਣਦਾ ਹੈ, ਉੱਥੇ ਉਨ੍ਹਾਂ ਦੇ ਪ੍ਰੌੜ੍ਹ ਅਤੇ ਪ੍ਰਤੀਬੱਧ ਕਵਿੱਤਰੀ ਹੋਣ ਦਾ ਅਹਿਸਾਸ ਵੀ ਹੁੰਦਾ ਹੈ। ਬਹੁਤ ਥੋੜ੍ਹੇ ਸ਼ਬਦਾਂ ਵਿਚ ਸਹਿਜੇ ਹੀ ਵੱਡੀਆਂ ਗੱਲਾਂ ਕਰ ਜਾਣਾ ਉਨ੍ਹਾਂ ਦੀ ਕਵਿਤਾ ਦਾ ਹਾਸਲ ਹੈ। ਪਦਾਰਥਵਾਦ ਦੀ ਅੰਨ੍ਹੀ ਦੌੜ ਵਿਚ ਸ਼ਾਮਿਲ ਹੋਏ ਮਨੁੱਖ ਦੀ ਸਵਾਰਥੀ ਮਾਨਸਿਕਤਾ ਨੂੰ ਉਹ ਇਸ ਤਰ੍ਹਾਂ ਬਿਆਨ ਕਰਦੇ ਹਨ:
ਤੰਗਦਿਲੀ ਦੇ ਆਲਮ ਵਿੱਚ ਹੀ,
ਵਿਚਰਦੀ ਜਦ ਸੋਚ ਹੈ।
'ਮੈਂ ਤੋਂ ਮੈਂ' ਤੱਕ ਸੀਮਤ ਹੁੰਦੀ,
ਬੰਦੇ ਦੀ ਹਰ ਲੋਚ ਹੈ।
ਮਰਦ ਪ੍ਰਧਾਨ ਸਮਾਜ ਵਲੋਂ ਔਰਤ ਨੂੰ ਸਿਰਫ਼ ਭੋਗ-ਵਿਲਾਸ ਦੀ ਵਸਤੂ ਸਮਝ ਕੇ ਰੱਖਣ ਲਈ ਬਣਾਈਆਂ ਗਈਆਂ ਪਰੰਪਰਾਵਾਂ ਅਤੇ ਰਵਾਇਤਾਂ ਪ੍ਰਤੀ ਵੀ ਉਹ ਪੂਰੀ ਤਰ੍ਹਾਂ ਸੁਚੇਤ ਹਨ। ਉਹ ਮਹਿਸੂਸ ਕਰਦੇ ਹਨ ਕਿ ਜੇਕਰ ਕਿਸੇ ਨੂੰ ਅਸੀਸ ਦਿੱਤੀ ਜਾਂਦੀ ਹੈ, ਤਾਂ ਉਹ ਮਰਦ ਦੇ ਹਿੱਸੇ ਆਉਂਦੀ ਹੈ ਅਤੇ ਜਦੋਂ ਕੋਈ ਅਪਸ਼ਬਦ ਬੋਲਿਆ ਜਾਂਦਾ ਹੈ, ਤਾਂ ਉਸ ਦੀ ਪੀੜਾ ਬੜੇ ਅਪਮਾਨਜਨਕ ਰੂਪ ਵਿਚ ਔਰਤ ਨੂੰ ਬਰਦਾਸ਼ਤ ਕਰਨੀ ਪੈਂਦੀ ਹੈ। ਸਿਮਰਜੀਤ ਕੌਰ ਗਰੇਵਾਲ ਇਸ ਵਰਤਾਰੇ ਨੂੰ ਬੇਬਾਕ ਢੰਗ ਨਾਲ ਉਭਾਰਦੇ ਹਨ:
ਮਰਦ ਲੜਨ ਤੇ ਬਦ-ਬੋਲਾਂ ਨੂੰ, ਔਰਤ ਸੁਣਦੀ ਹੈ,
ਗੱਲ ਇਹੋ ਹੀ, ਮੇਰੇ ਦਿਲ 'ਤੇ ਛਾਈ ਹੁੰਦੀ ਹੈ।
ਇਸ ਤੋਂ ਪਹਿਲਾਂ ਸਿਮਰਜੀਤ ਕੌਰ ਗਰੇਵਾਲ ਦੀਆਂ ਦੋ ਪੁਸਤਕਾਂ 'ਸੱਧਰਾਂ' ਅਤੇ 'ਜ਼ਮੀਰਦਾਰੀਆਂ' ਪ੍ਰਕਾਸ਼ਿਤ ਹੋ ਚੁੱਕੀਆਂ ਹਨ, ਜਿਨ੍ਹਾਂ ਨੂੰ ਸਾਹਿਤਕ ਹਲਕਿਆਂ ਵਿਚ ਬੇਹੱਦ ਸਲਾਹਿਆ ਗਿਆ ਹੈ। ਸਮਾਜਿਕ ਤਾਣੇ-ਬਾਣੇ ਵਿਚ ਪਸਰੀਆਂ ਆਰਥਿਕ, ਸਮਾਜਿਕ ਅਤੇ ਰਾਜਨੀਤਕ ਵਿਸੰਗਤੀਆਂ ਉਨ੍ਹਾਂ ਦੀ ਬਾਜ਼ ਅੱਖ ਤੋਂ ਲੁਕੀਆਂ ਨਹੀਂ ਹਨ। ਤਸੱਲੀ ਵਾਲੀ ਗੱਲ ਹੈ ਕਿ ਉਹ ਸਿਆਸਤ ਅਤੇ ਸਰਮਾਏਦਾਰੀ ਦੇ ਮੌਕਾਪ੍ਰਸਤ ਗੱਠਜੋੜ ਦੀ ਸੂਖਮ ਸੂਝ-ਬੂਝ ਰੱਖਦੇ ਹਨ ਅਤੇ ਲਕੀਰ ਖਿੱਚ ਕੇ ਮਿਹਨਤਕਸ਼ ਲੋਕਾਂ ਦੇ ਪਾਲੇ ਵਿਚ ਖੜ੍ਹੇ ਦਿਸਦੇ ਹਨ। ਅਜਿਹੀ ਹੋਰ ਉਸਾਰੂ ਸਾਹਿਤਕ ਸਿਰਜਣਾ ਦੀ ਉਮੀਦ ਕਰਦਿਆਂ ਉਨ੍ਹਾਂ ਦੇ ਇਸ ਲੋਕ-ਹਿਤੈਸ਼ੀ ਸਾਰਥਿਕ ਉੱਦਮ ਦਾ ਸਵਾਗਤ ਕਰਨਾ ਬਣਦਾ ਹੈ।
-ਕਰਮ ਸਿੰਘ ਜ਼ਖ਼ਮੀ
ਮੋਬਾਈਲ : 98146-28027
ਮਿੱਟੀ ਤੇ ਮੋਜ਼ਾਰਟ
ਲੇਖਕ : ਅੰਜੂਜੀਤ ਪੰਜਾਬਣ, ਜਰਮਨੀ
ਪ੍ਰਕਾਸ਼ਕ : ਸਤਪਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 220, ਸਫ਼ੇ : 121
ਸੰਪਰਕ : 94638-36591

'ਮਿੱਟੀ ਤੇ ਮੋਜ਼ਾਰਟ' ਪੰਜਾਬੀ ਮੂਲ ਦੀ ਲੇਖਕ ਅੰਜੂਜੀਤ ਪੰਜਾਬਣ, ਜਰਮਨੀ ਦੀ ਵਿਸ਼ਾ-ਵਸਤੂ ਪੱਖ ਤੋਂ ਨਿਵੇਕਲੇ ਢੰਗ ਦੀ ਵਾਰਤਕ ਪੁਸਤਕ ਹੈ। ਜਿਸ ਵਿਚ ਲੇਖਿਕਾ ਨੇ ਭਾਰਤੀ ਅਤੇ ਜਰਮਨੀ ਦੇ ਸੱਭਿਆਚਾਰ ਦਾ ਕਲਾਤਮਿਕ ਢੰਗ ਨਾਲ ਵਰਨਣ ਕਰਦਿਆਂ ਜਰਮਨੀ ਅਤੇ ਭਾਰਤ ਦੀ ਸਾਂਝ ਤੇ ਭਿੰਨਤਾਵਾਂ ਨੂੰ ਬਾਖ਼ੂਬੀ ਬਿਆਨਿਆ ਹੈ। 12 ਲੇਖਾਂ ਦੀ ਇਸ ਪੁਸਤਕ ਦੀ ਸ਼ੁਰੂਆਤ 'ਤਹਿਜ਼ੀਬ' ਨਾਂਅ ਦੇ ਲੇਖ ਤੋਂ ਸ਼ੁਰੂ ਕਰਦਿਆਂ ਲੇਖਿਕਾ ਲਿਖਦੀ ਹੈ, 'ਮਨੁੱਖ ਜਿੱਥੇ ਵੀ ਜਾਂਦਾ ਹੈ ਤਹਿਜ਼ੀਬ ਉਸ ਦੇ ਨਾਲ ਹੀ ਜਾਂਦੀ ਹੈ ਕਿਉਂਕਿ ਤਹਿਜ਼ੀਬ ਨੂੰ ਸਿੱਖਣ ਲਈ ਉਸ ਨੂੰ ਸਕੂਲ, ਕਾਲਜ ਜਾਂ ਯੂਨੀਵਰਸਿਟੀ ਵਿਚ ਦਾਖਲਾ ਨਹੀਂ ਲੈਣਾ ਪੈਦਾ, ਇਹ ਤਾਂ ਬਚਪਨ ਵਿਚ ਸਾਨੂੰ ਆਪਣੇ ਪੁਰਖਿਆਂ ਤੋਂ ਸਿੱਖਣ ਨੂੰ ਮਿਲਦੀ ਹੈ।' ਇਸ ਤਹਿਜ਼ੀਬ ਦਾ ਅਸਰ ਹੀ ਹੈ ਜੋ ਪੁਸਤਕ ਦੀ ਲੇਖਿਕਾ ਨੂੰ ਜਰਮਨੀ 'ਚ ਰਹਿੰਦਿਆਂ ਆਪਣੇ ਰਸਮਾਂ-ਰਿਵਾਜਾਂ ਦੇ ਨਾਲ-ਨਾਲ ਯੂਰਪੀਅਨ ਮੁਲਕਾਂ ਦੀਆਂ ਤਹਿਜ਼ੀਬੀ ਭਿੰਨਤਾਵਾਂ ਵੀ ਉਸਦੇ ਮਨ ਨੂੰ ਟੁੰਬਦੀਆਂ ਹਨ। 'ਜਰਮਨੀ ਦੇਸ਼ ਦੇ ਲੋਕ ਅਤੇ ਸੱਭਿਆਚਾਰ' ਲੇਖ ਅੰਦਰ ਜਰਮਨ ਦੀ ਭੂਗੋਲਿਕ ਖ਼ੂਬਸੂਰਤੀ, ਕਲਾ, ਸੰਗੀਤ, ਸਾਹਿਤ, ਕੁਦਰਤ ਪ੍ਰਤੀ ਪ੍ਰੇਮ, ਜਰਮਨੀ ਪਹਿਰਾਵਾ ਅਤੇ ਉਦਯੋਗਿਕ-ਤਕਨੀਕ ਤਰੱਕੀ ਸਬੰਧੀ ਭਰਪੂਰ ਜਾਣਕਾਰੀ ਹੈ। 'ਯੂਰਪ ਅਤੇ ਭਾਰਤ : ਸੰਸਕ੍ਰਿਤੀ ਦੇ ਰੰਗ' ਲੇਖ ਅੰਦਰ ਲੇਖਿਕਾ ਪ੍ਰਵਾਸ ਦੇ ਹਰੇਵੇ ਨੂੰ ਬਿਆਨ ਕਰਦਿਆਂ ਯੂਰਪ ਦੇ ਵੱਖ-ਵੱਖ ਮੁਲਕਾਂ 'ਚ 19ਵੀਂ ਸਦੀ 'ਚ ਜਾਣ ਵਾਲੇ ਲੋਕਾਂ ਦੀ ਮਨੋਦਸ਼ਾ ਅਤੇ ਆਰਥਿਕਾ ਦਸ਼ਾ ਨੂੰ ਬਿਆਨ ਕੀਤਾ ਹੈ। 'ਵਿਆਹ ਦੀਆਂ ਰਸਮਾਂ' ਲੇਖ 'ਚ ਚੀਨ, ਜਪਾਨ, ਅਫ਼ਰੀਕਾ, ਕੁਰਦੀ ਸਮੇਤ ਅਨੇਕਾਂ ਮੁਲਕਾਂ ਦੀਆਂ ਵਿਆਹ ਅਤੇ ਹੋਰ ਰਸਮਾਂ ਦਾ ਜ਼ਿਕਰ ਹੈ । 'ਬੋਲੀ ਦਾ ਮਹੱਤਵ' 'ਚ ਲੇਖਿਕਾ ਵੱਖ-ਵੱਖ ਮੁਲਕਾਂ ਦੀਆਂ ਭਾਸ਼ਾਵਾਂ ਅਤੇ ਉੱਪ ਭਾਸ਼ਾਵਾਂ ਦੇ ਨਿਕਾਸ ਅਤੇ ਵਿਕਾਸ ਤੋਂ ਵੀ ਜਾਣੂ ਕਰਵਾਉਂਦੀ ਹੈ ਤੇ ਬੋਲੀ ਦਾ ਮਨੁੱਖੀ ਜੀਵਨ 'ਚ ਮਹੱਤਵ ਤੋਂ ਜਾਣੂ ਕਰਵਾ ਆਪਣੀ ਮਾਂ ਬੋਲੀ ਨਾ ਭੁੱਲਣ ਦੀ ਤਾਕੀਦ ਵੀ ਕਰਦੀ ਹੈ। 'ਜਰਮਨੀ ਦੇ ਮੌਤ ਸੰਬੰਧੀ ਵਿਚਾਰ ਤੇ ਰਸਮਾਂ' 'ਚ ਜਰਮਨ ਦੇ ਲੋਕ ਆਪਣੀ ਮੌਤ 'ਤੇ ਹੋਣ ਵਾਲੇ ਰਿਵਾਜਾਂ ਦੇ ਖਰਚਿਆਂ ਅਤੇ ਕਬਰ ਦੇ ਖ਼ਰਚ ਪ੍ਰਬੰਧਾਂ ਦਾ ਜ਼ਿਕਰ ਹੈ। 'ਵੱਖ-ਵੱਖ ਦੇਸ਼ਾਂ ਦੀਆਂ ਵਿਧਵਾਵਾਂ ਪ੍ਰਤੀ ਵਿਚਾਰਧਾਰਵਾਂ' 'ਚ ਈਸਾਈ, ਯਹੂਦੀ, ਇਸਲਾਮੀ, ਹਿੰਦੂ ਅਤੇ ਸਿੱਖ ਮਤ ਦੀਆਂ ਵਿਧਵਾ ਔਰਤਾਂ ਦੀ ਸਥਿਤੀ ਬਾਰੇ ਵਿਸਤਾਰਤ ਜਾਣਕਾਰੀ ਹੈ। 'ਜਰਮਨੀ 'ਚ ਭਾਰਤੀਆਂ ਦਾ ਅਗਮਨ, ਆਧੁਨਿਕ ਭਾਰਤ ਵਿਚ ਬਜ਼ੁਰਗ ਆਸ਼ਰਮ, ਜਰਮਨਾਂ ਅਤੇ ਹੋਰਨਾਂ ਦੀ ਸਰੀਰਕ ਭਾਸ਼ਾ ਸਮੇਤ ਹੋਰ ਲੇਖ ਵੀ ਜਾਣਕਾਰੀ ਭਰਪੂਰ ਹਨ। ਪੁਸਤਕ ਦੀ ਰੌਚਕ ਸ਼ੈਲੀ ਪਾਠਕ ਅੰਦਰ ਰਸ ਪੈਦਾ ਕਰਦੀ ਹੈ। ਮਨੁੱਖ ਨੂੰ ਜੜ੍ਹਾਂ ਨਾਲ ਜੋੜਨ ਵਾਲੀ ਇਸ ਕਿਤਾਬ ਦਾ ਪੰਜਾਬੀ ਸਾਹਿਤ ਦੇ ਵਿਹੜੇ ਸਵਾਗਤ ਕਰਨਾ ਬਣਦਾ ਹੈ।
-ਸੁਖਮੰਦਰ ਸਿੰਘ ਬਰਾੜ
ਮੋਬਾਈਲ : 98149-65928
ਵਕਤ ਦੇ ਸਫ਼ੇ 'ਤੇ
ਲੇਖਿਕਾ : ਪ੍ਰੋ. (ਡਾ.) ਨਵਜੋਤ
ਪ੍ਰਕਾਸ਼ਕ : ਕੁਕਨੂਸ ਪ੍ਰਕਾਸ਼ਨ ਜਲੰਧਰ
ਮੁੱਲ : 250 ਰੁਪਏ, ਸਫ਼ੇ : 144
ਸੰਪਰਕ : 81468-28040

ਲੰਬੇ ਅਰਸੇ ਤੋਂ ਪੰਜਾਬੀ ਦੀਆਂ ਕਵਿਤਾਵਾਂ ਦੀਆਂ ਪੁਸਤਕਾਂ ਦਾ ਹੜ੍ਹ ਜਿਹਾ ਆਇਆ ਹੋਇਐ! ਖ਼ਾਸ ਕਰਕੇ ਪੋਇਟਰੀ ਦੀਆਂ ਕਿਤਾਬਾਂ ਵਧੇਰੇ ਤਾਦਾਦ ਵਿਚ ਛਪ ਕੇ ਖ਼ਪਤ ਹੋ ਰਹੀਆਂ ਹਨ। ਵਿਚਾਰ ਅਧੀਨ ਪੁਸਤਕ ਵੀ ਕਵਿਤਾਵਾਂ ਦੀ ਹੈ। ਕੁਝ ਕਵਿਤਾਵਾਂ ਧਿਆਨ ਮੰਗਦੀਆਂ ਹਨ। ਮਸਲਨ ਪਹਿਲੀ ਹੀ ਕਵਿਤਾ ਚੇਤਨਾ ਦੇ ਬੀਜ ਤੇ ਵਿਰਲਾ ਵਿਚੋਂ ਵੇਖਿਆ ਸੂਰਜ, ਸਫ਼ਰ ਸੰਘਰਸ਼ ਦਾ, ਧਰਤੀ ਦੇ ਧੀਆਂ ਪੁੱਤਰਾਂ ਨੂੰ ਸਲਾਮ, ਅਸੀਂ ਡਰੇ ਨਹੀਂ ਹਾਂ।
ਚੇਤਨਾ ਦਾ ਬੀਜ ਬੀਜਣਾ
ਸੁੱਤੇ ਲੋਕਾਂ ਦੀ ਜ਼ਮੀਰ ਨੂੰ ਹਲੂਣਾ ਦੇਣਾ
ਇਹ ਹਲੂਣਾ ਕੋਈ ਕਵਿਤਾ ਵੀ ਦੇ ਸਕਦੀ ਹੈ?
ਕਵਿੱਤਰੀ ਕਵਿਤਾ 'ਚ ਪ੍ਰਸ਼ਨ ਕਰਦੀ ਹੈ। (ਚੇਤਨਾ ਦੇ ਬੀਜ)
ਮੈਂ ਤਾਂ ਸੋਚਦੀ ਸਹੀ ਰਹਿ ਗਈ
ਕਿ ਤੇਰੇ ਹੱਥ ਕਲਮ ਫੜਾਈ
ਕਰ ਦੇਣਾਂ ਤੈਨੂੰ ਜ਼ੁਲਮਾਂ ਨਾਲ
ਲੜਨ ਲਈ ਤਿਆਰ
ਪੜ੍ਹ-ਲਿਖ ਕੇ ਤਾਂ ਸਗੋਂ ਵਧ ਗਿਆ
ਤੇਰੇ 'ਤੇ ਹੋਰ ਅੱਤਿਆਚਾਰ। (ਸੁਨੇਹਾ ਇਨਕਲਾਬ ਦਾ)
ਜ਼ਰੂਰੀ ਨਹੀਂ ਅਨਪੜ੍ਹ ਔਰਤਾਂ ਹੀ ਬੇਵੱਸ ਤੇ ਜ਼ੁਲਮ ਦੀਆਂ ਸ਼ਿਕਾਰ ਹੋਣ। ਬਹੁਤ ਸਾਰੀਆਂ ਪੜ੍ਹੀਆਂ-ਲਿਖੀਆਂ ਵੀ ਮਰਦਾਵੀਂ ਹੈਂਕੜ ਦਾ ਦੁੱਖ ਭੋਗਦੀਆਂ ਹਨ। ਲਗਭਗ ਸਾਰੀਆਂ ਹੀ ਕਵਿਤਾਵਾਂ ਅਗਾਂਹਵਧੂ ਹਨ ਤੇ ਇਸੇ ਜੀਵਨ 'ਚ ਸਵਰਗ ਦੀਆਂ ਲਖਾਇਕ ਹਨ। ਬੇਸ਼ੱਕ ਅੱਗੇ ਨਾਲੋਂ ਫ਼ਰਕ ਪੈ ਰਿਹਾ ਏ, ਪਰ ਪੰਧ ਲੰਮੇਰਾ ਏ।
ਡਾ.ਨਵਜੋਤ ਨੂੰ ਉਸ ਦੀ ਆਸਵੰਦ ਲੇਖਣੀ ਲਈ ਮੁਬਾਰਕ ਪੇਸ਼ ਕਰਦਿਆਂ ਉਸਤੋਂ ਹੋਰ ਉੱਚ ਪਾਏ ਦੀ ਕਵਿਤਾ ਦੀ ਉਮੀਦ ਰੱਖਦਾ ਹਾਂ।
- ਸੁਖਮਿੰਦਰ ਸੇਖੋਂ
ਮੋਬਾਈਲ : 98145-0-07693
ਜੀਵਨ ਦਾਤਾ ਸਤਿਗੁਰੂ
ਲੇਖਕ : ਬਲਵੀਰ ਸਿੰਘ ਢਿੱਲੋਂ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 100
ਸੰਪਰਕ : 93160-12844

ਬਲਬੀਰ ਸਿੰਘ ਢਿੱਲੋਂ ਪੰਜਾਬੀ ਦੀ ਸਟੇਜੀ ਕਾਵਿ-ਪਰੰਪਰਾ ਨਾਲ ਜੁੜਿਆ ਇਕ ਪਰੌੜ ਬਜ਼ੁਰਗ ਸ਼ਾਇਰ ਹੈ। ਸਟੇਜੀ ਕਵਿਤਾ ਦੀ ਇਕ ਵਿਸ਼ੇਸ਼ ਪਛਾਣ ਇਹ ਹੈ ਕਿ ਇਸ ਨੇ ਸਮਾਜਿਕ, ਧਾਰਮਿਕ ਤੇ ਰਾਜਨੀਤਕ ਖੇਤਰ ਵਿਚ ਚੱਲੀਆਂ ਲਹਿਰਾਂ ਦੇ ਉਭਾਰ ਵਿਚ ਇਕ ਮਹੱਤਵਪੂਰਨ ਯੋਗਦਾਨ ਪਾਇਆ ਹੈ। ਇਨ੍ਹਾਂ ਲਹਿਰਾਂ ਨਾਲ ਜੁੜੀਆਂ ਅਨੇਕ ਮਹਾਨ ਸ਼ਖ਼ਸੀਅਤਾਂ ਦੇ ਕਾਵਿ-ਬਿੰਬ ਵੀ ਕਈ ਸਮਰੱਥ ਕਵੀਆਂ ਨੇ ਬਹੁਤ ਪ੍ਰਤਿਭਾਸ਼ਾਲੀ ਦਿਲ ਟੁੰਬਵੇਂ ਸਾਹਿਤਕ ਅੰਦਾਜ਼ ਵਿਚ ਪੇਸ਼ ਕੀਤੇ ਹਨ। ਇਸ ਪਿਛੋਕੜ ਵਿਚ ਹੀ ਬਲਬੀਰ ਸਿੰਘ ਢਿੱਲੋਂ ਦੀ ਸੱਤਵੀਂ ਕਾਵਿ ਪੁਸਤਕ 'ਜੀਵਨ ਦਾਤਾ ਸਤਿਗੁਰੂ' (2025) ਸਾਡੇ ਸਾਹਮਣੇ ਆਉਂਦੀ ਹੈ। ਇਸ ਪੁਸਤਕ ਵਿਚ ਮੁੱਖ ਤੌਰ 'ਤੇ ਨਾਮਧਾਰੀ ਗੁਰੂ ਸਤਿਗੁਰੂ ਰਾਮ ਸਿੰਘ ਜੀ ਦੇ ਪਰਉਪਕਾਰੀ ਸਮਾਜ ਸੁਧਾਰਕ ਕਾਰਜਾਂ, ਉਨ੍ਹਾਂ ਵਲੋਂ ਵਿੱਢੇ ਅੰਗਰੇਜ਼ ਵਿਰੋਧੀ ਸੰਘਰਸ਼, ਅੰਗਰੇਜ਼ੀ ਸਰਕਾਰ ਦੇ ਘਿਨਾਉਣੇ ਜ਼ੁਲਮ-ਦਮਨ ਅਤੇ ਗੁਰੂ ਜੀ ਤੇ ਦੂਸਰੇ ਨਾਮਧਾਰੀ ਸਿੰਘਾਂ ਦੀਆਂ ਕੁਰਬਾਨੀਆਂ, ਸ਼ਹੀਦੀਆਂ ਦੇ ਲੂ-ਕੰਡੇ ਖੜ੍ਹੇ ਕਰਨ ਵਾਲੇ ਵੇਰਵੇ ਬਹੁਤ ਉਤਕ੍ਰਿਸ਼ਟ ਕਾਵਿਕ ਮੁਹਾਵਰੇ ਵਿਚ ਪੇਸ਼ ਕੀਤੇ ਗਏ ਹਨ। ਸਤਿਗੁਰੂ ਜੀ ਦੀ ਸਮੁੱਚੀ ਸ਼ਖ਼ਸੀਅਤ ਦੀ ਉਸਾਰੀ ਵੀ ਬਹੁਤ ਯਥਾਰਥਕ ਧਰਾਤਲ ਤੇ ਮਾਕੂਲ ਇਤਿਹਾਸਕ ਵੇਰਵਿਆਂ, ਪ੍ਰਸੰਗਾਂ ਤੇ ਤੱਥਾਂ ਨਾਲ ਕੀਤੀ ਗਈ ਹੈ, ਭਾਵੇਂ ਸ਼ਰਧਾ, ਵਿਸ਼ਵਾਸ ਤੇ ਸਮਰਪਣ ਦੀ ਭਾਵਨਾ ਮੂਲ ਕਾਵਿ ਧੁਨੀ ਦੇ ਰੂਪ ਵਿਚ ਨਿਰੰਤਰ ਗੂੰਜਦੀ ਰਹਿੰਦੀ ਹੈ।
ਇਸ ਪੁਸਤਕ ਵਿਚ ਕੁੱਲ 53 ਕਾਵਿ ਰਚਨਾਵਾਂ ਸ਼ਾਮਿਲ ਹਨ। ਇਹ ਰਚਨਾਵਾਂ ਬੈਂਤ, ਕਬਿੱਤ, ਵਾਰ, ਗੀਤ, ਰੁਬਾਈ ਤੇ ਗੀਤ ਕਾਵਿ-ਵਿਧਾਵਾਂ ਦੇ ਰੂਪ ਵਿਚ ਹਨ। ਉਸ ਨੂੰ ਵੱਖ-ਵੱਖ ਕਾਵਿ-ਵਿਧਾਵਾਂ ਦੀ ਵਰਤੋਂ ਬਾਰੇ ਚੋਖਾ ਗਿਆਨ ਤੇ ਸਿਖਲਾਈ ਹਾਸਲ ਪ੍ਰਤੀਤ ਹੁੰਦੀ ਹੈ। ਵਿਸ਼ੇਸ਼ ਕਰਕੇ ਕਬਿੱਤ ਤੇ ਬੈਂਤ ਦੀ ਵਰਤੋਂ ਵੇਲੇ ਉਹ ਚੰਗੀ ਕਾਵਿ-ਕੌਸ਼ਲਤਾ ਤੇ ਪਰਿਪੱਕਤਾ ਦਾ ਸਬੂਤ ਦਿੰਦਾ ਹੈ। ਭਾਵਨਾਵਾਂ ਤੇ ਜਜ਼ਬਿਆਂ ਦੇ ਵਹਾਅ ਨੂੰ ਨਿਯੰਤਰਿਤ ਰੂਪ ਵਿਚ ਪੇਸ਼ ਕਰਨ ਦੀ ਸਮਰੱਥਾ ਨੇ ਵੀ ਮੈਨੂੰ ਪ੍ਰਭਾਵਿਤ ਕੀਤਾ ਹੈ। ਸ਼ਰਧਾ ਭਾਵਨਾ, ਸਮਰਪਣ ਤੇ ਵਿਸ਼ਵਾਸ ਦੇ ਮੂਲ ਅਧਾਰਾਂ ਤੇ ਰਚੀ ਗਈ ਰਚਨਾ ਵਿਚ ਕਵੀ ਦੇ ਨਿਰੋਲ ਭਾਵਨਾਵਾਂ ਦੇ ਵਹਿਣ ਵਿਚ ਵਹਿ ਜਾਣ ਦੀ ਸੰਭਾਵਨਾ ਅਕਸਰ ਬਣੀ ਰਹਿੰਦੀ ਹੈ ਪਰ ਢਿੱਲੋਂ ਆਪਣੀ ਸੂਖਮ ਕਲਾਕਾਰੀ ਨਾਲ ਇਸ ਤੋਂ ਬਚ ਜਾਂਦੀ ਹੈ। ਇਸ ਦਾ ਇਕ ਕਾਰਨ ਇਹ ਵੀ ਹੋ ਸਕਦਾ ਹੈ ਕਿ ਕਵੀ ਨੇ ਮੁਢਲੀ ਕਾਵਿ ਸਿਖਲਾਈ ਬਾਕਾਇਦਾ ਨਾਮਧਾਰੀ ਸਾਹਿਤ ਸਭਾ, ਜੀਵਨ ਨਗਰ (ਸਿਰਸਾ) ਤੋਂ ਹਾਸਿਲ ਕੀਤੀ ਜਿਥੇ ਨਵੇਂ ਕਵੀਆਂ ਦੀਆਂ ਕਵਿਤਾਵਾਂ ਦੀ ਸੋਧ ਸੁਧਾਈ ਤੇ ਪਰਖ-ਪੜਚੋਲ ਦਾ ਕਾਰਜ ਸੰਤ ਤਾਰਨ ਸਿੰਘ ਤੇ ਪ੍ਰੀਤਮ ਸਿੰਘ ਕਵੀ ਵਰਗੇ ਉਸਤਾਦ ਲੋਕ ਕਰਦੇ ਅਤੇ ਰਚਨਾ ਪੇਸ਼ਕਾਰੀ ਦੇ ਗੁਰ ਵੀ ਸਿਖਾਉਂਦੇ। ਉਦੋਂ ਨਵੇਂ ਕਵੀ ਸਿੱਖਣ ਦੀ ਕੋਸ਼ਿਸ਼ ਵੀ ਕਰਦੇ ਸਨ ਅਤੇ ਉਸਤਾਦ ਸ਼ਾਇਰ ਉਨ੍ਹਾਂ ਨੂੰ ਸਿਖਾਉਣ ਵਿਚ ਵੀ ਕੋਈ ਕਸਰ ਨਾ ਛੱਡਦੇ। ਹੁਣ ਅਜਿਹੀ ਸਿੱਖਣ-ਸਿਖਾਉਣ ਦੀ ਪਰਿਪਾਟੀ ਕਾਫ਼ੀ ਹੱਦ ਤੱਕ ਅਲੋਪ ਹੋ ਗਈ ਹੈ। ਮੀਡੀਆ ਤਕਨਾਲੋਜੀ ਨੇ ਸਟੇਜੀ ਕਵਿਤਾ ਨੂੰ ਵੀ ਗੌਣ ਕਰ ਦਿੱਤਾ ਹੈ। ਖ਼ੈਰ, ਇਕ ਚੰਗੇ ਉਤਕ੍ਰਿਸ਼ਟ ਸਟੇਜੀ ਕਵਿਤਾ ਦੇ ਨਮੂਨੇ ਦੇ ਰੂਪ ਵਿਚ ਰੀਵਿਊ ਅਧੀਨ ਪੁਸਤਕ ਸਾਡੇ ਸਾਹਮਣੇ ਹੈ।
-ਡਾ. ਸੁਖਵਿੰਦਰ ਸਿੰਘ ਰੰਧਾਵਾ
ਮੋਬਾਈਲ : 98154-58666
ਯਾਰੜਿਆ
ਲੇਖਕ : ਛਿੰਦਰ ਕੌਰ ਸਿਰਸਾ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਲੇਸ਼ਨ ਚੰਡੀਗੜ੍ਹ
ਮੁੱਲ : 240 ਰੁਪਏ, ਸਫ਼ੇ : 230
ਸੰਪਰਕ : 94679-10187

ਸਿਰਸਾ (ਹਰਿਆਣਾ) ਦੀ ਪ੍ਰਸਿਧ ਸ਼ਾਇਰਾ ਛਿੰਦਰ ਕੌਰ ਦੀ ਇਹ ਕਿਤਾਬ ਕਵਿਤਾਵਾਂ ਦੀ ਹੈ ਜਿਸ ਵਿਚ 163 ਨਜ਼ਮਾਂ ਹਨ। ਤਤਕਰੇ ਵਿਚ ਦੋ ਨਜ਼ਮਾਂ ਨਾ ਛਪਣ ਕਰਕੇ ਗਿਣਤੀ 161 ਹੈ। ਇਹ ਦੋ ਨਜ਼ਮਾਂ ਹਨ 'ਮਗਜ਼' (205) ਤੇ 'ਪੁਸ਼ਤੈਨੀ' (ਪੰਨਾ 224) ਇਸ ਤੋਂ ਪਹਿਲਾਂ ਕਵਿੱਤਰੀ ਦੀਆ ਪੰਜ ਕਿਤਾਬਾਂ ਛਪ ਚੁੱਕੀਆਂ ਹਨ। ਵਾਰਤਕ ਕਿਤਾਬ ਕੈਨੇਡਾ ਦੇ ਸੁਪਨਮਈ ਦਿਨ ਵਿਦੇਸ਼ ਯਾਤਰਾ ਬਿਰਤਾਂਤ ਹੈ। ਖਿਆਲ ਉਡਾਰੀ, ਇਹ ਸਦੀ ਵੀ ਤੇਰੇ ਨਾਉਂ, ਭਰ ਜੋਬਨ ਜ਼ਿੰਦਗੀ ਕਾਵਿ-ਸੰਗ੍ਰਹਿ ਹਨ। ਇਕ ਕਿਤਾਬ ਹਿੰਦੀ ਵਿਚ ਹੈ --'ਤੁਮ ਤੋ ਪੁਰਸ਼ ਹੋ ਨਾ'। ਦਸਵੇਂ ਗੁਰੂ ਜੀ ਦਾ ਪਾਵਨ ਸ਼ਬਦ 'ਮਿਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਣਾ' ਅਧਾਰਿਤ ਕਿਤਾਬ ਦਾ ਸਿਰਲੇਖ ਵਿਚ 'ਸੱਜਣ ਪਿਆਰੇ ਤੋਂ ਵਿਛੋੜਾ , ਮੁਹੱਬਤ, ਬਿਰਹਾ, ਗੁਰੂ ਨਾਨਕ ਦੇਵ ਜੀ ਦੀ ਅਜ਼ਮਤ, ਧੀਆਂ ਦਾ ਬਾਬਲ ਨਾਲ ਪਿਆਰ, ਰੂਹਾਂ ਦੀ ਸੰਵੇਦਨਾ, ਪੀਰਾਂ ਫਕੀਰਾਂ ਦੀਆਂ ਰਹਸਮਈ ਬਾਤਾਂ, ਕੁਦਰਤ ਦੇ ਹੁਸੀਨ ਰੰਗ, ਭਾਈ ਵੀਰ ਸਿੰਘ ਦੀ' ਤਰਜ਼ ਵਾਲੀਆਂ ਵਡੇ ਅਰਥਾਂ ਵਾਲੀਆਂ ਨਿੱਕੀਆਂ ਕਵਿਤਾਵਾਂ ਦਾ ਅਹਿਸਾਸ ਹੁੰਦਾ ਹੈ। ਪਦਮਸ੍ਰੀ ਸੁਰਜੀਤ ਪਾਤਰ ਨੇ ਭਾਵਪੂਰਤ ਸ਼ਬਦ ਲਿਖੇ ਹਨ। ਨਵਤੇਜ ਭਾਰਤੀ ਨੇ ਲਿਖਿਆ ਹੈ --'ਛਿੰਦਰ ਉਰਦੂ, ਹਿੰਦੀ ਤੇ ਫਾਰਸੀ ਸ਼ਬਦਾਂ ਨੂੰ ਵਰਤਨ ਤੋਂ ਝਿਜਕਦੀ ਨਹੀਂ। ਉਸ ਦੀ ਕਵਿਤਾ ਵਿਚ ਸੰਵੇਦਨਾ ਦੀ ਪਹਿਲ ਹੁੰਦੀ ਹੈ। ਡਾ. ਹਰਸਿਮਰਨ ਸਿੰਘ ਕੁਰੂਕਸ਼ੇਤਰਾ ਯੂਨੀਵਰਸਿਟੀ ਨੇ ਕਿਤਾਬ ਵਿਚ ਦਰਜ ਕਵਿਤਾਵਾਂ ਦੇ ਆਧਾਰਿਤ ਭਰਵਾਂ ਜ਼ਿਕਰ ਕੀਤਾ ਹੈ ਤੇ ਛਿੰਦਰ ਦੀ ਕਵਿਤਾ ਦੇ ਤੱਤਾਂ ਦੀ ਨਿਸ਼ਾਨਦੇਹੀ ਕੀਤੀ ਹੈ। ਵਧੇਰੇ ਕਵਿਤਾਵਾਂ ਵਿਚ ਬੌਧਿਕ ਰੰਗ ਹੈ। ਅਲੰਕਾਰਾਂ ਤੇ ਪ੍ਰਤੀਕਾਂ ਦੀ ਭਰਮਾਰ ਹੈ। ਕੁਝ ਸ਼ਬਦਾਂ ਨੂੰ ਸ਼ਾਇਰਾ ਨੇ ਨਵਾਂ ਰੰਗ ਦੇ ਕੇ ਸ਼ਬਦ ਕੌਸ਼ ਵਿਚ ਵਾਧਾ ਕੀਤਾ ਹੈ। ਸ਼ਾਇਰ ਨੇ ਸੰਜੋਗ ਵਿਜੋਗ, ਦੀ ਗਲ ਹੈ ---
'ਮਨ ਤੱਕ ਅੱਪੜ ਕੇ ਮਨ ਤਕ ਠਹਿਰੇ
ਜਿਥੇ ਪੁਰਸ਼ ਸਿਰਫ ਪੁਰਸ਼ ਨਹੀਂ
ਸਿਰਫ ਇਕ ਪ੍ਰੇਮੀ ਹੋਵੇ।
ਡੌਰ ਭੌਰੀਆਂ ਰੁੱਤਾਂ (ਪੰਨਾ 77)
ਮੁਹੱਬਤ ਸ਼ਾਇਰਾ ਦੀ ਤਰਜੀਹ ਹੈ। ਕਵਿਤਾਵਾਂ ਵਿਚ ਇਸ਼ਕ ਹਕੀਕੀ ਦੀ ਗੱਲ ਹੈ। ਕਵਿਤਾ 'ਜਿਤ ਜਮਹਿ ਰਾਜਾਨ' ਵਿਚ ਧੀਆਂ ਦੀ ਮਰਜ਼ੀ ਤੇ ਰੋਕਾਂ ਦੀ ਗੱਲ ਹੈ। ---ਰੁਤਬਿਆਂ ਨੂੰ ਵਿਆਹੀਆਂ ਕੌਣ ਗਈ ਮਨਚਾਹੀ ਥਾਵੇਂ। ਸਮਾਜ ਨੂੰ ਸ਼ਾਇਰਾ ਦਾ ਸਵਾਲ ਹੈ। (ਪੰਨਾ 79) ਪੀਰਾਂ ਦਾ ਪੀਰ ਕਵਿਤਾ ਵਿਚ ਬਾਬਾ ਨਾਨਕ ਦੀ ਉਸਤਤਿ ਹੈ। ਨਿੱਕੀਆਂ ਕਵਿਤਾਵਾਂ ਵਿਚ ਅਦਬੀ ਕਮਾਈ, ਕੰਵਲ, ਦਾਨੇ, ਹਿਜ਼ਰ ਦੀਆਂ, ਰਸਮਾਂ, ਕਾਣ, ਸਪਰਸ਼, ਪਲਕ ਦਾ ਵਾਲ ਦੀਦ, ਘਬਰਾਹਟ, ਜੀਅੜਾ, ਚੂਰੀ, ਵਿਲਾਸਤਾ ਵਿਚ ਵੀ ਖਿਆਲ ਹੈ। ਸੋਚ ਉਡਾਰੀ ਹੈ। ਸ਼ਬਦ 'ਇਹ' ਤੋਂ ਭਾਵ ਹਵਾਵਾਂ ਹਨ। ਹਵਾਵਾਂ ਨੂੰ ਮੁਹਬਤ ਦੀ ਗਲ ਕਹਿ ਚੁਕੀ ਹੈ। ਢੁਕਵੇਂ ਸਕੈੱਚ ਪੁਸਤਕ ਦੀ ਸ਼ਾਨ ਹਨ। ਬੌਧਿਕ ਪੱਧਰ ਦੀਆਂ ਕਵਿਤਾਵਾ ਦੇ ਸੰਗ੍ਰਹਿ ਦਾ ਸਵਾਗਤ ਹੈ।
-ਪ੍ਰਿੰਸੀਪਲ ਗੁਰਮੀਤ ਸਿੰਘ ਫਾਜ਼ਿਲਕਾ
ਮੋਬਾਈਲ : 98148-56160
ਮੈਂ ਨਹੀਂ ਹਾਰਾਂਗਾ
ਲੇਖਕ : ਡਾ. ਦਰਸ਼ਨ ਸਿੰਘ ਆਸ਼ਟ
ਪ੍ਰਕਾਸ਼ : ਨੈਸ਼ਨਲ ਬੁੱਕ ਟਰੱਸਟ, ਇੰਡੀਆ, ਨਵੀਂ ਦਿੱਲੀ
ਮੁੱਲ : 90 ਰੁਪਏ ਸਫ਼ੇ : 32
ਸੰਪਰਕ : 98144-23703

ਰਾਸ਼ਟਰੀ ਬਾਲ ਪੁਸਤਕਮਾਲਾ ਲੜੀ ਵਜੋਂ ਨੈਸ਼ਨਲ ਬੁੱਕ ਟਰੱਸਟ ਇੰਡੀਆ (ਦਿੱਲੀ) 1957 ਤੋਂ ਕਿਤਾਬਾਂ ਦੇ ਉਥਾਨ ਅਤੇ ਪੜ੍ਹਨ ਲਈ ਦਿਲਚਸਪੀ ਦੇ ਵਿਕਾਸ ਮੰਤਵ ਲਈ ਹਿੰਦੀ, ਅੰਗਰੇਜ਼ੀ ਸਮੇਤ 50 ਤੋਂ ਜ਼ਿਆਦਾ ਭਾਸ਼ਾਵਾਂ ਵਿਚ ਕਿਤਾਬਾਂ ਦੀ ਪ੍ਰਕਾਸ਼ਨਾ ਕਰਦਾ ਆ ਰਿਹਾ ਹੈ। ਪੰਜਾਬੀ ਵਿਚ ਕੋਈ ਵੀ ਪੁਸਤਕ ਇਸ ਅਦਾਰੇ ਵਲੋਂ ਛਾਪਣ ਲਈ ਚੁਣਨੀ, ਮਾਂ-ਬੋਲੀ ਪੰਜਾਬੀ ਲਈ ਮਾਣ ਵਾਲੀ ਗੱਲ ਹੈ। ਇਸ ਸੰਦਰਭ ਵਿਚ 'ਮੈਂ ਨਹੀਂ ਹਾਰਾਂਗਾ' ਦਾ ਸੁਆਗਤ ਹੈ। ਪੰਜਾਬੀ ਬਾਲ-ਸਾਹਿਤ ਵਿਚ ਡਾ. ਦਰਸ਼ਨ ਸਿੰਘ ਆਸ਼ਟ ਪ੍ਰਵਾਨਿਤ, ਸਨਮਾਨਿਤ ਤੇ ਸਥਾਪਿਤ ਸਾਹਿਤਕਾਰ ਹੈ ਜਿਸ ਨੇ ਲੰਮੇ ਸਮੇਂ ਤੋਂ ਸਮਰਪਿਤ-ਭਾਵਨਾ ਨਾਲ ਬਾਲ-ਸਾਹਿਤ ਦੀ ਸਥਾਪਤੀ ਲਈ ਪ੍ਰੇਰਨਾਦਾਇਕ ਭੂਮਿਕਾ ਨਿਭਾਈ ਹੈ। ਉਸ ਦੀਆਂ ਪੁਸਤਕਾਂ ਦੀ ਸਮੁੱਚੀ ਗਿਣਤੀ ਇਸ ਗੱਲ ਦੀ ਪੁਸ਼ਟੀ ਕਰਦੀ ਹੈ। 'ਮੈਂ ਨਹੀਂ ਹਾਰਾਂਗਾ' ਸੁੰਦਰ-ਦਿੱਖ ਵਾਲੀ ਸਚਿੱਤਰ ਪੁਸਤਕ ਵਿਚ 6 ਬਾਲ ਕਹਾਣੀਆਂ ਅੱਜ ਦੀਆਂ ਪ੍ਰਸਿੱਧੀਆਂ 'ਤੇ ਆਧਾਰਿਤ ਆਪਣੇ ਵਿਸ਼ਿਆਂ ਦੀ ਤਰਜਮਾਨੀ ਕਰਦੀਆਂ ਹਨ। ਪਹਿਲੀ ਕਹਾਣੀ ਪੁਸਤਕ ਦੇ ਨਾਮਕਰਨ ਵਾਲੀ ਦੋ ਦੋਸਤ ਭੋਲੂ ਤੇ ਮਨੀ ਦੀ ਵਾਰਤਾਲਾਪ ਰਾਹੀਂ ਜਾਮਣ ਦੇ ਰੁੱਖ ਦੀ ਜੜ੍ਹ ਦੀ ਮਹੱਤਤਾ ਦੀ ਗੱਲ ਕਰਦੀ ਤੇ ਬੱਕਰੀ ਦੇ ਖਾਣ ਤੋਂ ਸਰਸਬਜ਼ ਰਹਿਣ ਨੂੰ ਜਤਾਉਂਦੀ ਹੈ। 'ਮੇਰਾ ਕੌਣ' 'ਚ ਵੱਖ-ਵੱਖ ਰੁੱਖਾਂ ਦੇ ਸੰਵਾਦ ਨਾਲ ਕਿੱਕਰ ਦੇ ਰੁੱਖ ਦੀ ਮਹੱਤਤਾ ਸਮਝਾਈ ਗਈ ਹੈ। ਹਰ ਰੁੱਖ ਕੁਦਰਤ ਨੇ ਗੁਣਕਾਰੀ ਪੈਦਾ ਕੀਤਾ। ਕਿਸੇ ਨੂੰ ਆਪਣੀ ਹੋਂਦ ਦਾ ਹੰਕਾਰ ਨਹੀਂ ਕਰਨਾ ਚਾਹੀਦਾ। 'ਅੱਖਾਂ ਖੁੱਲ੍ਹ ਗਈਆਂ' 'ਚ ਜੰਗਲੀ-ਜਾਨਵਰਾਂ ਦੇ ਵਾਦ-ਵਿਵਾਦ ਨਾਲ ਮਨੁੱਖ ਨੂੰ ਜੰਗਲਾਂ ਦੀ ਸੰਭਾਲ ਦਾ ਸੰਦੇਸ਼ ਦਿੱਤਾ ਗਿਆ। ਹਾਥੀ, ਕੁੱਤਾ, ਚੂਹਾ ਤੇ ਸ਼ੇਰ ਆਖ਼ਰ ਮਨੁੱਖ ਨੂੰ ਰੁੱਖਾਂ ਨੂੰ ਕੱਟਣ ਤੋਂ ਖ਼ਬਰਦਾਰ ਕਰਦੇ ਹਨ। ਵਣ-ਮਹਾਂਉਤਸਵ ਨੂੰ ਨਵੇਂ ਸੰਕਲਪ ਰਾਹੀਂ ਸਮਝਾਉਣ ਦੀ ਵਿਧੀ ਅਪਣਾਈ ਗਈ। 'ਟਾਹਲੀ ਬੋਲੀ' 'ਚ ਘੁੱਗੀ ਨੂੰ ਰੁੱਖ ਬਰਬਾਦ ਹੋਣ ਦੀ ਚਿੰਤਾ ਪ੍ਰਗਟਾਈ ਗਈ। ਪ੍ਰਕਿਰਤੀ ਨੂੰ ਕਾਇਮ ਰੱਖਣ ਦਾ ਸੰਦੇਸ਼ ਘੁੱਗੀ ਦੀ ਫ਼ਿਕਰਮੰਦੀ ਰਾਹੀਂ ਸਮਝਾਉਣ ਦਾ ਵੱਖਰਾ ਤਰੀਕਾ ਹੈ। ਪੰਛੀ ਕਿੰਝ ਸਾਡੇ ਮਿੱਤਰ ਹਨ, ਬੱਚਿਆਂ ਨੂੰ ਇਹ ਗੱਲ ਰੌਚਿਕ ਕਹਾਣੀ ਰਾਹੀਂ ਬਿਆਨ ਕੀਤੀ ਗਈ ਹੈ। 'ਅਨੋਖਾ ਜਨਮ ਦਿਨ' 'ਚ ਪੰਛੀਆਂ ਦੀ ਆਜ਼ਾਦੀ ਦੀ ਗੱਲ ਯਥਾਰਥ ਤੋਂ ਦੂਰ ਜਾਪਦੀ, ਕੋਈ ਹੋਰ ਵਿਧੀ ਵੀ ਅਪਣਾਈ ਜਾ ਸਕਦੀ ਸੀ।
-ਮਨਮੋਹਨ ਸਿੰਘ ਦਾਊਂ
ਮੋਬਾਈਲ : 98151-23900
ਮੇਰੇ ਮਹਿਰਮਾ
ਲੇਖਿਕਾ : ਸੁਰਿੰਦਰ ਕੌਰ ਸੈਣੀ
ਪ੍ਰਕਾਸ਼ਕ : ਪ੍ਰੀਤ ਪਬਲੀਕੇਸ਼ਨ ਨਾਭਾ
ਮੁੱਲ : 250 ਰੁਪਏ, ਸਫ਼ੇ : 136
ਸੰਪਰਕ : 95010-73600

ਕੋਸ਼ਗਤ ਅਰਥਾਂ ਅਨੁਸਾਰ ਰਾਜ਼ਦਾਰ ਜਾਂ ਹਮਰਾਜ਼ ਨੂੰ ਮਹਿਰਮ ਕਿਹਾ ਜਾਂਦਾ ਹੈ। ਆਪਣੇ ਪਤੀ ਸ. ਗੁਰਚਰਨਜੀਤ ਸਿੰਘ ਨੂੰ ਸਮਰਪਿਤ ਕਰਕੇ ਸੁਰਿੰਦਰ ਕੌਰ ਸੈਣੀ ਵਲੋਂ ਲਿਖਿਆ ਗਿਆ ਨਾਵਲ 'ਮੇਰੇ ਮਹਿਰਮਾ' ਭਾਵਨਾਤਮਿਕ ਪੱਧਰ 'ਤੇ ਉੱਚੇ ਆਦਰਸ਼ਾਂ ਨੂੰ ਦਰਸਾਉਂਦੀ ਇਕ ਮਾਅਰਕੇ ਦੀ ਗਲਪ ਰਚਨਾ ਹੈ। ਮਨ-ਮਸਤਕ ਵਿਚ ਦੇਸ਼ ਭਗਤੀ ਦੀ ਅਨਮੋਲ ਭਾਵਨਾ ਰੱਖ ਕੇ ਜੇ ਇਹ ਨਾਵਲ ਪੜ੍ਹਿਆ ਜਾਵੇ ਤੇ ਸੱਚੀ-ਸੁੱਚੀ ਪ੍ਰੀਤ ਨੂੰ ਪ੍ਰਵਾਨ ਕਰਦਿਆਂ ਇਸ ਨਾਵਲ ਵਿਚਲੀ ਵੇਦਨਾ-ਸੰਵੇਦਨਾ ਨੂੰ ਸਮਝਿਆ ਜਾਵੇ ਤਾਂ ਗੱਲ ਬਦੋਬਦੀ ਸੋਨੇ 'ਤੇ ਸੁਹਾਗੇ ਵਾਲੀ ਹੋ ਜਾਂਦੀ ਹੈ। ਭਾਵੇਂ 'ਦੋ ਸ਼ਬਦ' ਤਹਿਤ ਸੁਰਿੰਦਰ ਕੌਰ ਸੈਣੀ ਨੇ ਲਿਖਿਆ ਹੈ ਕਿ 'ਇਹ ਨਾਵਲ ਬਿਲਕੁਲ ਕਾਲਪਨਿਕ ਹੈ' ਪਰ ਨਾਵਲ ਏਨੀ ਮੁਹਾਰਤ ਨਾਲ ਲਿਖਿਆ ਗਿਆ ਹੈ ਕਿ ਇਹ ਬਿਲਕੁਲ ਵਾਸਤਵਿਕ ਹੀ ਲਗਦਾ ਹੈ। ਨਾਵਲ ਵਿਚਲੀ ਗੁਰਜੋਤ ਜਿਸ ਕਦਰ ਆਪਣੇ ਸ਼ਹੀਦ ਪਤੀ ਕੰਵਲ ਨੂੰ ਆਂਤ੍ਰਿਕ ਤਲ 'ਤੇ ਪਿਆਰ ਕਰਦੀ ਹੈ ਤੇ ਉਸ ਦੀ ਸੋਚ ਨੂੰ ਸਲਾਮ ਕਰਦੀ ਹੈ, ਉਸ ਦੀ ਜਿੰਨੀ ਤਾਰੀਫ਼ ਕੀਤੀ ਜਾ ਸਕੇ ਓਨੀ ਘੱਟ ਹੋਵੇਗੀ। ਫ਼ੌਜੀ ਜਵਾਨ ਕੰਵਲ ਦੀ ਵੀਹ ਦਿਨ ਦੀ ਛੁੱਟੀ ਤੋਂ ਬਾਅਦ ਗੁਰਜੋਤ ਦਾ ਕੰਵਲ ਨਾਲ ਮੁੜ ਮੇਲ ਨਹੀਂ ਹੁੰਦਾ ਕਿਉਂਕਿ ਕੰਵਲ ਜੰਗ ਵਿਚ ਸ਼ਹੀਦੀ ਪ੍ਰਾਪਤ ਕਰ ਜਾਂਦਾ ਹੈ ਤੇ ਗੁਰਜੋਤ ਲਈ ਇਸ ਵਿਛੋੜੇ ਦਾ ਦਰਦ ਅਸਹਿ ਹੁੰਦਾ ਹੈ। ਪਰ ਗੁਰਜੋਤ ਅੰਦਰਲੀ ਲੋਕ ਭਲਾਈ ਦੀ ਭਾਵਨਾ ਏਨੀ ਪ੍ਰਬਲ ਹੁੰਦੀ ਹੈ ਕਿ ਇਸ ਦਰਦ ਨੂੰ ਅਣਗੌਲਿਆਂ ਕਰਦੀ ਹੋਈ ਉਹ ਖ਼ੁਦ ਫ਼ੌਜ ਵਿਚ ਡਾਕਟਰ ਭਰਤੀ ਹੋ ਕੇ ਜ਼ਖ਼ਮੀ ਫ਼ੌਜੀਆਂ ਦਾ ਇਲਾਜ ਕਰਦੀ ਕਰਦੀ ਸ਼ਹਾਦਤ ਦਾ ਜਾਮ ਪੀ ਜਾਂਦੀ ਹੈ। ਨਾਵਲ ਨਿਗਰਾਨ ਨੇ ਇਸ ਰਚਨਾ ਵਿਚਲੀ ਮੂਲ ਕਹਾਣੀ ਦੀਆਂ ਬਿਰਤਾਂਤਕ ਜੁਗਤਾਂ ਦੇ ਨਾਲ ਨਾਲ ਸਮੇਂ ਦੀਆਂ ਕੁਝ ਹੋਰ ਤਲਖ ਹਕੀਕਤਾਂ ਵੀ ਉਜਾਗਰ ਕੀਤੀਆਂ ਹਨ। ਜਿਹਾ ਕਿ :
-ਕਦੇ ਕਦੇ ਖ਼ਿਆਲ ਆਉਂਦਾ ਹੈ-ਬੰਦਾ ਕਿਉਂ ਭੱਜਿਆ ਫਿਰਦਾ? ਜਿਉਣ ਲਈ। ਦੁਨੀਆ ਨੇ ਵੱਡੇ-ਵੱਡੇ ਬੰਬ ਬਣਾ ਲਏ ਹਨ, ਜਿਨ੍ਹਾਂ ਕਰਕੇ ਸ਼ਹਿਰਾਂ ਦੇ ਸ਼ਹਿਰ, ਮੁਲਕਾਂ ਦੇ ਮੁਲਕ ਖੰਡਰ ਬਣ ਜਾਂਦੇ ਹਨ। ਸਾਹ ਲੈਂਦੇ ਅਨੇਕ ਜੀਵ-ਜੰਤੂ, ਇਨਸਾਨ ਮਿੰਟਾਂ 'ਚ ਢੇਰੀ ਹੋ ਜਾਂਦੇ ਹਨ। ਕੀ ਇਹੀ ਜ਼ਿੰਦਗੀ ਹੈ?-(ਪੰਨਾ : 132)
-ਇਸ਼ਕ ਦਾ ਇਲਮ ਬਹੁਤ ਸੋਹਣਾ ਲਗਦਾ ਹੈ ਪਰ ਸਮਾਜ ਦੀਆਂ ਨਜ਼ਰਾਂ 'ਚ ਇਹ ਇਕ ਕੋਹੜ ਹੀ ਹੁੰਦਾ ਹੈ।-(ਪੰਨਾ : 72)
ਨਿਰਸੰਦੇਹ ਕੁੱਲ 24 ਕਾਂਡਾਂ ਦਾ ਇਹ ਨਾਵਲ ਮਨੁੱਖੀ ਜਜ਼ਬਾਤ ਦੇ ਜ਼ੋਰ 'ਤੇ ਸਾਰਥਕਤਾ ਨੂੰ ਸਮਝ ਲਈ ਇਕਾਗਰਚਿੱਤ ਹੋ ਕੇ ਪੜ੍ਹਿਆ ਜਾਣਾ ਜ਼ਰੂਰੀ ਹੈ।
-ਹਰਮੀਤ ਸਿੰਘ ਅਟਵਾਲ
ਮੋਬਾਈਲ : 98155-05287










.jpg)































































































































































































