06-04-26
ਸਵਾਰੀਆਂ ਦੀ ਖੱਜਲ-ਖ਼ੁਆਰੀ
ਪੰਜਾਬ ਭਰ ਵਿਚ ਰੋਜ਼ਾਨਾ ਸਫ਼ਰ ਕਰਨ ਵਾਲੇ ਲੱਖਾਂ ਯਾਤਰੀਆਂ ਨੂੰ ਕਈ ਵਾਰ ਸਰਕਾਰੀ ਜਾਂ ਪ੍ਰਾਈਵੇਟ ਬੱਸ ਕੰਡਕਟਰਾਂ ਤੇ ਡਰਾਈਵਰਾਂ ਦੇ ਦੁਰਵਿਵਹਾਰ ਦਾ ਸਾਹਮਣਾ ਕਰਨਾ ਪੈਂਦਾ ਹੈ। ਪੰਜਾਬ ਰੋਡਵੇਜ਼ ਦੇ ਕਈ ਕੰਡਕਟਰਾਂ ਦੀ ਮਾੜੀ ਬੋਲਬਾਣੀ ਦਾ ਤਜ਼ਰਬਾ ਬਹੁਤੇ ਲੋਕਾਂ ਨੂੰ ਜ਼ਰੂਰ ਹੁੰਦਾ ਹੋਵੇਗਾ।
ਅਸੀਂ ਲੁਧਿਆਣਾ ਤੋਂ ਜਲੰਧਰ ਵੱਲ ਜਾਂਦੀਆਂ ਖ਼ਾਸ ਕਰਕੇ ਪੰਜਾਬ ਰੋਡਵੇਜ਼ ਦੇ ਅੰਮ੍ਰਿਤਸਰ ਡਿਪੂਆਂ ਦੀਆਂ ਦਿੱਲੀ ਤੋਂ ਵਾਪਸ ਮੁੜ ਕੇ ਆਉਂਦੀਆਂ ਬੱਸਾਂ ਦੇ ਡਰਾਈਵਰ-ਕੰਡਕਟਰਾਂ ਦੇ ਜ਼ਿੱਦੀ ਵਤੀਰੇ ਵੱਲ ਮਹਿਕਮੇ ਦੇ ਉੱਚ ਅਧਿਕਾਰੀਆਂ ਦਾ ਧਿਆਨ ਦਿਵਾਉਣਾ ਚਾਹੁੰਦੇ ਹਾਂ।
ਰੋਡਵੇਜ਼ ਤੇ ਪੈਪਸੂ ਦੀਆਂ ਇਨ੍ਹਾਂ ਬੱਸਾਂ ਦੇ ਡਰਾਈਵਰ ਲੁਧਿਆਣਾ ਦੇ ਸ਼ੇਰਪੁਰ ਤੇ ਸਮਰਾਲਾ ਚੌਕ ਦੇ ਹਾਈਵੇਅ 'ਤੇ ਸਵਾਰੀਆਂ ਉਤਾਰਨ ਉਪਰੰਤ ਅਕਸਰ ਬਸਤੀ ਜੋਧੇਵਾਲ ਤੇ ਜਲੰਧਰ ਬਾਈਪਾਸ ਚੌਕਾਂ 'ਚੋਂ ਸਵਾਰੀਆਂ ਚੁੱਕਣ ਦੀ ਬਜਾਏ ਸਿੱਧੇ ਹੀ ਬੱਸਾਂ ਭਜਾ ਕੇ ਲੈ ਜਾਂਦੇ ਹਨ। ਦਰਜਨਾਂ ਸਵਾਰੀਆਂ ਲੁਧਿਆਣਾ ਬੱਸ ਅੱਡੇ ਤੋਂ ਚੱਲਣ ਵਾਲੀਆਂ ਸਰਕਾਰੀ ਬੱਸਾਂ ਦੇ ਕੰਡਕਟਰਾਂ ਦੇ ਰਹਿਮ 'ਤੇ ਰਹਿ ਜਾਂਦੀਆਂ ਹਨ, ਜੋ ਅਕਸਰ 70-80 ਸਵਾਰੀਆਂ ਲਿਜਾਣ ਲਈ ਮਜਬੂਰ ਹੋ ਜਾਂਦੇ ਹਨ, ਜਦਕਿ ਅੰਮ੍ਰਿਤਸਰ ਡਿਪੂ ਦੀਆਂ ਬਹੁਗਣਿਤੀ ਬੱਸ ਅੱਧੀਆਂ ਨਾਲੋਂ ਵੀ ਵੱਧ ਖਾਲੀ ਫਿਲੌਰ-ਗੁਰਾਇਆ ਤੋਂ ਸਵਾਰੀ ਚੁੱਕੇ ਬਗੈਰ ਭੱਜੀਆਂ ਜਾਂਦੀਆਂ ਹਨ।
ਇਸ ਦੀ ਤਸਦੀਕ ਰੋਡਵੇਜ਼ ਦੇ ਚੈਕਿੰਗ ਇੰਸਪੈਕਟਰ ਕਰ ਸਕਦੇ ਹਨ ਤੇ ਕਰਦੇ ਵੀ ਹਨ। ਲੁਧਿਆਣਾ ਤੋਂ ਜਲੰਧਰ ਦੀ ਟਿਕਟ 100 ਰੁਪਏ ਹੈ ਅਤੇ ਅੰਮ੍ਰਿਤਸਰ ਜਾਣ ਵਾਲੀਆਂ ਸਰਕਾਰੀ ਬੱਸਾਂ ਦੇ ਕੰਡਕਟਰ ਸਵਾਰੀਆਂ ਨੂੰ ਰਾਮਾਮੰਡੀ ਚੌਕ 'ਚ ਉਤਾਰ ਕੇ ਬਾਹਰੋਂ- ਬਾਹਰ ਚਲੇ ਜਾਂਦੇ ਹਨ ਤੇ 100 ਰੁਪਏ ਖ਼ਰਚ ਕੇ ਬਹੁਤੀ ਵਾਰ ਖੜ੍ਹੇ ਹੋ ਕੇ ਸਫ਼ਰ ਕਰਨ ਵਾਲੇ ਬੰਦਿਆਂ ਨੂੰ 20 ਜਾਂ 30 ਰੁਪਏ ਆਟੋ ਵਾਲੇ ਨੂੰ ਵੱਖਰੇ ਦੇਣੇ ਪੈਂਦੇ ਹਨ ਤੇ ਖੱਜਲ-ਖ਼ੁਆਰ ਵੱਖਰਾ ਹੋਣਾ ਪੈਂਦਾ ਹੈ।
ਅਮਨ, ਲੁਧਿਆਣਾ।
ਗੈਸ ਸਿਲੰਡਰ ਦੀ ਤੋਟ
ਗੈਸ ਸਿਲੰਡਰਾਂ ਦੀ ਲਗਾਤਾਰ ਵਧ ਰਹੀ ਕਿੱਲਤ ਕਾਰਨ ਆਮ ਜਨਤਾ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਹ ਬਹੁਤ ਚਿੰਤਾਜਨਕ ਹੈ ਕਿ ਅਜੋਕੇ ਯੁੱਗ ਵਿਚ ਵੀ ਲੋਕਾਂ ਨੂੰ ਰਵਾਇਤੀ ਮਿੱਟੀ ਦੇ ਚੁੱਲ੍ਹਿਆਂ ਅਤੇ ਕੋਲੇ ਦੀ ਵਰਤੋਂ ਕਰਨ ਲਈ ਮਜਬੂਰ ਹੋਣਾ ਪੈੈ ਰਿਹਾ ਹੈ।
ਸਰਕਾਰ ਨੂੰ ਚਾਹੀਦਾ ਹੈ ਕਿ ਉਹ ਘਰੇਲੂ ਅਤੇ ਵਪਾਰਕ ਗੈਸ ਦੀ ਸਪਲਾਈ ਨੂੰ ਸੁਚਾਰੂ ਬਣਾਉਣ ਲਈ ਤੁਰੰਤ ਢੁਕਵੇਂ ਕਦਮ ਚੁੱਕੇ। ਅਜਿਹੇ ਹਾਲਾਤ ਗਰੀਬ ਅਤੇ ਮੱਧ ਵਰਗ ਦੇ ਲੋਕਾਂ 'ਤੇ ਵਾਧੂ ਆਰਥਿਕ ਬੋਝ ਪਾ ਰਹੇ ਹਨ, ਜਿਸ ਦਾ ਤੁਰੰਤ ਹੱਲ ਹੋਣਾ ਅਤਿ ਜ਼ਰੂਰੀ ਹੈ।
-ਤਰਨਪ੍ਰੀਤ ਸਿੰਘ
ਪਿੰਡ- ਮਿੱਠੇਵਾਲ
ਨਕਲੀ ਦੁੱਧ ਵਿਰੁੱਧ ਯੁੱਧ
ਸਰਕਾਰ ਨੇ ਯੁੱਧ ਨਸ਼ਿਆਂ ਵਿਰੁੱਧ ਸ਼ੁਰੂ ਕੀਤਾ ਹੋਇਆ ਹੈ। ਨਸ਼ੇ ਸਿਹਤ ਲਈ ਘਾਤਕ ਹੁੰਦੇ ਹਨ। ਇਸੇ ਲਈ ਸਰਕਾਰ ਲੋਕਹਿੱਤ ਲਈ ਇਹ ਪਹਿਲ ਕੀਤੀ ਹੈ।
ਦੁੱਧ ਬਾਰੇ ਬਹੁਤ ਖ਼ਬਰਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ ਕਿ ਪੰਜਾਬ ਵਿਚ ਦੁੱਧ ਦੀ ਪੈਦਾਵਾਰ ਘੱਟ ਹੈ, ਜਦੋਂ ਕਿ ਜ਼ਰੂਰਤ ਵੱਧ ਹੈ। ਦੁੱਧ ਕੈਮੀਕਲ ਮਿਲਾ ਕੇ ਤਿਆਰ ਕਰਨ ਦੀਆਂ ਖ਼ਬਰਾਂ ਵੀ ਆਉਂਦੀਆਂ ਰਹਿੰਦੀਆਂ ਹਨ।
ਇਸ ਤਰ੍ਹਾਂ ਬਣਾਵਟੀ ਜ਼ਹਿਰੀਲੇ ਦੁੱਧ ਦੀ ਵਰਤੋਂ ਨਸ਼ਿਆਂ ਦੀ ਵਰਤੋਂ ਤੋਂ ਵੱਧ ਮਾਰੂ ਹੈ। ਦੁੱਧ ਸਿਰਫ਼ ਦੁਧਾਰੂ ਪਸ਼ੂ ਦਾ ਹੀ ਮਿਲੇ। ਇਸ ਲਈ ਮਿਲਾਵਟੀ ਅਤੇ ਕੈਮੀਕਲ ਵਾਲੇ ਦੁੱਧ ਵਿਰੁੱਧ ਨਸ਼ਿਆਂ ਵਾਂਗ ਸਰਕਾਰ ਅਤੇ ਲੋਕਾਂ ਨੂੰ ਮੁਹਿੰਮ ਚਲਾਉਣੀ ਚਾਹੀਦੀ ਹੈ। ਇਸ ਨਾਲ ਲੋਕਾਂ ਦੀ ਸਿਹਤ ਲਈ ਪੁੰਨ ਦਾ ਕਰਮ ਹੋਵੇਗਾ।
-ਜਸਦੀਪ ਕੌਰ।
ਦਸੌਂਧਾ ਸਿੰਘ ਵਾਲਾ (ਮਲੇਰਕੋਟਲਾ)