11-04-26
ਤਿਲਕ-ਜੰਝੂ ਰਾਖਾ ਪ੍ਰਭ ਤਾਕਾ
ਸੰਪਾਦਕ : ਗੁਰਚਰਨ ਸਿੰਘ ਚਰਨ
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨਜ਼, ਸਮਾਣਾ
ਮੁੱਲ : 250 ਰੁਪਏ, ਸਫ਼ੇ : 112
ਸੰਪਰਕ : 084480-34380

ਹਥਲੀ ਪੁਸਤਕ ਨੌਵੇਂ ਪਾਤਿਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖ ਕੇ ਪੰਜਾਬੀ ਦੇ ਉੱਘੇ ਵਿਦਵਾਨ ਕਵੀਆਂ ਵਲੋਂ ਸਮੇਂ-ਸਮੇਂ ਲਿਖੀਆਂ ਸਿੱਖ ਇਤਿਹਾਸ ਨਾਲ ਓਤ-ਪੋਤ ਕਵਿਤਾਵਾਂ ਦਾ ਸੰਗ੍ਰਹਿ ਹੈ। ਇਸ ਪੁਸਤਕ ਦੇ ਸੰਪਾਦਕ ਖ਼ੁਦ ਵੀ ਵਿਦਵਾਨ ਕਵੀ ਹਨ। ਜਿਨ੍ਹਾਂ ਹੁਣ ਤੱਕ ਡੇਢ ਦਰਜਨ ਤੋਂ ਵੀ ਵੱਧ ਕਾਵਿ-ਸੰਗ੍ਰਹਿ ਅਤੇ ਸੰਪਾਦਕੀ ਪੁਸਤਕਾਂ ਪਾਠਕਾਂ ਦੇ ਧਿਆਨਗੋਚਰੇ ਕਰ ਕੇ ਕਵਿਤਾਵਾਂ ਦੀਆਂ ਕਿਤਾਬਾਂ ਵਿਚ ਜ਼ਿਕਰਯੋਗ ਵਾਧਾ ਕੀਤਾ ਹੈ। 350 ਸਾਲਾ ਸ਼ਤਾਬਦੀ ਵਰ੍ਹਾ ਹੋਣ ਕਰਕੇ ਗੁਰਮਤਿ ਦਰਸ਼ਨ ਦੇ ਪ੍ਰਚਾਰਨ ਲਈ ਨਿਰੰਤਰ ਯਤਨ ਹੋ ਰਹੇ ਹਨ। ਇਸ ਧਾਰਮਿਕ ਕਾਵਿ-ਸੰਗ੍ਰਹਿ ਵਿਚ ਆਪਣੀ ਪਛਾਣ ਬਣਾ ਚੁੱਕੇ 14 ਕਵੀਆਂ ਦੀਆਂ ਸਤਾਰਾਂ ਕਵਿਤਾਵਾਂ ਸ਼ਾਮਿਲ ਕੀਤੀਆਂ ਗਈਆਂ ਹਨ। ਪੁਸਤਕ ਵਿਚ ਸ਼ਾਮਿਲ ਕਵਿਤਾਵਾਂ ਵਿਚ ਨੌਵੇਂ ਪਾਤਿਸ਼ਾਹ ਦੀ ਸ਼ਹਾਦਤ, ਜੀਵਨ ਫ਼ਲਸਫ਼ਾ ਅਤੇ ਉਪਦੇਸ਼ ਉੱਤੇ ਭਾਵਪੂਰਤ ਸ਼ਬਦਾਂ ਵਿਚ ਕਵਿਤਾਵਾਂ ਪੇਸ਼ ਕਰਨ ਦਾ ਹਰ ਸ਼ਾਮਿਲ ਕਵੀ ਨੇ ਯਤਨ ਕੀਤਾ ਹੈ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੇ ਜੀਵਨਕਾਲ ਦੌਰਾਨ ਜਿਹੜੇ ਪੂਰਨੇ ਪਾਏ, ਉਨ੍ਹਾਂ ਇਸ ਦੇਸ਼ ਦੇ ਇਤਿਹਾਸ ਨੂੰ ਨਵਾਂ ਮੋੜ ਦਿੱਤਾ। ਜ਼ਾਲਮ ਦੇ ਜ਼ੁਲਮ ਦਾ ਮੁਕਾਬਲਾ ਕਿਵੇਂ ਕਰਨਾ ਹੈ, ਪੀੜਤਾਂ, ਮਜ਼ਲੂਮਾਂ ਦੀ ਬਾਂਹ ਫੜ ਕੇ ਹਕੂਮਤ ਨਾਲ ਕਿਵੇਂ ਟਕਰਾਉਣਾ ਹੈ। ਗੁਰੂ ਸਾਹਿਬ ਜੀ ਦੀ ਸ਼ਹਾਦਤ ਅਦੁੱਤੀ, ਬੇਮਿਸਾਲ ਅਤੇ ਵਿਲੱਖਣ ਘਟਨਾ ਹੈ। ਸੰਸਾਰ ਦੇ ਇਤਿਹਾਸ ਵਿਚ ਅਜਿਹੀ ਕੋਈ ਮਿਸਾਲ ਨਹੀਂ ਹੈ। ਗੁਰੂ ਸਾਹਿਬ ਨੇ ਹੋਰਨਾਂ ਦੇ ਧਾਰਮਿਕ ਚਿੰਨ੍ਹ, ਧਾਰਮਿਕ ਵਿਸ਼ਵਾਸਾਂ, ਧਾਰਮਿਕ ਆਜ਼ਾਦੀ ਅਤੇ ਧਾਰਮਿਕ ਹੱਕਾਂ ਦੀ ਪੈਰਵੀ ਕਰਦਿਆਂ ਸ਼ਹਾਦਤ ਦਾ ਜਾਮ ਪੀਤਾ। ਇਸੇ ਬੇਨਜ਼ੀਰ ਸ਼ਹਾਦਤ ਸਦਕਾ ਹੀ ਗੁਰੂ ਸਾਹਿਬ ਨੂੰ 'ਸ੍ਰਿਸ਼ਟੀ ਅਤੇ ਧਰਮ ਦੀ ਚਾਦਰ' ਦੇ ਲਕਬ ਨਾਲ ਯਾਦ ਕੀਤਾ ਜਾਂਦਾ ਹੈ। ਇਸ ਕਾਵਿ-ਸੰਗ੍ਰਹਿ ਵਿਚ ਅਮਿੰਦਰਪ੍ਰੀਤ ਕੌਰ ਰੂਬੀ, ਡਾ. ਇੰਦਰਜੀਤ ਸਿੰਘ ਬਸੂ, ਡਾ. ਸਰਬਜੀਤ ਕੌਰ ਸੰਧਾਵਾਲੀਆ, ਸਤਨਾਮ ਕੌਰ ਸੱਤੇ, ਪ੍ਰਿੰਸੀਪਲ ਡਾ. ਸਤਪਾਲ ਕੌਰ, ਡਾ. ਹਰੀ ਸਿੰਘ, ਇੰਜੀ. ਕਰਮਜੀਤ ਸਿੰਘ ਨੂਰ, ਡਾ. ਗੁਰਚਰਨ ਕੌਰ ਕੋਚਰ, ਪੁਸਤਕ ਦੇ ਸੰਪਾਦਕ ਗੁਰਚਰਨ ਸਿੰਘ ਚਰਨ, ਨਿਰਮਲ ਸਿੰਘ ਟਪਿਆਲਾ, ਬਲਦੇਵ ਸਿੰਘ ਬਦਨ, ਮਹਿੰਦਰ ਸਿੰਘ ਪਰਿੰਦਾ, ਡਾ. ਰਾਜਵੰਤ ਕੌਰ ਰਾਜ ਅਤੇ ਸ਼ੁਕਗੁਜ਼ਾਰ ਸਿੰਘ ਐਡਵੋਕੇਟ ਦੀਆਂ ਕਵਿਤਾਵਾਂ ਨੂੰ ਸ਼ਾਮਿਲ ਕੀਤਾ ਗਿਆ ਹੈ।
-ਭਗਵਾਨ ਸਿੰਘ ਜੌਹਲ
ਮੋਬਾਈਲ : 98143-24040
ਬ੍ਰਾਹਮਣਵਾਦ ਅਤੇ ਜਨਵਿਮਰਸ਼
ਲੇਖਕ : ਡਾ. ਸੇਵਾ ਸਿੰਘ
ਅਨੁਵਾਦਕ : ਪ੍ਰਕਾਸ਼ ਕੌਰ ਸੰਧੂ
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨਜ਼ ਸਮਾਣਾ
ਮੁੱਲ : 595 ਰੁਪਏ, ਸਫ਼ੇ : 336
ਸੰਪਰਕ : 75088-21500

ਡਾ. ਸੇਵਾ ਸਿੰਘ ਦੀ ਇਹ ਪੁਸਤਕ ਉਨ੍ਹਾਂ ਦੇ ਇਕ ਸੋਧ-ਪ੍ਰਾਜੈਕਟ ਉੱਪਰ ਆਧਾਰਿਤ ਹੈ, ਜਿਸ ਵਿਚ ਲੇਖਕ ਨੇ ਇਹ ਸਮਝਣ-ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ ਕਿ 'ਬ੍ਰਾਹਮਣਵਾਦ' ਆਰੀਆ ਜਾਤੀ ਦੇ ਲੋਕਾਂ ਦੀ ਇਕ ਅਜਿਹੀ ਸਟਰੈਟੇਜੀ ਸੀ, ਜਿਸ ਦੁਆਰਾ ਉਸ ਨੇ ਭਾਰਤੀ ਸਮਾਜ ਵਿਚ ਬ੍ਰਾਹਮਣ ਦੀ ਸਰਵਉੱਚਤਾ ਨੂੰ ਨਿਰੰਤਰ ਬਣਾਈ ਅਤੇ ਬਚਾਈ ਰੱਖਿਆ। ਇਸ ਵਿਚਾਰਧਾਰਕ ਸਟਰੈਟੇਜੀ ਦੇ ਵਿਰੋਧ ਵਿਚ ਮਹਾਤਮਾ ਬੁੱਧ ਨੇ ਪ੍ਰਥਮ ਪ੍ਰਯਤਨ ਕੀਤੇ ਸਨ ਪਰ ਕਿਉਂਕਿ ਭਾਰਤ ਦੇ ਮਧਕਾਲੀਨ ਇਤਿਹਾਸ ਵਿਚ ਬੁੱਧ ਮਤਿ ਨੂੰ ਮੰਨਣ ਵਾਲੇ ਰਾਜੇ ਸੀਮਤ ਗਿਣਤੀ ਦੇ ਹੀ ਹੋਏ। ਇਸ ਕਾਰਨ ਭਾਰਤੀ ਲੋਕਾਂ ਦੇ ਮਨ ਵਿਚ ਇਨਸਾਨ ਦੀ ਬਰਾਬਰੀ ਦਾ ਸੰਕਲਪ, ਡੂੰਘੀਆਂ ਜੜ੍ਹਾਂ ਨਾ ਪਕੜ ਸਕਿਆ ਅਤੇ ਸਿੱਖਾਂ ਸਤਿਗੁਰਾਂ ਅਤੇ ਨਿਰਗੁਣ ਸੰਤਾਂ ਦੇ ਗੰਭੀਰ ਯਤਨਾਂ ਦੇ ਬਾਵਜੂਦ ਬ੍ਰਾਹਮਣਵਾਦੀ ਵਿਚਾਰਧਾਰਾ ਨੂੰ ਚੈਲੰਜ ਨਾ ਕੀਤਾ ਜਾ ਸਕਿਆ। ਬ੍ਰਾਹਮਣਵਾਦ ਨੂੰ ਤੁਰਕ-ਕਾਲ (ਬਾਰ੍ਹਵੀਂ ਤੋਂ ਚੌਧਵੀਂ ਸਦੀ) ਦੇ ਸੰਦਰਭ ਵਿਚ ਰੱਖ ਕੇ ਵਾਚਦਾ ਹੋਇਆ ਡਾ. ਸਿੰਘ ਲਿਖਦਾ ਹੈ ਕਿ ਤੁਰਕਾਂ ਵਿਚ ਜਾਤੀ-ਵਿਵਸਥਾ ਨਾ ਹੋਣ ਦੇ ਕਾਰਨ ਇਨ੍ਹਾਂ ਸਦੀਆਂ ਵਿਚ ਬ੍ਰਾਹਮਣਵਾਦੀ ਜਕੜ ਕਾਫ਼ੀ ਕਮਜ਼ੋਰ ਹੋ ਗਈ ਸੀ ਪ੍ਰੰਤੂ ਅੰਗਰੇਜ਼ਾਂ ਨੇ ਭਾਰਤੀ ਸਮਾਜ ਨੂੰ ਵੰਡੀ ਰੱਖਣ ਦੇ ਉਦੇਸ਼ ਨਾਲ ਇਸ ਨੂੰ ਫਿਰ ਤੋਂ ਉਤਸ਼ਾਹਿਤ ਕਰੀ ਰੱਖਿਆ। ਆਜ਼ਾਦੀ ਉਪਰੰਤ, ਗਣਤੰਤਰ ਹੋਣ ਦੇ ਬਾਵਜੂਦ ਜਾਤੀ ਵਿਵਸਥਾ ਹੋਰ ਵੀ ਮਜ਼ਬੂਤ ਹੁੰਦੀ ਗਈ ਹੈ। ਲੇਖਕ ਨੇ ਸ਼ੂਦਰਾਂ, ਪਛੜਿਆਂ, ਔਰਤਾਂ ਅਤੇ ਜਨਜਾਤੀਆਂ ਦੇ ਸੰਦਰਭ ਵਿਚ ਬ੍ਰਾਹਮਣਵਾਦੀ ਸੋਚ ਦੀ ਤਿੱਖੀ ਆਲੋਚਨਾ ਵੀ ਕੀਤੀ ਹੈ। ਬ੍ਰਾਹਮਣਵਾਦੀ ਸੋਚ ਦਾ ਹੀ ਪ੍ਰਭਾਵ ਹੈ ਕਿ ਨਿਮਨ ਜਾਤੀਆਂ ਦੇ ਸ਼ੂਦਰ ਤੇ ਪਛੜੇ ਲੋਕ ਆਪਣੇ-ਆਪ ਨੂੰ 'ਅਪਰਾਧੀ' ਅਤੇ 'ਸਰਾਪੇ ਹੋਏ' ਸਮਝਦੇ ਹਨ। ਹਿੰਦੂ ਧਰਮ-ਸ਼ਾਸਤਰਾਂ ਅਨੁਸਾਰ ਪਿਛਲੇ ਜਨਮ ਵਿਚ ਪਾਪ ਜਾਂ ਦੁਰਾਚਾਰ ਕਰਨ ਵਾਲੇ ਲੋਕਾਂ ਨੂੰ ਹੀ ਅਗਲੇ ਜਨਮ ਵਿਚ ਨਿਮਨ ਜਾਤੀ ਪ੍ਰਾਪਤ ਹੁੰਦੀ ਸੀ। ਇਸੇ ਕਾਰਨ ਨੀਵੀਂ ਜਾਤੀ ਦੇ ਪੜ੍ਹੇ-ਲਿਖੇ ਅਤੇ ਸਾਧਨ-ਸੰਪੰਨ ਵਰਗ ਵੀ ਆਪਣੀ ਜਾਤੀ ਨੂੰ ਛਿਪਾ ਕੇ ਰੱਖਦੇ ਹਨ। ਇਸ ਦੇ ਉਨਮੂਲਨ ਦਾ ਇਕ ਢੰਗ ਤਾਂ (ਸਰਵਸ੍ਰੀ) ਨਾਮਦੇਵ, ਕਬੀਰ ਅਤੇ ਰਵਿਦਾਸ ਵਾਂਗ ਆਪਣੀ ਜਾਤੀ ਨੂੰ ਆਪ ਹੀ ਉਜਾਗਰ ਕਰੀ ਰੱਖਣਾ ਹੈ ਅਤੇ ਦੂਜੀ ਵਿਧੀ, ਵੱਧ ਤੋਂ ਵੱਧ ਦੌਲਤਮੰਦ ਹੋਣਾ ਵੀ ਹੈ। ਮੈਂ ਚਾਹੁੰਦਾ ਹਾਂ ਕਿ ਡਾ. ਸੇਵਾ ਸਿੰਘ ਇਸ ਪੁਸਤਕ ਨੂੰ ਖ਼ੁਦ ਪੰਜਾਬੀ ਵਿਚ ਲਿਖਣ।
c c c
ਪੰਜਾਬ ਦੀ ਖੱਬੀ ਲਹਿਰ
(1947 ਤੋਂ ਸੋਵੀਅਤ ਸੰਘ ਦੇ ਪਤਨ ਤੱਕ)
ਲੇਖਕ : ਡਾ. ਸਰਬਜੀਤ ਕੰਗਣੀਵਾਲ
ਪ੍ਰਕਾਸ਼ਕ : ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 995 ਰੁਪਏ, ਸਫ਼ੇ : 706
ਸੰਪਰਕ : 97800-36118

'ਪੰਜਾਬ ਦੀ ਖੱਬੀ ਲਹਿਰ' ਵਿਚ ਡਾ. ਕੰਗਣੀਵਾਲ ਨੇ ਪੰਜਾਬ ਵਿਚ ਗਤੀਸ਼ੀਲ ਰਹੀ ਖੱਬੀ ਵਿਚਾਰਧਾਰਕ ਲਹਿਰ ਦੀ ਇਤਿਹਾਸਕਾਰੀ ਕੀਤੀ ਹੈ। ਭਾਵੇਂ ਉਸ ਦੀ ਇਸ ਸਲਾਹੁਣ-ਯੋਗ ਕੋਸ਼ਿਸ਼ ਤੋਂ ਪਹਿਲਾਂ ਵੀ ਕੁਝ ਚਿੰਤਕਾਂ ਅਤੇ ਲੋਕ-ਨਾਇਕਾਂ ਨੇ ਇਸ ਖੇਤਰ ਵਿਚ ਕੁਝ ਫੁਟਕਲ ਕਾਰਜ ਕੀਤਾ ਹੈ, ਪਰ ਉਨ੍ਹਾਂ ਲੋਕਾਂ ਦੇ ਯਤਨ ਆਪਣੇ-ਆਪਣੇ ਨਿੱਜੀ ਯੋਗਦਾਨ ਅਥਵਾ ਆਪਣੇ-ਆਪ ਨੂੰ ਮਹਿਮਾਮੰਡਿਤ ਕਰਨ ਤੱਕ ਹੀ ਸੀਮਤ ਰਹੇ, ਜਿਸ ਕਾਰਨ ਇਸ ਲਹਿਰ ਦੀ ਕੋਈ ਬੱਝਵੀਂ ਅਤੇ ਵਿਸ਼ਲੇਸ਼ਣਾਤਮਿਕ ਇਤਿਹਾਸਕਾਰੀ ਸਾਹਮਣੇ ਨਹੀਂ ਆ ਸਕੀ। ਡਾ. ਕੰਗਣੀਵਾਲ ਦਾ ਇਹ ਯਤਨ ਨਿਸਚੈ ਹੀ ਅਦਭੁਤ ਹੈ। ਉਸ ਨੇ ਆਪਣੇ ਇਸ ਕਾਰਜ ਨੂੰ ਵਿਗਿਆਨਕ ਬਣਾਉਣ ਲਈ ਕੁਝ ਸਿਰਲੇਖਾਂ ਦੇ ਅਧੀਨ ਵੰਡਿਆ ਹੈ। ਦੇਖੋ : 1. ਆਜ਼ਾਦੀ ਪਿੱਛੋਂ ਇਸ ਲਹਿਰ ਦਾ ਮੁੱਢਲਾ ਦੌਰ, 2. ਸੀ.ਪੀ.ਆਈ. ਅਤੇ ਲਾਲ ਕਮਿਊਨਿਸਟ ਪਾਰਟੀ ਦਾ ਰਲੇਵਾਂ, 3. ਖੱਬੀ ਲਹਿਰ ਵਿਚ ਦੁਫੇੜ : ਸੀ.ਪੀ.ਆਈ. (ਐੱਮ.) ਦਾ ਗਠਨ, 4. ਨਕਸਲੀ ਲਹਿਰ, 5. ਅੱਠਵਾਂ ਦਹਾਕਾ, 6. ਖਾਲਿਸਤਾਨੀ ਲਹਿਰ ਦੌਰਾਨ ਖੱਬੀਆਂ ਧਿਰਾਂ, 7. ਸੰਸਦੀ-ਪ੍ਰਣਾਲੀ ਅਤੇ ਖੱਬੀਆਂ ਧਿਰਾਂ, 8. ਸੰਸਾਰ ਕਮਿਊਨਿਸਟ ਲਹਿਰ ਤੇ ਪੰਜਾਬ ਦੀ ਖੱਬੀ ਲਹਿਰ। ਲੇਖਕ ਨੇ ਇਸ ਪੁਸਤਕ ਦੇ ਅੰਤ ਵਿਚ 200 ਤੋਂ ਵੱਧ ਹਵਾਲਾ ਪੁਸਤਕਾਂ (ਪੰਜਾਬੀ, ਹਿੰਦੀ, ਅੰਗਰੇਜ਼ੀ) ਦਾ ਉਲੇਖ ਕਰਨ ਦੇ ਨਾਲ-ਨਾਲ ਲਗਭਗ 100 ਉਨ੍ਹਾਂ ਵਿਅਕਤੀਆਂ ਦਾ ਸੰਖੇਪ ਬਾਇਓ-ਡਾਟਾ ਅਤੇ ਸਰਗਰਮੀਆਂ ਦਾ ਵਰਣਨ ਵੀ ਕੀਤਾ ਹੈ, ਜਿਨ੍ਹਾਂ ਨੇ ਇਸ ਲਹਿਰ ਦੇ ਵਿਕਾਸ ਵਿਚ ਗੁਣਾਤਮਿਕ ਜਾਂ ਗਿਣਾਤਮਿਕ ਪੱਖੋਂ ਮਹੱਤਵਪੂਰਨ ਯੋਗਦਾਨ ਪਾਇਆ ਸੀ। ਬੇਸ਼ੱਕ ਉੱਤਰ-ਪੂੰਜੀਵਾਦ ਦੇ ਇਸ ਦੌਰ ਵਿਚ ਖੱਬੀ ਲਹਿਰ ਦੀਆਂ ਪਹਿਲਾਂ ਵਰਗੀਆਂ ਉਤਸ਼ਾਹ-ਭਰਪੂਰ ਸਰਗਰਮੀਆਂ ਨਜ਼ਰ ਨਹੀਂ ਆਉਂਦੀਆਂ ਪਰ ਅਸਲ ਵਿਚ ਇਹੀ ਉਹ ਦੌਰ ਹੈ, ਜਿਸ ਵਿਚ ਖੱਬੇ ਪੱਖੀ ਪਾਰਟੀਆਂ ਨਿਰਣਾਇਕ ਭੂਮਿਕਾ ਨਿਭਾ ਸਕਦੀਆਂ ਹਨ। ਅੱਜ ਦਾ ਕਿਰਤੀ ਅਤੇ ਮਿਹਨਤਕਸ਼ ਵਰਗ ਉਲਟ ਮਾਹੌਲ ਦੇ ਸਨਮੁਖ ਬਿਲਕੁਲ ਨਿਤਾਣਾ ਅਤੇ ਨਿਸੱਤਾ ਮਹਿਸੂਸ ਕਰ ਰਿਹਾ ਹੈ। ਜੇ ਹਾਲਾਤ ਇਹੀ ਰਹੇ ਤਾਂ ਸਾਡਾ ਕਿਰਤੀ ਤੇ ਕਾਮਾ ਵਰਗ ਪੂਰੀ ਤਰ੍ਹਾਂ ਨਾਲ ਹਾਸ਼ੀਏ ਤੋਂ ਬਾਹਰ ਚਲਾ ਜਾਵੇਗਾ। ਡਰ ਹੈ ਕਿ ਸਾਡੇ ਪੰਜਾਬ ਵਿਚ ਮਾਰੋ-ਮਾਰੀ ਅਤੇ ਕਤਲੋਗਾਰਤ ਦਾ ਦੌਰ ਮੁੜ ਤੋਂ ਸਿਰ ਨਾ ਚੁੱਕ ਲਵੇ। ਡਾ. ਕੰਗਣੀਵਾਲ ਦੀ ਇਹ ਪੁਸਤਕ ਹਰ ਇਕ ਸੁਹਿਰਦ ਪਾਠਕ ਦੀ ਨਿੱਜੀ ਅਤੇ ਜਨਤਕ ਲਾਇਬ੍ਰੇਰੀ ਵਿਚ ਜ਼ਰੂਰ ਰੱਖੀ ਜਾਣੀ ਚਾਹੀਦੀ ਹੈ।
-ਮੋਬਾਈਲ : 98760-52136
ਪੀਲੀ ਰੋਸ਼ਨੀ ਦਾ ਸੱਚ
ਲੇਖਿਕਾ : ਜਸਪਾਲ ਕੌਰ
ਪ੍ਰਕਾਸ਼ਕ : ਪੀਪਲਜ਼ ਫੋਰਮ ਬਰਗਾੜੀ (ਪੰਜਾਬ)
ਮੁੱਲ : 200 ਰੁਪਏ, ਪੰਨੇ : 126
ਸੰਪਰਕ : 9023078868

ਵਾਰਤਕ ਅਤੇ ਕਹਾਣੀ ਵਿਧਾਵਾਂ ਦੀਆਂ ਦੋ ਪੁਸਤਕਾਂ ਦੀ ਲੇਖਿਕਾ, ਸਾਹਿਤ ਦੇ ਖੇਤਰ ਵਿਚ ਚਰਚਿਤ ਨਵੇਂ ਪੁਰ ਦੀ ਕਹਾਣੀਕਾਰ ਜਸਪਾਲ ਕੌਰ ਦੇ ਇਸ ਕਹਾਣੀ ਸੰਗ੍ਰਹਿ 'ਚ ਵੱਖ-ਵੱਖ ਵਿਸ਼ਿਆਂ ਦੀ ਕਥਾ ਵਸਤੂ ਨੂੰ ਗੁੰਦ ਕੇ ਰਚੀਆਂ ਗਈਆਂ ਕਲਾਤਮਿਕ 'ਤੇ ਗੁਣਾਤਮਿਕ ਪੱਖਾਂ ਤੋਂ ਪੁਖਤਾ ਕੁੱਲ 11 ਕਹਾਣੀਆਂ ਹਨ। ਲੇਖਿਕਾ ਨੇ ਇਸ ਕਹਾਣੀ ਸੰਗ੍ਰਹਿ ਨੂੰ ਕਹਾਣੀ ਦੇ ਪਾਤਰਾਂ ਨੂੰ ਸਮਰਪਿਤ ਕੀਤਾ ਹੈ। ਮਨੋਵਿਗਿਆਨਕ ਛੋਹਾਂ ਨਾਲ ਲਬਰੇਜ਼ ਅਤੇ ਸਮਾਜ ਦੀ ਨਬਜ਼ ਅਤੇ ਰਮਜ ਨੂੰ ਭਾਂਪਦਿਆਂ ਹੋਇਆਂ ਲੇਖਿਕਾ ਨੇ ਕਹਾਣੀਆਂ ਨੂੰ ਸਵਾਦਲੀ ਅਤੇ ਦਿਲਚਸਪ ਸ਼ੈਲੀ 'ਚ ਪਾਠਕਾਂ ਦੇ ਸਨਮੁਖ ਪੇਸ਼ ਕੀਤਾ ਹੈ। ਇਸ ਕਹਾਣੀ ਸੰਗ੍ਰਹਿ ਦੀਆਂ ਕਹਾਣੀਆਂ 'ਚ ਝਲਕਦੀ ਸਾਹਿਤਕ ਤਾਜ਼ਗੀ ਪਾਠਕਾਂ ਨੂੰ ਸੰਵੇਦਨਸ਼ੀਲਤਾ ਦਾ ਅਨੁਭਵ ਕਰਵਾਉਂਦੀ ਹੋਈ ਉਨ੍ਹਾਂ ਦੇ ਮਨਾਂ ਉੱਤੇ ਡੂੰਘਾ ਪ੍ਰਭਾਵ ਛੱਡਣ ਦੀ ਸਮਰੱਥਾ ਰੱਖਦੀ ਹੈ। ਉਸ ਦੀਆਂ ਕਹਾਣੀਆਂ ਜ਼ਿੰਦਗੀ ਦੇ ਰੰਗਾਂ ਢੰਗਾਂ ਨੂੰ ਸਮੇਟਦੀਆਂ, ਉਤਾਰ-ਚੜ੍ਹਾਅ ਤੋਂ ਪਾਰ ਹੁੰਦੀਆਂ ਹੋਈਆਂ ਜ਼ਿੰਦਗੀ ਦੀ ਹਕੀਕਤ ਦੀ ਐਸੀ ਇਬਾਰਤ ਲਿਖਦੀਆਂ ਹਨ, ਜਿਨ੍ਹਾਂ ਵਿਚ ਖੁਸ਼ੀਆਂ ਅਤੇ ਉਦਾਸੀ ਦਾ ਆਲਮ ਹੈ। ਕਹਾਣੀਆਂ ਦੇ ਮੁੱਦੇ ਨੂੰ ਕਥਾ ਵਸਤੂ ਦੇ ਚੌਖਟੇ 'ਚ ਫਿੱਟ ਕਰਨ, ਘਟਨਾਵਾਂ, ਪਾਤਰਾਂ ਦੇ ਸੁਭਾਅ ਅਤੇ ਚਰਿੱਤਰ ਦੇ ਚਿੱਤਰਣ ਦੀ ਕਲਾ ਜਿੱਥੇ ਉਸ ਨੂੰ ਇੱਕ ਪ੍ਰਪਕਵ ਕਹਾਣੀਕਾਰ ਹੋਣ ਨੂੰ ਪ੍ਰਮਾਣਿਤ ਕਰਦੀ ਹੈ,ਉੱਥੇ ਉਸ ਨੂੰ ਦੂਜੇ ਕਹਾਣੀਕਾਰਾਂ ਤੋਂ ਅਲਿਹਦਗੀ ਵੀ ਪ੍ਰਦਾਨ ਕਰਦੀ ਹੈ। ਉਸ ਦੀਆਂ ਕਹਾਣੀਆਂ 'ਚ ਸਵਾਲ, ਅਹਿਸਾਸ, ਜਜ਼ਬੇ ਗੁੱਸੇ-ਗਿਲੇ, ਮੁੱਹਬਤਾਂ ਅਤੇ ਸੁਨੇਹੇ ਸਭ ਕੁੱਝ ਹੈ। ਲੇਖਿਕਾ ਪਾਤਰਾਂ ਦੇ ਕਿਰਦਾਰ ਨੂੰ ਘੜਨ 'ਚ ਮੁਹਾਰਤ ਰੱਖਦੀ ਹੈ। ਕਹਾਣੀਆਂ ਨੂੰ ਪੜ੍ਹਦਿਆਂ ਇਉਂ ਅਨੁਭਵ ਹੁੰਦਾ ਹੈ ਕਿ ਉਹ ਕਲਪਨਾ ਲੋਕ ਦੀ ਨਹੀਂ ਸਗੋਂ ਜ਼ਮੀਨੀ ਹਕੀਕਤਾਂ ਦੀ ਬਾਤ ਪਾ ਰਹੀ ਹੈ, ਕਹਾਣੀਆਂ ਦੇ ਪਾਤਰ ਆਪਣੀ ਜ਼ਿੰਦਗੀ ਦਾ ਹੀ ਹਿੱਸਾ ਜਾਪਦੇ ਹਨ। ਕਹਾਣੀਆਂ ਦੀ ਵਾਕ ਬਣਤਰ, ਸ਼ਬਦ ਚੋਣ, ਸੰਵਾਦ ਸਿਰਜਣਾ ਇਕ ਮੰਝੀ ਹੋਈ ਕਹਾਣੀਕਾਰ ਨੂੰ ਪ੍ਰਮਾਣਿਤ ਕਰਦੇ ਹਨ। ਪਾਠਕਾਂ ਨੂੰ ਭਵਿੱਖ ਵਿਚ ਉਸਦੀ ਕਲਮ ਤੋਂ ਅਜਿਹੀਆਂ ਕਹਾਣੀਆਂ ਦੀ ਸਿਰਜਣਾ ਦੀ ਆਸ ਹੈ।
-ਪ੍ਰਿੰਸੀਪਲ ਵਿਜੈ ਕੁਮਾਰ
ਮੋਬਾਈਲ : 98726-27136
ਚਿੜੇ ਵਾਲਾ ਚੌਂਕ
ਲੇਖਕ : ਡਾਕਟਰ ਮਨਜੀਤ ਸਿੰਘ ਮਝੈਲ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼ ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ : 107
ਸੰਪਰਕ : 98144-07940

'ਚਿੜੇ ਵਾਲਾ ਚੌਂਕ' ਕਹਾਣੀ ਸੰਗ੍ਰਹਿ ਡਾਕਟਰ ਮਨਜੀਤ ਸਿੰਘ ਮਝੈਲ ਦਾ ਲਿਖਿਆ ਹੋਇਆ ਹੈ, ਇਸ ਕਹਾਣੀ-ਸੰਗ੍ਰਹਿ ਵਿਚ 15 ਕਹਾਣੀਆਂ ਸ਼ਾਮਿਲ ਹਨ। ਸਾਰੀਆਂ ਕਹਾਣੀਆਂ ਬਹੁਤ ਦਿਲਚਸਪ ਹਨ। ਕਹਾਣੀਆਂ ਵਿਚਲੇ ਵਿਸ਼ੇ ਭ੍ਰਿਸ਼ਟਾਚਾਰੀ, ਮਿਲਾਵਟ ਖੋਰੀ, ਵੰਡ ਦਾ ਸੰਤਾਪ , ਵਰਤਮਾਨ ਪੀੜ੍ਹੀ ਦੇ ਬਾਹਰਲੇ ਮੁਲਕਾਂ ਨੂੰ ਜਾਣ ਦਾ ਰੁਝਾਨ, ਸਮਾਜਿਕ ਤਾਣਾ-ਬਾਣਾ ਆਦਿ ਹਨ। ਇਨ੍ਹਾਂ ਕਹਾਣੀਆਂ ਦੀ ਖ਼ੂਬਸੂਰਤੀ ਹੈ ਕਿ ਪੁਸਤਕ ਦੀ ਹਰ ਇੱਕ ਕਹਾਣੀ ਵਿਚ ਕੋਈ ਨਾ ਕੋਈ ਸੁਨੇਹਾ ਛੁਪਿਆ ਹੋਇਆ ਹੈ। ਪੁਸਤਕ ਵਿਚਲੀ ਪਹਿਲੀ ਕਹਾਣੀ 'ਚਾਂਦੀ ਦੀ ਜੁੱਤੀ' ਵਿਚ ਦਿਖਾਇਆ ਹੈ ਕਿ ਕਿਸ ਤਰ੍ਹਾਂ ਕਹਾਣੀ ਵਿਚਲਾ ਪਾਤਰ ਆਪਣਾ ਲਾਟਰੀ ਦਾ ਕੰਮ ਕਰਨ ਲਈ ਮਜਬੂਰ ਹੈ ਤੇ ਆਪਣਾ ਇਹ ਦੁੱਖ ਉਹ ਆਪਣੇ ਕਿਰਾਏਦਾਰ ਅੱਗੇ ਫੋਲਦਾ ਹੈ। ਪਰ ਜਦ ਉਨ੍ਹਾਂ ਦੇ ਘਰ ਪੁਲਿਸ ਦਾ ਛਾਪਾ ਪੈਂਦਾ ਹੈ ਤਾਂ ਕਿਰਾਏਦਾਰ ਮਜਬੂਰਨ ਉਹ ਘਰ ਛੱਡਣ ਲਈ ਮਜਬੂਰ ਹੋ ਜਾਂਦਾ ਹੈ। ਪੁਸਤਕ ਦੇ ਸਿਰਲੇਖ ਵਿਚਲੀ ਕਹਾਣੀ 'ਚਿੜੇ ਵਾਲਾ ਚੋਕ' ਇਮਾਨਦਾਰੀ ਤੇ ਬੇਈਮਾਨੀ ਦੇ ਕੰਮ ਵਿਚਲੇ ਫਰਕ ਨੂੰ ਦਰਸਾਉਂਦੀ ਹੈ। ਇਸ ਕਹਾਣੀ ਵਿਚ ਕ੍ਰਿਸ਼ਨ ਸਿੰਘ ਜਿਸ ਦੀ ਕਿ ਚਿੜੇ ਵਾਲੇ ਚੌਂਕ ਵਿਚ ਬਹੁਤ ਪੁਰਾਣੀ ਮਠਿਆਈਆਂ ਦੀ ਦੁਕਾਨ ਹੁੰਦੀ ਹੈ, ਉਹ ਆਪਣੇ ਇਸ ਕੰਮ ਵਿਚ ਕਿਸੇ ਕਿਸਮ ਦੀ ਬੇਈਮਾਨੀ ਨਹੀਂ ਕਰਦਾ, ਪਰ ਉਸ ਦਾ ਪੁੱਤਰ ਸ਼ਹਿਰ ਵਿਚ ਮਠਿਆਈਆਂ ਦੀ ਨਵੀਂ ਦੁਕਾਨ ਬਣਾਉਂਦਾ ਹੈ ਤੇ ਉੱਥੇ ਉਹ ਮਠਿਆਈਆਂ ਬਣਾਉਣ ਵਿਚ ਬੇਈਮਾਨੀ ਕਰਦਾ ਹੈ ਤੇ ਕਦੇ-ਕਦੇ ਕਿਸ਼ਨ ਸਿੰਘ ਨੂੰ ਆਪਣੇ ਕੋਲ ਬੁਲਾ ਲੈਂਦਾ ਹੈ, ਪਰ ਜਦੋਂ ਸਿਹਤ ਮਹਿਕਮੇ ਵਾਲੇ ਉਸ ਦੀ ਦੁਕਾਨ 'ਤੇ ਛਾਪਾ ਮਾਰਦੇ ਹਨ ਤਾਂ ਉਨ੍ਹਾਂ ਨੂੰ ਵੀ ਪੈਸੇ ਦੇ ਕੇ ਮਾਮਲਾ ਰਫ਼ਾ ਦਫ਼ਾ ਕਰ ਦਿੰਦਾ ਹੈ ਕਿਸ਼ਨ ਸਿੰਘ ਨੂੰ ਇਹ ਸਭ ਦੇਖ ਕੇ ਚੰਗਾ ਨਹੀਂ ਲੱਗਦਾ ਤੇ ਉਹ ਵਾਪਸ ਆਪਣੀ ਚਿੜੇ ਵਾਲੇ ਚੌਂਕ ਦੀ ਦੁਕਾਨ 'ਤੇ ਆਉਣਾ ਚਾਹੁੰਦਾ ਹੈ। ਇਸ ਤੋਂ ਇਲਾਵਾ 'ਕਸੂਰਵਾਰ ਕੌਣ' ਕਹਾਣੀ ਵਿਚ ਲੇਖਕ ਨੇ ਵਿਧਵਾ ਗਰੀਬ ਔਰਤ ਬਾਰੇ ਦਰਸਾਇਆ ਹੈ। 'ਨੇਕੀ ਕਰ ਛਿੱਤਰ ਖਾਹ' ਵਿਚ ਲੇਖਕ ਨੇ ਦੱਸਿਆ ਕਿ ਕਹਾਣੀ ਦੇ ਪਾਤਰ ਬਲਦੇਵ ਦੀ ਦੁਰਘਟਨਾ ਹੋਣ 'ਤੇ ਦੋ ਜਣੇ ਉਸ ਦੀ ਮਦਦ ਕਰਕੇ ਉਸ ਨੂੰ ਘਰ ਛੱਡਣ ਜਾਂਦੇ ਹਨ ਪਰ ਉੱਥੇ ਉਨ੍ਹਾਂ ਦੀ ਘਰਵਾਲੀ ਮਦਦ ਕਰਨ ਵਾਲਿਆਂ ਨੂੰ ਹੀ ਪੁੱਠਾ ਸਿੱਧਾ ਬੋਲਦੀ ਹੈ ਕਿਉਂਕਿ ਉਸ ਨੂੰ ਲੱਗਦਾ ਹੈ ਕਿ ਇਹੀ ਉਸ ਦੇ ਦੋਸਤ ਹਨ, ਜਿਹੜੇ ਕਿ ਉਸ ਨੂੰ ਰੋਜ਼ ਸ਼ਰਾਬ ਪਿਲਾਉਂਦੇ ਹਨ ਤੇ ਉਨ੍ਹਾਂ ਦਾ ਘਰ ਖਰਾਬ ਕਰਦੇ ਹਨ। ਉਹ ਉਨ੍ਹਾਂ ਦੋਵਾਂ ਦੀ ਗੱਲ ਸੁਣਨ ਤੋਂ ਪਹਿਲਾਂ ਹੀ ਉਨ੍ਹਾਂ ਨੂੰ ਬੁਰਾ ਭਲਾ ਕਹਿ ਦਿੰਦੀ ਹੈ। ਇਸ ਤਰ੍ਹਾਂ 'ਬਾਕੀ ਤਾਂ ਸਭ ਠੀਕ ਠਾਕ ਹੈ' ਕਹਾਣੀ ਵਿਚ ਇੰਸਪੈਕਸ਼ਨ 'ਤੇ ਆਇਆ ਅਫ਼ਸਰ ਜਦ ਮੁਲਾਜ਼ਮਾਂ ਦਾ ਹਾਲ ਚਾਲ ਪੁੱਛਦਾ ਹੈ ਤਾਂ ਮੁਲਾਜ਼ਮ ਆਪਣੇ ਆਪਣੇ ਹਾਲਾਤ ਬਾਰੇ ਦੱਸਦੇ ਹਨ, ਪਰ ਅਫ਼ਸਰ ਬਿਨਾਂ ਕੋਈ ਦਿਲਚਸਪੀ ਦਿਖਾਉਂਦੇ ਹੋਏ ਸਿਰਫ ਇਨ੍ਹਾਂ ਹੀ ਕਹਿੰਦਾ ਹੈ ਕਿ 'ਇਹ ਸਭ ਤਾਂ ਠੀਕ ਹੈ, ਪਰ ਇਸ ਤੋਂ ਇਲਾਵਾ ਹੋਰ ਸਭ ਠੀਕ ਠਾਕ ਹੈ ਨਾ' ਇਸ ਤਰ੍ਹਾਂ ਕਹਿੰਦਾ ਹੋਇਆ ਵਾਪਸ ਆਪਣੀ ਜੀਪ 'ਤੇ ਬੈਠ ਕੇ ਚਲਾ ਜਾਂਦਾ ਹੈ ਪੁਸਤਕ ਵਿਚਲੀਆਂ ਹੋਰ ਵੀ ਕਹਾਣੀਆਂ ਹਨ ਜਿਵੇਂ ਮਿਕਸਰ, ਬੇਬੀ ਸ਼ਾਵਰ, ਸੰਦੂਕ, ਬੇਸਮੈਂਟ, ਗੋਖੜੂ ਆਦਿ ਇਨ੍ਹਾਂ ਵਿਚ ਲੇਖਕ ਨੇ ਆਪਸੀ ਰਿਸ਼ਤੇ ਸਮਾਜਿਕ ਤਾਣੇ ਬਾਣਿਆਂ ਨੂੰ ਦਰਸਾਇਆ ਹੈ ਕਹਾਣੀਆਂ ਵਿਚਲੇ ਪਾਤਰ ਸਾਡੇ ਆਲੇ-ਦੁਆਲੇ ਵਿਚੋਂ ਸਿਰਜੇ ਗਏ ਹਨ। ਭਾਸ਼ਾ ਢੁਕਵੀਂ ਹੈ। ਇਹ ਕਹਾਣੀ ਸੰਗ੍ਰਹਿ ਸਾਡੇ ਸਮਾਜ ਦੀ ਨਾਂਹ-ਪੱਖੀ ਸੋਚ ਨੂੰ ਕਟਾਕਸ਼ ਲਾਉਂਦਿਆਂ ਹੋਇਆਂ ਆਦਰਸ਼ਕ ਜੀਵਨ ਜਿਊਣ ਲਈ ਪ੍ਰੇਰਨਾ ਦਿੰਦਾ ਹੈ। ਪੁਸਤਕ ਵਿਚਲੀਆਂ ਕਹਾਣੀਆਂ ਪਾਠਕਾਂ ਦੀ ਦਿਲਚਸਪੀ ਨੂੰ ਕਾਇਮ ਰੱਖਦੀਆਂ ਹਨ। ਸਾਰੀਆਂ ਕਹਾਣੀਆਂ ਵਰਤਮਾਨ ਵਰਤਾਰਿਆਂ ਬਾਰੇ ਯਥਾਰਥਕ ਪੱਖ ਸਾਹਮਣੇ ਰੱਖਣ ਵਿਚ ਕਾਇਮ ਰਹਿੰਦੀਆਂ ਹਨ।
-ਇੰਦਰਪ੍ਰੀਤ ਕੌਰ
ਮੋਬਾਈਲ : 98886-99280
ਘੱਗਰ ਕੰਢੇ ਦੇ ਕਜ਼ਾਕ
ਲੇਖਿਕਾ : ਹਰਜੀਤ ਕੌਰ ਵਿਰਕ
ਪ੍ਰਕਾਸ਼ਕ : ਦਾ ਬੁੱਕ ਹਾਈਵੇ, ਮਲੇਰਕੋਟਲਾ
ਮੁੱਲ : 250 ਰੁਪਏ, ਸਫੇ : 152
ਸੰਪਰਕ : 98147-80166

'ਘੱਗਰ ਕੰਡੇ ਦੇ ਕਜ਼ਾਕ' ਹਰਜੀਤ ਕੌਰ ਵਿਰਕ ਦਾ ਪੰਜਵਾਂ ਨਾਵਲ ਹੈ। ਇਸ ਤੋਂ ਪਹਿਲਾਂ ਉਸ ਨੇ ਚਾਰ ਨਾਵਲ, ਇਕ ਕਹਾਣੀ-ਸੰਗ੍ਰਹਿ, ਇਕ ਕਾਵਿ-ਸੰਗ੍ਰਿਹ 'ਤੇ ਹੱਥ ਅਜ਼ਮਾਈ ਕੀਤੀ ਹੈ। ਹਰਜੀਤ ਕੌਰ ਦੇ ਨਾਵਲਾਂ ਦੇ ਵਿਸ਼ੇ ਨਿਵੇਕਲੇ ਹੁੰਦੇ ਹਨ। ਸਮੁੱਚਾ ਨਾਵਲ ਨਸ਼ੇਖੋਰੀ ਤੋਂ ਨਸ਼ੇਬੰਦੀ ਦੀ ਨਿਸ਼ਾਨਦੇਹੀ ਕਰਦਾ ਹੈ, ਜਿਸ ਵਿਚ ਦੱਸਿਆ ਗਿਆ ਹੈ ਕਿ ਨਸ਼ੇ ਦੀ ਜੋ ਹਨ੍ਹੇਰੀ ਸਾਰੇ ਸਮਾਜ ਵਿਚ ਝੁੱਲੀ ਹੈ ਉਸ ਨੇ ਮਨੁੱਖੀ ਮਾਨਸਿਕਤਾ ਨੂੰ ਹਲਾ ਕੇ ਰੱਖ ਦਿੱਤਾ ਹੈ। ਪੂਰਾ ਸਮਾਜ ਹੀ ਨਸ਼ਿਆਂ ਵਿਚ ਏਨਾ ਗ੍ਰਹਿਸਤ ਹੋ ਗਿਆ ਹੈ ਕਿ ਨਸ਼ੇ ਵਾਲੇ ਨੌਜਵਾਨਾਂ ਨੇ ਆਪਣੀ ਮਾਂ ਤੱਕ ਦੇ ਰਿਸ਼ਤੇ ਦਾ ਘਾਣ ਕਰ ਦਿੱਤਾ ਹੈ। ਨਾਵਲ ਵਿਚ ਬੂਟਾ ਸਿੰਘ ਨਾਂਅ ਦੇ ਪਾਤਰ ਨੇ ਆਪਣੀ ਮਾਂ, ਜੋ ਕਿ ਜਗ ਜਨਨੀ ਹੈ, ਨੂੰ ਵੀ ਨਹੀਂ ਬਖਸ਼ਿਆ, ਕਿਉਂਕਿ ਉਸ ਦੀਆਂ ਅੱਖਾਂ ਅੱਗੇ ਉਸ ਨੂੰ ਸਿਰਫ ਨਸ਼ਾ ਹੀ ਦਿਖਾਈ ਦਿੰਦਾ ਹੈ। ਉਹ ਆਪਣੀ ਮਾਂ ਪ੍ਰਤੀ ਏਨਾ ਗਿਰ ਜਾਂਦਾ ਹੈ ਕਿ ਨਸ਼ਾ ਖਰੀਦਣ ਲਈ ਉਹ ਆਪਣੀ ਮਾਂ ਦੀ ਸੌਦੇਬਾਜ਼ੀ ਕਰ ਦਿੰਦਾ ਹੈ ਤੇ ਫਿਰ ਪੈਸੇ ਪ੍ਰਾਪਤ ਕਰਦਾ ਹੈ। ਵਿਰਕ ਨੇ ਨਸ਼ਈ ਬੰਦਿਆਂ ਦੇ ਕਿਰਦਾਰ ਨੂੰ ਉਨ੍ਹਾਂ ਦੀ ਮਾਨਸਿਕਤਾ ਵਿਚੋਂ ਮਨਫੀ ਹੋਣ ਦੀ ਬਾਤ ਪਾਈ ਹੈ । ਪਰ ਮਹਿੰਦਰ ਸਿੰਘ ਵਰਗੇ ਬੰਦੇ ਇਸ ਘੋਰ ਸੰਤਾਪ ਵਿਚੋਂ ਨਸ਼ੇਖੋਰੀ ਨੂੰ ਕੱਢ ਕੇ ਨਸ਼ਾਬੰਦੀ ਤੱਕ ਲਿਜਾਣਾ ਲੋਚਦੇ ਹਨ ਤੇ ਕਾਫੀ ਹੱਦ ਤੱਕ ਸਫਲ ਹੁੰਦੇ ਵੀ ਨਜ਼ਰ ਆਉਂਦੇ ਹਨ। ਸਮੁੱਚੇ ਰੂਪ ਵਿਚ ਅਸੀਂ ਕਹਿ ਸਕਦੇ ਹਾਂ ਕਿ 'ਘੱਗਰ ਕੰਡੇ ਦਾ ਕਜ਼ਾਕ' ਨਾਵਲ ਵਿਚ ਲੇਖਿਕਾ ਨੇ ਸਮਾਜ ਵਿਚ ਜੋ ਵਰਤਾਰਾ ਚੱਲ ਰਿਹਾ ਹੈ ਉਸ ਦੀ ਪੇਸ਼ਕਾਰੀ ਬਾਖੂਬੀ ਕੀਤੀ ਹੈ। ਜਿਸ ਵਿਚ ਨਾਵਲਕਾਰਾ ਨੇ ਲੋਕਾਂ ਦਾ ਜੋ ਕਿਰਦਾਰ ਦਰਸਾਇਆ ਹੈ ਉਸ ਦੀ ਬਿਰਤਾਂਤਕਾਰੀ ਨੂੰ ਇਸ ਨਾਵਲ ਦਾ ਕੇਂਦਰੀ ਸੁਰ ਬਣਾਇਆ ਗਿਆ ਹੈ। ਇਸ ਨਾਵਲ ਵਿਚ ਏਨੀ ਯਥਾਰਥਿਕਤਾ ਹੈ ਕਿ ਉਹ ਪਾਠਕ ਨੂੰ ਵੀ ਆਪਣੇ ਨਾਲ ਹੀ ਤੋਰ ਲੈਂਦੀ ਹੈ। ਉਹ ਕਿਸੇ ਤਰ੍ਹਾਂ ਵੀ ਪੰਜਾਬ ਵਿਚ ਵਗ ਰਹੇ ਨਸ਼ਿਆ ਦੇ ਛੇਵੇਂ ਦਰਿਆ ਨੂੰ ਠੱਲ੍ਹ ਪਾਉਣਾ ਚਾਹੁੰਦੀ ਹੈ। ਇਸ ਤਰ੍ਹਾਂ ਨਾਵਲਕਾਰਾ ਨੇ ਨਾਵਲ ਵਿਚ ਸਮਾਜ ਦੇ ਬਹੁ-ਭਾਂਤੀ ਵਿਸ਼ਿਆਂ ਨੂੰ ਛੋਹਿਆ ਹੈ। ਨਾਵਲਕਾਰਾ ਵਧਾਈ ਦੀ ਪਾਤਰ ਹੈ।
-ਡਾ. ਗੁਰਬਿੰਦਰ ਕੌਰ ਬਰਾੜ
ਮੋਬਾਈਲ : 09855395161
ਅਨਮੋਲ ਖਾਣੇ
ਪ੍ਰੋ. (ਡਾ.) ਹਰਸ਼ਿੰਦਰ ਕੌਰ
ਪ੍ਰਕਾਸ਼ਕ : ਸਿੰਘ ਬ੍ਰਦਰਜ਼ ਅੰਮ੍ਰਿਤਸਰ
ਮੁੱਲ : 200 ਰੁਪਏ, ਸਫੇ : 199
ਸੰਪਰਕ : 98555-66345

ਪ੍ਰੋ. ਡਾ. ਹਰਸ਼ਿੰਦਰ ਕੌਰ ਐਮ.ਡੀ. ਬੱਚਿਆਂ ਦੇ ਪ੍ਰਸਿੱਧ ਮਾਹਿਰ ਵਜੋਂ ਜਾਣੇ ਜਾਂਦੇ ਹਨ। ਹਥਲੀ ਕਿਤਾਬ ਤੋਂ ਪਹਿਲਾਂ ਉਹ ਵੱਖ-ਵੱਖ ਵਿਸ਼ਿਆਂ 'ਤੇ 47 ਕਿਤਾਬਾਂ ਲਿਖ ਚੁੱਕੇ ਹਨ, ਉਨ੍ਹਾਂ ਦੀਆਂ ਰਚਨਾਵਾਂ ਨੂੰ ਪਾਠਕਾਂ ਵਲੋਂ ਬੇਹੱਦ ਹੁੰਗਾਰਾ ਮਿਲਿਆ ਹੈ। ਇੰਜ ਹਥਲੀ ਪੁਸਤਕ ਉਨ੍ਹਾਂ ਦੀ ਕਲਮ ਤੋਂ ਲਿਖੀ 48ਵੀਂ ਕਿਤਾਬ ਹੈ। ਉਹ ਸਰਲ ਅਤੇ ਸੌਖੀ ਸ਼ੈਲੀ ਵਿਚ ਆਪਣੀ ਗੱਲ ਕਹਿਣ ਦੇ ਸਮਰੱਥ ਹਨ। ਅਨਮੋਲ ਖਾਣਿਆਂ ਵਾਲੀ ਇਸ ਕਿਤਾਬ ਵਿਚ ਉਨ੍ਹਾਂ ਨੇ ਵਡਮੁੱਲੀ ਅਤੇ ਬਹੁਪੱਖੀ ਜਾਣਕਾਰੀ ਦਿੱਤੀ ਹੈ। ਭਾਵ ਅਲਸੀ, ਬਾਥੂ, ਨਾਗਫ਼ਨੀ, ਹਦਵਾਣਾ, ਐਲਫਾਲਫਾ ਬੂਟੀ, ਗੋਂਗਲੂ, ਫਟਕੜੀ, ਮੋਰਿੰਗਾ, ਕੋਧਰੇ ਦੀ ਰੋਟੀ, ਰੋਂਗੀ, ਰਾਜਮਾਂਹ ਤੇ ਰਾਗੀ, ਹਰੀ ਤੇ ਲਾਲ ਚੌਲਾਈ, ਸ਼ਹਿਤੂਤ ਆਦਿ। ਬਹੁਪੱਖੀ ਵਿਸਤ੍ਰਿਤ ਚਰਚਾ ਕਰਦਿਆਂ ਦੱਸਿਆ ਗਿਆ ਹੈ, 'ਕੀ ਵਸਤੂ ਦੇ ਖਾਣ ਨਾਲ ਕੀ ਲਾਭ ਹੁੰਦੇ ਨੇ? ਵੱਖ-ਵੱਖ ਵਸਤਾਂ ਵਿਚ ਕਿਹੜੇ-ਕਿਹੜੇ ਭੋਜਨ ਦੇ ਤੱਤ ਹੁੰਦੇ ਨੇ? ਕਿਹੜੀ ਵਸਤੂ ਖਾਣ ਦੇ ਸਹੀ ਤਰੀਕੇ ਕੀ ਹੁੰਦੇ ਨੇ? ਲੋੜ ਤੋਂ ਵੱਧ ਘੱਟ-ਖਾਣ ਨਾਲ ਕੀ ਨੁਕਸਾਨ ਹੁੰਦੇ ਨੇ? ਪੁਰਾਣੇ ਸਮੇਂ ਤੋਂ ਅੱਜ ਤੱਕ ਵਸਤੂਆਂ ਵਿਚ ਕਿਹੜੀ ਵਿਲੱਖਣ ਤਬਦੀਲੀ ਆਈ ਹੈ? ਵਸਤਾਂ ਵਿਚ ਮਿਲਾਵਟ ਦੇ ਕੀ ਨੁਕਸਾਨ ਨੇ? ਕਿਹੜੀ ਵਸਤੂ ਕਿੰਨੀ ਮਾਤਰਾ ਵਿਚ ਖਾਣੀ ਠੀਕ ਹੁੰਦੀ ਹੈ? ਨਰੋਈ ਸਿਹਤ ਲਈ ਉੱਤਮ ਖਾਣੇ ਕਿਹੜੇ-ਕਿਹੜੇ ਨੇ? ਆਦਿ। ਸਭ ਪ੍ਰਸ਼ਨਾਂ ਦੇ ਉੱਤਰ ਦਿੱਤੇ ਗਏ ਨੇ। ਇਸੇ ਹੀ ਪੁਸਤਕ ਵਿਚ ਦੱਸਿਆ ਗਿਆ ਹੈ ਕਿ ਪੱਛਮੀ ਸੱਭਿਅਤਾ ਸਾਡੇ ਖਾਣ-ਪੀਣ ਨੂੰ ਕਿਵੇਂ ਪ੍ਰਭਾਵਿਤ ਕੀਤਾ ਹੈ?
ਸਿਹਤ ਵਿਗਿਆਨ ਦੀਆਂ ਪ੍ਰਸਿੱਧ ਹਸਤੀਆਂ ਦੇ ਹਵਾਲੇ ਦੇ ਕੇ ਆਪਣੇ ਵਿਚਾਰਾਂ ਦੀ ਪੁਸ਼ਟੀ ਕੀਤੀ ਹੈ। ਇਸ ਤੋਂ ਬਿਨਾਂ ਡਾ. ਹਰਸ਼ਿੰਦਰ ਕੌਰ ਨੇ ਸਿਹਤ ਸੰਬੰਧੀ ਫੁਟਕਲ ਨਿਬੰਧ ਵੀ ਸਿਰਜੇ ਹਨ। ਭਾਵ ਆਦਿ ਮਨੁੱਖ ਦੀ ਖੁਰਾਕ, ਸ਼ਲਗਮ ਬਾਰੇ ਆਧੁਨਿਕ ਖੋਜ, ਚਮੜੀ ਦੀ ਸੰਭਾਲ ਕਿਹੜੇ-ਕਿਹੜੇ ਖਾਣਿਆਂ ਨਾਲ ਕੀਤੀ ਜਾ ਸਕਦੀ ਹੈ? ਖਾਣ-ਪੀਣ ਦੀਆਂ ਵਸਤਾਂ ਤੋਂ ਐਲਰਜੀ ਕਿਵੇਂ ਹੁੰਦੀ ਹੈ? ਮੈਦੇ ਦੀ ਜ਼ਿਆਦਾ ਵਰਤੋਂ ਕਿਵੇਂ ਹਾਨੀਕਾਰਕ ਹੈ? ਭੋਜਨ ਕਿਵੇਂ ਨੀਂਦ ਨੂੰ ਪ੍ਰਭਾਵਿਤ ਕਰਦਾ ਹੈ? ਹਿੰਗ ਦੀ ਵਰਤੋਂ ਦੇ ਕੀ ਲਾਭ ਹਨ? ਗੁਰਦੇ ਦੇ ਰੋਗੀਆਂ ਲਈ ਰਿੱਝੇ ਖਾਣੇ ਲਾਭਦਾਇਕ ਹਨ? ਕੋਵਿਡ ਮਹਾਂਮਾਰੀ ਸਮੇਂ ਕਿਹੜੀਆਂ-ਕਿਹੜੀਆਂ ਵਸਤੂਆਂ ਦਾ ਪ੍ਰਯੋਗ ਕਿਵੇਂ ਕਰਨਾ ਚਾਹੀਦਾ ਹੈ? ਕੇਲ ਬੇਸ਼ਕੀਮਤੀ ਪੱਤਾ ਹੁੰਦਾ ਹੈ। ਮਸਾਲਿਆਂ ਦੀ ਰਾਣੀ 'ਦਾਲਚੀਨੀ' ਹੁੰਦੀ ਹੈ। ਛੋਟੀ 'ਇਲਾਇਚੀ' ਨੂੰ ਮਹਾਰਾਣੀ ਕਿਹਾ ਗਿਆ ਹੈ। ਧਤੂਰੇ ਦੀ ਵਰਤੋਂ ਆਮ ਕਰਕੇ ਨੁਕਸਾਨਦੇਹ ਮੰਨੀ ਜਾਂਦੀ ਹੈ। ਕਈ ਖਾਣੇ ਅੱਖਾਂ ਲਈ ਖਤਰਨਾਕ ਹੁੰਦੇ ਨੇ, ਮੋਟਾਪਾ ਢਿੱਡ ਦੇ ਵਿਚੋਂ ਹੀ ਪੈਦਾ ਹੁੰਦਾ ਹੈ। ਪਾਣੀ ਪੀਣ ਦੀ ਠੀਕ ਵਿਧੀ ਕੀ ਹੈ? ਸਲਾਹ ਦਿੱਤੀ ਗਈ ਹੈ ਕਿ ਘਰ ਦੀ ਸੰਤੁਲਿਤ ਖੁਰਾਕ ਦੀ ਰੀਸ ਨਹੀਂ। ਬਜ਼ਾਰੀ ਖਾਣੇ ਨਹੀਂ ਖਾਣੇ ਚਾਹੀਦੇ। ਸਬਜ਼ੀਆਂ, ਫਲ ਰੋਜ਼ ਖਾਣੇ ਚਾਹੀਦੇ ਨੇ। ਮਾਨਸਿਕ ਤਣਾਅ ਛੱਡਣਾ ਚਾਹੀਦਾ ਹੈ। ਰੈਗੂਲਰ ਕਸਰਤ ਕਰਨੀ ਚਾਹੀਦੀ ਹੈ, ਇੰਜ ਬਿਮਾਰੀ ਨਾਲ ਜੂਝਣ ਦੀ ਸ਼ਕਤੀ ਵਧ ਜਾਂਦੀ ਹੈ।
-ਡਾ. ਧਰਮ ਚੰਦ ਵਾਤਿਸ਼
vatishdharamchand@gmai.com
ਨਕਸਲੀ ਪੰਜਾਬੀ ਕਵਿਤਾ
ਲੇਖਕ : ਡਾ. ਗੁਰਇਕਬਾਲ ਸਿੰਘ
ਪ੍ਰਕਾਸ਼ਕ : ਹਾਊਸ ਆਫ਼ ਲਿਟਰੇਚਰ, ਲੁਧਿਆਣਾ
ਮੁੱਲ : 300 ਰੁਪਏ, ਸਫ਼ੇ : 168
ਸੰਪਰਕ : 98158-26301

ਡਾ. ਗੁਰਇਕਬਾਲ ਸਿੰਘ ਪਿਛਲੀ ਇੱਕ-ਚੌਥਾਈ ਸਦੀ ਤੋਂ ਪੰਜਾਬੀ ਆਲੋਚਨਾ ਦੇ ਖੇਤਰ ਵਿਚ ਗਤੀਸ਼ੀਲ ਹੈ। ਉਸ ਨੇ ਹੁਣ ਤੱਕ 18 ਕਿਤਾਬਾਂ ਦੀ ਰਚਨਾ ਕੀਤੀ ਹੈ, ਜਿਸ ਵਿਚ ਆਲੋਚਨਾ, ਸੰਪਾਦਨਾ, ਕਾਵਿ-ਸੰਗ੍ਰਹਿ ਤੇ ਇੱਕ ਅੰਗਰੇਜ਼ੀ ਦੀ ਕਿਤਾਬ ਵੀ ਸ਼ਾਮਿਲ ਹੈ। ਵਿਚਾਰ ਅਧੀਨ ਪੁਸਤਕ ਵਿਚ ਨਕਸਲਬਾੜੀ ਲਹਿਰ ਦੇ ਉਥਾਨ ਤੇ ਨਕਸਲੀ ਪੰਜਾਬੀ ਕਵਿਤਾ ਦੇ ਵਿਕਾਸ ਤੇ ਪਤਨ ਦੀ ਚਰਚਾ ਦਾ ਜ਼ਿਕਰ ਹੋਇਆ ਹੈ। ਇਸ ਦੇ ਨਾਲ ਹੀ ਪਾਸ਼, ਲਾਲ ਸਿੰਘ ਦਿਲ, ਸੰਤ ਰਾਮ ਉਦਾਸੀ, ਦਰਸ਼ਨ ਖਟਕੜ, ਅਮਰਜੀਤ ਚੰਦਨ, ਸੁਰਜੀਤ ਪਾਤਰ ਜਿਹੇ ਜੁਝਾਰਵਾਦੀ ਕਵੀਆਂ ਦੀ ਕਵਿਤਾ ਨੂੰ ਇਸ ਲਹਿਰ ਅਧੀਨ ਸ਼ਾਮਿਲ ਕਰਕੇ ਵਿਸ਼ਲੇਸ਼ਣ ਕੀਤਾ ਗਿਆ ਹੈ। ਮੁੱਖ ਤੌਰ 'ਤੇ ਕਿਤਾਬ ਦੇ ਪ੍ਰਸਤਾਵਨਾ ਅਤੇ ਪੁਸਤਕ ਸੂਚੀ ਤੋਂ ਬਿਨਾਂ 10 ਅਧਿਆਏ ਬਣਾਏ ਗਏ ਹਨ : ਨਕਸਲਬਾੜੀ ਲਹਿਰ ਦਾ ਉਥਾਨ, ਪੰਜਾਬ ਵਿਚ ਪ੍ਰਾਰੰਭ : ਇਤਿਹਾਸਕ ਪਰਿਪੇਖ, ਨਕਸਲੀ ਪੰਜਾਬੀ ਕਵਿਤਾ ਦਾ ਉਥਾਨ, ਨਕਸਲੀ ਕਵਿਤਾ ਦਾ ਵਿਕਾਸ ਤੇ ਪਤਨ, ਪਾਸ਼, ਲਾਲ ਸਿੰਘ ਦਿਲ, ਸੰਤ ਰਾਮ ਉਦਾਸੀ, ਦਰਸ਼ਨ ਖਟਕੜ, ਅਮਰਜੀਤ ਚੰਦਨ, ਸੁਰਜੀਤ ਪਾਤਰ। ਦੂਜੀ ਸੰਸਾਰ ਜੰਗ (1939-45) ਤੋਂ ਬਾਅਦ ਬਹੁਤ ਸਾਰੇ ਏਸ਼ਿਆਈ ਤੇ ਅਫ਼ਰੀਕੀ ਦੇਸ਼ਾਂ ਵਿਚ ਚੱਲ ਰਹੇ ਕੌਮੀ ਮੁਕਤੀ ਘੋਲ ਸਫ਼ਲ ਹੋਏ, ਜੋ ਵਧੇਰੇ ਕਰਕੇ ਹਥਿਆਰਬੰਦ ਲੜਾਈ ਵਾਲੇ ਸਨ। ਭਾਰਤ ਵਿਚ ਸ਼ੁਰੂ ਹੋਈਆਂ ਕ੍ਰਾਂਤੀਕਾਰੀ ਲਹਿਰਾਂ ਬੰਗਾਲ ਤੇ ਪੰਜਾਬ ਵਿਚ ਵਧੀਆਂ-ਫੁੱਲੀਆਂ। ਪੰਜਾਬ ਵਿਚ ਕੂਕਾ ਲਹਿਰ, ਗ਼ਦਰ ਲਹਿਰ, ਬੱਬਰ ਅਕਾਲੀ ਲਹਿਰ, ਨੌਜਵਾਨ ਭਾਰਤ ਸਭਾ ਆਦਿ ਨਕਸਲਬਾੜੀ ਲਹਿਰ ਦਾ ਮੁੱਢ ਬੰਨ੍ਹਣ ਵਾਲੀਆਂ ਲਹਿਰਾਂ ਹਨ। ਪੰਜਾਬੀ ਵਿਚ ਨਕਸਲੀ ਕਵਿਤਾ ਸੱਤਵੇਂ ਦਹਾਕੇ ਵਿਚ ਸ਼ੁਰੂ ਹੋਈ। ਇਸ ਸੰਦਰਭ ਵਿਚ ਮਿੱਟੀ ਦਾ ਰੰਗ, ਲਹੂ ਦੇ ਨਕਸ਼, ਵਿਦਰੋਹ, ਸਤਲੁਜ ਦੀ ਹਵਾ, ਲਹੂ ਭਿੱਜੇ ਬੋਲ, ਆਰੰਭ, ਕੌਣ ਨਹੀਂ ਚਾਹੇਗਾ, ਉਡਦੇ ਬਾਜ਼ਾਂ ਮਗਰ, ਸੰਗੀ ਸਾਥੀ, ਮੁਖੌਟੇ, ਅਸਲ ਗੱਲ, ਕਾਲੇ ਦਿਨ, ਸੂਰਜਾਂ ਦੇ ਹਮਸਫ਼ਰ, ਸਫ਼ਰ ਦੇ ਬੋਲ, ਕੋਲਾਜ, ਜਦੋਂ ਪਿੰਡ ਬੋਲਦਾ ਹੈ, ਕਾਲੇ ਕੋਹਾਂ ਤੋਂ ਦੂਰ, ਕੱਚੀ ਮਿੱਟੀ ਦੇ ਬੌਨੇ, ਪੌਣ ਉਦਾਸ ਹੈ, ਆਦਿ ਕਾਵਿ ਸੰਗ੍ਰਹਿ ਪ੍ਰਮੁੱਖਤਾ ਨਾਲ ਇਸ ਸੰਕਲਪ ਦੀ ਵਿਆਖਿਆ ਕਰਦੇ ਹਨ। 1968 ਤੋਂ 1972 ਦਾ ਸਮਾਂ ਪੰਜਾਬੀ ਨਕਸਲੀ ਕਵਿਤਾ ਦੇ ਉਭਾਰ ਤੇ ਚੜ੍ਹਾਈ ਦਾ ਸਮਾਂ ਹੈ। ਉਦਾਹਰਨ ਵਜੋਂ ਲਾਲ ਸਿੰਘ ਦਿਲ ਅਤੇ ਦਰਸ਼ਨ ਖਟਕੜ ਦੀਆਂ ਕਵਿਤਾਵਾਂ ਚੋਂ ਦੋ ਨਮੂਨੇ ਪੇਸ਼ ਹਨ :
ਐ ਕੁਲੀਆਂ 'ਚ ਜਾਗਦਿਓ
ਇਨਕਲਾਬ ਝੁੱਗੀਆਂ ਚੋਂ ਨਿਕਲਣਾ
ਐ ਖੱਤਿਆਂ 'ਚ ਜਾਗਦਿਓ
ਇਨਕਲਾਬ ਖੇਤਾਂ ਵਿਚੋਂ ਪੈਦਾ ਹੁੰਦਾ
ਐ ਮਿੱਲਾਂ 'ਚੋਂ ਤੱਕਦੇ ਸਵੇਰ ਲੋਕ
ਇਨਕਲਾਬ ਮਿੱਲਾਂ ਵਿਚੋਂ ਜਾਗਦਾ
ਐ ਨਾਲੀਆਂ ਦੇ ਕੰਢਿਆਂ 'ਤੇ ਰੁਲਦਿਓ
ਇਨਕਲਾਬ ਬੰਦੂਕਾਂ ਦੀਆਂ
ਨਾਲੀਆਂ 'ਚੋਂ ਨਿਕਲਦਾ। (ਦਿਲ)
ਪਹਿਲੀ ਮਾਰਾਂ ਸਿਰ ਸਰਦਾਰਾਂ ਦੇ
ਜਿਹੜਾ ਸਿਰ 'ਤੇ ਨਿੱਤ ਚੜ੍ਹੇ
ਫਿਰ ਮੈਂ ਪਿੰਡ ਦੇ ਸੇਠ ਨੂੰ
ਜਾ ਢਾਵਾਂ ਵਿਚ ਰੜੇ। (ਖਟਕੜ)
1973 ਤੋਂ ਪਿੱਛੋਂ ਇਸ ਲਹਿਰ ਦਾ ਗਰਾਫ਼ ਡਿਗਣਾ ਸ਼ੁਰੂ ਹੋ ਜਾਂਦਾ ਹੈ ਤੇ ਇਹਦੀ ਸੁਰ ਵਿਚੋਂ ਇਨਕਲਾਬੀ ਤੇਜ, ਹੌਸਲਾ, ਰੋਹ ਤੇ ਸ਼ਕਤੀ ਮਨਫ਼ੀ ਹੁੰਦੀ ਗਈ। ਡਾ. ਗੁਰਇਕਬਾਲ ਸਿੰਘ ਦਾ ਇਹ ਅਧਿਐਨ ਨਿਸ਼ਚੈ ਹੀ ਬੜਾ ਸੂਖਮ ਤੇ ਵਿਸਤ੍ਰਿਤ ਹੈ। ਲੇਖਕ ਨੇ ਹਰ ਚੈਪਟਰ ਦੇ ਅੰਤ ਵਿਚ ਫੁੱਟਨੋਟ ਤੇ ਹਵਾਲੇ ਦੇਣ ਦੇ ਨਾਲ-ਨਾਲ ਪੁਸਤਕ ਦੇ ਅੰਤ ਵਿਚ ਪੰਜਾਬੀ, ਹਿੰਦੀ, ਅੰਗਰੇਜ਼ੀ ਪੁਸਤਕ ਸੂਚੀ ਅਤੇ ਪੱਤ੍ਰਿਕਾਵਾਂ ਦਾ ਵੇਰਵਾ ਦੇ ਕੇ ਇਸ ਦੇ ਮੁਲਾਂਕਣ ਵਿਚ ਹੋਰ ਵੀ ਵਾਧਾ ਕੀਤਾ ਹੈ। ਖੋਜ ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਨਕਸਲੀ ਕਵਿਤਾ ਬਾਰੇ ਇਹ ਅਧਿਐਨ ਨਵੇਂ ਦਿਸਹੱਦੇ ਖੋਲ੍ਹੇਗਾ, ਅਜਿਹਾ ਮੇਰਾ ਵਿਸ਼ਵਾਸ ਹੈ!
-ਪ੍ਰੋ. ਨਵ ਸੰਗੀਤ ਸਿੰਘ
ਮੋਬਾਈਲ : 94176-92015
ਬੋਹੜ ਖ਼ੁਸ਼ ਹੈ
ਲੇਖਕ : ਦਰਸ਼ਨ ਸਿੰਘ ਆਸ਼ਟ
ਪ੍ਰਕਾਸ਼ਕ : ਸਾਹਿਤਯਸ਼ਿਲਾ ਪ੍ਰਕਾਸ਼ਨ, ਸ਼ਾਹਦਰਾ, ਦਿੱਲੀ।
ਮੁੱਲ : 380 ਰੁਪਏ, ਸਫ਼ੇ : 88
ਸੰਪਰਕ : 98144-23703

ਪੰਜਾਬੀ ਬਾਲ-ਸਾਹਿਤ ਖੇਤਰ 'ਚ ਡਾ. ਦਰਸ਼ਨ ਸਿੰਘ ਆਸ਼ਟ, ਨਾਮਵਰ ਪੁਰਸਕਾਰਾਂ ਨਾਲ ਅਲੰਕ੍ਰਿਤ ਸਾਹਿਤਕਾਰ ਹੈ। ਉਸ ਦੀ ਸਮੁੱਚੀ ਰਚਨਾਵਲੀ ਹੁਣ ਤੱਕ ਲਗਭਗ 130 ਬਣਦੀ ਹੈ ਜੋ ਅਜੇ ਵੀ ਸਿਰੜ ਪੁਗਾ ਰਿਹਾ ਹੈ। ਉਹ ਬਾਲ-ਸਾਹਿਤ ਪੁਸਤਕਾਂ ਦਾ ਲੇਖਾ-ਜੋਖਾ ਵੀ ਕਰਦਾ ਰਹਿੰਦਾ। 'ਬੋਹੜ ਖ਼ੁਸ਼ ਹੈ' 2025 'ਚ ਪ੍ਰਕਾਸ਼ਿਤ ਪੁਸਤਕ ਵਿਚ ਗਿਆਰਾਂ ਬਾਲ-ਕਹਾਣੀਆਂ ਹਨ, ਜਿਨ੍ਹਾਂ ਦੇ ਪਾਤਰ ਜੰਗਲੀ ਜੀਵ, ਬੱਚੇ, ਮਾਪੇ ਤੇ ਰਿਸ਼ਤੇਦਾਰਾਂ ਦੀ ਭਾਗੀਦਾਰੀ ਹੈ। 'ਬੋਹੜ ਖ਼ੁਸ਼ ਹੈ' ਕਹਾਣੀ ਜੰਗਲੀ ਜੀਵਾਂ ਦਾ ਬਸੇਰਾ ਬੋਹੜ ਹੈ, ਜਦੋਂ ਕਿਸੇ ਕਾਰਨ ਬੋਹੜ ਸੁੱਕਣ ਲਗਦਾ ਤਾਂ ਉਸ 'ਤੇ ਰਹਿੰਦੇ ਪੰਛੀ ਸਾਥ ਛੱਡਣ ਦੀ ਸੋਚਦੇ ਪਰੰਤੂ ਸੰਕਟ ਸਮੇਂ ਘੁੱਗੀ ਸੁੱਕੇ ਬੋਹੜ ਦੀਆਂ ਜੜ੍ਹਾਂ 'ਚ ਨਿੱਕੀ-ਚੁੰਝ ਨਾਲ ਪਾਣੀ ਪਾਉਣ ਦਾ ਕਾਰਜ ਕਰਦੀ ਤੇ ਬੋਹੜ ਹਰਾ ਹੋਣਾ ਸ਼ੁਰੂ ਹੋ ਜਾਂਦਾ ਤੇ ਪੰਛੀ ਮੁੜ ਆਪਣੀ ਗ਼ਲਤੀ ਦਾ ਅਹਿਸਾਸ ਕਰਦੇ ਵਿਖਾਏ ਹਨ। ਇਕ ਵੱਡਾ ਸੰਦੇਸ਼ ਦਿੱਤਾ ਗਿਆ। ਕਲਾ ਦੀ ਖ਼ੁਸ਼ਬੂ 'ਚ ਰਜਨੀ ਦੀ ਸੰਗਤ ਨਾਲ ਰਾਣੀ ਤੇ ਕੱਲੂ ਦੀ ਕਲਾਕਾਰੀ ਵਿਖਾਈ ਗਈ ਹੈ। ਬੱਚਿਆਂ ਦੇ ਅੰਦਰਲੇ ਹੁਨਰ ਕਮਾਲ ਕਰ ਸਕਦੇ ਹਨ। ਗ੍ਰੀਟਿੰਗ ਕਾਰਡ ਹੱਥੀਂ ਬਣਾਉਣ ਦੀ ਖ਼ੁਸ਼ੀ ਸ਼ੋਭਾ ਵਧਾਉਂਦੀ। 'ਇਨਾਮ' 'ਚ ਚਾਈਨਾ ਡੋਰ ਨਾਲ ਜ਼ਖ਼ਮੀ ਘੁੱਗੀ ਨੂੰ ਰਾਹੁਲ ਬਚਾਉਣ ਲਈ ਇਨਾਮ ਪ੍ਰਾਪਤ ਕਰ ਲੈਂਦਾ ਤੇ ਉਸ ਦੀ ਭੂਆ ਤੇ ਫੁੱਫੜ ਉਸ ਨੂੰ ਗਣਤੰਤਰ ਦਿਵਸ ਪਰੇਡ ਵਿਖਾਉਣ ਲੈ ਜਾਂਦੇ ਹਨ, ਇਹ ਉਸ ਲਈ ਵੱਡੀ ਪ੍ਰਾਪਤੀ ਹੈ। ਬੱਲੂ ਦਾ ਸੁਪਨਾ ਸਾਕਾਰ ਹੁੰਦਾ ਵਿਖਾਇਆ ਤੇ ਬੱਲੂ ਮੁੜ ਆਪਣੀ ਪੜ੍ਹਾਈ 'ਚ ਮੱਲਾਂ ਮਾਰਦਾ। ਬੱਚੇ ਦੀ ਮਾਨਸਿਕਤਾ ਨੂੰ ਸਮਝਣ ਦੀ ਵਧੀਆ ਵਿਧੀ ਹੈ ਪਰੰਤੂ ਕਹਾਣੀ ਵਧੇਰੇ ਘਸੀਟੀ ਗਈ, ਸੰਜਮ ਵਰਤਿਆ ਜਾ ਸਕਦਾ ਸੀ। ਸਮੇਂ ਦੀ ਸਹੀ ਵਰਤੋਂ 'ਚ ਕੰਮ ਕਰਨ 'ਤੇ ਕੋਈ ਕਲਾ ਕ੍ਰਿਤੀ ਸਿੱਖਣ ਦੀ ਪ੍ਰੇਰਨਾ ਦਿੱਤੀ ਗਈ ਤਾਂ ਜੋ ਬੱਚੇ ਛੁੱਟੀਆਂ ਦਾ ਸਹੀ ਪ੍ਰਯੋਗ ਕਰ ਸਕਣ। 'ਮੈਨੂੰ ਸਾਈਕਲ ਨਹੀਂ ਚਾਹੀਦਾ' ਇਕ ਹੋਣਹਾਰ ਬਾਲਕ ਰਮਨ ਆਪਣੇ ਪਿਤਾ ਦੀ ਘਾਲਣਾ ਦੀ ਕਦਰ ਕਰਦਾ ਤੇ ਵਾਹਵਾ ਖੱਟਦਾ। ਚੋਰ ਤੇ ਰਾਜਾ ਇਕ ਬੋਧ-ਕਥਾ ਹੈ, ਜਿਸ 'ਚ ਚੋਰ ਇਕ ਚੰਗਾ ਇਨਸਾਨ ਬਣ ਕੇ ਰਾਜੇ ਦੀ ਰਾਜਕੁਮਾਰੀ ਦੀ ਜ਼ਿੰਦਗੀ ਬਚਾਉਂਦਾ। 'ਅੱਖਰਾਂ ਦਾ ਜਾਦੂ' 'ਚ ਪੱਪੂ ਨੂੰ (ਕੁਰਾਹੇ ਬਾਲਕ ਨੂੰ ਪਿਤਾ ਆਪਣੀ ਸਿਆਣਪ ਨਾਲ ਸੁਧਾਰ ਲੈਂਦਾ। ਸਖ਼ਤੀ ਨਾਲੋਂ ਜੁਗਤ ਕੰਮ ਵਿਖਾਉਂਦੀ। 'ਰਸ਼ਮੀ' 'ਚ ਭੈਣ-ਭਰਾ ਦੇ ਉਸਾਰੂ ਪੱਖ ਵੱਲ ਬਿਰਤਾਂਤ ਸਿਰਜਿਆ ਗਿਆ। 'ਬੋਝ ਉਤਰ ਗਿਆ' 'ਚ ਵੀ ਆਪਣੇ ਭਰਾ ਚੇਤਨ ਨੂੰ ਨੀਤੂ ਚੋਰੀ ਕੀਤੀ ਕਿਤਾਬ ਅਪ੍ਰਵਾਨ ਕਰਕੇ ਕਿਤਾਬ ਜੋ ਚੋਰੀਕੀਤੀ ਸੀ ਮੁੜ ਵਾਪਸ ਕਰਾਉਂਦੀ। 'ਬੇਗਾਨੀ ਚੀਜ਼' 'ਚ ਰਾਹੁਲ ਨੂੰ ਲੱਭਿਆ ਪਰਸ ਮੋੜਨ ਦੀ ਘਟਨਾ ਬੜਾ ਕੁਝ ਗ੍ਰਹਿਣ ਕਰਾਉਂਦੀ ਤੇ ਸਚਿਆਈ ਨੂੰ ਉਭਾਰਦੀ। ਹਰ ਕਹਾਣੀ ਅਨੁਸਾਰ ਕਾਲੇ-ਚਿੱਟੇ ਚਿੱਤਰ ਬਣਾਏ ਗਏ ਹਨ। ਕਿਤੇ-ਕਿਤੇ ਕਹਾਣੀ ਵਿਸਥਾਰ ਤੇ ਵਿਸ਼ੇ ਦੀ ਵਿਆਖਿਆ ਕਰਨ ਲਗਦੀ। ਬੱਚਾ ਆਪ ਸਿੱਟਾ ਕੱਢੇ ਤਾਂ ਰਚਨਾ ਪ੍ਰਭਾਵਸ਼ਾਲੀ ਅੰਤ ਵਾਲੀ ਹੋ ਸਕਦੀ।
-ਮਨਮੋਹਨ ਸਿੰਘ ਦਾਊਂ
ਮੋਬਾਈਲ : 98151-23900
ਚਿਣਗਾਂ
ਕਵਿੱਤਰੀ : ਮੀਤ ਮਨਪ੍ਰੀਤ
ਪ੍ਰਕਾਸ਼ਕ : ਸੁਮਿਤ ਪ੍ਰਕਾਸ਼ਨ, ਲੁਧਿਆਣਾ।
ਮੁੱਲ : 250 ਰੁਪਏ, ਸਫੇ : 98
ਸੰਪਰਕ : 85579-35379

ਇਸ ਕਾਵਿ-ਸੰਗ੍ਰਹਿ ਵਿਚ ਉਨੱਤਰ ਕਵਿਤਾਵਾਂ ਅੰਕਿਤ ਹਨ। ਇਨ੍ਹਾਂ ਸਾਰੀਆਂ ਕਵਿਤਾਵਾਂ ਦਾ ਰਚਨਾਤਮਕ ਸਰੋਤ ਸੁਲਗਦੇ ਅਹਿਸਾਸ ਹਨ। ਕਵਿੱਤਰੀ ਦੇ ਜਜ਼ਬੇ, ਵਲਵਲੇ, ਭਾਵਨਾਵਾਂ ਅਤੇ ਉਮੰਗਾਂ ਦਾ ਵਹਾਓ ਪ੍ਰਬਲਤਾ ਸਹਿਤ ਪ੍ਰਗਟ ਹੁੰਦਾ ਪੜ੍ਹਿਆ (ਵੇਖਿਆ) ਜਾ ਸਕਦਾ ਹੈ। ਸ਼ਬਦ-ਸ਼ਬਦ ਅਤੇ ਤੁੱਕ-ਤੁੱਕ ਵਿਚ ਰਸਕਤਾ ਭਰਪੂਰ ਪ੍ਰਵਾਹ ਚਲਦਾ ਪ੍ਰਤੀਤ ਹੁੰਦਾ ਹੈ। 'ਮੁਜਰਿਮ', 'ਅੱਜ ਦੀ ਗੱਲ', 'ਜੀਵਨ ਸਾਥੀ', 'ਡਾਕੀਏ ਨੂੰ ਯਾਦ ਕਰਦਿਆਂ', 'ਦਸਤਾਵੇਜ਼', 'ਸਾਂਚੇ ਤੇ ਪਿਆਰ', 'ਚੁੱਪ', 'ਮੇਰੇ ਭੋਲੂ ਦੇ ਨਾਂਅ', 'ਮੈਂ ਤੇ ਮੈਂ', 'ਚਾਹਤ', 'ਵਸਲ ਦੀ ਸ਼ਾਮ', 'ਮੇਰਾ ਡਰ', 'ਤੂੰ ਤੇ ਮੈਂ 2', 'ਪ੍ਰੇਮ ਪੱਤਰ', 'ਸੁਹਾਗ', 'ਅੰਗੂਰਾਂ ਵਾਲੀ ਟੋਕਰੀ' ਆਦਿ ਕਵਿਤਾਵਾਂ ਇਸ ਕਥਨ ਦੀ ਸਾਰਥਿਕਤਾ ਪ੍ਰਗਟਾਉਂਦੀਆਂ ਹਨ। ਕਵਿੱਤਰੀ ਦਾ ਮੰਨਣਾ ਹੈ ਕਿ ਅੱਗ ਸਿਰਫ਼ ਤਬਾਹੀ ਦੀ ਨਿਸ਼ਾਨੀ ਹੀ ਨਹੀਂ ਸਗੋਂ ਇਹ ਰੌਸ਼ਨੀ ਵੀ ਹੈ। ਇਸ ਦੇ ਲਫ਼ਜ਼ਾਂ ਦੀ ਗੂੰਜ ਪਰਬਤਾਂ ਤੱਕ ਪਹੁੰਚਦੀ ਪ੍ਰਤੀਤ ਹੁੰਦੀ ਹੈ ਅਤੇ ਅੰਦਰਲੀ ਸੋਚ ਜਾਗ੍ਰਿਤੀ ਦਾ ਸੋਮਾ ਬਣਦੀ ਜਾਪਦੀ ਹੈ। ਜਜ਼ਬਾਤਾਂ ਦੇ ਪ੍ਰਗਟਾਵੇ ਵਿਚ ਘੁਟਣ ਨਹੀਂ ਹੈ ਸਗੋਂ ਖੁਲਾਸਾ ਹੈ ਜੋ ਕਿ ਚੰਗੇਰੀ ਸ਼ਾਇਰੀ ਦਾ ਇਕ ਹਾਸਲ ਹੁੰਦਾ ਹੈ। ਕਾਵਿ ਬੋਲ ਹਨ:
ਖੜੋਣਾ ਸੀ ਕਿੱਥੇ, ਤੂਫ਼ਾਨਾਂ ਦੇ ਸਾਹਵੇਂ
ਹੱਥ ਤੇਰਾ ਜੇ ਮੇਰੀ ਜ਼ਮੀਨ ਨਾ ਹੁੰਦਾ।
ਚਿਣਗਾਂ ਕਾਵਿ ਸੰਗ੍ਰਹਿ ਦੀਆਂ ਸਮੁੱਚੀਆਂ ਕਵਿਤਾਵਾਂ ਮੁਹੱਬਤ ਦਾ ਪੈਗ਼ਾਮ ਹਨ। ਇਹ ਮੁਹੱਬਤ ਉਲਾਰੂ ਨਹੀਂ ਸਗੋਂ ਉਸਾਰੂ ਭਾਵਨਾਵਾਂ ਅਤੇ ਕਲਪਨਾਵਾਂ ਦਾ ਸਮੁੱਚ ਬਣਦੀ ਹੈ। ਕਵਿੱਤਰੀ ਨੂੰ ਆਸ ਹੈ ਕਿ ਮਰੀ ਮੁਹੱਬਤ ਫਿਰ ਵੀ ਜਿੰਦਾ ਹੋ ਸਕਦੀ ਹੈ। ਦਿਲੀ ਅਰਮਾਨ ਅਤੇ ਸੁਪਨੇ ਜਗਾਉਣੇ ਚੰਗੀ ਗੱਲ ਹੁੰਦੀ ਹੈ। ਹੱਡ ਭੰਨਵੀਂ ਮਿਹਨਤ ਹੀ ਸੁੱਖ-ਸ਼ਾਂਤੀ ਅਤੇ ਸੁਹੱਪਣ ਪ੍ਰਦਾਨ ਕਰ ਸਕਦੀ ਹੈ। ਕਵਿੱਤਰੀ ਦਾ ਵਿਸ਼ਵਾਸ ਹੈ ਕਿ ਮਾਨਵਤਾ ਵਿਚੋਂ ਜੇਕਰ ਮਾਨਸਿਕ ਹਨੇਰਾ ਮੁੱਕ ਜਾਵੇ ਤਾਂ ਸੋਚ ਦ੍ਰਿਸਟੀ ਵਿਚ ਸਵੇਰਾ ਹੋ ਜਾਂਦਾ ਹੈ ਅਤੇ ਮਨੁੱਖ ਸਬਰ ਸੰਤੋਖ ਵਿਚ ਆ ਜਾਂਦਾ ਹੈ। ਡਰ ਵਿਚ ਜਿਊਣਾ, ਜਿਊਣਾ ਨਹੀਂ ਹੁੰਦਾ, ਡਰ ਨੂੰ ਨਿਡਰਤਾ ਵਿਚ ਬਦਲਣਾ ਪਿਆਰ ਦਾ ਸੋਮਾ ਬਣ ਸਕਦਾ ਹੈ। ਇਹ ਕਵਿਤਾਵਾਂ ਭਾਵੇਂ ਨਿੱਕੇ ਆਕਾਰ ਦੀਆਂ ਹਨ ਪਰ ਇਨ੍ਹਾਂ ਦੀ ਭਾਵ ਯੋਜਨਾ ਵਿਸ਼ਾਲ ਹੈ।
-ਡਾ. ਜਗੀਰ ਸਿੰਘ ਨੂਰ
ਮੋਬਾਈਲ : 98142-09732
ਓੜਕਿ ਸਚਿ ਰਹੀ
ਲੇਖਕ : ਧਰਮ ਸਿੰਘ ਕੰਮੇਆਣਾ
ਪ੍ਰਕਾਸ਼ਕ : ਆਰਸੀ ਪਬਲਿਸ਼ਰਜ਼, ਨਵੀਂ ਦਿੱਲੀ
ਮੁੱਲ : 275 ਰੁਪਏ, ਸਫ਼ੇ : 100
ਸੰਪਰਕ : 98760-62329

ਪੰਜਾਬੀ ਅਦਬ ਵਿਚ ਗੀਤਕਾਰ ਤੇ ਗ਼ਜ਼ਲਕਾਰ ਦੇ ਤੌਰ 'ਤੇ ਧਰਮ ਕੰਮੇਆਣਾ ਜਾਣਿਆ-ਪਹਿਚਾਣਿਆ ਨਾਂਅ ਹੈ। ਉਹ ਇੱਕੋ ਸਮੇਂ ਗ਼ਜ਼ਲਕਾਰ, ਗੀਤਕਾਰ, ਨਾਵਲਕਾਰ, ਬਾਲ-ਲੇਖਕ, ਨਾਟਕਕਾਰ, ਵਾਰਤਕ-ਲੇਖਕ ਤੇ ਖੋਜਕਾਰ ਦੇ ਤੌਰ ਵਿਚਰਦਾ ਹੈ। 'ਓੜਕਿ ਸਚਿ ਰਹੀ' ਉਸ ਦਾ ਕਾਵਿ-ਨਾਵਲ ਹੈ ਤੇ ਅਜਿਹੀ ਵਿਧਾ ਨੂੰ ਸਟੇਜੀ ਕਵੀਆਂ ਨੇ ਕਾਫ਼ੀ ਲੰਮਾ ਸਮਾਂ ਸੰਭਾਲੀ ਰੱਖਿਆ ਹੈ। ਅਜਿਹੀ ਪੁਨਰ ਸਿਰਜਣਾ ਵਿਰਾਸਤ ਨੂੰ ਸੰਭਾਲਣ ਵਾਂਗ ਹੈ। ਉਂਝ ਇਹ ਪੁਸਤਕ ਕਾਵਿ-ਕਹਾਣੀ ਦੀ ਸ਼੍ਰੇਣੀ ਵਿਚ ਵੀ ਰੱਖੀ ਜਾ ਸਕਦੀ ਹੈ। ਪੁਸਤਕ ਖ਼ਾਲਸਾ ਸਿਰਜਣਾ ਤੋਂ ਸ਼ੁਰੂ ਹੋ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਸਮਾਨਤਾ ਤੇ ਜੁਰਮ ਖ਼ਿਲਾਫ਼ ਜੰਗਾਂ ਤੱਕ ਫੈਲੀ ਹੋਈ ਹੈ। ਏਨੀਆਂ ਘਟਨਾਵਾਂ ਨੂੰ ਸੀਮਤ ਆਕਾਰ ਦੀ ਪੁਸਤਕ ਵਿਸਥਾਰਤ ਰੂਪ ਦੇਣਾ ਸੰਭਵ ਨਹੀਂ ਹੁੰਦਾ, ਪਰ ਧਰਮ ਕੰਮੇਆਣਾ ਦੀ ਕਾਵਿਕ ਸ਼ੈਲੀ ਸੰਖੇਪਤਾ ਦਾ ਕਾਰਜ ਵੀ ਕਰਦੀ ਹੈ। ਘਟਨਾਵਾਂ ਦੇ ਪਾਤਰਾਂ ਨੂੰ ਹੋਰ ਸਪੱਸ਼ਟ ਕਰਨ ਲਈ ਵਾਰਤਕ ਦਾ ਸਹਾਰਾ ਵੀ ਲਿਆ ਗਿਆ ਹੈ। ਦ੍ਰਿਸ਼-ਵਰਨਣ ਤੇ ਸੰਬੰਧਿਤ ਕਾਲ ਦੇ ਮਾਹੌਲ ਨੂੰ ਸ਼ਬਦਾਂ ਰਾਹੀਂ ਉਜਾਗਰ ਕਰਨਾ ਅਜਿਹੀ ਪੁਸਤਕ ਵਿਚ ਬੜਾ ਮਹੱਤਵ-ਪੂਰਨ ਹੁੰਦਾ ਹੈ ਤੇ ਧਰਮ ਕੰਮੇਆਣਾ ਨੇ ਇਸ ਦਾ ਖ਼ਿਆਲ ਰੱਖਿਆ ਹੈ। ਅੰਤਿਕਾ ਵਿਚ ਬਾਬਾ ਬੰਦਾ ਸਿੰਘ ਬਹਾਦਰ ਦੀ ਮੌਤ ਪਿੱਛੋਂ ਖ਼ਾਲਸੇ ਦੀ ਖੰਡਤਾ ਦਾ ਕਾਵਿ-ਚਿਤਰਨ ਹੈ। ਸਿੱਖ ਇਤਿਹਾਸ ਵਿਚ ਰੁਚੀ ਰੱਖਣ ਵਾਲਿਆਂ ਲਈ ਇਹ ਕਿਤਾਬ ਦੋਹਰੀ ਖਿੱਚ ਰੱਖਣ ਦੇ ਸਮਰੱਥ ਹੈ ਜਿਨ੍ਹਾਂ ਨੂੰ ਪੜ੍ਹਨ ਲਈ ਕਵਿਤਾ ਵੀ ਮਿਲੇਗੀ ਤੇ ਇਤਿਹਾਸ ਦੀ ਜਾਣਕਾਰੀ ਵੀ। ਪਾਠਕਾਂ ਦੀ ਸੌਖ ਲਈ ਜੇ ਇਸ ਦੇ ਛੋਟੇ-ਛੋਟੇ ਖੰਡ ਬਣਾ ਲਏ ਜਾਂਦੇ ਤਾਂ ਹੋਰ ਵੀ ਬਿਹਤਰ ਹੁੰਦਾ। 'ਓੜਕਿ ਸਚਿ ਰਹੀ' ਵਰਗੀ ਪੁਸਤਕ ਲਕੀਰ ਤੋਂ ਹਟ ਕੇ ਹੈ ਜਿਸ ਨੂੰ ਸਿਰਜਣ ਲਈ ਇਤਿਹਾਸ 'ਤੇ ਗੂੜ੍ਹੀ ਪਕੜ ਹੋਣੀ ਚਾਹੀਦੀ ਹੈ ਤੇ ਧਰਮ ਕੰਮੇਆਣਾ ਇਸ ਵਿਚ ਸਫ਼ਲ ਹੋਇਆ ਦਿਖਾਈ ਦਿੰਦਾ ਹੈ।
-ਗੁਰਦਿਆਲ ਰੌਸ਼ਨ
ਮੋਬਾਈਲ : 99884-44002
ਯਾਦਾਂ ਦੀ ਪੈੜ
ਲੇਖਕ : ਸਵ. ਹਰਕੰਵਲ ਮੈਣੀ
ਪ੍ਰਕਾਸ਼ਕ : ਡੀ.ਪੀ. ਪਬਲਿਸ਼ਰ ਐਂਡ ਮੀਡੀਆ ਹਾਊਸ (ਅੰਮ੍ਰਿਤਸਰ)
ਮੁੱਲ : 200 ਰੁਪਏ, ਸਫ਼ੇ : 88
ਸੰਪਰਕ : 98143-98078

'ਸਵ. ਹਰਕੰਵਲ ਮੈਣੀ ਦੀ ਸੁਪਤਨੀ ਅਮਨ ਸੋਢੀ ਅਨੁਸਾਰ 'ਯਾਦਾਂ ਦੀ ਪੈੜ' (ਕਾਵਿ-ਸੰਗ੍ਰਿਹ) ਮੈਣੀ ਸਾਹਿਬ ਵਲੋਂ ਵਿਹਲੇ ਸਮੇਂ ਲਿਖੀਆਂ ਕਵਿਤਾਵਾਂ ਵਿਚੋਂ ਕੁੱਲ 69 ਨੂੰ ਮਾਲਾ-ਰੂਪੀ ਪੁਸਤਕ 'ਚ ਪਰੋਣ ਦਾ ਸਿਹਰਾ 'ਅਦਾਰਾ ਪੰਜਾਬ ਸੋਚਦਾ ਸਾਹਿਤਕ ਮੰਚ' ਦੇ ਪ੍ਰਗਟ ਸਿੰਘ ਬਾਗ਼ੀ ਨੂੰ ਜਾਂਦਾ ਹੈ। ਇਸ ਪੁਸਤਕ ਨੂੰ ਪੜ੍ਹਦੇ ਸਮੇਂ ਇੰਝ ਪ੍ਰਤੀਤ ਹੋਇਆ ਕਿ ਲੇਖਕ ਨੇ ਬਹੁਤ ਗੰਭੀਰਤਾ ਨਾਲ ਸਮਾਜ ਦੇ ਆਲੇ-ਦੁਆਲੇ ਦੇ ਚਿਤਰਨ ਨੂੰ ਦੇਖ ਕੇ ਗੰਭੀਰ ਸੋਚ ਦੇ ਨਾਲ ਹਰਫ਼ ਨੂੰ ਚਿੰਤਨ ਦੇ ਸ਼ਬਦ ਬਣਾ ਕਵਿਤਾਵਾਂ 'ਚ ਪਰੋਇਆ ਹੈ। ਅੱਜ ਦੇ ਸਮੇਂ ਦੀ ਸੱਚਾਈ ਨੂੰ ਬਿਆਨ ਕਰਦੇ ਮਿਆਰੀ ਵਿਸ਼ੇ ਜਿਵੇਂ ਕਿ ਪਾਕ ਮੁਹੱਬਤ, ਕੁਦਰਤ ਦੀ ਉਸਤਤ, ਇਕਵੀਂ ਸਦੀ ਦਾ ਇਸ਼ਕ, ਸੋਗ, ਮੌਨ ਦੀ ਭਾਸ਼ਾ, ਪਿਤਾ ਦੀ ਯਾਦ ਵਿਚ, ਮੈਂ ਬੋਲੀ ਦੇਸ਼ ਪੰਜਾਬ ਦੀ, ਵਿਦੇਸ਼ੀ ਵਸਦਿਆਂ ਲਈ ਦੁਆ, ਮਿਹਨਤ ਨਾ ਛੱਡ, ਇੱਕਲਾਪਨ, ਅਜੋਕਾ ਪੰਜਾਬ, ਸਵੈ-ਕਾਬੂ ਅਤੇ ਹੋਰ ਬਹੁਤ ਸਾਰੇ ਵਿਸ਼ਿਆਂ 'ਤੇ ਕਵਿਤਾਵਾਂ ਜੋ ਅਗਾਂਹਵਧੂ ਸੋਚ ਤੇ ਸਮਾਜਿਕ ਬੁਰਾਈਆਂ ਨੂੰ ਦੂਰ ਕਰਨ ਦਾ ਸੰਦੇਸ਼ ਦਿੰਦੀਆਂ ਹਨ।
ਜਿਵੇਂ 'ਤੂੰ ਲਿਖਣਾ ਨਾ ਛੱਡ' ਦੀਆਂ ਕੁਝ ਸਤਰਾਂ ਕਿਤਾਬਾਂ ਨਾਲ ਜੋੜਦੀ ਅਗਾਂਹਵਧੂ ਸੋਚ ਨੂੰ ਦਰਸਾ ਰਹੀ ਹੈ।
ਜਿਹੜੇ ਕਹਿੰਦੇ ਨੇ ਤੇਰੀ ਕਿਤਾਬ ਕੌਣ ਪੜ੍ਹੇਗਾ,
ਤੂੰ ਇਨ੍ਹਾਂ ਬਾਰੇ ਸੋਚ ਕੇ ਲਿਖਣਾ ਨਾ ਛੱਡ,
ਚਿੰਤਨ ਵੀ ਕਰ ਕਿਤਾਬਾਂ ਵੀ ਪੜ੍ਹ,
ਉਦਾਸੀ ਵੀ ਕਰ ਰਬਾਬਾਂ ਵੀ ਫੜ,
ਤੂੰ ਨਵੇਂ-ਨਵੇਂ ਵਿਸ਼ਿਆਂ ਦੀ ਤ੍ਰਿਸ਼ਨਾ ਨਾ ਛੱਡ।
ਅੰਤ 'ਚ ਕੁਝ ਹੋਰ ਕਵਿਤਾਵਾਂ ਤਹਿਤ 40 ਕੁ ਬੰਦ ਹਨ ਜਿਨ੍ਹਾਂ ਵਿਚੋਂ ਇੱਕ ਬੰਦ-
ਗੱਲ ਕਿਸੇ ਦੀ ਜਰੀ ਨਹੀਂ ਜਾਂਦੀ
ਨਸ਼ਾ ਪਤਾ ਨਹੀਂ ਕਿਵੇਂ ਜਰਦੇ ਨੇ
ਪਾਣੀ ਦਾ ਜੱਗ ਭਰ ਹੁੰਦਾ ਨਹੀਂ
ਸਰਿੰਜਾਂ ਪਤਾ ਨਹੀਂ ਕਿਵੇਂ ਭਰਦੇ ਨੇ।
ਇਹ ਬੰਦ ਨਾਮੁਰਾਦ ਬਿਮਾਰੀ ਨਸ਼ੇ ਨੂੰ ਬਿਆਨ ਕਰਦਾ ਬੇਹੱਦ ਭਾਵੁਕ ਕਰ ਜਾਂਦਾ।
ਪਰ ਬੇਹੱਦ ਅਫ਼ਸੋਸ ਕਿ ਲੇਖਕ ਆਪਣੀਆਂ ਲਿਖਤਾਂ ਨੂੰ ਪੁਸਤਕ ਰੂਪ 'ਚ ਨਹੀਂ ਦੇਖ ਸਕੇ। ਇਸ ਪੁਸਤਕ ਨੂੰ ਉਨ੍ਹਾਂ ਦੀ ਸੁਪਤਨੀ ਤੇ ਹੋਰ ਦੋਸਤਾਂ ਵੱਲੋਂ ਮਿਲ ਕੇ ਉਨ੍ਹਾਂ ਦੀ ਸੋਚ ਨੂੰ ਜ਼ਿੰਦਾ ਰੱਖ ਪਾਠਕਾਂ ਦੀ ਝੋਲੀ ਪਾਇਆ। ਇਹ ਪੁਸਤਕ ਜ਼ਰੂਰ ਪੜ੍ਹਨੀ ਚਾਹੀਦੀ ਹੈ। ਪ੍ਰਮਾਤਮਾ ਸਵ. ਹਰਕੰਵਲ ਮੈਣੀ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ।
-ਸਾਹਿਬਾ ਜੀਟਨ ਕੌਰ
ਮੋਬਾਈਲ : 99883-47109


































.jpg)









































































































































































