JALANDHAR WEATHER

16-04-26

 ਗੁੱਸੇ ਦੇ ਕਾਰਨ
ਗੁੱਸੇ ਬਾਰੇ ਅਕਸਰ ਹੀ ਲਿਖੀਆਂ ਅਤੇ ਕਹੀਆਂ ਖੂਬਸੂਰਤ ਗੱਲਾਂ ਸਾਨੂੰ ਪੜ੍ਹਨ-ਸੁਣਨ ਨੂੰ ਮਿਲਦੀਆਂ ਹਨ। ਅਜਿਹੇ ਉਪਦੇਸ਼ਾਤਿਮਕ ਵਿਚਾਰ ਸਾਡੇ ਲਈ ਬਹੁਤ ਪ੍ਰੇਰਨਾਦਾਇਕ ਹੁੰਦੇ ਹਨ। ਜਿਵੇਂ ਨਾ ਬਈ ਜੀਵਨ ਵਿਚ ਗੁੱਸਾ ਨਹੀਂ ਕਰਨਾ, ਪੀ ਜਾਓ, ਬੱਸ ਗੁੱਸੇ ਨੂੰ। ਪਰ ਮਨੁੱਖ ਨੂੰ ਗੁੱਸੇ ਦਾ ਸ਼ਿਕਾਰੀ ਬਣਾਉਂਦਾ ਕੌਣ ਹੈ? ਇਸ ਗੱਲ ਦੀ ਜੜ੍ਹ 'ਚ ਜਾਣ ਲਈ ਮਨੋਭਾਵ ਨਾਲ ਖੋਜ ਕਰਨ ਦੀ ਲੋੜ ਹੁੰਦੀ ਹੈ। ਜਦੋਂ ਇੱਕ ਸੁਖਮਈ ਜੀਵਨ ਜੀਅ ਰਹੇ ਭਲੇਮਾਣਸ ਬੰਦੇ ਦੇ ਕੰਮ ਵਿਚ ਯੋਗਦਾਨ ਪਾਉਣ ਦੀ ਬਜਾਏ, ਉਹਦੇ 'ਚ ਵਿਘਨ ਪਾਉਣ ਵਾਲੇ ਸ਼ਰਾਰਤੀ ਲੋਕ ਖਾਹ-ਮਖਾਹ ਆ ਵੜਦੇ ਹਨ ਤਾਂ ਫੇਰ ਚੰਗਾ-ਭਲਾ ਬੰਦਾ ਕੀ ਕਰੇ? ਉਸ ਨੂੰ ਗੁੱਸਾ ਆਊਗਾ? ਗੁੱਸਾ ਆਉਣ ਦੇ ਮਨੋਵਿਗਿਆਨਕ ਢੰਗ ਨਾਲ ਕਾਰਨ ਲੱਭਣ ਦੀ ਜ਼ਰੂਰਤ ਹੈ ਕਿ ਗੁੱਸੇ ਨੂੰ ਸ਼ਾਂਤ ਕਿਵੇਂ ਕੀਤਾ ਜਾਵੇ? ਜਾਂ ਗੁੱਸਾ ਆਉਣ ਦੀ ਨੌਬਤ ਹੀ ਨਾ ਆਵੇ।

-ਸਨੇਹਇੰਦਰ ਮੀਲੂ
'ਫਰੌਰ'

ਜੀਵਨ ਵਿਚ ਅਨੁਸ਼ਾਸਨ

ਵਿਦਿਆਰਥੀ ਜੀਵਨ ਮਨੁੱਖ ਦੇ ਜੀਵਨ ਦਾ ਸਭ ਤੋਂ ਮਹੱਤਵਪੂਰਨ ਤੇ ਨਿਰਮਾਣਕਾਰੀ ਪੜਾਅ ਹੁੰਦਾ ਹੈ। ਵਿਦਿਆਰਥੀ ਆਪਣਾ ਭਵਿੱਖ ਸੁਧਾਰਨ ਲਈ ਸਿੱਖਿਆ ਪ੍ਰਾਪਤ ਕਰਦੇ ਹਨ ਅਤੇ ਚੰਗੀਆਂ ਆਦਤਾਂ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਂਦੇ ਹਨ। ਵਿਦਿਆਰਥੀ ਦੇ ਜੀਵਨ ਵਿਚ ਅਨੁਸ਼ਾਸਨ ਦੀ ਬਹੁਤ ਮਹੱਤਵਪੂਰਨ ਭੂਮਿਕਾ ਹੁੰਦੀ ਹੈ। ਅਨੁਸ਼ਾਸਨ ਦਾ ਅਰਥ ਹੈ ਨਿਯਮਾਂ ਦੀ ਪਾਲਣਾ ਕਰਨਾ, ਸਮੇਂ ਦੀ ਕਦਰ ਕਰਨਾ, ਆਪਣੇ ਫ਼ਰਜ਼ਾਂ ਨੂੰ ਇਮਾਨਦਾਰੀ ਨਾਲ ਨਿਭਾਉਣਾ। ਜੋ ਵਿਦਿਆਰਥੀ ਅਨੁਸ਼ਾਸਿਤ ਜੀਵਨ ਜਿਉਂਦੇ ਹਨ, ਉਹ ਆਪਣੀ ਪੜ੍ਹਾਈ 'ਤੇ ਧਿਆਨ ਦਿੰਦੇ ਹਨ ਅਤੇ ਜੀਵਨ ਵਿਚ ਜ਼ਰੂਰ ਸਫ਼ਲਤਾ ਹਾਸਲ ਕਰਦੇ ਹਨ। ਚੰਗਾ ਵਿਦਿਆਰਥੀ ਉਹ ਹੁੰਦਾ ਹੈ ਜੋ ਸਕੂਲ ਜਾਂ ਕਾਲਜ ਵਿਚ ਸਮੇਂ ਸਿਰ ਪਹੁੰਚਦਾ ਹੈ। ਅਧਿਆਪਕਾਂ ਦਾ ਆਦਰ-ਸਤਿਕਾਰ ਕਰਦਾ ਹੈ। ਸੰਸਥਾ ਦੇ ਨਿਯਮਾਂ ਦੀ ਪਾਲਣਾ ਕਰਦਾ ਹੈ। ਵਿਦਿਆਰਥੀ ਸੋਸ਼ਲ ਮੀਡੀਆ ਅਤੇ ਮੋਬਾਈਲ ਫੋਨ 'ਤੇ ਸਮਾ ਬਰਬਾਦ ਕਰਨ ਦੀ ਬਜਾਏ ਇਸ ਦਾ ਚੰਗੇ ਕੰਮਾਂ ਦੇ ਲਈ ਹੀ ਉਪਯੋਗ ਕਰਦਾ ਹੈ ।

-ਸਿਮਰਨਜੀਤ ਕੌਰ,
ਫਿਰੋਜ਼ਪੁਰ ਕੁਥਾਲਾ।

ਪਾਣੀ ਤੇ ਹਰਿਆਵਲ

ਪਿਛਲੇ ਦਿਨੀਂ ਸੰਪਾਦਕ ਪੰਨੇ 'ਤੇ ਇੰਜਨੀਅਰ ਸਤਨਾਮ ਸਿੰਘ ਮੱਟੂ ਦਾ ਲੇਖ 'ਅਗਲੀਆਂ ਪੀੜ੍ਹੀਆਂ ਲਈ ਪਾਣੀ ਅਤੇ ਹਰਿਆਵਲ ਦੀ ਅਮਾਨਤ' ਮਨੁੱਖਤਾ ਦੀਆਂ ਅੱਖਾਂ ਖੋਲ੍ਹਣ ਵਾਲਾ ਸੀ। ਦਰੱਖਤਾਂ ਦੀ ਅੰਨ੍ਹੇਵਾਹ ਕਟਾਈ ਅਤੇ ਧਰਤੀ ਹੇਠੋਂ ਪਾਣੀ ਕੱਢਣ ਦੀ ਬਜਾਏ ਘੱਟ ਪਾਣੀ ਦੀ ਖ਼ਪਤ ਵਾਲੀਆਂ ਫਸਲਾਂ ਮੱਕੀ, ਜਵਾਰ, ਬਾਜਰਾ, ਮੂੰਗਫਲੀ, ਗੰਨਾ, ਮਿਰਚ, ਦਾਲਾਂ ਅਤੇ ਸਬਜ਼ੀਆਂ ਦੀ ਕਾਸ਼ਤ ਨੂੰ ਉਤਸ਼ਾਹਿਤ ਕੀਤਾ ਜਾਵੇ। ਇਸ ਲਈ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਇਸ ਦੇ ਨਾਲ ਵਿੱਦਿਅਕ ਕਾਰਜਗਾਰੀ ਵਲੋਂ ਵਿਦਿਆਰਥੀਆਂ ਲਈ ਨਿੰਮ, ਬੋਹੜ, ਪਿੱਪਲ ਆਦਿ ਸਕੂਲਾਂ ਤੇ ਸ਼ਾਮਲਾਟਾਂ 'ਚ ਰੁੱਖ ਲਗਾ ਕੇ ਇਨ੍ਹਾਂ ਦੀ ਸਾਂਭ -ਸੰਭਾਲ ਕਰਨੀ ਜ਼ਰੂਰੀ ਹੈ। ਇਸ ਕੰਮ ਵਿਚ ਸਕੂਲਾਂ, ਅਧਿਆਪਕਾਂ ਤੇ ਪੰਚਾਇਤਾਂ ਦਾ ਪੂਰਾ ਸਹਿਯੋਗ ਹੋਣਾ ਜ਼ਰੂਰੀ ਹੈ।

-ਜਸਦੀਪ ਕੌਰ ਮਾਹੀ
ਮਲੇਰਕੋਟਲਾ

ਦੁੱਖ ਵੀ ਜ਼ਿੰਦਗੀ ਦਾ ਹਿੱਸਾ

ਦੁੱਖ ਜ਼ਿੰਦਗੀ ਦਾ ਹਿੱਸਾ ਹੈ, ਅੰਤ ਨਹੀਂ। ਇਹ ਗੱਲ ਸਾਨੂੰ ਹੌਸਲਾ ਦਿੰਦੀ ਹੈ ਕਿ ਹਰ ਮੁਸ਼ਕਿਲ ਦੇ ਬਾਵਜੂਦ ਜ਼ਿੰਦਗੀ ਚੱਲਦੀ ਰਹਿੰਦੀ ਹੈ। ਹਰ ਇਨਸਾਨ ਨੂੰ ਕਦੇ ਨਾ ਕਦੇ ਦੁੱਖ ਤੇ ਤਕਲੀਫਾਂ ਦਾ ਸਾਹਮਣਾ ਕਰਨਾ ਹੀ ਪੈਂਦਾ ਹੈ। ਇਹ ਸਾਡੇ ਜੀਵਨ ਦਾ ਇੱਕ ਹਿੱਸਾ ਹੁੰਦਾ ਹੈ, ਨਾ ਕਿ ਅਖੀਰ ਜਿਵੇਂ ਰਾਤ ਤੋਂ ਬਾਅਦ ਸਵੇਰ ਆਉਂਦੀ ਹੈ, ਉਸ ਤਰ੍ਹਾਂ ਦੁੱਖ ਤੋਂ ਬਾਅਦ ਖ਼ੁਸ਼ੀ ਵੀ ਆਉਂਦੀ ਹੈ। ਦੁੱਖ ਸਾਨੂੰ ਸਿਖਾਉਂਦਾ ਹੈ ਅਤੇ ਮਜ਼ਬੂਤ ਬਣਾਉਂਦਾ ਹੈ। ਦਰਅਸਲ ਦੁੱਖ ਸਾਨੂੰ ਜੀਵਨ ਦੀ ਕਦਰ ਕਰਨੀ ਸਮਝਾਉਂਦਾ ਹੈ, ਅੱਗੇ ਵਧਣ ਦੀ ਹਿੰਮਤ ਦਿੰਦਾ ਹੈ। ਜੇਕਰ ਅਸੀਂ ਇਸ ਨੂੰ ਅੰਤ ਨਾ ਸਮਝ ਕੇ ਇੱਕ ਸਿੱਖਿਆ ਵਾਂਗ ਲਵਾਂਗੇ ਤਾਂ ਅਸੀਂ ਹਰ ਹਾਲਤ ਵਿਚ ਅੱਗੇ ਵਧ ਕੇ ਜ਼ਿੰਦਗੀ 'ਚ ਕਾਮਯਾਬ ਹੋ ਸਕਦੇ ਹਾਂ।

-ਜਸ਼ਨਦੀਪ ਕੌਰ
ਸ਼ੇਰਗੜ੍ਹ ਚੀਮਾਂ (ਮਲੇਰਕੋਟਲਾ )