JALANDHAR WEATHER

14-05-26

 ਵਧੀਆ ਕਹਾਣੀ
ਖੇਡ ਜਗਤ ਪੰਨੇ ਵਿਚ ਮੰਗਲਵਾਰ ਨੂੰ ਪ੍ਰਕਾਸ਼ਿਤ ਹੋਇਆ ਅਮਨਿੰਦਰ ਕੁਠਾਲਾ ਸਰ ਦਾ ਲੇਖ ਭਾਰਤੀ ਹਾਕੀ ਮੁੜ ਪਛਾਣ ਬਣਾਉਣ ਦੀਆਂ ਰਾਹਾਂ 'ਤੇ ਸਿਰਫ਼ ਇੱਕ ਖੇਡ ਦੀ ਕਹਾਣੀ ਨਹੀਂ, ਸਗੋਂ ਇੱਕ ਕੌਮ ਦੇ ਗੌਰਵ, ਸੰਘਰਸ਼ ਅਤੇ ਉਮੀਦਾਂ ਦਾ ਅਸਲ ਸ਼ੀਸ਼ਾ ਹੈ, ਜੋ ਹੂ-ਬ-ਹੂ ਹਕੀਕਤ ਦਰਸਾਉਂਦਾ ਹੈ। ਲੇਖ ਵਿਚ ਹਾਕੀ ਦੇ ਸੁਨਹਿਰੀ ਦੌਰ ਦੀ ਚਮਕ ਅਤੇ ਮੌਜੂਦਾ ਹਾਲਾਤਾਂ ਦੀ ਕੌੜੀ ਸੱਚਾਈ ਨੂੰ ਬਹੁਤ ਹੀ ਸੰਵੇਦਨਸ਼ੀਲ ਅਤੇ ਰਚਨਾਤਮਕ ਅੰਦਾਜ਼ ਵਿਚ ਪੇਸ਼ ਕੀਤਾ ਗਿਆ ਹੈ।
ਲੇਖਕ ਦੀ ਕਲਮ ਪਾਠਕਾਂ ਨੂੰ ਇਤਿਹਾਸ ਦੇ ਉਨ੍ਹਾਂ ਸੁਨਹਿਰੀ ਪਲਾਂ ਵਿਚ ਲੈ ਜਾਂਦੀ ਹੈ, ਜਿੱਥੇ ਜਿੱਤਾਂ ਦੀਆਂ ਉਹ ਗੂੰਜਾਂ ਅੱਜ ਵੀ ਮਹਿਸੂਸ ਹੁੰਦੀਆਂ ਹਨ, ਅਤੇ ਨਾਲ ਹੀ ਉਨ੍ਹਾਂ ਚੁਣੌਤੀਆਂ ਨੂੰ ਦੇਖਣ ਦਾ ਅਹਿਸਾਸ ਕਰਵਾਉਂਦੀ ਹੈ, ਜਿਨ੍ਹਾਂ ਨੇ ਭਾਰਤੀ ਹਾਕੀ ਨੂੰ ਝੰਝੋੜਿਆ, ਅਤੇ ਅਰਥ ਤੋਂ ਫਰਸ਼ ਤੱਕ ਦਾ ਸਫਰ ਤੈਅ ਕੀਤਾ। ਭਾਵਨਾਤਮਕ ਟਿੱਪਣੀਆਂ ਇਸ ਲੇਖ ਨੂੰ ਹੋਰ ਵੀ ਪ੍ਰਭਾਵਸ਼ਾਲੀ ਬਣਾਉਂਦੀਆਂ ਹਨ ਅਤੇ ਪਾਠਕਾਂ ਦੇ ਦਿਲ ਵਿਚ ਖੇਡ ਪ੍ਰਤੀ ਇੱਕ ਨਵਾਂ ਜਜ਼ਬਾ ਜਗਾਉਂਦੀਆਂ ਹਨ।
ਇਹ ਲੇਖ ਸਿਰਫ਼ ਜਾਣਕਾਰੀ ਨਹੀਂ ਦਿੰਦਾ, ਸਗੋਂ ਸੋਚਣ ਲਈ ਮਜਬੂਰ ਕਰਦਾ ਹੈ ਕਿ ਅਸੀਂ ਆਪਣੇ ਰਾਸ਼ਟਰੀ ਖੇਡ ਨੂੰ ਮੁੜ ਉਸਦੀ ਪੁਰਾਣੀ ਸ਼ਾਨ ਕਿਵੇਂ ਵਾਪਸ ਦੇ ਸਕਦੇ ਹਾਂ। ਕੁੱਲ ਮਿਲਾ ਕੇ, ਇਹ ਲੇਖ ਪ੍ਰੇਰਣਾ, ਭਾਵਨਾ ਅਤੇ ਹਕੀਕਤ ਦਾ ਸੁੰਦਰ ਮਿਲਾਪ ਹੈ, ਜੋ ਹਰ ਪਾਠਕ ਦੇ ਮਨ 'ਤੇ ਡੂੰਘਾ ਅਸਰ ਛੱਡਦਾ ਹੈ।

-ਗਗਨਦੀਪ ਰਤਨੀ
ਸੋਸ਼ਲ ਸਾਇੰਸ ਅਧਿਆਪਕ

ਸਕੂਲ ਵਿਚ ਅਧਿਆਪਕ ਭੇਜੋ

ਬਠਿੰਡਾ ਜ਼ਿਲ੍ਹੇ ਦੇ ਬਲਾਕ ਸੰਗਤ ਅਧੀਨ ਆਉਂਦੇ ਪਿੰਡ ਕੋਟਗੁਰੂ ਦੇ ਸਰਕਾਰੀ ਐਲੀਮੈਂਟਰੀ ਸਕੂਲ ਵਿਚ ਕਾਫ਼ੀ ਸਮੇਂ ਤੋਂ ਅਧਿਆਪਕਾਂ ਦੀ ਵੱਡੀ ਘਾਟ ਚੱਲ ਰਹੀ ਹੈ। ਕਾਫ਼ੀ ਸਮਾਂ ਪਹਿਲਾਂ ਪਿੰਡ ਵਾਸੀਆਂ ਅਤੇ ਕੁੱਝ ਜਥੇਬੰਦੀਆਂ ਵਲੋਂ ਸਿੱਖਿਆ ਵਿਭਾਗ ਦੇ ਧਿਆਨ ਵਿਚ ਲਿਆਉਣ ਦੇ ਬਾਵਜੂਦ ਵੀ ਅਜੇ ਤੱਕ ਸਿੱਖਿਆ ਵਿਭਾਗ ਵਲੋਂ ਕੋਈ ਵੀ ਪਹਿਲ ਨਹੀਂ ਕੀਤੀ ਗਈ ਹੈ। ਸਿੱਖਿਆ ਕ੍ਰਾਂਤੀ ਲਹਿਰ ਦੇ ਬਾਵਜੂਦ ਸਕੂਲ਼ ਵਿਚ ਅਧਿਆਪਕਾ ਦੀ ਕਮੀ ਹੋਣ ਕਰਕੇ ਮਜ਼ਬੂਰੀ ਵਸ ਮਾਪੇ ਆਪਣੇ ਬੱਚਿਆਂ ਨੂੰ ਇਸ ਸਕੂਲ ਵਿਚੋਂ ਹਟਾ ਕੇ ਦੂਰ-ਦੂਰਾਡੇ ਦੇ ਪ੍ਰਾਈਵੇਟ ਸਕੂਲਾਂ ਵਿਚ ਲਗਾਉਣ ਲਈ ਮਜਬੂਰ ਹੋ ਰਹੇ ਹਨ। ਸਰਕਾਰੀ ਐਲੀਮੈਂਟਰੀ ਸਕੂਲ ਕੋਟਗੁਰੂ ਦੇ ਸਮੂਹ ਵਿਦਿਆਰਥੀਆਂ ਦੇ ਮਾਪਿਆਂ ਨੇ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਨਵਾਂ ਸੈਸ਼ਨ ਸ਼ੁਰੂ ਹੋ ਚੁੱਕਾ ਹੈ, ਇਸ ਲਈ ਬਿਨਾਂ ਕਿਸੇ ਹੋਰ ਦੇਰੀ ਕੀਤੇ ਜਲਦ ਤੋਂ ਜਲਦ ਸਕੂਲ ਵਿਚ ਅਧਿਆਪਕ ਭੇਜੇ ਜਾਣ ਤਾਂ ਕਿ ਉਨ੍ਹਾਂ ਦੇ ਬੱਚਿਆਂ ਦਾ ਭਵਿੱਖ ਬਰਬਾਦ ਹੋਣ ਤੋਂ ਬਚ ਸਕੇ।

-ਅੰਗਰੇਜ ਸਿੰਘ ਵਿੱਕੀ,
ਪਿੰਡ ਤੇ ਡਾਕ. ਕੋਟਗੁਰੂ (ਬਠਿੰਡਾ),

ਵਿਧਾਨ ਸਭਾ ਦੀ ਮਰਿਆਦਾ ਕਾਇਮ ਰੱਖੋ

ਪੰਜਾਬ ਵਿਧਾਨ ਸਭਾ 'ਚ ਨੇਤਾਵਾਂ ਦਾ ਮੇਹਣੋ ਮੇਹਣੀ ਹੋਣਾ, ਇਕ ਦੂਜੇ 'ਤੇ ਨਿੱਜੀ ਟਿੱਪਣੀਆਂ ਕਰਨੀਆਂ ਲੋਕਤੰਤਰ 'ਤੇ ਇਕ ਧੱਬਾ ਹੈ। ਜੋ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰਿਕ ਅਖਵਾਉਣ ਵਾਲੇ ਦੇਸ਼ ਲਈ ਇਕ ਸ਼ਰਮ ਵਾਲੀ ਗੱਲ ਹੈ। ਵਿਧਾਨ ਸਭਾ ਦੇ ਸਦਨ ਵਿਚ ਅਸਲ ਮੁੱਦੇ ਵਿਚਾਰਨ ਦੀ ਥਾਂ ਇਕ ਦੂਜੇ ਉੱਤੇ ਨਿੱਜੀ ਦੂਸ਼ਣਬਾਜ਼ੀ ਕਰਨੀ ਕਿੰਨੀ ਕੁ ਵਾਜਬ ਹੈ ? ਇਸ ਗੱਲ ਦਾ ਜਵਾਬ ਜਨਤਾ ਨਹੀਂ ਸਗੋਂ ਨੇਤਾ ਲੋਕ ਵਧੇਰੇ ਸਹੀ ਦੇ ਸਕਦੇ ਹਨ। ਪਿਛਲੇ ਕੁਝ ਸਾਲਾਂ ਤੋਂ ਪੰਜਾਬ ਵਿਧਾਨ ਸਭਾ ਦਾ ਸਦਨ ਦੂਸ਼ਣਬਾਜ਼ੀ ਦਾ ਅਖਾੜਾ ਬਣਦਾ ਜਾ ਰਿਹਾ ਹੈ। ਸਾਡੇ ਨੇਤਾ ਭਾਂਵੇ ਉਹ ਕਿਸੇ ਵੀ ਪਾਰਟੀ ਦੇ ਹੋਣ ਉਹ ਮਾਨ ਮਰਿਆਦਾ ਨੂੰ ਛਿਕੇ ਟੰਗ ਕਿ ਇਕ ਦੂਜੇ ਦਾ ਅਜਿਹਾ ਜਲੂਸ ਕੱਢਦੇ ਹਨ ਜਿਸ ਨਾਲ ਉਨ੍ਹਾਂ ਲੋਕਾਂ ਦਾ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ। ਪਰ ਸਾਡੇ ਨੇਤਾਵਾਂ ਨੂੰ ਇਸ ਗੱਲ ਦਾ ਭੋਰਾ ਮਲਾਲ ਨਹੀਂ ਹੁੰਦਾ ਕਿ ਉਹ ਵਿਧਾਨ ਸਭਾ ਇਕ ਦੂਜੇ ਨਾਲ ਤੂੰ-ਤੂੰ ਮੈਂ-ਮੈਂ ਹੋਣ ਲੱਗੇ ਆਪਾ ਖੋ ਬੈਠਦੇ ਹਨ।

-ਅਜੀਤ ਖੰਨਾ,
ਖੰਨਾ ਮੰਡੀ, ਪੰਜਾਬ।

ਖੁਸ਼ ਰਹਿਣ ਦਾ ਹੁਨਰ

ਐਤਵਾਰ ਨੂੰ 'ਅਜੀਤ' ਮੈਗਜ਼ੀਨ ਵਿਚ ਚਰਨਜੀਤ ਸਿੰਘ ਦਾ ਲਿਖਿਆ ਆਰਟੀਕਲ 'ਆਓ, ਖ਼ੁਸ਼ ਰਹਿਣ ਦਾ ਹੁਨਰ ਸਿੱਖੀਏ' ਅੱਜ ਦੀ ਜ਼ਿੰਦਗੀ ਵਿਚ ਕਿਸੇ ਮਨੁੱਖ ਕੋਲ ਕਿਸੇ ਦੇ ਨਾਲ ਗੱਲਬਾਤ ਕਰਨ ਦਾ ਮੌਕਾ ਨਹੀਂ। ਉਹ ਸੰਚਾਰ ਸਾਧਨਾਂ ਨੂੰ ਵਰਤ ਤਾਂ ਰਿਹਾ ਹੈ ਪਰ ਖ਼ੁਸ਼ੀ ਪ੍ਰਤੀਤ ਨਹੀਂ ਕਰ ਰਿਹਾ। ਮਨੁੱਖ ਆਪਣੇ ਆਪ ਵਿਚ ਸਮਿਟ ਕੇ ਰਹਿ ਗਿਆ ਹੈ। ਸਾਨੂੰ ਅਖ਼ਬਾਰ, ਮੈਗਜ਼ੀਨ ਹੋਰਾਂ ਕਿਤਾਬਾਂ ਨਾਲ ਸਾਂਝ ਪਾ ਕੇ ਖ਼ੁਸ਼ੀ ਲੱਭਣ ਦਾ ਯਤਨ ਕਰਨਾ ਚਾਹੀਦਾ ਹੈ। ਸਾਨੂੰ ਭਵਿੱਖ ਦੀ ਬਜਾਏ ਵਰਤਮਾਨ ਵਿਚ ਰਹਿ ਕੇ ਖ਼ੁਸ਼ ਰਹਿਣ ਦਾ ਉਪਰਾਲਾ ਕਰਨਾ ਪਵੇਗਾ ਤਾਂ ਜ਼ਿੰਦਗੀ ਦੀ ਨਿੱਕੀ-ਨਿੱਕੀ ਪ੍ਰਾਪਤੀ ਮਨ ਨੂੰ ਸਕੂਨ ਦੇਣ ਲੱਗ ਪਵੇਗੀ। ਅਸੀਂ ਆਪਣੇ ਆਪ ਵਿਚ ਨਾ ਰਹੀਏ। ਹਰ ਵਕਤ ਖ਼ੁਸ਼ ਰਹਿਣ ਦਾ ਹੁਨਰ ਸਿੱਖੀਏ। ਜ਼ਿੰਦਗੀ ਨੂੰ ਖ਼ੁਸ਼ੀ ਨਾਲ ਭਰਨ ਲਈ ਦੋਸਤਾਂ, ਮਿੱਤਰਾਂ ਨੂੰ ਕਦੇ-ਕਦਾਈਂ ਜ਼ਰੂਰ ਮਿਲੀਏ, ਸਹਿਚਾਰ ਤੇ ਪਿਆਰ ਦੀ ਭਾਵਨਾ ਵਧੇਗੀ।

-ਰਾਮ ਸਿੰਘ ਪਾਠਕ।

ਜਾਣਕਾਰੀ ਭਰਪੂਰ ਲੇਖ

ਪੰਜਾਬ ਦੀ ਆਵਾਜ਼ 'ਅਜੀਤ' ਦੇ ਧਰਮ ਤੇ ਵਿਰਸਾ ਅੰਕ ਵਿਚ ਗੁਰਮੇਲ ਸਿੰਘ ਗਿੱਲ ਦਾ ਲਿਖਿਆ ਲੇਖ ਵਿਲੱਖਣ ਕੀਰਤਨੀਏ ਸਨ ਪਦਮ ਸ੍ਰੀ ਭਾਈ ਨਿਰਮਲ ਸਿੰਘ ਖ਼ਾਲਸਾ ਪੜ੍ਹਿਆ। ਆਪ ਦਾ ਜਨਮ ਖੇਤ ਮਜ਼ਦੂਰ ਪਰਿਵਾਰ ਵਿਚ ਹੋਇਆ। ਆਪ ਜੀ ਦੀ ਆਵਾਜ਼ ਰਸੀਲੀ, ਸੁਰੀਲੀ ਤੇ ਊਰਜਾਵਾਨ ਸੀ। ਆਪ ਦੀ ਯਾਦ ਸ਼ਕਤੀ ਕਮਾਲ ਦੀ ਸੀ। ਆਪ ਦੇ ਪਰਿਵਾਰ ਨੇ ਆਪ ਜੀ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਵਿਚ ਦਾਖ਼ਲ ਕਰਵਾਇਆ। ਲੇਖਕ ਨੇ ਲਿਖਿਆ ਕਿ ਸਮਾਂ ਪਾ ਕੇ ਭਾਈ ਨਿਰਮਲ ਸਿੰਘ ਖ਼ਾਲਸਾ ਨੇ ਪਹਿਲਾਂ ਸਹਾਇਕ ਰਾਗੀ ਵਜੋਂ ਅਤੇ ਬਾਅਦ ਵਿਚ ਹਜ਼ੂਰੀ ਰਾਗੀ ਵਜੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਚ ਸੇਵਾਵਾਂ ਦਿੱਤੀਆਂ। ਆਪ ਜੀ ਨੂੰ ਸੈਂਕੜੇ ਸ਼ਬਦ ਜ਼ੁਬਾਨੀ ਯਾਦ ਸਨ। ਭਾਰਤ ਸਰਕਾਰ ਵਲੋਂ ਆਪ ਜੀ ਨੂੰ ਪਦਮ ਸ੍ਰੀ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਪ੍ਰਾਪਤ ਕਰਨ ਵਾਲੇ ਉਹ ਪਹਿਲੇ ਕੀਰਤਨੀਏ ਰਾਗੀ ਸਨ। ਉਨ੍ਹਾਂ ਨੇ ਪੁਰਾਤਨ ਰਬਾਬੀਆਂ ਤੋਂ ਲੈ ਕੇ ਵਰਤਮਾਨ ਮਹਾਨ ਰਾਗੀਆਂ ਦੀਆਂ ਜੀਵਨੀਆਂ ਬਾਰੇ ਲੇਖ ਲਿਖ ਕੇ ਉਨ੍ਹਾਂ ਨੂੰ ਇਕ ਕਿਤਾਬ ਦਾ ਰੂਪ ਦਿੱਤਾ। ਲੇਖਕ ਗੁਰਮੇਲ ਸਿੰਘ ਗਿੱਲ ਜੀ ਦਾ ਬਹੁਤ ਧੰਨਵਾਦ। ਅਜੀਤ ਦਾ 'ਧਰਮ ਤੇ ਵਿਰਸਾ' ਅੰਕ ਮੇਰੇ ਵਰਗੇ ਹਜ਼ਾਰਾਂ ਪਾਠਕਾਂ ਨੂੰ ਘਰ ਵਿਚ ਬੈਠਿਆਂ ਨੂੰ ਜਾਣਕਾਰੀ ਵੰਡਦਾ ਹੈ।

-ਪ੍ਰਿੰ. ਜੋਗਿੰਦਰ ਸਿੰਘ ਲੋਹਾਮ
ਨੈਸ਼ਨਲ ਅਵਾਰਡੀ, ਜਮੀਅਤ ਸਿੰਘ ਰੋਡ, ਮੋਗਾ।