JALANDHAR WEATHER

19-05-26

 ਸਵੇਰ ਸਮੇਂ ਚੀਕ-ਚਿਹਾੜਾ ਕਿਉਂ?
ਕੁਦਰਤ ਵਲੋਂ ਰਾਤ ਤੋਂ ਬਾਅਦ ਸਵੇਰ ਦਾ ਸਮਾਂ ਸਾਡੇ ਲਈ ਤੋਹਫ਼ੇ ਤੋਂ ਘੱਟ ਨਹੀਂ ਹੁੰਦਾ। ਪਰ ਕੁਝ ਘਰਾਂ ਵਿਚ ਸਵੇਰ ਹੁੰਦੇ ਸਾਰ ਚੀਕ-ਚਿਹੜਾ ਸ਼ੁਰੂ ਹੋ ਜਾਂਦਾ ਹੈ। ਇਸ ਸਮੱਸਿਆ ਦੀ ਅਸਲ ਜੜ੍ਹ ਸਵੇਰੇ ਥੋੜ੍ਹਾ ਲੇਟ ਉੱਠਣਾ ਅਤੇ ਲੇਟ ਉੱਠਣ ਕਾਰਨ ਕੰਮ 'ਤੇ ਜਾਣ ਤੋਂ ਪਹਿਲਾਂ ਘਰ ਦੇ ਕੰਮਾਂ ਨੂੰ ਜਲਦੀ ਜਲਦੀ ਨਿਪਟਾਉਣ ਦਾ ਦਬਾਓ, ਸਮੇਂ ਦੀ ਕਮੀ ਤੇ ਬੱਚਿਆਂ ਨੂੰ ਸਕੂਲ ਜਾਣ ਲਈ ਤਿਆਰ ਕਰਨ ਵਿਚ ਸਮੇਂ ਦੀ ਕਮੀ ਹੁੰਦੀ ਹੈ। ਅਜਿਹੀ ਸਥਿਤੀ ਦੀ ਅਕਸਰ ਵਜ੍ਹਾ ਪਤੀ-ਪਤਨੀ ਦਾ ਆਪਸੀ ਤਣਾਅ ਹੁੰਦਾ ਹੈ ਤੇ ਗੁੱਸਾ ਬੱਚਿਆਂ 'ਤੇ ਝਾੜ ਦਿੱਤਾ ਜਾਂਦਾ ਹੈ। ਜਦਕਿ ਬੱਚਿਆਂ ਦੀ ਬਹੁਤੀ ਗਲਤੀ ਵੀ ਨਹੀਂ ਹੁੰਦੀ। ਇਸ ਕਾਰਨ ਬੱਚਾ ਸਕੂਲ ਵਿੱਚ ਤਣਾਅ ਵਿੱਚ ਰਹਿੰਦਾ ਹੈ ਇਸ ਲਈ ਜ਼ਰੂਰੀ ਹੈ ਕਿ ਰਾਤ ਨੂੰ ਸੌਣ ਤੋਂ ਪਹਿਲਾਂ ਸਾਰੇ ਕੰਮ ਨਿਪਟਾ ਕੇ ਸੌਂਵੋ ਸਵੇਰੇ ਦੇ ਕੰਮਾਂ ਦੀ ਅੱਧੀ ਤਿਆਰੀ ਕਰਕੇ ਰੱਖੋ। ਆਪਣੇ ਗੁੱਸੇ ਨੂੰ ਕੰਟਰੋਲ ਵਿੱਚ ਰੱਖੋ। ਕੋਈ ਘਰ ਦਾ ਦੂਸਰਾ ਜੀਅ ਵੀ ਤੁਹਾਡੀ ਮਦਦ ਤਾਂ ਹੀ ਕਰੇਗਾ ਜੇਕਰ ਔਰਤ ਆਪਣੇ ਕੰਮਾਂ ਨੂੰ ਢੰਗ ਨਾਲ ਕਰਨ ਦਾ ਯਤਨ ਕਰੇਗੀ। ਜੇਕਰ ਉਹ ਸਵੇਰੇ ਲੇਟ ਉੱਠ ਕੇ ਜਲਦਬਾਜ਼ੀ ਵਿੱਚ ਘਰ ਵਿੱਚ ਤਣਾਅ ਦਾ ਮਾਹੌਲ ਬਣਾ ਦੇਵੇਗੀ ਤਾਂ ਇਸ ਹਾਲਤ ਵਿੱਚ ਕੋਈ ਮਦਦ ਨਹੀਂ ਕਰੇਗਾ ਬਲਕਿ ਉਸ ਨੂੰ ਉਸ ਦੇ ਹਾਲ ਤੇ ਹੀ ਛੱਡ ਦਿੱਤਾ ਜਾਵੇਗਾ।

-ਚਰਨਜੀਤ ਸਿੰਘ ਮੁਕਤਸਰ,
ਸੈਂਟਰ ਹੈੱਡ ਟੀਚਰ, ਝਬੇਲਵਾਲੀ।

ਸੰਵੇਦਨਸ਼ੀਲਤਾ ਦੀ ਲੋੜ ਹੈ'

ਤੰਜ ਕਰਨਾ ਆਸਾਨ ਹੈ, ਪਰ ਕਿਸੇ ਦੇ ਦਿਲ ਨੂੰ ਸਮਝਣਾ ਬਹੁਤ ਔਖਾ ਹੈ।' ਸਾਡਾ ਅਕਸਰ ਅਜਿਹੇ ਲੋਕਾਂ ਨਾਲ ਵਾਹ ਪੈਂਦਾ ਹੈ ਜਿਨ੍ਹਾਂ ਨੂੰ ਤੰਨਜ਼ ਕੱਸ ਕੇ ਗੱਲ ਕਰਨ ਦੀ ਆਦਤ ਹੁੰਦੀ ਹੈ। ਉਹ ਦੂਜਿਆਂ ਦੀ ਕਮੀ ਕੱਢ ਕੇ ਜਾਂ ਮਜ਼ਾਕ ਉਡਾ ਕੇ ਆਪਣੇ-ਆਪ ਨੂੰ ਜ਼ਿਆਦਾ ਸਮਝਦਾਰ ਸਮਝਦੇ ਹਨ। ਬੇਸ਼ਕ ਹਾਸਾ ਜੀਵਨ ਦਾ ਸੁੰਦਰ ਪੱਖ ਹੈ, ਹੱਸਦੇ-ਖੇਡਦੇ ਰਹਿਣ ਨਾਲ ਤਣਾਅ ਘਟਦਾ ਹੈ ਅਤੇ ਰਿਸ਼ਤੇ ਮਜ਼ਬੂਤ ਹੁੰਦੇ ਹਨ। ਪਰ ਜਦੋਂ ਮਜ਼ਾਕ ਦੀ ਹੱਦ ਪਾਰ ਹੋ ਜਾਵੇ ਅਤੇ ਕਿਸੇ ਦੇ ਦਿਲ ਨੂੰ ਠੇਸ ਪਹੁੰਚੇ, ਤਦ ਉਹ ਹਾਸਾ ਨਹੀਂ ਰਹਿੰਦਾ, ਉਹ ਚੋਟ ਬਣ ਜਾਂਦਾ ਹੈ।
ਤਨਜ਼ ਭਰੀ ਬੋਲੀ ਅਕਸਰ ਵਿਅਕਤੀ ਦੇ ਆਤਮ-ਸਨਮਾਨ ਨੂੰ ਘਟਾਉਂਦੀ ਹੈ। ਕਈ ਵਾਰ ਸਾਹਮਣੇ ਵਾਲਾ ਹੱਸ ਕੇ ਗੱਲ ਟਾਲ ਦਿੰਦਾ ਹੈ, ਪਰ ਅੰਦਰੋਂ ਉਹ ਦੁਖੀ ਹੁੰਦਾ ਹੈ। ਸਾਡੇ ਸ਼ਬਦ ਸਾਡੀ ਸ਼ਖਸੀਅਤ ਦਾ ਦਰਪਣ ਹੁੰਦੇ ਹਨ। ਇਸ ਲਈ ਬੋਲਣ ਤੋਂ ਪਹਿਲਾਂ ਸੋਚਣਾ ਜ਼ਰੂਰੀ ਹੈ ਕਿ ਕਿਤੇ ਸਾਡੀ ਗੱਲ ਕਿਸੇ ਲਈ ਜ਼ਖਮ ਨਾ ਬਣ ਜਾਵੇ।
ਸਮਾਜ ਨੂੰ ਅਜਿਹੀ ਸੋਚ ਦੀ ਲੋੜ ਹੈ ਜਿੱਥੇ ਹਾਸੇ ਵਿੱਚ ਵੀ ਸੰਵੇਦਨਸ਼ੀਲਤਾ ਹੋਵੇ। ਮਜ਼ਾਕ ਉਹੀ ਚੰਗਾ ਜੋ ਸਭ ਨੂੰ ਖੁਸ਼ੀ ਦੇਵੇ, ਨਾ ਕਿ ਕਿਸੇ ਨੂੰ ਨੀਵਾਂ ਦਿਖਾ ਕੇ ਖ਼ੁਦ ਨੂੰ ਉੱਚਾ ਸਾਬਤ ਕਰੇ। ਆਓ ਅਸੀਂ ਤੰਜ ਦੀ ਥਾਂ ਪਿਆਰ, ਆਦਰ ਅਤੇ ਸਮਝ ਨੂੰ ਤਰਜੀਹ ਦੇਈਏ, ਤਾਂ ਜੋ ਰਿਸ਼ਤੇ ਮਜ਼ਬੂਤ ਹੋਣ ਅਤੇ ਸਮਾਜ ਵਿੱਚ ਸਾਕਾਰਾਤਮਿਕਤਾ ਵਧੇ।

-ਪਵਨ ਕੁਮਾਰ ਅੱਤਰੀ
ਕਪੂਰਥਲਾ

ਬੱਚਿਆਂ ਦਾ ਡਿਗਦਾ ਨੈਤਿਕ ਪੱਧਰ

ਅੱਜ ਦਾ ਬੱਚਾ ਵਿੱਦਿਆ ਵਿਚ ਤਾਂ ਅੱਗੇ ਵਧ ਰਿਹਾ ਹੈ, ਪਰ ਨੈਤਿਕਤਾ, ਸੰਸਕਾਰ ਅਤੇ ਮਨੁੱਖੀ ਮੁੱਲਾਂ ਦੇ ਮਾਮਲੇ ਵਿਚ ਪਿਛੇ ਹੁੰਦਾ ਜਾ ਰਿਹਾ ਹੈ। ਜੋ ਸਾਡੇ ਸਮਾਜ ਲਈ ਖ਼ਤਰੇ ਦੀ ਘੰਟੀ ਹੈ। ਆਧੁਨਿਕ ਜੀਵਨਸ਼ੈਲੀ, ਮਾਪਿਆਂ ਕੋਲ ਸਮੇਂ ਦੀ ਘਾਟ, ਟੁੱਟਦੇ ਪਰਿਵਾਰਕ ਰਿਸ਼ਤੇ, ਸੋਸ਼ਲ ਮੀਡੀਆ ਦੀ ਜ਼ਿਆਦਾ ਵਰਤੋਂ ਨੇ ਬੱਚਿਆਂ ਦੇ ਮਨ 'ਤੇ ਗਹਿਰਾ ਪ੍ਰਭਾਵ ਪਾਇਆ ਹੈ। ਬੱਚੇ ਵੱਡਿਆਂ ਦਾ ਆਦਰ, ਸੱਚਾਈ, ਸਬਰ, ਸਹਿਣਸ਼ੀਲਤਾ ਤੇ ਜ਼ਿੰਮੇਵਾਰੀ ਵਰਗੇ ਗੁਣ ਭੁੱਲਦੇ ਜਾ ਰਹੇ ਹਨ। ਉਨ੍ਹਾਂ ਵਿਚ ਅਨੁਸ਼ਾਸਨ ਦੀ ਘਾਟ ਆ ਰਹੀ ਹੈ। ਸਕੂਲਾਂ ਵਿਚ ਵੀ ਅੰਕਾਂ ਅਤੇ ਨਤੀਜਿਆਂ ਦੀ ਦੌੜ ਇੰਨੀ ਤੇਜ਼ ਹੈ ਕਿ ਚਰਿੱਤਰ ਨਿਰਮਾਣ ਪਿੱਛੇ ਰਹਿ ਗਿਆ ਹੈ। ਇਸ ਡਿੱਗਦੇ ਨੈਤਿਕ ਪੱਧਰ ਦੇ ਨਤੀਜੇ ਵਜੋਂ ਬੱਚਿਆਂ ਵਿਚ ਅਨੁਸ਼ਾਸਨਹੀਣਤਾ, ਅਸਹਿਯੋਗ ਅਤੇ ਹਿੰਸਕ ਸੋਚ ਵਧ ਰਹੀ ਹੈ। ਜੇਕਰ ਅਸੀਂ ਅੱਜ ਇਸ ਵੱਲ ਧਿਆਨ ਨਾ ਦਿੱਤਾ ਤਾਂ ਕੱਲ ਨੂੰ ਸਮਾਜ ਨੂੰ ਇਸ ਦੇ ਭਿਆਨਕ ਨਤੀਜੇ ਭੁਗਤਣੇ ਪੈ ਸਕਦੇ ਹਨ। ਇਹ ਸਮੱਸਿਆ ਦਾ ਹੱਲ ਸਾਂਝੀ ਕੋਸ਼ਿਸ਼ ਨਾਲ ਹੀ ਸੰਭਵ ਹੈ। ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਬੱਚਿਆਂ ਨਾਲ ਸਮਾਂ ਬਿਤਾਉਣ, ਉਨ੍ਹਾਂ ਨੂੰ ਸਹੀ ਅਤੇ ਗਲਤ ਦੇਣ ਤੇ ਆਪਣੇ ਕਰਮਾਂ ਰਾਹੀਂ ਚੰਗੇ ਮਿਸਾਲ ਕਾਇਮ ਕਰਨਾ। ਸਕੂਲਾਂ ਵਿਚ ਨੈਤਿਕ ਸਿੱਖਿਆ ਨੂੰ ਪਾਠਕ੍ਰਮ ਦਾ ਅਟੁੱਟ ਹਿੱਸਾ ਬਣਾਇਆ ਜਾਣਾ ਚਾਹੀਦਾ ਹੈ।

-ਦਲਜੀਤ ਕੌਰ
ਸੰਤ ਬਾਬਾ ਅਤਰ ਸਿੰਘ, ਖਾਲਸਾ ਕਾਲਜ (ਸੰਦੌੜ)

ਜੰਗ ਦਾ ਪ੍ਰਭਾਵ

ਭਾਰਤ ਦੇ ਪ੍ਰਧਾਨ ਮੰਤਰੀ ਦੁਆਰਾ ਆਪਣੇ ਭਾਸ਼ਨ ਵਿਚ ਲੋਕਾਂ ਨੂੰ ਇਹ ਅਪੀਲ ਕੀਤੀ ਗਈ ਹੈ ਕਿ ਉਹ ਰਸੋਈ ਗੈਸ, ਸਰ੍ਹੋਂ ਦੇ ਤੇਲ, ਪੈਟਰੋਲ-ਡੀਜ਼ਲ ਦੀ ਖ਼ਪਤ ਘੱਟ ਅਤੇ ਇੱਕ ਸਾਲ ਤੱਕ ਸੋਨੇ ਦੀ ਖਰੀਦ ਤੋਂ ਪਰਹੇਜ਼ ਕਰਨ। ਇਸ ਭਾਸ਼ਨ ਨਾਲ ਜਿਥੇ ਲੋਕਾਂ ਵਿਚ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨ ਨੂੰ ਲੈ ਕੇ ਸਹਿਮ ਪੈਦਾ ਹੋਣਾ ਸੁਭਾਵਿਕ ਹੈ, ਉਥੇ ਜੰਗ ਦਾ ਪ੍ਰਭਾਵ ਨਜ਼ਰ ਆਉਣਾ ਵੀ ਸ਼ੁਰੂ ਹੋ ਗਿਆ ਹੈ। ਇਹ ਗੱਲ ਸੌ ਪ੍ਰਤੀਸ਼ਤ ਸੱਚ ਹੈ ਕਿ ਜੰਗ ਦਾ ਸੇਕ ਕੇਵਲ ਉਨ੍ਹਾਂ ਲੋਕਾਂ ਨੂੰ ਨਹੀਂ ਲੱਗਦਾ, ਜਿੱਥੇ ਜੰਗ ਹੋ ਰਹੀ ਹੋਵੇ, ਸਗੋਂ ਜੰਗ ਦਾ ਪ੍ਰਭਾਵ ਆਂਢ-ਗੁਆਂਢ ਦੇ ਦੇਸ਼ਾਂ ਵਿਚ ਵੀ ਦੇਖਣ ਨੂ ਮਿਲਦਾ ਹੈ ਜਿਸ ਦੀ ਗੱਲ ਪ੍ਰਧਾਨ ਮੰਤਰੀ ਜੀ ਨੇ ਆਪਣੇ ਭਾਸ਼ਨ ਵਿਚ ਵੀ ਕੀਤੀ ਹੈ। ਆਮ ਵਿਅਕਤੀ ਇਸ ਦੁਬਿਧਾ ਵਿਚ ਫ਼ਸ ਗਿਆ ਹੈ ਕਿ ਉਹ ਹੁਣ ਕੀ ਕਰੇ, ਕਿਉਂਕਿ ਦੋ ਟਾਈਮ ਰੋਟੀ ਖਾਣੀ ਤਾਂ ਜ਼ਰੂਰੀ ਹੈ ਨਹੀਂ ਤਾਂ ਵਿਅਕਤੀ ਜਿਊਂਦਾ ਨਹੀਂ ਰਹਿ ਸਕਦਾ।
ਅੰਕੜੇ ਕੁਝ ਵੀ ਕਹਿੰਦੇ ਹੋਣ ਪ੍ਰੰਤੂ ਇਹ ਜ਼ਮੀਨੀ ਹਕੀਕਤ ਹੈ ਕਿ ਗੈਸ ਸਿਲੰਡਰ ਇੱਕ ਵਾਰ ਮਿਲਣ ਤੋਂ ਬਾਅਦ ਪੰਤਾਲੀ ਦਿਨਾਂ ਬਾਅਦ ਦੂਜੀ ਬੁਕਿੰਗ ਹੋਣ ਤੋਂ ਬਾਅਦ ਵੀ ਦੋ ਚਾਰ ਦਿਨ ਸਿਲੰਡਰ ਮਿਲਣ ਵਿਚ ਉੱਪਰ ਲੰਘ ਜਾਂਦੇ ਹਨ। ਜਿਹੜੇ ਪਰਿਵਾਰ ਛੋਟੇ ਹਨ ਉਹ ਤਾਂ ਔਖਾ-ਸੌਖਾ ਕੁਝ ਗੈਸ ਸਿਲੰਡਰ ਵਰਤ ਕੇ ਅਤੇ ਕੁਝ ਲੱਕੜੀ ਬਾਲ ਕੇ ਗੁਜ਼ਾਰਾ ਕਰ ਲੈਣਗੇ, ਪ੍ਰੰਤੂ ਖ਼ਾਸ ਕਰਕੇ ਸ਼ਹਿਰਾਂ ਵਿਚ ਲੋਕ ਕੀ ਕਰਨਗੇ, ਉਨ੍ਹਾਂ ਕੋਲ ਤਾਂ ਲੱਕੜੀ ਬਾਲਣ ਦੀ ਵੀ ਸੁਵਿਧਾ ਘੱਟ ਹੁੰਦੀ ਹੈ,ਬਾਕੀ ਲੱਕੜੀ ਬਾਲਣ 'ਤੇ ਪ੍ਰਦੂਸ਼ਣ ਹੁੰਦਾ ਹੈ ਇਹ ਬੁੱਧੀਜੀਵੀਆਂ ਦਾ ਤਰਕ ਹੈ। ਹੁਣ ਸਭ ਤੋਂ ਵੱਡਾ ਸਵਾਲ ਇਹ ਪੈਦਾ ਹੁੰਦਾ ਹੈ ਕਿ ਆਮ ਵਿਅਕਤੀ ਰੋਟੀ ਪਕਾਏਗਾ ਕਿਵੇਂ, ਚੁੱਲ੍ਹੇ ਬਲਦੇ ਰਹਿਣਗੇ ਜਾਂ ਚੁੱਲ੍ਹਿਆਂ ਦੀ ਅੱਗ ਮੱਠੀ ਪੈ ਜਾਵੇਗੀ। ਹਾਕਮਾਂ ਨੇ ਬਦਲਾਅ ਦੀ ਅਜਿਹੀ ਹਨੇਰੀ ਲਿਆਂਦੀ ਕਿ ਲੋਕ ਰੋਜ਼ੀ-ਰੋਟੀ ਨੂੰ ਤਰਸਣ ਲੱਗ ਪਏ।

-ਰਜਵਿੰਦਰ ਪਾਲ ਸ਼ਰਮਾ
ਪਿੰਡ ਕਾਲਝਰਾਣੀ(ਬਠਿੰਡਾ)