20-05-26
ਪੰਜਾਬੀ ਦੀ ਅਣਦੇਖੀ
ਪੰਜਾਬ ਦੇ ਆਰਮੀ ਸਕੂਲਾਂ ਵਿਚ ਪੰਜਾਬੀ ਭਾਸ਼ਾ ਨੂੰ ਪਿੱਛੇ ਧੱਕ ਕੇ ਸੰਸਕ੍ਰਿਤ ਨੂੰ ਲਾਜ਼ਮੀ ਕਰਨ ਦੇ ਮਾਮਲੇ ਨੇ ਇਕ ਨਵੀਂ ਚਰਚਾ ਨੂੰ ਜਨਮ ਦੇ ਦਿੱਤਾ ਹੈ। ਪੰਜਾਬ ਦੀ ਮਾਤਭਾਸ਼ਾ ਪੰਜਾਬੀ ਹੈ ਅਤੇ ਇਹ ਸਿਰਫ਼ ਇਕ ਭਾਸ਼ਾ ਨਹੀਂ, ਸਗੋਂ ਸਾਡੀ ਸੰਸਕ੍ਰਿਤੀ, ਇਤਿਹਾਸ ਅਤੇ ਪਛਾਣ ਦਾ ਅਹਿਮ ਹਿੱਸਾ ਹੈ। ਅਜਿਹੇ ਵਿਚ ਸਕੂਲਾਂ ਵਿਚ ਪੰਜਾਬੀ ਨੂੰ ਨਜ਼ਰਅੰਦਾਜ਼ ਕਰਨਾ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦਾ ਹੈ। ਸੰਸਕ੍ਰਿਤ ਇਕ ਮਹੱਤਵਪੂਰਨ ਭਾਸ਼ਾ ਹੋ ਸਕਦੀ ਹੈ, ਪਰ ਕਿਸੇ ਹੋਰ ਭਾਸ਼ਾ ਨੂੰ ਲਾਜ਼ਮੀ ਬਣਾਉਣ ਲਈ ਪੰਜਾਬੀ ਦੀ ਅਹਿਮੀਅਤ ਘਟਾਉਣਾ ਠੀਕ ਨਹੀਂ। ਸਿੱਖਿਆ ਸੰਸਥਾਵਾਂ ਨੂੰ ਸਥਾਨਕ ਭਾਸ਼ਾ ਅਤੇ ਸੱਭਿਆਚਾਰ ਦਾ ਸਤਿਕਾਰ ਕਰਨਾ ਚਾਹੀਦਾ ਹੈ। ਪੰਜਾਬ ਵਿਚ ਚੱਲ ਰਹੇ ਸਾਰੇ ਸਕੂਲਾਂ ਵਿਚ ਪੰਜਾਬੀ ਨੂੰ ਪਹਿਲ ਦੇਣੀ ਚਾਹੀਦੀ ਹੈ, ਤਾਂ ਜੋ ਨਵੀਂ ਪੀੜ੍ਹੀ ਆਪਣੀਆਂ ਜੜ੍ਹਾਂ ਨਾਲ ਜੁੜੀ ਰਹੇ। ਇਸ ਮਾਮਲੇ 'ਤੇ ਦੁਬਾਰਾ ਵਿਚਾਰ ਕੀਤਾ ਜਾਵੇ ਅਤੇ ਪੰਜਾਬੀ ਭਾਸ਼ਾ ਦੇ ਹੱਕਾਂ ਦੀ ਰੱਖਿਆ ਕੀਤੀ ਜਾਵੇ।
-ਅਰਸ਼ਪ੍ਰੀਤ ਕੌਰ
ਜਲੰਧਰ ਸ਼ਹਿਰ।
ਜਾਨਲੇਵਾ ਬਣ ਰਿਹਾ ਸਟ੍ਰੀਟ ਫੂਡ
ਸਟ੍ਰੀਟ ਫੂਡ ਸਾਨੂੰ ਸੁਆਦ ਵਿਚ ਤਾਂ ਵਧੀਆ ਲੱਗਦਾ ਹੈ, ਪ੍ਰੰਤੂ ਉਸ ਵਿਚ ਪੋਸ਼ਟਿਕਤਾ ਦੀ ਬਹੁਤ ਘਾਟ ਹੁੰਦੀ ਹੈ। ਚਾਟ, ਗੋਲਗੱਪੇ, ਸਮੋਸੇ, ਬੇਲ ਪੂੜੀ, ਪਾਪੜ, ਪੈਟੀਜ, ਬਰਗਰ, ਮੋਮੋਜ ਤੇ ਸਨੈਕਸ ਸੁਆਦੀ ਦੇ ਕਾਰਨ ਲੋਕਾਂ ਨੂੰ ਆਪਣੇ ਵੱਲ ਖਿੱਚਦੇ ਹਨ। ਅਕਸਰ ਬੱਚੇ ਇਸ ਸਟ੍ਰੀਟ ਫੂਡ ਨੂੰ ਬਹੁਤ ਪਸੰਦ ਕਰਦੇ ਹਨ। ਇਹ ਫੂਡ ਰਿਫਾਇੰਡ ਤੇਲ ਅਤੇ ਤਰ੍ਹਾਂ-ਤਰ੍ਹਾਂ ਦੇ ਮਸਾਲਿਆਂ ਨਾਲ ਤਿਆਰ ਕੀਤੇ ਜਾਂਦੇ ਹਨ। ਜਿਹੜੇ ਤੇਲਾਂ ਦੀ ਵਰਤੋਂ ਕੀਤੀ ਜਾਂਦੀ ਹੈ ਉਨ੍ਹਾਂ ਦੀ ਗੁਣਵੱਤਾ ਸਹੀ ਨਹੀਂ ਹੁੰਦੀ। ਇੱਕ ਵਾਰ ਇਹ ਲੋਕ ਕੜਾਹੀ ਵਿਚ ਤੇਲ ਪਾ ਲੈਂਦੇ ਹਨ, ਸਾਰਾ ਦਿਨ ਓਹੀ ਕੜਾਹੀ ਵਿਚ ਹੀ ਫੂਡ ਤਿਆਰ ਕਰਕੇ ਲੋਕਾਂ ਨੂੰ ਪਰੋਸਦੇ ਰਹਿੰਦੇ ਹਨ। ਮਾਹਿਰ ਦੱਸਦੇ ਹਨ ਕਿ ਰਿਫਾਇੰਡ ਤੇਲ ਦੀ ਵਾਰ-ਵਾਰ ਵਰਤੋਂ ਨਹੀਂ ਕਰਨੀ ਚਾਹੀਦੀ, ਜੋ ਜਾਨਲੇਵਾ ਹੋ ਸਕਦਾ ਹੈ। ਖਾਣੇ ਨੂੰ ਬਣਾਉਣ ਤੇ ਪਰੋਸਣ ਵਿਚ ਸਫ਼ਾਈ ਦਾ ਵੀ ਵਿਸ਼ੇਸ਼ ਧਿਆਨ ਨਹੀਂ ਰੱਖਿਆ ਜਾਂਦਾ। ਸਟ੍ਰੀਟ ਫ਼ੂਡ ਵਿਚ ਵਿਟਾਮਿਨ, ਖਣਿਜ, ਪ੍ਰੋਟੀਨ, ਕੈਲਸ਼ੀਅਮ, ਫਾਈਬਰ ਨਹੀਂ ਹੁੰਦਾ। ਬਸ ਇੱਕ ਜੀਭ ਦਾ ਸੁਆਦ ਹੁੰਦਾ ਹੈ। ਅੱਜਕੱਲ੍ਹ ਦੇ ਬੱਚੇ ਸੀਜ਼ਨਲ ਸਬਜ਼ੀਆਂ, ਫਲ, ਦਾਲਾਂ, ਦੁੱਧ, ਘਰ ਤੋਂ ਬਣੀਆਂ ਹੋਈਆਂ ਚੀਜ਼ਾਂ ਦੀ ਬਿਲਕੁਲ ਵੀ ਵਰਤੋਂ ਨਹੀਂ ਕਰਦੇ ਹਨ। ਬਾਹਰ ਦੇ ਖਾਣੇ ਨੂੰ ਜ਼ਿਆਦਾ ਤਰਜੀਹ ਦਿੰਦੇ ਹਨ। ਅਕਸਰ ਰੇਹੜੀਆਂ 'ਤੇ ਇਹ ਖਾਣ ਵਾਲਾ ਸਾਮਾਨ ਖੁੱਲ੍ਹੇ 'ਚ ਹੀ ਰੱਖਿਆ ਹੋਣ ਕਾਰਨ ਇਨ੍ਹਾਂ ਵਿਚ ਧੂੜ ਮਿੱਟੀ ਆਦਿ ਮਿਲ ਜਾਂਦੇ ਹਨ। ਹਰ ਰੋਜ਼ ਅਜਿਹਾ ਭੋਜਨ ਖਾਣ ਨਾਲ ਮੋਟਾਪੇ ਦਾ ਸ਼ਿਕਾਰ ਵੀ ਹੋ ਜਾਂਦੇ ਹਨ। ਮਾਂ ਬਾਪ ਨੂੰ ਆਪਣੇ ਬੱਚਿਆਂ ਨੂੰ ਪੋਸ਼ਟਿਕ ਭੋਜਨ ਦੇ ਗੁਣਾਂ ਬਾਰੇ ਤੇ ਸਟ੍ਰੀਟ ਫੂਡ ਦੇ ਨੁਕਸਾਨ ਬਾਰੇ ਦੱਸਣਾ ਚਾਹੀਦਾ ਹੈ।
-ਸੰਜੀਵ ਸਿੰਘ ਸੈਣੀ, ਮੁਹਾਲੀ।
ਸੋਸ਼ਲ ਮੀਡੀਆ 'ਤੇ ਵਧ ਰਹੀ ਲੱਚਰਤਾ
ਸੋਸ਼ਲ ਮੀਡੀਆ ਜਾਣਕਾਰੀ ਅਤੇ ਮਨੋਰੰਜਨ ਦਾ ਵੱਡਾ ਸਾਧਨ ਬਣ ਚੁੱਕਾ ਹੈ, ਪਰ ਇਸ 'ਤੇ ਵੱਧ ਰਹੀ ਲੱਚਰਤਾ ਸਮਾਜ ਲਈ ਚਿੰਤਾ ਦਾ ਵਿਸ਼ਾ ਹੈ। ਵੱਧ ਲਾਈਕਾਂ ਤੇ ਵਿਊਜ਼ ਲਈ ਕਈ ਲੋਕ ਅਸ਼ਲੀਲ ਗਾਣੇ, ਭੱਦੀ ਭਾਸ਼ਾ ਅਤੇ ਗਲਤ ਵੀਡੀਓਜ਼ ਪੋਸਟ ਕਰ ਰਹੇ ਹਨ, ਜਿਸ ਦਾ ਮਾੜਾ ਅਸਰ ਨੌਜਵਾਨਾਂ ਅਤੇ ਬੱਚਿਆਂ 'ਤੇ ਪੈ ਰਿਹਾ ਹੈ। ਇਸ ਨਾਲ ਸਮਾਜਿਕ ਅਤੇ ਸੱਭਿਆਚਾਰਕ ਕਦਰਾਂ-ਕੀਮਤਾਂ ਨੂੰ ਨੁਕਸਾਨ ਪਹੁੰਚ ਰਿਹਾ ਹੈ। ਸਰਕਾਰ ਅਤੇ ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਅਜਿਹੀ ਸਮੱਗਰੀ 'ਤੇ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਮਾਪਿਆਂ ਅਤੇ ਅਧਿਆਪਕਾਂ ਨੂੰ ਵੀ ਬੱਚਿਆਂ ਨੂੰ ਸੋਸ਼ਲ ਮੀਡੀਆ ਦਾ ਸਹੀ ਇਸਤੇਮਾਲ ਸਿਖਾਉਣਾ ਚਾਹੀਦਾ ਹੈ। ਸੋਸ਼ਲ ਮੀਡੀਆ ਦਾ ਇਸਤੇਮਾਲ ਚੰਗੇ ਸੁਨੇਹੇ ਅਤੇ ਜਾਗਰੂਕਤਾ ਫੈਲਾਉਣ ਲਈ ਹੋਣਾ ਚਾਹੀਦਾ ਹੈ, ਨਾ ਕਿ ਲੱਚਰਤਾ ਫੈਲਾਉਣ ਲਈ।
-ਗੁਰਿੰਦਰ ਪਾਲ ਸਿੰਘ, ਰਾਜਪੁਰਾ
ਤਕਨਾਲੋਜੀ ਅਤੇ ਭਵਿੱਖ
ਤਕਨਾਲੋਜੀ ਨੇ ਮਨੁੱਖੀ ਜੀਵਨ ਨੂੰ ਬਹੁਤ ਤੇਜ਼ੀ ਨਾਲ ਬਦਲ ਦਿੱਤਾ ਹੈ ਅਤੇ ਭਵਿੱਖ ਵਿਚ ਇਸ ਦਾ ਅਸਰ ਹੋਰ ਵੀ ਡੂੰਘਾ ਹੋਵੇਗਾ। ਅੱਜ ਦੇ ਸਮੇਂ ਵਿਚ ਅਸੀਂ ਮੋਬਾਈਲ ਫੋਨ, ਇੰਟਰਨੈੱਟ ਅਤੇ ਆਰਟੀਫੀਸ਼ਿਅਲ ਇੰਟੈਲੀਜੈਂਸ ਵਰਗੀਆਂ ਆਧੁਨਿਕ ਤਕਨਾਲੋਜੀਆਂ ਨਾਲ ਜੁੜੇ ਹੋਏ ਹਾਂ। ਭਵਿੱਖ ਵਿਚ ਇਹ ਤਕਨਾਲੋਜੀ ਹੋਰ ਵਿਕਸਿਤ ਹੋਵੇਗੀ ਅਤੇ ਮਨੁੱਖੀ ਜੀਵਨ ਦੇ ਹਰ ਖੇਤਰ ਵਿਚ ਆਪਣੀ ਮਜ਼ਬੂਤ ਹਾਜ਼ਰੀ ਦਰਜ ਕਰਵਾਏਗੀ। ਆਉਣ ਵਾਲੇ ਸਮੇਂ ਵਿਚ ਆਰਟੀਫੀਸ਼ਿਅਲ ਇੰਟੈਲੀਜੈਂਸ ਅਤੇ ਮਸ਼ੀਨ ਲਰਨਿੰਗ ਦੀ ਵਧਦੀ ਵਰਤੋਂ ਨਾਲ ਬਹੁਤ ਸਾਰੇ ਕੰਮ ਆਟੋਮੈਟਿਕ ਹੋ ਜਾਣਗੇ। ਤਕਨਾਲੋਜੀ ਸਿਹਤ, ਸਿੱਖਿਆ ਅਤੇ ਸੰਚਾਰ ਦੇ ਖੇਤਰਾਂ ਵਿਚ ਵੀ ਵੱਡੇ ਬਦਲਾਅ ਲਿਆਵੇਗੀ। ਦੂਰ-ਦਰਾਜ ਇਲਾਕਿਆਂ ਵਿਚ ਰਹਿਣ ਵਾਲੇ ਲੋਕ ਵੀ ਚੰਗੀ ਸਿੱਖਿਆ ਅਤੇ ਇਲਾਜ ਦੀਆਂ ਸਹੂਲਤਾਂ ਪ੍ਰਾਪਤ ਕਰ ਸਕਣਗੇ। ਸਮਾਰਟ ਸਿਟੀਆਂ ਅਤੇ ਡਿਜ਼ੀਟਲ ਸਿਸਟਮ ਮਨੁੱਖੀ ਜੀਵਨ ਨੂੰ ਹੋਰ ਸੁਵਿਧਾਜਨਕ ਅਤੇ ਸੁਰੱਖਿਅਤ ਬਣਾਉਣਗੇ। ਪਰ ਤਕਨਾਲੋਜੀ ਦੇ ਕੁਝ ਨੁਕਸਾਨ ਵੀ ਹਨ, ਜਿਵੇਂ ਕਿ ਨਿੱਜਤਾ ਦੀ ਘਾਟ, ਸਾਈਬਰ ਅਪਰਾਧ ਅਤੇ ਮਨੁੱਖੀ ਸੰਬੰਧਾਂ ਵਿਚ ਦੂਰੀ। ਇਸ ਲਈ ਇਹ ਬਹੁਤ ਜ਼ਰੂਰੀ ਹੈ ਕਿ ਤਕਨਾਲੋਜੀ ਦਾ ਸਹੀ ਅਤੇ ਸੰਤੁਲਿਤ ਇਸਤੇਮਾਲ ਕੀਤਾ ਜਾਵੇ।
- ਸਤਵਿੰਦਰ ਕੌਰ ਮੱਲੇਵਾਲ