JALANDHAR WEATHER

29-05-26

 ਅੰਨ੍ਹੇਵਾਹ ਨੋਟ ਸੁੱਟਣ ਦਾ ਰੁਝਾਨ
ਅਜੋਕੇ ਲੱਕ ਤੋੜਵੇਂ ਖ਼ਰਚਿਆਂ ਅਤੇ ਮਹਿੰਗਾਈ ਭਰੇ ਯੁੱਗ ਦੇ ਚਲਦਿਆਂ ਜਿੱਥੇ ਸਾਡੇ ਸਮਾਜ ਵਿੱਚ ਕਈ ਫਜ਼ੂਲ ਕਿਸਮ ਦੀਆਂ ਕੁਰੀਤੀਆਂ ਨੇ ਪੈਰ ਪਸਾਰ ਲਏ ਹਨ, ਉੱਥੇ ਹੀ ਧਾਰਮਿਕ, ਵਿਆਹਾਂ-ਸ਼ਾਦੀਆਂ ਅਤੇ ਹੋਰ ਖੁਸ਼ੀ ਵਾਲੇ ਸਮਾਗਮਾਂ ਵੇਲੇ ਅੰਨ੍ਹੇਵਾਹ ਨੋਟ ਸੁੱਟਣ, ਫੋਕੀ ਟੌਹਰ ਭਾਲਣ ਵਾਲੀ ਸਮਾਜਕ ਕੁਰੀਤੀ ਵੀ ਸਭ ਦਾ ਸ਼ਰ੍ਹੇਆਮ ਮੂੰਹ ਚਿੜਾ ਰਹੀ ਹੈ। ਅਕਸਰ ਕਈ ਲੋਕ ਬੇ-ਕਿਰਕੀ ਨਾਲ ਤਾਸ਼ ਦੇ ਪੱਤਿਆਂ ਵਾਂਗ ਨੋਟ ਸੁੱਟ ਰਹੇ ਹੁੰਦੇ ਹਨ, ਦੀ ਗਲਤ ਸੋਚਣੀ ਹੁੰਦੀ ਹੈ ਕਿ ਸੰਬੰਧਿਤ ਪਰਿਵਾਰ ਅਤੇ ਰਿਸ਼ਤੇਦਾਰ ਉਨ੍ਹਾਂ ਨੂੰ ਆਰਥਿਕ ਪੱਖੋਂ ਅਮੀਰ, ਖੁੱਲ੍ਹੇ ਦਿਲ ਵਾਲੇ ਪਰਿਵਾਰਕ ਖ਼ੈਰ-ਖਵਾਹ ਅਤੇ ਇਨ੍ਹਾਂ ਤੋਂ ਵਧੇਰੇ ਖ਼ੁਸ਼ੀ ਕਿਸੇ ਨੂੰ ਨਹੀਂ ਹੋਈ ਵਾਲੇ ਸਮਝ ਰਹੇ ਹੋਣਗੇ। ਇੱਕ ਪਾਸੇ ਤਾਂ ਅਸੀਂ ਸਭ ਇਸ ਆਪੋ-ਧਾਪੀ ਵਾਲੇ ਸਮੇਂ ਵਿੱਚ ਹਾਏ ਮਹਿੰਗਾਈ-ਹਾਏ ਮਹਿੰਗਾਈ ਕਰਦੇ ਸਰਕਾਰੀ ਨੀਤੀਆਂ ਨੂੰ ਭੰਡਣ ਆਦਿ ਦੇ ਰੋਣੇ ਰੋਂਦੇ ਨਹੀਂ ਥੱਕਦੇ, ਪਰ ਦੂਜੇ ਪਾਸੇ ਅਸੀਂ ਆਪਣੇ ਬੱਚਿਆਂ, ਪਰਿਵਾਰਕ ਮੈਂਬਰਾਂ ਦੇ ਮੂੰਹੋਂ ਖੋਹੀ ਮਿਹਨਤ ਨਾਲ ਕੀਤੀ ਕਮਾਈ ਨੂੰ ਪੈਰਾਂ ਵਿੱਚ ਰੋਲਣ, ਘਾਣ ਕਰਨ ਲੱਗੇ ਹੋਏ ਹਾਂ। ਕਿੰਨਾ ਚੰਗਾ ਹੋਵੇ ਜੇ ਅਸੀ ਇਸ ਕਮਾਈ ਦੀ ਸਾਰਥਕ ਕਦਰ ਕਰਦਿਆਂ ਕਿਸੇ ਲੋੜਵੰਦ ਦੀ ਮਦਦ ਕਰ ਨਾਲੇ 'ਪੁੰਨ-ਨਾਲੇ ਫਲੀਆਂ''ਦੇ ਭਾਗੀਦਾਰ ਬਣੀਏ।

-ਯਸ਼ਪਾਲ ਗੁਲਾਟੀ,
ਮਸੀਤਾਂ ਰੋਡ ਕੋਟ ਈਸੇ ਖਾਂ (ਮੋਗਾ)

ਪਸ਼ੂ-ਪੰਛੀਆਂ ਲਈ ਰੱਖੋ ਪਾਣੀ
ਅੱਜ ਕੱਲ੍ਹ ਸਮੁੱਚੇ ਭਾਰਤ ਵਿੱਚ ਗਰਮੀ ਦਾ ਕਹਿਰ ਪੂਰੇ ਜ਼ੋਰਾਂ ਤੇ ਹੈ । ਹਰ ਸਾਲ ਇਸ ਨਾਲ ਜਿੱਥੇ ਮਨੁੱਖੀ ਜੀਵਨ ਪ੍ਰਭਾਵਿਤ ਹੁੰਦਾ ਹੈ, ਉੱਥੇ ਹੀ ਇਸ ਕਾਰਨ ਬਹੁਤ ਸਾਰੇ ਜੀਵ-ਜੰਤੂ, ਪਸ਼ੂ, ਪੰਛੀ ਤੇ ਬੇਜ਼ੁਬਾਨ ਕੁੱਤੇ ਵੀ ਪ੍ਰਭਾਵਿਤ ਹੁੰਦੇ ਹਨ। ਦੇਖਿਆ ਜਾਵੇ ਤਾਂ ਇਸ ਗਰਮੀ ਦੇ ਮੌਸਮ ਵਿੱਚ ਬਹੁਤ ਸਾਰੇ ਪੰਛੀ ਪਾਣੀ ਨਾ ਮਿਲਣ ਕਰਕੇ ਮਾਰੇ ਜਾਂਦੇ ਹਨ। ਪੰਛੀ ਕੁਦਰਤ ਦਾ ਅਨਮੋਲ ਸਰਮਾਇਆ ਹੀ ਨਹੀਂ ਹੁੰਦੇ ਸਗੋਂ ਇਹ ਕੁਦਰਤ ਦੀ ਦਾਤ ਵਾਂਗ ਸਾਡੇ ਮਿੱਤਰ ਵੀ ਹੁੰਦੇ ਹਨ। ਇਨ੍ਹਾਂ ਦੀ ਆਪਣੀ ਬੋਲੀ ਤੇ ਆਪਣੀ ਸ਼ੈਲੀ ਮਨੁੱਖ ਨੂੰ ਕਾਦਰ ਦੀ ਕੁਦਰਤ ਨਾਲ ਜੋੜਦੀ ਹੈ ਅਤੇ ਸਹੀ ਅਰਥਾਂ ਵਿੱਚ ਇਹ ਮਨੁੱਖ ਲਈ ਰਾਹ ਦਸੇਰਾ ਵੀ ਹੁੰਦੇ ਹਨ ਅਤੇ ਇਹ ਮਨੁੱਖ ਨੂੰ ਜੀਵਨ ਜਾਚ ਵੀ ਸਿਖਾਉਂਦੇ ਹਨ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਬੇਜ਼ੁਬਾਨ ਕੁੱਤੇ ਇਨਸਾਨ ਦੇ ਸਭ ਤੋਂ ਵਫ਼ਾਦਾਰ ਹੁੰਦੇ ਹਨ। ਸੋ ਇਨ੍ਹਾਂ ਪੰਛੀਆਂ ਅਤੇ ਬੇਜ਼ੁਬਾਨਾਂ ਨੂੰ ਗਰਮੀ ਤੋਂ ਬਚਾਉਣ ਲਈ ਸਾਡਾ ਸਭ ਦਾ ਨੈਤਿਕ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਘਰਾਂ ਦੀਆਂ ਛੱਤਾਂ, ਬਨੇਰਿਆਂ, ਘਰ ਦੀ ਦਹਿਲੀਜ਼ ਅਤੇ ਹੋਰ ਸਾਂਝੀਆਂ ਥਾਵਾਂ ਉੱਪਰ ਇਨ੍ਹਾਂ ਲਈ ਪਾਣੀ ਦਾ ਪ੍ਰਬੰਧ ਕਰੀਏ ਤਾਂ ਜੋ ਇਹ ਬੇਜ਼ੁਬਾਨ ਤੇ ਪੰਛੀ ਆਪਣੀ ਪਿਆਸ ਬੁਝਾ ਸਕਣ। ਇਹ ਸਾਡੇ ਸਾਰਿਆਂ ਲਈ ਜਿੱਥੇ ਪੁੰਨ ਦਾ ਕੰਮ ਹੋਵੇਗਾ, ਉੱਥੇ ਨਾਲ ਹੀ ਪੰਛੀਆਂ ਦੀਆਂ ਚਹਿ- ਚਹਾਉਂਦੀਆਂ ਆਵਾਜ਼ਾਂ ਨਾਲ ਸਾਡਾ ਆਲ਼ਾ-ਦੁਆਲਾ ਕੁਦਰਤੀ ਸੰਗੀਤ ਵਿੱਚ ਵੀ ਗੂੰਜਦਾ ਰਹੇਗਾ।

-ਸ਼ੰਕਰ ਅਰੋੜਾ,ਜ਼ਿਲ੍ਹਾ ਕਚਹਿਰੀ ਮੋਗਾ।

ਨਹਿਰਾਂ 'ਚ ਨਹਾਉਣ ਤੋਂ ਗੁਰੇਜ਼ ਕਰੋ
ਗਰਮੀਆਂ ਦਾ ਮੌਸਮ ਚੱਲ ਰਿਹਾ ਹੈ, ਤਾਪਮਾਨ 45 ਡਿਗਰੀ ਤੋਂ ਟੱਪ ਚੁੱਕਾ ਹੈ। ਅਸੀਂ ਦੇਖਦੇ ਹਾਂ ਕਿ ਕਿਸੇ ਪਿੰਡ ਜਾਂ ਸ਼ਹਿਰ ਕੋਲੋਂ ਜੋ ਵੀ ਨਹਿਰ ਜਾਂ ਸੂਏ ਨਿਕਲਦੇ ਹਨ, ਤਾਂ ਨੌਜਵਾਨ ਆਪਣੀ ਜਾਨ ਜੋਖ਼ਮ ਵਿਚ ਪਾ ਕੇ ਉਨ੍ਹਾਂ 'ਚ ਨਹਾਉਣ ਚਲੇ ਜਾਂਦੇ ਹਨ। ਇਹ ਲੋਕ ਪ੍ਰਸ਼ਾਸਨ ਦੀ ਸਖ਼ਤੀ ਦਾ ਵੀ ਡਰ ਨਹੀਂ ਮੰਨਦੇ। ਕਈ ਨੌਜਵਾਨ ਤਾਂ ਪੁਲਾਂ ਦੇ ਉੱਪਰ ਤੋਂ ਨਹਿਰ ਵਿਚ ਛਾਲਾਂ ਮਾਰਦੇ ਹਨ। ਪਾਣੀ ਦਾ ਤੇਜ਼ ਵਹਾਅ ਹੋਣ ਕਰਕੇ ਨੌਜਵਾਨ ਰੁੜ ਵੀ ਜਾਂਦੇ ਹਨ। ਅਕਸਰ ਅਖ਼ਬਾਰਾਂ ਵਿਚ ਪੜ੍ਹਦੇ ਹਾਂ ਕਿ ਨਹਿਰ ਵਿਚ ਨਹਾਉਣ ਗਏ ਨੌਜਵਾਨ ਦੀ ਮੌਤ ਹੋ ਗਈ। ਕਈ ਵਾਰ ਨਹਿਰ ਵਿਚ ਨਹਾਉਣ ਦੌਰਾਨ ਜਦੋਂ ਕੋਈ ਡੁੱਬਣ ਲੱਗਦਾ ਹੈ ਤਾਂ ਉਸ ਨੂੰ ਬਚਾਉਣ ਗਿਆ ਨੌਜਵਾਨ ਕਈ ਵਾਰ ਆਪ ਵੀ ਪਾਣੀ ਵਿਚ ਰੁੜ੍ਹ ਜਾਂਦਾ ਹੈ। ਅਜਿਹੀਆਂ ਦੁਖਦਾਈ ਘਟਨਾਵਾਂ ਗਰਮੀਆਂ ਦੇ ਮੌਸਮ ਵਿਚ ਅਕਸਰ ਵਾਪਰਦੀਆਂ ਰਹਿੰਦੀਆਂ ਹਨ। ਕਈ ਵਾਰ ਤਾਂ ਨਹਿਰਾਂ ਵਿਚ ਪਾਣੀ ਦਾ ਇੰਨਾ ਤੇਜ਼ ਵਹਾਅ ਹੁੰਦਾ ਹੈ ਕਿ ਮ੍ਰਿਤਕ ਦੀਆਂ ਲਾਸ਼ਾਂ ਵੀ ਨਹੀਂ ਮਿਲਦੀਆਂ। ਮਾਂ-ਬਾਪ ਆਪਣੇ ਬੱਚਿਆਂ 'ਤੇ ਨਜ਼ਰ ਰੱਖਣੀ ਚਾਹੀਦੀ ਹੈ ਕਿਉਂਕਿ ਨੌਜਵਾਨ ਆਪਣੇ ਦੋਸਤਾਂ ਨਾਲ ਇਕੱਠੇ ਹੋ ਕੇ ਨਹਿਰਾਂ 'ਤੇ ਨਹਾਉਣ ਚਲੇ ਜਾਂਦੇ ਹਨ।

-ਸੰਜੀਵ ਸਿੰਘ ਸੈਣੀ,
ਮੁਹਾਲੀ।