31-05-26
ਬੋਲਦੇ ਚਿਰਾਗ਼
ਲੇਖਕ : ਅਸ਼ਵਨੀ
ਪ੍ਰਕਾਸ਼ਕ : ਸਾਦਿਕ ਪਬਲੀਕੇਸ਼ਨਜ਼, ਬਠਿੰਡਾ
ਮੁੱਲ : 280 ਰੁਪਏ, ਸਫ਼ੇ : 124
ਸੰਪਰਕ : 94630-50313

ਅਸ਼ਵਨੀ ਮੂਲ ਰੂਪ ਵਿਚ ਕਵੀ ਤੇ ਅਨੁਵਾਦਕ ਹੈ। 'ਬੋਲਦੇ ਚਿਰਾਗ਼' ਰੇਖਾ-ਚਿੱਤਰਾਂ ਦੀ ਪੁਸਤਕ ਹੈ ਜਿਸ ਵਿਚ ਉਸ ਨੇ ਪੰਦਰਾਂ ਸ਼ਖ਼ਸੀਅਤਾਂ ਦਾ ਮੁਲਾਂਕਣ ਕੀਤਾ ਹੈ। ਉਹ ਆਮ ਰੇਖਾ-ਚਿੱਤਰ ਲੇਖਕਾਂ ਵਾਂਙ ਪੇਸ਼ ਕੀਤੀ ਸ਼ਖ਼ਸੀਅਤਾਂ ਦੇ ਅਗਲੇ ਪਿਛਲੇ ਪਰਦੇ ਨਹੀਂ ਫਰੋਲਦਾ, ਉਸ ਨੂੰ ਚੰਗਾ ਮਾੜਾ ਨਹੀਂ ਆਖਦਾ, ਸ਼ਬਦਾਂ ਰਾਹੀਂ ਲਿਤਾੜਦਾ ਨਹੀਂ। ਉਹਦੀ ਸ਼ੈਲੀ ਦੂਸਰੇ ਪੰਜਾਬੀ ਰੇਖਾ-ਚਿੱਤਰ ਲੇਖਕਾਂ ਤੋਂ ਬਿਲਕੁਲ ਵੱਖਰੀ ਦਿਖਾਈ ਦਿੰਦੀ ਹੈ।
ਉਸ ਨੇ ਆਪਣੀ ਲਿਖਤ ਲਈ ਜੋ ਮਨੁੱਖ ਚੁਣੇ ਹਨ, ਉਹ ਉਸ ਦੇ ਅਕੀਦੇ ਤੇ ਇਬਾਦਤ 'ਤੇ ਖਰੇ ਉੱਤਰਦੇ ਹਨ। ਉਹ ਸਾਰੇ ਦੇ ਸਾਰੇ ਮਿਹਨਤੀ, ਦਿਆਨਤਦਾਰ, ਇਮਾਨਦਾਰ, ਸੱਚੇ ਅਤੇ ਸੁਚੱਜੇ ਇਨਸਾਨ ਹਨ ਜੋ ਆਪਣੀ ਇਨਸਾਨੀ ਭਾਵਨਾ ਨਾਲ ਲਬਰੇਜ਼ ਹਨ। ਉਹ ਸਮਾਜ ਅਤੇ ਮਨੁੱਖ ਦੇ ਹਿਤਕਾਰੀ ਹਨ ਤੇ ਮਾਨਵੀ ਗੁਣਾਂ ਅਤੇ ਸੋਚ ਨਾਲ ਭਰਪੂਰ ਹਨ। ਉਹ ਅਜਿਹਾ ਲਿਖਾਰੀ ਹੈ ਜੋ ਪੈਡੇਸਟਲ 'ਤੇ ਪਈ ਸੁੰਦਰ ਪ੍ਰਤਿਮਾ ਪ੍ਰਤੀ ਆਪਣਾ ਅਕੀਤਾ ਪ੍ਰਗਟ ਕਰ ਰਿਹਾ ਹੋਵੇ।
ਉਹ ਪਹਿਲਾਂ ਆਪਣੀ ਕਾਵਿਕ ਵਾਰਤਕ ਤੇ ਸ਼ਬਦਾਵਲੀ ਰਾਹੀਂ ਪੇਸ਼ ਕੀਤੇ ਜਾ ਰਹੇ ਮਨੁੱਖ ਦੀ ਤਸਵੀਰ ਪੇਸ਼ ਕਰਦੀ ਹੈ। ਉਸ ਦੀ ਵਾਰਤਕ ਪੇਸ਼ ਕੀਤੇ ਜਾ ਰਹੇ ਮਨੁੱਖ ਦੀ ਪਰਸੈਨਿਲਟੀ ਵਾਂਙ ਢੁਕਵੀਂ ਤੇ ਫਬਵੀਂ ਹੈ। ਉਸ ਦੇ ਸੁਚੱਜੇ ਸ਼ਬਦ ਮਨੁੱਖ ਦਾ ਨਕਸ਼ਾ ਹੀ ਖਿੱਚ ਦਿੰਦੇ ਹਨ। ਫਿਰ ਉਹ ਉਸ ਸ਼ਖ਼ਸ ਦੇ ਕਿਸੇ ਇਕ ਗੁਣ ਤੇ ਪ੍ਰਤਿਭਾ ਨੂੰ ਉਜਾਗਰ ਕਰਨ ਵਿਚ ਜੁਟ ਜਾਂਦਾ ਹੈ। ਇਕ-ਇਕ ਖ਼ਸਲਤ ਹੀ ਉਸ ਦੇ ਪੇਸ਼ ਕੀਤੇ ਸ਼ਖ਼ਸ ਦਾ ਰੇਖਾ-ਚਿੱਤਰ ਖਿੱਚ ਦਿੰਦੀ ਹੈ। ਫਿਰ ਉਹ ਆਪਣੇ ਰੇਖਾ-ਚਿੱਤਰ ਨੂੰ ਢੁਕਵਾਂ ਨਾਂਅ ਦਿੰਦਾ ਹੈ ਜੋ ਪੇਸ਼ ਕੀਤੇ ਸ਼ਖ਼ਸ ਦੇ ਵਿਅਕਤਿੱਤਵ ਨਾਲ ਮੇਲ ਖਾਂਦਾ ਹੋਵੇ। ਉਸ ਦਾ ਲਹਿਜ਼ਾ ਇਨ੍ਹਾਂ ਸ਼ਖ਼ਸਾਂ ਪ੍ਰਤੀ ਪ੍ਰਣਾਮ ਅਤੇ ਅਕੀਦਤ ਵਾਲਾ ਹੈ। ਉਹ ਇਨ੍ਹਾਂ ਪਾਤਰਾਂ ਪ੍ਰਤੀ ਸ਼ਰਧਾ ਅਤੇ ਮੋਹ-ਮੁਹੱਬਤ ਵਿਚ ਭਿੱਜ ਕੇ ਸਰਸ਼ਾਰ ਹੋਇਆ ਪਿਆ ਹੈ। ਰੇਖਾ-ਚਿੱਤਰ ਭਾਵੇਂ ਆਕਾਰ ਵਿਚ ਛੋਟੇ ਹਨ ਪਰ ਮਾਨਵੀ ਗੁਣਾਂ ਅਤੇ ਮੁਹੱਬਤ ਨਾਲ ਭਿੱਜੇ ਪਏ ਹਨ। ਪੜ੍ਹ ਕੇ ਲੁਤਫ਼ ਹੁੰਦਾ ਹੈ।
-ਕੇ. ਐਲ. ਗਰਗ
ਮੋਬਾਈਲ : 94635-37050
ਸਚੁ ਪੁਰਾਣਾ ਨਾ ਥੀਐ
ਲੇਖਕ : ਪ੍ਰੋ. ਕਿਸ਼ਨ ਸਿੰਘ
ਪ੍ਰਕਾਸ਼ਕ : ਆਰਸੀ ਪਬਲਿਸ਼ਰਜ਼, ਨਵੀਂ ਦਿੱਲੀ
ਮੁੱਲ : 600 ਰੁਪਏ, ਸਫ਼ੇ : 250
ਸੰਪਰਕ : 098112-25357

ਇਸ ਪੁਸਤਕ ਦੇ ਲੇਖਕ ਉੱਘੇ ਵਿਚਾਰਵਾਨਾਂ ਤੇ ਦਾਰਸ਼ਨਿਕ ਲੇਖਕ ਵਜੋਂ ਸਤਿਕਾਰੀ ਹਸਤੀ ਹਨ। ਇਸ ਤੋਂ ਪਹਿਲਾਂ ਉਹ ਵੱਖ-ਵੱਖ ਵਿਸ਼ਿਆਂ ਵਿਸ਼ੇਸ਼ ਕਰਕੇ ਗੁਰਮਤਿ ਫਿਲਾਸਫ਼ੀ ਨਾਲ ਸੰਬੰਧਿਤ ਅਤੇ ਹੋਰ ਅਨੇਕਾਂ ਵਿਸ਼ਿਆਂ 'ਤੇ 7 ਪੁਸਤਕਾਂ ਪਾਠਕਾਂ ਦੇ ਸਨਮੁੱਖ ਪੇਸ਼ ਕਰ ਚੁੱਕੇ ਹਨ। ਇਹ ਪੁਸਤਕ ਤੀਜੇ ਪਾਤਿਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਦੀ ਪਾਵਨ ਬਾਣੀ ਦੀ ਤੁਕ (ਸਚੁ ਪੁਰਾਣਾ ਨਾ ਥੀਐ, ਨਾਮੁ ਨ ਮੈਲਾ ਹੋਇ।'' ਦੀ ਉੱਚੀ ਸੁੱਚੀ ਗੁਰਮਤਿ ਵਿਚਾਰਧਾਰਾ ਨੂੰ ਸਮਰਪਿਤ ਕੀਤੀ ਗਈ ਹੈ। ਸੁਹਿਰਦ ਲੇਖਕ ਨੇ ਪੁਸਤਕ ਨੂੰ ਚਾਰ ਭਾਗਾਂ ਵਿਚ ਵੰਡਿਆ ਹੈ। ਜਿਸ ਦੇ ਪਹਿਲੇ ਭਾਗ ਵਿਚ 'ਬੰਦਾ, ਸਮਾਜ ਤੇ ਸੇਵਕ' ਵਿਚ ਲੇਖਕ ਨੇ ਇਸ ਵਿਚਾਰ ਨੂੰ ਸਪੱਸ਼ਟ ਕੀਤਾ ਹੈ ਕਿ 'ਜਦੋਂ ਸਮਾਜ ਦੀ ਦਿਸ਼ਾ ਇਨਕਲਾਬੀ ਨਾ ਰਹੇ ਤਾਂ ਇਨਕਲਾਬੀ ਨਜ਼ਰੀਏ, ਇਨਕਲਾਬੀ ਵਿਚਾਰਧਾਰਾ ਹਾਕਮ ਜਮਾਤਾਂ ਦੇ ਢਹੇ ਚੜ੍ਹ ਜਾਂਦੀ ਹੈ।' ਲੇਖਕ ਮੁਤਾਬਿਕ ਗੁਰਬਾਣੀ ਦੇ ਅਨੁਸਾਰ ਮਾਇਆ ਦਾ ਬੰਧਨ, ਮਾਇਆ ਦੀ ਬਣਾਈ ਹਉਮੈ ਵਾਲੀ ਬਣਤਰ ਉਸ ਤੋਂ ਪੈਦਾ ਹੋਏ ਕਾਮ, ਕ੍ਰੋਧ, ਲੋਭ, ਮੋਹ, ਹੰਗਾਰ ਆਦਿ ਵਿਕਾਰ ਜ਼ਿੰਦਗੀ ਵਿਚ ਬਦੀ ਦੀ ਜੜ੍ਹ ਹਨ। ਪੁਸਤਕ ਦੇ ਦੂਜੇ ਭਾਗ ਵਿਚ 'ਵਿਚਾਰਧਾਰਕ, ਕਲਚਰਲ ਪਹਿਲੂ' ਵਿਚ ਵਿਚਾਰਾਂ ਦਾ ਵਿਸਥਾਰ ਕਰਦਿਆਂ ਸਪੱਸ਼ਟ ਕੀਤਾ ਹੈ, 'ਕੋਈ ਵੀ ਕੰਮ ਕਰਨਾ ਹੋਵੇ, ਸੋਚ ਸਮਝ ਕੇ ਕਰਨਾ ਹੈ, ਅੰਨ੍ਹੇਵਾਹ ਨਹੀਂ। ਕੀ ਕਰਨਾ ਹੈ? ਕਿਸ ਤਰ੍ਹਾਂ ਕਰਨਾ ਹੈ, ਕਿਸ ਨੇ ਕਰਨਾ ਹੈ? ਆਦਿ ਸਵਾਲਾਂ ਦੇ ਜਵਾਬ ਵੀ ਲਾਜ਼ਮੀ ਹੁੰਦੇ ਹਨ। ਭਾਵ ਨੀਤੀ ਤੇ ਨੀਤ ਦੀ ਜ਼ਰੂਰਤ ਹੁੰਦੀ ਹੈ। ਪੁਸਤਕ ਦੇ ਤੀਜੇ ਭਾਗ 'ਮਨੁੱਖ ਦੀ ਆਜ਼ਾਦੀ' ਵਿਚ ਇਸ ਵਡਮੁੱਲੇ ਵਿਸਥਾਰ ਤੇ ਚਰਚਾ ਕਰਦਿਆਂ ਸੁਹਿਰਦ ਲੇਖਕ ਨੇ ਸਮਾਜ ਦਾ ਇਤਿਹਾਸਕ ਵਿਕਾਸ, ਸੱਭਿਅਤਾ ਦੀ ਉਸਾਰੀ ਲਈ ਵੀ ਜ਼ਰੂਰੀ ਹੈ, ਬੰਦੇ ਦੀ ਸਮਾਜਿਕਤਾ, ਉਸ ਦੀ ਚੇਤਨਤਾ ਅਤੇ ਉਸ ਦੀ ਵਿਚਾਰਧਾਰਕ ਸੱਭਿਆਚਾਰਕ ਉਸਾਰੀ ਨਾਲ ਹੀ ਉਸ ਦਾ ਪੜਾਅ-ਦਰ-ਪੜਾਅ ਵਿਕਾਸ ਹੋ ਸਕਦਾ ਹੈ।
ਪੁਸਤਕ 'ਤੇ ਅੰਤਿਮ ਭਾਗ 'ਮਾਇਆ ਦੀ ਤਰਜ਼ੇ-ਜ਼ਿੰਦਗੀ' ਨੂੰ ਗੁਰਬਾਣੀ ਦੀ ਰੌਸ਼ਨੀ ਵਿਚ ਵਿਚਾਰਿਆ ਗਿਆ ਹੈ। ਜਦੋਂ ਮਨੁੱਖ ਪਦਾਰਥਾਂ, ਭਾਵ ਬੇ-ਜਾਨ ਚੀਜ਼ਾਂ ਨੂੰ, ਜ਼ਿੰਦਗੀ ਦੇ ਵਸੀਲਿਆਂ ਤੋਂ ਉੱਪਰ ਉੱਠ ਕੇ ਆਪਣਾ ਮਾਲਕ ਬਣਾ ਲੈਂਦਾ ਹੈ ਤਾਂ ਉਹ ਆਪਣੀਆਂ ਬਣੀਆਂ ਜੰਜ਼ੀਰਾਂ ਵਿਚ ਆਪ ਹੀ ਫ਼ਸ ਜਾਂਦਾ ਹੈ। ਇਸ ਗ਼ੁਲਾਮੀ ਨੂੰ ਪਾਵਨ ਗੁਰਬਾਣੀ ਨੇ 'ਸਰਬ ਰੋਗ' ਬਿਆਨ ਕੀਤਾ ਹੈ। ਲਾਲਚ ਅਧੀਨ ਬਸਰ ਹੋ ਰਹੀ ਜ਼ਿੰਦਗੀ ਅਸਫ਼ਲ ਜੀਵਨ ਹੈ। ਹਉਮੈ ਨੂੰ ਖ਼ਤਮ ਕਰਨ, ਗੁਰੂ ਦਾ ਸ਼ਬਦ ਕਮਾਉਣਾ, ਰੱਬ ਦੀ ਆਗਿਆ ਵਿਚ ਚੱਲਣਾ ਹੀ ਸਫ਼ਲ ਜੀਵਨ ਯਾਤਰਾ ਹੈ। ਗੁਰਬਾਣੀ ਦੇ ਸੱਚ ਨੂੰ ਸਮਕਾਲੀ ਮੁਹਾਵਰੇ ਵਿਚੇ ਪੇਸ਼ ਨਾ ਕਰਨਾ ਅਜੋਕੇ ਸਮਾਜ ਦੀ ਵੱਡੀ ਭੁੱਲ ਹੈ। ਸੁਹਿਰਦ ਲੇਖਕ ਨੇ ਗੁਰਮਤਿ ਫ਼ਿਲਾਸਫ਼ੀ ਨੂੰ ਆਪਣੀ ਤਰਜ਼ੇ-ਜ਼ਿੰਦਗੀ ਬਣਾਉਣ ਦੀ ਤਾਗੀਦ ਕਰਦਿਆਂ, ਗੁਰਬਾਣੀ ਦੀਆਂ ਪਾਵਨ-ਤੁਕਾਂ ਨੂੰ ਆਪਣੀ ਲੇਖਣੀ ਵਿਚ ਥਾਂ-ਪੁਰ-ਥਾਂ ਵਰਤ ਕੇ ਆਪਣੇ ਮਜ਼ਮੂਨ ਨੂੰ ਸੰਪੂਰਨਤਾ ਦਿੱਤੀ ਹੈ। ਗੁਰਮਤਿ ਵਿਚਾਰਧਾਰਾ ਨੂੰ ਸਮਝ ਕੇ ਜ਼ਿੰਦਗੀ ਬਸਰ ਕਰਨ ਵਾਲੇ ਪਾਠਕਾਂ ਲਈ ਪੁਸਤਕ ਸੋਨੇ 'ਤੇ ਸੁਹਾਗੇ ਵਾਲਾ ਕਾਰਜ ਕਰਨ ਲਈ ਲੇਖਕ ਦਾ ਪ੍ਰਸੰਸਾਯੋਗ ਯਤਨ ਹੈ।
-ਭਗਵਾਨ ਸਿੰਘ ਜੌਹਲ
ਮੋਬਾਈਲ : 98143-24040
ਕਾਦਰ
ਲੇਖਕ : ਹਰਜੀਤ ਅਟਵਾਲ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼ ਸਮਾਣਾ
ਮੁੱਲ : 175 ਰੁਪਏ, ਸਫ਼ੇ : 104
ਸੰਪਰਕ : 92090-00001

ਜਿਥੇ ਬਹੁਤ ਸਾਰੀਆਂ ਗੱਲਾਂ/ਘਟਨਾਵਾ ਮਨੁੱਖ ਦੇ ਵੱਸ ਵਿਚ ਹੁੰਦੀਆਂ ਹਨ, ਉਥੇ ਬਹੁਤ ਸਾਰੀਆਂ ਬੇਵੱਸ ਵੀ ਹੁੰਦੀਆਂ ਹਨ। ਬੇਵਸੀਆਂ ਨੂੰ ਕਾਦਰ ਦੀ ਰਜ਼ਾ ਜ਼ਰਧਰ ਲਈਆਂ ਜਾਂਦੀਆਂ ਹਨ। ਵਿਚਾਰ ਅਧੀਨ ਹ ਥਲੇ ਨਾਵਲ 'ਕਾਦਰ' ਦੀਆਂ ਬਹੁਤ ਸਾਰੀਆਂ ਘਟਨਾਵਾਂ ਨੂੰ ਪਾਤਰ ਖ਼ਾਸ ਕਰਕੇ ਸੋਹਮ ਤੇ ਪਲਵੀ ਕੁਦਰਤੀ ਸੰਜੋਗ ਮੰਨ ਕੇ ਹੰਢਾਉਂਦੇ ਹਨ। ਬਹੁਤ ਸਾਰੀਆਂ ਘਾੜਤਾਂ ਵੀ ਮਨੁੱਖੀ ਮਨ ਦੀ ਅਚੇਤ ਅਵਸਥਾ ਰਾਹੀਂ ਰੂਪਮਾਨ ਹੋਣ ਦੀ ਸੰਭਾਵਨਾ ਵੀ ਬਣ ਜਾਂਦੀ ਹੈ। ਇਸ ਨਾਵਲ ਦੀ ਗਾਥਾ ਪੜ੍ਹ ਕੇ ਇੰਝ ਮਹਿਸੂਸ ਹੁੰਦਾ ਹੈ ਜਿਵੇਂ ਨਾਵਲਕਾਰ ਹਰਜੀਤ ਅਟਵਾਲ ਆਪਣੇ ਆਲੇ-ਦੁਆਲੇ ਵਾਪਰੀ ਸੱਚੀ ਘਟਨਾ ਦਾਕੋਈ ਯਥਾਰਥ ਨਾਟਕੀ ਢੰਗ ਨਾਲ ਪੇਸ਼ ਕਰ ਰਿਹਾ ਹੋਵੇ। ਮਨੋਮਨੀ ਉਪਜੇ ਪਹਿਲੇ 'ਪਿਆਰ' ਉੱਤੇ ਯਾਰ ਦੀ ਵਫ਼ਾਦਾਰੀ ਭਾਰੂ ਪੈਂਦੀ ਹੈ। ਜਦ ਸੋਹਮ ਨੂੰ ਪਤਾ ਲੱਗਦਾ ਉਸ ਦੇ ਪਿਆਰ (ਪੱਲਵੀ) ਦੀ ਸ਼ਾਦੀ ਉਸ ਦੇ ਜਿਗਰੀ ਯਾਰ ਸੁਖਰਾਜ ਨਾਲ ਹੋ ਰਹੀ ਹੈ। ਸੋਹਮ ਯਾਰਮਾਰ ਕਰਨ ਦੀ ਬੇਵਫ਼ਾਈ ਦੀ ਮੈਲ ਮਨ ਵਿਚ ਉਕਾ ਹੀ ਨਹੀਂ ਰੱਖਦਾ। ਭਾਵੇਂ 'ਪੱਲਵੀ' ਵੀ ਸੋਹਮ ਨੂੰ ਮਨੋਂ-ਮਨੀ ਪਿਆਰ ਜ਼ਰੂਰ ਕਰਦੀ ਹੈ ਪਰ ਸਮਾਜਿਕ ਰਸਮਾਂ ਨੂੰ ਨਿਭਾਉਂਦੀ ਹੋਈ ਸੋਹਮ ਦੇ ਦੋਸਤ ਨਾਲ ਸੁਖਰਾਜ ਨਾਲ ਸ਼ਾਦੀ ਨੂੰ ਪ੍ਰਵਾਨ ਕਰਕੇ ਦਿਲੋਂ ਪਤੀ ਮੰਨ ਲੈਂਦੀ ਹੈ। ਦੋਹਾਂ ਦੀ ਜ਼ਿੰਦਗੀ ਵਧੀਆ ਲੰਘਦੀ ਹੈ। ਉਧਰ ਸੋਹਮ ਵੀ ਪਲਵੀ ਤੋਂ ਦੂਰੀ ਬਣਾ ਕੇ ਹੀ ਰੱਖਦਾ ਹੈ ਤਾਂ ਕਿ ਉਸ ਦੇ ਖੁਸ਼ ਦਿਲ ਯਾਰ ਸੁਖਰਾਜ ਦੀ ਜ਼ਿੰਦਗੀ ਵਿਚ ਕੋਈ ਜ਼ਹਿਰ ਨਾ ਘੁਲ ਜਾਵੇ। ਪਲਵੀ ਸੋਹਮ ਪ੍ਰਤੀ ਦਿਲੀ ਸੁਨੇਹ ਰੱਖਦੀ ਹੋਈ ਵੀ ਆਪਣੀ ਪਤੀਬ੍ਰਤਾ ਧਰਮ ਨੂੰ ਸਮਰਪਿਤ ਹੋਣ ਦਾ ਪੂਰਾ ਯਤਨ ਕਰਦੀ ਹੈ। ਸੁਖਰਾਜ ਦੀਆਂ ਬਹੁਤ ਸਾਰੀਆਂ ਵਧੀਕੀਆਂ ਨੂੰ ਵੀ ਸਹਿਣ ਕਰਦੀ ਹੈ। ਕੋਈ ਵੀ ਸਮਾਜਿਕ ਤਾਣਾ-ਬਾਣਾ ਹਾਅ ਦਾ ਨਾਅਰਾ ਮਾਰਨ ਲਈ ਉਸ ਨਾਲ ਖੜਾ ਹੋਣ ਦਾ ਹੀਆ ਵੀ ਨਹੀਂ ਕਰਦਾ। ਪਰ ਉਸ ਦੀ ਵੱਡੀ ਧੀ ਆਪਣੀ ਮਾਂ ਪ੍ਰਤੀ ਪਿਉ ਜ਼ੁਲਮਾਂ ਦੇ ਵਿਰੋਧ ਵਿਚ ਖੜ੍ਹਦੀ ਹੋਈ ਪੁਲਿਸ ਨੂੰ ਰਿਪੋਰਟ ਕਰ ਦਿੰਦੀ ਹੈ। ਜਦ ਪਲਵੀ ਨੂੰ ਪਤਾ ਲੱਗਦਾ ਹੈ ਕਿ ਉਸ ਦਾ ਪਤੀ ਸੁਖਰਾਜ ਬ੍ਰੇਨ ਟਿਊਮਰਜ਼ ਦੀ ਨਾਮੁਰਾਦ ਗੰਭੀਰ ਬਿਮਾਰੀ ਨਾਲ ਜੂਝ ਰਿਹਾ ਤੇ ਉਸ ਦੀ ਥੋੜ੍ਹੀ ਜਿਹੀ ਜ਼ਿੰਦਗੀ ਬਾਕੀ ਬਚੀ ਹੈ ਅਤੇ ਉਹ ਜੇਲ੍ਹ ਵਿਚ ਸਜ਼ਾ ਭੁਗਤਦਾ ਘਰ ਪਰਿਵਾਰ ਤੋਂ ਦੂਰ ਮਾਨਸਿਕ ਪੀੜਾ ਵਾਲੀ ਮੌਤ ਮਰੇਗਾ ਤਾਂ ਉਹ ਫਿਰ ਪਸੀਜ ਜਾਂਦੀ ਹੈ। ਉਸ ਦੀ ਮਰਨ ਪੀੜਾ ਨੂੰ ਘੱਟ ਕਰਨ ਲਈ ਕੋਰਟ ਨੂੰ ਰਿਹਾਈ ਦੀ ਗੁਹਾਰ ਵੀ ਲਾ ਦਿੰਦੀ ਹੈ, ਜਿਸ ਨਾਲ ਪਲਵੀ ਦਾ ਇੱਕ ਸਵਿੱਤਰੀ ਔਰਤ ਦਾ ਰੂਪ ਰੂਪਮਾਨ ਹੁੰਦਾ ਹੈ। ਪਤੀ ਜਿਊਂਦਿਆਂ 'ਸਾਊ ਗਊ' ਬਣ ਕੇ ਉਸ ਦੇ ਤਸ਼ੱਸਦ ਸਹਿਣ ਕਰਦੀ ਹੈ ਪਰ ਉਸੇ ਪਤੀ ਦੀ ਮੌਤ ਉਪਰੰਤ ਮਨਮਰਜ਼ੀਆਂ ਕਰਨ ਲੱਗ ਜਾਂਦੀ ਹੈ। ਇਥੋਂ ਤੱਕ ਸੋਹਮ ਵੱਲ ਵੀ ਝੁਕ ਜਾਂਦੀ ਹੈ। ਕਾਦਰ ਨਾਵਲ ਇਸ ਗੱਲ ਨੂੰ ਸਾਬਤ ਵੀ ਕਰਦਾ ਹੈ ਕਿ ਦੱਬੀਆਂ ਕੁਚਲੀਆਂ ਭਾਵਨਾਵਾਂ ਨੂੰ ਜਦ ਵੀ ਮੌਕਾ ਮਿਲਦਾ ਹੈ ਤਾਂ ਉਹ ਫਿਰ ਜ਼ਰੂਰ ਸਿਰ ਚੁੱਕਦੀਆਂ ਹਨ। ਉਹ ਚਾਹੇ ਜਗਜ਼ਾਹਰ ਹੋਣ ਚਾਹੇ ਨਾ ਹੋਣ ਇੱਕ ਵੱਖਰੀ ਗੱਲ ਹੈ। ਅਜਿਹਾ ਦੋਹਰਾ ਕਿਰਦਾਰ ਸਮਾਜ ਲਈ ਨਾਕਾਰਾਤਮਿਕ ਪ੍ਰਭਾਵ ਹੀ ਛੱਡਦਾ ਹੈ।
-ਮਾਸਟਰ ਲਖਵਿੰਦਰ ਸਿੰਘ ਰਈਆ ਹਵੇਲੀਆਣਾ,
ਵਟਸਐਪ : 98764-74858
ਸੁਲਗਦੇ ਹਰਫ਼ਾਂ ਦੀ ਲੋਅ
ਲੇਖਕ : ਜਸਵਿੰਦਰ ਸਿੰਘ ਮਾਣੋ ਚਾਹਲ
ਪ੍ਰਕਾਸ਼ਕ : ਸਹਿਜ ਪਬਲੀਕੇਸ਼ਨਜ਼, ਸਮਾਣਾ
ਮੁੱਲ : 250 ਰੁਪਏ, ਸਫ਼ੇ : 164
ਸੰਪਰਕ : 94636-13035

ਜਸਵਿੰਦਰ ਸਿੰਘ ਮਾਣੋ ਚਾਹਲ ਹਥਲੇ ਕਾਵਿ-ਸੰਗ੍ਰਹਿ 'ਸੁਲਗਦੇ ਹਰਫ਼ਾਂ ਦੀ ਲੋਅ' ਤੋਂ ਪਹਿਲਾਂ ਛੇ ਸਾਹਿਤਕ ਪੁਸਤਕਾਂ ਪਾਠਕਾਂ ਦੇ ਰੂ-ਬਰੂ ਕਰ ਚੁੱਕਾ ਹੈ। ਜਿਵੇਂ ਕਿ ਇਸ ਕਾਵਿ-ਪੁਸਤਕ ਦੇ ਨਾਂਅ ਤੋਂ ਹੀ ਸਪੱਸ਼ਟ ਹੈ ਕਿ ਕਵੀ ਅਜੋਕੇ ਭ੍ਰਿਸ਼ਟਾਚਾਰੀ ਪ੍ਰਬੰਧ ਦੇ ਖਿਲਾਫ਼ ਆਪਣਾ ਕਾਵਿ-ਅਨੁਭਵ ਪੇਸ਼ ਕਰ ਰਿਹਾ ਜਾਪਦਾ ਹੈ। ਇਹ ਸੱਚ ਵੀ ਹੈ ਕਿ ਕਵੀ ਅਜੋਕੇ ਰਾਜਨੀਤਕ ਅਤੇ ਸਮਾਜਿਕ ਪ੍ਰਬੰਧ ਨੂੰ ਆਪਣੇ ਵਿਅੰਗ ਬਾਣਾਂ ਨਾਲ ਕਾਂਟੇ ਹੇਠ ਲਿਆਉਂਦਾ ਹੈ। ਕਵੀ ਅਨੁਭਵ ਹੈ ਕਿ ਲੀਡਰ ਭੋਲੇ-ਭਾਲੇ ਲੋਕਾਂ ਨੂੰ ਸਿਰਫ਼ ਤੇ ਸਿਰਫ਼ ਵੋਟਾਂ ਲਈ ਹੀ ਵਰਤਦੇ ਹਨ ਬਾਅਦ ਵਿਚ ਉਨ੍ਹਾਂ ਦੀ ਕੋਈ ਵੀ ਸਾਰ ਨਹੀਂ ਲੈਂਦਾ ਜਿਵੇਂ ਉਹ ਲਿਖਦਾ ਹੈ:
ਵਿੰਨਿਆ ਸਰੀਰ ਜਾਪੇ ਵਿੰਨ੍ਹੀ ਅੰਤਰ ਆਤਮਾ
ਹਰ ਬੰਦਾ ਹੀ ਜਾਪਦੈ, ਬੀਮਾਰ ਮੇਰੇ ਸ਼ਹਿਰ ਦਾ।
... ... ... ... ... ... ... ... ... ...
ਹਰ ਵਾਰ ਵੋਟਾਂ ਪੈਂਦੀਆਂ,
ਕਈ ਵਾਰ ਹਾਕਮ ਬਦਲਦਾ
ਰੰਗ ਪਰ ਨਾ ਬਦਲਦਾ, ਸਰਕਾਰ ਮੇਰੇ ਸ਼ਹਿਰ ਦਾ।
ਕਵੀ ਨੂੰ ਇਸ ਗੱਲ ਦਾ ਵੀ ਮਲਾਲ ਹੈ ਕਿ ਜਦੋਂ ਭ੍ਰਿਸ਼ਟਾਚਾਰੀ ਤਾਕਤਾਂ ਦਾ ਬੋਲਬਾਲਾ ਵਧ ਰਿਹਾ ਹੈ ਤਾਂ ਆਮ ਲੋਕਾਂ ਨੂੰ ਵੀ ਇਕੱਠੇ ਹੋ ਕੇ ਇਸ ਦੇ ਖਿਲਾਫ਼ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਪਰ ਅਜਿਹਾ ਨਹੀਂ ਹੋ ਰਿਹਾ। ਇਸੇ ਕਰਕੇ ਹੀ ਲੋਕ ਦੁੱਖ ਭੋਗਦੇ ਹਨ ਅਤੇ ਅਜਿਹੇ ਵਰਤਾਰੇ ਨੂੰ ਆਪਣੀ ਹੋਣੀ ਸਮਝ ਕੇ ਜਰਦੇ ਰਹਿੰਦੇ ਹਨ। ਪਰ ਇਸ ਵਰਤਾਰੇ ਦੇ ਕਾਰਨਾਂ ਦੀ ਤਲਾਸ਼ ਕਰਨ ਦੀ ਲੋੜ ਹੈ :
ਜਦ ਸੁਣੀ ਸਿਆਣੇ ਦੀ,
ਨਹੀਂ ਗੱਲ ਇਹ ਭਾਗਾਂ ਦੀ,
ਇਹ ਚੁਸਤ ਚਲਾਕੀ ਏ
ਮਹਿਲਾਂ ਦੇ ਨਾਗਾਂ ਦੀ।
ਕਵੀ ਆਪਣੀ ਮਾਂ-ਬੋਲੀ ਪ੍ਰਤੀ ਵੀ ਆਪਣੀਆਂ ਕਵਿਤਾਵਾਂ ਵਿਚ ਸੁਹਿਰਦ ਨਜ਼ਰੀਆ ਪੇਸ਼ ਕਰਦਾ ਹੈ, ਉਹ ਔਰਤ ਦੇ ਜਜ਼ਬੇ ਨੂੰ ਵੀ ਸਲਾਮ ਕਰਦਾ ਹੈ। ਕਿਸੇ ਦਾ ਹੱਕ ਮਾਰ ਕੇ ਖਾਣ ਨੂੰ ਬਦੀ ਸਮਝਦਾ ਹੈ ਅਤੇ ਕਿਸਾਨਾਂ ਮਜ਼ਦੂਰਾਂ ਦੇ ਸੰਘਰਸ਼ ਵਿਚ ਉਨ੍ਹਾਂ ਦੇ ਨਾਲ ਖੜ੍ਹਾ ਹੈ। ਇਹ ਕਵਿਤਾ ਅਸਲ ਵਿਚ ਪ੍ਰਤੀਰੋਧ ਦੀ ਕਵਿਤਾ ਹੈ ਅਤੇ ਸੰਘਰਸ਼ੀ ਲੋਕਾਂ ਨੂੰ ਲਾਮਬੰਦ ਕਰਕੇ ਪ੍ਰਦੂਸ਼ਿਤ ਹੋ ਚੁੱਕੇ ਪ੍ਰਬੰਧ ਨੂੰ ਬਦਲਣ ਦਾ ਕਾਵਿ-ਅਨੁਭਵ ਪੇਸ਼ ਕਰਦੀ ਹੈ। ਪੁਸਤਕ ਦੀਆਂ ਅਖ਼ੀਰਲੀਆਂ ਕਵਿਤਾਵਾਂ ਗੁਰਮੁਖੀ ਵਰਣਮਾਲਾ ਦੇ ਅੱਖਰਾਂ ਨੂੰ ਆਧਾਰ ਬਣਾ ਕੇ ਖ਼ੂਬਸੂਰਤੀ ਨਾਲ ਪੇਸ਼ ਕੀਤੀਆਂ ਗਈਆਂ ਹਨ।
-ਡਾ. ਸਰਦੂਲ ਸਿੰਘ ਔਜਲਾ
ਮੋਬਾਈਲ : 98141-68611
ਸ਼ੇਰ-ਏ-ਪੰਜਾਬ
ਮਹਾਰਾਜਾ ਰਣਜੀਤ ਸਿੰਘ ਦੀ ਜਨਮ ਭੂਮੀ
ਪਿੰਡ ਬਡਰੁੱਖਾਂ ਤੇ ਫੂਲਕੀਆਂ ਰਿਆਸਤਾਂ
ਲੇਖਕ : ਮਹਿੰਦਰ ਸਿੰਘ ਗੋਸਲ
ਪ੍ਰਕਾਸ਼ਕ : ਲੇਖਕ ਖ਼ੁਦ
ਮੁੱਲ : 250 ਰੁਪਏ, ਸਫ਼ੇ : 270
ਸੰਪਰਕ : 99148-64300

ਇੱਧਰ ਪੰਜਾਬ ਵਿਚ ਜਿਵੇਂ-ਜਿਵੇਂ ਉੱਚ-ਸਿੱਖਿਆ ਨਾਲ ਸੰਬੰਧਿਤ ਸੰਸਥਾਵਾਂ ਖੁੱਲ੍ਹਦੀਆਂ ਗਈਆਂ ਹਨ ਅਤੇ ਸਾਖ਼ਰਤਾ ਦੀ ਦਰ ਤੇਜ਼ੀ ਨਾਲ ਵਧੀ ਹੈ। ਪੰਜਾਬੀ ਲੇਖਕ-ਵਰਗ ਵਿਚ ਵੀ ਨਿਰੰਤਰ ਵਾਧਾ ਹੁੰਦਾ ਜਾ ਰਿਹਾ ਹੈ। ਅੱਜ ਤੋਂ ਅੱਧੀ ਕੁ ਸਦੀ ਤੋਂ ਪਹਿਲਾਂ ਜਿੱਥੇ ਪੰਜਾਬੀ ਲੇਖਕਾਂ ਦੀ ਗਿਣਤੀ ਮਸਾਂ ਸੈਂਕੜਿਆਂ ਵਿਚ ਹੁੰਦੀ ਸੀ, ਜੋ ਹੁਣ ਦਸ ਹਜ਼ਾਰ ਤੋਂ ਵੀ ਵਧ ਹੁੰਦੀ ਹੈ। ਇਸ ਨਾਲ ਪਾਠਕਾਂ ਅਤੇ ਲੇਖਕਾਂ, ਦੋਵਾਂ ਦੀ ਚੇਤਨਾ ਵਿਚ ਵਾਧਾ ਹੋਇਆ ਹੈ ਅਤੇ ਅੱਗੋਂ ਇਹ ਵਾਧਾ ਰਾਜਨੀਤੀ ਨੂੰ ਵੀ ਪ੍ਰਭਾਵਿਤ ਕਰ ਰਿਹਾ ਹੈ। ਸ. ਮਹਿੰਦਰ ਸਿੰਘ ਗੋਸਲ ਦੀ ਇਹ ਕਿਤਾਬ ਪਿੰਡ ਬਡਰੁੱਖਾਂ ਤੋਂ ਸ਼ੁਰੂ ਹੋ ਕੇ ਪੰਜਾਬ ਦੀਆਂ ਪੂਰੀਆਂ ਸਿੱਖ ਰਿਆਸਤਾਂ (ਪੈਪਸੂ) ਦੇ ਇਤਿਹਾਸ ਤੱਕ ਫੈਲ ਗਈ ਹੈ। ਸ. ਮਹਿੰਦਰ ਸਿੰਘ ਗੋਸਲ ਨੂੰ ਇਤਿਹਾਸਕਾਰੀ ਦੇ ਵਿਧੀ-ਵਿਧਾਨ ਬਾਰੇ ਡੂੰਘੀ ਜਾਣਕਾਰੀ ਹੈ। ਉਹ ਹਰ ਇਤਿਹਾਸਕ ਤੱਥ ਬਾਰੇ ਘੋਖ-ਪੜਤਾਲ ਕਰਦਾ ਹੈ। ਮੱਖੀ ਉੱਤੇ ਮੱਖੀ ਨਹੀਂ ਮਾਰਦਾ ਬਲਕਿ ਉਪਲਬਧ ਸਮੱਗਰੀ ਵਿਚ ਮਿਲਦੀਆਂ ਭਿੰਨਤਾਵਾਂ ਨੂੰ ਸਾਹਮਣੇ ਰੱਖ ਕੇ ਆਪਣੇ ਵਿਵੇਕ ਦੁਆਰਾ ਸਹੀ ਨਿਰਣੇ ਕੱਢਣ ਦੀ ਕੋਸ਼ਿਸ਼ ਕਰਦਾ ਹੈ। ਉਹ ਲੇਖਕਾਂ ਦੀ ਪ੍ਰਸਿੱਧੀ, ਕੌਮੀਅਤ ਜਾਂ ਰੁਤਬੇ ਨੂੰ ਦੇਖ ਕੇ ਹੀ ਕਿਸੇ ਧਾਰਨਾ ਨੂੰ ਸਵੀਕਾਰ ਨਹੀਂ ਕਰਦਾ ਬਲਕਿ ਇਹ ਦੇਖਣ-ਪਰਖਣ ਦੀ ਕੋਸ਼ਿਸ਼ ਕਰਦਾ ਹੈ ਕਿ ਕਿਸ ਇਤਿਹਾਸਕਾਰ ਦਾ ਨਿਰਣਾ ਵਧੇਰੇ ਠੀਕ ਹੈ। ਅੱਜ ਜਿਹੜੇ ਨਗਰ ਜਾਂ ਕਸਬੇ ਛੋਟੇ-ਛੋਟੇ ਪ੍ਰਤੀਤ ੁਹੰਦੇ ਹਨ, ਜਿਵੇਂ ਫੂਲ, ਮਹਿਰਾਜ ਅਤੇ ਬਡਰੁੱਖਾਂ ਆਦਿ... ਕਦੇ ਇਹ ਵੱਡੇ-ਵੱਡੇ ਖੇਤਰਾਂ ਦੀਆਂ ਰਾਜਧਾਨੀਆਂ ਹੁੰਦੇ ਸਨ। 'ਬਡਰੁੱਖਾਂ' ਕਦੇ ਜੀਂਦ ਰਿਆਸਤ ਦੀ ਰਾਜਧਾਨੀ ਵੀ ਰਹੀ। ਰਾਣੀ ਰਾਜ ਕੌਰ ਦੀ ਸੁਭਾਗੀ ਕੁੱਖ ਤੋਂ ਹੀ ਸ਼ੇਰ-ਏ-ਪੰਜਾਬ ਦਾ ਜਨਮ ਬਡਰੁੱਖਾਂ ਵਿਖੇ ਹੋਇਆ ਸੀ। ਹਾਲਾਂਕਿ ਕੁਝ ਇਤਿਹਾਸਕਾਰ ਗੁੱਜਰਾਂਵਾਲਾ ਨੂੰ ਮਹਾਰਾਜੇ ਦਾ ਜਨਮ ਸਥਾਨ ਮੰਨਦੇ ਹਨ। ਇਸ ਪੋਥੀ ਵਿਚ 'ਬਡਰੁੱਖਾਂ' ਦੇ ਵਿਭਿੰਨ ਅਦਾਰਿਆਂ, ਵਿਅਕਤੀਆਂ ਅਤੇ ਸਥਾਨਕ ਸੱਭਿਆਚਾਰ ਬਾਰੇ ਏਨੀ ਵਿਸਤ੍ਰਿਤ ਜਾਣਕਾਰੀ ਸੰਗ੍ਰਹਿਤ ਹੈ ਕਿ ਪਾਠਕ ਦੰਗ ਰਹਿ ਜਾਂਦਾ ਹੈ। ਇਸ ਦੇ ਨਾਲ ਹੀ ਪਟਿਆਲਾ, ਨਾਭਾ ਅਤੇ ਜੀਂਦ (ਸੰਗਰੂਰ) ਬਾਰੇ ਵੀ ਭਰਪੂਰ ਰੌਸ਼ਨੀ ਪਾਈ ਗਈ ਹੈ। ਇਸ ਪੁਸਤਕ ਨੂੰ ਵਧੇਰੇ ਉਪਯੋਗੀ ਬਣਾਉਣ ਲਈ ਸੈਂਕੜੇ ਰਾਜਿਆਂ, ਰਾਜਕੁਮਾਰਾਂ, ਮੰਤਰੀਆਂ-ਮਹਾਂਮੰਤਰੀਆਂ, ਅਫ਼ਸਰਾਂ, ਖਿਡਾਰੀਆਂ, ਕਿਲ੍ਹਿਆਂ, ਮਹਿਲਾਂ ਆਦਿ ਸਮਾਰਕਾਂ ਦੀਆਂ ਰੰਗੀਨ ਜਾਂ ਸਫੇਦ-ਕਾਲੀਆਂ ਤਸਵੀਰਾਂ ਵੀ ਪਬਲਿਸ਼ ਕੀਤੀਆਂ ਗਈਆਂ ਹਨ। ਇਹ ਇਤਿਹਾਸਕ ਪੁਸਤਕ ਇਨਸਾਈਕਲੋਪੇਡਿਕ ਮਹੱਤਵ ਰੱਖਦੀ ਹੈ ਕਿਉਂਕਿ ਪੰਜਾਬੀ ਜਗਤ ਦੇ ਕਿਸੇ ਸਰਵੇਖਣ ਵਿਚ ਏਨੀ ਵਿਸਤ੍ਰਿਤ ਜਾਣਕਾਰੀ ਉਪਲਬਧ ਨਹੀਂ ਹੁੰਦੀ।
-ਬ੍ਰਹਮਜਗਦੀਸ਼ ਸਿੰਘ
ਮੋਬਾਈਲ : 98760-52136
ਜਾਦੂਨਗਰੀ ਦੇ ਜਾਦੂਗਰ
ਲੇਖਕ : ਅਜੈ ਤਨਵੀਰ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 395 ਰੁਪਏ, ਸਫ਼ੇ : 143
ਸੰਪਰਕ : 98152-98459

ਅਜੈ ਤਨਵੀਰ, ਕੈਲੀਫੋਰਨੀਆ ਦਾ ਵਸਨੀਕ, ਵੱਡੇ ਸਟੋਰ ਦਾ ਮਾਲਕ, ਅਜਿਹੀ ਸ਼ਖ਼ਸੀਅਤ ਹੈ ਜੋ ਸ੍ਰੀ ਜੰਗ ਬਹਾਦਰ ਗੋਇਲ ਦਾ ਮਨ-ਪਸੰਦ ਲੇਖਕ ਹੈ। ਉਸ ਨੇ ਸ੍ਰੀ ਗੋਇਲ ਦੀਆਂ ਸਾਰੀਆਂ ਸਾਹਿਤਕ ਕਿਰਤਾਂ ਆਪਣੇ ਸਿਰਹਾਣੇ ਰੱਖੀਆਂ ਹੋਈਆਂ ਹਨ। ਉਂਝ ਉਹ ਡਾ. ਜਗਤਾਰ ਨੂੰ ਆਪਣਾ ਗੁਰੂ ਮੰਨਦਾ ਹੈ। ਹਥਲੀ ਪੁਸਤਕ ਵਿਚ ਉਸ ਨੇ ਜਾਦੂ ਨਗਰੀ ਦੀਆਂ ਤਿੰਨ ਪ੍ਰਮੁੱਖ ਸ਼ਖ਼ਸੀਅਤਾਂ (ਗੁਲਜ਼ਾਰ, ਜਾਵੇਦ ਅਖ਼ਤਰ, ਸਾਗਰ ਸਰਹੱਦੀ) ਬਾਰੇ ਬੜੀ ਦਿਲਚਸਪੀ ਵਾਲੀ ਜਾਣਕਾਰੀ ਦਿੱਤੀ ਹੈ। ਇਸ ਵਡਮੁੱਲੀ ਜਾਣਕਾਰੀ ਵਿਚੋਂ ਕੁਝ ਵਿਸ਼ੇਸ਼ ਗੱਲਾਂ ਪਾਠਕਾਂ ਨਾਲ ਸਾਂਝੀਆਂ ਕੀਤੀਆਂ ਜਾ ਸਕਦੀਆਂ ਹਨ। ਗੁਲਜ਼ਾਰ ਦਾ ਅਸਲੀ ਪੰਜਾਬੀ ਨਾਂਅ ਸੰਪੂਰਨ ਸਿੰਘ ਹੈ। ਮਹਾਰਾਸ਼ਟਰ ਵਿਚ ਰਹਿ ਕੇ ਵੀ ਉਹ ਪੰਜਾਬੀ ਹੈ। ਉਸ ਨੇ ਗ਼ਾਲਿਬ ਨੂੰ ਮੁੜ ਕੇ ਜਿਊਂਦਾ ਕਰ ਦਿੱਤਾ। ਬਾਂਗਲਾ ਵੀ ਜਾਣਦਾ ਹੈ। ਉਸ ਦੇ ਗੀਤ ਬੱਚਿਆਂ ਨੂੰ ਖਿਡੌਣਿਆਂ ਵਾਂਗ ਲਗਦੇ ਹਨ। ਉਸ ਦਾ ਵਿਆਹ ਰਾਖੀ ਨਾਲ ਹੋਇਆ। ਰਾਖੀ ਦੀ ਕੁੱਖੋਂ ਇਕ ਬੇਟੀ 'ਬੋਸਕੀ' ਨੇ ਜਨਮ ਲਿਆ। ਗੁਲਜ਼ਾਰ ਨੇ ਚਾਰ ਵਰ੍ਹਿਆਂ ਦੀ 'ਬੋਸਕੀ' 'ਤੇ ਕਵਿਤਾ ਲਿਖੀ। ਗੁਲਜ਼ਾਰ ਇਸ ਸੱਚ ਨੂੰ ਪਰਵਾਨ ਕਰਦਾ ਜੇਕਰ ਰਾਜਿੰਦਰ ਸਿੰਘ ਬੇਦੀ ਵਰਗਾ ਉਸ ਦਾ ਪ੍ਰੇਰਣਾ ਸਰੋਤ ਨਾ ਹੁੰਦਾ ਤਾਂ 'ਸ਼ਾਇਦ ਅੱਜ ਗੁਲਜ਼ਾਰ ਗੀਤਕਾਰ ਹੀ ਹੁੰਦਾ, ਨਾ ਨਿਰਦੇਸ਼ਕ, ਨਾ ਨਿਰਮਾਤਾ, ਨਾ ਕਹਾਣੀਕਾਰ, ਨਾ ਕਵਿਤਾ ਲਿਖਦਾ, ਨਾ ਡਾਇਲਾਗ ਲਿਖਦਾ।' ਪੰਨਾ.22। ਗੁਲਜ਼ਾਰ ਕਿਸੇ ਘਟਨਾ ਬਾਰੇ ਪੂਰੀ ਜਾਣਕਾਰੀ ਪ੍ਰਾਪਤ ਕਰਕੇ ਡਰਾਮੇ ਵੀ ਲਿਖਦਾ ਹੈ। ਉਹ ਲੋਕਾਂ ਦੇ ਆਮ ਜੀਵਨ ਦੀ ਪ੍ਰਤਿਨਿਧਤਾ ਕਰਦਾ ਹੈ। ਜਾਵੇਦ ਦਾ ਅਰਥ ਹੈ 'ਅਮਰ', ਅਖ਼ਤਰ ਦਾ ਭਾਵ ਹੈ 'ਸਿਤਾਰਾ'। ਉਹ ਬਚਪਨ ਵਿਚ ਹੀ ਮਾਪਿਆਂ ਦੇ ਪਿਆਰ ਤੋਂ ਵਾਂਝਾ ਹੋ ਗਿਆ। ਕਾਲਜ ਪੜ੍ਹਦੇ ਸਮੇਂ ਬਹੁਤ ਤੰਗੀਆਂ ਕੱਟੀਆਂ (ਨਾ ਰੋਟੀ, ਨਾ ਕੱਪੜਾ, ਨਾ ਮਕਾਨ) ਜ਼ਿੰਦਗੀ ਨੇ ਉਸ ਦੀ ਸਖ਼ਤ ਪ੍ਰੀਖਿਆ ਲਈ। ਉਸ ਨੇ ਸਾਹਿਰ ਲੁਧਿਆਣਵੀ ਦਾ ਸਾਥ ਵੀ ਮਾਣਿਆ। ਸਾਹਿਰ ਹਾਰਟ ਅਟੈਕ ਨਾਲ ਅੰਤਿਮ ਸਾਹ ਲੈ ਗਿਆ ਸੀ। ਹਨੀ ਉਸ ਦੀ ਜੀਵਨ ਸਾਥਣ ਬਣੀ। ਉਸ ਦਾ ਸਾਰਾ ਪਰਿਵਾਰ ਬਾਗੀਆਂ ਦਾ ਪਰਿਵਾਰ ਹੀ ਰਿਹਾ। ਉਸ ਦੀਆਂ ਫਿਲਮਾਂ ਵਿਚ ਆਵਾਮ ਦਾ ਦਰਦ ਹੈ। ਵਿਰੋਧੀ ਉਸ ਦਾ ਵਿਰੋਧ ਕਰਦੇ ਰਹੇ ਪਰ ਉਹ ਅਡੋਲ ਰਿਹਾ। ਗੁਲਜ਼ਾਰ ਅਤੇ ਸਾਗਰ ਸਰਹੱਦੀ ਦੋਵੇਂ ਜਮਾਤੀ ਰਹੇ। ਸਾਗਰ ਦਾ ਵਿਚਾਰ ਹੈ-ਮਿਹਨਤ ਨਾਲ ਸਿਰਜੀ ਕਿਰਤ ਸਭ ਤੋਂ ਵੱਡਾ ਇਨਾਮ ਹੁੰਦੀ ਹੈ। ਉਹ ਗੁਰਸ਼ਰਨ ਸਿੰਘ ਨਾਟਕਕਾਰ ਦਾ ਨੇੜਲਾ ਸਾਥੀ ਵੀ ਰਿਹਾ। ਸਾਹਿਤ ਅਧਿਐਨ ਦਾ ਸ਼ੌਕੀਨ ਹੈ, ਉਸ ਦਾ ਭਤੀਜਾ ਰਮੇਸ਼ ਤਲਬ ਉਸ ਦਾ ਹਰ ਕਦਮ 'ਤੇ ਸਾਥ ਦਿੰਦਾ ਰਿਹਾ। ਸਾਗਰ ਬਾਰੀਕੀ ਵਿਚ ਹਰ ਘਟਨਾ ਨੂੰ ਘੋਖਦਾ ਹੈ। ਅਸਲ ਜੀਵਨ ਦੀ ਪੇਸ਼ਕਾਰੀ ਕਰਦਾ ਹੈ। ਇਨ੍ਹਾਂ ਤਿੰਨੇ ਸ਼ਖ਼ਸੀਅਤਾਂ ਨੇ ਆਪਣੀਆਂ ਹਿੱਟ ਹੋਈਆਂ ਫਿਲਮਾਂ ਬਾਰੇ ਵੀ ਵਿਸਤ੍ਰਿਤ ਜਾਣਕਾਰੀ ਦਿੱਤੀ ਹੈ। ਕੁਝ ਇਕ ਦੇ ਫਲਾਪ ਹੋਣ ਦੀ ਵੀ। 'ਸੌ ਗਜ਼ ਰੱਸਾ, ਤੇ ਸਿਰੇ 'ਤੇ ਗੰਢ' ਉਪਰੋਕਤ ਤਿੰਨੇ ਜਾਦੂ ਨਗਰੀ ਦੇ ਜਾਦੂਗਰ ਆਪਣੀਆਂ ਬਹੁ-ਵਿਧਾਈ ਕਲਮਾਂ ਅਤੇ ਬਹੁ-ਪੱਖੀ ਹੁਨਰਾਂ ਰਾਹੀਂ ਕਈ ਵਰ੍ਹਿਆਂ ਤੱਕ ਫਿਲਮੀ ਜਗਤ 'ਤੇ ਛਾਏ ਰਹੇ ਅਤੇ ਨਵੀਆਂ ਪੈੜਾਂ ਪਾਉਂਦੇ ਰਹੇ।
-ਡਾ. ਧਰਮ ਚੰਦ ਵਾਤਿਸ਼
ਈ-ਮੇਲ : vatish.dharmchand@gmail.com





































































































































.jpg)









































































