01-06-26
ਮੋਬਾਈਲ ਤੋਂ ਦੂਰੀ
ਅੱਜ ਮੋਬਾਈਲ ਫ਼ੋਨ ਸਾਡੀ ਜ਼ਿੰਦਗੀ ਦਾ ਮਹੱਤਵਪੂਰਨ ਹਿੱਸਾ ਬਣ ਚੁੱਕਾ ਹੈ, ਪਰ ਇਹ ਸਹੂਲਤ ਬੇਧਿਆਨੀ ਨਾਲ ਵਰਤੋਂ ਕਾਰਨ ਇਹ ਖ਼ਤਰਾ ਵੀ ਬਣ ਜਾਂਦਾ ਹੈ, ਖ਼ਾਸ ਕਰਕੇ ਸੜਕ ਪਾਰ ਕਰਦੇ ਸਮੇਂ। ਅਸੀਂ ਸਭ ਜਾਣਦੇ ਹਾਂ ਕਿ ਟਰੈਫਿਕ ਨਿਯਮਾਂ ਦੀ ਪਾਲਣਾ ਕਰਨੀ ਬਹੁਤ ਜ਼ਰੂਰੀ ਹੈ।
ਅਕਸਰ ਦੇਖਿਆ ਜਾਂਦਾ ਹੈ ਕਿ ਲੋਕ ਫ਼ੋਨ ਵਿੱਚ ਗੱਲਾਂ ਕਰਦੇ, ਮੈਸੇਜ ਪੜ੍ਹਦੇ ਜਾਂ ਸੰਗੀਤ ਸੁਣਦੇ ਹੋਏ ਬਿਨਾਂ ਆਲੇ-ਦੁਆਲੇ ਦੇਖਿਆਂ ਟਰੈਫਿਕ ਨੂੰ ਨਜ਼ਰ ਅੰਦਾਜ਼ ਕਰ ਕੇ ਸੜਕ ਪਾਰ ਕਰ ਲੈਂਦੇ ਹਨ। ਇਹ ਲਾਪਰਵਾਹੀ ਖ਼ਾਸ ਕਰਕੇ ਹਾਈਵੇ 'ਤੇ ਬਹੁਤ ਜਾਨਲੇਵਾ ਸਾਬਿਤ ਹੋ ਸਕਦੀ ਹੈ।
ਇਸ ਤਰ੍ਹਾਂ ਦੀ ਬੇਧਿਆਨੀ ਨਾਲ ਹੋਣ ਵਾਲੀਆਂ ਦੁਰਘਟਨਾਵਾਂ ਸਿਰਫ਼ ਪੈਦਲ ਯਾਤਰੀ ਲਈ ਹੀ ਨਹੀਂ, ਸਗੋਂ ਵਾਹਨ ਚਾਲਕਾਂ ਅਤੇ ਹੋਰ ਲੋਕਾਂ ਲਈ ਵੀ ਵੱਡਾ ਖ਼ਤਰਾ ਬਣ ਜਾਂਦੀਆਂ ਹਨ। ਇੱਕ ਛੋਟੀ ਜਿਹੀ ਗਲਤੀ ਕਈ ਪਰਿਵਾਰਾਂ ਦੀਆਂ ਖੁਸ਼ੀਆਂ ਉਜਾੜ ਸਕਦੀ ਹੈ।
ਇਸ ਲਈ ਲੋੜ ਹੈ ਕਿ ਜਦੋਂ ਵੀ ਸੜਕ ਪਾਰ ਕਰਨੀ ਹੋਵੇ, ਸਭ ਤੋਂ ਪਹਿਲਾਂ ਮੋਬਾਈਲ ਨੂੰ ਜੇਬ ਵਿੱਚ ਰੱਖਿਆ ਜਾਵੇ ਅਤੇ ਹੈੱਡਫੋਨ ਜਾਂ ਈਅਰਬਡਜ਼ ਬੰਦ ਕਰ ਦਿੱਤੇ ਜਾਣ। ਦੋਵਾਂ ਪਾਸਿਆਂ ਵੱਲ ਧਿਆਨ ਨਾਲ ਦੇਖ ਕੇ, ਜ਼ੈਬਰਾ ਕ੍ਰਾਸਿੰਗ ਜਾਂ ਨਿਰਧਾਰਤ ਥਾਂ ਤੋਂ ਹੀ ਸੜਕ ਪਾਰ ਕੀਤੀ ਜਾਵੇ।
ਸੜਕ ਸੁਰੱਖਿਆ ਸਿਰਫ਼ ਕਾਨੂੰਨ ਦੀ ਪਾਲਣਾ ਨਹੀਂ, ਸਗੋਂ ਸਮਾਜਿਕ ਜ਼ਿੰਮੇਵਾਰੀ ਵੀ ਹੈ। ਜੇ ਅਸੀਂ ਥੋੜ੍ਹੀ ਜਿਹੀ ਸਾਵਧਾਨੀ ਅਪਣਾਈਏ, ਤਾਂ ਕਈ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ।
-ਪਵਨ ਕੁਮਾਰ ਅੱਤਰੀ
(ਕਪੂਰਥਲਾ)
ਮਾਨਸਰ-ਹਾਜੀਪੁਰ ਸੜਕ ਦਾ ਹਾਲ
ਪਠਾਨਕੋਟ ਤੋਂ ਤਲਵਾੜਾ ਜਾਣ ਲਈ ਹਰ ਕਿਸੇ ਨੂੰ ਮਾਨਸਰ ਤੋਂ ਹਾਜੀਪੁਰ ਸੜਕ ਹੀ ਨਜ਼ਦੀਕ ਪੈਂਦੀ ਹੈ। ਇਸ ਰਸਤੇ ਰਾਹੀਂ ਸ਼ਰਧਾਲੂ ਚਿੰਤਪੁਰਨੀ, ਜਵਾਲਾ ਜੀ ਆਦਿ ਧਾਰਮਿਕ ਸਥਾਨਾਂ 'ਤੇ ਮੱਥਾ ਟੇਕਣ ਵੀ ਜਾਂਦੇ ਹਨ। ਕਿਉਂਕਿ ਪਠਾਨਕੋਟ ਸਾਈਡ ਤੋਂ ਆਉਣ ਵਾਲੀਆਂ ਗੱਡੀਆਂ ਨੂੰ ਇਕ ਤਾਂ ਟੋਲ ਪਲਾਜ਼ੇ ਤੋਂ ਬਚਾਅ ਹੋ ਜਾਂਦਾ ਹੈ ਦੂਜਾ ਇਹ ਸੜਕ ਨਜ਼ਦੀਕ ਵੀ ਪੈਂਦੀ ਹੈ, ਪਰ ਇਹ ਸੜਕ ਕਈ ਸਾਲਾਂ ਤੋਂ ਏਨੀ ਜ਼ਿਆਦਾ ਬੁਰੀ ਹਾਲਤ ਵਿਚ ਹੈ ਕਿ ਇਸ 'ਤੇ ਕੋਈ ਗੱਡੀ ਚਲਾਉਣਾ ਤਾਂ ਦੂਰ ਦੀ ਗੱਲ, ਪੈਦਲ ਚੱਲਣਾ ਵੀ ਬਹੁਤ ਮੁਸ਼ਕਿਲ ਹੈ। ਕਿਉਂਕਿ ਇਸ ਰਸਤੇ 'ਤੇ ਟੋਇਆਂ ਵਿਚੋਂ ਜੋ ਥੋੜੀ-ਬਹੁਤ ਸੜਕ ਬੱਚਦੀ ਹੈ ਉਹ ਵੀ ਪੂਰੀ ਤਰ੍ਹਾਂ ਟੁੱਟੀ ਹੋਈ ਹੈ। ਬਾਕੀ ਟੋਏ ਏਨੇ ਵੱਡੇ ਹਨ ਕਿ ਛੋਟੀ ਗੱਡੀ ਵਾਲਾ ਤਾਂ ਇਕ ਵਾਰ ਇਸ ਸੜਕ 'ਤੇ ਆ ਕੇ ਤੌਬਾ ਕਰਦਾ ਹੈ, ਕਿਉਂਕਿ ਇਸ ਸੜਕ 'ਤੇ ਗੱਡੀ ਵਾਲੇ ਦੇ ਸਿਰਫ਼ ਹੱਥ ਹੀ ਉੱਚੇ ਨਹੀਂ ਹੁੰਦੇ ਬਾਕੀ ਭੰਗੜਾ ਪੂਰਾ ਪੈਂਦਾ ਹੈ। ਇਹ 17-18 ਕਿਲੋਮੀਟਰ ਦਾ ਸਫ਼ਰ ਤੈਅ ਕਰਨ ਲਈ 1 ਤੋਂ ਡੇਢ ਘੰਟਾ ਲੱਗ ਜਾਂਦਾ ਹੈ। ਸਾਡੀ ਬੇਨਤੀ ਹੈ ਕਿ ਜਾਂ ਤਾਂ ਇਸ ਸੜਕ ਨੂੰ ਸਰਕਾਰ ਜਲਦ ਤੋਂ ਜਲਦ ਬਣਾਵੇ ਨਹੀਂ ਤਾਂ ਇਸ ਸੜਕ 'ਤੇ ਟੋਲ ਲਗਾ ਕੇ ਟੋਲ ਵਾਲਿਆਂ ਨੂੰ ਇਹ ਸੜਕ ਦੇ ਦਿੱਤੀ ਜਾਵੇ ਤਾਂ ਜੋ ਆਉਣ-ਜਾਣ ਵਾਲਿਆਂ ਨੂੰ ਸੌਖ ਹੋ ਸਕੇ।
-ਸੰਜੀਵ ਸ਼ਰਮਾ
ਬਸੰਤਪੁਰ।
ਆਪਣੀ ਜ਼ਿੰਦਗੀ ਨਾਲ ਨਾ ਖੇਡੋ
ਹਰ ਸਾਲ ਬੋਰਡ ਜਮਾਤਾਂ ਦੇ ਵਿਦਿਆਰਥੀ ਮਿਹਨਤ ਕਰਕੇ ਪੇਪਰਾਂ ਵਿਚ ਬੈਠਦੇ ਹਨ। ਚਾਹੇ ਪੰਜਵੀਂ, ਅੱਠਵੀਂ, ਦਸਵੀਂ ਅਤੇ ਬਾਰ੍ਹਵੀਂ ਕਲਾਸ ਕੋਈ ਵੀ ਹੋਵੇ। ਇਹ ਵਿਦਿਆਰਥੀ ਆਪਣੀ ਕੀਤੀ ਹੋਈ ਪੜ੍ਹਾਈ ਅਨੁਸਾਰ ਪੇਪਰਾਂ ਨੂੰ ਹੱਲ ਕਰਦੇ ਹਨ ਜਾਂ ਇਹ ਪੁੱਛੇ ਗਏ ਸਵਾਲਾਂ ਦੇ ਉੱਤਰ ਲਿਖਦੇ ਹਨ। ਪੇਪਰ ਦੇਣ ਉਪਰੰਤ ਇਹ ਸਭ ਵਿਦਿਆਰਥੀ ਆਪਸ ਵਿਚ ਆਪਣੇ ਦੋਸਤਾਂ, ਅਧਿਆਪਕਾਂ ਨਾਲ ਵਿਚਾਰ ਵਟਾਂਦਰਾ ਕਰਦੇ ਹਨ। ਕਿਸੇ ਨੇ ਆਪਣੇ ਦਿੱਤੇ ਹੋਏ ਵਿਸ਼ੇ ਦੇ ਪੇਪਰ ਵਿਚ ਬਹੁਤ ਵਧੀਆ ਮੁਲਾਂਕਣ ਕੀਤਾ ਹੁੰਦਾ ਹੈ ਅਤੇ ਕਿਸੇ ਦਾ ਘੱਟ ਹੋਇਆ ਹੁੰਦਾ ਹੈ, ਪਰ ਮੈਂ ਸਾਰੇ ਵਿਦਿਆਰਥੀਆਂ ਨੂੰ ਹੱਥ ਜੋੜ ਬੇਨਤੀ ਕਰਦੀ ਹਾਂ ਕਿ ਜ਼ਿੰਦਗੀ ਵਿਚ ਬਹੁਤ ਸਾਰੇ ਇਮਤਿਹਾਨ ਹੋਰ ਵੀ ਆਉਂਦੇ ਜਾਂਦੇ ਰਹਿੰਦੇ ਹਨ, ਨਿਰਾਸ਼ਾ ਕਦੇ ਵੀ ਆਪਣੇ ਨੇੜੇ ਨਹੀਂ ਲਿਆਉਣੀ ਜੇਕਰ ਕਿਸੇ ਦੇ ਪੇਪਰ ਜਾਂ ਵਿਸ਼ੇ ਵਿਚੋਂ ਘੱਟ ਨੰਬਰ ਆਉਣ ਤਾਂ ਅਗਲੀ ਵਾਰ ਹੋਰ ਵੀ ਮਿਹਨਤ ਕਰਕੇ ਵਧੀਆ ਨੰਬਰ ਲਏ ਜਾ ਸਕਦੇ ਹਨ। ਇਸੇ ਤਰ੍ਹਾਂ ਜੇਕਰ ਕਿਸੇ ਵੀ ਜਮਾਤ ਦਾ ਬੋਰਡ ਵਲੋਂ ਨਤੀਜਾ ਐਲਾਨਿਆ ਜਾਵੇ ਤਾਂ ਘੱਟ ਨੰਬਰ ਵਾਲੇ ਵਿਦਿਆਰਥੀ ਨਿਰਾਸ਼ਾ 'ਚ ਨਾ ਰਹਿ ਕੇ ਆਪਣੇ-ਆਪ ਨੂੰ ਹੋਰ ਵੀ ਮਜ਼ਬੂਤ ਬਣਾਵੇ ਤਾਂ ਜੋ ਅਗਲੀ ਵਾਰ ਰਿਕਾਰਡ ਤੋੜ ਨਤੀਜਾ ਹਾਸਿਲ ਕਰੇ। ਮੇਰੀ ਸਾਰਿਆਂ ਨੂੰ ਅਰਜ਼ ਹੈ ਖ਼ਰਾਬ ਨਤੀਜਾ ਆਉਣ 'ਤੇ ਆਪਣੀ ਕੀਮਤੀ ਜਾਨ ਨੂੰ ਦਾਅ 'ਤੇ ਨਾ ਲਾਇਆ ਜਾਵੇ, ਸਗੋਂ ਹੋਰ ਮਿਹਨਤ ਰਕਕੇ ਆਪਣੇ ਆਪ ਨੂੰ ਜਗਾਇਆ ਜਾਵੇ।
-ਗੁਰਪ੍ਰੀਤ ਕੌਰ
ਬਿਆਸ (ਅੰਮ੍ਰਿਤਸਰ)
ਵੀ.ਆਈ.ਪੀ. ਕਲਚਰ
ਹੌਰਮੁਜ਼ ਜਲਮਾਰਗ ਬੰਦ ਹੋਣ ਕਾਰਨ ਉਪਜੇ ਹਾਲਾਤ ਵਿਚ ਸੰਕਟ ਦੀ ਸਥਿਤੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਾਗਰਿਕਾਂ ਨੂੰ ਪੈਟਰੋਲ ਤੇ ਡੀਜ਼ਲ ਦੀ ਵਰਤੋਂ ਘੱਟ ਕਰਕੇ ਇਲੈਕਟ੍ਰਿਕ ਵਾਹਨ, ਸਾਈਕਲ ਚਲਾਉਣ ਤੇ ਪਬਲਿਕ ਟਰਾਂਸਪੋਰਟ ਦੀ ਵੱਧ ਤੋਂ ਵੱਧ ਵਰਤੋਂ ਕਰਨ ਦੀ ਅਪੀਲ ਕੀਤੀ ਹੈ। ਸਾਨੂੰ ਸਾਰਿਆਂ ਨੂੰ ਥੋੜ੍ਹੇ ਸਮੇਂ ਲਈ ਹੀ ਨਹੀਂ, ਸਗੋਂ ਸਦਾ ਲਈ ਜੀਵਨ ਸ਼ੈਲੀ ਵਿਚ ਇਸ ਨੂੰ ਅਪਣਾਉਣ ਦੀ ਲੋੜ ਹੈ। ਸਾਡੇ ਦੇਸ਼ ਨੂੰ ਵੀ ਆਈ ਪੀ ਕਲਚਰ ਘੁਣ ਵਾਂਗ ਖਾ ਰਿਹਾ ਹੈ। ਜਿੰਨੀ ਦੇਰ ਤੱਕ ਲੀਡਰਾਂ ਦੀਆਂ ਗੱਡੀਆਂ ਦੇ ਕਾਫ਼ਲੇ ਸੜਕਾਂ ਤੇ ਧੂੜਾਂ ਪੱਟਦੇ ਨਹੀਂ ਲੰਘਦੇ ਓਨਾ ਚਿਰ ਲੀਡਰਾਂ ਨੂੰ ਲੀਡਰੀ ਦਾ ਸਵਾਦ ਨਹੀਂ ਆਉਂਦਾ। ਕੋਈ ਵੀ ਪਾਰਟੀ ਦੇ ਲੀਡਰ ਇਸ ਨੂੰ ਛੱਡਣ ਲਈ ਤਿਆਰ ਨਹੀਂ। ਜਿਸ ਤਰ੍ਹਾਂ ਹੁਣ ਕੁਝ ਲੀਡਰਾਂ ਨੇ ਵਹੀਕਲ ਘੱਟ ਕਰਕੇ ਉਦਾਹਰਨ ਪੇਸ਼ ਕੀਤਾ ਹੈ ਇਸ ਨੂੰ ਲਗਾਤਾਰ ਅਪਣਾਉਣ ਦੀ ਲੋੜ ਹੈ। ਅਸਲ ਵਿੱਚ ਕੱਲੇ ਲੀਡਰਾਂ ਨੂੰ ਹੀ ਨਹੀਂ ਸਾਨੂੰ ਆਮ ਲੋਕਾਂ ਨੂੰ ਵੀ ਇਸ ਰਵਾਇਤ ਨੂੰ ਆਪਣੀ ਜੀਵਨ ਸ਼ੈਲੀ ਵਿਚ ਅਪਣਾਉਣ ਦੀ ਸ਼ਖਤ ਲੋੜ ਹੈ। ਜਿੱਥੇ ਕਿਤੇ ਵੀ ਸਾਡਾ ਸਰਦਾ ਹੋਵੇ ਅਸੀਂ ਪੈਦਲ ਜਾਈਏ ਜਾਂ ਫਿਰ ਸਾਈਕਲ ਜਾਂ ਪਬਲਿਕ ਟਰਾਂਸਪੋਰਟ ਦੀ ਵਰਤੋਂ ਕਰੀਏ। ਇਸ ਨਾਲ ਅਸੀਂ ਫਿਜ਼ੂਲ ਦੇ ਖਰਚਿਆਂ ਤੋਂ ਤਾਂ ਬਚਾਂਗੇ ਹੀ ਨਾਲ ਹੀ ਸਾਡੇ ਵਿੱਚ ਸਾਦਗੀ , ਸੰਯਮ ਅਤੇ ਨਿਮਰਤਾ ਦੇ ਗੁਣ ਵੀ ਵਿਕਸਤ ਹੋਣਗੇ।
-ਚਰਨਜੀਤ ਸਿੰਘ ਮੁਕਤਸਰ,
ਸੈਂਟਰ ਹੈੱਡ ਟੀਚਰ,ਝਬੇਲਵਾਲੀ।