04-06-26
ਕੁਦਰਤ ਦੇ ਨਿਯਮ ਵਿਚ ਰਹੋ
ਸੂਰਜ ਆਪਣੇ ਵੇਲੇ ਸਿਰ ਚੜ੍ਹਦਾ ਹੈ, ਧਰਤੀ ਆਪਣੀ ਧੁਰੀ 'ਤੇ ਘੁੰਮਦੀ ਹੈ, ਨਦੀਆਂ ਸਮੁੰਦਰ ਵੱਲ ਵਗਦੀਆਂ ਹਨ। ਇਹ ਕੁਦਰਤ ਦਾ ਨਿਯਮ ਹੈ। ਇਹ ਕਦੇ ਬਦਲਦਾ ਨਹੀਂ। ਬੰਦਾ ਅੱਜ ਇਸੇ ਨਿਯਮ ਨੂੰ ਭੁੱਲ ਗਿਆ ਹੈ। ਅਸੀਂ ਪਲਾਸਟਿਕ ਨਾਲ ਧਰਤੀ ਨੂੰ ਭਰ ਦਿੱਤਾ, ਧੂੰਏਂ ਨਾਲ ਹਵਾ ਨੂੰ ਗੰਦਾ ਕਰ ਦਿੱਤਾ, ਜ਼ਹਿਰ ਨਾਲ ਪਾਣੀ ਨੂੰ ਮਾਰ ਦਿੱਤਾ। ਅਸੀਂ ਸੋਚਿਆ ਕਿ ਅਸੀਂ ਕੁਦਰਤ ਤੋਂ ਵੱਡੇ ਹਾਂ। ਪਰ ਕੁਦਰਤ ਦਾ ਜਵਾਬ ਸਿੱਧਾ ਹੈ। ਜੰਗਲ ਕੱਟੋਗੇ ਤਾਂ ਗਰਮੀ ਵਧੇਗੀ। ਦਰਿਆ ਰੋਕੋਗੇ ਤਾਂ ਹੜ੍ਹ ਆਵੇਗਾ। ਸੰਤੁਲਨ ਤੋੜੋਗੇ ਤਾਂ ਬਿਮਾਰੀ ਫੈਲੇਗੀ। ਕੁਦਰਤ ਬਦਲਾ ਨਹੀਂ ਲੈਂਦੀ, ਉਹ ਸਿਰਫ਼ ਆਪਣਾ ਸੰਤੁਲਨ ਵਾਪਸ ਲਿਆਉਂਦੀ ਹੈ। ਕੁਦਰਤ ਦੇ ਨਿਯਮ ਵਿਚ ਰਹਿਣਾ ਮੁਸ਼ਕਿਲ ਨਹੀਂ। ਜਿੰਨੀ ਲੋੜ ਹੈ ਓਨਾ ਹੀ ਲਵੋ। ਰੁੱਖ ਲਾਓ, ਪਾਣੀ ਸੰਭਾਲੋ, ਕੂੜਾ ਘਟਾਓ। ਕਾਹਲੀ ਛੱਡ ਕੇ ਸਬਰ ਰੱਖੋ। ਯਾਦ ਰੱਖੋ, ਅਸੀਂ ਕੁਦਰਤ ਦੇ ਮਾਲਕ ਨਹੀਂ, ਸਿਰਫ਼ ਹਿੱਸਾ ਹਾਂ। ਜਦੋਂ ਅਸੀਂ ਇਸ ਨਿਯਮ ਨੂੰ ਮੰਨ ਲਵਾਂਗੇ, ਕੁਦਰਤ ਸਾਨੂੰ ਫਿਰ ਹਰਿਆਲੀ, ਸਾਫ਼ ਹਵਾ ਤੇ ਸਾਫ਼ ਪਾਣੀ ਦੇਵੇਗੀ। ਕੁਦਰਤ ਦੇ ਨਿਯਮ ਵਿਚ ਰਹੋ, ਕਿਉਂਕਿ ਇਸ ਤੋਂ ਬਾਹਰ ਕੋਈ ਜ਼ਿੰਦਗੀ ਨਹੀਂ।
-ਗੌਰਵ ਮੁੰਜਾਲ
ਪੀ.ਸੀ.ਐਸ
ਹਰ ਇਨਸਾਨ ਵਿਕਾਊ ਨਹੀਂ ਹੁੰਦਾ
ਹਰ ਇਨਸਾਨ ਦੀ ਕੋਈ ਕੀਮਤ ਨਹੀਂ ਹੁੰਦੀ। ਕੁਝ ਲੋਕ ਪੈਸਿਆਂ ਅੱਗੇ ਝੁਕ ਜਾਂਦੇ ਹਨ, ਕੁਝ ਅਹੁਦਿਆਂ ਦੇ ਲਾਲਚ ਲਈ ਆਪਣੇ ਜ਼ਮੀਰ ਵੇਚ ਦਿੰਦੇ ਹਨ। ਪਰ ਅੱਜ ਵੀ ਦੁਨੀਆ ਵਿਚ ਕੁਝ ਅਜਿਹੇ ਲੋਕ ਮੌਜੂਦ ਹਨ ਜੋ ਆਪਣੀ ਇੱਜ਼ਤ, ਸੱਚ ਅਤੇ ਆਪਣੇ ਅਸੂਲ ਕਿਸੇ ਬਾਜ਼ਾਰ ਵਿਚ ਨਹੀਂ ਵੇਚਦੇ। ਸਮਾਂ ਹਰ ਕਿਸੇ ਨੂੰ ਆਜ਼ਮਾਉਂਦਾ ਹੈ। ਮਜਬੂਰੀਆਂ, ਗ਼ਰੀਬੀ ਅਤੇ ਹਾਲਾਤ ਕਈ ਵਾਰੀ ਇਨਸਾਨ ਨੂੰ ਤੋੜਨ ਦੀ ਕੋਸ਼ਿਸ਼ ਕਰਦੇ ਹਨ, ਪਰ ਅਸਲੀ ਕਿਰਦਾਰ ਉਸ ਵੇਲੇ ਸਾਹਮਣੇ ਆਉਂਦਾ ਹੈ ਜਦੋਂ ਸਭ ਕੁਝ ਖੋਹ ਜਾਣ ਦਾ ਡਰ ਹੋਵੇ ਅਤੇ ਫਿਰ ਵੀ ਇਨਸਾਨ ਸੱਚ ਦੇ ਨਾਲ ਖੜ੍ਹਾ ਰਹੇ। ਵਿਕ ਜਾਣਾ ਆਸਾਨ ਹੁੰਦਾ ਹੈ, ਪਰ ਆਪਣੇ ਅਸੂਲਾਂ 'ਤੇ ਡਟੇ ਰਹਿਣਾ ਬਹੁਤ ਔਖਾ। ਜੋ ਲੋਕ ਆਪਣੇ ਜ਼ਮੀਰ ਨੂੰ ਬਚਾ ਲੈਂਦੇ ਹਨ, ਉਹੀ ਅਸਲ ਇਨਸਾਨ ਹੁੰਦੇ ਹਨ। ਕਿਉਂਕਿ ਪੈਸਾ ਸਿਰਫ਼ ਲੋੜਾਂ ਪੂਰੀਆਂ ਕਰ ਸਕਦਾ ਹੈ, ਪਰ ਮਨ ਦੀ ਸ਼ਾਂਤੀ ਕਦੇ ਨਹੀਂ ਖਰੀਦ ਸਕਦਾ। ਅੱਜ ਦੇ ਸਮੇਂ ਵਿਚ ਸੱਚ ਬੋਲਣ ਵਾਲਾ ਅਕਸਰ ਇਕੱਲਾ ਰਹਿ ਜਾਂਦਾ ਹੈ। ਲੋਕ ਉਸ ਦਾ ਮਜ਼ਾਕ ਉਡਾਉਂਦੇ ਹਨ, ਉਸ ਨੂੰ ਜ਼ਿੱਦੀ ਜਾਂ ਪਾਗਲ ਕਹਿੰਦੇ ਹਨ। ਕੁਜ ਲੋਕ ਆਪਣੀ ਖੁੱਦਾਰੀ ਨਾਲ ਪਛਾਣੇ ਜਾਂਦੇ ਹਨ ਅਤੇ ਅਜਿਹੇ ਲੋਕ ਹੀ ਸਮਾਜ ਦੀ ਆਖ਼ਰੀ ਉਮੀਦ ਹੁੰਦੇ ਹਨ।
-ਮੰਜੂ ਰਾਇਕਾ
ਸੰਗਰੂਰ।
ਚਮਚਾ ਐਂਡ ਕੰਪਨੀ : ਪੰਪ ਮਾਸਟਰਜ਼
ਅੱਜਕੱਲ੍ਹ ਬਾਜ਼ਾਰ ਵਿਚ ਇਕ ਨਵੀਂ ਪੰਪ ਏਜੰਸੀ ਖੁੱਲ੍ਹੀ ਹੈ, ਜਿਸ ਦਾ ਕੰਮ ਸਾਈਕਲ ਦੇ ਟਾਇਰ ਵਿਚ ਹਵਾ ਭਰਨਾ ਨਹੀਂ, ਸਗੋਂ ਦਿਮਾਗ਼ ਵਿਚ ਹਵਾ ਭਰਨਾ ਹੈ। ਸ਼ਾਹ ਜੀ ਹਾਲੇ ਕੁਰਸੀ 'ਤੇ ਬੈਠਦੇ ਬਾਅਦ ਵਿਚ ਨੇ, ਪਰ ਇਹ ਮਾਹਿਰ ਪਹਿਲਾਂ ਹੀ ਦੱਸ ਦਿੰਦੇ ਨੇ ਕਿ 'ਸਾਬ੍ਹ, ਤੁਹਾਡੇ ਆਉਣ ਨਾਲ ਤਾਂ ਸੂਰਜ ਵੀ ਪੂਰਬ ਦੀ ਥਾਂ ਪੱਛਮ 'ਚੋਂ ਚੜ੍ਹਨ ਲੱਗ ਪਿਆ ਹੈ।' ਸ਼ਾਹ ਜੀ ਵੀ ਖ਼ੁਸ਼ ਹੋ ਕੇ ਇੰਨੇ ਫੁੱਲ ਜਾਂਦੇ ਹਨੇ ਕਿ ਉਨ੍ਹਾਂ ਨੂੰ ਆਪਣਾ ਪੈਰ ਵੀ ਨਜ਼ਰ ਨਹੀਂ ਆਉਂਦਾ, ਜ਼ਮੀਨ ਤਾਂ ਬਹੁਤ ਦੂਰ ਦੀ ਗੱਲ ਹੈ। ਇਹ ਪੰਪ ਮਾਸਟਰ ਅਜਿਹੇ ਨਕਸ਼ੇ ਤਿਆਰ ਕਰਦੇ ਨੇ ਜਿੱਥੇ ਪਿੰਡਾਂ ਦੀਆਂ ਟੁੱਟੀਆਂ ਸੜਕਾਂ ਨੂੰ 'ਅਮਰੀਕਨ ਹਾਈਵੇ' ਦੱਸਿਆ ਜਾਂਦਾ ਹੈ। ਛੱਪੜ ਦੇ ਗੰਦੇ ਪਾਣੀ ਨੂੰ 'ਸਵਿਟਜ਼ਰਲੈਂਡ ਦੀ ਝੀਲ' ਕਹਿ ਕੇ ਪੇਸ਼ ਕੀਤਾ ਜਾਂਦਾ ਹੈ। ਸ਼ਾਹ ਜੀ ਨੂੰ ਲੱਗਦਾ ਹੈ ਕਿ ਜਨਤਾ ਸ਼ਾਇਦ ਖ਼ੁਸ਼ੀ ਨਾਲ ਰੋ ਰਹੀ ਹੈ, ਪਰ ਅਸਲ ਵਿਚ ਉਹ ਧਾਂਦਲੀ ਦੇ ਪਿਆਜ਼ ਕੱਟ ਰਹੀ ਹੁੰਦੀ ਹੈ। ਇਨ੍ਹਾਂ ਦਾ 'ਦੀਨ-ਇਮਾਨ' ਬੜਾ ਲਚਕੀਲਾ ਹੈ। ਦੂਜਿਆਂ ਦੇ ਗੋਡਿਆਂ ਵਿਚ ਬੈਠੇ ਕਹਿ ਰਹੇ ਹੋਣਗੇ-'ਜੀ, ਪੁਰਾਣੇ ਵਾਲੇ ਤਾਂ ਜਮ੍ਹਾਂ ਹੀ ਨਿਕੰਮੇ ਸੀ, ਅਸਲੀ ਸ਼ੇਰ ਤਾਂ ਤੁਸੀਂ ਹੋ! ਸ਼ਾਹ ਜੀ, ਯਾਦ ਰੱਖਿਓ-ਜਿਹੜੇ ਤੁਹਾਡੀਆਂ ਅੱਖਾਂ 'ਤੇ ਪੱਟੀ ਬੰਨ੍ਹ ਕੇ ਤੁਹਾਨੂੰ 'ਅਸਮਾਨ ਦਾ ਰਾਜਾ' ਦੱਸ ਰਹੇ ਨੇ, ਉਹ ਅਸਲ ਵਿਚ ਤੁਹਾਨੂੰ ਉਸ ਪੈਰਾਸ਼ੂਟ 'ਤੇ ਬਿਠਾ ਰਹੇ ਨੇ ਜਿਸ ਵਿਚ ਪਹਿਲਾਂ ਹੀ ਸੈਂਕੜੇ ਮੋਰੀਆਂ ਹਨ। ਜਦੋਂ ਹਵਾ ਨਿਕਲੀ, ਤਾਂ ਪੰਪ ਮਾਰਨ ਵਾਲੇ ਤਾਂ ਨਵੀਂ ਸਾਈਕਲ ਲੱਭ ਲੈਣਗੇ, ਪਰ ਤੁਸੀਂ ਸਿੱਧੇ ਖੱਡੇ ਵਿਚ ਡਿੱਗੋਗੇ। ਅੱਜਕੱਲ੍ਹ ਪੰਪਾਂ ਤੋਂ ਬਚਣ ਦੀ ਜ਼ਿਆਦਾ ਲੋੜ ਹੈ। ਜੇ ਕੋਈ ਬਹੁਤੀ ਤਾਰੀਫ਼ ਕਰੇ, ਤਾਂ ਆਪੇ ਸਮਝ ਲਓ।
-ਸੁਖਵਿੰਦਰ ਸਾਕਾ
ਨੰਗਲ ਡੈਮ, ਰੂਪਨਗਰ
ਯਾਦ ਅਤੇ ਕੰਪਿਊਟਰ
ਮਨੁੱਖੀ ਯਾਦ ਦੀ ਕਾਰਜ ਵਿਧੀ ਕੰਪਿਊਟਰ ਵਾਂਗ ਕੰਮ ਕਰਦੀ ਹੈ। ਮਨੁੱਖੀ ਯਾਦ ਅਤੇ ਕੰਪਿਊਟਰ ਦੋਵਾਂ ਵਿਚ ਪਹਿਲਾ ਸੂਚਨਾ ਸੰਕੇਤਨ, ਫਿਰ ਸੂਚਨਾ ਭੰਡਾਰਨ ਅਤੇ ਤੀਜੇ ਨੰਬਰ 'ਤੇ ਸੂਚਨਾ ਨੂੰ ਲੋੜ ਅਨੁਸਾਰ ਪਰਿਵਰਤਨ ਕੀਤਾ ਜਾਂਦਾ ਹੈ। ਕੰਪਿਊਟਰ ਵਾਂਗ ਸਾਡੇ ਦਿਮਾਗ ਵਿਚ ਸਥਾਈ ਅਤੇ ਅਸਥਾਈ ਯਾਦਾਂ ਹੁੰਦੀਆਂ ਹਨ। ਕੰਪਿਊਟਰ ਵਿਚ ਹਾਰਡ ਡਿਸਕ ਅਤੇ ਬੇਤਰਤੀਬ ਸਿੱਖਿਆ ਯਾਦ ਪਾਈ ਜਾਂਦੀ ਹੈ। ਕੰਪਿਊਟਰ ਆਦੇਸ਼ ਦੇ ਅਨੁਸਾਰ ਸੂਚਨਾ ਵਿਚ ਫੇਰਬਦਲ ਕਰਕੇ ਸਕ੍ਰੀਨ ਉੱਤੇ ਦਿਖਾਉਂਦਾ ਹੈ। ਇਸੇ ਤਰ੍ਹਾਂ ਹੀ ਮਨੁੱਖ ਵੀ ਸੂਚਨਾ ਪ੍ਰਾਪਤ ਕਰਦਾ ਹੈ, ਉਨ੍ਹਾਂ ਨੂੰ ਇਕੱਠਾ ਕਰਦਾ ਹੈ ਅਤੇ ਫਿਰ ਲੋੜ ਅਨੁਸਾਰ ਸੂਚਨਾ ਵਿਚ ਫੇਰਬਦਲ ਕਰਦਾ ਹੈ। ਅਜੋਕੀ ਮਨੋਵਿਗਿਆਨ ਖੋਜ ਅਨੁਸਾਰ ਕੰਪਿਊਟਰ ਰੂਪੀ ਯਾਦ ਦੇ ਤਿੰਨ ਮੁੱਖ ਅੰਗ ਹਨ, ਪਹਿਲਾ ਅੰਗ ਸੰਵੇਦਨਿਕ ਸੂਚੀ, ਦੂਜਾ ਅੰਗ ਅਲਪ ਯਾਦ ਭੰਡਾਰ ਅਤੇ ਤੀਜਾ ਅੰਗ ਦੀਰਘ ਯਾਦ ਭੰਡਾਰ ਹੁੰਦੇ ਹਨ। ਸੰਵੇਦਨਿਕ ਸੂਚੀ ਵਿਚ ਨਿਵੇਸ਼ ਦੇ ਰੂਪ ਵਿਚ ਵਾਤਾਵਰਣ ਤੋਂ ਸੂਚਨਾਵਾਂ ਪ੍ਰਾਪਤ ਕੀਤੀਆਂ ਜਾਂਦੀਆਂ ਹਨ। ਸੰਵੇਦਨਿਕ ਰਜਿਸਟਰ ਵਿਚ ਸੂਚਨਾਵਾਂ ਕੁਝ ਸੈਕਿੰਡਾਂ ਲਈ ਹੀ ਟਿਕਦੀਆਂ ਹਨ, ਇਸ ਤੋਂ ਬਾਅਦ ਸੂਚਨਾਵਾਂ ਅਲਪਕਾਲੀਨ ਯਾਦ ਭੰਡਾਰ ਵਿਚ ਪਹੁੰਚ ਜਾਂਦੀਆਂ ਹਨ। ਇੱਥੇ ਸੂਚਨਾਵਾਂ ਬਾਰੇ ਵਿਚਾਰ, ਕਲਪਨਾ ਕੀਤੀ ਜਾਂਦੀ ਹੈ। ਲਗਭਗ ਅੱਧੇ ਘੰਟੇ ਤੋਂ ਬਾਅਦ ਇਹ ਸੂਚਨਾਵਾਂ ਦੀਰਘਕਾਲੀਨ ਯਾਦ ਭੰਡਾਰ ਵਿਚ ਚਲੇ ਜਾਂਦੀਆਂ ਹਨ। ਇਥੇ ਸੂਚਨਾਵਾਂ ਕਈ ਦਿਨਾਂ, ਮਹੀਨੇ ਅਤੇ ਸਾਲਾਂ ਤੱਕ ਸੁਰੱਖਿਅਤ ਰਹਿੰਦੀਆਂ ਹਨ। ਲੋੜ ਅਨੁਸਾਰ ਇਨ੍ਹਾਂ ਦੀ ਵਰਤੋਂ ਵੀ ਕੀਤੀ ਜਾਂਦੀ ਹੈ।
-ਮਨੋਵਿਗਿਆਨਕ ਪ੍ਰਯੋਗਸ਼ਾਲਾ,
ਪਿੰਡ ਨੌਨੀਤਪੁਰ, ਹੁਸ਼ਿਆਰਪੁਰ।