07-06-26
ਸਿੱਖ ਰਾਜ ਦੇ ਆਖ਼ਰੀ ਥੰਮ੍ਹ
ਸਰਦਾਰ ਸਾਮ ਸਿੰਘ ਅਟਾਰੀਵਾਲਾ
ਲੇਖਿਕਾ : ਡਾ. ਕੁਲਵਿੰਦਰ ਕੌਰ ਮਿਨਹਾਸ
ਪ੍ਰਕਾਸ਼ਕ : ਲਾਹੌਰ ਬੁੱਕ ਸ਼ਾਪ ਲੁਧਿਆਣਾ
ਮੁੱਲ : 300 ਰੁਪਏ, ਸਫ਼ੇ : 143
ਸੰਪਰਕ : 98141-45047

ਹਥਲੀ ਪੁਸਤਕ ਪੰਜਾਬ ਦੇ ਇਤਿਹਾਸ ਦੇ ਸਿਰਜਕਾਂ ਦੇ ਸਿਰਮੌਰ ਜਰਨੈਲ ਸ਼ਾਮ ਸਿੰਘ ਅਟਾਰੀਵਾਲਾ ਦੀ ਅਦੁੱਤੀ ਸ਼ਖ਼ਸੀਅਤ ਅਤੇ ਉਸ ਦੀ ਕੁਰਬਾਨੀਆਂ ਭਰੀ ਜੀਵਨੀ ਦਾ ਬਿਰਤਾਂਤ ਹੈ। ਡਾ. ਕੁਲਵਿੰਦਰ ਕੌਰ ਮਿਨਹਾਸ ਜਿਹੜੀ ਕਿ ਪੰਜਾਬੀ ਸਾਹਿਤ ਦੀਆਂ ਵੱਖ-ਵੱਖ ਵਿਧਾਵਾਂ ਦੀ ਮੌਲਿਕ ਸਿਰਜਣਾ ਨਾਲ ਪੁਖ਼ਤਾ ਸੇਵਾ ਨਿਭਾ ਰਹੀ ਹੈ, ਨੇ ਆਪਣੀਆਂ ਹੋਰ ਰਚਨਾਵਾਂ ਵਾਂਗ ਇਸ ਰਚਨਾ ਨੂੰ 16 ਕਾਂਡਾਂ ਵਿਚ ਵੰਡ ਕੇ ਪੇਸ਼ ਕੀਤਾ ਹੈ। ਸਰਦਾਰ ਸ਼ਾਮ ਸਿੰਘ ਅਟਾਰੀਵਾਲਾ ਕੋਈ ਸਾਧਾਰਨ ਵਿਅਕਤੀ ਨਹੀਂ ਸੀ। ਉਸ ਨੇ ਆਪ ਤਾਂ ਸ਼ਹਾਦਤ ਪਾਈ ਪਰ ਆਪਣੀ ਸ਼ਹਾਦਤ ਤੋਂ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਦੇ ਸਿੱਖ ਰਾਜ ਨੂੰ ਸਥਾਪਿਤ ਕਰਨ ਵਿਚ ਆਪਣੇ ਪਿਆਰੇ ਪੁੱਤਰ ਠਾਕੁਰ ਸਿੰਘ ਅਤੇ ਜਵਾਈ ਦੀ ਸ਼ਹੀਦੀ ਨੂੰ ਵੀ ਜਰਿਆ। ਲੇਖਿਕਾ ਨੇ ਬੜੇ ਵਿਧੀ-ਵੱਤ ਤਰੀਕੇ ਨਾਲ ਸਰਦਾਰ ਸ਼ਾਮ ਸਿੰਘ ਅਟਾਰੀਵਾਲੇ ਦਾ ਵਿਰਸਾ, ਉਸ ਦਾ ਜਨਮ ਅਤੇ ਸ਼ਖ਼ਸੀਅਤ, ਮੁਲਤਾਨ ਦੀ ਲੜਾਈ ਵਿਚ ਉਸ ਦਾ ਯੋਗਦਾਨ, ਪਿਸ਼ਾਵਰ ਦੀ ਜੰਗ ਅਤੇ ਕੱਟਕ 'ਤੇ ਚੜ੍ਹਾਈ ਨਹੀਂ ਬਾਖ਼ੂਬੀ ਚਿਤਰਿਆ ਹੈ। ਸੱਯਦ ਅਹਿਮਦ ਬਰੇਵਲੀ ਨਾਲ ਲੜਾਈ ਅਤੇ ਅਲੈਗਜੈਂਡਰ ਬਰਨਜ਼ ਦਾ ਸੁਆਗਤ ਕਾਂਡ ਕਾਵਿਕ-ਜੁਗਤਾਂ ਨਾਲ ਵੀ ਉਭਾਰੇ ਗਏ ਹਨ। ਇਸੇ ਸਿਲਸਿਲੇ ਵਿਚ ਅਟਾਰੀਵਾਲਾ ਦਾ ਜੋ ਯੋਗਦਾਨ ਸੰਘੜ ਡੇਰਾ ਗਾਜ਼ੀ ਖਾਨ ਤੇ ਬੰਨੂ ਦੀ ਮੁਹਿੰਮ ਵਿਚ ਰਿਹਾ ਅਤੇ ਮਹਾਰਾਜੇ ਨਾਲ ਕੁੜਮਾਚਾਰੀ ਨਿਭਾਈ ਦਾ ਵੀ ਜ਼ਿਕਰ ਬੜਾ ਰੋਚਕ ਹੈ। ਲੇਖਿਕਾ ਦੀ ਹੋਰ ਪ੍ਰਾਪਤੀ ਇਹ ਹੈ ਕਿ ਉਸ ਨੇ ਅਟਾਰੀਵਾਲਾ ਦੇ ਉੱਪਰ ਜਦੋਂ ਦੁੱਖਾਂ ਦੇ ਪਹਾੜ ਡਿਗਦੇ ਹਨ, ਦਾ ਵਰਣਨ ਜਾਂ ਡੋਗਰਿਆਂ ਨਾਲ ਜੋ ਨਾਤੇ ਸੰਬੰਧ ਬਣੇ ਉਨ੍ਹਾਂ ਦਾ ਵੀ ਵਿਵਰਣ ਹੈ। ਕਾਵਿਕ ਅਤੇ ਵਾਰਤਕ ਰੂਪਾਂ ਵਿਚ ਅਟਾਰੀਵਾਲਾ ਦੀ ਗੈਰਤ ਅਤੇ ਸ਼ਹੀਦੀ ਦਾ ਵਿਵਰਣ ਠੋਸ ਆਧਾਰਾਂ 'ਤੇ ਦਿੱਤਾ ਹੈ। ਇਸ ਤਰ੍ਹਾਂ ਇਹ ਪੁਸਤਕ ਲੇਖਿਕਾ ਦੀ ਬਹੁਪਰਤੀ ਸਾਹਿਤਕ ਪ੍ਰਤਿਭਾ ਦੀ ਪਛਾਣ ਬਣਦੀ ਹੈ। ਲੇਖਿਕਾ ਦੀ ਪੁਖਤੀ ਦਾ ਪਤਾ ਉਦੋਂ ਵੀ ਲਗਦਾ ਹੈ ਜਦੋਂ ਇਹ ਖ਼ੁਦ ਅਟਾਰੀਵਾਲਾ ਦੇ ਨਾਲ ਸੰਬੰਧਿਤ ਸਥਾਨਾਂ 'ਤੇ ਯਾਤਰਾ ਕਰਦੀ ਹੈ ਅਤੇ ਆਪਣੇ ਤੀਖਣ ਅਨੁਭਵਾਂ ਨੂੰ ਸਮੂਰਤ ਕਰਦੀ ਹੈ। ਪੁਸਤਕ ਵਿਚ ਸ਼ਾਮਿਲ ਕੀਤੀਆਂ ਤਸਵੀਰਾਂ ਇਸ ਗੱਲ ਦੀ ਸਾਖੀ ਹਨ ਕਿ ਲੇਖਿਕਾ ਨੇ ਦਸਤਾਵੇਜ਼ੀ ਸਰੋਤਾਂ ਨੂੰ ਹੀ ਆਧਾਰ ਨਹੀਂ ਬਣਾਇਆ, ਸਗੋਂ ਖੇਤਰੀ ਖੋਜ ਵਿਧੀ ਨੂੰ ਵੀ ਅਪਣਾਇਆ ਹੈ।
-ਡਾ. ਜਗੀਰ ਸਿੰਘ ਨੂਰ
ਮੋਬਾਈਲ : 98142-09732
ਕਿਰਦਾਰ
ਲੇਖਿਕਾ : ਉਪਮਾ ਡਾਗਾ ਪਾਰਥ
ਪ੍ਰਕਾਸ਼ਕ : ਨਵਯੁੱਗ ਪਬਲਿਸ਼ਰਜ਼, ਨਵੀਂ ਦਿੱਲੀ
ਮੁੱਲ :200 ਰੁਪਏ, ਸਫ਼ੇ : 106
ਸੰਪਰਕ : 011-26802488

'ਕਿਰਦਾਰ' ਨਵੀਂ ਪੰਜਾਬੀ ਕਹਾਣੀਕਾਰਾ ਉਪਮਾ ਡਾਗਾ ਪਾਰਥ ਦੀ ਪੰਜਾਬੀ ਵਿਚ ਲਿਖੀ ਗਈ ਇਹ ਪਲੇਠੀ ਪੁਸਤਕ ਹੈ। ਇਸ ਤੋਂ ਪਹਿਲਾਂ ਉਸ ਦੀ ਹਿੰਦੀ ਕਹਾਣੀਆਂ ਦੀ ਇੱਕ ਪੁਸਤਕ 'ਮੁਰਕੀਆਂ' ਸਿਰਲੇਖ ਅਧੀਨ ਛਪ ਚੁੱਕੀ ਹੈ। ਪੰਜਾਬੀ ਵਿਚ ਛਪੀ ਇਸ ਪੁਸਤਕ ਵਿਚ ਉਸ ਦੀਆਂ ਬਾਈ ਕਹਾਣੀਆਂ ਸ਼ਾਮਿਲ ਹਨ। 'ਮਾਂ ਨੂੰ ਸਮਰਪਿਤ' ਕੀਤੀ ਗਈ ਇਸ ਪੁਸਤਕ ਦੀਆਂ ਕਹਾਣੀਆਂ ਵਿਚੀਂ ਗੁਜ਼ਰਦਿਆਂ ਨਵੀਂ ਪੰਜਾਬੀ ਕਹਾਣੀ ਦੇ ਨਵੇਂ ਅੰਦਾਜ਼ ਉੱਭਰਦੇ ਦਿਸਦੇ ਹਨ। ਬੇਲੋੜੇ ਵਿਸਥਾਰ ਤੋਂ ਬਚਦੀਆਂ ਇਨ੍ਹਾਂ ਲਿਖਤਾਂ ਵਿਚ ਰਚਨਾਕਾਰ ਅਤੇ ਰਚਨਾ ਇੱਕ-ਦੂਜੇ ਵਿਚ ਇਸ ਕਦਰ ਅਭੇਦ ਹੋਏ ਪਏ ਹਨ ਕਿ ਪਾਠਕ ਲਈ ਕਥਾ ਅਤੇ ਕਥਾਨਕ ਨੂੰ ਨਿਖੇੜਨਾ ਮੁਸ਼ਕਿਲ ਹੋ ਰਿਹਾ ਹੈ। ਆਪਣੇ ਆਲੇ-ਦੁਆਲੇ ਵਾਪਰ ਰਹੀਆਂ ਰੋਜ਼ਮਰ੍ਹਾ ਦੀਆਂ ਘਟਨਾਵਾਂ ਦੀ ਇਸ ਸਹਿਜ ਸੁਭਾਅ ਪੇਸ਼ਕਾਰੀ ਵਿਚ ਕੋਈ ਉਚੇਚ ਨਹੀਂ ਹੈ। ਕਿਸੇ ਉਚੇਚ ਦਾ ਗ਼ੈਰ-ਹਾਜ਼ਰ ਹੋਣਾ ਹੀ, ਇਨ੍ਹਾਂ ਕਹਾਣੀਆਂ ਨੂੰ ਲੇਖਕ ਦੀਆਂ ਕਹਾਣੀਆਂ ਤੋਂ ਵਿਛੁੰਨ ਕੇ ਪਾਠਕ ਦੀਆਂ ਕਹਾਣੀਆਂ ਬਣਾ ਦਿੰਦਾ ਹੈ। ਇਸ ਵਿਸ਼ੇਸ਼ਤਾ ਕਰਕੇ ਹੀ, ਇਹ ਕਹਾਣੀਆਂ ਗਲਪੀ-ਚੇਤਨਾ ਦੇ ਨਵੇਂ ਆਯਾਮ ਸਿਰਜਦੀਆਂ ਹੋਈਆਂ ਪ੍ਰਤੀਤ ਹੋਣ ਦੇ ਨਾਲ-ਨਾਲ ਪੜ੍ਹਨਯੋਗਤਾ ਦੇ ਗਹਿਰੇ ਗੁਣਾਂ ਅਤੇ ਕਹਾਣੀ-ਰਸ ਦੀ ਗਤੀਸ਼ੀਲਤਾ ਨਾਲ ਵੀ ਭਰਪੂਰ ਦਿਸਦੀਆਂ ਹਨ।
'ਮਿੱਟੀ ਦਾ ਵਿਛੋੜਾ', 'ਕੁੜੀਆਂ ਵਾਲਾ ਘਰ', 'ਪਰਿਕਰਮਾ', 'ਕਿਰਦਾਰ', ਅਤੇ 'ਮੋਹ ਦੀਆਂ ਤੰਦਾਂ', ਇਸ ਕਿਤਾਬ ਦੇ ਹਾਸਿਲ ਕਹੇ ਜਾ ਸਕਦੇ ਹਨ। ਇਨ੍ਹਾਂ ਕਹਾਣੀਆਂ ਵਿਚ ਘਟਨਾਵਾਂ ਦੇ ਵਰਨਣ ਕਰਦੀ ਲੇਖਿਕਾ ਦੀ ਬਿਰਤਾਂਤਕਾਰੀ ਵਸਤਾਂ ਨੂੰ ਵੀ ਕਿਰਦਾਰਾਂ ਵਾਂਗ ਸਥਾਪਿਤ ਕਰ ਲੈਂਦੀ ਹੈ। 'ਸ਼ੀਸ਼ਾ', 'ਕਮਰਾ', 'ਘਰ', 'ਗੇਟ', 'ਸਾਈਕਲ', 'ਪੇਟੀ',ਆਦਿ ਅਜਿਹੀਆਂ ਵਸਤਾਂ ਹਨ, ਜੋ ਸਥਿਤੀ ਦੇ ਬੋਧ ਨੂੰ ਜੀਵੰਤ ਕਿਰਦਾਰਾਂ ਵਾਂਗ ਹੀ ਉਜਾਗਰ ਕਰਦੀਆਂ ਦਿਸਦੀਆਂ ਹਨ।
-'ਉਸ ਕਮਰੇ ਨੂੰ ਆਦਤ ਸੀ ਉਹਨਾਂ ਦੀ ਆਵਾਜ਼ ਦੀ, ਹਾਸਿਆਂ ਦੀ, ਤੇ ਝਿੜਕਾਂ ਦੀ ਵੀ।' (ਪੰਨਾ 15 )
-'ਇੱਕ ਪੂਰਾ ਸੰਸਾਰ ਸੀ ਉਸ ਪੇਟੀ ਵਿਚ ਬਿਲਕੁਲ ਸਾਡੇ ਮਨਾਂ ਵਾਂਗ। ਮਨ ਅੰਦਰ ਵੀ ਕਈ ਅਜਿਹੇ ਅਹਿਸਾਸ ਹੁੰਦੇ ਹਨ ਕਿ ਜਿਨ੍ਹਾਂ ਨੂੰ ਅਸੀਂ ਕਦੇ ਹੀ ਧੁੱਪ ਲਵਾਉਂਦੇ ਹਾਂ'। (ਪੰਨਾ 14 )
-'ਇਹ ਭੇਦ ਤਾਂ ਕੁੜੀਆਂ ਵਾਲੇ ਘਰ ਦੀਆਂ ਕੰਧਾਂ ਹੀ ਜਾਣਦੀਆਂ ਸਨ'।
(ਪੰਨਾ-24)
-'ਇਹ ਲੱਕੜ ਦੀ ਨਹੀਂ ਸੱਧਰਾਂ ਦੀ ਸੰਦੂਕੜੀ ਸੀ' (ਪੰਨਾ 76)
-'ਉਹਦੀਆਂ ਝਾਂਜਰਾਂ ਰੌਲਾ ਪਾ ਕੇ ਉਸਦਾ ਪਤਾ ਦੱਸ ਦਿੰਦੀਆਂ', (ਪੰਨਾ-79)
ਵਸਤਾਂ ਵਿਚ ਧੜਕਦੀ ਜ਼ਿੰਦਗੀ ਨੂੰ ਸ਼ਬਦਾਂ ਅਤੇ ਸੰਕਲਪਾਂ ਰਾਹੀਂ ਸੰਦੇਸ਼ਾਂ ਤੱਕ ਵਿਸਥਾਰ ਲੈਣਾ ਇਸ ਲੇਖਿਕਾ ਨੂੰ ਆਉਂਦਾ ਹੈ। ਨਸੀਹਤਾਂ ਭਰੀ ਸੰਖੇਪਤਾ ਨਾਲ ਸ਼ਬਦ ਸ਼ਬਦ ਉੱਸਰ ਰਹੀਆਂ ਇਹ ਕਹਾਣੀਆਂ ਉਦੋਂ ਸਾਹਿਤ-ਬੋਧ ਦੇ ਸਦੀਵੀ ਸੱਚ ਦੀ ਸਿਰਜਣਾ ਕਰਨ ਵੱਲ ਅਗਰਸਰ ਪ੍ਰਤੀਤ ਹੁੰਦੀਆਂ ਹਨ, ਜਦੋਂ ਕਹਾਣੀਆਂ ਦੀ ਤੋਰ ਦੇ ਆਰ ਪਾਰ ਫੈਲੇ ਲੇਖਿਕਾ ਦੇ ਪ੍ਰਵਚਨ ਅਟੱਲ ਸਚਾਈਆਂ ਵਾਂਗ ਰੂਪਮਾਨ ਹੁੰਦੇ ਦਿਸਦੇ ਹਨ।
-'ਜ਼ਿੰਦਗੀ ਦੇ ਮੰਚ 'ਤੇ ਕੋਈ ਸਿਰਫ਼ ਨਾਇਕ ਜਾਂ ਖਲਦਾਇਕ ਨਹੀਂ ਰਹਿ ਸਕਦਾ, ਹਰ ਕੋਈ ਸਮੇਂ ਸਮੇਂ ਸਿਰ ਇਹ ਦੋਵੇਂ ਕਿਰਦਾਰ ਨਿਭਾਉਂਦਾ ਹੋਵੇਗਾ'।
(ਪੰਨਾ 56)
-'ਕਈ ਵਾਰੀ ਧੜਕਣਾਂ ਇਹ ਅਹਿਸਾਸ ਦਿਵਾਉਣ ਲਈ ਕਾਫ਼ੀ ਹੁੰਦੀਆਂ ਹਨ ਕਿ ਸਰੀਰ ਦੇ ਇਕ ਕੋਨੇ ਵਿਚ ਪਏ ਇਸ ਦਿਲ 'ਚ ਜਜ਼ਬਾਤ ਹਾਲਾਂ ਵੀ ਰਹਿੰਦੇ ਹਨ।' (ਪੰਨਾ 51)
-'ਕੁਝ ਭਾਵਨਾਵਾਂ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਦੀ ਸਾਂਝ ਸਾਡੀ ਰੂਹ ਨਾਲ ਧੁਰ ਤੱਕ ਜੁੜੀ ਹੁੰਦੀ ਹੈ।....... ਉਨ੍ਹਾਂ ਦੀ ਯਾਦ ਜਾਂ ਕੀਤੀ ਜ਼ਿਆਰਤ ਨਾਲ ਸਾਡੀਆਂ ਅੱਖਾਂ ਨਮ ਹੋ ਜਾਂਦੀਆਂ ਹਨ, ਬੁੱਲ੍ਹ ਥਿਰਕਣ ਲਗਦੇ ਹਨ।' (ਪੰਨਾ-13)
-'ਔਖੇ ਵੇਲੇ ਦੀਆਂ ਹਵਾਵਾਂ ਕਦੇ ਕਦੇ ਹੰਝੂਆਂ ਨੂੰ ਵੀ ਖੁਸ਼ਕ ਕਰ ਦਿੰਦੀਆਂ ਹਨ।' (ਪੰਨਾ-105)
ਇਨ੍ਹਾਂ ਕਹਾਣੀਆਂ ਦੀ ਗੁਣਵੱਤਾ ਦੀ ਪੁਸ਼ਟੀ ਹਿਤ ਇਸ ਕਿਤਾਬ ਦੇ ਆਰੰਭ ਵਿਚ ਲਿਖੇ ਗਏ ਡਾਕਟਰ ਬਰਜਿੰਦਰ ਸਿੰਘ ਹਮਦਰਦ ਦੇ ਸ਼ਬਦਾਂ ਨੂੰ ਇਥੇ ਅੰਕਿਤ ਕਰ ਰਿਹਾ ਹਾਂ:-
ਇਨ੍ਹਾਂ ਕਹਾਣੀਆਂ ਵਿਚ ਉਪਮਾ ਦੇ 'ਬਚਪਨ ਦੀਆਂ ਯਾਦਾਂ ਧੜਕਦੀਆਂ ਹਨ। ਰਿਸ਼ਤਿਆਂ ਦੀ ਭਾਵੁਕਤਾ ਵੀ ਉਜਾਗਰ ਹੁੰਦੀ ਹੈ ਤੇ ਮਨੁੱਖੀ ਰਿਸ਼ਤਿਆਂ 'ਚ ਮੋਹ ਦੀਆਂ ਤੰਦਾਂ ਵੀ ਅਕਸਰ ਉੱਭਰਦੀਆਂ ਹਨ। ਇਨ੍ਹਾਂ ਵਿਚ ਪੁਰਾਣੀਆਂ ਯਾਦਾਂ ਦੀ ਖ਼ੁਸ਼ਬੂ ਵੀ ਹੈ, ਵਿਛੋੜੇ ਦਾ ਦਰਦ ਵੀ ਹੈ, ਲੋੜ 'ਤੇ ਮਜਬੂਰੀ ਵੱਸ ਆਪਣੇ ਪਿਛਲੇ ਰੈਣ ਬਸੇਰਿਆਂ ਨੂੰ ਛੱਡ ਦੇਣ ਦੀ ਚੀਸ ਵੀ ਹੈ।'
(ਪੰਨਾ 12)
ਸਿਆਣਪਾਂ ਦੇ ਸ਼ਬਦਾਂ ਅਤੇ ਸ਼ਬਦਾਂ ਦੀਆਂ ਸਿਆਣਪਾਂ ਨਾਲ ਸਜੇ ਹੋਏ ਅਨੇਕਾਂ ਵਾਕੰਸ਼, ਇਨ੍ਹਾਂ ਕਹਾਣੀਆਂ ਦੀ ਆਭਾ ਨੂੰ ਲਿਸ਼ਕਾਉਂਦੇ ਨਜ਼ਰ ਆਉਂਦੇ ਹੋਏ, ਰਵਾਇਤੀ ਕਹਾਣੀ-ਕਲਾ ਦਾ ਭੰਜਨ ਕਰਦੇ ਪ੍ਰਤੀਤ ਹੁੰਦੇ ਹਨ।
ਇਸ ਨਿਵੇਕਲੀ ਲੇਖਿਕਾ ਤੋਂ ਭਵਿੱਖ ਵਿਚ ਹੋਰ ਖ਼ੂਬਸੂਰਤ ਕਹਾਣੀਆਂ ਲਿਖਣ ਦੀ ਕਾਮਨਾ ਕਰਦਾ ਹੋਇਆ ਇਸ ਕਿਤਾਬ ਦਾ ਭਰਪੂਰ ਸਵਾਗਤ ਕਰਦਾ ਹਾਂ।
-ਡਾ. ਲਖਵਿੰਦਰ ਸਿੰਘ ਜੌਹਲ
ਮੋਬਾਈਲ : 94171-94812
ਆਓ ਸਕੂਲ ਚੱਲੀਏ
ਲੇਖਕ : ਬੇਅੰਤ ਸਿੰਘ ਮਲੂਕਾ
ਪ੍ਰਕਾਸ਼ਕ : ਗੋਰਕੀ ਪ੍ਰਕਾਸ਼ਨ, ਲੁਧਿਆਣਾ
ਮੁੁੱਲ : 150 ਰੁਪਏ, ਸਫ਼ੇ : 88
ਸੰਪਰਕ : 98720-89538

'ਆਓ ਸਕੂਲ ਚੱਲੀਏ' ਬੇਅੰਤ ਸਿੰਘ ਮਲੂਕਾ (ਸਟੇਟ ਐਵਾਰਡੀ) ਦਾ ਨਵ-ਪ੍ਰਕਾਸ਼ਿਤ ਲੇਖ-ਸੰਗ੍ਰਹਿ ਹੈ, ਜੋ ਬਾਲ ਸਾਹਿਤ ਦੀ ਕੋਟੀ ਵਿਚ ਆਉਂਦਾ ਹੈ। ਲੇਖਕ ਨੇ ਇਸ ਪੁਸਤਕ ਵਿਚ ਕੁੱਲ 22 ਸੰਖਿਪਤ ਮਜ਼ਮੂਨਾਂ ਦੀ ਸਿਰਜਣਾ ਕੀਤੀ ਹੈ, ਜਿਨ੍ਹਾਂ ਦਾ ਕੇਂਦਰ-ਬਿੰਦੂ ਬੱਚਾ ਹੈ। ਇਨ੍ਹਾਂ ਮਜ਼ਮੂਨਾਂ ਦੇ ਮਾਧਿਅਮ ਦੁਆਰਾ ਲੇਖਕ ਬੱਚੇ ਨੂੰ ਅਜਿਹੇ ਆਦਰਸ਼ਕ ਮਾਡਲ ਵਜੋਂ ਦੇਖਣ ਦਾ ਲੋਚਕ ਹੈ ਜੋ ਨੈਤਿਕ ਗੁਣਾਂ ਨਾਲ ਸੰਪੰਨ ਹੋਵੇ ਅਤੇ ਇਕ ਜ਼ਿੰਮੇਵਾਰ ਨਾਗਰਿਕ ਬਣ ਕੇ ਦੇਸ਼ ਦੀ ਵਾਗਡੋਰ ਸੰਭਾਲ ਸਕੇ। ਲੇਖਕ ਦਾ ਮਤ ਹੈ ਕਿ ਬੱਚਾ ਕਿਉਂਕਿ ਗਿੱਲੀ ਮਿੱਟੀ ਦੇ ਸਮਾਨ ਹੁੰਦਾ ਹੈ, ਇਸ ਲਈ ਛੋਟੀ ਉਮਰ ਵਿਚ ਉਸ ਨੂੰ ਸਮਾਜਿਕ ਜੀਵਨ-ਮੁੱਲਾਂ ਦੇ ਮਹੱਤਵ ਬਾਰੇ ਸਿੱਖਿਅਤ ਕਰਨਾ ਜ਼ਰੂਰੀ ਹੈ।
ਲੇਖਕ ਇਨ੍ਹਾਂ ਮਜ਼ਮੂਨਾਂ ਵਿਚ ਇਕ ਪਾਸੇ ਬੱਚਿਆਂ ਨੂੰ ਸੰਬੋਧਨੀ ਸ਼ੈਲੀ ਵਿਚ ਮੁਖ਼ਾਤਿਬ ਹੁੰਦਾ ਹੋਇਆ ਮਿਆਰੀ ਸਿੱਖਿਆ, ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਨਾਲ ਜੁੜਨ ਦੀ ਪ੍ਰੇਰਨਾ ਦਿੰਦਾ ਹੈ ਤਾਂ ਜੋ ਉਹ ਵੱਡੇ ਹੋ ਕੇ ਜੀਵਨ ਦੇ ਗੰਭੀਰ ਮਸਲਿਆਂ ਅਤੇ ਚੁਣੌਤੀਆਂ ਦਾ ਚੰਗੇਰੇ ਢੰਗ ਨਾਲ ਹੱਲ ਕਰਨ ਦੇ ਸਮਰੱਥ ਹੋ ਸਕਣ। ਦੂਜੇ ਪਾਸੇ ਲੇਖਕ ਮਾਪਿਆਂ ਅਤੇ ਅਧਿਆਪਕਾਂ ਨੂੰ ਵੀ ਬਾਲ ਸ਼ਖ਼ਸੀਅਤ ਦੇ ਚਹੁਮੁਖੀ ਵਿਕਾਸ ਲਈ ਉਸਾਰੂ ਵਾਤਾਵਰਨ ਸਿਰਜਣ ਦੀ ਪ੍ਰੇਰਨਾ ਵੀ ਦਿੰਦਾ ਹੈ ਤਾਂ ਜੋ ਹਰ ਬੱਚੇ ਨੂੰ ਉਸ ਦੇ ਬਣਦੇ ਅਧਿਕਾਰਾਂ ਦੀ ਪ੍ਰਾਪਤੀ ਹੋ ਸਕੇ ਅਤੇ ਉਹ ਮਨਇੱਛਤ ਖੇਤਰ ਵਿਚ ਉਪਲਬਧੀ ਹਾਸਿਲ ਕਰ ਸਕੇ। ਇਸ ਪ੍ਰਕਾਰ ਲਗਭਗ ਹਰ ਮਜ਼ਮੂਨ ਵਿਚ ਇਕ ਸਾਰਥਿਕ ਸੁਨੇਹਾ ਸਮੋਇਆ ਹੋਇਆ ਹਾਂ। ਕਿਤੇ ਕਿਤੇ ਵਾਕ-ਦੁਹਰਾਅ ਜ਼ਰੂਰ ਅੱਖਰਦਾ ਹੈ ਜਿਵੇਂ 'ਇਕ ਕਹਾਵਤ ਹੈ ਕਿ ਅੱਜ ਦੇ ਬੱਚੇ ਕੱਲ੍ਹ ਦਾ ਭਵਿੱਖ ਹੁੰਦੇ ਹਨ' (ਬੱਚਿਆਂ ਨੂੰ ਬਣਾਓ-ਇਕ ਜ਼ਿੰਮੇਵਾਰ ਨਾਗਰਿਕ), 'ਬੱਚੇ ਸਮਾਜ ਦਾ ਭਵਿੱਖ ਹੁੰਦੇ ਹਨ' (ਆਓ ਬੱਚਿਆਂ ਨੂੰ ਨੈਤਿਕ ਗੁਣਾਂ ਦੇ ਧਾਰਨੀ ਬਣਾਈਏ) ਅਤੇ 'ਇਕ ਕਹਾਵਤ ਹੈ ਕਿ ਅੱਜ ਦੇ ਬੱਚੇ ਕੱਲ੍ਹ ਦਾ ਭਵਿੱਖ ਹੁੰਦੇ ਹਨ' (ਛੋਟੇ ਛੋਟੇ ਬਾਲਾਂ ਦਾ ਦਿਨ-ਬਾਲ ਦਿਵਸ) ਆਦਿ। ਇਹ ਮਜ਼ਮੂਨ ਬੱਚਿਆਂ ਦੇ ਮਨਾਂ ਵਿਚ ਆਪਣੀ ਮਾਤ ਭਾਸ਼ਾ, ਅਧਿਆਪਕਾਂ ਅਤੇ ਆਪਣੇ ਵੱਡੇ ਵਡੇਰਿਆਂ ਦਾ ਆਦਰ ਸਤਿਕਾਰ ਕਰਨ ਦੀ ਭਾਵਨਾ ਭਰਦੇ ਹਨ ਅਤੇ ਦੱਸਦੇ ਹਨ ਕਿ ਜੀਵਨ ਵਿਚ ਚੰਗੀ ਜੀਵਨ ਜਾਚ ਦੀ ਪੌੜੀ ਚੜ੍ਹ ਕੇ ਹੀ ਮੰਜ਼ਿਲ ਸਰ ਕੀਤੀ ਜਾ ਸਕਦੀ ਹੈ। ਅਨੁਸ਼ਾਸਨ ਪਸੰਦੀ ਅਤੇ ਖੇਡ-ਵਿਧੀਆਂ ਨਾਲ ਜੁੜਨ ਦੇ ਮੁੱਲਵਾਨ ਨੁਕਤੇ ਵੀ ਵੱਖ-ਵੱਖ ਮਜ਼ਮੂਨਾਂ ਵਿਚ ਸਾਂਝੇ ਕੀਤੇ ਗਏ ਹਨ। ਛਪਾਈ ਅਤੇ ਟਾਈਟਲ ਬਾਲ ਮਨਾਂ ਨੂੰ ਭਾਉਂਦੇ ਹਨ। ਦਲੀਲਮਈ ਢੰਗ ਨਾਲ ਬੱਚਿਆਂ ਦੇ ਚਰਿੱਤਰ-ਨਿਰਮਾਣ ਦੀ ਉਸਾਰੀ ਕਰਨ ਲਈ ਪ੍ਰੇਰਨਾ ਦੇਣ ਵਾਲੀ ਇਹ ਪੁਸਤਕ ਪੜ੍ਹਨਯੋਗ ਹੈ।
-ਦਰਸ਼ਨ ਸਿੰਘ 'ਆਸ਼ਟ' (ਡਾ.)
ਮੋਬਾਈਲ : 98144-23703
ਤੇਰੀ ਰਹਿਮਤ
ਸੰਪਾਦਕ: ਰਾਜਵਿੰਦਰ ਸਿੰਘ ਰਾਜ 'ਗੱਡੂ'
ਸਹਿ ਸੰਪਾਦਕਾ: ਬਲਜਿੰਦਰ ਕੌਰ ਸ਼ੇਰਗਿੱਲ
ਪ੍ਰਕਾਸ਼ਕ: ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ।
ਮੁੱਲ : 300 ਰੁਪਏ, ਸਫ਼ੇ : 164
ਸੰਪਰਕ : 98785-19278

'ਤੇਰੀ ਰਹਿਮਤ' ਸੱਠ ਕਵੀਆਂ ਦਾ ਸਾਂਝਾ ਕਾਵਿ ਸੰਗ੍ਰਹਿ ਹੈ, ਜਿਸ ਨੂੰ ਰਾਜਵਿੰਦਰ ਸਿੰਘ ਰਾਜ 'ਗੱਡੂ' ਅਤੇ ਬਲਜਿੰਦਰ ਕੌਰ ਸ਼ੇਰਗਿੱਲ ਨੇ ਸੰਪਾਦਿਤ ਕੀਤਾ ਹੈ। ਇਸ ਕਾਵਿ-ਸੰਗ੍ਰਹਿ ਵਿਚ ਕੁਦਰਤ, ਕਾਦਰ, ਮਾਨਵਤਾ ਅਤੇ ਅਜੋਕੇ ਦੌਰ ਦੇ ਰਿਸ਼ਤਿਆਂ ਵਿਚ ਆ ਰਹੀਆਂ ਤ੍ਰੇੜਾਂ ਅਤੇ ਨਿਘਾਰਾਂ ਨੂੰ ਵੱਖ-ਵੱਖ ਢੰਗਾਂ ਨਾਲ ਚਿਤਰਿਆ ਗਿਆ ਹੈ। ਇਸ ਤੋਂ ਇਲਾਵਾ ਉਸ ਅਕਾਲ ਪੁਰਖ ਦੀਆਂ ਰਹਿਮਤਾਂ, ਮਨੁੱਖਤਾ ਦੇ ਦਰਦ, ਵਿਛੋੜੇ, ਅਜੋਕੇ ਸਮੇਂ ਦੇ ਸਮਾਜ ਨੂੰ ਦਰਪੇਸ਼ ਸਮੱਸਿਆਵਾਂ, ਰਾਜਸੀ ਆਗੂਆਂ ਦੀਆਂ ਸਿਆਸੀ ਚਾਲਾਂ, ਅਨਿਆਂ, ਅਨੀਤੀਆਂ, ਆਰਥਿਕ ਤੰਗੀਆਂ-ਤੁਰਸ਼ੀਆਂ, ਪੰਜਾਬ ਦੀ ਹੋਣੀ, ਨੌਜਵਾਨਾਂ ਦਾ ਆਪਣੇ ਭਵਿੱਖ ਦੀ ਤਲਾਸ਼ ਲਈ ਵਿਦੇਸ਼ਾਂ ਵਿਚ ਜਾਣਾ, ਔਲਾਦ ਵਲੋਂ ਮਾਤਾ ਪਿਤਾ ਦੀਆਂ ਕੁਰਬਾਨੀਆਂ ਨੂੰ ਅੱਖੋਂ-ਪਰੋਖੇ ਕਰਕੇ ਉਨ੍ਹਾਂ ਨੂੰ ਘਰੋਂ ਬੇਘਰ ਕਰਨ ਦਾ ਵਧ ਰਿਹਾ ਰੁਝਾਨ, ਪਾਕ ਪਵਿੱਤਰ ਅਤੇ ਮੁਹੱਬਤੀ ਰਿਸ਼ਤਿਆਂ ਵਿਚ ਆ ਰਿਹਾ ਗੰਧਲਾਪਨ, ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਵਿਚ ਆ ਰਿਹਾ ਨਿਘਾਰ ਆਦਿ ਬਹੁਤ ਸਾਰੇ ਵਿਸ਼ਿਆਂ ਨੂੰ ਇਨ੍ਹਾਂ ਰਚਨਾਵਾਂ ਵਿਚ ਬੜੀ ਸ਼ਿੱਦਤ ਨਾਲ ਛੋਹਿਆ ਗਿਆ ਹੈ। ਕਵਿੱਤਰੀ ਨਿਰਮਲ ਕੌਰ ਕੋਟਲਾ ਨੇ ਸਦੀਆਂ ਪੁਰਾਣੀ ਇਸ ਰਵਾਇਤ ਨੂੰ ਤੋੜ ਕੇ ਗੁਰਬਾਣੀ ਅਨੁਸਾਰ ਚੱਲਣ ਦੀ ਗੱਲ ਕੀਤੀ ਹੈ-
'ਮੈਂ ਜਦ ਦੁਨੀਆ ਤੋਂ ਜਾਵਾਂ,
ਮੇਰੀ ਇੱਛਾ ਇਕ ਪੁਗਾਇਓ।
ਸਹੁਰੇ ਕੀਤੀ ਬਹੁਤ ਕਮਾਈ,
ਕੱਫ਼ਣ ਪੇਕਿਓਂ ਨਾ ਮੰਗਵਾਇਓ।
ਭੰਨਿਓਂ ਨਾ ਤੁਸੀਂ ਕੱਚਾ ਭਾਂਡਾ,
ਗੁਰਮਤਿ ਨੂੰ ਅਪਣਾਇਓ।'
ਅਸੀਂ ਜਾਣਦੇ ਹਾਂ ਕਿ ਧੀਆਂ ਨਾਲ ਹੀ ਘਰ ਵਿਚ ਰੌਣਕ ਹੁੰਦੀ ਹੈ। ਧੀਆਂ ਨਾਲ ਹੀ ਇਹ ਸੰਸਾਰ ਚੱਲਦਾ ਹੈ। ਐੱਸ ਨਵੀ ਨਵਦੀਪ ਨੇ ਆਪਣੀ ਕਵਿਤਾ 'ਮੇਰੀ ਲਾਡੋ' ਵਿਚ ਬਾਬਲ ਦੇ ਧੀ ਪ੍ਰਤੀ ਪਿਆਰ ਦੇ ਭਾਵਾਂ ਨੂੰ ਬਹੁਤ ਸੁੰਦਰ ਅਤੇ ਭਾਵਪੂਰਤ ਢੰਗ ਨਾਲ ਅੰਕਿਤ ਕੀਤਾ ਹੈ-
'ਕੰਡੇ ਚੁਗ ਚੁਗ ਸੁੱਟੀ ਜਾਵਾਂ ਜ਼ਿੰਦਗੀ 'ਚੋਂ ਮੈਂ ਤੇਰੇ,
ਤੇਰੀ ਜ਼ਿੰਦਗੀ ਨੂੰ ਮੈਂ ਫੁੱਲਾਂ ਵਾਲੀ ਸੇਜ ਬਣਾਵਾਂ।
ਪਰੀਆਂ ਵਾਂਗੂੰ ਰੱਖਾਂ ਤੈਨੂੰ ਜ਼ਿੰਦਗੀ ਦੇ ਵਿਚ ਆਪਣੀ,
ਤੈਨੂੰ ਆਪਣੀ ਲਾਡੋ-ਲਾਡੋ ਕਹਿ ਕੇ ਸਦਾ ਬੁਲਾਵਾਂ।'
ਰੋਜ਼ੀ ਰੋਟੀ ਕਮਾਉਣ ਦੀ ਮਜਬੂਰੀ ਕਾਰਨ ਨਵ-ਵਿਆਹੁਤਾ ਮੁਟਿਆਰ ਦਾ ਮਾਹੀ ਘਰੋਂ ਦੂਰ ਗਿਆ ਹੁੰਦਾ ਹੈ। ਉਹ ਆਪਣੇ ਮਾਹੀ ਦੇ ਆਉਣ ਦੀ ਉਡੀਕ ਨੂੰ ਔਂਸੀਆਂ ਪਾ-ਪਾ ਕੇ ਪਹਾੜ ਜਿੱਡੇ ਵੱਡੇ-ਵੱਡੇ ਦਿਨ ਕੱਟਦੀ ਹੈ। ਪਰ ਜਦੋਂ ਮਾਹੀ ਕੀਤੇ ਕਰਾਰ ਅਨੁਸਾਰ ਦਿੱਤੀ ਤਾਰੀਕ ਨੂੰ ਵੀ ਘਰ ਨਹੀਂ ਬਹੁੜਦਾ, ਤਦ ਉਸ ਦੇ ਸਬਰ ਦਾ ਬੰਨ੍ਹਿਆ ਬੰਨ੍ਹ ਟੁੱਟ ਜਾਂਦਾ ਹੈ।
ਅੱਜ ਦੇ ਯੁੱਗ ਵਿਚ ਸੱਚਾ ਪਿਆਰ ਕਰਨ ਵਾਲੇ ਨੌਜਵਾਨ ਅਤੇ ਮੁਟਿਆਰਾਂ ਬਹੁਤ ਘੱਟ ਹਨ। ਹੁਣ ਬਹੁਤੇ ਤਾਂ ਜਿਸਮਾਂ ਦੀ ਖਿੱਚ ਕਾਰਨ ਹੀ ਇੱਕ-ਦੂਜੇ ਦੇ ਨੇੜੇ ਹੁੰਦੇ ਹਨ। ਲਾਭ ਸਿੰਘ ਲਹਿਲੀ ਨੇ 'ਮਹਿਰਮ' ਨਾਂਅ ਦੀ ਕਵਿਤਾ ਵਿਚ ਸੱਚਾ ਪਿਆਰ ਕਰਨ ਵਾਲੀ ਮੁਟਿਆਰ ਦੇ ਤੀਬਰ ਵਲਵਲਿਆਂ ਨੂੰ ਬਹੁਤ ਹੀ ਖ਼ੂਬਸੂਰਤ ਢੰਗ ਨਾਲ ਪੇਸ਼ ਕੀਤਾ ਹੈ-
'ਮੋਰ ਸਾਉਣ 'ਚ ਪੈਲਾਂ ਪਾਉਂਦੇ ਨੇ,
ਕੁੜੀਆਂ ਦੇ ਜੀਅ ਲਲਚਾਉਂਦੇ ਨੇ।
ਗਿੱਧਾ ਭੰਗੜਾ ਮੈਂ ਵੀ ਪਾ ਲੈਂਦੀ ਜੇ ਮੇਰੇ ਵੱਲ ਖਲੋ ਜਾਂਦਾ।
ਭਰ ਦਿੰਦਾ ਲਾਭ ਹੁੰਗਾਰਾ ਜੇ,
ਪਿੰਡ 'ਲਹਿਲੀ' ਵਾਸਾ ਹੋ ਜਾਂਦਾ।
ਮੇਰੇ ਦਿਲ ਦੇ ਸੁੰਨੇ ਸਾਜ਼ਾਂ ਨੂੰ
ਆ ਪੋਲਾ-ਪੋਲਾ ਛੋਅ ਜਾਂਦਾ।
ਮੈਂ ਵੀ ਉਹਦੀ ਹੋ ਜਾਂਦੀ ਜੇ
ਉਹ ਵੀ ਮੇਰਾ ਹੋ ਜਾਂਦਾ।'
'ਤੇਰੀ ਰਹਿਮਤ' ਸਾਂਝੇ ਕਾਵਿ-ਸੰਗ੍ਰਹਿ ਵਿਚ ਸ਼ਾਮਿਲ ਸਾਰੇ ਕਵੀਆਂ ਨੂੰ ਬਹੁਤ-ਬਹੁਤ ਮੁਬਾਰਕਾਂ ਹੋਣ।
-ਡਾ. ਇਕਬਾਲ ਸਿੰਘ ਸਕਰੌਦੀ
ਮੋਬਾਈਲ : 84276-85020
ਕਰਵਟ
ਲੇਖਿਕਾ : ਸੰਦੀਪ ਕੌਰ ਢਿੱਲੋਂ
ਪ੍ਰਕਾਸ਼ਕ : ਅਦਬ ਪ੍ਰਕਾਸ਼ਨ ਤਰਨ ਤਾਰਨ
ਮੁੱਲ : 260 ਰੁਪਏ, ਸਫ਼ੇ : 123
ਸੰਪਰਕ : 79739-80928

'ਕਰਵਟ' ਸੰਦੀਪ ਕੌਰ ਢਿੱਲੋਂ ਦਾ ਤੀਜਾ ਕਾਵਿ-ਸੰਗ੍ਰਹਿ ਹੈ। ਇਸ ਤੋਂ ਪਹਿਲਾਂ 'ਦਰਦ ਦਹਿਲੀਜ਼ਾਂ', 'ਦਿਲ ਦੇ ਆਰ-ਪਾਰ' ਦੋ ਕਾਵਿ-ਸੰਗ੍ਰਹਿ ਲਿਖ ਚੁੱਕੀ ਹੈ। ਕਵਿਤਰੀ ਨੇ ਇਸ ਕਰਵਟ ਦੀਆਂ ਤਿੰਨਾਂ ਲਹਿਰਾਂ ਨੂੰ ਆਧਾਰ ਬਣਾ ਕੇ ਲਿਖਿਆ ਹੈ। ਪਹਿਲੀ ਲਹਿਰ ਸੂਫ਼ੀ ਰੀਤਾਂ, ਦੂਜੀ ਲਹਿਰ ਬਿਰਹੋਂ ਪ੍ਰੀਤਾਂ ਅਤੇ ਤੀਜੀ ਲਹਿਰ ਜ਼ਿੰਦਗੀ ਦੀਆਂ ਸਿਲਵਟਾਂ ਦਾ ਜ਼ਿਕਰ ਕੀਤਾ ਹੈ। ਸੂਫ਼ੀ ਗੀਤਾਂ ਦੇ ਅਧੀਨ 30 ਰਚਨਾਵਾਂ ਲਿਖੀਆਂ ਹਨ ਜਿਨ੍ਹਾਂ ਦੇ ਵਿਸ਼ੇ ਰਹੱਸਵਾਦ ਨਾਲ ਜੁੜੇ ਹਨ। ਉਹ ਸੂਫ਼ੀ ਕਵੀਆਂ ਦੀ ਕਾਵਿ-ਰਚਨਾ ਤੋਂ ਪ੍ਰਭਾਵਿਤ ਹੋ ਕੇ ਜ਼ਿੰਦਗੀ ਦੇ ਡੂੰਘੇ ਪ੍ਰਸ਼ਨ ਹੱਲ ਕਰਦੀ ਹੋਈ ਪਰਮਾਤਮਾ ਨੂੰ ਸੰਬੋਧਨ ਕਰਦੀ ਹੈ :-
ਹੇ ਰੂਹ ਦੇ ਰਾਜ਼ਦਾਰ ਸਾਈਆਂ
ਨੇੜੇ ਹੋ ਕੇ ਵੀ ਤੇਰੇ ਦੂਰ ਹੋਣ ਦਾ
ਅਹਿਸਾਸ ਹੋਣਾ
ਇਸ ਗੱਲ ਦੀ ਗਵਾਹੀ ਭਰਦਾ ਕਿ
ਹਾਲੇ ਪ੍ਰੀਤ ਦਾ ਰੰਗ ਗੂੜਾ ਲਾਲ ਹੋਣਾ ਬਾਕੀ ਏ... 'ਬਿਰਹੋਂ ਪ੍ਰੀਤਾਂ' ਭਾਗ ਵਿਚ ਕਵਿੱਤਰੀ ਨੇ ਮਾਨਵੀ ਸੰਵੇਦਨਾ ਨਾਲ ਜੁੜੇ ਭਾਵਾਂ ਨੂੰ ਬੜੀ ਹੀ ਭਾਵੁਕ ਸੁਰ ਵਿਚ ਬਿਆਨ ਕੀਤਾ ਹੈ। ਉਹ ਬਿਰਹਾ, ਪ੍ਰੇਮ, ਦੂਜਿਆਂ ਦੇ ਦੁੱਖ ਵਿਚ ਰਾਜ਼ਦਾਰ ਹੋਣਾ, ਦਿਲ ਦੀ ਉਦਾਸੀ, ਅੱਥਰੂ ਆਦਿ ਭਾਵਾਂ ਦਾ ਚਿਤਰਣ ਕਰਦੀ ਹੈ। ਇਸ ਭਾਗ ਵਿਚ 32 ਦੇ ਕਰੀਬ ਰਚਨਾਵਾਂ ਮਨੁੱਖੀ ਮਨ ਦੇ ਡੂੰਘੇ ਅਹਿਸਾਸਾਂ ਦਾ ਪ੍ਰਗਟਾਵਾ ਕਰਦੀਆਂ ਹਨ।
ਕੋਈ ਛੇੜ ਦਰਦਾਂ ਦੀ ਬਾਤ,
ਆਪਾਂ ਦਰਦ ਫਰੋਲੀਏ
ਕਦੋਂ ਮੁੱਕੂ ਇਹ ਬਿਰਹੋਂ ਦੀ ਰਾਤ,
ਆ ਆਪਾਂ ਦਰਦ ਫਰੋਲੀਏ
ਇਸ ਭਾਗ ਵਿਚ ਪਤਾ ਨਹੀਂ ਕਿਉਂ, ਪਰਛਾਵੇਂ ਫਰੋਲੀਏ, ਕਬਰਾਂ ਤੋਂ ਅੱਗੇ ਰਾਹ, ਖਾਮੋਸ਼ੀ, ਕਸ਼ਮਕਸ਼, ਖਲਾਅ ਪ੍ਰਤੀਬਿੰਬ ਆਦਿ ਕਵਿਤਾਵਾਂ ਵਿਸ਼ੇਸ਼ ਧਿਆਨ ਮੰਗਦੀਆਂ ਹਨ।
ਇਸੇ ਹੀ ਕਾਵਿ-ਸੰਗ੍ਰਹਿ ਦਾ ਤੀਜਾ ਭਾਗ 'ਜ਼ਿੰਦਗੀ ਦੀਆਂ ਸਿਲਵਟਾਂ' ਸੰਸਾਰਕ ਵਿਸ਼ਿਆਂ ਨਾਲ ਜੁੜੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਰਦੀਆਂ ਹਨ। 'ਇਕ ਯਾਦ' ਕਵਿਤਾ ਵਿਚ ਆਪਣੇ ਪਿਤਾ ਦੀ ਮੌਤ ਸਮੇਂ ਦੇ ਉਦਾਸ ਭਾਵਾਂ ਦਾ ਪ੍ਰਗਟਾਵਾ ਕਰਦੀ ਕਵਿਤਰੀ ਸਭ ਪਾਠਕਾਂ ਨੂੰ ਉਦਾਸ ਕਰ ਦਿੰਦੀ ਹੈ। ਪ੍ਰਦੂਸ਼ਣ ਮੁਕਤ ਚੁਫੇਰੇ ਪ੍ਰਤੀ ਵੀ ਕਵਿੱਤਰੀ ਚਿੰਤਾ ਤੇ ਆਸ ਜ਼ਾਹਿਰ ਕਰਦੀ ਹੈ। ਨਵੇਂ ਪਹਿਰੇਦਾਰ, ਫਾਊਂਡੇਸ਼ਨ, ਤਜਰਬਾ, ਪਛਤਾਵੇ ਆਦਿ ਰਚਨਾਵਾਂ ਵਿਸ਼ੇਸ਼ ਧਿਆਨ ਮੰਗਦੀਆਂ ਹਨ। ਡਾ. ਸੁਰਜੀਤ ਪਾਤਰ ਦੀ ਯਾਦ ਵਿਚ ਵੀ ਕਵਿੱਤਰੀ ਨੇ ਖ਼ੂਬਸੂਰਤ ਰਚਨਾ ਉਨ੍ਹਾਂ ਨੂੰ ਸਮਰਪਿਤ ਕੀਤੀ ਹੈ। ਇਸ ਪ੍ਰਕਾਰ ਇਹ ਸਮੁੱਚਾ ਕਾਵਿ-ਸੰਗ੍ਰਹਿ ਵਿਸ਼ਿਆਂ ਦੀ ਵੰਨ-ਸੁਵੰਨਤਾ ਅਤੇ ਭਾਵਨਾਵਾਂ ਦੇ ਡੂੰਘੇ ਅਹਿਸਾਸਾਂ ਨੂੰ ਬਾਖ਼ੂਬੀ ਪੇਸ਼ ਕਰਦਾ ਹੈ। ਕਵਿੱਤਰੀ ਸੰਦੀਪ ਕੌਰ ਢਿੱਲੋਂ ਨੂੰ ਮੁਬਾਰਕਵਾਦ!
-ਪ੍ਰੋ. ਕੁਲਜੀਤ ਕੌਰ
ਜਲੰਧਰ
ਮਿਰਾਕੀ
ਲੇਖਿਕਾ : ਰੂਪ ਕੌਰ ਕੂੰਨਰ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 325 ਰੁਪਏ, ਸਫ਼ੇ : 140
ਸੰਪਰਕ : 98785-69366

ਹਥਲਾ ਕਾਵਿ-ਸੰਗ੍ਰਹਿ 'ਮਿਰਾਕੀ' ਰੂਪ ਕੌਰ ਕੂੰਨਰ ਦੀ ਬੇਹੱਦ ਪਿਆਰੀ ਅਤੇ ਮਿਆਰੀ ਦੂਜੀ ਪ੍ਰਕਾਸ਼ਿਤ ਪੁਸਤਕ ਹੈ। ਇਸ ਤੋਂ ਪਹਿਲਾਂ ਉਨ੍ਹਾਂ ਦੀ ਪੰਜਾਬੀ ਅਤੇ ਹਿੰਦੀ ਭਾਸ਼ਾਵਾਂ ਵਿਚ ਪ੍ਰਕਾਸ਼ਿਤ ਹੋਈ ਪੁਸਤਕ 'ਅਕੀਦਾ' ਨੂੰ ਸਾਹਿਤਕ ਹਲਕਿਆਂ ਵਿਚ ਬੜਾ ਸਰਾਹਿਆ ਗਿਆ ਹੈ। ਉਨ੍ਹਾਂ ਦੀ ਕਵਿਤਾ ਦਾ ਵਿਸ਼ਲੇਸ਼ਣ ਕਰਦਿਆਂ ਸਹਿਜੇ ਹੀ ਅਹਿਸਾਸ ਹੁੰਦਾ ਹੈ ਕਿ ਉਹ ਸਮਾਜਿਕ ਤਾਣੇ-ਬਾਣੇ ਦੀਆਂ ਗੁੰਝਲਦਾਰ ਪਰਤਾਂ ਬਾਬਤ ਸੂਖਮ ਸੂਝ-ਬੂਝ ਰੱਖਦੇ ਹਨ ਅਤੇ ਉਨ੍ਹਾਂ ਕੋਲ ਗੱਲ ਕਹਿਣ ਦਾ ਹੁਨਰ ਵੀ ਹੈ:
ਰੰਗਣ ਵਾਲੇ ਤੋਂ ਰੰਗ ਸਿੱਖ ਰਹੇ ਹਾਂ
ਡੰਗਣ ਵਾਲੇ ਤੋਂ ਡੰਗ ਸਿੱਖ ਰਹੇ ਹਾਂ,
ਹੋ ਕੇ ਅਸੀਂ ਮਲੰਗ ਸਿੱਖ ਰਹੇ ਹਾਂ
ਪੁੱਛੋ ਨਾ, ਕੀ-ਕੀ ਢੰਗ ਸਿੱਖ ਰਹੇ ਹਾਂ।
ਰੂਪ ਕੌਰ ਕੂੰਨਰ ਆਸ਼ਾਵਾਦੀ ਕਵਿੱਤਰੀ ਹਨ। ਉਹ ਭਲੀਭਾਂਤ ਜਾਣਦੇ ਹਨ ਕਿ ਬੀਤੇ ਸਮੇਂ ਦਾ ਪਛਤਾਵਾ ਅਤੇ ਭਵਿੱਖ ਦੀ ਚਿੰਤਾ ਮਨੁੱਖ ਦੇ ਵਰਤਮਾਨ ਨੂੰ ਤਬਾਹ ਕਰ ਦਿੰਦੇ ਹਨ। ਵਕਤ ਹਮੇਸ਼ਾ ਇੱਕੋ ਜਿਹਾ ਨਹੀਂ ਰਹਿੰਦਾ, ਦੁੱਖ ਤੋਂ ਬਾਅਦ ਸੁੱਖ ਅਤੇ ਸੁੱਖ ਤੋਂ ਬਾਅਦ ਦੁੱਖ ਦਾ ਸਿਲਸਿਲਾ ਨਿਰੰਤਰ ਜਾਰੀ ਰਹਿੰਦਾ ਹੈ। ਦੁੱਖ ਦਾਰੂ ਸੁੱਖ ਰੋਗ ਦੀ ਰਮਜ਼ ਸਮਝਣ ਵਾਲੇ ਲੋਕਾਂ ਨੂੰ ਹੀ ਸਫ਼ਲਤਾ ਨਸੀਬ ਹੁੰਦੀ ਹੈ। ਜਿਨ੍ਹਾਂ ਦੇ ਮੱਥਿਆਂ ਵਿਚ ਹਿੰਮਤ ਅਤੇ ਲਗਨ ਹੁੰਦੀ ਹੈ, ਉਨ੍ਹਾਂ ਲਈ ਕੁਝ ਵੀ ਅਸੰਭਵ ਨਹੀਂ ਹੋ ਸਕਦਾ:
ਨਿੰਮ ਨੂੰ ਪਤਾਸੇ ਖੰਡ ਲੱਗਦੇ ਨੇ
ਪੱਥਰਾਂ ਨੂੰ ਜਿਉਂ ਖੰਭ ਲੱਗਦੇ ਨੇ,
ਇਹ ਵਖ਼ਤ ਜਦੋਂ ਵੀ ਬਦਲਦਾ ਏ ਨਾ
ਫੇਰ ਪਿੱਪਲਾਂ ਨੂੰ ਵੀ ਅੰਬ ਲੱਗਦੇ ਨੇ।
ਪੁਸਤਕ ਦੇ ਆਰੰਭ ਵਿਚ ਰੂਪ ਕੌਰ ਕੂੰਨਰ ਲਿਖਦੇ ਹਨ ਕਿ ਮਿਰਾਕੀ ਆਤਮਾ ਵਿਚ ਪਰਮਾਤਮਾ ਦੀ ਹੋਂਦ ਨੂੰ ਮਹਿਸੂਸ ਕਰਨ ਦੀ ਕੋਸ਼ਿਸ਼ ਦੇ ਨਾਲ ਰਚਨਾਤਮਿਕਤਾ ਨੂੰ ਭਾਵਨਾਤਮਿਕ ਪੱਧਰ 'ਤੇ ਲਿਜਾ ਕੇ ਅੰਦਰੂਨੀ ਪ੍ਰੇਮ ਦੇ ਅਹਿਸਾਸਾਂ ਨੂੰ ਪ੍ਰੇਮ ਨਾਲ ਬਿਆਨ ਕਰਨ ਦਾ ਨਾਂਅ ਹੈ। ਉਨ੍ਹਾਂ ਦੀ ਕਵਿਤਾ ਦਾ ਅੱਖਰ-ਅੱਖਰ ਮਾਨਵੀ ਰਿਸ਼ਤਿਆਂ-ਨਾਤਿਆਂ ਵਿਚ ਨੈਤਿਕ ਕਦਰਾਂ-ਕੀਮਤਾਂ ਦੀ ਬਹਾਲੀ ਲਈ ਯਤਨਸ਼ੀਲ ਹੈ।
-ਕਰਮ ਸਿੰਘ ਜ਼ਖ਼ਮੀ
ਮੋਬਾਈਲ : 98146-28027
ਤ੍ਰਿਕਾਲਾਂ
ਲੇਖਕ : ਮੁਖਤਾਰ ਗਿੱਲ
ਪ੍ਰਕਾਸ਼ਕ : ਆਜ਼ਾਦ ਬੁੱਕ ਡਿਪੂ, ਅੰਮ੍ਰਿਤਸਰ
ਮੁੱਲ : 295 ਰੁਪਏ, ਸਫੇ : 114
ਸੰਪਰਕ : 98140-82217

ਮੁਖਤਾਰ ਗਿੱਲ ਨੇ ਬਹੁਤ ਸਾਰਾ ਸਾਹਿਤ ਪੰਜਾਬੀ ਮਾਂ ਬੋਲੀ ਦੀ ਝੋਲੀ ਵਿਚ ਪਾਇਆ ਹੈ। ਹੱਥਲਾ ਕਹਾਣੀ-ਸੰਗ੍ਰਹਿ 'ਤ੍ਰਿਕਾਲਾਂ' ਉਨ੍ਹਾਂ ਦਾ ਅੱਠਵਾਂ ਕਹਾਣੀ-ਸੰਗ੍ਰਹਿ ਹੈ ਜਿਸ ਵਿਚ ਕੁੱਲ 12 ਕਹਾਣੀਆਂ ਦੀ ਸਿਰਜਣਾ ਬਾਖੂਬੀ ਕੀਤੀ ਗਈ ਹੈ। ਜਿਵੇਂ ਪਹਿਲੀ ਕਹਾਣੀ 'ਦਿਨ ਢਲੇ' ਵਿਚ ਦੱਸਿਆ ਗਿਆ ਹੈ ਕਿ ਸੂਰਜ ਡੁੱਬਣ ਵੇਲੇ ਦਰਿਆ ਦੇ ਕੰਢੇ 'ਤੇ ਜੋ ਵੀ ਵਾਪਰਦਾ ਹੈ, ਉਸ ਦਾ ਵਰਨਣ ਬਾਖੂਬੀ ਕੀਤਾ ਗਿਆ ਹੈ। ਅਗਲੀਆਂ ਕਹਾਣੀਆਂ ਹਨ, ਜਿਵੇਂ, 'ਬੁੱਢਾ ਦਰਿਆ', 'ਮਲਾਹ ਦਾ ਪੁੱਤ', 'ਵਹੀ ਤੇ ਨੀਲਾ ਅੰਗੂਠਾ', 'ਚੁੱਲ੍ਹੇ 'ਚ ਉੱਗਿਆ ਘਾਹ', 'ਰੁੱਖਾਂ ਦਾ ਮਾਤਮੀ ਗੀਤ', 'ਬੁਰਾ ਸੁਪਨਾ', 'ਮਾਨਵੀ ਸੰਵੇਦਨਾ ਦਾ ਸਿਵਾ', 'ਤ੍ਰਿਕਾਲਾਂ ਵੇਲੇ' ਅਤੇ 'ਅੱਧਵਾਟੇ'। ਜਿਨ੍ਹਾਂ ਵਿਚ ਰਾਵੀ ਦੇ ਨਾਲ ਲੱਗਦੇ ਖਿੱਤੇ ਦੇ ਜਨ-ਜੀਵਨ ਦੇ ਸੰਜੀਵ ਚਿੱਤਰ ਨੂੰ ਉਲੀਕਿਆ ਗਿਆ ਹੈ। ਸਾਰੀਆਂ ਕਹਾਣੀਆਂ ਵਿਚ ਸਰਲਤਾ ਤੇ ਸਹਿਜਤਾ ਦੀ ਵਰਤੋਂ ਕੀਤੀ ਗਈ ਹੈ। ਲੇਖਕ ਨੇ ਪੇਂਡੂ ਸ਼ੈਲੀ ਤੇ ਸਧਾਰਨ ਗੱਲਾਂ ਨਾਲ ਹੀ ਕਹਾਣੀਆਂ ਦੀ ਸਿਰਜਣਾ ਕੀਤੀ ਹੈ। ਸਰਹੱਦੀ ਲੋਕਾਂ ਦੀਆਂ ਦੁਸ਼ਵਾਰੀਆਂ, ਥੁੜਾਂ, ਬਰਸਾਤੀ ਕਹਿਰ, ਘਰਾਂ ਤੇ ਫ਼ਸਲਾਂ ਦਾ ਉਜਾੜਾ, ਮਿਹਨਤ ਕਰਨ ਵਾਲੇ ਕਿਰਤੀ ਲੋਕ, ਇਨ੍ਹਾਂ ਕਹਾਣੀਆਂ ਦੇ ਪਾਤਰ ਵਜੋਂ ਲਏ ਹਨ, ਜੋ ਆਪਣੇ ਪਿੰਡੇ ਤੇ ਸਭ ਕੁਝ ਹੰਢਾਉਂਦੇ ਹਨ। ਕਹਾਣੀਆਂ ਵਿਚ ਦ੍ਰਿਸ਼-ਚਿੱਤਰਨ ਬਹੁਤ ਹੀ ਖ਼ੂਬਸੂਰਤ ਹੈ। ਸਮੁੱਚਾ ਬਿਰਤਾਂਤ ਇੱਕੋ ਘਟਨਾ ਜਾਂ ਵਿਚਾਰ ਨੂੰ ਲੈ ਕੇ ਉਸਾਰਿਆ ਗਿਆ ਹੈ, ਜਿਸ ਨਾਲ ਕਹਾਣੀਆਂ ਵਿਚ ਰੌਚਿਕਤਾ ਅਤੇ ਬੱਝਵਾਂ ਪ੍ਰਭਾਵ ਬਣਦਾ ਹੈ। ਸਮੁੱਚੇ ਰੂਪ ਵਿਚ ਕਿਹਾ ਜਾ ਸਕਦਾ ਹੈ ਕਿ ਮੁਖਤਾਰ ਗਿੱਲ ਨੇ ਰਾਵੀ ਦੇ ਨਾਲ ਲੱਗਦੇ ਖੇਤਰ ਦੇ ਸਰੋਤਾਂ ਅਤੇ ਜੀਵਨ ਦੀ ਕਥਾ ਨੂੰ ਆਪਣੀਆਂ ਕਹਾਣੀਆਂ ਦਾ ਵਿਸ਼ਾ ਬਣਾ ਕੇ ਪੇਸ਼ ਕੀਤਾ ਹੈ। ਉਸ ਦੇ ਪਾਤਰ ਜਿਊਂਦੇ-ਜਾਗਦੇ ਮਨੁੱਖ ਹਨ। ਗੱਲ ਕਿ ਲੇਖਕ ਨੇ ਸਾਡੇ ਸਮਾਜ ਵਿਚ ਰੋਜ਼ਾਨਾ ਵਾਪਰਦੀਆਂ ਸਮੱਸਿਆਵਾਂ, ਜ਼ਿੰਦਗੀ ਦੀਆਂ ਬੇਵਸੀਆਂ, ਰਿਸ਼ਤਿਆਂ ਦਾ ਮੋਹ-ਪਿਆਰ ਅਤੇ ਔਰਤ ਦੀ ਤ੍ਰਾਸਦਿਕ ਸਥਿਤੀ ਦੇ ਵਰਤਾਰਿਆਂ ਨੂੰ ਕਹਾਣੀਆਂ ਵਿਚ ਪਰੋਇਆ ਹੈ ਅਤੇ ਜੋ ਲੋਕ ਰਾਵੀ ਦਰਿਆ ਕੰਢੇ ਗੁਜ਼ਰ-ਬਸਰ ਕਰ ਰਹੇ ਹਨ, ਉਨ੍ਹਾਂ ਦੇ ਅਨੁਭਵਾਂ ਦੀ ਪੇਸ਼ਕਾਰੀ ਹੀ ਕੀਤੀ ਹੈ। ਸਮੁੱਚੀ ਪੁਸਤਕ ਪੜ੍ਹਣਯੋਗ ਹੈ। ਲੇਖਕ ਵਧਾਈ ਦਾ ਪਾਤਰ ਹੈ।
-ਡਾ. ਗੁਰਬਿੰਦਰ ਕੌਰ ਬਰਾੜ
ਮੋਬਾਈਲ : 098553-95161
ਵਾਸਵਦੱਤਾ
ਮੂਲ ਲੇਖਕ : ਡਾ. ਸੰਜੀਵ ਕੁਮਾਰ
ਅਨੁਵਾਦਿਕਾ : ਜਸਵਿੰਦਰ ਕੌਰ ਬਿੰਦਰਾ
ਪ੍ਰਕਾਸ਼ਕ : ਪਰਵਾਜ਼ ਪ੍ਰਕਾਸ਼ਨ, ਜਲੰਧਰ
ਮੁੱਲ : 100 ਰੁਪਏ, ਸਫ਼ੇ : 48
ਸੰਪਰਕ : 098735-61826

'ਵਾਸਵਦੱਤਾ' ਡਾ. ਸੰਜੀਵ ਕੁਮਾਰ ਦੀ ਹਿੰਦੀ ਵਿਚ ਰਚਿਤ ਲੰਮੀ ਕਵਿਤਾ ਹੈ, ਜਿਸ ਦਾ ਪੰਜਾਬੀ ਅਨੁਵਾਦ ਜਸਵਿੰਦਰ ਕੌਰ ਬਿੰਦਰਾ ਨੇ ਕੀਤਾ ਹੈ। ਪਹਿਲਾਂ ਅਸੀਂ ਇਸ ਕਵਿਤਾ ਵਿਚਲੀ ਲੰਮੀ ਕਥਾ ਦੀ ਗੱਲ ਕਰਦੇ ਹਾਂ। ਇਸ ਕਵਿਤਾ ਵਿਚ ਸਿਧਾਰਥ ਉਪ ਗੁਪਤ ਜੋ ਇਕ ਬੁੱਧ ਭਿਖਸ਼ੂ ਸੀ, ਉਸ ਦੇ ਸੰਜਮ ਤਿਆਗ ਅਤੇ ਅਧਿਆਤਮਿਕਤਾ ਬਾਰੇ ਜਾਣਕਾਰੀ ਦਿੱਤੀ ਹੈ। ਇਸ ਵਿਚ ਧਾਰਮਿਕ ਜੀਵਨ ਅਤੇ ਸੱਚੀ ਮੁਕਤੀ ਦੀ ਸਿੱਖਿਆ ਮਿਲਦੀ ਹੈ। ਕਈ ਵਾਰ ਸਿਧਾਰਥ ਸ਼ਬਦ ਬੁੱਧ ਦੇ ਸੰਦਰਭ ਵਿਚ ਵਰਤਿਆ ਜਾਂਦਾ ਹੈ, ਕਿਉਂਕਿ ਬੁੱਧ ਦਾ ਅਸਲ ਨਾਂਅ ਸਿਧਾਰਥ ਸੀ। ਇਸ ਲਈ ਸਿਧਾਰਥ ਉਪਗੁਪਤ ਦਾ ਅਰਥ ਬੁੱਧ ਦੇ ਮਾਰਗ 'ਤੇ ਚੱਲਣ ਵਾਲਾ ਉਪਗੁਪਤ। ਇਸ ਬਾਰੇ ਕਵੀ ਨੇ ਕਾਫ਼ੀ ਲੰਮੀ ਜਾਣਕਾਰੀ ਦਿੱਤੀ ਹੈ :
ਇਸੇ ਯੁੱਗ ਦਾ ਉਹ ਸਦੀਵੀ ਬੋਧ
ਅੱਜ ਤੱਕ ਜੋ ਰਹਿ ਗਿਆ ਅਭਿੱਜ
ਸਿਖਾਉਂਦਾ ਆਇਆ ਮਨੁੱਖ ਨੂੰ ਕਰੁਣਾ, ਖਿਮਾ, ਦਇਆ, ਅਹਿੰਸਾ, ਵਗੈਰਾ, ਤਪੱਸਿਆ, ਪ੍ਰੇਮ...
ਇਸ ਕਵਿਤਾ ਦੀ ਭੂਮਿਕਾ ਵਿਚ ਇਸ ਸੰਬੰਧੀ ਜਾਣਕਾਰੀ ਮਿਲਦੀ ਹੈ। ਕਵੀ ਦੀ ਇਸ ਲੰਮੀ ਕਵਿਤਾ ਤੋਂ ਪਤਾ ਚਲਦਾ ਹੈ ਕਿ ਵਾਸਵਦੱਤਾ ਆਗਰਾ ਦੀ ਇਕ ਗਾਇਕਾ ਸੀ। ਇਕ ਵਾਰ ਸਿਧਾਰਥ ਉਪਗੁਪਤ ਜਦੋਂ ਆਗਰਾ ਆਏ ਉਨ੍ਹਾਂ ਦਿਨਾਂ ਵਿਚ ਸਮਰਾਟ ਅਸ਼ੋਕ ਵਲੋਂ ਬੋਧ ਧਰਮ ਦੀ ਦੀਖਿਆ ਲਏ ਜਾਣ ਤੋਂ ਬਾਅਦ ਚਾਰੇ ਪਾਸੇ ਬੁੱਧ ਸ਼ਰਣਮ ਗਛੱਮੀ ਧੰਮ ਸੁਰਣਮ ਗੱਛਮੀ ਦਾ ਪ੍ਰਚਾਰ ਹੋ ਰਿਹਾ ਸੀ। ਸੁੰਦਰ ਵਾਸਵਦੱਤਾ ਵੀ ਸਿਧਾਰਥ ਉਪਗੁਪਤ ਦੇ ਦਰਸ਼ਨਾਂ ਲਈ ਗਈ, ਉਹ ਸਿਧਾਰਥ ਉਪਗੁਪਤ ਨੂੰ ਆਪਣੇ ਘਰ ਆਉਣ ਦਾ ਸੱਦਾ ਦੇ ਕੇ ਗਈ ਅਤੇ ਆਪਣੇ ਮਨ ਵਿਚ ਸਿਧਾਰਥ ਉਪਗੁਪਤ ਪ੍ਰਤੀ ਪਿਆਰ ਅਤੇ ਮੋਹ ਦਾ ਪ੍ਰਗਟਾਵਾ ਕਰਨ ਲੱਗੀ:
ਹੇ ਦੇਵਾਂ ਦੇ ਦੇਵ
ਅੱਜ ਕਰ ਦੇਵਾਂ ਅਰਪਣ ਆਪਣਾ ਆਪ
ਤਨ-ਮਨ-ਧਨ ਜੋਬਨ ਇਸ ਕਾਲ
ਤੁਹਾਡੇ ਚਰਣਾਂ 'ਚ ਦੇਵ...
ਪਰ ਉਸ ਦੇ ਕਹਿਣ ਤੋਂ ਬਾਅਦ
ਪਸਰ ਗਿਆ ਮੌਨ/ਚਕਿਤ ਸਨ ਭਿਕਸ਼ੂ
ਹਾਰ ਗਿਆ ਪ੍ਰੇਮ ਨਿਵੇਦਨ
ਜਿੱਤਿਆ ਤਿਆਗ
ਕਿਹਾ ਫਿਰ ਹੋ ਕੇ ਗੰਭੀਰ
ਦੇਵੀ ਸੁਣ ਮੇਰੇ ਇਹ ਵਚਨ
ਤੇਰਾ ਹੱਠ, ਬਿਨੈ, ਨਿਵੇਦਨ
ਮੁਸ਼ਕਿਲ ਹੈ, ਕਰਨਾ ਸਵੀਕਾਰ
ਵਾਸਵਦੱਤਾ ਦੀ ਪੇਸ਼ਕਸ਼ ਸਿਧਾਰਥ ਉਪਗੁਪਤ ਅਸਵੀਕਾਰ ਕਰ ਦਿੰਦਾ ਹੈ। ਕੁਝ ਸਮੇਂ ਬਾਅਦ ਜਦੋਂ ਵਾਸਵਦੱਤਾ ਬਿਮਾਰ ਪੈ ਜਾਂਦੀ ਹੈ, ਉਹ ਆਪਣੇ ਆਖ਼ਰੀ ਦਿਨ ਗਿਣਨ ਲੱਗ ਜਾਂਦੀ ਹੈ ਤਾਂ ਸਿਧਾਰਥ ਉਪਗੁਪਤ ਆਣ ਹਾਜ਼ਰ ਹੁੰਦੇ ਹਨ ਤੇ ਉਸ ਦੀ ਸੇਵਾ ਸੰਭਾਲ ਕਰਕੇ ਉਸ ਦੇ ਰੋਗ ਦਾ ਇਲਾਜ ਕਰ ਦਿੰਦੇ ਹਨ। ਵਾਸਵਦੱਤਾ ਨੂੰ ਬੋਧ ਧਰਮ ਦੇ ਸਾਰ ਦਾ ਗਿਆਨ ਦਿੰਦੇ ਹਨ ਤੇ ਉਹ ਵੀ ਭਿੱਖਣੀ ਹੋ ਜਾਂਦੀ ਹੈ। ਇਹ ਲੰਮੀ ਕਵਿਤਾ ਬੁੱਧ ਧਰਮ ਦੇ ਕੁਝ ਸਿਧਾਂਤਾਂ ਦਾ ਵਰਣਨ ਕਰਦੀ ਹੈ। 1995 ਵਿਚ ਮੂਲ ਰੂਪ ਵਿਚ ਇਹ ਪੁਸਤਕ ਹਿੰਦੀ ਵਿਚ ਛਪੀ ਸੀ, ਜਿਸ ਦਾ ਅਨੁਵਾਦ ਜਸਵਿੰਦਰ ਕੌਰ ਬਿੰਦਰਾ ਨੇ 2025 ਵਿਚ ਕੀਤਾ ਹੈ। ਇਸ ਪੁਸਤਕ ਦੀ ਅਨੁਵਾਦਿਕਾ ਨੇ ਬਹੁਤ ਉੱਤਮ ਢੰਗ ਨਾਲ ਅਨੁਵਾਦ ਕੀਤਾ ਹੈ।
-ਪ੍ਰੋ. ਕੁਲਜੀਤ ਕੌਰ ਅਠਵਾਲ
ਛਿਲਤਰਾਂ
ਲੇਖਕ : ਕੁਲਵਿੰਦਰ ਸਿੰਘ ਮਲੋਟ
ਪ੍ਰਕਾਸ਼ਕ : ਸਾਹਿਤਯ ਕਲਸ਼ ਪਬਲੀਕੇਸ਼ਨ ਪਟਿਆਲਾ।
ਮੁੱਲ : 250 ਰੁਪਏ, ਸਫ਼ੇ : 96
ਸੰਪਰਕ : 98760-64576

ਮਿੰਨੀ ਕਹਾਣੀ ਲਿਖਣਾ ਅਜਿਹਾ ਹੁਨਰ ਹੈ ਜਿਸ ਵਿਚ ਲੇਖਕ ਕੁੱਜੇ ਵਿਚ ਸਮੁੰਦਰ ਬੰਦ ਕਰਨ ਦੀ ਕੋਸ਼ਿਸ਼ ਕਰਦਾ ਹੈ ਅਤੇ ਨਾਲ ਹੀ ਆਪਣੀ ਗੱਲ ਨੂੰ ਪਾਠਕ ਨੂੰ ਇੱਕ ਝਟਕੇ ਨਾਲ ਸਮਝਾ ਦਿੰਦਾ ਹੈ। ਇਸ ਕਹਾਣੀ ਸੰਗ੍ਰਹਿ ਨੂੰ ਪੜ੍ਹਦਿਆਂ ਵੀ ਕੁਝ ਅਜਿਹਾ ਹੀ ਮਹਿਸੂਸ ਹੁੰਦਾ ਹੈ। ਛਿਲਤਰਾਂ ਜਹੀ ਤਿੱਖੀ ਟੀਸ ਰੱਖਣੀਆਂ ਮਿੰਨੀ ਕਹਾਣੀਆਂ ਵੀ ਇਸ ਸੰਗ੍ਰਹਿ ਦਾ ਹਿੱਸਾ ਹਨ ਅਤੇ ਜ਼ਖਮਾਂ 'ਤੇ ਰੱਖੇ ਰੂੰ ਦੇ ਫਹੇ ਵਰਗਾ ਅਹਿਸਾਸ ਦੇਣ ਵਾਲੀਆਂ ਵੀ। ਲੇਖਕ ਦੇ ਆਪਣੇ ਸ਼ਬਦਾਂ ਵਿਚ ਇਹ ਗਲਪ ਦੀ ਸਭ ਤੋਂ ਵੱਧ ਹੁਨਰੀ ਕਲਾ ਹੈ ਸਮਾਜਿਕ ਮੁੱਦਿਆਂ ਅਤੇ ਮਨੋਵਿਗਿਆਨਿਕ ਛੋਹਾਂ ਨਾਲ ਲਬਰੇਜ਼ ਇਨ੍ਹਾਂ ਕਹਾਣੀਆਂ ਵਿਚ ਕਈ ਜਗ੍ਹਾ ਸਵਾਲ ਹਨ ਅਤੇ ਤਕੜੇ ਵਿਅੰਗ ਵੀ। ਬਦਲਦੇ ਜ਼ਮਾਨੇ ਨਾਲ ਬਦਲਦੀਆਂ ਸਮਾਜਿਕ ਸਮੀਕਰਨਾਂ ਵੀ ਇਸ ਕਹਾਣੀ ਸੰਗ੍ਰਹਿ ਦਾ ਹਿੱਸਾ ਹਨ। ਕਹਾਣੀ ਅਲੋਕਾਰੀ ਗੱਲ ਅਜਿਹੇ ਬਦਲਦੇ ਸਮਾਜਿਕ ਸਮੀਕਰਨਾਂ ਨੂੰ ਹੀ ਪੇਸ਼ ਕਰਦੀ ਹੈ। ਕਹਾਣੀ 'ਪੱਥਰ' ਥਰਡ ਜੈਂਡਰ ਦੀਆਂ ਮਾਨਸਿਕ ਤਕਲੀਫਾਂ ਨੂੰ ਖ਼ੂਬਸੂਰਤੀ ਨਾਲ ਪੇਸ਼ ਕਰਦੀ ਹੈ। 'ਫਰਜ਼' ਕਹਾਣੀ ਇੱਕ ਕਰਾਰੀ ਚੋਟ ਕਰਦੀ ਹੈ ਉਨ੍ਹਾਂ ਲੋਕਾਂ 'ਤੇ ਜੋ ਦਿਖਾਵੇ ਦੇ ਅਡੰਬਰਾਂ ਦੇ ਵਿਚ ਆਪਣੇ ਅਸਲੀ ਫਰਜ਼ਾਂ ਤੋਂ ਅਵੇਸਲੇ ਹੋ ਜਾਂਦੇ ਹਨ। ਕਵਿਤਾ ਵਿਚ ਮੌਜੂਦਾ ਸਮੇਂ ਵਿਚ ਸਾਹਿਤ ਦੇ ਵਿਚ ਚੱਲ ਰਹੇ ਨਵੇਂ-ਨਵੇਂ ਕਿਸਮ ਦੇ ਮੁਕਾਬਲੇ ਦੀ ਚਰਚਾ ਕੀਤੀ ਗਈ ਹੈ। ਸੱਤਾ ਤੇ ਵਿਅੰਗ ਕਰਦੀ ਕਹਾਣੀ ਲੋਕ ਰਾਜ ਅਸਲ ਲੋਕ ਰਾਜ ਦਾ ਕੱਚ ਸੱਚ ਪੇਸ਼ ਕਰਦੀ ਹੈ ਸ਼ਖ਼ਸੀਅਤ ਉਸਾਰੀ ਕਹਾਣੀ ਰਾਹੀਂ ਪਰਦੇ ਪਿਛਲੀਆਂ ਸੱਚਾਈਆਂ ਨੂੰ ਉਜਾਗਰ ਕਰਨ ਦਾ ਜੇਰਾ ਲੇਖਕ ਨੇ ਕੀਤਾ ਹੈ। ਸਾਰੀਆਂ ਹੀ ਕਹਾਣੀਆਂ ਵਿਅੰਗਾਤਮਿਕ ਰੂਪ ਵਿਚ ਬਹੁਤ ਸਾਰੇ ਸਮਾਜਿਕ ਸੱਚ ਸਾਹਮਣੇ ਲੈ ਕੇ ਆਉਂਦੀਆਂ ਹਨ ਅੰਤਿਕਾ ਵਿਚ ਲੇਖਕ ਆਪਣੀ ਲਿਖਣ ਪ੍ਰਕਿਰਿਆ ਬਾਰੇ ਚਰਚਾ ਕਰਦਾ ਹੈ ਅਤੇ ਆਪਣੀਆਂ ਕਹਾਣੀਆਂ ਦੇ ਲਿਖਣ ਤੋਂ ਛਪਣ ਤੱਕ ਦੇ ਸਫ਼ਰ ਨੂੰ ਪਾਠਕਾਂ ਸਾਵੇਂ ਰੱਖਦਾ ਹੈ ਕੁਝ ਤਸਵੀਰਾਂ ਰਾਹੀਂ ਉਸ ਨੇ ਯਾਦਗਾਰੀ ਪਲਾਂ ਨੂੰ ਵੀ ਸਾਂਭਿਆ ਹੈ। ਮਿੰਨੀ ਕਹਾਣੀਆਂ ਦਾ ਇਹ ਸੰਗ੍ਰਹਿ ਪੜ੍ਹਨ ਸਮੇਂ ਕਿਤੇ-ਕਿਤੇ ਸੱਚੀਂ ਛਿਲਤਰ ਦੇ ਚੁੱਬਣ ਵਰਗਾ ਅਹਿਸਾਸ ਹੁੰਦਾ ਹੈ।
-ਡਾ.ਸੁਖਪਾਲ ਕੌਰ ਸਮਰਾਲਾ
ਮੋਬਾਈਲ : 83606-83823
ਸਿਰਫ਼ ਮੁਹੱਬਤ
ਸੰਪਾਦਕ : ਨਿਰੰਜਣ ਬੋਹਾ
ਪ੍ਰਕਾਸ਼ਕ : ਆਰਸੀ ਪਬਲਿਸ਼ਰਜ਼, ਨਵੀਂ ਦਿੱਲੀ
ਮੁੱਲ : 795 ਰੁਪਏ, ਸਫ਼ੇ : 344
ਸੰਪਰਕ : 89682-82700

ਨਿਰੰਜਣ ਬੋਹਾ ਵੱਲੋਂ ਸੰਪਾਦਿਤ ਪੁਸਤਕ ਸਿਰਫ ਮੁਹੱਬਤ 28 ਇਸ਼ਕ ਮੁਹੱਬਤ ਦੀਆਂ ਕਹਾਣੀਆਂ 'ਤੇ ਅਧਾਰਿਤ ਹੈ। ਸੰਪਾਦਕ ਇਸ ਸੰਗ੍ਰਹਿ ਨੂੰ ਸੰਪਾਦਿਤ ਕਰਨ ਦਾ ਮਕਸਦ ਪਿਛਲੇ ਤਿੰਨ ਚਾਰ ਦਹਾਕਿਆਂ ਵਿਚ ਪਿਆਰ ਮੁਹੱਬਤ ਦੇ ਸੰਕਲਪਾਂ ਵਿਚ ਆਏ ਬਦਲਾਵਾਂ ਦੀ ਨਿਸ਼ਾਨਦੇਹੀ ਨੂੰ ਮਿੱਥਦਾ ਹੈ। ਇਸੇ ਕਾਰਨ ਇਹ ਸੰਗ੍ਰਹਿ ਵਿਚ ਜ਼ਿਆਦਾਤਰ ਤੀਸਰੇ ਅਤੇ ਚੌਥੇ ਪੜਾਅ ਦੇ ਕਹਾਣੀਕਾਰਾਂ ਦੀਆਂ ਕਹਾਣੀਆਂ ਨੂੰ ਸ਼ਾਮਿਲ ਕੀਤਾ ਗਿਆ ਹੈ। ਸੰਪਾਦਕ ਨੇ ਇਨ੍ਹਾਂ ਕਹਾਣੀਆਂ ਵਿਚ ਔਰਤ ਮਰਦ ਕਹਾਣੀਕਾਰਾਂ ਦਾ ਅਨੁਪਾਤ ਵੀ ਧਿਆਨ ਵਿਚ ਰੱਖਿਆ ਹੈ।ਬਲਦੇਵ ਸਿੰਘ ਦੀ ਲਿਖੀ ਕਹਾਣੀ 'ਸੁਲਘਦਾ ਅਤੀਤ' ਅਤੀਤ ਦੀ ਮੁਹੱਬਤ ਦੇ ਸਮਕਾਲੀ ਪ੍ਰਭਾਵਾਂ ਨੂੰ ਚਿਤਰਤ ਕਰਦੀ ਹੈ। ਪ੍ਰੇਮ ਮਾਨ ਦੀ ਕਹਾਣੀ 'ਜਿਸ ਤਨ ਲਾਗੇ' ਮੁਹੱਬਤ ਦਾ ਇਕ ਖ਼ੂਬਸੂਰਤ ਦ੍ਰਿਸ਼ ਅਤੇ ਸਮੀਕਰਨ ਸਿਰਜਦੀ ਹੈ ਜੋ ਮਨੁੱਖ ਦੇ ਆਪਣੇ ਸੁਭਾਅ ਅਤੇ ਰਿਸ਼ਤਿਆਂ ਨੂੰ ਨਿਭਾਉਣ ਦਾ ਆਧਾਰ ਸਿੱਧ ਹੁੰਦਾ ਹੈ। ਅਤਰਜੀਤ ਦੀ ਕਹਾਣੀ 'ਹੱਦ ਬੰਨੇ' ਮੁਹੱਬਤ ਦੀ ਪਰੰਪਰਾਗਤ ਢੰਗ ਨਾਲ ਹੱਦਬੰਦੀ ਨੂੰ ਚਿਤਰਤ ਕਰਦੀ ਅਤੇ ਜਾਤ-ਪਾਤ-ਧਰਮ ਦੀਆਂ ਸੀਮਾਵਾਂ 'ਤੇ ਪ੍ਰਸ਼ਨ ਚਿੰਨ੍ਹ ਲਾਉਂਦੀ ਹੈ। ਸਰਘੀ ਦੀ ਕਹਾਣੀ 'ਬਲਾਈਂਡ ਡੇਟ' ਵਸਤੂਵਾਦੀ ਯੁੱਗ ਦੇ ਨਵੇਂ ਵਰਤਾਰੇ ਲਿਵ ਇਨ ਰਿਲੇਸ਼ਨ ਨੂੰ ਨਿਵੇਕਲੀਆਂ ਤਕਨੀਕਾਂ ਰਾਹੀਂ ਚਿਤਰਦੀ ਹੈ।ਗੁਰਮੀਤ ਪਨਾਗ ਦੀ ਕਹਾਣੀ 'ਕਾਸ਼ਨੀ ਸੁਪਨੇ' ਉਮਰ ਦੀ ਹੱਦਬੰਦੀ ਤੋੜ ਇਸ ਸਮਾਜ ਦੀਆਂ ਰਵਾਇਤਾਂ ਸਾਹਮਣੇ ਨਵੇਂ ਪ੍ਰਸ਼ਨ ਖੜ੍ਹੇ ਕਰਦੀ ਹੈ। ਸਰਬਜੀਤ ਕੌਰ ਸੋਹਲ ਕਹਾਣੀ 'ਪੁੱਠ ਕੰਡਾ' ਪਤੀ ਪਤਨੀ ਦੇ ਦੇਹੀ ਸਬੰਧਾਂ ਵਿਚ ਇਕਰਾਰ-ਇਨਕਾਰ ਵਿਚ ਤਵਾਜ਼ਨ ਬਿਠਾਉਂਦੀ ਕਈ ਜ਼ਬਰਦਸਤੀ ਦੇ ਵਿਆਹ ਰਿਸ਼ਤਿਆਂ ਦੀ ਜ਼ੁਬਾਨ ਬਣਦੀ ਹੈ। ਕੁਲਬੀਰ ਬਡੇਸਰੋਂ ਦੀ ਕਹਾਣੀ 'ਮੁਹੱਬਤ' ਪ੍ਰੇਮ-ਪਿਆਰ ਵਿਚਲੇ ਸੂਖ਼ਮ ਅਹਿਸਾਸਾਂ ਨੂੰ ਸ਼ਬਦਾਂ ਵਿਚ ਪਰੋ ਕੇ ਪੇਸ਼ ਕਰਨ ਵਾਲੀ ਕਹਾਣੀ ਹੈ ਅਤੇ ਲਹਿੰਦੇ ਪੰਜਾਬ ਦੀ ਕਥਾਕਾਰਾ ਅੰਬਰ ਹੁਸੈਨੀ ਦੀ ਕਹਾਣੀ 'ਅਵੱਲੇ ਨਹੀਂ' ਮਰਿਆਦਾ ਦੀ ਕੈਦ ਵਿਚ ਬੁੱਲ੍ਹਾਂ ਨੂੰ ਸੀਂਅ ਕੇ ਸਭ ਸਹਿਣ ਕਰਨ ਵਾਲੀ ਉਸ ਔਰਤ ਦੀ ਕਹਾਣੀ ਹੈ ਜੋ ਆਜ਼ਾਦ ਹੋਣਾ ਚਾਹੁੰਦੀ ਹੈ।
ਜਿੰਦਰ ਦੀ ਕਹਾਣੀ 'ਕੁੜਿੱਕੀ' ਵਿਚਲੀ ਜੰਗ ਪੈਸੇ ਅਤੇ ਪਿਆਰ ਦੀ ਹੈ ਅਤੇ ਭਗਵੰਤ ਰਸੂਲਪੁਰੀ ਦੀ ਕਹਾਣੀ 'ਇੰਦੂਮਣੀ' ਪਿਤਰਕੀ ਮਾਨਸਿਕਤਾ ਨੂੰ ਵਿਸ਼ਾ ਬਣਾਉਂਦੀ ਕਹਾਣੀ ਹੈ। ਬੂਟਾ ਸਿੰਘ ਚੌਹਾਨ ਦੀ ਕਹਾਣੀ 'ਨਹੀਂ ਭੁੱਲਦਾ ਅੰਗਰੇਜ਼' ਵਿਚ ਮੁਹੱਬਤ ਨੂੰ ਇਕ ਵੱਖਰੇ ਜ਼ਾਵੀਏ ਤੋਂ ਪੇਸ਼ ਕੀਤਾ ਗਿਆ ਹੈ। ਬਲਬੀਰ ਪਰਵਾਨਾ ਦੀ ਕਹਾਣੀ ਦੇ 'ਅੱਕ ਦੇ ਫ਼ੰਬੇ' ਪਰਵਾਸੀ ਪਤੀ ਅਤੇ ਪਿੱਛੇ ਰਹਿ ਗਈ ਔਰਤ ਦੀ ਇਕੱਲਤਾ ਤੇ ਵਫਾਦਾਰੀ ਸਾਹਮਣੇ ਪ੍ਰਸ਼ਨ ਚਿੰਨ੍ਹ ਲਾਉਂਦੀ ਕਹਾਣੀ ਹੈ। ਬਲੀਜੀਤ ਦੀ ਕਹਾਣੀ 'ਜੁੱਤੀ' ਅਤੇ ਦਰਸ਼ਨ ਜੋਗਾ ਦੀ ਕਹਾਣੀ 'ਫ਼ਨੀਅਰ@ਵਿਚ ਮਹੱਬਤ ਦੇ ਰਾਹ ਵਿਚ ਜਾਤ-ਪਾਤ ਖੜ੍ਹੀ ਨਜ਼ਰ ਆਉਂਦੀ ਹੈ।ਗੁਰਮੀਤ ਕੜਿਆਲਵੀ ਦੀ ਕਹਾਣੀ 'ਬਸੰਤ' ਉਸ ਰੁੱਤ-ਸਮੇਂ ਦੀ ਕਲਪਨਾ ਕਰਦੀ ਕਹਾਣੀ ਹੈ ਜਦ ਪਿਆਰ-ਮੁਹੱਬਤ ਅਮੀਰ ਲੋਕਾਂ ਦੀ ਜਗੀਰ ਨਾ ਰਹਿ ਕੇ ਸਾਰਿਆਂ ਲਈ ਖੁਸ਼ੀਆਂ ਦਾ ਸਬੱਬ ਬਣਦੀ ਦਿਸੇਗੀ। ਅਨੇਮਨ ਸਿੰਘ ਨੇ ਕਹਾਣੀ 'ਪੀ ਬੀ-1331' ਨਾਲ ਮੁਹੱਬਤ ਦੇ ਅਸਲ ਮਾਅਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਪ੍ਰਗਟ ਸਤੋਜ ਦੀ ਕਹਾਣੀ 'ਮੌਸਮ ਠੀਕ ਨਹੀਂ' ਰਵਾਇਤੀ ਢੰਗ ਨਾਲ ਮੁਹੱਬਤ ਦੇ ਵਿਰੋਧ ਵਿਚ ਖੜ੍ਹੇ ਸਮਾਜ ਨੂੰ ਕੇਂਦਰ ਵਿਚ ਰੱਖ ਸਿਰਜੀ ਗਈ ਹੈ। ਇਨ੍ਹਾਂ ਕਹਾਣੀਆਂ ਤੋਂ ਇਲਾਵਾ ਦੀਪਤੀ ਬਬੂਟਾ ਦੀ ਕਹਾਣੀ 'ਵਸ਼ੀਕਰਨ', ਭੁਪਿੰਦਰ ਸਿੰਘ ਮਾਨ ਦੀ ਕਹਾਣੀ 'ਨਸੀਬ' ਅਤੇ ਖਾਲਿਦ ਫਰਹਾਦ ਧਾਲੀਵਾਲ ਦੀ 'ਮਾਲਕਣ' ਕਹਾਣੀਆਂ ਵੀ ਜ਼ਿਕਰਯੋਗ ਹਨ। ਨਿਰੰਜਣ ਬੋਹਾ ਦੀ ਕਹਾਣੀ 'ਹੁਣ ਨਹੀਂ' ਵਿਚ ਵਸਤੂ ਵਾਦੀ ਯੁੱਗ ਵਿਚ ਆਮ ਵਿਅਕਤੀ ਵਿਚ ਪੈਸਾ ਕਮਾਉਣ ਤੇ ਬਾਹਰਲੇ ਦੇਸ਼ ਜਾ ਵਸਣ ਦੀ ਹੋੜ ਨੂੰ ਵਿਸ਼ਾ ਬਣਾਇਆ ਗਿਆ ਜਿਸ ਵਿਚ ਮੁਹੱਬਤ ਨੂੰ ਪਰੇ ਰੱਖਿਆ ਜਾਂਦਾ ਹੈ। ਇਸ ਢੰਗ ਨਾਲ ਇਹ ਪੁਸਤਕ ਇਸ ਵਿਸ਼ੇ ਨੂੰ ਲੈ ਕੇ ਲਿਖੀਆਂ ਪੁਸਤਕਾਂ ਦੀ ਲੜੀ ਵਿਚ ਇਕ ਜ਼ਿਕਰਯੋਗ ਵਾਧਾ ਸਾਬਤ ਹੋਵੇਗੀ।
-ਡਾ. ਸੰਦੀਪ ਰਾਣਾ
ਮੋਬਾਈਲ : 98728-87551
ਉਦੇਸ਼ 'ਤੇ ਨਜ਼ਰ ਰੱਖੋ
ਲੇਖਕ : ਸਵੇਟ ਮਾਰਡਨ
ਪ੍ਰਕਾਸ਼ਕ : ਤਰਕਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 180 ਰੁਪਏ, ਸਫ਼ੇ : 119
ਸੰਪਰਕ : 0167-9233244

ਉਦੇਸ਼ 'ਤੇ ਨਜ਼ਰ ਰੱਖੋ ਦੇ ਲੇਖਕ ਸਵੇਟ ਮਾਰਡਨ ਇੱਕ ਪ੍ਰਸਿੱਧ ਅਮਰੀਕੀ ਪ੍ਰੇਰਨਾਦਾਇਕ ਲੇਖਕ ਸਨ ਜਿਨ੍ਹਾਂ ਨੇ ਸਫਲਤਾ ਪ੍ਰਾਪਤ ਕਰਨ ਬਾਰੇ ਲਿਖਿਆ। ਉਨ੍ਹਾਂ ਦੀਆਂ ਲਿਖਤਾਂ ਵਿਚ ਆਮ ਸਮਝ ਦੇ ਸਿਧਾਂਤਾਂ ਅਤੇ ਗੁਣਾਂ ਬਾਰੇ ਚਰਚਾ ਕੀਤੀ ਗਈ ਹੈ, ਜੋ ਇੱਕ ਚੰਗੇ ਸਫ਼ਲ ਜੀਵਨ ਬਾਰੇ ਦੱਸਦੇ ਹਨ। ਇਸ ਪੁਸਤਕ ਦਾ ਪੰਜਾਬੀ ਅਨੁਵਾਦ ਖੁਸ਼ਪ੍ਰੀਤ ਕੌਰ ਵਲੋਂ ਕੀਤਾ ਗਿਆ ਹੈ। 'ਉਦੇਸ਼ 'ਤੇ ਨਜ਼ਰ ਰੱਖੋ', 'ਦੋਚਿੱਤੀ ਨੂੰ ਤਿਆਗੋ', 'ਡਰ ਦਾ ਭੂਤ ਭਜਾਉ', 'ਆਤਮਾ ਦੀ ਆਵਾਜ਼ ਸੁਣੋ', 'ਉਦਾਸ ਨਾ ਰਹੋ', 'ਆਸ਼ਾਵਾਦੀ ਬਣੋ', 'ਹਿੰਮਤੀ ਬਣੋ', 'ਆਤਮ-ਵਿਸ਼ਵਾਸ ਪੱਕਾ ਹੋਵੇ', 'ਹੰਕਾਰ ਨੂੰ ਖ਼ਤਮ ਕਰੋ', 'ਬੋਲ-ਬਾਣੀ ਨੂੰ ਮਿੱਠਾ ਬਣਾਉ', 'ਪ੍ਰਮਾਤਮਾ ਨਾਲ ਰਿਸ਼ਤਾ,' 'ਮਨ ਨੂੰ ਮਜ਼ਬੂਤ ਕਰੋ', 'ਦ੍ਰਿੜ੍ਹ ਇਰਾਦਾ ਅਤੇ ਵਚਨ', 'ਗ਼ੁੱਸੇ 'ਤੇ ਜਿੱਤ ਪ੍ਰਾਪਤ ਕਰੋ', 'ਹਰ ਕੰਮ ਖ਼ੁਸ਼ੀ ਨਾਲ ਕਰੋ,' 'ਤੁਸੀਂ ਸਭ ਕੁੱਝ ਕਰ ਸਕਦੇ ਹੋ', 'ਵਿਚਾਰ-ਸ਼ਕਤੀ', 'ਸਫਲਤਾ ਦਾ ਰਾਜ', ਲੇਖ ਜੋ ਪਾਠਕ ਵਿਚ ਦ੍ਰਿੜ੍ਹਤਾ ਭਰਦੇ ਹਨ। ਲੇਖਕ ਦਾ ਕਹਿਣਾ ਹੈ ਕਿ ਥੋੜ੍ਹੀ ਜਿਹੀ ਰੁਕਾਵਟ ਦੇ ਆਉਂਦੇ ਹੀ ਕਈ ਲੋਕ ਆਪਣੇ ਕੰਮ ਨੂੰ ਛੱਡ ਦਿੰਦੇ ਹਨ ਕਿਉਂਕਿ ਆਪਣੇ ਕੰਮ 'ਚ ਆਪਣੇ ਉਦੇਸ਼ 'ਚ ਉਨ੍ਹਾਂ ਦੀ ਸ਼ਰਧਾ ਆਸਥਾ ਅਤੇ ਦ੍ਰਿੜ੍ਹ-ਇਰਾਦਾ ਨਹੀਂ ਹੁੰਦਾ। ਵਿਸ਼ਵ ਪ੍ਰਸਿੱਧ ਲੇਖਕ ਸ਼ੈਕਸਪੀਅਰ ਦਾ ਕਹਿਣਾ ਹੈ ਕਿ 'ਜਿਸ ਨੂੰ ਪੂਰਾ ਕਰਨ ਦਾ ਇਰਾਦਾ ਕੀਤਾ ਹੈ ਉਸ ਨੂੰ ਥੋੜ੍ਹੀ ਜਿਹੀ ਅਸਫਲਤਾ ਦੇ ਕਾਰਨ ਨਾ ਛੱਡੋ।' ਜੋ ਵਿਅਕਤੀ ਆਪਣੇ ਉਦੇਸ਼ ਦੀ ਪ੍ਰਾਪਤੀ ਦੇ ਲਈ ਲਗਾਤਾਰ ਅਭਿਆਸ ਕਰਦਾ ਹੈ ਉਹੀ ਸਫਲ ਹੁੰਦਾ ਹੈ। ਰੁਕਾਵਟਾਂ ਦੇ ਡਰ ਕਾਰਨ ਕੰਮ ਨੂੰ ਅਧੂਰਾ ਛੱਡਣ ਵਾਲੇ ਲੋਕ ਡਰਪੋਕ ਹੁੰਦੇ ਹਨ। ਲੇਖਕ ਲਿਖਦਾ ਹੈ ਕਿ 'ਕਿਸੇ ਵਿਅਕਤੀ ਦੀ ਸਫਲਤਾ ਤੇ ਉਚਾਈ ਨੂੰ ਵੇਖ ਕੇ ਕਦੇ ਵੀ ਈਰਖਾ ਨਾ ਕਰੋ। ਬਲਕਿ ਇਹ ਸੋਚੋ ਕਿ ਇਹ ਉੱਨਤੀ ਉਸ ਦੇ ਸੰਘਰਸ਼ ਅਤੇ ਦ੍ਰਿੜ੍ਹਤਾ ਦਾ ਨਤੀਜਾ ਹੈ। ਉਸ ਦੀ ਮਿਹਨਤ ਦਾ ਫਲ ਹੈ। ਉਸ ਦੇ ਜੀਵਨ ਤੋਂ ਸਿੱਖਿਆ ਲਵੋ। ਸਫਲ ਵਿਅਕਤੀ ਦਾ ਜੀਵਨ ਪ੍ਰੇਰਨਾ ਸਰੋਤ ਹੁੰਦਾ ਹੈ।' ਇਹ ਪੜ੍ਹਨਯੋਗ ਪੁਸਤਕ ਹੈ ਜੋ ਸਾਨੂੰ ਦ੍ਰਿੜ੍ਹ-ਇਰਾਦੇ ਨਾਲ ਆਪਣੇ ਚੁਣੇ ਹੋਏ ਉਦੇਸ਼ 'ਤੇ ਨਜ਼ਰ ਰੱਖਣ ਲਈ ਪ੍ਰੇਰਿਤ ਕਰੇਗੀ।
-ਬਲਵਿੰਦਰ ਸਿੰਘ ਗੁਰਾਇਆ
ਮੋਬਾਈਲ : 94170-58020











































































































































.jpg)



































































