08-06-26
ਪੱਤਰਕਾਰਤਾ ਸੱਚ ਦੀ ਕਲਮ
ਪੱਤਰਕਾਰਤਾ ਸਿਰਫ਼ ਖਬਰਾਂ ਲਿਖਣ ਜਾਂ ਦਿਖਾਉਣ ਦਾ ਨਾਂਅ ਨਹੀਂ, ਇਹ ਇਕ ਮਿਸ਼ਨ ਹੈ-ਸੱਚ ਨੂੰ ਬੇਨਕਾਬ ਕਰਨ ਦਾ, ਬੇਆਵਾਜ਼ਾਂ ਦੀ ਆਵਾਜ਼ ਬਣਨ ਦਾ ਅਤੇ ਸਮਾਜ ਨੂੰ ਸਹੀ ਦਿਸ਼ਾ ਦੇਣ ਦਾ। ਲੋਕਤੰਤਰ ਵਿਚ ਪੱਤਰਕਾਰਤਾ ਨੂੰ ਚੌਥਾ ਥੰਮ੍ਹ ਕਿਹਾ ਜਾਂਦਾ ਹੈ, ਕਿਉਂਕਿ ਇਹ ਸਰਕਾਰ, ਨਿਆਂਪਾਲਿਕਾ ਅਤੇ ਵਿਧਾਨਪਾਲਿਕਾ ਨਾਲ-ਨਾਲ ਇਕ ਅਜਿਹਾ ਮਜ਼ਬੂਤ ਢਾਂਚਾ ਹੈ, ਜੋ ਪ੍ਰਣਾਲੀ ਨੂੰ ਸੰਤੁਲਿਤ ਰੱਖਦਾ ਹੈ। ਪੱਤਰਕਾਰ ਸਮਾਜ ਦੀਆਂ ਅੱਖਾਂ ਅਤੇ ਕੰਨ ਹੁੰਦੇ ਹਨ। ਉਹ ਉਨ੍ਹਾਂ ਮੁੱਦਿਆਂ ਨੂੰ ਉਭਾਰਦੇ ਹਨ ਜਿਨ੍ਹਾਂ ਨੂੰ ਕਈ ਵਾਰ ਹਕੂਮਤਾਂ ਨਜ਼ਰਅੰਦਾਜ਼ ਕਰ ਜਾਂਦੀਆਂ ਹਨ। ਗਰੀਬੀ, ਬੇਰੁਜ਼ਗਾਰੀ, ਭ੍ਰਿਸ਼ਟਾਚਾਰ, ਸਿੱਖਿਆ, ਸਿਹਤ ਅਤੇ ਮਨੁੱਖੀ ਅਧਿਕਾਰਾਂ ਵਰਗੇ ਮਾਮਲਿਆਂ ਨੂੰ ਜਨਤਕ ਚਰਚਾ ਵਿਚ ਲਿਆਉਣਾ ਪੱਤਰਕਾਰਤਾ ਦਾ ਮੁੱਖ ਫਰਜ਼ ਹੈ। ਜੇਕਰ ਮੀਡੀਆ ਸਚਾਈ ਨਾਲ ਆਪਣਾ ਕੰਮ ਕਰੇ, ਤਾਂ ਸਮਾਜ ਵਿਚ ਜਾਗਰੂਕਤਾ ਅਤੇ ਇਨਸਾਫ਼ ਦੋਵੇਂ ਮਜ਼ਬੂਤ ਹੁੰਦੇ ਹਨ। ਜਦੋਂ ਕੋਈ ਘੋਟਾਲਾ ਬੇਨਕਾਬ ਹੁੰਦਾ ਹੈ ਜਾਂ ਕਿਸੇ ਪੀੜਤ ਨੂੰ ਇਨਸਾਫ਼ ਮਿਲਦਾ ਹੈ, ਉਸ ਦੇ ਪਿੱਛੇ ਅਕਸਰ ਨਿਡਰ ਪੱਤਰਕਾਰਤਾ ਦੀ ਭੂਮਿਕਾ ਹੁੰਦੀ ਹੈ। ਟੈਕਨਾਲੋਜੀ ਦੇ ਯੁੱਗ ਵਿਚ ਪੱਤਰਕਾਰਤਾ ਨੇ ਨਵਾਂ ਰੂਪ ਧਾਰ ਲਿਆ ਹੈ। ਸੋਸ਼ਲ ਮੀਡੀਆ, ਡਿਜੀਟਲ ਪਲੇਟਫਾਰਮ ਅਤੇ ਆਨਲਾਈਨ ਨਿਊਜ਼ ਚੈਨਲਾਂ ਨੇ ਖ਼ਬਰਾਂ ਨੂੰ ਤੁਰੰਤ ਲੋਕਾਂ ਤੱਕ ਪਹੁੰਚਾਉਣਾ ਆਸਾਨ ਕਰ ਦਿੱਤਾ ਹੈ। ਪਰ ਇਸ ਨਾਲ ਇਕ ਚੁਣੌਤੀ ਵੀ ਜੁੜੀ ਹੈ-ਫੇਕ ਨਿਊਜ਼ ਅਤੇ ਗਲਤ ਜਾਣਕਾਰੀ ਦਾ ਫੈਲਾਅ। ਇਸ ਲਈ ਅੱਜ ਦੇ ਪੱਤਰਕਾਰ ਲਈ ਨਿਰਪੱਖਤਾ ਅਤੇ ਤਸਦੀਕ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ। ਅਜਿਹਾ ਵੀ ਵੇਖਣ ਵਿਚ ਆਉਂਦਾ ਹੈ ਕਿ ਕਈ ਵਾਰ ਪੱਤਰਕਾਰਤਾ ਉੱਤੇ ਰਾਜਨੀਤਕ ਜਾਂ ਕਾਰੋਬਾਰੀ ਦਬਾਅ ਹੁੰਦਾ ਹੈ। ਇਸ਼ਤਿਹਾਰਬਾਜ਼ੀ ਅਤੇ ਟੀ.ਆਰ.ਪੀ. ਦੀ ਦੌੜ ਕਈ ਵਾਰ ਅਸਲੀ ਮੁੱਦਿਆਂ ਨੂੰ ਪਿੱਛੇ ਧੱਕ ਦਿੰਦੀ ਹੈ। ਪੱਤਰਕਾਰਤਾ ਸਮਾਜ ਦਾ ਦਰਪਣ ਹੈ। ਜਿਵੇਂ ਦਰਪਣ ਸੱਚਾ ਚਿਹਰਾ ਦਿਖਾਉਂਦਾ ਹੈ, ਉਸੇ ਤਰ੍ਹਾਂ ਪੱਤਰਕਾਰਤਾ ਨੂੰ ਵੀ ਬਿਨਾਂ ਡਰ ਅਤੇ ਪੱਖਪਾਤ ਦੇ ਸਚਾਈ ਪੇਸ਼ ਕਰਨੀ ਚਾਹੀਦੀ ਹੈ। ਜਦੋਂ ਕਲਮ ਨਿਡਰ ਹੋਵੇ ਅਤੇ ਮਕਸਦ ਸਾਫ਼ ਹੋਵੇ, ਤਦ ਹੀ ਲੋਕਤੰਤਰ ਮਜ਼ਬੂਤ ਹੁੰਦਾ ਹੈ। ਇਸ ਲਈ ਪੱਤਰਕਾਰਤਾ ਨੂੰ ਸਿਰਫ਼ ਪੇਸ਼ਾ ਨਹੀਂ, ਸੇਵਾ ਅਤੇ ਜ਼ਿੰਮੇਵਾਰੀ ਸਮਝ ਕੇ ਨਿਭਾਉਣਾ ਚਾਹੀਦਾ ਹੈ।
-ਗੁਰਭਿੰਦਰ ਗੁਰੀ।
ਲੜਾਈ 'ਚ ਸਬਰ ਰੱਖਣਾ ਜ਼ਰੂਰੀ
ਕਿਸੇ ਵੀ ਲੜਾਈ 'ਚ ਜਿੱਤ ਹਾਰ ਦਾ ਫ਼ੈਸਲਾ ਆਖ਼ਰੀ ਸਮੇਂ 'ਚ ਤੁਹਾਡੇ ਵਲੋਂ ਵਰਤੀ ਗਈ ਸਮਝਦਾਰੀ ਉੱਤੇ ਨਿਰਭਰ ਕਰਦਾ ਹੈ। ਤੁਹਾਡਾ ਕਾਹਲੀ ਜਾਂ ਜਲਦਬਾਜ਼ੀ 'ਚ ਲਿਆ ਗਿਆ ਕੋਈ ਫ਼ੈਸਲਾ ਤੁਹਾਨੂੰ ਹਾਰ ਵੱਲ ਧੱਕ ਸਕਦਾ ਹੈ। ਇਸ ਲਈ ਜਦੋਂ ਲੜਾਈ ਆਖ਼ਰੀ ਪਲਾਂ 'ਤੇ ਹੋਵੇ ਤਾਂ ਕਦੇ ਵੀ ਆਪੇ ਤੋਂ ਬਾਹਰ ਨਾ ਹੋਵੋ, ਸਗੋਂ ਸਬਰ ਰੱਖ ਕੇ ਆਪਣੇ ਆਪ 'ਤੇ ਪੂਰੀ ਤਰ੍ਹਾਂ ਕਾਬੂ ਰੱਖੋ। ਹਰ ਕਦਮ ਸਹਿਜਤਾ ਨਾਲ ਚੁੱਕੋ। ਕਾਹਲੀ 'ਚ ਕੋਈ ਫ਼ੈਸਲਾ ਨਾ ਲਵੋ। ਜਦੋਂ ਲੜਾਈ ਅੰਤਿਮ ਪਲਾਂ 'ਤੇ ਹੋਵੇ ਜਿੱਤ ਹਾਰ ਦਾ ਅਸਲ ਫ਼ੈਸਲਾ ਵੀ ਉਦੋਂ ਹੀ ਹੋਣਾ ਹੁੰਦਾ ਹੈ। ਤੁਹਾਡੀ ਇਕ ਮਿੰਟ ਦੀ ਸਮਝਦਾਰੀ ਤੁਹਾਨੂੰ ਜਿੱਤ ਵੀ ਦੁਆ ਸਕਦੀ ਹੈ ਤੇ ਕਾਹਲੀ 'ਚ ਕੀਤੀ ਕੋਈ ਵੀ ਗਲਤੀ ਤੁਹਾਡੇ ਪੱਲੇ ਹਾਰ ਵੀ ਪਾ ਸਕਦੀ ਹੈ। ਇਸ ਲਈ ਲੜਾਈ ਦੇ ਅਖ਼ੀਰੀ ਪਲਾਂ ਦੌਰਾਨ ਹਮੇਸ਼ਾ ਸਹਿਜਤਾ ਤੇ ਸਬਰ ਨਾਲ ਚੱਲੋ ਜਿੱਤ ਨਿਸ਼ਚਿਤ ਹੋਵੇਗੀ।
-ਲੈਕਚਰਾਰ ਅਜੀਤ ਖੰਨਾ
ਮਾਨਸਿਕ ਸੰਤੁਸ਼ਟੀ
ਹਰ ਮਨੁੱਖ ਚਾਹੁੰਦਾ ਹੈ ਕਿ ਉਸ ਨੂੰ ਮਾਨਸਿਕ ਸੰਤੁਸ਼ਟੀ ਮਿਲੇ, ਅਤੇ ਇਸ ਸੰਬੰਧੀ ਉਹ ਯਤਨਸ਼ੀਲ ਵੀ ਰਹਿੰਦਾ ਹੈ, ਪਰ ਅਜਿਹਾ ਹੋਣਾ ਬਹੁਤ ਘੱਟ ਪ੍ਰਾਣੀਆਂ ਦੇ ਹਿੱਸੇ ਵਿਚ ਆਉਂਦਾ ਹੈ। ਆਮ ਤੌਰ 'ਤੇ ਮਨੁੱਖ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਹੀ ਰਹਿੰਦਾ ਹੈ ਅਤੇ ਪ੍ਰੇਸ਼ਾਨੀਆਂ ਕਾਰਨ ਉਸ ਦਾ ਹਿਰਦਾ ਤੰਦੂਰ ਵਾਂਗ ਤਪਿਆ ਰਹਿੰਦਾ ਹੈ। ਦੇਖਣ-ਸੁਣਨ ਵਿਚ ਆਉਂਦਾ ਹੈ ਕਿ ਮਨੁੱਖ ਆਪਣੇ ਦੁੱਖਾਂ ਤੋਂ ਓਨਾ ਦੁਖੀ ਨਹੀਂ ਹੁੰਦਾ, ਜਿੰਨਾ ਦੂਸਰਿਆਂ ਦੇ ਸੁੱਖਾਂ ਤੋਂ ਦੁਖੀ ਹੁੰਦਾ ਹੈ ਕਿਉਂਕਿ ਉਹ ਨਹੀਂ ਚਾਹੁੰਦਾ ਕਿ ਉਸ ਦੇ ਰਿਸ਼ਤੇਦਾਰ ਜਾਂ ਗੁਆਂਢੀਆਂ ਕੋਲ ਸੁੱਖਾਂ ਦਾ ਸਾਮਾਨ ਉਸ ਤੋਂ ਵੱਧ ਨਾ ਹੋਵੇ। ਅਜਿਹੀ ਸੋਚ ਕਾਰਨ ਉਹ ਦੂਸਰਿਆਂ ਨਾਲ ਈਰਖਾ, ਸਾੜਾ ਅਤੇ ਨਫ਼ਰਤ ਕਰਦਾ ਹੈ। ਇਹ ਈਰਖਾ, ਸਾੜਾ ਅਤੇ ਨਫ਼ਰਤ ਮਨੁੱਖੀ ਹਿਰਦੇ ਨੂੰ ਪ੍ਰੇਸ਼ਾਨ ਅਤੇ ਦੁਖੀ ਕਰਨ ਦੀ ਬਜਾਏ ਕਦੇ ਵੀ ਮਾਨਸਿਕ ਸੰਤੁਸ਼ਟੀ ਨਹੀਂ ਦੇ ਸਕਦੇ। ਮਾਨਸਿਕ ਸੰਤੁਸ਼ਟੀ ਤਾਂ ਸਿਰਫ਼ ਸੌੜੀ ਸੋਚ ਨੂੰ ਤਿਆਗਣ ਨਾਲ ਅਤੇ ਉਸਾਰੂ ਸੋਚ ਅਪਨਾਉਣ ਨਾਲ ਹੀ ਮਿਲ ਸਕਦੀ ਹੈ। ਮਨੁੱਖ ਨੂੰ ਚਾਹੀਦਾ ਹੈ ਕਿ ਉਹ ਜਿਥੇ ਤੱਕ ਸੰਭਵ ਹੋ ਸਕੇ ਦੂਸਰਿਆਂ ਦਾ ਭਲਾ ਕਰੇ, ਜੇਕਰ ਭਲਾ ਨਹੀਂ ਕਰ ਸਕਦਾ ਤਾਂ ਕਿਸੇ ਦਾ ਵੀ ਬੁਰਾ ਕਰਨ ਦਾ ਉਸ ਨੂੰ ਕੋਈ ਹੱਕ ਨਹੀਂ ਹੈ।
-ਜਗਤਾਰ ਸਿੰਘ ਝੋਜੜ
ਜ਼ਿਲਾ ਕਚਹਿਰੀਆਂ, ਹੁਸ਼ਿਆਰਪੁਰ।