JALANDHAR WEATHER

10-06-26

 ਚੰਗੇ ਕਿਰਦਾਰ ਵਾਲੇ ਨੇਤਾ ਚੁਣੋ

ਅੱਜ ਦੇਸ਼ ਦੀ ਸਿਆਸਤ ਏਨੀ ਗੰਧਲੀ ਹੋ ਚੁੱਕੀ ਹੈ ਕਿ ਬਹੁਤੇ ਸਿਆਸਤਦਾਨਾ ਕਿਰਦਾਰ ਪੱਖੋਂ ਹੀਣੇ ਹੋ ਗਏ ਹਨ। ਇਸ ਲਈ ਜ਼ਿੰਮੇਵਾਰ ਕੌਣ ਹੈ? ਗੰਧਲੀ ਸਿਆਸਤ ਲਈ ਸਿਆਸਤਦਾਨ ਇਕੱਲੇ ਜ਼ਿੰਮੇਵਾਰ ਨਹੀਂ ਹਨ। ਇਸ ਵਿਚ ਸਾਡੀ ਵੀ ਹਿੱਸੇਦਾਰੀ ਹੈ, ਕਿਉਂਕਿ ਅਸੀਂ ਸਿਆਸਤਦਾਨ ਦੀ ਚੋਣ ਕਰਨ ਸਮੇਂ ਆਪਣੇ ਨਿੱਜੀ ਮੁਫ਼ਾਦਾਂ ਤੇ ਲਾਲਚ ਨੂੰ ਪਹਿਲ ਦਿੰਦੇ ਹਾਂ। ਸਿੱਟੇ ਵਜੋਂ ਮਾੜੇ ਸਿਆਸਤਦਾਨ ਚੁਣੇ ਜਾਂਦੇ ਹਨ, ਜੋ ਦੇਸ਼ ਤੇ ਲੋਕਾਂ ਦੀ ਭਲਾਈ ਕਰਨ ਦੀ ਬਜਾਏ ਖ਼ੁਦ ਨੂੰ ਪਹਿਲ ਦੇਣ ਨੂੰ ਤਰਜੀਹ ਦਿੰਦੇ ਹਨ। ਇਸੇ ਕਰਕੇ ਉਹ ਲੋਕਾਂ ਦੇ ਹਿੱਤਾਂ ਨੂੰ ਅਣਗੌਲਿਆ ਕਰ ਸਿਆਸਤ ਨੂੰ ਆਪਣੇ ਨਿੱਜੀ ਹਿੱਤਾਂ ਲਈ ਵਰਤਦੇ ਹਨ, ਜਿਸ ਦੇ ਸਿੱਟੇ ਵਜੋਂ ਸਿਆਸਤ 'ਚ ਗੰਧਲਾਪਣ ਆਉਣਾ ਸੁਭਾਵਿਕ ਹੈ। ਸੋ, ਦੇਸ਼ ਵਾਸੀਆਂ ਨੂੰ ਸੁਚੇਤ ਹੋਣ ਦੀ ਲੋੜ ਹੈ। ਉਹ ਆਪਣੇ ਛੋਟੇ-ਛੋਟੇ ਲਾਭਾਂ ਤੇ ਲਾਲਚ ਨੂੰ ਤਿਆਗ ਕੇ ਨੇਤਾ ਦੀ ਚੋਣ ਕਰਨ, ਤਾਂ ਜੋ ਸਿਆਸਤ ਨੂੰ ਹੋਰ ਗੰਧਲਾ ਹੋਣ ਤੋਂ ਰੋਕਿਆ ਜਾ ਸਕੇ। ਇਸੇ ਵਿਚ ਦੇਸ਼ ਦੀ ਭਲਾਈ ਹੈ।

ਲੈਕਚਰਾਰ ਅਜੀਤ ਖੰਨਾ।

ਬੱਚਿਆਂ ਦਾ ਹੁਨਰ ਸਮਝਣ ਦੀ ਲੋੜ

ਸਾਡੇ ਦੇਸ਼ ਵਿਚ ਅਜੇ ਵੀ ਪਾਸ-ਫੇਲ੍ਹ ਪ੍ਰਣਾਲੀ ਚੱਲ ਰਹੀ ਹੈ। ਇਸ ਕਾਰਨ ਵਿਦਿਆਰਥੀ ਫੇਲ੍ਹ ਹੋਣ ਦੇ ਡਰ ਤੋਂ ਤਣਾਅ ਵਿਚ ਰਹਿੰਦੇ ਹਨ ਅਤੇ ਕਈ ਵਾਰ ਹੌਸਲਾ ਵੀ ਹਾਰ ਜਾਂਦੇ ਹਨ। ਦੁਨੀਆ ਦੇ ਕਈ ਦੇਸ਼ਾਂ ਜਿਵੇਂ ਫਿਨਲੈਂਡ, ਨਾਰਵੇਅ, ਸਵੀਡਨ, ਡੈਨਮਾਰਕ, ਨਿਊਜ਼ੀਲੈਂਡ ਅਤੇ ਸਾਊਥ ਕੋਰੀਆ ਵਿਚ ਸਿਰਫ਼ ਪਾਸ-ਫੇਲ੍ਹ 'ਤੇ ਧਿਆਨ ਨਹੀਂ ਦਿੱਤਾ ਜਾਂਦਾ। ਉੱਥੇ ਬੱਚਿਆਂ ਦੇ ਹੁਨਰ, ਸਮਝ, ਪ੍ਰੈਕਟੀਕਲ ਗਿਆਨ ਅਤੇ ਤਰੱਕੀ ਦੇ ਆਧਾਰ 'ਤੇ ਨੰਬਰ ਦਿੱਤੇ ਜਾਂਦੇ ਹਨ। ਇਸ ਨਾਲ ਬੱਚੇ ਬਿਨਾਂ ਡਰ ਦੇ ਪੜ੍ਹਦੇ ਹਨ। ਜੇ ਭਾਰਤ ਦੇ ਸਕੂਲਾਂ ਅਤੇ ਕਾਲਜਾਂ ਵਿਚ ਵੀ ਇਸ ਤਰ੍ਹਾਂ ਦੀ ਪ੍ਰਣਾਲੀ ਲਾਗੂ ਹੋਵੇ ਤਾਂ ਵਿਦਿਆਰਥੀਆਂ ਦਾ ਤਣਾਅ ਘਟੇਗਾ। ਉਨ੍ਹਾਂ ਦਾ ਆਤਮ-ਵਿਸ਼ਵਾਸ ਵਧੇਗਾ ਅਤੇ ਹਰ ਬੱਚੇ ਨੂੰ ਆਪਣੀ ਯੋਗਤਾ ਦਿਖਾਉਣ ਦਾ ਮੌਕਾ ਮਿਲੇਗਾ। ਇਸ ਨਾਲ ਰਟਨ ਪ੍ਰਣਾਲੀ ਵੀ ਘਟੇਗੀ ਅਤੇ ਬੱਚੇ ਨਵੀਆਂ ਚੀਜ਼ਾਂ ਸਿੱਖਣ ਵਿਚ ਰੁਚੀ ਲੈਣਗੇ।

-ਮਨਪ੍ਰੀਤ ਜਲੰਧਰ।

ਆਮ ਇਨਸਾਨ ਲਈ ਇਨਸਾਫ਼ ਕਿੱਥੇ ?

ਆਮ ਇਨਸਾਨ ਆਪਣੀ ਪੂਰੀ ਜ਼ਿੰਦਗੀ ਮਿਹਨਤ, ਸਬਰ ਅਤੇ ਉਮੀਦ ਨਾਲ ਗੁਜ਼ਾਰ ਦਿੰਦਾ ਹੈ। ਜਦੋਂ ਉਸ ਨਾਲ ਬੇਇਨਸਾਫ਼ੀ ਹੁੰਦੀ ਹੈ, ਉਹ ਦਰ ਦਰ ਇਨਸਾਫ਼ ਲਈ ਭਟਕਦਾ ਹੈ। ਕਈ ਵਾਰ ਉਸ ਦੀ ਆਵਾਜ਼ ਭੀੜ ਵਿਚ ਗੁੰਮ ਹੋ ਜਾਂਦੀ ਹੈ ਅਤੇ ਉਸ ਦੀ ਉਡੀਕ ਸਾਲਾਂ ਲੰਬੀ ਹੋ ਜਾਂਦੀ ਹੈ। ਕਾਨੂੰਨ ਮੌਜੂਦ ਹੈ ਜਾਂ ਨਹੀਂ, ਸਗੋਂ ਸਵਾਲ ਇਹ ਹੈ ਕਿ ਇਕ ਆਮ ਇਨਸਾਨ ਤੱਕ ਇਨਸਾਫ਼ ਸਮੇਂ ਸਿਰ ਪਹੁੰਚਦਾ ਹੈ ਕੀ ਨਹੀਂ? ਜਦੋਂ ਸੱਚ ਨੂੰ ਸਾਬਤ ਕਰਨ ਲਈ ਉਮਰ ਲੰਘ ਜਾਵੇ, ਤਾਂ ਇਨਸਾਫ਼ ਦੀ ਉਮੀਦ ਵੀ ਥੱਕਣ ਲੱਗ ਪੈਂਦੀ ਹੈ। ਇਕ ਸਮਾਜ ਦੀ ਅਸਲ ਤਾਕਤ ਉਸ ਵੇਲੇ ਸਾਬਤ ਹੁੰਦੀ ਹੈ, ਜਦੋਂ ਸਭ ਤੋਂ ਕਮਜ਼ੋਰ ਅਤੇ ਆਮ ਇਨਸਾਨ ਨੂੰ ਵੀ ਬਰਾਬਰੀ ਨਾਲ ਇਨਸਾਫ਼ ਮਿਲੇ, ਕਿਉਂਕਿ ਜਿਸ ਸਮਾਜ ਵਿਚ ਆਮ ਆਦਮੀ ਦੀ ਸੁਣਵਾਈ ਨਹੀਂ ਹੁੰਦੀ, ਉੱਥੇ ਭਰੋਸਾ ਹੌਲੀ-ਹੌਲੀ ਖ਼ਤਮ ਹੋ ਜਾਂਦਾ ਹੈ।

-ਮੰਜੂ ਰਾਇਕਾ
ਸੰਗਰੂਰ।