15-06-26
ਵਧਦਾ ਤਾਪਮਾਨ ਚਿੰਤਾ ਦਾ ਵਿਸ਼ਾ
ਹਰ ਸਾਲ ਗਰਮੀ ਆਪਣਾ ਪਿਛਲਾ ਰਿਕਾਰਡ ਤੋੜ ਰਹੀ ਹੈ। ਪਹਿਲਾਂ ਜੂਨ ਵਿਚ 45 ਡਿਗਰੀ ਤਾਪਮਾਨ ਸੁਣ ਕੇ ਹੈਰਾਨੀ ਹੁੰਦੀ ਸੀ, ਹੁਣ ਅਪ੍ਰੈਲ ਵਿਚ ਹੀ ਪਾਰਾ 47 ਨੂੰ ਛੂਹ ਜਾਂਦਾ ਹੈ। ਮੌਸਮ ਵਿਭਾਗ ਦੀ ਚਿਤਾਵਨੀ, ਸੜਕਾਂ 'ਤੇ ਡਿੱਗਦੇ ਰਾਹਗੀਰ, ਹਸਪਤਾਲਾਂ ਵਿਚ ਹੀਟ ਸਟ੍ਰੋਕ ਦੇ ਮਰੀਜ਼ ਇਹ ਸਭ ਦੱਸ ਰਹੇ ਹਨ ਕਿ ਵਧਦਾ ਤਾਪਮਾਨ ਹੁਣ ਸਿਰਫ਼ ਮੌਸਮ ਦੀ ਖ਼ਬਰ ਨਹੀਂ, ਜ਼ਿੰਦਗੀ ਦਾ ਸਵਾਲ ਬਣ ਗਿਆ ਹੈ। ਇਸ ਦਾ ਸਭ ਤੋਂ ਵੱਡਾ ਕਾਰਨ ਦਰੱਖਤਾਂ ਦੀ ਅੰਨ੍ਹੇਵਾਹ ਕਟਾਈ ਤੇ ਕੰਕਰੀਟ ਦੇ ਉਸਰ ਰਹੇ ਜੰਗਲ ਹਨ। ਸ਼ਹਿਰਾਂ ਵਿਚ ਹਰਿਆਲੀ ਘਟੀ ਹੈ, ਗੱਡੀਆਂ ਤੇ ਫੈਕਟਰੀਆਂ ਦਾ ਧੂੰਆਂ ਲਗਾਤਾਰ ਵਧ ਰਿਹਾ ਹੈ। ਧਰਤੀ ਸੂਰਜ ਦੀ ਗਰਮੀ ਨੂੰ ਸੋਖ ਨਹੀਂ ਪਾ ਰਹੀ ਹੈ, ਇਸ ਦਾ ਮਾੜਾ ਅਸਰ ਫ਼ਸਲਾਂ 'ਤੇ ਵੀ ਪੈ ਰਿਹਾ ਹੈ। ਕਣਕ ਦਾ ਦਾਣਾ ਸਮੇਂ ਤੋਂ ਪਹਿਲਾਂ ਸੁੱਕ ਰਿਹਾ ਹੈ, ਪਾਣੀ ਦਾ ਪੱਧਰ ਹੇਠਾਂ ਜਾ ਰਿਹਾ ਹੈ, ਬਿਜਲੀ ਦੀ ਮੰਗ ਵਧਣ ਨਾਲ ਕੱਟ ਲੱਗ ਰਹੇ ਹਨ। ਮਜ਼ਦੂਰ, ਰੇਹੜੀ ਵਾਲੇ, ਖੇਤਾਂ ਵਿਚ ਕੰਮ ਕਰਨ ਵਾਲੇ ਸਭ ਤੋਂ ਵਧ ਝੁਲਸ ਰਹੇ ਹਨ। ਇਸ ਸਮੱਸਿਆ ਦਾ ਹੱਲ ਸਾਡੇ ਸਾਰਿਆਂ ਦੇ ਹੱਥ ਵਿਚ ਹੈ। ਹਰੇਕ ਬੰਦਾ ਇਕ ਦਰੱਖ਼ਤ ਲਗਾਵੇ ਤੇ ਉਸ ਦੀ ਦੇਖਭਾਲ ਕਰੇ। ਪਾਣੀ ਬਚਾਓ, ਬਿਜਲੀ ਦੀ ਵਰਤੋਂ ਘਟਾਓ। ਜੇ ਅਸੀਂ ਹੁਣ ਵੀ ਨਾ ਸੰਭਲੇ, ਤਾਂ ਆਉਣ ਵਾਲੀ ਪੀੜ੍ਹੀ ਨੂੰ ਅਸੀਂ ਸਿਰਫ਼ ਗਰਮੀ ਨਹੀਂ, ਸਗੋਂ ਇਕ ਸੜਦੀ ਹੋਈ ਧਰਤੀ ਵਿਰਾਸਤ ਵਿਚ ਦੇਵਾਂਗੇ।
-ਗੌਰਵ ਮੁੰਜਾਲ,
ਪੀ.ਸੀ.ਐਸ.।
ਅਖ਼ਬਾਰਾਂ ਦੀ ਭਰੋਸੇਯੋਗਤਾ
ਅੱਜਕਲ੍ਹ ਸੋਸ਼ਲ ਮੀਡੀਏ 'ਤੇ ਜਿਸ ਦਾ ਜੋ ਜੀਅ ਕਰਦਾ ਹੈ, ਉਹ ਪੋਸਟ ਕਰ ਰਿਹਾ ਹੈ। ਝੂਠੀਆਂ-ਸੱਚੀਆਂ ਕਈ ਤਰ੍ਹਾਂ ਦੀਆਂ ਖ਼ਬਰਾਂ ਸੋਸ਼ਲ ਮੀਡੀਏ ਉਤੇ ਆਏ ਦਿਨ ਵੇਖਣ ਨੂੰ ਮਿਲਦੀਆਂ ਹਨ। ਉਸ ਵੇਲੇ ਬੜਾ ਦੁੱਖ ਹੁੰਦਾ ਹੈ ਜਦੋਂ ਕੋਈ 18-20 ਸਾਲ ਦਾ ਜਵਾਨ ਬੱਚਾ ਸੋਸ਼ਲ ਮੀਡੀਏ ਤੋਂ ਕੋਈ ਖ਼ਬਰ ਪੜ੍ਹ/ਸੁਣ ਕੇ ਕਿਸੇ ਸਿਆਣੇ ਨੂੰ ਪੁੱਛਦਾ ਹੈ ਕਿ ਕੀ ਫਲਾਣੀ ਤਰੀਕ ਨੂੰ ਦੁਨੀਆ ਖ਼ਤਮ ਹੋ ਜਾਵੇਗੀ? ਕੀ ਫਲਾਣਾ ਨੇਤਾ ਮਰ ਗਿਆ ਹੈ? ਕੀ ਫਲਾਣਾ ਦੇਸ਼ ਫਲਾਣੇ ਦੇਸ਼ 'ਤੇ ਹਮਲਾ ਕਰ ਰਿਹਾ ਹੈ? ਤਾਂ ਸਿਆਣਾ ਬੰਦਾ ਉਸ ਜਵਾਨ ਬੱਚੇ ਨੂੰ ਅਕਸਰ ਇਹ ਕਹਿੰਦਾ ਹੈ ਕਿ ਭਾਈ ਸੋਸ਼ਲ ਮੀਡੀਏ 'ਤੇ ਏਨਾ ਭਰੋਸਾ ਨਾ ਕਰਿਆ ਕਰੋ। ਜੇਕਰ ਸੱਚਾਈ ਨੂੰ ਜਾਣਨਾ ਹੈ ਤਾਂ ਅਖ਼ਬਾਰ ਵੇਖ ਲਿਆ ਕਰੋ। ਸੋਸ਼ਲ ਮੀਡੀਏ ਉਤੇ ਸਾਰੀਆਂ ਖ਼ਬਰਾਂ ਗ਼ਲਤ ਵੀ ਵੀ ਨਹੀਂ ਹੁੰਦੀਆਂ ਪਰ ਜ਼ਿਆਦਾਤਰ ਖ਼ਬਰਾਂ ਗ਼ੈਰ-ਜ਼ਿੰਮੇਵਾਰ ਲੋਕਾਂ ਵਲੋਂ ਵਿਊਜ਼ ਲੈਣ ਦੇ ਚੱਕਰ ਵਿਚ ਸਨਸਨੀਖੇਜ਼ ਬਣਾ ਕੇ ਪੋਸਟ ਕੀਤੀਆਂ ਹੁੰਦੀਆਂ ਹਨ। ਜਿਸ ਤਰ੍ਹਾਂ ਸੋਸ਼ਲ ਮੀਡੀਆ ਆਪਣੀ ਭਰੋਸੇਯੋਗਤਾ ਗੁਆ ਰਿਹਾ ਹੈ, ਉਸ ਸੂਰਤ ਵਿਚ ਸਾਡੇ ਕੋਲ ਸੱਚਾਈ ਜਾਣਨ ਦਾ ਇਕ ਇਕ ਜ਼ਰੀਆ ਇਹੋ ਰਹਿ ਗਿਆ ਹੈ ਕਿ ਅਸੀਂ ਅਖ਼ਬਾਰ ਪੜ੍ਹੀਏ। ਟੀ.ਵੀ. ਚੈਨਲਾਂ 'ਤੇ ਖ਼ਬਰ ਦਾ ਵਿਸਥਾਰ ਨਹੀਂ ਦਿੱਤਾ ਜਾਂਦਾ, ਅਖ਼ਬਾਰਾਂ ਵਿਚ ਹਰ ਖ਼ਬਰ ਦੀ ਵਿਸਥਾਰ ਸਹਿਤ ਰਿਪੋਰਟ ਪੂਰੀ ਜ਼ਿੰਮੇਵਾਰੀ ਨਾਲ ਪੇਸ਼ ਕੀਤੀ ਜਾਂਦੀ ਹੈ।
-ਹਰਦਰਸ਼ਨ ਨੈਬੀ
ਸ੍ਰੀ ਮੁਕਤਸਰ ਸਾਹਿਬ।
ਜ਼ਿੰਦਗੀ ਜਿਊਣ ਦਾ ਰਹੱਸ
ਅਸੀਂ ਜੀਵਨ ਵਿਚ ਅਲੱਗ-ਅਲੱਗ ਤਰੀਕਿਆਂ ਨਾਲ ਜ਼ਿੰਦਗੀ ਜਿਉ ਰਹੇ ਹਾਂ। ਜੀਵਨ ਬਤੀਤ ਕਰਨ ਦੇ ਅਲੱਗ ਢੰਗ ਨਾਲ। ਜੀਵਨ ਦੇ ਰਹੱਸ ਨੂੰ ਜਦੋਂ ਸਮਝ ਗਏ ਤਾਂ ਬਿਨਾਂ ਬੋਝ ਲਿਆ ਜੀਵਨ ਬਤੀਤ ਕਰ ਸਕਦੇ ਹਾਂ। ਜੀਵਨ ਨੂੰ ਨੇਮਬੱਧ ਕਰ ਲਓ, ਹਰ ਕੰਮ ਨੂੰ ਬੋਝ ਲਏ ਬਿਨਾਂ ਸਮਾਪਤ ਕਰੋ ਕਿਸੇ ਕੰਮ ਨੂੰ ਬੋਝ ਨਾ ਸਮਝੋ ਹਰ ਕੰਮ ਠਰ੍ਹੰਮੇ ਨਾਲ ਕਰੋ, ਕੰਮ ਭਾਵੇਂ ਘੱਟ ਕਰ ਲਓ ਪਰ ਮਨ ਲਾ ਕੇ ਕਰੋ। ਘਰ ਵਿਚ ਛੋਟੀਆਂ-ਛੋਟੀਆਂ ਚੀਜ਼ਾਂ ਨੂੰ ਸਹੀ ਸਥਾਨ 'ਤੇ ਰੱਖੋ, ਤਾਂ ਜੋ ਸਮੇਂ ਸਿਰ ਮਿਲ ਜਾਵੇ।
ਬੱਚਿਆਂ ਨਾਲ, ਪਰਿਵਾਰ ਨਾਲ ਸਹਿਯੋਗ ਕਰੋ। ਕੰਮ ਕਰਨ ਤੋਂ ਪਹਿਲਾਂ ਉਸ ਦੀ ਵਿਉਂਤ ਬਣਾਓ, ਤਾਂ ਜੋ ਸਮਾਂ ਅਤੇ ਪੈਸਾ ਖਰਚ ਕੀਤਾ ਬੇਕਾਰ ਨਾ ਜਾਵੇ। ਚੰਗੀਆਂ ਕਿਤਾਬਾਂ ਨੂੰ ਸਮਾਂ ਕੱਢ ਕੇ ਜ਼ਰੂਰ ਪੜ੍ਹੋ, ਗਿਆਨ ਵਿਚ ਵਾਧਾ ਹਾਵੋਗਾ। ਛੋਟੀਆਂ-ਛੋਟੀਆਂ ਚੀਜ਼ਾਂ ਨੂੰ ਸੰਭਾਲ ਕੇ ਰੱਖੋ ਜੀਵਨ ਵਿਚ ਕੰਮ ਆਉਂਦੀਆਂ ਰਹਿੰਦੀਆਂ ਹਨ। ਚੰਗੀਆਂ ਗੱਲਾਂ ਮਨ ਨੂੰ ਸਕੂਨ ਨਾਲ ਭਰ ਦਿੰਦੀਆਂ ਹਨ। ਦੋਸਤਾਂ-ਮਿੱਤਰਾਂ ਨਾਲ ਸਹਿਚਾਰ ਬਣਾਈ ਰੱਖੋ।
-ਰਾਮ ਸਿੰਘ ਪਾਠਕ