17-06-26
ਪ੍ਰਧਾਨ ਮੰਤਰੀ ਮੋਦੀ ਦੇ 12 ਸਾਲ
ਪਿਛਲੇ ਦਿਨੀਂ (10 ਜੂਨ) ਦੇ ਅੰਕ ਵਿਚ ਸਤਨਾਮ ਸਿੰਘ ਸੰਧੂ ਦਾ ਲੇਖ 'ਮੋਦੀ ਯੁੱਗ ਦੇ 12 ਸਾਲ, ਦੇਸ਼ ਅਹਿਮ ਰਾਜਨੀਤਕ ਤੇ ਆਰਥਿਕ ਤਬਦੀਲੀਆਂ ਦਾ ਗਵਾਹ ਬਣਿਆ' ਪੜ੍ਹਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 10 ਜੂਨ, 2026 ਨੂੰ ਆਪਣੇ ਕਾਰਜਕਾਲ ਦੇ ਲਗਾਤਾਰ 12 ਸਾਲ ਪੂਰੇ ਹੋਣ 'ਤੇ ਉਹ ਭਾਰਤ ਦੇ ਸਭ ਤੋਂ ਲੰਬੇ ਕਾਰਜਕਾਲ ਤੇ ਰਹਿਣ ਵਾਲੇ ਪ੍ਰਧਾਨ ਮੰਤਰੀ ਬਣ ਗਏ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲੋਕਪ੍ਰਿਯਤਾ ਦਾ ਇਕ ਵੱਡਾ ਕਾਰਨ ਇਹ ਹੈ ਕਿ ਉਨ੍ਹਾਂ ਦਾ ਭ੍ਰਿਸ਼ਟਾਚਾਰ ਪ੍ਰਤੀ ਸਖ਼ਤ ਹੋਣਾ। ਜਦੋਂ ਉਹ ਪ੍ਰਧਾਨ ਮੰਤਰੀ ਬਣੇ ਸਨ ਤਾਂ ਉਨ੍ਹਾਂ ਕਿਹਾ ਕਿ ਸੀ 'ਨਾ ਖਾਊਂਗਾ ਤੇ ਨਾ ਖਾਣ ਦਊਂਗਾ'। ਉਨ੍ਹਾਂ ਦੇ ਕਾਰਜਕਾਲ ਵਿਚ ਨਾ ਤਾਂ ਉਹ ਤੇ ਨਾ ਹੀ ਕੋਈ ਮੰਤਰੀ ਭ੍ਰਿਸ਼ਟਾਚਾਰ ਵਿਚ ਲਿਪਤ ਪਾਇਆ ਗਿਆ। ਉਨ੍ਹਾਂ ਦੇ ਕਾਰਜਕਾਲ ਵਿਚ ਵੈਸ਼ਵਿਕ ਮੰਚ 'ਤੇ ਵੀ ਭਾਰਤ ਦੀ ਮਹੱਤਤਾ ਵਧੀ ਹੈ ਅਤੇ ਭਾਰਤ ਸਭ ਤੋਂ ਵੱਧ ਤੇਜ਼ੀ ਨਾਲ ਵਿਕਸਿਤ ਹੋਣ ਵਾਲੀਆਂ ਅਰਥ-ਵਿਵਸਥਾਵਾਂ ਵਿਚ ਸ਼ਾਮਿਲ ਹੋ ਗਿਆ ਹੈ। ਭਾਰਤ 2014 ਵਿਚ ਦੁਨੀਆ ਦੀ 10ਵੀਂ ਅਰਥ-ਵਿਵਸਥਾ ਤੋਂ ਹੁਣ 6ਵੀਂ ਅਰਥ-ਵਿਵਸਥਾ ਬਣ ਗਿਆ ਹੈ। ਮੋਦੀ ਦੀ ਲੰਬੀ ਰਾਜਨੀਤੀ ਯਾਤਰਾ ਪਿੱਛੇ ਉਨ੍ਹਾਂ ਦੀ ਊਰਜਾ, ਸਮਰਪਣ ਭਾਵਨਾ, ਮਿਹਨਤ ਤੇ ਅਨੁਸ਼ਾਸਨ ਦਾ ਰੋਲ ਹੈ, ਜੋ ਕਿ ਉਨ੍ਹਾਂ ਦਾ ਲੰਮੇ ਸਮੇਂ ਤੱਕ ਜਨਤਾ ਵਿਚ ਵਿਸ਼ਵਾਸ ਬਣਾਉਣ ਲਈ ਮਦਦਗਾਰ ਸਾਬਤ ਹੋਈ ਹੈ। ਜਦੋਂ 2014 ਵਿਚ ਉਹ ਪ੍ਰਧਾਨ ਮੰਤਰੀ ਬਣੇ ਸਨ ਤਾਂ ਦੇਸ਼ ਦੇ 5 ਰਾਜਾਂ ਵਿਚ ਭਾਜਪਾ ਸਰਕਾਰ ਸੀ, ਪਰ ਅੱਜ 21 ਰਾਜਾਂ ਵਿਚ ਹੈ। ਪ੍ਰਧਾਨ ਮੰਤਰੀ ਦੇ ਕਾਰਜਕਾਲ ਦਰਾਨ ਹੀ ਇਹ ਪੱਕੀ ਉਮੀਦ ਅਤੇ ਆਸ ਹੈ ਕਿ ਭਾਰਤ ਦਾ ਵਿਕਸਿਤ ਦੇਸ਼ ਬਣਨ ਦਾ ਸੁਪਨਾ ਵੀ ਜਲਦ ਪੂਰਾ ਹੋ ਜਾਵੇਗਾ।
-ਚਰਨਜੀਤ ਸਿੰਘ ਮੁਕਤਸਰ
ਇਨਸਾਨ ਨੂੰ ਸਮਝਣਾ ਸੌਖਾ ਨਹੀਂ
ਅਸੀਂ ਅਕਸਰ ਲੋਕਾਂ ਨੂੰ ਇਕ ਮੁਲਾਕਾਤ, ਇਕ ਵਾਰ ਗੱਲਬਾਤ ਜਾਂ ਇਕ ਘਟਨਾ ਦੇ ਆਧਾਰ 'ਤੇ ਪਰਖ ਲੈਣ ਦੀ ਕੋਸ਼ਿਸ਼ ਕਰਦੇ ਹਾਂ। ਸਾਨੂੰ ਲੱਗਦਾ ਹੈ ਕਿ ਅਸੀਂ ਉਸ ਇਨਸਾਨ ਨੂੰ ਜਾਣ ਲਿਆ ਹੈ, ਪਰ ਅਸਲ ਵਿਚ ਹਰ ਇਨਸਾਨ ਆਪਣੇ ਅੰਦਰ ਕਈ ਚਿਹਰੇ, ਕਈ ਅਹਿਸਾਸ ਅਤੇ ਕਈ ਕੁਝ ਅਣਕਿਹਾ ਲੁਕਾਈ ਬੈਠਾ ਹੁੰਦਾ ਹੈ। ਕੋਈ ਬਾਹਰੋਂ ਮੁਸਕਰਾਉਂਦਾ ਹੈ, ਪਰ ਅੰਦਰੋਂ ਟੁੱਟਿਆ ਹੋ ਸਕਦਾ ਹੈ। ਕੋਈ ਸਖ਼ਤ ਨਜ਼ਰ ਆਉਂਦਾ ਹੈ ਪਰ ਉਸ ਦੇ ਦਿਲ ਵਿਚ ਬੇਅੰਤ ਨਰਮੀ ਹੋ ਸਕਦੀ ਹੈ। ਕੋਈ ਚੁੱਪ ਰਹਿੰਦਾ ਹੈ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਉਸ ਕੋਲ ਕਹਿਣ ਲਈ ਕੁਝ ਨਹੀਂ, ਕਈ ਵਾਰ ਉਸ ਦੀ ਚੁੱਪ ਹੀ ਉਸ ਦੀ ਸਭ ਤੋਂ ਵੱਡੀ ਕਹਾਣੀ ਹੁੰਦੀ ਹੈ।
ਇਸ ਲਈ ਲੋਕਾਂ ਨੂੰ ਸਮਝਣ ਲਈ ਸਮਾਂ ਦੇਣਾ ਪੈਂਦਾ ਹੈ। ਕਿਸੇ ਦੇ ਸੁਭਾਅ, ਉਸ ਦੇ ਸੰਘਰਸ਼ ਅਤੇ ਉਸ ਦੇ ਸਫ਼ਰ ਨੂੰ ਜਾਣੇ ਬਿਨਾਂ ਉਸ ਬਾਰੇ ਫ਼ੈਸਲਾ ਕਰਨਾ ਇਨਸਾਫ਼ ਨਹੀਂ। ਹਰ ਇਨਸਾਨ ਇਕ ਖੁੱਲ੍ਹੀ ਕਿਤਾਬ ਨਹੀਂ ਹੁੰਦਾ, ਕਿਸੇ ਨੂੰ ਸਮਝਣਾ ਹੋਵੇ ਤਾਂ ਉਸ ਨੂੰ ਕਈ ਵਾਰ ਦੇਖੋ, ਕਿਉਂਕਿ ਹਰ ਮੁਲਾਕਾਤ ਉਸ ਦੇ ਵਿਅਕਤਿਤਵ ਦਾ ਇੱਕ ਨਵਾਂ ਰੰਗ ਸਾਹਮਣੇ ਲਿਆਉਂਦੀ ਹੈ।
ਮੰਜੂ ਰਾਇਕਾ ਸੰਗਰੂਰ।
ਵਧ ਰਹੀ ਆਬਾਦੀ ਦਾ ਹੱਲ ਜ਼ਰੂਰੀ
ਵਧ ਰਹੀ ਆਬਾਦੀ ਅੱਜ ਦੇ ਸਮੇਂ ਦੀ ਇਕ ਗੰਭੀਰ ਸਮੱਸਿਆ ਬਣ ਚੁੱਕੀ ਹੈ। ਜਨਸੰਖਿਆ ਵਿਚ ਤੇਜ਼ੀ ਨਾਲ ਹੋ ਰਿਹਾ ਵਾਧਾ ਦੇਸ਼ ਦੀ ਆਰਥਿਕਤਾ, ਕੁਦਰਤੀ ਸਾਧਨਾਂ ਅਤੇ ਵਾਤਾਵਰਨ 'ਤੇ ਭਾਰੀ ਬੋਝ ਪਾਉਂਦਾ ਹੈ। ਜਦੋਂ ਲੋਕਾਂ ਦੀ ਗਿਣਤੀ ਵਧਦੀ ਹੈ ਤਾਂ ਗਰੀਬੀ ਵੀ ਵਧਦੀ ਹੈ ਅਤੇ ਸਿਹਤ, ਸਿੱਖਿਆ ਅਤੇ ਰਹਿਣ ਲਈ ਘਰ ਵਰਗੀਆਂ ਮੂਲ ਸੁਵਿਧਾਵਾਂ ਦੀ ਕਮੀ ਮਹਿਸੂਸ ਹੋਣ ਲੱਗਦੀ ਹੈ। ਵਧ ਰਹੀ ਆਬਾਦੀ ਕਾਰਨ ਖੁਰਾਕ ਦੀ ਮੰਗ ਵੀ ਕਾਫੀ ਵਧ ਜਾਂਦੀ ਹੈ। ਖੇਤੀਬਾੜੀ ਵਾਲੀ ਜ਼ਮੀਨ ਘਟਦੀ ਜਾ ਰਹੀ ਹੈ ਅਤੇ ਸ਼ਹਿਰਾਂ ਦਾ ਫੈਲਾਅ ਵਧਦਾ ਜਾ ਰਿਹਾ ਹੈ, ਪਾਣੀ ਦੀ ਕਮੀ ਅਤੇ ਪ੍ਰਦੂਸ਼ਣ ਵਰਗੀਆਂ ਸਮੱਸਿਆਵਾਂ ਇਸ ਨਾਲ ਜੁੜੀਆਂ ਹੋਈਆਂ ਹਨ। ਜਨਸੰਖਿਆ ਦੇ ਬੇਹੱਦ ਵਾਧੇ ਨਾਲ ਟ੍ਰੈਫਿਕ, ਰਹਿਣ ਲਈ ਥਾਂ ਅਤੇ ਸਾਫ਼-ਸਫ਼ਾਈ ਦੀ ਸਮੱਸਿਆ ਵੀ ਗੰਭੀਰ ਹੋ ਜਾਂਦੀ ਹੈ। ਇਸ ਸਮੱਸਿਆ ਦਾ ਮੁੱਖ ਹੱਲ ਸਿੱਖਿਆ ਅਤੇ ਜਾਗਰੂਕਤਾ ਵਿਚ ਹੈ। ਲੋਕਾਂ ਨੂੰ ਛੋਟੇ ਪਰਿਵਾਰ ਦੇ ਲਾਭਾਂ ਬਾਰੇ ਜਾਣਕਾਰੀ ਦੇਣੀ ਚਾਹੀਦੀ ਹੈ। ਸਰਕਾਰ ਨੂੰ ਪਰਿਵਾਰ ਨਿਯੋਜਨ ਯੋਜਨਾਵਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨਾ ਚਾਹੀਦਾ ਹੈ। ਇਸ ਦੇ ਨਾਲ ਹੀ ਸਿੱਖਿਆ ਦਾ ਪ੍ਰਸਾਰ, ਖ਼ਾਸ ਕਰਕੇ ਔਰਤਾਂ ਦੀ ਸਿੱਖਿਆ, ਜਨਸੰਖਿਆ ਕੰਟਰੋਲ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਇਸ ਲਈ ਵਿਅਕਤੀ ਨੂੰ ਜਾਗਰੂਕ ਹੋ ਕੇ ਛੋਟੇ ਪਰਿਵਾਰ ਦੀ ਨੀਤੀ ਅਪਣਾਉਣੀ ਚਾਹੀਦੀ ਹੈ ਤਾਂ ਜੋ ਦੇਸ਼ ਦੀ ਤਰੱਕੀ ਅਤੇ ਸੁਖ-ਸਮ੍ਰਿੱਧੀ ਨੂੰ ਯਕੀਨੀ ਬਣਾਇਆ ਜਾ ਸਕੇ।
-ਸਤਵਿੰਦਰ ਕੌਰ ਮੱਲੇਵਾਲ।
ਧਮਕੀ ਭਰੀਆਂ ਈ-ਮੇਲਾਂ
ਪੰਜਾਬ ਵਿਚ ਪਿਛਲੇ ਕੁਝ ਸਮੇਂ ਤੋ ਕੁਝ ਸ਼ਰਾਰਤੀ ਤੇ ਮਾੜੇ ਅਨਸਰਾਂ ਵਲੋਂ ਲਗਾਤਾਰ ਫਰਜ਼ੀ ਧਮਕੀ ਭਰੀਆਂ ਈਮੇਲਾਂ ਭੇਜ ਕੇ ਪੰਜਾਬ ਦਾ ਮਾਹੌਲ ਖ਼ਰਾਬ ਅਤੇ ਵਿਗਾੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਨ੍ਹਾਂ ਸ਼ਰਾਰਤੀ ਅਨਸਰਾਂ ਵਲੋਂ ਆਮ ਤੌਰ 'ਤੇ ਸਰਕਾਰੀ ਦਫ਼ਤਰਾਂ, ਸਕੂਲਾਂ ਅਤੇ ਅਦਾਲਤਾਂ ਨੂੰ ਨਿਸ਼ਾਨਾਂ ਬਣਾਉਣ ਬਾਰੇ ਧਮਕੀ ਭਰੇ ਈ-ਮੇਲਾਂ ਭੇਜ ਕੇ ਬਿਲਡਿੰਗਾਂ ਨੂੰ ਉਡਾਉਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਮਾੜੇ ਅਨਸਰਾਂ ਵਲੋਂ ਭੇਜੀਆਂ ਜਾ ਰਹੀਆਂ ਧਮਕੀ ਭਰੀਆਂ ਈ-ਮੇਲਾਂ ਬਾਰੇ ਜਦੋਂ ਪ੍ਰਸ਼ਾਸਨ ਨੂੰ ਇਤਲਾਹ ਮਿਲਦੀ ਹੈ। ਪ੍ਰਸ਼ਾਸਨ ਵਲੋਂਤੁਰੰਤ ਕਾਰਵਾਈ ਕਰਦਿਆਂ ਉਨ੍ਹਾਂ ਬਿਲਡਿੰਗਾਂ ਨੂੰ ਖਾਲੀ ਕਰਾ ਕੇ ਪੂਰੀ ਤਲਾਸ਼ੀ ਲਈ ਜਾਂਦੀ ਹੈ। ਹੁਣ ਤੱਕ ਇਹ ਧਮਕੀ ਭਰੀਆਂ ਈ-ਮੇਲਾਂ ਝੂਠੀਆਂ ਅਤੇ ਅਫਵਾਹਾਂ ਹੀ ਨਿਕਲੀਆਂ ਹਨ। ਪਰ ਆਮ ਲੋਕਾਂ ਦੇ ਮਨਾਂ ਵਿਚ ਡਰ ਅਤੇ ਸ਼ਹਿਮ ਵਾਲਾ ਮਾਹੌਲ ਜ਼ਰੂਰ ਬਣ ਜਾਂਦਾ ਹੈ। ਸਾਡੀ ਸਰਕਾਰ ਨੂੰ ਬੇਨਤੀ ਹੈ ਕਿ ਇਨ੍ਹਾਂ ਫਰਜ਼ੀ ਅਤੇ ਧਮਕੀ ਭਰੀਆਂ ਈ-ਮੇਲਾਂ ਭੇਜਣ ਵਾਲੇ ਲੋਕਾਂ ਦਾ ਪਤਾ ਲਗਾ ਕੇ ਉਨ੍ਹਾਂ ਦੇ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਫਿਰ ਇਹ ਲੋਕ ਵਾਰ-ਵਾਰ ਗਲਤ ਹਰਕਤਾਂ ਨਾ ਕਰਨ।
-ਗੁਰਤੇਜ ਸਿੰਘ ਖੁਡਾਲ, ਬਠਿੰਡਾ।