JALANDHAR WEATHER

24-06-26

 ਬੁੱਧੀ ਤੇ ਮਨੁੱਖੀ ਭਿੰਨਤਾਵਾਂ

ਮਨੋਵਿਗਿਆਨਕ ਭਾਸ਼ਾ ਵਿਚ ਬੁੱਧੀ ਵਾਤਾਵਰਨ ਦੇ ਅਨੁਸਾਰ ਢਾਲਣ ਜਾਂ ਸਮਾਯੋਜਨ ਕਰਨ, ਸਿੱਖਣ ਦੀ ਸਮਰੱਥਾ ਅਤੇ ਅਮੂਰਤ ਚਿੰਤਨ ਕਰਨ ਦੀ ਮਨੁੱਖੀ ਯੋਗਤਾ ਹੁੰਦੀ ਹੈ। ਮਨੁੱਖੀ ਵਿਹਾਰ ਮਨੁੱਖਾਂ ਦੀਆਂ ਨਿੱਜੀ ਵਿਸ਼ੇਸ਼ਤਾਵਾਂ ਉੱਤੇ ਨਿਰਭਰ ਕਰਦੇ ਹਨ। ਮਨੁੱਖਾਂ ਦੀਆਂ ਨਿੱਜੀ ਵਿਸ਼ੇਸ਼ਤਾਵਾਂ ਵਿਚ ਭਿੰਨਤਾਵਾਂ ਅਤੇ ਵੱਖਰਾਪਣ ਪਾਇਆ ਜਾਂਦਾ ਹੈ। ਮਨੁੱਖਾਂ ਵਿਚ ਸਿੱਖਣ, ਪ੍ਰਤੱਖੀਕਰਣ ਕਰਨ ਅਤੇ ਚਿੰਤਨ ਕਰਨ ਦੀਆਂ ਕਿਰਿਆਵਾਂ ਵਿਚ ਭਿੰਨਤਾ ਪਾਈ ਜਾਂਦੀ ਹੈ। ਇਨ੍ਹਾਂ ਭਿੰਨਤਾਵਾਂ ਦੇ ਕਾਰਨ ਹੀ ਕੁਦਰਤ ਵਿਚ ਸੁੰਦਰਤਾ ਦਾ ਅਹਿਸਾਸ ਹੁੰਦਾ ਹੈ। ਵਿਅਕਤੀਗਤ ਭਿੰਨਤਾ ਹੋਣਾ ਇਕ ਕੁਦਰਤੀ ਨਿਯਮ ਹੈ। ਹਰੇਕ ਮਨੁੱਖ ਦੀਆਂ ਸਰੀਰਕ ਵਿਸ਼ੇਸ਼ਤਾਵਾਂ ਜਿਵੇਂ ਕਿ ਰੰਗ, ਭਾਰ, ਉਚਾਈ, ਤਾਕਤ ਅਤੇ ਸੁਭਾਅ ਵਿਚ ਭਿੰਨਤਾਵਾਂ ਹੁੰਦੀਆਂ ਹਨ। ਇਸੇ ਤਰ੍ਹਾਂ ਹੀ ਮਾਨਸਿਕ ਵਿਸ਼ੇਸ਼ਤਾਵਾਂ ਜਿਵੇਂ ਕਿ ਬੁੱਧੀ, ਰੁਚੀ ਅਤੇ ਰੁਝਾਨ ਆਦਿ ਵਿਚ ਵੀ ਵੱਖਰਾਪਣ ਹੁੰਦਾ ਹੈ। ਮਨੁੱਖਾਂ ਦੀਆਂ ਅੰਦਰੂਨੀ ਅਤੇ ਬਾਹਰੀ ਭਿੰਨਤਾਵਾਂ ਦੀ ਤਰ੍ਹਾਂ ਹੀ ਬੁੱਧੀ ਭਿੰਨਤਾ ਮੌਜੂਦ ਹੁੰਦੀ ਹੈ। ਕੁਝ ਮਨੁੱਖ ਬਹੁਤ ਬੁੱਧੀਮਾਨ ਹੁੰਦੇ ਹਨ, ਕੁਝ ਸਧਾਰਨ ਅਤੇ ਕੁਝ ਮੰਦਬੁੱਧੀ ਵੀ ਹੁੰਦੇ ਹਨ। ਮਨੁੱਖੀ ਜ਼ਿੰਦਗੀ ਮਨੁੱਖ ਦੀਆਂ ਨਿੱਜੀ ਵਿਸ਼ੇਸ਼ਤਾਵਾਂ, ਬੁੱਧੀ ਦੇ ਸਤਰ ਅਤੇ ਵਰਤਮਾਨ ਹਾਲਾਤਾਂ ਦੇ ਅਨੁਸਾਰ ਬਣਦੀ ਹੈ।

-ਕੁਲਵਿੰਦਰ ਸਿੰਘ
ਪਿੰਡ ਬਿਹਾਲਾਂ, (ਹੁਸ਼ਿਆਰਪੁਰ)

ਨਸ਼ਿਆਂ ਨੂੰ ਰੋਕਣ ਸਰਕਾਰਾਂ

ਸਰਕਾਰ ਨੇ ਪਿਛਲੇ ਸਾਲ ਸੁਪਰੀਮ ਕੋਰਟ ਨੂੰ ਦੱਸਿਆ ਸੀ ਕਿ ਦੇਸ਼ 'ਚ 10 ਤੋਂ 17 ਸਾਲ ਉਮਰ ਵਰਗ ਦੇ 1 ਕਰੋੜ, 58 ਲੱਖ ਬੱਚੇ ਨਸ਼ੀਲੇ ਪਦਾਰਥਾਂ ਦੇ ਆਦੀ ਹੋ ਚੁੱਕੇ ਹਨ। ਸ਼ਰਾਬ ਭਾਰਤੀਆਂ ਦੁਆਰਾ ਵਰਤਿਆ ਜਾਣ ਵਾਲਾ ਪ੍ਰਮੁੱਖ ਨਸ਼ਾ ਹੈ। ਉਸ ਤੋਂ ਬਾਅਦ ਜਰਦਾ, ਬੀੜੀਆਂ, ਸਿਗਰਟਾਂ, ਅਫੀਮ, ਤੰਬਾਕੂ, ਹੈਰੋਇਨ, ਭੰਗ, ਚਿੱਟਾ ਅਤੇ ਹੋਰ ਸਿੰਥੈਟਿਕ ਨਸ਼ੇ, ਨਸ਼ੀਲੀ ਗੋਲੀਆਂ, ਨਸ਼ੀਲੇ ਕੈਪਸੂਲ, ਨਸ਼ੀਲੇ ਟੀਕੇ, ਕਈ ਤਰ੍ਹਾਂ ਦੀਆਂ ਖੰਘ ਲਈ ਵਰਤੋਂ ਵਾਲੀਆਂ ਪੀਣ ਵਾਲੀਆਂ ਦਵਾਈਆਂ, ਕਿਰਲੀ ਮਾਰ ਕੇ, ਡੱਡੂ ਮਾਰ ਕੇ ਉਨ੍ਹਾਂ ਨੂੰ ਵੀ ਨਸ਼ੇ ਦੀ ਖਾਤਰ ਵਰਤਿਆ ਜਾਂਦਾ ਹੈ। ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਰਾਜ ਸਰਕਾਰਾਂ ਨੂੰ ਬਹੁਤ ਯਤਨ ਕਰਨ ਦੀ ਲੋੜ ਹੈ। 40 ਦੇਸ਼ਾਂ ਵਿਚ ਸ਼ਰਾਬ ਦੇ ਸੇਵਨ ਸੰਬੰਧੀ ਕੀਤੇ ਗਏ ਸਰਵੇ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਪਿਛਲੇ ਵੀਹ ਸਾਲਾਂ ਦੌਰਾਨ ਭਾਰਤ 'ਚ ਸ਼ਰਾਬ ਦੀ ਵਰਤੋਂ ਵਿਚ 60 ਫ਼ੀਸਦੀ ਦਾ ਵਾਧਾ ਹੋਇਆ ਹੈ। ਦੇਸ਼ ਵਿਚ ਨੌਜਵਾਨ ਵਰਗ ਦੀ ਗਿਣਤੀ ਜ਼ਿਆਦਾ ਹੈ ।ਨੈਸ਼ਨਲ ਕ੍ਰਾਈਮ ਬਿਊਰੋ ਅਨੁਸਾਰ ਭਾਰਤ ਵਿਚ ਹਰ ਸਾਲ 6,000 ਲੋਕ ਨਸ਼ੇ ਦੀ ਪੂਰਤੀ ਨਾ ਹੋਣ ਕਾਰਨ ਖੁਦਕੁਸ਼ੀਆਂ ਕਰ ਰਹੇ ਹਨ। ਹਰ ਸਾਲ ਕਈ ਤਰ੍ਹਾਂ ਦੇ ਨਸ਼ਿਆਂ ਦੀ ਖਪਤ ਵਧ ਰਹੀ ਹੈ। ਪੰਜਾਬ ਵਿਚ ਤਕਰੀਬਨ ਹਰ ਮਹੀਨੇ 120 ਦੇ ਲਗਭਗ ਮੁੰਡੇ ਆਪਣੇ ਜੀਵਨ ਤੋਂ ਹੱਥ ਧੋ ਲੈਂਦੇ ਹਨ। ਇਨ੍ਹਾਂ ਨਸ਼ਿਆਂ ਦੇ ਸੇਵਨ ਨਾਲ ਕਾਲਾ ਪੀਲੀਆ, ਏਡਜ਼, ਜਿਗਰ ਦਾ ਕੈਂਸਰ, ਮੂੰਹ ਦਾ ਕੈਂਸਰ, ਫੇਫੜਿਆਂ ਦਾ ਕੈਂਸਰ ਹੁੰਦਾ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਨੌਜਵਾਨੀ ਨੂੰ ਬਚਾਵੇ। ਅਜੋਕੇ ਨੌਜਵਾਨ ਹੀ ਭਵਿੱਖ ਦੇ ਲੀਡਰ ਹੁੰਦੇ ਹਨ। ਸੋ, ਸਰਕਾਰਾਂ ਨੂੰ ਅਪੀਲ ਹੈ ਕਿ ਉਹ ਆਪਣੇ ਰਾਜਾਂ ਵਿਚ ਨੌਜਵਾਨੀ ਨੂੰ ਨਸ਼ੇ ਵੱਲ ਜਾਣ ਤੋਂ ਰੋਕਣ ਲਈ ਜਿੰਨਾਂ ਜਲਦੀ ਹੋ ਸਕਦਾ ਉਪਰਾਲੇ ਕਰਨ।

-ਸ਼ਾਰਦਾ ਭੱਪਰ ਝਬੇਲਵਾਲੀ
ਸ੍ਰੀ ਮੁਕਤਸਰ ਸਾਹਿਬ।

ਠੰਢੀਆਂ-ਮਿੱਠੀਆਂ ਛਬੀਲਾਂ

ਗੁਰੂਆਂ, ਪੀਰਾਂ ਅਤੇ ਫਕੀਰਾਂ ਦੀ ਵਰਸੋਈ ਧਰਤੀ ਪੰਜਾਬ ਦੇ ਕਣ-ਕਣ ਵਿਚ ਗੁਰੂਆਂ ਦੇ ਦਿੱਤੇ ਫ਼ਲਸਫ਼ੇ ਅਤੇ ਸਰਬੱਤ ਦੇ ਭਲੇ ਦਾ ਰੰਗ ਦੇਖਿਆ ਜਾ ਸਕਦਾ ਹੈ। ਯਾਤਰਾ ਭਾਵੇਂ ਸ੍ਰੀ ਹੇਮਕੁੰਡ ਸਾਹਿਬ, ਸ੍ਰੀ ਮਨੀਕਰਨ ਸਾਹਿਬ ਜਾਂ ਅਮਰਨਾਥ ਦੀ ਹੋਵੇ ਪੰਜਾਬੀ ਸੜਕਾਂ ਉੱਪਰ ਲੰਗਰ ਲਗਾ ਦਿੰਦੇ ਹਨ, ਠੰਢੇ ਮਿੱਠੇ ਜਲ ਦੀਆਂ ਛਬੀਲਾਂ ਲਗਾ ਦਿੰਦੇ ਹਨ। ਭਾਈ ਘਨਈਆ ਦਾ ਮਿਸ਼ਨ 'ਨਿਸ਼ਕਾਮ ਸੇਵਾ' ਬਿਨਾਂ ਭੇਦ-ਭਾਵ ਤੇ ਸਭ ਨੂੰ ਪਾਣੀ ਪਿਆਉਣਾ ਅੱਜ ਦੇ ਸੂਝਵਾਨ ਪੰਜਾਬੀਆਂ ਦਾ ਮਿਸ਼ਨ ਬਣ ਚੁੱਕਾ ਹੈ। ਜੂਨ ਮਹੀਨੇ ਦੌਰਾਨ ਜਦੋਂ ਅੱਤ ਦੀ ਗਰਮੀ ਪੈਂਦੀ ਹੈ ਤਾਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਉਪਰ ਚਲਦੀਆਂ ਛਬੀਲਾਂ ਸਾਰਾ ਮਹੀਨਾ ਹੀ ਆਉਂਦੇ ਜਾਂਦੇ ਰਾਹੀਆਂ ਨੂੰ ਰੋਕ ਰੋਕ ਕੇ ਪਾਣੀ ਪਿਲਾਉਣ ਦੀ ਪਵਿੱਤਰ ਸੇਵਾ ਨਿਭਾਉਂਦੀਆਂ ਹਨ। ਗਰਮੀ ਦੀ ਤਪਸ਼ ਤੋਂ ਪ੍ਰੇਸ਼ਾਨ ਦੇਸ਼-ਵਿਦੇਸ਼ ਤੋਂ ਪੰਜਾਬ 'ਚੋਂ ਗੁਜਰਦੇ ਸੈਲਾਨੀ ਜਦ ਛਬੀਲਾਂ ਤੋਂ ਠੰਡਾ ਮਿੱਠਾ ਜਲ ਪੀਂਦੇ ਹਨ ਤਾਂ ਅੰਦਰੋਂ ਹੀ ਅੰਦਰੋਂ ਉਹ ਪੰਜਾਬੀਆਂ ਦੀ ਸੇਵਾ ਭਾਵਨਾ ਤੋਂ ਕਾਇਲ ਹੋ ਜਾਂਦੇ ਹਨ।
ਇਹ ਪੰਜਾਬੀਆਂ ਦੀ ਸਰਬੱਤ ਦੇ ਭਲੇ ਦੀ ਸੋਚ ਅਤੇ ਲਗਨ ਦੀ ਭਾਵਨਾ ਹੀ ਸਾਨੂੰ ਆਪਣੀ ਵਿਰਾਸਤ ਅਤੇ ਸੱਭਿਆਚਾਰ ਦੀ ਯਾਦ ਤਾਜ਼ਾ ਕਰਵਾਉਂਦੀ ਹੈ। ਇਸੇ ਲਈ ਹੀ ਇਹ ਅਖਾਣ ਪ੍ਰਸਿੱਧ ਹੈ ਕਿ 'ਪੰਜਾਬ ਜਿਊਂਦਾ ਹੈ ਗੁਰੂਆਂ ਦੇ ਨਾਂਅ 'ਤੇ'। ਇਸ ਪਵਿੱਤਰ ਕਾਰਜ ਉੱਪਰ ਲੱਗੀਆਂ ਸੰਸਥਾਵਾਂ, ਨੌਜਵਾਨ ਕਲੱਬਾਂ ਅਤੇ ਸਮਾਜ ਸੇਵੀ ਸੰਗਠਨਾਂ ਨੂੰ ਹੱਥ ਜੋੜ ਕੇ ਬੇਨਤੀ ਜ਼ਰੂਰ ਕਰਾਂਗਾ ਕਿ ਉਹ ਠੰਢੇ ਮਿੱਠੇ ਜਲ ਦੀਆਂ ਛਬੀਲਾਂ ਦੇ ਨਾਲ-ਨਾਲ ਰੁੱਖ ਲਗਾਉਣ ਦੀ ਮੁਹਿੰਮ ਦਾ ਨਿਸ਼ਕਾਮ ਕਾਰਜ ਵੀ ਅਰੰਭ ਕਰਨ ਅਤੇ ਪ੍ਰਸ਼ਾਦ ਦੇ ਰੂਪ ਵਿਚ ਆਉਂਦੇ ਜਾਂਦੇ ਰਾਹਗੀਰਾਂ ਨੂੰ ਬੂਟੇ ਵੰਡਣ ਦਾ ਨੇਕ ਕਾਰਜ ਵੀ ਕਰਨ ਤਾਂ ਜੋ ਵਾਤਾਵਰਨ ਦਾ ਸੰਤੁਲਨ ਵੀ ਬਣਿਆ ਰਹੇ। ਠੰਢੇ ਮਿੱਠੇ ਜਲ ਦੀਆਂ ਛਬੀਲਾਂ ਰਾਸ਼ਟਰੀ ਮਾਰਗ ਤੇ ਉਸ ਸਥਾਨ 'ਤੇ ਲਗਾਈਆਂ ਜਾਣ ਜਿੱਥੇ ਆਵਾਜਾਈ ਪ੍ਰਭਾਵਿਤ ਨਾ ਹੋਵੇ।

-ਕੇ.ਐੱਸ.ਅਮਰ,
ਪਿੰਡ ਤੇ ਡਾਕ ਕੋਟਲੀ ਖਾਸ, ਮੁਕੇਰੀਆਂ (ਹੁਸ਼ਿਆਰਪੁਰ)

ਰੁੱਖ ਲਗਾਓ

ਪੰਜਾਬ ਵਿਚ ਰੁੱਖਾਂ ਦੀ ਅੰਨ੍ਹੇਵਾਹ ਹੋਈ ਕਟਾਈ ਕਰਕੇ ਤਪਸ਼ ਦਿਨ-ਬਰ-ਦਿਨ ਵਧਦੀ ਹੀ ਜਾ ਰਹੀ ਹੈ। ਪੁਰਾਣੇ ਸਮਿਆਂ ਦੇ ਮੁਕਾਬਲੇ ਬਹੁਤ ਘੱਟ ਰੁੱਖ ਲਗਾਉਂਦੇ ਹਨ। ਜਿਸ ਕਰਕੇ ਪੰਜਾਬ ਵੀਰਾਨ ਬਣਦਾ ਜਾ ਰਿਹਾ ਹੈ। ਭਵਿੱਖ ਵਿਚ ਪੰਜਾਬ ਨੂੰ ਮਾਰੂਥਲ ਬਣਾਉਣ ਤੋਂ ਬਚਾਉਣ ਲਈ ਹਰ ਪੰਜਾਬ ਵਾਸੀ ਨੂੰ ਆਉਣ ਵਾਲੇ ਮੀਂਹ ਦੇ ਦਿਨਾਂ ਵਿਚ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ ਤਾਂ ਕਿ ਮੁੜ ਪੰਜਾਬ ਨੂੰ ਹਰਿਆਂ ਭਰਿਆ ਤੇ ਖੁਸ਼ਹਾਲ ਬਣਾਇਆ ਜਾ ਸਕੇ।
ਜੇਕਰ ਅਸੀਂ ਇਸ ਪਾਸੇ ਜਲਦੀ ਧਿਆਨ ਨਾ ਦਿੱਤਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਮਾਰੂਥਲ ਦਾ ਰੂਪ ਧਾਰ ਲਵੇਗਾ। ਸਾਨੂੰ ਸਭ ਨੂੰ ਮਿਲ ਕੇ ਰੁੱਖ ਲਗਾਉਣ ਲਈ ਖੁਦ ਤੋਂ ਪਹਿਲਕਦਮੀ ਕਰਨੀ ਚਾਹੀਦੀ ਹੈ।

-ਅੰਗਰੇਜ ਸਿੰਘ ਵਿੱਕੀ
ਪਿੰਡ ਤੇ ਡਾਕ. ਕੋਟਗੁਰੂ (ਬਠਿੰਡਾ)

ਪਿਆਰ ਵੰਡੋ, ਨਫ਼ਰਤ ਨਹੀਂ

ਨਫ਼ਰਤ ਦੇ ਬੀਜ ਨਾ ਬੀਜੋ ਸਗੋਂ ਹਮੇਸ਼ਾਂ ਪਿਆਰ ਦੇ ਬੀਜ ਬੀਜੋ ਤਾਂ ਕੇ ਜ਼ਿੰਦਗੀ ਸੁਹਾਵਣੀ ਤੇ ਫੁੱਲਾਂ ਵਾਂਗ ਸੋਹਣੀ ਬਣੇ। ਦਰਅਸਲ ਨਫ਼ਰਤ ਦੀ ਅੱਗ ਅਜਿਹੀ ਹੁੰਦੀ ਹੈ, ਜੋ ਦੂਜੇ ਨੂੰ ਜਲਾਵੇ ਜਾਂ ਨਾ ਜਲਾਵੇ, ਪਰ ਅੱਗ ਲਾਉਣ ਵਾਲੇ ਨੂੰ ਜ਼ਰੂਰ ਆਪਣੀ ਲਪੇਟ 'ਚ ਲੈ ਲੈਂਦੀ ਹੈ। ਜਦ ਕੇ ਪਿਆਰ ਵੰਡਣ ਨਾਲ ਮਨੁੱਖ ਅਡੋਲ ਹੁੰਦਾ ਹੈ। ਤੁਹਾਨੂੰ ਆਪਣਾ ਆਲਾ-ਦੁਆਲਾ ਸੋਹਣਾ ਲਗਦਾ ਹੈ। ਸਾਰਾ ਜੱਗ ਆਪਣਾ-ਆਪਣਾ ਲਗਦਾ ਹੈ। ਇਸ ਦੇ ਉਲਟ ਨਫ਼ਰਤ ਪੈਦਾ ਕਰਨ ਨਾਲ ਸਾਰਾ ਜੱਗ ਹੀ ਵੈਰੀ ਦਿੱਸਣ ਲਗਦਾ ਹੈ।
ਪਿਆਰ ਦੀ ਇਕ ਬੂੰਦ ਨਫ਼ਰਤ ਦੀ ਅੱਗ ਦੇ ਭਾਂਬੜ ਨੂੰ ਬੁਝਾਉਣ ਦੀ ਤਾਕਤ ਤੇ ਸਮਰੱਥਾ ਰੱਖਦੀ ਹੈ। ਸੋ, ਹਮੇਸ਼ਾ ਪਿਆਰ ਵੰਡੋ ਨਾ ਕੇ ਨਫ਼ਰਤ ਦੇ ਬੀਜ ਬੀਜੋ। ਫੇਰ ਵੇਖਿਓ! ਜ਼ਿੰਦਗੀ ਕਿੰਨੀ ਸੁਹਾਵਣੀ ਬਣ ਜਾਵੇਗੀ। ਗੁੱਸੇ ਗਿਲਿਆਂ 'ਚ ਕੁੱਝ ਨਹੀਂ ਰੱਖਿਆ, ਜ਼ਿੰਦਗੀ ਬੜੀ ਛੋਟੀ ਹੈ। ਇਸ ਨੂੰ ਰੱਜ ਕੇ ਮਾਣੋ ਤੇ ਖੁੱਲ੍ਹ ਕੇ ਜੀਓ। ਇਸੇ 'ਚ ਜਿੰਦਗੀ ਦਾ ਅਨੰਦ ਹੈ।

-ਲੈਕਚਰਾਰ ਅਜੀਤ ਖੰਨਾ
ਐਮ.ਏ., ਐੱਮ.ਫਿਲ., ਐਮ.ਜੇ.ਐਮ.ਸੀ., ਬੀ.ਐਡ.