JALANDHAR WEATHER

25-06-26

 ਸਮੇਂ ਦਾ ਸਾਣ
ਵਕਤ ਦਾ ਵਹਾਅ ਡਾਹਢਾ ਹੁੰਦਾ ਹੈ, ਜੋ ਦੋਗਲੇ ਕਿਰਦਾਰ ਅਤੇ ਬੰਦਿਆਂ ਦੇ ਚਿਹਰੇ ਪੜ੍ਹਨਾ ਸਿਖਾ ਦਿੰਦਾ ਹੈ। ਕਦੇ ਡੁੱਬਦੇ ਸੂਰਜ ਨੂੰ ਦੇਖਣ ਦਾ ਯਤਨ ਕਰੋ, ਉਹ ਤਾਂ ਫਿਰ ਉੱਗਣ 'ਤੇ ਇਕ ਨਵੀਂ ਸਵੇਰ ਮਿਲਣ ਦੇ ਵਾਅਦੇ ਨਾਲ ਅਸਤ ਹੁੰਦਾ ਹੈ। ਪਰ ਇਨਸਾਨ ਇਕ ਵਾਰ ਇਸ ਕਾਇਨਾਤ-ਏ-ਮੰਚ ਤੋਂ ਗਿਆ, ਕਿਸ ਵਾਅਦੇ-ਏ-ਵਫ਼ਾ ਨਾਲ ਰੁਖ਼ਸਤ ਹੁੰਦਾ, ਇਕ ਵੱਡਾ ਸਵਾਲ ਸਾਡੇ ਸਾਹਮਣੇ ਹੈ। ਅਟੱਲ ਸੱਚਾਈ ਹੈ..। ਅਸੀਂ ਨਾ ਹੀ ਆਪਣੇ ਪ੍ਰਛਾਵੇਂ ਨੂੰ ਫੜ ਸਕਦੇ ਹਾਂ ਨਾ ਹੀ ਤੁਰਦੇ ਵਕਤ ਦੀਆਂ ਬਾਗਾਂ...। ਅੱਜ ਬੰਦਿਆਂ 'ਚੋਂ ਬੰਦਗੀ ਖ਼ਤਮ ਤੇ ਸੱਪ ਨੂੰ ਦੁੱਧ ਪਿਆਉਣਾ ਤੇ ਦੋਗਲਾ ਮਿੱਤਰ ਬਣਾਉਣਾ ਬਜਰ ਗਲਤੀ ਦਾ ਅਹਿਸਾਸ ਤੇ 'ਰਿੱਝਦਾ' ਸਵਾਲ ਕਦੇ ਨਾ ਕਦੇ ਜ਼ਿੰਦਗੀ ਦੇ ਕਿਸੇ ਮੋੜ 'ਤੇ ਖੜ੍ਹਾ ਹੋ ਹੀ ਜਾਂਦਾ ਹੈ। ਮਖੌਟੇਬਾਜ਼ ਦੁਨੀਆ 'ਚੋਂ ਅਸਲ ਕਿਰਦਾਰ ਵਾਲੇ ਬੰਦੇ ਲੱਭਣਾ ਤਾਂ ਮੁਹਾਲ ਹੈ, ਪਰ ਗੋਰਖਧੰਦੇ ਵਾਲੇ ਅਸਾਨੀ ਨਾਲ ਬਿਨ ਲੱਭਿਆਂ ਹੀ ਮਿਲ ਜਾਂਦੇ ਨੇ...। ਆਓ! ਆਪਣੇ-ਆਪ ਨੂੰ 'ਕਮਲ ਦੇ ਫੁੱਲ' ਵਾਂਗ ਚਿੱਕੜ ਤੋਂ ਨਿਰਲੇਪ ਰਹਿਣ ਲਈ ਚਕਾਚੌਂਧ ਵਾਲੀ ਜ਼ਿੰਦਗੀ ਨੂੰ ਸਮਝਣ ਲਈ ਸਾਨੂੰ ਆਪਣੇ-ਆਪ ਨੂੰ 'ਸਮੇਂ ਦੇ ਸਾਣ' ਤੇ ਇਸ ਕਦਰ ਲਾਉਣਾ ਪਏਗਾ ਕਿ ਸਾਡੀ ਮੁੱਲਵਾਨ ਜ਼ਿੰਦਗੀ ਕਿਸੇ ਵੱਡੇ ਘਾਟੇ, ਨੁਕਸਾਨ ਤੋਂ ਬਚ ਜਾਏ। ਇਹੀ ਜ਼ਿੰਦਗੀ ਦਾ ਅਸਲ ਸਬਕ ਹੈ, ਕਾਇਦਾ ਹੈ...।

-ਜਸਬੀਰ ਦੱਧਾਹੂਰ
ਪਿੰਡ ਤੇ ਡਾਕ. ਦਧਾਹੂਰ, ਰਾਏਕੋਟ (ਲੁਧਿਆਣਾ)

ਆਤਮ-ਸਨਮਾਨ

ਮਨੋਵਿਗਿਆਨਕ ਦ੍ਰਿਸ਼ਟੀਕੋਣ ਅਨੁਸਾਰ ਜਿਸ ਢੰਗ ਨਾਲ ਮਨੁੱਖ ਆਪੋ-ਆਪਣਾ ਪ੍ਰਤੱਖੀਕਰਨ ਕਰਦੇ ਹਨ ਅਤੇ ਆਪਣੀ ਸਮਰੱਥਾ ਅਤੇ ਗੁਣਾਂ ਦੇ ਸੰਬੰਧ ਬਾਰੇ ਜੋ ਵਿਚਾਰ ਰੱਖਦੇ ਹਨ, ਉਸ ਨੂੰ ਆਤਮ-ਧਾਰਨਾ ਜਾਂ ਆਤਮ ਸੰਕਲਪ ਕਿਹਾ ਜਾਂਦਾ ਹੈ। ਆਤਮ-ਧਾਰਨਾ ਦੇ ਮਹੱਤਵਪੂਰਨ ਤਿੰਨ ਪੱਖ ਹਨ, ਜਿਨ੍ਹਾਂ ਦੇ ਨਾਂਅ ਕ੍ਰਮਵਾਰ ਆਤਮ-ਸਨਮਾਨ, ਆਤਮ-ਸਮਰੱਥਾ ਅਤੇ ਆਤਮ-ਕੰਟਰੋਲ ਹੈ। ਆਤਮ-ਸਨਮਾਨ ਸਾਡੇ ਆਤਮ ਦਾ ਮਹੱਤਵਪੂਰਨ ਅੰਗ ਹੈ। ਇਕ ਵਿਅਕਤੀ ਦੇ ਰੂਪ ਵਿਚ ਅਸੀਂ ਸਦਾ ਹੀ ਆਪਣੀ ਕੀਮਤ, ਸਥਿਤੀ ਅਤੇ ਯੋਗਤਾ ਦੇ ਵਿਸ਼ੇ ਵਿਚ ਚਿੰਤਨ ਕਰਦੇ ਰਹਿੰਦੇ ਹਾਂ। ਵਿਅਕਤੀ ਦਾ ਆਪਣੇ ਸੰਬੰਧ ਵਿਚ ਮੁੱਲ-ਨਿਰਣਾ ਹੀ ਆਤਮ-ਸਨਮਾਨ ਕਹਾਉਂਦਾ ਹੈ। ਕੁਝ ਮਨੁੱਖਾਂ ਅੰਦਰ ਆਤਮ-ਸਨਮਾਨ ਉੱਚੇ ਸਤਰ ਦਾ ਹੁੰਦਾ ਹੈ ਤੇ ਕੁਝ ਮਨੁੱਖਾਂ ਅੰਦਰ ਆਤਮ-ਸਨਮਾਨ ਨੀਵੇਂ ਸਤਰ ਦਾ ਹੁੰਦਾ ਹੈ। ਆਤਮ-ਸਨਮਾਨ ਦੀ ਭਾਵਨਾ ਛੇ-ਸੱਤ ਸਾਲ ਦੀ ਉਮਰ ਤੋਂ ਹੀ ਆਰੰਭ ਹੋ ਜਾਂਦੀ ਹੈ। ਉਮਰ ਅਤੇ ਸਮੇਂ ਦੇ ਅਨੁਸਾਰ ਆਤਮ-ਸਨਮਾਨ ਸਰੀਰਕ, ਮਾਨਸਿਕ, ਸਮਾਜਿਕ ਅਤੇ ਭਾਵਨਾਤਮਕ ਖੇਤਰਾਂ ਵਿਚ ਵਧੇਰੇ ਵਧੀਆ ਹੁੰਦਾ ਜਾਂਦਾ ਹੈ। ਉੱਚ ਸਤਰ ਵਾਲੇ ਆਤਮ-ਸਨਮਾਨ ਵਾਲੇ ਵਿਅਕਤੀ ਸਮਾਜਿਕ ਕੰਮਾਂ ਵਿਚ ਵਧੇਰੇ ਰੁਚੀ ਰੱਖਦੇ ਹਨ ਅਤੇ ਉਨ੍ਹਾਂ ਦਾ ਪ੍ਰਦਰਸ਼ਨ ਵੀ ਹਰੇਕ ਖੇਤਰ ਵਿਚ ਚੰਗਾ ਹੁੰਦਾ ਹੈ। ਨੀਵੇਂ-ਸਤਰ ਵਾਲੇ ਆਤਮ-ਸਨਮਾਨ ਵਾਲੇ ਵਿਅਕਤੀ ਚਿੰਤਾ ਅਤੇ ਡਿਪ੍ਰੈਸ਼ਨ ਰੋਗ ਤੋਂ ਪੀੜਤ ਹੋ ਕੇ ਸਮਾਜ ਵਿਰੋਧੀ ਵਿਹਾਰ ਕਰਦੇ ਹਨ।

-ਕੁਲਵਿੰਦਰ ਸਿੰਘ
ਪਿੰਡ ਬਿਹਾਲਾਂ, (ਹੁਸ਼ਿਆਰਪੁਰ)

ਪੰਜਾਬੀਆਂ ਲਈ ਮਾਣ ਵਾਲੀ ਗੱਲ

ਪੰਜਾਬੀਆਂ ਨੇ ਦੁਨੀਆ ਭਰ 'ਚ ਆਪਣੀ ਮਿਹਨਤ ਤੇ ਕਾਬਲੀਅਤ ਦਾ ਸਿੱਕਾ ਜਮਾਇਆ ਹੈ। ਇਸੇ ਲੜੀ ਤਹਿਤ ਪੰਜਾਬ ਦੇ ਪਿੰਡ ਦੁਸਾਂਝ 'ਚ ਜੰਮੇ ਦਲਜੀਤ ਦੁਸਾਂਝ ਦਾ ਅਮਰੀਕਾ ਦੇ ਲਾਸ ਏਂਜਲਸ ਸ਼ਹਿਰ 'ਚ 6 ਜਨਵਰੀ, 2027 ਨੂੰ ਦਲਜੀਤ ਡੇ ਦੇ ਰੂਪ 'ਚ ਮਨਾਉਣ ਦਾ ਫ਼ੈਸਲਾ ਹੋਇਆ ਹੈ। ਇਹ ਫ਼ੈਸਲਾ ਲਾਸ ਏਂਜਲਸ ਸ਼ਹਿਰ ਦੀ ਕੌਂਸਲ ਵਲੋਂ ਕੀਤਾ ਗਿਆ ਹੈ, ਜੋ ਨਾ ਸਿਰਫ਼ ਦਲਜੀਤ ਵਾਸਤੇ ਸਗੋਂ ਸਮੁੱਚੇ ਪੰਜਾਬੀਆਂ ਲਈ ਮਾਣ ਵਾਲੀ ਗੱਲ ਹੈ। ਦਲਜੀਤ ਨੇ ਆਪਣੀ ਹਿੰਮਤ ਤੇ ਕਲਾਕਾਰੀ ਦੀ ਮਿਸਾਲ ਪੈਦਾ ਕਰਦਿਆਂ ਦੁਨੀਆਂ ਨੂੰ ਦੱਸ ਦਿੱਤਾ ਹੈ ਕਿ ਪੰਜਾਬੀ ਆ ਗਏ ਓਏ। ਭਾਵ ਪੰਜਾਬੀ ਹਰ ਦੇਸ਼-ਵਿਦੇਸ਼ 'ਚ ਆਪਣੀ ਮਿਹਨਤ ਦੀ ਮਿਸਾਲ ਕਾਇਮ ਕਰਨ 'ਚ ਕਾਮਯਾਬ ਹੋ ਗਏ ਹਨ। ਸੋ, ਆਓ ਆਪਣੇ ਦਲਜੀਤ ਨੂੰ ਇਸ ਗੱਲ ਦੀ ਮੁਬਾਰਕਬਾਦ ਦਈਏ ਕਿ ਉਸ ਨੇ ਪੰਜਾਬੀ ਭਾਈਚਾਰੇ ਦਾ ਨਾਂਅ ਸੰਸਾਰ ਭਰ 'ਚ ਚਮਕਾਇਆ ਹੈ।

-ਲੈਕਚਰਾਰ ਅਜੀਤ ਖੰਨਾ

ਸਰਟੀਫਿਕੇਟ ਬਣਾਉਣਾ ਹੋਇਆ ਮੁਸ਼ਕਿਲ

ਬਠਿੰਡਾ ਜ਼ਿਲੇ ਦੀ ਸਬ ਤਹਿਸੀਲ ਸੰਗਤ ਵਿਖੇ ਗ਼ਰੀਬ ਅਤੇ ਲੋੜਵੰਦ ਲੋਕਾਂ ਨੂੰ ਜਾਤੀ ਸਰਟੀਫਿਕੇਟ, ਆਮਦਨ ਸਰਟੀਫਿਕੇਟ ਅਤੇ ਰਿਹਾਇਸ਼ੀ ਸਰਟੀਫਿਕੇਟ ਬਣਾਉਣ ਲਈ ਮਹੀਨਿਆਂ ਤੱਕ ਖੱਜਲ ਖੁਆਰ ਹੋਣਾ ਪੈ ਰਿਹਾ ਹੈ। ਸਭ ਤੋਂ ਪਹਿਲਾਂ ਜਦੋਂ ਕੋਈ ਵਿਅਕਤੀ ਫਾਰਮ ਭਰ ਕੇ ਸੇਵਾ ਕੇਂਦਰ ਵਿਚ ਜਮ੍ਹਾਂ ਕਰਵਾਉਂਦਾ ਹੈ ਤਾਂ ਉਸ ਨੂੰ ਕੋਈ ਰਸੀਦ ਹੀ ਨਹੀਂ ਦਿੱਤੀ ਜਾਂਦੀ। ਦੂਜੀ ਗੱਲ ਬਿਨਾਂ ਮੋਬਾਈਲ ਫੋਨ ਦੇ ਵੀ ਫਾਰਮ ਜਮ੍ਹਾਂ ਨਹੀਂ ਕਰਵਾਇਆ ਜਾਂਦਾ, ਜਿਸ ਕਰਕੇ ਗਰੀਬ ਤੇ ਅਨਪੜ੍ਹ ਲੋਕਾਂ ਨੂੰ ਬਿਨਾਂ ਮੋਬਾਈਲ ਫੋਨ ਦੇ ਫਾਰਮ ਜਮ੍ਹਾ ਕਰਵਾਉਣ ਤੋਂ ਟਾਲਾ ਹੀ ਵੱਟਣਾ ਪੈਂਦਾ ਹੈ। ਫਿਰ ਸਬ ਤਹਿਸੀਲ ਸੰਗਤ ਦੇ ਅਧਿਕਾਰੀ ਅਤੇ ਕਰਮਚਾਰੀ ਮਹੀਨਾ-ਮਹੀਨਾ ਭਰ ਆਪਣੇ ਆਨਲਾਈਨ ਸਿਸਟਮ ਵਿਚੋਂ ਅੱਗੇ ਦੀ ਅੱਗੇ ਫਾਰਮ ਨੂੰ ਭੇਜਦੇ ਹੀ ਨਹੀਂ, ਜਿਸ ਕਰਕੇ ਦਿੱਤੀ ਹੋਈ ਨਿਰਧਾਰਿਤ ਮਿਤੀ ਤੱਕ ਵੀ ਲੋਕਾਂ ਨੂੰ ਸਰਟੀਫਿਕੇਟ ਨਹੀਂ ਮਿਲਦਾ। ਫਿਰ ਖ਼ੁਦ ਹੀ ਵਿਅਕਤੀ ਨੂੰ ਆਪ ਦਫ਼ਤਰਾਂ ਦੇ ਗੇੜੇ ਮਾਰ ਕੇ ਮਿੰਨਤਾਂ-ਤਰਲੇ ਕਰ ਕਰ ਕੇ ਅਤੇ ਏਜੰਟਾਂ ਦਾ ਸ਼ਿਕਾਰ ਹੋ ਕੇ ਫ਼ਾਰਮ ਅੱਗੇ ਤੋਰਨਾ ਪੈਂਦਾ ਹੈ। ਫਿਰ ਸੋਚਣ ਵਾਲੀ ਗੱਲ ਇਹ ਹੈ ਕਿ ਜੇਕਰ ਲੋਕਾਂ ਨੇ ਖ਼ੁਦ ਹੀ ਭਕਾਈ ਕਰਨੀ ਹੈ ਤਾਂ ਸੇਵਾ ਕੇਂਦਰ ਵਲੋਂ ਸਰਵਿਸ ਦੇ ਰੂਪ ਵਿਚ ਲਈ ਜਾਂਦੀ ਫੀਸ ਕਿਉਂ....? ਆਨਲਾਈਨ ਪ੍ਰਣਾਲੀ ਨਾਲ ਕੰਮ ਹੋਣਾ ਤਾਂ ਜਲਦੀ ਚਾਹੀਦਾ ਸੀ, ਪ੍ਰੰਤੂ ਹੋ ਆਫਲਾਈਨ ਦੇ ਮੁਕਾਬਲੇ ਵੀ ਕਿਤੇ ਜ਼ਿਆਦਾ ਦੇਰੀ ਅਤੇ ਖੱਜਲ ਖੁਆਰੀ ਨਾਲ ਕਰਵਾਉਣਾ ਪੈ ਰਿਹਾ ਹੈ। ਸਰਕਾਰ ਨੂੰ ਬਿਨਾਂ ਕਿਸੇ ਹੋਰ ਦੇਰੀ ਕੀਤੇ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ, ਤਾਂ ਕਿ ਗਰੀਬ ਲੋਕਾਂ ਨੂੰ ਆਸਾਨੀ ਹੋ ਸਕੇ।

-ਅੰਗਰੇਜ ਸਿੰਘ ਵਿੱਕੀ
ਪਿੰਡ ਤੇ ਡਾਕ. ਕੋਟਗੁਰੂ (ਬਠਿੰਡਾ)