JALANDHAR WEATHER

08-07-26

ਬੂਟੇ ਲਗਾਓ, ਵਾਤਾਵਰਨ ਬਚਾਓ
ਚਾਰ, ਪੰਜ ਦਹਾਕੇ ਪਹਿਲਾਂ ਪੰਜਾਬ ਰੁੱਖਾਂ ਨਾਲ ਹਰਿਆ-ਭਰਿਆ ਹੁੰਦਾ ਸੀ, ਕਿਉਂਕਿ ਰੁੱਖਾਂ ਕਾਰਨ ਬਰਸਾਤਾਂ ਬਹੁਤ ਹੁੰਦੀਆਂ ਸਨ। ਸੜਕਾਂ, ਰੇਲ ਦੀਆਂ ਪਟੜੀਆਂ, ਖਾਲੀ ਥਾਵਾਂ 'ਤੇ ਕਾਫੀ ਛਾਂਦਾਰ ਦਰਖ਼ਤ ਹੁੰਦੇ ਸਨ ਅਤੇ ਰਾਹਗੀਰ ਰੁੱਖਾਂ ਹੇਠਾਂ ਬੈਠ ਕੇ ਛਾਂ ਦਾ ਅਨੰਦ ਮਾਣਦੇ ਸਨ ਅਤੇ ਵਾਤਾਵਰਨ ਵੀ ਸਾਫ਼ ਸੁਥਰਾ ਹੁੰਦਾ ਸੀ। ਪਰ ਹੁਣ ਵਿਕਾਸ ਦੇ ਨਾਂਅ 'ਤੇ ਦਰਖ਼ਤਾਂ ਦੀ ਬੇਸ਼ੁਮਾਰ ਕਟਾਈ ਹੋਈ ਹੈ। ਜੰਗਲ-ਬੇਲੇ ਵੀ ਕੱਟੇ ਗਏ ਹਨ ਅਤੇ ਓਨੇ ਰੁੱਖ ਲਗਾਏ ਨਹੀਂ ਗਏ ਜਿੰਨੇ ਕੱਟੇ ਗਏ ਹਨ। ਹੁਣ ਬਰਸਾਤਾਂ ਦਾ ਮੌਸਮ ਸ਼ੁਰੂ ਹੋ ਚੁੱਕਾ ਹੈ, ਸੋ ਪਿੰਡਾਂ ਦੀਆਂ ਲਿੰਕ ਸੜਕਾਂ, ਮੇਨ ਸੜਕਾਂ, ਖਾਲੀ ਥਾਵਾਂ, ਨਹਿਰਾਂ ਦੀਆਂ ਪਟੜੀਆਂ ਆਦਿ 'ਤੇ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ। ਜਿਥੇ ਪਿੰਡਾਂ ਦੀਆਂ ਪੰਚਾਇਤਾਂ, ਯੂਥ ਕਲੱਬਾਂ, ਵਾਤਾਵਰਨ ਪ੍ਰੇਮੀਆਂ ਅਤੇ ਆਮ ਲੋਕਾਂ ਨੂੰ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ, ਉਥੇ ਹੀ ਜੰਗਲਾਤ ਵਿਭਾਗ, ਬਾਗਬਾਨੀ ਵਿਭਾਗ ਨੂੰ ਫੁੱਲਦਾਰ, ਫਲਦਾਰ ਅਤੇ ਛਾਂਦਾਰ ਬੂਟੇ ਲਗਾਉਣੇ ਚਾਹੀਦੇ ਹਨ ਅਤੇ ਜੇਕਰ ਹੋ ਸਕੇ ਮੁਫ਼ਤ ਬੂਟੇ ਵੰਡ ਕੇ ਲੋਕਾਂ ਨੂੰ ਬੂਟੇ ਲਗਾਉਣ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ ਅਤੇ ਹਰੇਕ ਨੂੰ ਲਗਾਏ ਗਏ ਬੂਟਿਆਂ ਦੀ ਸਾਂਭ-ਸੰਭਾਲ ਕਰਨ ਦੀ ਵੀ ਲੋੜ ਹੈ।

-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਰਮਨੀਕ ਨਗਰ, ਜਲੰਧਰ।

ਫੌਕੀ ਬਿਆਨਬਾਜ਼ੀ ਤੋਂ ਬਚੋ

ਹਾਲ ਹੀ ਵਿਚ ਮੁੱਖ ਮੰਤਰੀ ਦੀ ਵੀਡੀਓ ਨੂੰ ਲੈ ਕੇ ਉੱਠੇ ਵਿਵਾਦ ਅਤੇ ਇਸ ਸੰਬੰਧੀ ਰਾਘਵ ਚੱਢਾ ਵਲੋਂ ਭਗਵੰਤ ਮਾਨ ਤੋਂ ਅਸਤੀਫ਼ੇ ਦੀ ਮੰਗ ਨੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਲੋਕਤੰਤਰ ਵਿਚ ਹਰ ਨੇਤਾ ਨੂੰ ਆਪਣੀ ਰਾਏ ਪ੍ਰਗਟ ਕਰਨ ਦਾ ਅਧਿਕਾਰ ਹੈ, ਪਰ ਕਿਸੇ ਵੀ ਨਤੀਜੇ 'ਤੇ ਪਹੁੰਚਣ ਤੋਂ ਪਹਿਲਾਂ ਤੱਥਾਂ ਦੀ ਪੂਰੀ ਜਾਂਚ ਹੋਣੀ ਚਾਹੀਦੀ ਹੈ। ਜਨਤਾ ਆਪਣੇ ਚੁਣੇ ਹੋਏ ਨੁਮਾਇੰਦਿਆਂ ਤੋਂ ਉਮੀਦ ਕਰਦੀ ਹੈ ਕਿ ਉਹ ਸੂਬੇ ਦੇ ਵਿਕਾਸ, ਸਿੱਖਿਆ, ਸਿਹਤ ਅਤੇ ਰੋਜ਼ਗਾਰ ਵਰਗੇ ਮੁੱਦਿਆਂ 'ਤੇ ਵੱਧ ਧਿਆਨ ਦੇਣ। ਰਾਜਨੀਤਿਕ ਪਾਰਟੀਆਂ ਨੂੰ ਵੀ ਚਾਹੀਦਾ ਹੈ ਕਿ ਉਹ ਇਕ-ਦੂਜੇ 'ਤੇ ਦੋਸ਼ ਲਗਾਉਣ ਦੀ ਬਜਾਏ ਲੋਕ-ਹਿਤ ਦੇ ਮੁੱਦਿਆਂ ਨੂੰ ਤਰਜੀਹ ਦੇਣ। ਇਸ ਨਾਲ ਲੋਕਾਂ ਦਾ ਲੋਕਤੰਤਰਿਕ ਸੰਸਥਾਵਾਂ 'ਤੇ ਭਰੋਸਾ ਹੋਰ ਮਜ਼ਬੂਤ ਹੋਵੇਗਾ।

-ਅਰਸ਼ਪ੍ਰੀਤ ਕੌਰਜਲੰਧਰ।

ਸਿਹਤ ਸੰਬੰਧੀ ਬਣੇ ਕਾਨੂੰਨ

ਅੱਜ-ਕੱਲ੍ਹ ਮੋਬਾਈਲ ਨਾਲ਼ ਚਿੰਬੜ ਕੇ ਰਹਿਣ ਦੀ ਬਿਮਾਰੀ ਸਾਨੂੰ ਸਭ ਨੂੰ ਲੱਗ ਚੁੱਕੀ ਹੈ। ਸਾਨੂੰ ਲੱਗਦਾ ਹੈ ਕਿ ਹਰ ਮਸਲੇ ਦਾ ਹੱਲ ਮੋਬਾਈਲ ਇਹ ਹੀ ਦੇਵੇਗਾ। ਹੱਦ ਤਾਂ ਉਦੋਂ ਹੋ ਜਾਂਦੀ ਹੈ ਜਦੋਂ ਕਿਸੇ ਮਾਹਰ ਡਾਕਟਰ ਕੋਲ ਜਾਂ ਹਸਪਤਾਲ ਜਾਣ ਦੀ ਬਜਾਏ ਅਸੀਂ ਬਿਮਾਰੀਆਂ ਦਾ ਇਲਾਜ ਬਿਨਾਂ ਕਿਸੇ ਡਿਗਰੀ ਤੋਂ ਜਾਂ ਅਪ੍ਰਮਾਣਿਤ ਵਿਅਕਤੀ ਦੁਆਰਾ ਪਾਈਆਂ ਵੀਡਿਓਜ਼ ਤੋਂ ਲੱਭਣ ਲੱਗਦੇ ਹਾਂ ਅਤੇ ਬਹੁਤੀ ਵਾਰ ਇਨ੍ਹਾਂ ਦੇ ਆਧਾਰ 'ਤੇ ਵਰਤਿਆ ਟੋਟਕਾ ਉਲਟਾ ਸਰੀਰ ਨੂੰ ਨੁਕਸਾਨ ਪਹੁੰਚਾ ਦਿੰਦਾ ਹੈ। ਇਨ੍ਹਾਂ ਸਿਹਤ ਨਾਲ਼ ਸੰਬੰਧਿਤ ਬਿਨਾਂ ਕਿਸੇ ਪ੍ਰਮਾਣਿਤ ਨਤੀਜਿਆਂ ਤੋਂ ਆਪਣੇ-ਆਪ ਨੂੰ ਵੱਡੇ ਵੈਦ ਕਹਾਉਣ ਵਾਲੇ ਲੋਕਾਂ ਦਾ ਸੋਸ਼ਲ ਮੀਡੀਆ ਤੇ ਇਕ ਤਰ੍ਹਾਂ ਦਾ ਹੜ੍ਹ ਆਇਆ ਹੋਇਆ ਹੈ ਜਿਨ੍ਹਾਂ ਦਾ ਮਕਸਦ ਸਿਰਫ ਵਿਊਜ਼ ਵਧਾਉਣ ਤੇ ਪੈਸਾ ਕਮਾਉਣਾ ਹੈ। ਸਿਹਤ ਨਾਲ ਖਿਲਵਾੜ ਰੋਕਣ ਲਈ ਸਾਡੇ ਗੁਆਂਢੀ ਮੁਲਕ ਚੀਨ ਨੇ ਇਕ ਕਾਨੂੰਨ ਹੀ ਬਣਾ ਦਿੱਤਾ ਹੈ ਕਿ ਬਿਨਾਂ ਕਿਸੇ ਪ੍ਰਮਾਣਿਤ ਡਿਗਰੀ ਤੋਂ ਕੋਈ ਵੀ ਸਿਹਤ ਨਾਲ਼ ਸੰਬੰਧਿਤ ਵੀਡੀਓ ਸੋਸ਼ਲ ਮੀਡੀਆ 'ਤੇ ਅਪਲੋਡ ਨਹੀਂ ਕਰ ਸਕੇਗਾ। ਇਹ ਬਹੁਤ ਹੀ ਵਧੀਆ ਤੇ ਸ਼ਲਾਘਾਯੋਗ ਕਦਮ ਹੈ ਜੋ ਕਰਨਾ ਬਣਦਾ ਸੀ। ਸਾਡੇ ਮੁਲਕ ਦੇ ਹਾਕਮਾਂ ਨੂੰ ਵੀ ਇਸ ਤਰ੍ਹਾਂ ਦੇ ਚੰਗੇ ਉੱਦਮ ਦੀ ਨਕਲ ਕਰ ਲੈਣੀ ਚਾਹੀਦੀ ਹੈ ਅਤੇ ਕਾਨੂੰਨ ਬਣਾ ਕੇ ਇਸ ਨੂੰ ਸਖ਼ਤੀ ਨਾਲ ਲਾਗੂ ਕਰਨ ਵਿਚ ਦੇਰੀ ਨਹੀਂ ਕਰਨੀ ਚਾਹੀਦੀ ਤਾਂ ਕਿ ਲੋਕਾਂ ਦੇ ਸਮੇਂ,ਪੈਸੇ ਤੇ ਸਿਹਤ ਨਾਲ਼ ਕੋਈ ਅਖੌਤੀ ਤੇ ਲਾਲਚੀ ਕਿਸਮ ਦੇ ਵਿਅਕਤੀ ਖਿਲਵਾੜ ਨਾ ਕਰ ਸਕਣ।

-ਲਾਭ ਸਿੰਘ ਸ਼ੇਰਗਿੱਲ