JALANDHAR WEATHER

09-07-26

 ਜੇ ਸੱਸ ਮਾਂ ਤੇ ਨੂੰਹ ਧੀ ਬਣੇ
ਕਿਸੇ ਵੀ ਪਰਿਵਾਰ ਲਈ ਸੱਸ - ਨੂੰਹ ਦਾ ਰਿਸ਼ਤਾ ਬਹੁਤ ਅਹਿਮ ਹੁੰਦਾ ਹੈ। ਜੇਕਰ ਸੱਸ - ਨੂੰਹ ਦੀ ਆਪਸ ਵਿਚ ਬਣਦੀ ਹੋਵੇ, ਆਪਸੀ ਪਿਆਰ ਹੈ ਤਾਂ ਘਰ ਦਾ ਮਾਹੌਲ ਬੜਾ ਸੋਹਣਾ ਰਹਿੰਦਾ ਹੈ। ਇਸ ਦੇ ਉਲਟ ਜੇਕਰ ਸੱਸ ਤੇ ਨੂੰਹ ਦੀ ਆਪਸ ਵਿਚ ਨਹੀਂ ਬਣਦੀ ਤਾਂ ਘਰ ਹਰ ਵੇਲੇ ਲੜਾਈ ਦਾ ਅਖਾੜਾ ਬਣਿਆ ਰਹਿੰਦਾ ਹੈ ਜਿਸ ਦਾ ਮਾੜਾ ਅਸਰ ਘਰ ਦੇ ਸਾਰੇ ਜੀਆਂ 'ਤੇ ਪੈਂਦਾ ਹੈ ।
ਕਈ ਸੱਸਾਂ ਦੀ ਸੋਚ ਹੁੰਦੀ ਹੈ ਕਿ ਨੂੰਹਾਂ ਨੂੰ ਜਿੰਨਾ ਦਬਾਅ ਕੇ ਰੱਖੀਏ ਓਨਾ ਹੀ ਚੰਗਾ ਹੈ । ਫਿਰ ਉਹ ਨੂੰਹਾਂ 'ਤੇ ਏਨੀਆਂ ਪਾਬੰਦੀਆਂ ਲਾ ਦਿੰਦੀਆਂਹਨ ਕਿ ਨੂੰਹਾਂ ਆਪਣੀ ਮਰਜ਼ੀ ਨਾਲ ਕਿਤੇ ਵੀ ਆ ਜਾ ਨਹੀਂ ਸਕਦੀਆਂ, ਮਨਪਸੰਦ ਦਾ ਖਾ ਪੀ ਨਹੀਂ ਸਕਦੀਆਂ, ਪਹਿਨ ਨਹੀਂ ਸਕਦੀਆਂ। ਰਹਿੰਦੀ ਕਸਰ ਆਂਢ ਗੁਆਂਢ ਜਾਂ ਰਿਸ਼ਤੇਦਾਰਾਂਚੋਂ ਕਈ ਚੁਗਲਖ਼ੋਰ ਲੋਕ ਪੂਰੀ ਕਰ ਦਿੰਦੇ ਨੇ, ਜਿਨ੍ਹਾਂ ਮਗਰ ਲੱਗ ਕੇ ਸੱਸਾਂ ਆਪਣੀਆਂ ਨੂੰਹਾਂ ਨਾਲ ਹੋਰ ਵੀ ਧੱਕਾ ਕਰਦੀਆਂ ਨੇ। ਜਿਨ੍ਹਾਂ ਸੱਸਾਂ ਨੇ ਪਹਿਲੇ ਪਹਿਰੇ ਆਪਣੀਆਂ ਨੂੰਹਾਂ 'ਤੇ ਜ਼ੁਲਮ ਢਾਹੇ ਹੁੰਦੇ ਹਨ ਉਹ ਬਿਰਧ ਅਵਸਥਾ ਵਿਚ ਨੂੰਹਾਂ ਤੋਂ ਸੇਵਾ ਕਰਵਾਉਣਾ ਚਾਹੁੰਦੀਆਂ ਹਨ। ਅਜਿਹੀਆਂ ਸੱਸਾਂ ਦੀ ਸੇਵਾ ਭਲਾ ਕਿਹੜੀ ਨੂੰਹ ਕਰੇਗੀ।
ਪਰ ਜਿਨ੍ਹਾਂ ਸੱਸਾਂ ਨੇ ਪਹਿਲੇ ਪਹਿਰੇ ਨੂੰਹਾਂ ਨੂੰ ਧੀਆਂ ਸਮਾਨ ਰੱਖਿਆ ਹੁੰਦਾ ਹੈ , ਉਨ੍ਹਾਂ ਦੀ ਸੇਵਾ ਤੇ ਦੇਖਭਾਲ ਨੂੰਹਾਂ ਧੀਆਂ ਤੋਂ ਵੀ ਵਧ ਕੇ ਕਰਦੀਆਂ ਹਨ। ਸੋ ਆਪਣੀਆਂ ਨੂੰਹਾਂ ਨੂੰ ਧੀਆਂ ਵਾਂਗ ਪਿਆਰ ਸਤਿਕਾਰ ਦੇਣਾ ਚਾਹੀਦਾ ਹੈ ਤਾਂ ਜੋ ਬੁਢਾਪੇ ਵੇਲੇ ਨੂੰਹਾਂ ਤੋਂ ਪਿਆਰ ਸਤਿਕਾਰ ਤੇ ਚੰਗੀ ਦੇਖਭਾਲ ਮਿਲ ਸਕੇ।

-ਹਰਦਰਸ਼ਨ ਨੈਬੀ,
ਸ੍ਰੀ ਮੁਕਤਸਰ ਸਾਹਿਬ।

ਸਰਕਾਰੀ ਹਸਪਤਾਲਾਂ ਦਾ ਮਾੜਾ ਹਾਲ

ਕੁਝ ਦਿਨ ਪਹਿਲਾਂ ਮੈਂ ਸਾਡੇ ਜ਼ਿਲ੍ਹੇ ਦੇ ਸਿਵਲ ਹਸਪਤਾਲ ਵਿਖੇ ਸਰੀਰਕ ਸਮੱਸਿਆਵਾਂ ਦੇ ਟੈਸਟ ਕਰਵਾਉਣ ਲਈ ਗਿਆ ਤਾਂ ਹਸਪਤਾਲ ਵਾਲਿਆਂ ਨੇ 3 ਦਿਨ ਤਾਂ ਮੇਰੇ ਟੈਸਟਾਂ ਵਿਚ ਹੀ ਟਪਾ ਦਿੱਤੇ। ਜਿਹੜੇ ਟੈਸਟ ਕੀਤੇ ਉਨ੍ਹਾਂ ਦੀ ਮੈਨੂੰ ਬਿਲਕੁਲ ਜ਼ਰੂਰਤ ਨਹੀਂ ਸੀ, ਮੈਨੂੰ ਆਪਣੀ ਬਿਮਾਰੀ ਦੀ ਸਮਝ ਸੀ। ਮੈਂ ਡਾਕਟਰ ਸਾਹਿਬ ਨੂੰ ਆਖਿਆ ਮੈਨੂੰ ਆਹ ਬਿਮਾਰੀ ਹੈ। ਸਰਜਨ ਨੇ ਕਿਹਾ, ਕਿ ਇਹ ਤੈਨੂੰ ਬਿਮਾਰੀ ਨਹੀਂ। ਫਿਰ ਸਿਵਲ ਹਸਪਤਾਲ ਦੇ ਦੂਜੇ ਡਾਕਟਰ ਕੋਲੇ ਭੇਜ ਦਿੱਤਾ ਤਾਂ ਉਸ ਤੋਂ ਅੱਗੇ ਤੀਜੇ ਡਾਕਟਰ ਕੋਲ ਫਿਰ ਤੀਜੇ ਡਾਕਟਰ ਨੇ ਵੀ ਅਗਾਂਹ ਚੌਥੇ ਡਾਕਟਰ ਕੋਲੇ ਭੇਜ ਦਿੱਤਾ। ਤਿੰਨਾਂ ਡਾਕਟਰਾਂ ਤੋਂ ਮੇਰੀ ਬਿਮਾਰੀ ਡਾਇਗਨੋਜ਼ ਨਹੀਂ ਹੋਈ। ਜਦੋਂ ਕਿ ਮੈਂ ਉਨ੍ਹਾਂ ਨੂੰ ਦੱਸਿਆ ਸੀ ਮੈਨੂੰ ਆਹ ਬਿਮਾਰੀ ਹੈ। ਮੈਨੂੰ ਕਿਹਾ ਕਿਸੇ ਪ੍ਰਾਈਵੇਟ ਡਾਕਟਰ ਤੋਂ ਇਲਾਜ ਕਰਾ ਲਓ। ਮੌਜੂਦਾ ਮਾਨ ਸਰਕਾਰ ਸਰਕਾਰੀ ਹਸਪਤਾਲਾਂ 'ਚ ਸਿਹਤ ਸਹੂਲਤਾਂ ਦੇਣ ਦਾ ਦਾਅਵਾ ਕਰਦੀ ਹੈ। ਪਰ ਇਹ ਹਵਾਈ ਗੱਲਾਂ ਹਨ, ਕਿਉਂਕਿ ਸਾਡੇ ਸ਼ਹਿਰ ਦੇ ਜ਼ਿਲ੍ਹਾ ਦੇ ਸਿਵਲ ਹਸਪਤਾਲ ਵਿਚ ਇਹੋ ਜਿਹੀ ਕੋਈ ਸਹੂਲਤ ਨਹੀਂ ਦਿਸੀ। ਮੈਂ ਬਜ਼ੁਰਗ ਆਦਮੀ ਹਾਂ। ਬਹੁਤ ਖੱਜਲ ਖੁਆਰ ਹੋਇਆ। ਤਿੰਨ ਦਿਨਾਂ ਦੇ ਵਿਚ ਮੇਰੀ ਬਿਮਾਰੀ ਇੰਨੀ ਵਧ ਗਈ ਕਿ ਮੈਨੂੰ ਐਮਰਜੈਂਸੀ ਪ੍ਰਾਈਵੇਟ ਹਸਪਤਾਲ 'ਚੋਂ ਆਪ੍ਰੇਸ਼ਨ ਕਰਵਾਉਣਾ ਪਿਆ। ਸਰਕਾਰ ਨੂੰ ਜ਼ਮੀਨੀ ਪੱਧਰ 'ਤੇ ਗੌਰ ਕਰਨਾ ਚਾਹੀਦਾ ਕਿ ਕੰਮ ਸਹੀ ਹੋ ਰਿਹਾ ਹੈ ਕਿ ਨਹੀਂ?

-ਨਰਿੰਦਰ ਭੱਪਰ ਝਬੇਲਵਾਲੀ।
ਸ੍ਰੀ ਮੁਕਤਸਰ ਸਾਹਿਬ।

ਕੁੱਤਿਆਂ ਦੀ ਸਮੱਸਿਆ

7 ਨਵੰਬਰ 2025 ਦੇ ਆਪਣੇ ਹੁਕਮ ਨੂੰ ਜਾਇਜ਼ ਠਹਿਰਾਉਂਦਿਆਂ ਮਾਨਯੋਗ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਮਨੁੱਖੀ ਜਾਨਾਂ ਕੀਮਤੀ ਅਤੇ ਪਹਿਲਾਂ ਹਨ। ਭਾਰਤ 'ਚ 6 ਕਰੋੜ ਦੇ ਲਗਭਗ ਅਵਾਰਾ ਕੁੱਤੇ ਹਨ। ਭਾਰਤ 'ਚ ਹਰ ਸਾਲ 2 ਕਰੋੜ ਲੋਕ ਜਾਨਵਰਾਂ ਦੀ ਹਿੰਸਾ ਵਿਚ ਗ੍ਰਸਤ ਹੁੰਦੇ ਹਨ, ਜਿਨਾਂ ਵਿਚ 92%ਕੁੱਤਿਆਂਰਾਹੀਂ ਹੁੰਦੇ ਹਨ। ਸੰਸਾਰ ਸਿਹਤ ਸੰਸਥਾ ਅਨੁਸਾਰ ਹਲਕਾਅ ਕਾਰਨ ਦੁਨੀਆ ਦੀਆਂ ਕੁੱਲ ਮੌਤਾਂ ਵਿਚੋਂ 36% ਮੌਤਾਂ ਭਾਰਤ ਵਿਚ ਹੁੰਦੀਆਂ ਹਨ।
ਅਵਾਰਾ ਕੁੱਤਿਆਂ ਕਾਰਨ ਦੁਰਘਟਨਾਵਾਂ ਵੀ ਵਾਪਰਦੀਆਂ ਹਨ। ਸਕੂਟਰ ਮੋਟਰਸਾਈਕਲਾਂ ਵਿਚ ਵੱਜਦੇ ਹਨ। ਜਦੋਂ ਕੋਈ ਵਾਹਨ ਲੰਘਦਾ ਹੈ ਤਾਂ ਉਸਦੇ ਅੱਗੇ-ਪਿੱਛੇ ਦੌੜਦੇ ਹਨ ਤਾਂ ਵੀ ਘਟਨਾਵਾਂ ਵਾਪਰਦੀਆਂ ਹਨ। ਕੁੱਤੇ ਦੀ ਸਰੀਰਕ ਭਾਸ਼ਾ ਸਮਝਣੀ ਵੀ ਚਾਹੀਦੀ ਹੈ। ਅਵਾਰਾਕੁੱਤਿਆਂਦੀ ਸਾਂਭ ਸੰਭਾਲ ਹਿੱਤ ਇਕ ਵਿਸਥਾਰਤ ਨੀਤੀ ਦੀ ਲੋੜ ਹੈ ਤਾਂ ਜੋਕੁੱਤਿਆਂਦੀ ਵਜਹਾ ਕਰਕੇ ਹੁੰਦੀਆਂ ਘਟਨਾਵਾਂ ਨੂੰ ਰੋਕਣ ਲਈ ਵੱਡੀ ਰਾਹਤ ਮਿਲੇ। ਇਸ ਨਾਲ ਹੀਕੁੱਤਿਆਂਨਾਲ ਹੁੰਦੀਆਂ ਘਟਨਾਵਾਂ ਤੋਂ ਬਚਿਆ ਜਾ ਸਕਦਾ ਹੈ। ਸੁਪਰੀਮ ਕੋਰਟ ਨੇ ਸਾਰੀਆਂ ਅਟਕਲਾਂ 'ਤੇ ਵਿਰਾਮ ਲਾ ਕੇ ਮਨੁੱਖ ਦੀ ਜਾਨ ਨੂੰ ਬਚਾਉਣ ਦਾ ਹੁਕਮ ਕਾਬਲੇ ਤਰੀਫ਼ ਹੈ।

-ਸੁਖਪਾਲ ਸਿੰਘ ਗਿੱਲ,
ਅਬਿਆਣਾ ਕਲਾਂ

ਗ਼ਰੀਬ ਔਰਤਾਂ ਤੇ ਸਰਕਾਰੀ ਸਕੀਮ

ਪੰਜਾਬ ਸਰਕਾਰ ਵੱਲੋਂ ਪੰਜਾਬ ਦੀਆਂ ਵਸਨੀਕ ਔਰਤਾਂ ਲਈ ਜਨਰਲ ਵਰਗ ਦੀਆਂ ਔਰਤਾਂ ਨੂੰ ਪ੍ਰਤੀ ਮਹੀਨਾ ਇਕ ਹਜ਼ਾਰ ਰੁਪਏ ਅਤੇ ਅਨੁਸੂਚਿਤ ਜਾਤੀ ਦੀਆਂ ਔਰਤਾਂ ਨੂੰ ਪ੍ਰਤੀ ਮਹੀਨਾ 1500 ਰੁਪਏ ਇਕ ਜੁਲਾਈ 2026 ਤੋਂ ਦੇਣ ਦਾ ਐਲਾਨ ਕੀਤਾ ਗਿਆ ਹੈ। ਪ੍ਰੰਤੂ ਇਸ ਸਕੀਮ ਦਾ ਲਾਭ ਲੈਣ ਲਈ ਅਨੁਸੂਚਿਤ ਜਾਤੀ ਦੀਆਂ ਔਰਤਾਂ ਨੂੰ ਬਹੁਤ ਹੀ ਜ਼ਿਆਦਾ ਖੱਜਲ ਖੁਆਰ ਹੋਣਾ ਪੈ ਰਿਹਾ ਹੈ ਕਿਉਂਕਿ ਜਿਹੜੀਆਂ ਔਰਤਾਂ ਦੇ ਅਨੁਸੂਚਿਤ ਜਾਤੀ ਦੇ ਸਰਟੀਫਿਕੇਟ ਪੁਰਾਣੇ ਬਣੇ ਹੋਏ ਹਨ, ਉਹ ਮੰਨੇ ਹੀ ਨਹੀਂ ਜਾ ਰਹੇ। ਜਿਸ ਕਰਕੇ ਗਰੀਬ ਵਰਗ ਦੀਆਂ ਔਰਤਾਂ ਨੂੰ ਮਜ਼ਬੂਰੀ ਵੱਸ ਦਫ਼ਤਰਾਂ ਦੇ ਧੱਕੇ ਖਾਣ ਤੋਂ ਇਲਾਵਾ ਪੈਸੇ ਵੀ ਖਰਚਣੇ ਪੈ ਰਹੇ ਹਨ। ਜ਼ਿਆਦਾ ਬਜ਼ੁਰਗ ਔਰਤਾਂ ਨੂੰ ਤਾਂ ਆਉਣ ਜਾਣ ਵਿਚ ਬਹੁਤ ਹੀ ਜਿਆਦਾ ਮੁਸ਼ਕਿਲ ਪੇਸ਼ ਆ ਰਹੀ ਹੈ। ਹੁਣ ਸੋਚਣ ਵਾਲੀ ਗੱਲ ਤਾਂ ਇਹ ਹੈ ਕਿ ਜੇਕਰ ਪਹਿਲਾਂ ਬਣਾਏ ਸਰਟੀਫਿਕੇਟ ਸਰਕਾਰ ਨੇ ਮੰਨਣੇ ਹੀ ਨਹੀਂ ਤਾਂ ਫ਼ਿਰ ਲੋਕਾਂ ਨੂੰ ਪੈਸੈ ਖ਼ਰਚ ਕੇ ਬਣਾਉਣ ਦਾ ਕੀ ਲਾਭ ਹੋਇਆ।
ਸਰਕਾਰ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਕੀ ਲੋਕ ਹੁਣ ਪੁਰਾਣੇ ਬਣੇ ਅਨੁਸੂਚਿਤ ਜਾਤੀ ਦੇ ਸਰਟੀਫਿਕੇਟ ਰੱਦ ਸਮਝਣ? ਇਸ ਤੋਂ ਇਲਾਵਾ ਇਕ ਗੱਲ ਹੋਰ ਵੀ ਵੇਖਣ ਵਿਚ ਆਈ ਹੈ ਕਿ ਇਸ ਇਸ ਸਕੀਮ ਦਾ ਫ਼ਾਰਮ ਭਰਨ ਵਾਲੀਆਂ ਬੀਬੀਆਂ ਘਰ-ਘਰ ਜਾਣ ਦੀ ਬਜਾਏ ਇਕ ਸਥਾਨ ਉੱਪਰ ਬੈਠ ਕੇ ਫਾਰਮ ਭਰ ਰਹੀਆਂ ਹਨ ਸਰਕਾਰ ਨੇ ਵੀ ਇਸ ਸਕੀਮ ਦੀ ਜਾਣਕਾਰੀ/ਹਦਾਇਤਾਂ ਬਾਰੇ ਕੋਈ ਵੀ ਇਸ਼ਤਿਹਾਰ ਅਖ਼ਬਾਰ ਵਿਚ ਨਹੀਂ ਦਿੱਤਾ ਹੈ ਅਤੇ ਨਾ ਹੀ ਲੋਕਾਂ ਨੂੰ ਕੋਈ ਇਸ ਸਬੰਧੀ ਕੋਈ ਪੁੱਛਗਿੱਛ ਅਤੇ ਸ਼ਿਕਾਇਤ ਲਈ ਕੋਈ ਰਾਬਤਾ ਨੰਬਰ ਦਿੱਤਾ ਹੈ।

-ਅੰਗਰੇਜ ਸਿੰਘ ਵਿੱਕੀ
ਪਿੰਡ ਤੇ ਡਾਕ. ਕੋਟਗੁਰੂ (ਬਠਿੰਡਾ)