JALANDHAR WEATHER

09-07-26

 ਮਨੋਵਿਗਿਆਨਕ ਪ੍ਰਯੋਗਾਂ ਦੇ ਪੜਾਅ
ਮਨੋਵਿਗਿਆਨਕ ਪ੍ਰਯੋਗਾਂ ਦੇ ਆਰੰਭਿਕ ਪੜਾਅ ਵਿਚ ਪ੍ਰਯੋਗਕਰਤਾ ਦੇ ਸਾਹਮਣੇ ਕੋਈ ਸਮੱਸਿਆ ਉਤਪੰਨ ਹੁੰਦੀ ਹੈ ਅਤੇ ਪ੍ਰਯੋਗਕਰਤਾ ਉਸ ਸਮੱਸਿਆ 'ਤੇ ਪ੍ਰਯੋਗ ਕਰਨ ਦਾ ਵਿਚਾਰ ਕਰਦਾ ਹੈ। ਇਹ ਵਿਚਾਰ ਹੀ ਧਾਰਨਾ ਹੈ। ਦੂਜੇ ਚਰਣ ਵਿਚ ਪ੍ਰਯੋਗਕਰਤਾ ਧਾਰਨਾ ਦੇ ਹੱਲ ਲਈ ਪਰਿਕਲਪਨਾ ਬਣਾਉਂਦਾ ਹੈ। ਇਹ ਪਰਿਕਲਪਨਾ ਸਮੱਸਿਆ ਦਾ ਸੰਭਾਵਿਤ ਹੱਲ ਹੁੰਦੀ ਹੈ। ਤੀਜੇ ਪੜਾਅ ਵਿਚ ਆਜ਼ਾਦ ਕਾਰਕਾਂ ਅਤੇ ਨਿਰਭਰ ਕਾਰਕਾਂ ਨੂੰ ਅਲੱਗ-ਅਲੱਗ ਕੀਤਾ ਜਾਂਦਾ ਹੈ। ਨਿਰਭਰ ਕਾਰਕ ਸਥਿਰ ਹੁੰਦੇ ਹਨ ਅਤੇ ਆਜ਼ਾਦ ਕਾਰਕ ਪਰਿਵਰਤਨਸ਼ੀਲ ਹੁੰਦੇ ਹਨ। ਚੌਥੇ ਪੜਾਅ ਵਿਚ ਪ੍ਰਯੋਗਸ਼ਾਲਾ ਵਿਚੋਂ ਪ੍ਰਯੋਗ ਨਾਲ ਅਸੰਬੰਧਿਤ ਗੱਲਾਂ ਨੂੰ ਅਲੱਗ ਕੀਤਾ ਜਾਂਦਾ ਹੈ ਅਤੇ ਪ੍ਰਯੋਗ ਨਾਲ ਸੰਬੰਧਿਤ ਗੱਲਾਂ ਨੂੰ ਕੰਟਰੋਲ ਕੀਤਾ ਜਾਂਦਾ ਹੈ। ਪ੍ਰਯੋਗ ਵਿਧੀ ਦਾ ਇਹ ਪੜਾਅ ਬਹੁਤ ਮਹੱਤਵਪੂਰਨ ਤੇ ਜ਼ਰੂਰੀ ਹੁੰਦਾ ਹੈ। ਸਥਿਤੀਆਂ ਨੂੰ ਸਹੀ ਢੰਗ ਨਾਲ ਕੰਟਰੋਲ ਕਰਕੇ ਹੀ ਸਹੀ ਨਤੀਜੇ ਪ੍ਰਾਪਤ ਹੁੰਦੇ ਹਨ। ਪੰਜਵੇਂ ਪੜਾਅ ਵਿਚ ਪ੍ਰਯੋਗ ਦੁਆਰਾ ਪ੍ਰਾਪਤ ਕੀਤੇ ਨਤੀਜਿਆਂ ਦਾ ਵਿਸ਼ਲੇਸ਼ਣ ਕੀਤਾ ਜਾਂਦਾ ਹੈ। ਪ੍ਰਾਪਤ ਕੀਤੇ ਨਤੀਜਿਆਂ ਵਿਚ ਇਕ ਸਧਾਰਨ ਨਤੀਜਾ ਕੱਢਿਆ ਜਾਂਦਾ ਹੈ। ਛੇਵੇਂ ਤੇ ਆਖ਼ਰੀ ਪੜਾਅ ਵਿਚ ਸਧਾਰਨ ਨਤੀਜੇ ਦੀ ਪ੍ਰਾਪਤੀ ਦੇ ਆਧਾਰ 'ਤੇ ਪਰਿਕਲਪਨਾ ਦੀ ਜਾਂਚ ਕੀਤੀ ਜਾਂਦੀ ਹੈ। ਜੇਕਰ ਪ੍ਰਯੋਗ ਰਾਹੀਂ ਪ੍ਰਾਪਤ ਨਤੀਜਾ ਪਰਿਕਲਪਨਾ ਦੇ ਅਨੁਸਾਰ ਹੋਵੇ ਤਾਂ ਪਰਿਕਲਪਨਾ ਨੂੰ ਸਹੀ ਮੰਨ ਲਿਆ ਜਾਂਦਾ ਹੈ, ਨਹੀਂ ਤਾਂ ਗਲਤ ਮੰਨ ਕੇ ਨਵੀਂ ਪਰਿਕਲਪਨਾ ਕੀਤੀ ਜਾਂਦੀ ਹੈ।

-ਮਨੋਵਿਗਿਆਨਕ ਪ੍ਰਯੋਗਸ਼ਾਲਾ
ਪਿੰਡ ਨੌਨੀਤਪੁਰ, ਗੜ੍ਹਸ਼ੰਕਰ।

ਚੁੱਪ ਕਮਜ਼ੋਰੀ ਨਹੀਂ, ਤਾਕਤ ਹੈ
ਚੁੱਪ ਇਕ ਅਜਿਹਾ ਤਾਕਤਵਰ ਹਥਿਆਰ ਹੈ, ਜਿਸ ਤੋਂ ਦੁਸ਼ਮਣ ਹਮੇਸ਼ਾ ਭੈਅ ਖਾਂਦਾ ਹੈ। ਸਿਆਣੇ ਕਹਿੰਦੇ ਹਨ ਕਿ ਜੋ ਗਰਜਦੇ ਹਨ ਉਹ ਵਰਸਦੇ ਨਹੀਂ। ਭਾਵ ਜ਼ਿਆਦਾ ਬੋਲਣ ਵਾਲਾ ਵਿਅਕਤੀ ਅੰਦਰੋਂ ਕਮਜ਼ੋਰ ਤੇ ਖੋਖਲਾ ਹੁੰਦਾ ਹੈ। ਕਈ ਵਾਰ ਮਨੁੱਖ ਨੂੰ ਭੁਲੇਖਾ ਹੁੰਦਾ ਹੈ ਕਿ ਜੋ ਇਨਸਾਨ ਚੁੱਪ ਹੈ ਉਹ ਸ਼ਾਇਦ ਡਰਦਾ ਮਾਰਾ ਜਵਾਬ ਨਹੀਂ ਦੇ ਰਿਹਾ। ਜਦਕਿ ਚੁੱਪ ਰਹਿਣ ਵਾਲੇ ਵਿਅਕਤੀ ਵਿਚ ਸਬਰ ਦਾ ਖਜ਼ਾਨਾ ਹੁੰਦਾ ਹੈ ਤੇ ਜਿਸ ਵਿਅਕਤੀ 'ਚ ਸਬਰ ਹੈ ਉਹ ਜ਼ਿੰਦਗੀ ਦੀ ਹਰ ਲੜਾਈ ਜਿੱਤ ਸਕਦਾ ਹੈ। ਸਾਨੂੰ ਕਦੇ ਇਸ ਭੁਲੇਖੇ 'ਚ ਨਹੀਂ ਰਹਿਣਾ ਚਾਹੀਦਾ ਕਿ ਜੇ ਕੋਈ ਵਿਅਕਤੀ ਸਾਡੇ ਅੱਗੇ ਨਹੀਂ ਬੋਲਦਾ ਤਾਂ ਉਹ ਡਰਦਾ ਹੈ। ਅਸਲ 'ਚ ਚੁੱਪ ਰਹਿਣ ਵਾਲੇ ਵਿਅਕਤੀ 'ਚ ਸਬਰ ਸੰਤੋਖ ਏਨਾ ਜ਼ਿਆਦਾ ਹੁੰਦਾ ਹੈ ਕਿ ਉਹ ਸੋਚਦਾ ਹੈ ਕਿ ਵਕਤ ਆਉਣ 'ਤੇ ਸਾਹਮਣੇ ਵਾਲੇ ਨੂੰ ਖ਼ੁਦ-ਬ-ਖ਼ੁਦ ਜਵਾਬ ਮਿਲ ਜਾਵੇਗਾ ਜਾਂ ਫਿਰ ਜਦੋਂ ਕਦੇ ਸਹੀ ਸਮਾਂ ਆਵੇਗਾ ਤਾਂ ਉਹ ਸਹੀ ਜਵਾਬ ਦੇਵੇਗਾ। ਜਦਕਿ ਮੂਰਖ ਵਿਅਕਤੀ ਚੁੱਪ ਦੇ ਉਲਟ ਅਰਥ ਕੱਢਦਾ ਹੈ। ਇਕ ਗੱਲ ਹਮੇਸ਼ਾ ਯਾਦ ਰੱਖੋ ਚੁੱਪ ਰਹਿਣ ਵਾਲਾ ਵਿਅਕਤੀ ਜਿੰਨਾ ਜ਼ਿਆਦਾ ਸਮਝਦਾਰ ਹੁੰਦਾ ਹੈ ਉਸ ਤੋਂ ਕਿਤੇ ਵੱਧ ਉਹ ਖ਼ਤਰਨਾਕ ਵੀ ਹੁੰਦਾ ਹੈ। ਕਿਉਂਕਿ ਉਸ ਦੀ ਚੁੱਪ ਪਿੱਛੇ ਛੁਪਿਆ ਅਸਲ ਸੱਚ ਲੱਭਣਾ ਔਖਾ ਹੁੰਦਾ ਹੈ। ਜਦੋਂ ਸਾਹਮਣੇ ਵਾਲੇ ਨੂੰ ਗ਼ਲਤਫਹਿਮੀ ਹੋ ਜਾਵੇ ਕਿ ਮੈਂ ਬੜਾ ਤਾਕਤਵਰ ਹਾਂ ਤਾਂ ਇਕ ਚੁੱਪ ਵਿਅਕਤੀ ਬਾਜ਼ੀ ਪਲਟ ਦਿੰਦਾ ਹੈ। ਇਸ ਲਈ ਚੁੱਪ ਵਰਗਾ ਮਜ਼ਬੂਤ ਤੇ ਲੁਕਵਾਂ ਹਥਿਆਰ ਕੋਈ ਨਹੀਂ।

-ਲੈਕਚਰਾਰ ਅਜੀਤ ਖੰਨਾ

ਬਦਲ ਗਿਆ ਆਲਾ-ਦੁਆਲਾ
ਸਮੇਂ ਵੱਲ ਝਾਤ ਮਾਰੀਏ ਤਾਂ ਸਮਾਂ ਬਹੁਤ ਬਦਲ ਗਿਆ ਹੈ, ਸਮਾਜ ਦੀ ਦਿਸ਼ਾ ਤੇ ਦਸ਼ਾ ਬਦਲ ਗਈ ਹੈ। ਵਰਤ-ਵਰਤਾਵਾ ਸਹਿਚਾਰ, ਪਿਆਰ, ਰਹਿਣ-ਸਹਿਣ, ਰਿਸ਼ਤਿਆਂ ਦੀ ਅਸਲ ਤਸਵੀਰ ਬਦਲ ਗਈ ਹੈ। ਪਰਿਵਾਰ ਦੀ ਤਸਵੀਰ ਤਾਂ ਬਿਲਕੁਲ ਬਦਲ ਗਈ। ਹਰ ਮਨੁੱਖ ਇਕੱਲਾ ਰਹਿਣਾ ਪਸੰਦ ਕਰਦਾ ਹੈ। ਪਰਿਵਾਰ ਬਿਖਰ ਰਹੇ ਹਨ। ਸਮਾਜ ਵਿਚ ਲਿਵ-ਇਨ ਰਿਲੇਸ਼ਨਸ਼ਿਪ ਨਵਾਂ ਰਿਸ਼ਤਾ ਉਪਜ ਆਇਆ ਹੈ। ਇਹ ਰੀਤ ਸਾਡੇ ਸਮਾਜਿਕ ਰਿਸ਼ਤਿਆਂ ਨੂੰ ਨੀਵਾਂ ਕਰ ਰਹੀ ਹੈ। ਨਵੇਂ-ਨਵੇਂ ਆਸ਼ਰਮ ਘਰ ਹੋਂਦ ਵਿਚ ਆ ਰਹੇ ਹਨ। ਮਾਂ-ਪਿਉ ਘਰਾਂ ਵਿਚ ਰਹਿਣ ਦੀ ਬਜਾਏ ਟੱਟੀ-ਫੁੱਟੀ ਜ਼ਿੰਦਗੀ ਆਸ਼ਰਮ ਵਿਚ ਬਤੀਤ ਕਰ ਰਹੇ ਹਨ। ਅੱਜ ਦੇ ਬੱਚਿਆਂ ਨੂੰ ਆਪਣੇ ਦਾਦਾ-ਦਾਦੀ ਨਾਲ ਰਹਿਣਾ ਬਹੁਤ ਔਖਾ ਲੱਗਦਾ ਹੈ ਤੇ ਉਨ੍ਹਾਂ ਦੇ ਮੋਹ-ਪਿਆਰ ਤੋਂ ਕੋਰੇ ਹਨ। ਪੜ੍ਹੇ ਲਿਖੇ ਲੋਕ ਆਪਣੇ ਮਾਂ-ਪਿਉ ਨਾਲ ਰਹਿਣਾ ਪਸੰਦ ਨਹੀਂ ਕਰਦੇ। ਸਮਾਜ ਵਿਚ ਨਿੱਕੀਆਂ-ਨਿੱਕੀਆਂ ਦੁਕਾਨਾਂ ਹੁੰਦੀਆਂ ਸੀ, ਸਾਡੀ ਲੋੜ ਨੂੰ ਪੂਰਾ ਕਰਦੀਆਂ ਸਨ। ਅੱਜ ਵੱਡੇ-ਵੱਡੇ ਮਾਲ ਖੁੱਲ੍ਹ ਰਹੇ ਹਨ। ਦੁਕਾਨਾਂ ਨੂੰ ਖੂੰਝੇ ਲਾ ਦਿੱਤਾ ਹੈ। ਵੱਡੇ ਮਾਲਾਂ ਵਿਚ ਲੁੱਟ ਵਧ ਰਹੀ ਹੈ। ਪੈਸੇ ਦੀ ਭੁੱਖ ਮਨੁੱਖ ਨੂੰ ਦੋ ਨੰਬਰ ਦਾ ਧੰਦਾ ਕਰਨ ਲਈ ਮਜਬੂਰ ਕਰ ਰਹੀ ਹੈ। ਨੌਕਰੀ ਪੇਸ਼ਾ ਲੋਕ ਦਫ਼ਤਰਾਂ ਵਿਚ ਪੈਸੇ ਲਏ ਬਿਨਾਂ ਕੰਮ ਨਹੀਂ ਕਰਦੇ। ਭੈਣ-ਭਰਾਵਾਂ ਵਿਚ ਵੈਰ-ਵਿਰੋਧ ਦੀ ਭਾਵਨਾ ਵਧ ਰਹੀ ਹੈ। ਜ਼ਮੀਨ ਦੀ ਖ਼ਾਤਰ ਕੋਰਟ ਵਿਚ ਅਨੇਕਾਂ ਕੇਸ ਚੱਲ ਰਹੇ ਹਨ।

-ਰਾਮ ਸਿੰਘ ਪਾਠਕ

ਸੱਪ ਦੇ ਡੰਗਣ 'ਤੇ ਹਸਪਤਾਲ ਜਾਓ
ਮੀਂਹ ਦੇ ਮੌਸਮ ਵਿਚ ਸੱਪਾਂ ਦਾ ਨਿਕਲਣਾ ਆਮ ਹੋ ਜਾਂਦਾ ਹੈ। ਪਿਛਲੇ ਕੁਝ ਦਿਨਾਂ ਤੋਂ ਇਹ ਖ਼ਬਰਾਂ ਆ ਰਹੀਆਂ ਹਨ ਕਿ ਸੱਪਾਂ ਦੇ ਡੱਸਣ ਨਾਲ ਮੌਤ ਹੋ ਗਈ ਹੈ। ਖੇਤਾਂ ਵਿਚ ਪਏ ਘਾਹ ਫੂਸ ਨੂੰ ਚੁੱਕਦੇ ਸਮੇਂ ਜਾਂ ਜਦੋਂ ਲੋਕਾਂ ਨੂੰ ਸੱਪ ਡੰਗ ਮਾਰ ਦਿੰਦੇ ਹਨ। ਆਮ ਲੋਕ ਬਾਬਿਆਂ ਦੇ ਮਗਰ ਲੱਗ ਕੇ ਉਨ੍ਹਾਂ ਕੋਲੋਂ ਝਾੜ ਫੂਕ, ਥੋਲੇ ਪਵਾਉਣ ਲੱਗ ਜਾਂਦੇ ਹਨ। ਜਦੋਂ ਕਿ ਇਨ੍ਹਾਂ ਪਖੰਡੀਆਂ ਕੋਲ ਸੱਪ ਦੇ ਕੱਟਣ ਦਾ ਕੋਈ ਵੀ ਇਲਾਜ ਜਾਂ ਦਵਾਈ ਨਹੀਂ ਹੁੰਦੀ। ਜਦੋਂ ਵੀ ਕਿਸੇ ਨੂੰ ਸੱਪ ਡੱਸ ਲਵੇ ਤਾਂ ਸਿੱਧੇ ਹੀ ਹਸਪਤਾਲ ਜਾਓ। ਅੱਜ-ਕੱਲ੍ਹ ਤਕਰੀਬਨ ਸਾਰੇ ਹੀ ਸਰਕਾਰੀ ਹਸਪਤਾਲਾਂ ਵਿਚ ਸੱਪ ਦੇ ਡੰਸਣ ਦੇ ਇਲਾਜ ਲਈ ਦਵਾਈਆਂ ਤੇ ਇੰਜੈਕਸ਼ਨ ਮਿਲਦੇ ਹਨ। ਜੇਕਰ ਸੱਪ ਦੇ ਡੱਸਣ ਤੋਂ ਤੁਰੰਤ ਬਾਅਦ ਸਰਕਾਰੀ ਹਸਪਤਾਲ ਵਿਚ ਬੰਦਾ ਪੁੱਜ ਜਾਵੇ। ਫਿਰ ਉਸ ਬੰਦੇ ਦੀ ਜਾਨ ਬਚ ਸਕਦੀ ਹੈ।

-ਗੁਰਤੇਜ ਸਿੰਘ ਖੁਡਾਲ
ਗਲੀ ਨੰਬਰ-11, ਭਾਗੂ ਰੋਡ, ਬਠਿੰਡਾ।