JALANDHAR WEATHER

10-07-26

 ਸਾਰਾ ਸਾਲ ਬੂਟਿਆਂ ਦੀ ਕਰੋ ਸੰਭਾਲ
ਬੂਟੇ ਜ਼ਰੂਰ ਲਗਾਓ, ਪਰ ਸਾਰਾ ਸਾਲ ਇਨ੍ਹਾਂ ਦੀ ਦੇਖਭਾਲ ਵੀ ਜ਼ਰੂਰ ਕਰੋ। ਬਰਸਾਤ ਦੇ ਮੌਸਮ ਵਿਚ ਬਹੁਤ ਸਾਰੇ ਲੋਕ, ਸੰਸਥਾਵਾਂ ਬੂਟੇ ਲਾ ਰਹੇ ਹਨ, ਟੈਲੀਵਿਜ਼ਨ, ਅਖ਼ਬਾਰਾਂ ਵਿਚ ਬੂਟੇ ਲਾਉਣ ਵਾਲਿਆਂ ਦੀਆਂ ਤਸਵੀਰਾਂ ਆ ਰਹੀਆਂ ਹਨ ਪਰ ਬੂਟਾ ਲਾਉਣ ਤੋਂ ਹਫ਼ਤੇ ਬਾਅਦ ਉਹ ਬੂਟੇ ਨੂੰ ਪਾਣੀ ਲਾਉਣਾ ਭੁੱਲ ਜਾਂਦੇ ਹਨ, ਬੂਟੇ ਕੇਵਲ ਬਰਸਾਤੀ ਪਾਣੀ 'ਤੇ ਨਿਰਭਰ ਹੋ ਕੇ ਰਹਿ ਜਾਂਦੇ ਹਨ। ਜੇ ਬਰਸਾਤ ਨਾ ਪਵੇ ਤਾਂ 15 ਦਿਨਾਂ ਬਾਅਦ ਪਾਣੀ ਤੋਂ ਬਗ਼ੈਰ ਬੂਟੇ ਸੁੱਕਣ ਲੱਗ ਜਾਂਦੇ ਹਨ। ਬੂਟੇ ਜ਼ਰੂਰ ਲਾਓ ਪਰ ਸਾਰਾ ਸਾਲ ਬੂਟਿਆਂ ਨੂੰ ਪਾਣੀ ਲਾਉਣ ਦਾ ਪ੍ਰਬੰਧ ਜ਼ਰੂਰ ਕਰੋ।

-ਬਲਦੇਵ ਸਿੰਘ ਗਰੇਵਾਲ
ਵਾਇਟ ਵਿੰਗ, ਖਾਨਪੁਰ (ਮਾਲੇਰਕੋਟਲਾ)

ਰੱਬ ਦੀ ਰਜ਼ਾ ਵਿਚ ਰਹੋ
ਅੱਜ ਦੇ ਭੱਜ-ਦੌੜ ਵਾਲੇ ਯੁੱਗ ਵਿਚ ਹਰ ਇਨਸਾਨ ਆਪਣੀ ਮਰਜ਼ੀ ਮੁਤਾਬਕ ਜ਼ਿੰਦਗੀ ਜਿਊਣਾ ਚਾਹੁੰਦਾ ਹੈ। ਪਰ ਜਦੋਂ ਹਾਲਾਤ ਸਾਡੇ ਹੱਥੋਂ ਨਿਕਲ ਜਾਂਦੇ ਹਨ, ਤਾਂ ਮਨ ਬੇਚੈਨ ਹੋ ਜਾਂਦਾ ਹੈ। ਅਜਿਹੇ ਸਮੇਂ ਸਾਡੇ ਬਜ਼ੁਰਗਾਂ ਦਾ ਦਿੱਤਾ ਸੁਨੇਹਾ 'ਰੱਬ ਦੀ ਰਜ਼ਾ ਵਿਚ ਰਹੋ' ਦਿਲ ਨੂੰ ਠੰਢ ਪਹੁੰਚਾਉਂਦਾ ਹੈ। ਰੱਬ ਦੀ ਰਜ਼ਾ ਦਾ ਅਰਥ ਹਾਰ ਮੰਨਣਾ ਨਹੀਂ, ਸਗੋਂ ਇਹ ਵਿਸ਼ਵਾਸ ਰੱਖਣਾ ਹੈ ਕਿ ਉਸ ਰੱਬ ਦੀ ਹਰ ਰਚਨਾ ਪਿੱਛੇ ਕੋਈ ਭਲਾਈ ਛੁਪੀ ਹੁੰਦੀ ਹੈ। ਕਈ ਵਾਰ ਜੋ ਅਸੀਂ ਮੰਗਦੇ ਹਾਂ, ਉਹ ਸਾਨੂੰ ਨਹੀਂ ਮਿਲਦਾ, ਪਰ ਜੋ ਮਿਲਦਾ ਹੈ ਉਹ ਸਾਡੇ ਲਈ ਬਿਹਤਰ ਹੁੰਦਾ ਹੈ। ਨੌਕਰੀ ਨਾ ਮਿਲਣਾ, ਰਿਸ਼ਤਾ ਟੁੱਟ ਜਾਣਾ, ਜਾਂ ਕੋਈ ਸੁਪਨਾ ਅਧੂਰਾ ਰਹਿ ਜਾਣਾ ਇਹ ਸਭ ਸਾਨੂੰ ਕਿਸੇ ਵੱਡੇ ਮਕਸਦ ਲਈ ਤਿਆਰ ਕਰ ਰਹੇ ਹੁੰਦੇ ਹਨ। ਗੁਰਬਾਣੀ ਵਿਚ ਵੀ ਦਰਜ ਹੈ, 'ਜੋ ਤੁਧੁ ਭਾਵੈ ਸਾਈ ਭਲੀ ਕਾਰ'। ਭਾਵ, ਹੇ ਪ੍ਰਭੂ! ਜੋ ਤੈਨੂੰ ਚੰਗਾ ਲਗਦਾ ਹੈ, ਉਹੀ ਮੇਰੇ ਲਈ ਭਲਾ ਹੈ। ਜਦੋਂ ਅਸੀਂ ਇਹ ਮੰਨ ਲੈਂਦੇ ਹਾਂ, ਤਾਂ ਸ਼ਿਕਵੇ-ਸ਼ਿਕਾਇਤਾਂ ਖ਼ਤਮ ਹੋ ਜਾਂਦੀਆਂ ਹਨ। ਮਨ ਨੂੰ ਸਕੂਨ ਮਿਲਦਾ ਹੈ ਤੇ ਜ਼ਿੰਦਗੀ ਸੌਖੀ ਲੱਗਣ ਲੱਗਦੀ ਹੈ। ਇਸ ਲਈ ਮਿਹਨਤ ਪੂਰੀ ਕਰੋ, ਨੀਅਤ ਸਾਫ਼ ਰੱਖੋ, ਪਰ ਫਲ ਦੀ ਚਿੰਤਾ ਛੱਡ ਦਿਉ। ਦੁੱਖ ਆਵੇ ਤਾਂ ਸਬਰ, ਸੁੱਖ ਆਵੇ ਤਾਂ ਸ਼ੁਕਰ ਕਰੋ।

-ਗੌਰਵ ਮੁੰਜਾਲ, ਪੀ.ਸੀ.ਐਸ.।

ਵਧਦਾ ਤਾਪਮਾਨ ਗੰਭੀਰ ਚੁਣੌਤੀ
ਪੰਜਾਬੀ ਦੇ ਸਿਰਮੌਰ ਸ਼ਾਇਰ ਸੁਰਜੀਤ ਪਾਤਰ ਦਾ ਮਸ਼ਹੂਰ ਸ਼ੇਅਰ ਹੈ ਕਿ 'ਲੱਗੀ ਕਾਲਜੇ ਜੇ ਅਜੇ ਤੇਰੇ ਛੁਰੀ ਨਹੀਂ, ਇਹ ਨਾ ਸਮਝ ਕਿ ਸ਼ਹਿਰ ਦੀ ਹਾਲਤ ਬੁਰੀ ਨਹੀਂ', ਸ਼ਹਿਰ ਦੀ ਹਾਲਤ ਦਾ ਹੋ ਸਕਦਾ ਦੂਜੇ ਸ਼ਹਿਰ ਵਿਚ ਕਿਸੇ ਨੂੰ ਪਤਾ ਨਾ ਹੋਵੇ ਪਰੰਤੂ ਮੌਸਮੀ ਤਬਦੀਲੀ ਆਪਣਾ ਲੋਹਾ ਪੂਰੇ ਵਿਸ਼ਵ ਪੱਧਰ 'ਤੇ ਮਨਾ ਰਹੀ ਹੈ ਇਸੇ ਦਾ ਹੀ ਨਤੀਜਾ ਹੈ ਕਿ ਫ਼ਰਾਂਸ ਵਿਚ ਇਕ ਹਜ਼ਾਰ ਤੋਂ ਵੱਧ ਲੋਕ ਭਿਆਨਕ ਗਰਮੀ ਦਾ ਸ਼ਿਕਾਰ ਹੋ ਗਏ। ਮੌਸਮੀ ਤਬਦੀਲੀ ਅਚਾਨਕ ਨਹੀਂ ਹੋਈ, ਮਨੁੱਖ ਨੇ ਜੰਗਲਾਂ ਨੂੰ ਕੱਟ ਕੇ ਇਮਾਰਤਾਂ ਉਸਾਰੀਆਂ, ਵੱਡੀਆਂ-ਵੱਡੀਆਂ ਆਲੀਸ਼ਾਨ ਇਮਾਰਤਾਂ ਉਸ ਨੂੰ ਵਿਕਾਸ ਦਾ ਰਾਹ ਲੱਗੀਆਂ ਪਰੰਤੂ ਇਹੀ ਵਿਕਾਸ ਹੁਣ ਮਨੁੱਖ ਦੇ ਵਿਨਾਸ਼ ਦਾ ਕਾਰਣ ਬਣਦਾ ਜਾ ਰਿਹਾ ਹੈ। ਗਰਮੀ ਰਿਕਾਰਡ ਤੋੜ ਰਹੀ ਹੈ। ਮੌਸਮ ਬਾਰੇ ਕੁਝ ਵੀ ਸਮਝ ਨਹੀਂ ਆ ਰਹੀ। ਕਾਨੂੰਨ ਦੇ ਨਿਯਮਾਂ ਨੂੰ ਛਿੱਕੇ ਟੰਗ ਕੇ ਜੰਗਲਾਂ ਦੀ ਕਟਾਈ ਕਰਨਾ ਆਪਣੇ ਪੈਰ 'ਤੇ ਆਪ ਕੁਹਾੜਾ ਮਾਰਨਾ ਹੈ। ਹਿਮਾਚਲ ਪ੍ਰਦੇਸ਼ ਹਾਈਕੋਰਟ ਦੁਆਰਾ ਜੰਗਲਾਂ ਦੀ ਕਟਾਈ ਰੋਕਣ ਲਈ ਕੀਤੀ ਗਈ ਦਖ਼ਲ ਅੰਦਾਜੀ ਸ਼ਲਾਘਾਯੋਗ ਕਦਮ ਹੈ। ਹਕੀਕਤ ਤਾਂ ਇਹ ਹੈ ਕਿ ਕੁੱਤੀ ਹੀ ਚੋਰਾਂ ਨਾਲ ਰਲੀ ਹੋਈ ਹੈ ਅਤੇ ਚੌਕੀਦਾਰ ਹੀ ਚੋਰ ਦੀ ਭੂਮਿਕਾ ਨਿਭਾਅ ਰਿਹਾ ਹੈ। ਬਿਨਾਂ ਰਾਜਨੀਤਕ ਹੱਲਾਸ਼ੇਰੀ ਦੇ ਜੰਗਲਾਂ ਦੀ ਕਟਾਈ ਧੜਾ ਧੜ ਕਿਵੇਂ ਸੰਭਵ ਹੋ ਸਕਦੀ ਹੈ? ਜੰਗਲ ਕੇਵਲ ਮਨੁੱਖ ਦੀ ਨਹੀਂ ਸਗੋਂ ਪੂਰੇ ਜੀਵਨ ਦੀ ਹੋਂਦ ਹਨ। ਜੰਗਲ ਨਾ ਸਿਰਫ਼ ਵਰਖਾ ਲਿਆਉਣ ਲਈ ਸਹਾਇਕ ਹਨ ਸਗੋਂ ਧਰਤੀ ਦੇ ਤਾਪਮਾਨ ਦਾ ਸੰਤੁਲਨ ਬਣਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਕੁਦਰਤ ਦਾ ਵਿਨਾਸ਼ ਕਰਨਾ ਜੀਵਨ ਦੀ ਹੋਂਦ ਨੂੰ ਖ਼ਤਰੇ ਵਿਚ ਪਾਉਣਾ ਹੈ। ਜੰਗਲ ਬਚਾ ਕੇ ਰੁੱਖ ਲਗਾ ਕੇ ਜਿਊਣਾ ਚਾਹੁੰਦੇ ਹਾਂ ਜਾਂ ਜੰਗਲ ਕੱਟ ਕੇ ਮਰਨਾ, ਫ਼ੈਸਲਾ ਸਾਡੇ ਹੱਥ ਹੀ ਹੈ।

-ਰਜਵਿੰਦਰ ਪਾਲ ਸ਼ਰਮਾ
ਪਿੰਡ ਕਾਲਝਰਾਣੀ (ਬਠਿੰਡਾ)

ਦਿਲਜੀਤ ਦੁਸਾਂਝ ਨੂੰ ਵਧਾਈ
ਅੱਜ ਪੰਜਾਬੀ ਸੰਗੀਤ ਅਤੇ ਫ਼ਿਲਮ ਜਗਤ ਦਾ ਅਜਿਹਾ ਨਾਂਅ ਬਣ ਚੁੱਕੇ ਹਨ, ਜਿਸ ਨੇ ਆਪਣੀ ਮਿਹਨਤ, ਲਗਨ ਅਤੇ ਕਲਾ ਦੇ ਬਲਬੂਤੇ ਦੁਨੀਆ ਭਰ ਵਿਚ ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਨੂੰ ਇਕ ਵੱਖਰੀ ਪਛਾਣ ਦਿਵਾਈ ਹੈ। ਆਪਣਾ ਹੀ ਰਿਕਾਰਡ ਤੋੜਨਾ ਇਹ ਦਰਸਾਉਂਦਾ ਹੈ ਕਿ ਉਹ ਲਗਾਤਾਰ ਨਵੀਆਂ ਉੱਚਾਈਆਂ ਨੂੰ ਛੂਹ ਰਹੇ ਹਨ। ਉਨ੍ਹਾਂ ਦੀਆਂ ਉਪਲਬਧੀਆਂ ਨਾ ਸਿਰਫ਼ ਮਨੋਰੰਜਨ ਜਗਤ ਲਈ, ਸਗੋਂ ਪੂਰੇ ਪੰਜਾਬ ਅਤੇ ਦੇਸ਼ ਲਈ ਮਾਣ ਵਾਲੀ ਗੱਲ ਹਨ। ਅੱਜ ਦੇ ਸਮੇਂ ਵਿਚ, ਜਦੋਂ ਨੌਜਵਾਨਾਂ ਨੂੰ ਸਹੀ ਦਿਸ਼ਾ ਦੀ ਲੋੜ ਹੈ, ਦਿਲਜੀਤ ਦੋਸਾਂਝ ਵਰਗੀਆਂ ਸ਼ਖ਼ਸੀਅਤਾਂ ਇਹ ਸੰਦੇਸ਼ ਦਿੰਦੀਆਂ ਹਨ ਕਿ ਇਮਾਨਦਾਰੀ, ਮਿਹਨਤ ਅਤੇ ਆਪਣੇ ਟੀਚੇ ਪ੍ਰਤੀ ਸਮਰਪਣ ਨਾਲ ਕੋਈ ਵੀ ਵਿਅਕਤੀ ਅੰਤਰਰਾਸ਼ਟਰੀ ਪੱਧਰ 'ਤੇ ਸਫਲਤਾ ਹਾਸਲ ਕਰ ਸਕਦਾ ਹੈ। ਉਨ੍ਹਾਂ ਦੀ ਸਫਲਤਾ ਪੰਜਾਬ ਦੇ ਨੌਜਵਾਨਾਂ ਵਿਚ ਆਤਮ-ਵਿਸ਼ਵਾਸ ਅਤੇ ਉਤਸ਼ਾਹ ਪੈਦਾ ਕਰਦੀ ਹੈ। ਸਾਨੂੰ ਆਪਣੇ ਕਲਾਕਾਰਾਂ ਦੀਆਂ ਪ੍ਰਾਪਤੀਆਂ 'ਤੇ ਮਾਣ ਕਰਨਾ ਚਾਹੀਦਾ ਹੈ ਅਤੇ ਉਨ੍ਹਾਂ ਤੋਂ ਪ੍ਰੇਰਣਾ ਲੈ ਕੇ ਆਪਣੇ ਜੀਵਨ ਵਿਚ ਵੀ ਮਿਹਨਤ ਅਤੇ ਅਨੁਸ਼ਾਸਨ ਨੂੰ ਅਪਣਾਉਣਾ ਚਾਹੀਦਾ ਹੈ।

-ਅਰਸ਼ਪ੍ਰੀਤ ਕੌਰ, ਜਲੰਧਰ।

ਲੈ ਡੁੱਬੇਗੀ ਉਪਭੋਗਤਾਵਾਦੀ ਪ੍ਰਵਿਰਤੀ
ਭਾਰਤ ਮਹਾਨ ਵਿਚਾਰਕਾਂ, ਸੰਤਾਂ, ਗੁਰੂਆਂ - ਪੀਰਾਂ, ਪੈਗੰਬਰਾਂ, ਰਿਸ਼ੀਆਂ-ਮੁਨੀਆਂ ਤੇ ਮਹਾਨ ਵਿਦਵਾਨਾਂ ਦੀ ਧਰਤੀ ਹੈ, ਇਨ੍ਹਾਂ ਸਾਨੂੰ ਹਮੇਸ਼ਾ ਸਹੀ ਰਾਹ ਦਿਖਾਇਆ ਅਤੇ ਉਨ੍ਹਾਂ ਦੀ ਵਿਚਾਰਧਾਰਾ ਦਾ ਤੇ ਉਨ੍ਹਾਂ ਦੀ ਦੂਰਅੰਦੇਸ਼ੀ ਸਿੱਖਿਆਦਾ ਪੂਰੇ ਭਾਰਤ ਵਿਚ ਹੀ ਨਹੀਂ; ਸਗੋਂ ਪੂਰੇ ਵਿਸ਼ਵ ਵਿਚ ਵੀ ਲੋਹਾ ਮੰਨਿਆ ਜਾਂਦਾ ਹੈ। ਇਨ੍ਹਾਂ ਮਹਾਨ ਸ਼ਖ਼ਸੀਅਤਾਂ 'ਚੋਂ ਪਿੰਗਲਵਾੜਾ ਸੁਸਾਇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਭਗਤ ਪੂਰਨ ਸਿੰਘ ਜੀ ਨੇ ਮਨੁੱਖ ਨੂੰ ਸਾਦਾ ਜੀਵਨ ਜਿਊਣ, ਸਾਦਾ ਖਾਣ- ਪਹਿਨਣ, ਜੀਵ-ਜੰਤੂਆਂ ਤੇ ਪੰਛੀ-ਪਰਿੰਦਿਆਂ ਦੀ ਸੇਵਾ ਸੰਭਾਲ ਕਰਨ, ਵੱਧ ਤੋਂ ਵੱਧ ਰੁੱਖ ਲਗਾਉਣ ਤੇ ਉਹਨਾਂ ਦੀ ਸੰਭਾਲ ਕਰਨ ਅਤੇ ਪੈਟਰੋਲੀਅਮ ਪਦਾਰਥਾਂ ਦੀ ਵਰਤੋਂ ਘੱਟ ਕਰਨ ਦੀ ਸਿੱਖਿਆ ਦਿੱਤੀ। ਉਨ੍ਹਾਂ ਨੇ ਵਾਰ-ਵਾਰ ਮਨੁੱਖ ਨੂੰ ਚਿਤਾਇਆ ਕਿ ਜੇਕਰ ਮਨੁੱਖ ਨੇ ਇਨ੍ਹਾਂ ਗੱਲਾਂ 'ਤੇ ਅਮਲ ਨਾ ਕਰਦਿਆਂ ਉਪਭੋਗਤਾਵਾਦੀ ਪ੍ਰਵਿਰਤੀ ਨੂੰ ਜਾਰੀ ਰੱਖਿਆ ਤਾਂ ਆਉਣ ਵਾਲਾ ਸਮਾਂ ਕੁਦਰਤ, ਧਰਤੀ, ਵਾਤਾਵਰਨ, ਜੀਵ-ਜੰਤੂਆਂ, ਪੰਛੀ-ਪਰਿੰਦਿਆਂ ਅਤੇ ਖੁਦ ਮੌਜੂਦਾ ਸਮੇਂ ਦੇ ਮਨੁੱਖ ਤੇ ਉਸ ਦੀ ਆਉਣ ਵਾਲੀ ਪੀੜ੍ਹੀ ਲਈ ਬਹੁਤ ਜਿਆਦਾ ਕਸ਼ਟਮਈ ਹੋ ਸਕਦਾ ਹੈ। ਦਹਾਕਿਆਂ ਪਹਿਲਾਂ ਉਨ੍ਹਾਂ ਵਲੋਂ ਦੱਸੀਆਂ ਗਈਆਂ ਸਿੱਖਿਆਵਾਂ ਅੱਜ ਸਮੁੱਚੇ ਵਿਸ਼ਵ ਵਿਚ ਮੰਨੀਆਂ ਜਾ ਰਹੀਆਂ ਨੇ; ਕਿਉਂਕਿ ਮਨੁੱਖ ਦੀ ਆਉਣ ਵਾਲੀ ਪੀੜ੍ਹੀ ਦੀ ਤਾਂ ਗੱਲ ਛੱਡੋ; ਸਗੋਂ ਮਨੁੱਖ ਆਪਣੇ ਆਪ ਲਈ ਤੇ ਆਪਣੇ ਇਸੇ ਜੀਵਨ ਲਈ ਵੀ ਨਹੀਂ ਸੋਚ ਰਿਹਾ। ਕੇਵਲ ਤੇ ਕੇਵਲ ਇਕੋ ਉਪਭੋਗਤਾਵਾਦੀ ਸੋਚ ਤੇ ਪ੍ਰਵਿਰਤੀ ਤੇ ਭੌਤਿਕ ਇੱਛਾਵਾਂ ਨੂੰ ਵਧਾਉਂਦਾ ਹੀ ਜਾ ਰਿਹਾ ਹੈ, ਜਿਸ ਕਰਕੇ ਭਿਆਨਕ ਸਮੱਸਿਆਵਾਂ ਮਨੁੱਖ ਦੇ ਸਾਹਮਣੇ ਵਿਕਰਾਲ ਰੂਪ ਧਾਰ ਕੇ ਵਾਰੋ-ਵਾਰੀ ਸਾਹਮਣੇ ਆ ਰਹੀਆਂ ਨੇ। ਹਰ ਮਨੁੱਖ ਨੂੰ ਆਪਣੇ ਪੱਧਰ 'ਤੇ ਕੁਦਰਤ ਦੀ ਭਲਾਈ ਲਈ ਛੋਟੀ-ਛੋਟੀ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈ; ਕਿਉਂਕਿ ਛੋਟੀ ਕੋਸ਼ਿਸ਼ ਵੱਡੇ ਸਾਰਥਕ ਨਤੀਜੇ ਲਿਆਉਂਦੀ ਹੈ।

-ਮਾਸਟਰ ਸੰਜੀਵ ਧਰਮਾਣੀ
ਸ੍ਰੀ ਅਨੰਦਪੁਰ ਸਾਹਿਬ