JALANDHAR WEATHER

16-07-26

 ਕਿੱਧਰ ਨੂੰ ਜਾ ਰਿਹੈ ਇਨਸਾਨ
ਅੱਜ ਮਨੁੱਖ ਪੈਸਾ ਕਮਾ ਕੇ ਸਭ ਕੁਝ ਖਰੀਦ ਰਿਹਾ ਹੈ, ਪਰ ਸੱਚਾ ਪਿਆਰ, ਆਪਣਾਪਨ ਨਹੀਂ ਖਰੀਦ ਸਕਦਾ। ਅੱਜ ਇਨਸਾਨ ਡਿਪਰੈਸ਼ਨ, ਤਣਾਅ, ਇਕੱਲਾਪਨ ਦਾ ਸ਼ਿਕਾਰ ਹੋ ਰਿਹਾ ਹੈ। ਉਸ ਕੋਲੋਂ ਇਕ ਮੋਢਾ ਤੱਕ ਨਹੀਂ ਰਿਹਾ ਜਿਸ 'ਤੇ ਉਹ ਆਪਣਾ ਸਿਰ ਰੱਖ ਕੇ ਦਿਲ ਹੌਲਾ ਕਰ ਸਕੇ। ਅੱਜ ਪੈਸੇ ਦੀ ਹੋੜ ਜ਼ਿਆਦਾ ਲੱਗੀ ਹੋਈ ਹੈ। ਘਰਾਂ ਵਿਚ ਜ਼ਮੀਨ ਜਾਇਦਾਦ ਦੇ ਝਗੜੇ ਵੱਧ ਗਏ ਹਨ। ਬਜ਼ੁਰਗਾਂ ਦਾ ਸਤਿਕਾਰ ਬਿਲਕੁਲ ਵੀ ਨਹੀਂ ਰਿਹਾ ਹੈ। ਬਜ਼ੁਰਗ ਆਸ਼ਰਮਾਂ ਦੀ ਗਿਣਤੀ ਵਧ ਰਹੀ ਹੈ। ਜੋ ਕਿ ਚਿੰਤਾ ਦਾ ਵਿਸ਼ਾ ਹੈ। ਪੈਸੇ ਪਿੱਛੇ ਭਰਾ-ਭਰਾ ਦਾ ਕਾਤਲ ਬਣ ਗਿਆ ਹੈ। ਅੱਜ ਹਰ ਇਕ ਦੇ ਹੱਥ ਵਿਚ ਮੋਬਾਈਲ ਹੈ। ਹਰ ਕੋਈ ਆਪਣੇ ਮੋਬਾਈਲ ਵਿਚ ਰੁੱਝਿਆ ਹੋਇਆ ਹੈ। ਕਿਸੇ ਨੂੰ ਕਿਸੇ ਦੀ ਲੋੜ ਤੱਕ ਨਹੀਂ ਰਹੀ। ਪਰਿਵਾਰਕ ਰਿਸ਼ਤੇ ਕਮਜ਼ੋਰ ਹੋ ਰਹੇ ਹਨ। ਮਨੁੱਖੀ ਭਾਵਨਾਵਾਂ ਘਟਦੀਆਂ ਜਾ ਰਹੀਆਂ ਹਨ। ਕੋਠੀਆਂ ਵੱਡੀਆਂ ਹਨ। ਉਨ੍ਹਾਂ ਵਿਚ ਸਿਰਫ਼ ਚਾਰ ਜੀਅ ਹੀ ਰਹਿ ਰਹੇ ਹਨ। ਸਭ ਤੇ ਵੱਖੋ-ਵੱਖਰੇ ਕਮਰੇ ਹਨ। ਪਿਆਰ ਤੱਕ ਖਤਮ ਹੋ ਚੁੱਕਿਆ ਹੈ। ਪੈਸਾ ਜ਼ਰੂਰਤ ਲਈ ਹੁੰਦਾ ਹੈ, ਪਰ ਜੀਵਨ ਦਾ ਮਕਸਦ ਕਦੇ ਨਹੀਂ ਹੋ ਸਕਦਾ। ਇਕੱਠੇ ਵਿਹੜੇ ਵਿਚ ਜਾਂ ਇਕ ਛੱਤ ਦੇ ਹੇਠਾਂ ਬੈਠਣਾ ਖਤਮ ਹੋ ਚੁੱਕਿਆ ਹੈ। ਮਨੁੱਖੀ ਰਿਸ਼ਤਿਆਂ ਦੀ ਮਹੱਤਤਾ ਨੂੰ ਸਮਝਣਾ ਚਾਹੀਦਾ ਹੈ।

-ਸੰਜੀਵ ਸਿੰਘ ਸੈਣੀ, ਮੋਹਾਲੀ।

ਜ਼ਿੰਦਗੀ ਦਾ ਸਫ਼ਰ ਜ਼ਰੂਰੀ ਹੈ
ਮੰਜ਼ਿਲ ਦੀ ਦੌੜ ਨਹੀਂ, ਜ਼ਿੰਦਗੀ ਦਾ ਸਫਰ ਜ਼ਰੂਰੀ ਹੈ। ਅੱਜ ਦਾ ਇਨਸਾਨ ਪੈਸੇ ਲਈ, ਅਹੁਦੇ ਲਈ, ਨਾਮ ਲਈ ਅਤੇ ਦੂਜਿਆਂ ਤੋਂ ਅੱਗੇ ਨਿਕਲਣ ਲਈ ਦੌੜ ਰਿਹਾ ਹੈ। ਪਰ ਇਸ ਦੌੜ ਵਿਚ ਉਹ ਇਹ ਭੁੱਲ ਜਾਂਦਾ ਹੈ ਕਿ ਜੇ ਸਫ਼ਰ ਹੀ ਖੋਹ ਗਿਆ ਤਾਂ ਮੰਜ਼ਿਲ ਮਿਲ ਕੇ ਵੀ ਕੀ ਮਿਲਿਆ? ਘੜੀ ਦੀਆਂ ਸੂਈਆਂ ਕਦੇ ਨਹੀਂ ਰੁਕਦੀਆਂ। ਉਹ ਸਾਨੂੰ ਹਰ ਪਲ ਇਹ ਸਿਖਾਉਂਦੀਆਂ ਹਨ ਕਿ ਸਮਾਂ ਚਲਦਾ ਰਹਿੰਦਾ ਹੈ, ਪਰ ਇਹ ਸਾਡੇ ਉਤੇ ਨਿਰਭਰ ਕਰਦਾ ਹੈ ਕਿ ਅਸੀਂ ਇਸ ਨੂੰ ਸਿਰਫ਼ ਦੌੜ ਵਿਚ ਗੁਜ਼ਾਰਦੇ ਹਾਂ ਜਾਂ ਜੀਵਨ ਨੂੰ ਮਹਿਸੂਸ ਵੀ ਕਰਦੇ ਹਾਂ। ਕਾਮਯਾਬੀ ਲਾਜ਼ਮੀ ਹੈ, ਪਰ ਉਸ ਲਈ ਆਪਣੀ ਸਿਹਤ, ਆਪਣੇ ਰਿਸ਼ਤੇਦਾਰ, ਆਪਣੀ ਹਸਤੀ ਅਤੇ ਆਪਣਾ ਸਕੂਨ ਕੁਰਬਾਨ ਕਰ ਦੇਣਾ ਕੋਈ ਸਮਝਦਾਰੀ ਨਹੀਂ। ਜੀਵਨ ਕੋਈ ਮੁਕਾਬਲਾ ਨਹੀਂ, ਇਕ ਅਨਮੋਲ ਯਾਤਰਾ ਹੈ। ਇਸ ਯਾਤਰਾ ਵਿਚ ਥੋੜ੍ਹਾ ਠਹਿਰਨਾ, ਆਪਣੇ ਪਰਿਵਾਰ ਨਾਲ ਹੱਸਣਾ, ਦੋਸਤਾਂ ਨਾਲ ਗੱਲਾਂ ਕਰਨਾ, ਕੁਦਰਤ ਨੂੰ ਨਿਹਾਰਨਾ ਅਤੇ ਆਪਣੇ ਮਨ ਦੀ ਆਵਾਜ਼ ਸੁਣਨਾ ਵੀ ਓਨਾ ਹੀ ਜ਼ਰੂਰੀ ਹੈ ਜਿੰਨਾ ਆਪਣੇ ਸੁਪਨਿਆਂ ਲਈ ਮਿਹਨਤ ਕਰਨਾ, ਯਾਦ ਰੱਖੋ ਲੋਕ ਤੁਹਾਡੀ ਕਾਮਯਾਬੀ ਨੂੰ ਕੁਝ ਸਮੇਂ ਲਈ ਯਾਦ ਰੱਖਣਗੇ, ਪਰ ਤੁਹਾਡਾ ਚੰਗਾ ਸੁਭਾਅ, ਤੁਹਾਡਾ ਪਿਆਰ ਅਤੇ ਤੁਹਾਡੀ ਇਨਸਾਨੀਅਤ ਹਮੇਸ਼ਾ ਦਿਲਾਂ ਵਿਚ ਜ਼ਿੰਦਾ ਰਹੇਗੀ। ਇਸ ਲਈ ਦੌੜੋ ਜ਼ਰੂਰ ਪਰ ਏਨਾ ਨਹੀਂ ਕਿ ਜ਼ਿੰਦਗੀ ਹੀ ਪਿੱਛੇ ਰਹਿ ਜਾਵੇ। ਮੰਜ਼ਿਲ ਉਨ੍ਹਾਂ ਨੂੰ ਹੀ ਸੋਹਣੀਆਂ ਲੱਗਦੀਆਂ ਹਨ ਜੋ ਰਸਤੇ ਦੀ ਖੂਬਸੂਰਤੀ ਨੂੰ ਵੀ ਮਹਿਸੂਸ ਕਰਦੇ ਹਨ। ਜ਼ਿੰਦਗੀ ਦੌੜ ਕੇ ਨਹੀਂ, ਸਹੀ ਤਰੀਕੇ ਨਾਲ ਜੀ ਕੇ ਜਿੱਤੀ ਜਾਂਦੀ ਹੈ।

-ਮੰਜੂ ਰਾਇਕਾ, ਸੰਗਰੂਰ।

ਸੱਸ ਨਿੰਮ-ਨਣਦ ਕਰੇਲਾ
ਜਦੋਂ ਸਮਾਜ ਵਿਚ ਸੱਸ ਨਿੰਮ ਦੀ ਅਤੇ ਨਣਦ ਕਰੇਲੇ ਦੀਆਂ ਪਾਤਰ ਬਣਨ ਤਾਂ ਬੰਦੇ ਜਾਤ ਦੀ ਹਾਲਤ ਹਨੇਰੀ ਵਿਚ ਭਟਕੇ ਪੰਛੀ ਵਾਂਗ ਹੋ ਜਾਂਦੀ ਹੈ। ਸਮਾਜ ਵਿਚ ਸੱਸ, ਨੂੰਹ ਦਾ ਰਿਸ਼ਤਾ ਵੱਖਰੀ ਪਹਿਚਾਣ ਰੱਖਦਾ ਹੈ। ਇਸ ਰਿਸ਼ਤੇ ਵਿਚੋਂ ਸ਼ੀਤ ਯੁੱਧ ਆਮ ਹੀ ਚੱਲਦਾ ਰਹਿੰਦਾ ਹੈ। ਇਹ ਵਰਤਾਰਾ ਅਤੀਤ ਤੋਂ ਅੱਜ ਤੱਕ ਚਲਦਾ ਹੈ। ਸ਼ੀਤ ਯੁੱਧ ਨੂੰ ਦੋ ਵੱਡੀਆਂ ਸ਼ਕਤੀਆਂ ਦੇ ਬਿਨਾਂ ਹਥਿਆਰਾਂ ਤੋਂ ਬੋਲ-ਚਾਲ ਨਾਲ ਲੜੇ ਜਾਣ ਨੂੰ ਪਰਿਭਾਸ਼ਿਤ ਕੀਤਾ ਜਾਂਦਾ ਹੈ। ਇਹ ਸ਼ਕਤੀਆਂ ਕੋਈ ਵੀ ਮੌਕਾ ਸ਼ੀਤ ਯੁੱਧ ਤੋਂ ਬਿਨਾਂ ਖੁੰਝਣ ਨਹੀਂ ਦਿੰਦੀਆਂ। ਦੁਨਿਆਵੀ ਆਲਮੀ ਸ਼ਕਤੀਆਂ ਦੇ ਰੂਪ ਵਿਚ ਸ਼ੀਤ ਯੁੱਧ ਨੂੰ ਘਰ ਵਿਚ ਸੱਸ-ਨੂੰਹ ਪਰਿਭਾਸ਼ਿਤ ਕਰਦੀਆਂ ਹਨ। ਬਹੁਤੇ ਘਰਾਂ ਵਿਚ ਬਿਨਾਂ ਮੌਕਿਆਂ ਅਤੇ ਮੁੱਦਿਆਂ ਤੋਂ ਰਹਿਤ ਹੀ ਸ਼ੀਤ ਯੁੱਧ ਚਲਦਾ ਰਹਿੰਦਾ ਹੈ। ਸੱਸ ਨੂੰਹ ਹੀ ਅਸਲ ਵਿਚ ਇਸ ਦਾ ਕਿਰਦਾਰ ਨਿਭਾਉਂਦੀਆਂ ਹਨ। ਹਾਂ, ਇਕ ਗੱਲ ਹੋਰ ਹੈ ਜੇ ਕਿਤੇ ਸੱਸ ਨਿੰਮ ਅਤੇ ਨਣਦ ਕਰੇਲਾ ਹੋ ਨਿਬੜੇ ਫੇਰ ਯੁੱਧ ਸ਼ੀਤ ਦੀ ਬਜਾਏ ਭਾਂਬੜ ਮਚ ਜਾਂਦਾ ਹੈ। ਸੱਸ ਦਾ ਆਮ ਸੁਭਾਅ ਹੁੰਦਾ ਹੈ ਕਿ ਉਹ ਭੁੱਲ ਜਾਂਦੀ ਹੈ ਕਿ ਉਹ ਵੀ ਕਦੇ ਬਹੂ ਸੀ। ਕਾਰਨ ਇਸ ਪਿੱਛੇ ਡੂੰਘੇ ਅਧਿਐਨ ਦਾ ਵਿਸ਼ਾ ਹੈ ਜੋ ਮਿਲਿਆ ਉਹੀ ਦੇਵਾਂ ਦੇ ਸਿਧਾਂਤ ਅਨੁਸਾਰ ਸੱਸ ਨੂੰ ਜੋ ਉਸ ਦੀ ਸੱਸ ਨੇ ਦਿੱਤਾ ਉਹੀ ਆਪਣੀ ਬਹੂ ਨੂੰ ਦੇਣ ਦੀ ਕੋਸ਼ਿਸ਼ ਕਰਦੀ ਹੈ। ਕਈ ਨੂੰਹਾਂ ਸੱਸ ਦੀ ਮਾਰ ਝਲਦੀਆਂ ਹੀ ਸੋਚਣ ਲੱਗ ਪੈਂਦੀਆਂ ਹਨ ਕਿ ਆਪਣੀ ਬਹੂ ਨਾਲ ਵੀ ਇਸੇ ਤਰ੍ਹਾਂ ਕਰਨਗੀਆਂ। ਇਸੇ ਲਈ ਸੱਸ ਨੂੰਹ ਦਾ ਰਿਸ਼ਤਾ ਖਟਾਸ ਅਤੇ ਗ਼ੈਰ-ਸੱਭਿਅਕ ਦਾ ਪਰਛਾਵਾਂ ਪਾਉਂਦਾ ਹੈ। ਘਰਵਾਲਾ ਵੀ ਮਾਂ ਅਤੇ ਘਰਵਾਲਿਆਂ ਦੇ ਪਿੱਛੇ ਲੱਗ ਕੇ ਉਨ੍ਹਾਂ ਦੀ ਬੋਲੀ ਬੋਲਣ ਲਈ ਮਜਬੂਰ ਹੋ ਜਾਂਦਾ ਹੈ। ਘਰਵਾਲੀ ਦਾ ਪੱਖ ਘੱਟ ਹੀ ਲੈਂਦਾ ਹੈ। ਮਾਂ ਦੀ ਬੋਲੀ ਬੋਲਣਾ ਉਸ ਦੀ ਆਦਤ ਹੀ ਬਣ ਜਾਂਦੀ ਹੈ। ਇਸੇ ਲਈ ਕਹਾਵਤ ਵੀ ਸੀ, 'ਲਾਈ ਲੱਗ ਨਾ ਹੋਵੇ ਕਿਸੇ ਦਾ ਘਰਵਾਲਾ ਚੰਦਰਾ ਗੁਆਂਢ ਨਾ ਹੋਵੇ।' ਸੱਸ ਨੂੰਹ ਦਾ ਸ਼ੀਤ ਯੁੱਧ ਬਦਲਵੇਂ ਰੂਪ ਵਿਚ ਅੱਜ ਵੀ ਜਾਰੀ ਹੈ।

-ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ।

ਵਧੀਆ ਲੇਖ
ਪਿਛਲੇ ਦਿਨੀਂ ਨਵਦੀਪ ਸਿੰਘ ਝੁਨੀਰ ਦਾ ਲੇਖ ਪੜ੍ਹਿਆ ਜੋ ਬ੍ਰਾਜ਼ੀਲ ਦੇ ਪਿਰਾਹਾ ਕਬੀਲੇ ਅਤੇ ਅਮਰੀਕੀ ਮਿਸ਼ਨਰੀ ਡੈਨੀਅਲ ਐਵਰੇਸਟ ਦੇ ਜੀਵਨ 'ਤੇ ਆਧਾਰਿਤ ਸੀ। ਇਹ ਲੇਖ ਆਧੁਨਿਕ ਸੱਭਿਅਤਾ, ਵਿਗਿਆਨ ਅਤੇ ਧਰਮ ਦੇ ਨਾਂਅ 'ਤੇ ਬਣਾਏ ਗਏ ਸਾਡੇ ਭਰਮਾਂ ਨੂੰ ਬਾਖੂਬੀ ਤੋੜਦਾ ਹੈ। ਲੇਖ ਬਹੁਤ ਹੀ ਸਪੱਸ਼ਟ ਤਰੀਕੇ ਨਾਲ ਇਹ ਦਰਸਾਉਂਦਾ ਹੈ ਕਿ ਕਿਵੇਂ ਇਕ ਕਬੀਲਾ, ਜਿਸ ਕੋਲ ਨਾ ਤਾਂ ਕੱਲ੍ਹ ਦੀ ਚਿੰਤਾ ਹੈ, ਨਾ ਸੰਗਠਿਤ ਧਰਮ ਅਤੇ ਨਾ ਹੀ ਅੰਕਾਂ ਵਾਲੀ ਗੁੰਝਲਦਾਰ ਭਾਸ਼ਾ, ਸਾਡੇ ਆਧੁਨਿਕ ਅਤੇ ਤਣਾਅਗ੍ਰਸਤ ਸਮਾਜ ਨਾਲੋਂ ਕਿਤੇ ਵੱਧ ਖੁਸ਼ ਅਤੇ ਸੰਤੁਸ਼ਟ ਹੈ। ਕਬੀਲੇ ਦੀ ਇਹ ਸੋਚ ਕਿ 'ਮੇਰਾ ਭੋਜਨ ਮੇਰੇ ਭਰਾ ਦੇ ਢਿੱਡ ਵਿਚ ਸੁਰੱਖਿਅਤ ਹੈ', ਮਨੁੱਖੀ ਭਾਈਚਾਰੇ ਦੀ ਸਭ ਤੋਂ ਉੱਤਮ ਉਦਾਹਰਨ ਹੈ। ਲੇਖਕ ਨੇ ਸਫਲਤਾਪੂਰਵਕ ਇਹ ਸੁਨੇਹਾ ਦਿੱਤਾ ਹੈ ਕਿ ਅਸਲ ਖੁਸ਼ੀ ਭਵਿੱਖ ਦੀ ਦੌੜ ਜਾਂ ਪਦਾਰਥਵਾਦ ਵਿਚ ਨਹੀਂ, ਸਗੋਂ ਅੱਜ ਵਿਚ ਜਿਉਣ ਵਿਚ ਹੈ। ਅਜਿਹੇ ਗਿਆਨਵਰਧਕ ਅਤੇ ਇਨਸਾਨੀ ਹੋਂਦ ਤੇ ਡੂੰਘੇ ਸਵਾਲ ਖੜ੍ਹੇ ਕਰਨ ਵਾਲੇ ਲੇਖ ਛਾਪਣ ਲਈ ਤੁਹਾਡਾ ਅਤੇ ਲੇਖਕ ਦਾ ਬਹੁਤ-ਬਹੁਤ ਧੰਨਵਾਦ। ਆਸ ਹੈ ਭਵਿੱਖ ਵਿਚ ਵੀ ਅਜਿਹੀਆਂ ਮਿਆਰੀ ਲਿਖਤਾਂ ਪੜ੍ਹਨ ਨੂੰ ਮਿਲਣਗੀਆਂ।

-ਮਨਜੀਤ ਸਿੰਘ
ਪਿੰਡ ਸਾਹਨੇਵਾਲੀ (ਮਾਨਸਾ)।

ਅਵਾਰਾ ਕੁੱਤਿਆਂ ਦੀ ਵਧਦੀ ਸਮੱਸਿਆ
ਮੈਂ ਪੰਜਾਬ ਸਰਕਾਰ ਅਤੇ ਸਥਾਨਕ ਪ੍ਰਸ਼ਾਸਨ ਦਾ ਧਿਆਨ ਅਵਾਰਾ ਕੁੱਤਿਆਂ ਦੀ ਵਧਦੀ ਸਮੱਸਿਆ ਵੱਲ ਦਿਵਾਉਣਾ ਚਾਹੁੰਦਾ ਹਾਂ। ਹਾਲ ਹੀ ਵਿਚ ਟਾਂਡਾ ਵਿਖੇ ਚਾਰ ਸਾਲ ਦੇ ਇਕ ਮਾਸੂਮ ਬੱਚੇ ਦੀ ਅਵਾਰਾ ਕੁੱਤਿਆਂ ਦੇ ਹਮਲੇ ਵਿਚ ਹੋਈ ਮੌਤ ਨੇ ਪੂਰੇ ਸਮਾਜ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਇਹ ਸਿਰਫ਼ ਇਕ ਪਰਿਵਾਰ ਦਾ ਦੁੱਖ ਨਹੀਂ, ਸਗੋਂ ਸਾਡੀ ਜਨ ਸੁਰੱਖਿਆ ਪ੍ਰਣਾਲੀ ਲਈ ਵੀ ਇਕ ਗੰਭੀਰ ਚਿਤਾਵਨੀ ਹੈ। ਅਜਿਹੀਆਂ ਘਟਨਾਵਾਂ ਵਧਦੀਆਂ ਹੀ ਜਾ ਰਹੀਆਂ। ਅੱਜ ਅਵਾਰਾ ਕੁੱਤਿਆਂ ਦੇ ਝੁੰਡ ਗਲੀਆਂ, ਮੁਹੱਲਿਆਂ ਅਤੇ ਪਾਰਕਾਂ ਵਿਚ ਘੁੰਮਦੇ ਨਜ਼ਰ ਆਉਂਦੇ ਹਨ, ਜਿਸ ਕਾਰਨ ਬੱਚੇ, ਬਜ਼ੁਰਗ ਅਤੇ ਆਮ ਨਾਗਰਿਕ ਹਰ ਵੇਲੇ ਡਰ ਦੇ ਮਾਹੌਲ ਵਿਚ ਰਹਿੰਦੇ ਹਨ। ਅਜਿਹੀਆਂ ਦੁਖਦਾਈ ਘਟਨਾਵਾਂ ਨੂੰ ਰੋਕਣ ਲਈ ਸਿਰਫ਼ ਦੁੱਖ ਪ੍ਰਗਟ ਕਰਨਾ ਕਾਫੀ ਨਹੀਂ, ਸਗੋਂ ਠੋਸ ਅਤੇ ਪ੍ਰਭਾਵਸ਼ਾਲੀ ਕਦਮ ਚੁੱਕਣ ਦੀ ਲੋੜ ਹੈ। ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਅਵਾਰਾ ਕੁੱਤਿਆਂ ਦੀ ਗਿਣਤੀ ਨੂੰ ਕੰਟਰੋਲ ਕਰਨ ਲਈ ਵਿਗਿਆਨਕ ਤਰੀਕਿਆਂ ਨਾਲ ਨਸਬੰਦੀ ਅਤੇ ਟੀਕਾਕਰਨ ਮੁਹਿੰਮ ਨੂੰ ਤੇਜ਼ ਕੀਤਾ ਜਾਵੇ। ਖ਼ਤਰਨਾਕ ਇਲਾਕਿਆਂ ਵਿਚ ਤੁਰੰਤ ਕਾਰਵਾਈ ਕੀਤੀ ਜਾਵੇ ਅਤੇ ਲੋਕਾਂ ਦੀ ਸੁਰੱਖਿਆ ਨੂੰ ਪਹਿਲ ਦਿੱਤੀ ਜਾਵੇ ਤਾਂ ਜੋ ਭਵਿੱਖ ਵਿਚ ਕਿਸੇ ਹੋਰ ਮਾਸੂਮ ਦੀ ਜਾਨ ਇਸ ਤਰ੍ਹਾਂ ਨਾ ਜਾਵੇ।

-ਪ੍ਰੋ. ਮਨਜੀਤ ਸਿੰਘ ਤਿਆਗੀ
ਸਟੇਟ ਐਵਾਰਡੀ, ਮਾਲੇਰਕੋਟਲਾ।