19-07-26
ਸੁਪਨਿਆਂ ਦੀ ਤਾਮੀਰ
ਲੇਖਿਕਾ : ਗੁਰਦੇਵ ਪਾਲ
ਪ੍ਰਕਾਸ਼ਕ : ਲੋਕਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 335 ਰੁਪਏ, ਸਫ਼ੇ : 176
ਸੰਪਰਕ : 98144-31175
ਗੁਰਦੇਵ ਪਾਲ ਸਰਕਾਰੀ ਕਾਲਜ ਦੀ ਅੰਗਰੇਜ਼ੀ ਦੀ ਲੈਕਚਰਰ ਅਤੇ ਪ੍ਰਿੰਸੀਪਲ ਹੈ। ਕਮਿਊਨਿਸਟ ਪਾਰਟੀ ਦੀ ਵਫ਼ਾਦਾਰ ਸਿਪਾਹੀ ਅਤੇ ਚਿੰਤਕ ਹੈ। 'ਸੁਪਨਿਆਂ ਦੀ ਤਾਮੀਰ' ਉਸ ਦੀ ਜੀਵਨੀ ਦਾ ਦੂਸਰਾ ਭਾਗ ਹੈ। ਇਹ ਰੋਜ਼ਾਨਾ ਡਾਇਰੀ ਦੇ ਰੂਪ ਵਿਚ ਲਿਖਿਆ ਹੋਇਆ ਹੈ। ਡਾਇਰੀ ਕਿਸੇ ਲੇਖਕ ਦੀ ਸਵੈ-ਜੀਵਨੀ ਦੀ ਰੋਜ਼ਨਾਮਚਾ ਹੁੰਦਾ ਹੈ ਜਿਸ ਰਾਹੀਂ ਸਾਨੂੰ ਉਸ ਦੇ ਜੀਵਨ ਦੀ ਪਲ-ਪਲ ਦੀ, ਦਿਨ-ਦਿਨ ਅਤੇ ਮਹੀਨੇ ਸਾਲਾਂ ਦੀ ਖ਼ਬਰ ਸਾਰ ਮਿਲਦੀ ਹੈ।
ਇਸ ਡਾਇਰੀ ਨੁਮਾ ਸਵੈ-ਜੀਵਨੀ ਰਾਹੀਂ ਪਾਠਕਾਂ ਨੂੰ ਲੇਖਿਕਾ ਦੇ ਜੀਵਨ ਦੇ ਕਈ ਕਿੱਸੇ, ਸਚਾਈਆਂ, ਬੇਬਾਕੀਆਂ ਦੀ ਸੂਹ ਮਿਲਦੀ ਹੈ। ਲੇਖਿਕਾ ਆਪਣੇ ਫ਼ੈਸਲੇ ਆਪ ਲੈਂਦੀ ਹੈ। ਮਨ-ਮਰਜ਼ੀ ਨਾਲ ਵਿਆਹ ਕਰਦੀ ਹੈ ਤੇ ਉਸ ਵਿਆਹ 'ਚੋਂ ਨਿਕਲੀਆਂ ਰੰਜ਼ਿਸ਼ਾਂ, ਤੜਫ, ਉਡੀਕ ਵੀ ਆਪਣੇ ਪਿੰਡੇ ਬਹੁਤ ਸ਼ਿੱਦਤ ਤੇ ਬਹਾਦਰੀ ਨਾਲ ਝੱਲਦੀ ਹੈ। ਪਤੀ-ਪਤਨੀ ਤੋਂ ਕਿਤੇ ਦੂਰ ਰਹਿੰਦਾ ਹੈ। ਉਨ੍ਹਾਂ ਦਾ ਮੇਲ ਕਿਤੇ ਕਤਾਈਂ ਹੁੰਦਾ ਹੈ। ਸੀਜੇਰੀਅਨ ਨਾਲ ਪੈਦਾ ਹੋਏ ਬਾਲ ਨੂੰ ਵੀ ਉਹ ਬਹੁਤ ਤਕਲੀਫ਼ ਅਤੇ ਦੁੱਖਾਂ ਨਾਲ ਪਾਲਣ ਦੀ ਕੋਸ਼ਿਸ਼ ਕਰਦੀ ਹੈ। ਪੇਕੇ ਘਰ 'ਚੋਂ ਵੀ ਉਸ ਨੂੰ ਠੰਢੀਆਂ ਹਵਾਵਾਂ ਨਹੀਂ ਆਉਂਦੀਆਂ। ਆਖ਼ਰ ਤੱਕ ਇਹ ਨਹੀਂ ਪਤਾ ਚਲਦਾ ਕਿ ਉਸ ਦਾ ਪਤੀ ਉਸ ਤੋਂ ਦੂਰ ਕਿਉਂ ਹੈ ਤੇ ਉਨ੍ਹਾਂ ਦਾ ਮਿਲਾਪ ਸੌਖਿਆਂ ਕਿਉਂ ਨਹੀਂ ਹੁੰਦਾ। ਪਰ ਉਸ ਦੇ ਆਪਣੇ ਸ਼ਬਦਾਂ ਵਿਚ ਉਸ ਦਾ ਪਤੀ ਲੋਕਾਂ ਦੇ ਦੁੱਖ-ਤਕਲੀਫ਼ਾਂ ਝੱਲਣ ਵਾਲਾ ਲੋਕ ਹਿਤੈਸ਼ੀ ਕਾਮਰੇਡ ਹੈ ਜੋ ਉਸ ਦੀ ਆਪਣੀ ਚੋਣ ਹੈ ਤੇ ਉਸ ਚੋਣ 'ਤੇ ਉਹ ਡਟ ਕੇ ਪਹਿਰਾ ਵੀ ਦਿੰਦੀ ਹੈ। ਆਪਣੇ ਬੱਚੇ ਨੂੰ ਬਹੁਤ ਲਾਭ ਤੇ ਸੂਝ ਨਾਲ ਪਾਲਣ ਦਾ ਯਤਨ ਕਰਦੀ ਹੈ। ਸੱਚੀ-ਸੁੱਚੀ ਤੇ ਸਾਫ਼-ਸੁਥਰੀ ਕਾਮਰੇਡ ਹੋਣ ਦੇ ਬਾਵਜੂਦ ਵੀ ਉਹ ਆਪਣੀ ਅਕੀਦਤ ਤੋਂ ਉਖੜਦੀ ਹੈ ਪਰ ਫਿਰ ਸੰਭਲ ਵੀ ਜਾਂਦੀ ਹੈ। ਇਸ ਸਵੈ-ਜੀਵਨੀ ਦਾ ਅੰਤ ਸੁਖੈਨੀ ਹੈ। ਆਖ਼ਰ ਮਾਂ, ਪੁੱਤ ਤੇ ਪਤੀ ਦਾ ਮਿਲਾਪ ਹੋ ਜਾਂਦਾ ਹੈ ਤੇ ਉਹ ਸੁਖ ਦੀ ਜ਼ਿੰਦਗੀ ਮਿਲ ਕੇ ਜਿਊਣ ਲਗਦੇ ਨੇ, ਭਾਵੇਂ ਕਿ ਇਸ ਸਾਰੀ ਜੱਦੋ-ਜਹਿਦ ਵਿਚ ਉਹ ਦਿਲ ਦੀ ਰੋਗੀ ਵੀ ਹੋ ਜਾਂਦੀ ਹੈ।
ਇਸ ਡਾਇਰੀ ਦੀ ਸ਼ੈਲੀ ਬਹੁਤ ਰਸਦਾਇਕ ਹੈ। ਵਾਰਤਕ ਦਾ ਲਹਿਜਾ ਪੜ੍ਹਨਯੋਗ ਹੈ, ਬਿਆਨ ਰੌਚਿਕ ਹੈ। ਅੱਤਵਾਦ ਬਾਰੇ ਵੀ ਕਈ ਦ੍ਰਿਸ਼ ਕਮਾਲ ਦੇ ਹਨ। ਦੇਸ਼ ਰਟਨ ਦਾ ਅਤੇ ਇਸ ਰਾਹੀਂ ਸਫ਼ਰਨਾਮੇ ਦਾ ਵੀ ਅਨੰਦ ਮਾਣਿਆ ਜਾ ਸਕਦਾ ਹੈ। ਡਾ. ਸੁਖਦੇਵ ਸਿੰਘ ਸਿਰਸਾ, ਦੀਪਕ ਸ਼ਰਮਾ ਚਰਨਾਥਲ, ਭੁਪਿੰਦਰ ਸਿੰਘ ਮਲਿਕ, ਗੁਰਨਾਮ ਕੰਵਰ ਦੀਆਂ ਇਸ ਪੁਸਤਕ ਬਾਰੇ ਹਾਵਾਂ ਵੀ ਬਹੁਤ ਮੁੱਲਵਾਨ ਹਨ।
-ਕੇ. ਐਲ. ਗਰਗ
ਮੋਬਾਈਲ : 94635-37050
ਪ੍ਰੇਮ ਖੇਲਣ ਕਾ ਚਾਉ
ਲੇਖਕ : ਜ਼ੋਰਾਵਰ ਸਿੰਘ ਪੰਛੀ
ਪ੍ਰਕਾਸ਼ਕ : ਲਾਹੌਰ ਬੁੱਕ ਸ਼ਾਪ, ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 119
ਸੰਪਰਕ : 94173-12003
ਆਪਣੀ ਜੀਵਨ ਸਾਥਣ ਜਗਦੀਸ਼ ਕੌਰ ਉਰਫ਼ ਸੁਮਨ ਨੂੰ ਸਮਰਪਿਤ ਕੀਤੀ ਗਈ ਵਿਚਾਰਾਧੀਨ ਪੁਸਤਕ ਜ਼ੋਰਾਵਰ ਸਿੰਘ ਪੰਛੀ ਦੀ ਅਧਿਆਤਮਿਕ ਰੰਗ ਦੀ ਕਮਾਲ ਦੀ ਪ੍ਰਗੀਤਕ ਪੁਸਤਕ ਹੈ। ਪੁਸਤਕ ਦਾ ਨਾਂਅ 'ਪ੍ਰੇਮ ਖੇਲਣ ਕਾ ਚਾਉ' ਹੀ ਹਕੀਕੀ ਪ੍ਰੇਮ ਦੀ ਸ਼ਾਅਦੀ ਭਰਦਾ ਹੈ। ਗੁਰਸੇਵਕ ਸਿੰਘ ਢਿੱਲੋਂ ਨੇ ਲਿਖਿਆ ਹੈ ਕਿ ਜ਼ੋਰਾਵਰ ਸਿੰਘ ਪੰਛੀ ਲੇਖਕ ਦੇ ਨਾਲ-ਨਾਲ ਗਾਇਕ ਵੀ ਹੈ। ਉਸ ਦੀ ਆਵਾਜ਼ ਸੁਰੀਲੀ ਹੈ ਤੇ ਸਰੋਤਿਆਂ ਦੇ ਦਿਲਾਂ ਉੱਪਰ ਪ੍ਰਭਾਵ ਛੱਡਦੀ ਹੈ। ਸਿੱਖ ਤਵਾਰੀਖ ਤੋਂ ਨਾਵਾਕਿਫ਼ ਕੋਈ ਵੀ ਇਨਸਾਨ ਜਾਂ ਅਜੋਕੀ ਪੀੜ੍ਹੀ ਇਸ ਪੁਸਤਕ ਨੂੰ ਪੜ੍ਹ ਕੇ ਸਿੱਖ ਇਤਿਹਾਸ ਤੋਂ ਜਾਣੂ ਹੋ ਸਕਦੀ ਹੈ। ਜ਼ੋਰਾਵਰ ਸਿੰਘ ਪੰਛੀ ਨੇ ਗੀਤਾਂ ਦੇ ਨਾਲ-ਨਾਲ ਇਸ ਪੁਸਤਕ 'ਚ ਕੁਝ ਗ਼ਜ਼ਲਾਂ ਵੀ ਸ਼ਾਮਿਲ ਕੀਤੀਆਂ ਹਨ। ਪੰਛੀ ਦੀਆਂ ਗ਼ਜ਼ਲਾਂ ਰੂਪਕ ਪੱਖੋਂ ਵੀ ਬਾਕਮਾਲ ਹਨ। ਨਾਮਵਰ ਸ਼ਾਇਰ ਸਰਦਾਰ ਪੰਛੀ ਦੀ ਰਾਹਨੁਮਾਈ 'ਚ ਕਲਾਤਮਿਕ ਮੁਹਾਵਰਤ ਆ ਜਾਣੀ ਸੁਭਾਵਿਕ ਹੈ। ਜ਼ੋਰਾਵਰ ਸਿੰਘ ਪੰਛੀ ਦੇ ਗੀਤ ਕਵੀਸ਼ਰੀ ਸੁਭਾਅ ਵਾਲੇ ਹਨ। ਕਵੀਸ਼ਰੀ ਦੀ ਰਵਾਇਤ ਅਨੁਸਾਰ ਹੀ ਪੁਸਤਕ ਦੇ ਆਰੰਭਕ 'ਚ 'ਬੰਦਨਾ' ਨਾਂਅ ਦੀ ਕਾਵਿ-ਰਚਨਾ ਦਰਜ ਕੀਤੀ ਗਈ ਹੈ, ਜਿਸ ਵਿਚ ਦਸਾਂ ਪਾਤਿਸ਼ਾਹੀਆਂ ਦੇ ਚਰਨਾਂ ਵਿਚ ਅਰਜ਼ ਕੀਤੀ ਗਈ ਹੈ। ਨਿਰਸੰਦੇਹ ਧਾਰਮਿਕ ਕਾਵਿ ਦੀ ਇਹ ਵੱਡੀ ਖ਼ਾਸੀਅਤ ਹੁੰਦੀ ਹੈ। ਪੰਛੀ ਦੇ ਇਸ ਪੁਸਤਕ ਵਿਚਲੇ ਗੀਤਾਂ ਵਿਚ ਗੁਰੂ ਸਾਹਿਬਾਨ ਦੀ ਸਿਫ਼ਤ ਸਲਾਹ ਹੈ। ਮਾਣਮੱਤੀਆਂ ਇਤਿਹਾਸਕ ਘਟਨਾਵਾਂ ਦਾ ਬੜਾ ਟੁੰਬਵਾਂ ਵਰਣਨ ਹੈ। ਸਿੱਖ ਸ਼ਹੀਦਾਂ ਦੀਆਂ ਕੁਰਬਾਨੀਆਂ ਦਾ ਵੀ ਬੜੀ ਸੰਜੀਦਗੀ ਨਾਲ ਬਿਰਤਾਂਤ ਸਿਰਜਿਆ ਗਿਆ ਹੈ। ਇਸ ਕਿਤਾਬ ਵਿਚਲੇ ਕਈ ਗੀਤ ਪੰਜਾਬੀ ਕਲਾਕਾਰਾਂ ਨੇ ਗਾਏ ਵੀ ਹਨ ਤੇ ਕਈ ਪ੍ਰਸੰਗ ਵੀ ਢਾਡੀ ਗਾ ਚੁੱਕੇ ਹਨ। ਪ੍ਰਸੰਗਾਂ ਵਿਚ 'ਪ੍ਰਸੰਗ : ਬਲੀ ਕੰਧਾਰੀ ਤੇ ਬਾਬਾ ਮਰਦਾਨਾ', 'ਪ੍ਰਸੰਗ : ਸ਼ਹੀਦੀ ਸ੍ਰੀ ਗੁਰੂ ਤੇਗ ਬਹਾਦਰ ਜੀ', 'ਪ੍ਰਸੰਗ : ਅੰਮ੍ਰਿਤ ਸੰਚਾਰ', 'ਪ੍ਰਸੰਗ : ਮੱਸਾ ਰੰਗੜ', 'ਪ੍ਰਸੰਗ : ਕੌਡਾ ਰਾਕਸ਼ਸ ਤੇ ਮਰਦਾਨਾ' ਸ਼ਾਮਿਲ ਹਨ।
ਰਚਨਾਕਾਰ ਦੀ ਕਲਾਤਮਿਕ ਪ੍ਰਤਿਭਾ ਦੀ ਝਲਕ ਹਿੱਤ ਉਸ ਰਚਿਤ 'ਬਾਬਾ ਦੀਪ ਸਿੰਘ ਜੀ ਸ਼ਹੀਦ' ਰਚਨਾ ਬੈਂਤ ਦੇ ਕੁਝ ਅੰਸ਼ ਪਾਠਕਾਂ ਦੀ ਨਜ਼ਰ ਹਨ:
ਫੌਜਾਂ ਭੱਜੀਆਂ ਜਹਾਨ ਖਾਨ ਮਾਰ ਦਿੱਤਾ,
ਸੂਰੇ ਭੱਜਦਿਆਂ ਨੂੰ ਮਾਰ ਮੁਕਾਉਣ ਲੱਗੇ।
ਸ਼ਹੀਦੀ ਪਾਉਣ ਦਾ ਧਾਰ ਕੇ ਚਾਅ ਦਿਲ ਵਿਚ, ਸਿੰਘ ਆਪਣੇ ਜੌਹਰ ਦਿਖਾਉਣ ਲੱਗੇ।
ਬਾਬਾ ਜੀ ਪਹੁੰਚ ਗਏ ਸ੍ਰੀ ਹਰਿਮੰਦਰ,
ਸੀਸ ਪਰਿਕਰਮਾ ਵਿਚ ਚੜ੍ਹਾ ਦਿੱਤਾ।
ਜਹਾਨ ਖਾਨ ਨੂੰ ਜਿੱਤ ਕੇ ਦੀਪ ਸਿੰਘ ਨੇ,
ਨਾਮ ਵਿਚ ਇਤਿਹਾਸ ਲਿਖਾ ਦਿੱਤਾ।
ਬਾਜਾਂ ਵਾਲਿਆਂ ਤੇਰੇ ਇਹ ਸਿੰਘ ਸੂਰੇ,
ਆ ਮੌਤ ਨੂੰ ਵੀ ਗਲ਼ ਲਾ ਲੈਂਦੇ।
ਕਦੀ ਭੱਜੇ ਨਾ ਛੱਡ ਕੇ ਮੈਦਾਨ ਯੋਧੇ,
ਵਾਹ ਵਾਹ ਮੌਤ ਤੋਂ ਵੀ ਅਖਵਾ ਲੈਂਦੇ। (ਪੰਨਾ : 109)
-ਹਰਮੀਤ ਸਿੰਘ ਅਟਵਾਲ
ਮੋਬਾਈਲ : 98155-05287
ਭਾਰਤੀ ਤੇ ਪੱਛਮੀ ਕਾਵਿ-ਸਿਧਾਂਤ
ਲੇਖਕ : ਡਾ. ਸੁਰਿੰਦਰ ਕੁਮਾਰ ਦਵੇਸ਼ਵਰ
ਪ੍ਰਕਾਸ਼ਕ : ਲੋਕਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 200 ਰੁਪਏ, ਸਫ਼ੇ : 122
ਸੰਪਰਕ : 98550-59696
ਇਸ ਪੁਸਤਕ ਵਿਚ ਡਾ. ਸੁਰਿੰਦਰ ਕੁਮਾਰ ਦਵੇਸ਼ਵਰ ਨੇ ਕਾਵਿ ਸਿਧਾਂਤਾਂ ਦੇ ਦਾਰਸ਼ਨਿਕ ਆਧਾਰਾਂ ਦੀ ਪਹਿਚਾਣ ਕਰਾਉਣ ਦਾ ਬਹੁਤ ਹੀ ਵਧੀਆ ਉਪਰਾਲਾ ਕੀਤਾ ਹੈ। ਉਹ ਬਹੁਤ ਹੀ ਸ਼ਲਾਘਾਯੋਗ ਹੈ। ਇਕ ਕਾਵਿ-ਸਿਧਾਂਤ ਸਾਹਿਤ ਦੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੇ ਵਿਦਿਆਰਥੀਆਂ ਲਈ ਸਹਾਈ ਹੋਣ ਦੇ ਨਾਲ-ਨਾਲ ਚੰਗੀ ਸੇਧ ਵੀ ਦੇਣਗੇ। ਭਾਵੇਂ ਕਾਵਿ-ਸ਼ਾਸਤਰ ਅਤੇ ਹੋਰ ਕਈ ਕਾਵਿ-ਸ਼ਾਸਤਰੀਆਂ ਨੇ ਆਪੋ-ਆਪਣੇ ਢੰਗ ਨਾਲ ਇਸ ਵਿਸ਼ੇ ਨੂੰ ਛੂਹਿਆ ਹੈ ਪ੍ਰੰਤੂ ਡਾ. ਸਾਹਿਬ ਤੇ ਆਪਣੀ ਹੀ ਵਿਧੀ ਨਾਲ ਇਸ ਪੁਸਤਕ ਨੂੰ ਹੋਰ ਚਾਰ ਚੰਨ ਲਗਾ ਦਿੱਤੇ ਹਨ। ਇਹ ਪੁਸਤਕ ਵਿਸ਼ੇਸ਼ ਕਰ ਕੇ ਸਾਹਿਤ ਦੇ ਵਿਦਿਆਰਥੀਆਂ ਨੂੰ ਜ਼ਰੂਰ ਪੜ੍ਹਨੀ ਚਾਹੀਦੀ ਹੈ ਕਿਉਂਕਿ ਇਸ ਵਿਚੋਂ ਉਨ੍ਹਾਂ ਨੂੰ ਇਕ ਖਜ਼ਾਨਾ ਮਿਲੇਗਾ ਅਤੇ ਨਾਲ ਹੀ ਉਨ੍ਹਾਂ ਦੇ ਗਿਆਨ ਵਿਚ ਵਾਧਾ ਹੋਵੇਗਾ। ਅਜਿਹੀਆਂ ਪੁਸਤਕਾਂ ਸਾਡੀਆਂ ਲਾਇਬ੍ਰੇਰੀਆਂ ਵਿਚ ਮੌਜੂਦ ਹੋਣੀਆਂ ਚਾਹੀਦੀਆਂ ਹਨ, ਜਿਸ ਤਰ੍ਹਾਂ ਇਸ ਪੁਸਤਕ ਨੂੰ ਤਿਆਰ ਕੀਤਾ ਗਿਆ ਹੈ ਅਤੇ ਲੇਖਕ ਦੇ ਦੁਆਰਾ ਕੀਤੀ ਮਿਹਨਤ ਤੇ ਖੋਜ ਦੀ ਜਿੰਨੀ ਵੀ ਦਾਦ ਦੇਵੋ, ਓਨੀ ਹੀ ਘੱਟ ਹੈ। ਸਿਮੋਨ ਦੇ ਬੇਵਅਰ ਦਾ ਨਾਰੀਵਾਦ ਦਾ ਸਿਧਾਂਤ, ਸੋਸਿਉਰ ਦਾ ਸੰਰਚਨਾਵਾਦੀ ਸਿਧਾਂਤ, ਕਾਰਲ ਮਾਰਕਸ ਤੇ ਫ੍ਰੈੱਡਰਿਕ ਏਂਗਲਜ਼ ਦਾ ਆਰਥਿਕਤਾਵਾਦ ਤੇ ਵਿਚਾਰਧਾਰਾ ਦਾ ਵਿਸ਼ਲੇਸ਼ਣ ਵੀਹਵੀਂ ਸਦੀ ਦੀ ਸਾਹਿਤ ਆਲੋਚਨਾ/ਸਿਧਾਂਤ, 19ਵੀਂ ਸਦੀ ਤੱਕ ਦੀ ਸਾਹਿਤ ਆਲੋਚਨਾ, ਭਾਰਤੀ ਕਾਵਿ-ਸ਼ਾਸਤਰ ਦਾ ਮਹੱਤਵ ਆਦਿ ਨੂੰ ਪੜ੍ਹ ਕੇ ਗਿਆਨ ਵਿਚ ਹੋਰ ਵਾਧਾ ਹੁੰਦਾ ਹੈ। ਅਜਿਹੀਆਂ ਪੁਸਤਕਾਂ ਨੂੰ ਲਿਖਣ ਲਈ ਆਮ ਲੇਖਕ ਹੱਥ ਨਹੀਂ ਪਾਉਂਦੇ। ਦੂਰ-ਦ੍ਰਿਸ਼ਟੀ, ਗਿਆਨ ਪਿਛੋਕੜ ਦੀ ਜ਼ਿਆਦਾ ਜ਼ਰੂਰਤ ਹੁੰਦੀ ਹੈ। ਪੁਸਤਕ ਵਿਚ ਵਰਤੀ ਗਈ ਭਾਸ਼ਾ ਵੀ ਬਹੁਤ ਸਰਲ ਹੈ। ਲੇਖਕ ਵਧਾਈ ਦਾ ਪਾਤਰ ਹੈ।
-ਡਾ. ਬਲਵਿੰਦਰ ਸਿੰਘ ਸੋਢੀ (ਮੀਰਹੇੜੀ)
ਮੋਬਾਈਲ : 092105-88990
ਗ਼ਜ਼ਲ ਸੰਗ੍ਰਹਿ 'ਅੱਖਾਂ ਲੱਭਦੇ ਸੁਪਨੇ' ਦੇ ਆਧਾਰ 'ਤੇ
ਬਲਦੇਵ ਸਿੰਘ 'ਬੱਦਨ' ਦੀ ਗ਼ਜ਼ਲ ਚੇਤਨਾ
ਸੰਪਾਦਕ : ਮਾਲਵਿੰਦਰ ਸ਼ਾਇਰ
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨ ਸਮਾਣਾ
ਮੁੱਲ 395 ਰੁਪਏ, ਪੰਨੇ 199
ਸੰਪਰਕ : 94781-85742
ਬਲਦੇਵ ਸਿੰਘ 'ਬੱਦਨ' ਦੀ ਗ਼ਜ਼ਲ ਚੇਤਨਾ (ਗ਼ਜ਼ਲ ਸੰਗ੍ਰਹਿ ਅੱਖਾਂ ਲੱਭਦੇ ਸੁਪਨੇ ਦੇ ਆਧਾਰ 'ਤੇ) ਪੁਸਤਕ ਦੇ ਸੰਪਾਦਕ ਮਾਲਵਿੰਦਰ ਸ਼ਾਇਰ ਹਨ। ਬਲਦੇਵ ਸਿੰਘ 'ਬੱਦਨ' ਨੇ ਪੰਜਾਬੀ ਸਾਹਿਤ ਦੇ ਵਿਕਾਸ ਵਿਚ ਵਿਸ਼ੇਸ਼ ਯੋਗਦਾਨ ਪਾਇਆ ਹੈ। ਕਵਿਤਾ, ਕਹਾਣੀ, ਨਾਵਲ, ਵਾਰਤਕ ਅਤੇ ਆਲੋਚਨਾ ਦੇ ਖੇਤਰ ਵਿਚ ਅਤੇ ਵਿਸ਼ੇਸ਼ ਤੌਰ 'ਤੇ ਸੰਪਾਦਿਤ ਪੁਸਤਕਾਂ ਅਧੀਨ 275 ਦੇ ਕਰੀਬ ਪੁਸਤਕਾਂ ਪੰਜਾਬੀ ਪਾਠਕਾਂ ਨੂੰ ਦਿੱਤੀਆਂ ਹਨ। ਉਨ੍ਹਾਂ ਦਾ ਸਿਰੜੀ ਸੁਭਾਅ 'ਪੰਜਾਬ, ਪੰਜਾਬੀ ਅਤੇ ਪੰਜਾਬੀਅਤ' ਦੇ ਸਿਧਾਂਤ ਨੂੰ ਕਾਇਮ ਰੱਖਦਾ ਹੈ। ਪੰਜਾਬੀ ਭਾਸ਼ਾ ਦੇ ਵਿਕਾਸ ਤੇ ਪ੍ਰਚਾਰ ਹਿੱਤ ਕਾਇਮ ਸਾਹਿਤਕ ਸਭਾਵਾਂ ਵਲੋਂ ਬੇਅੰਤ ਮਾਨ-ਸਨਮਾਨ ਵੀ ਦਿੱਤੇ ਗਏ। ਮਾਲਵਿੰਦਰ ਸ਼ਾਇਰ ਨੇ ਬਲਦੇਵ ਸਿੰਘ 'ਬੱਦਨ' ਦੀ ਪੰਜਾਬੀ ਜਗਤ ਨੂੰ ਦੇਣ ਤੇ ਵਿਲੱਖਣ ਸ਼ਖ਼ਸੀਅਤ ਦੇ ਆਧਾਰ 'ਤੇ ਉਸ ਕਲਾਤਮਿਕ ਸਿਰਜਣਾ ਬਾਰੇ ਜਾਣਕਾਰੀ ਦਿੱਤੀ ਹੈ। ਮਾਲਵਿੰਦਰ ਸ਼ਾਇਰ ਦੁਆਰਾ ਕੀਤਾ ਕਾਰਜ ਸਲਾਹੁਣਯੋਗ ਹੈ। ਹਥਲੀ ਪੁਸਤਕ ਵਿਚ ਬਲਦੇਵ ਸਿੰਘ 'ਬੱਦਨ' ਦੇ ਗ਼ਜ਼ਲ-ਸੰਗ੍ਰਹਿ'ਅੱਖਾਂ ਲੱਭਦੇ ਸੁਪਨੇ' ਉੱਤੇ 16 ਤਰਕ ਆਧਾਰਿਤ ਆਰਟੀਕਲ ਦਰਜ ਹਨ ਜੋ ਉਨ੍ਹਾਂ ਦੇ ਚਿੰਤਨ ਤੇ ਚੇਤਨਾ ਦੀਆਂ ਵਿਭਿੰਨ ਪਰਤਾਂ ਨੂੰ ਦ੍ਰਿਸ਼ਟੀਗੋਚਰ ਕਰਦੇ ਹਨ। ਇਸ ਪੁਸਤਕ ਵਿਚ ਹੀ 'ਜ਼ਖ਼ਮੀ ਡਾਰ ਪਰਿੰਦਿਆਂ ਦੀ' ਗ਼ਜ਼ਲ-ਸੰਗ੍ਰਹਿ ਉੱਤੇ ਤਿੰਨ ਅਲੋਚਕਾਂ ਦੀਆਂ ਅਲੋਚਨਾਤਮਕ ਟਿੱਪਣੀਆਂ ਵੀ ਦਰਜ ਹਨ। ਜੋ ਉਨ੍ਹਾਂ ਦੀ ਗਜ਼ਲ ਚਿੰਤਨ ਨੂੰ ਰੂਪਮਾਨ ਕਰਦੀਆਂ ਹਨ ਅਤੇ ਅਖ਼ੀਰ ਵਿਚ ਬੱਦਨ ਹੁਰਾਂ ਦੀਆਂ ਪੁਸਤਕਾਂ ਅਤੇ ਪ੍ਰਾਪਤ ਮਾਨ ਸਨਮਾਨ ਦੀ ਸੂਚੀ ਵੀ ਦਰਜ਼ ਹੈ। ਵਿਦਵਾਨ ਚਿੰਤਕਾਂ ਨੇ ਆਪਣੀ ਆਲੋਚਨਾਤਮਿਕ ਦ੍ਰਿਸ਼ਟੀ ਰਾਹੀਂ ਬਲਦੇਵ ਸਿੰਘ 'ਬੱਦਨ' ਦੀਆਂ ਗ਼ਜ਼ਲਾਂ ਦਾ ਚਿੰਤਨ ਕਰਦੇ ਹੋਏ ਸਮਾਜਿਕ, ਆਰਥਿਕ, ਰਾਜਨੀਤਕ, ਧਾਰਮਿਕ, ਇਤਿਹਾਸਕ, ਸੱਭਿਆਚਾਰਕ ਤੇ ਮਨੋਵਿਗਿਆਨਕ ਪੱਖਾਂ ਨੂੰ ਉਜਾਗਰ ਕੀਤਾ ਹੈ। ਸੰਪਾਦਕ ਮਾਲਵਿੰਦਰ ਸ਼ਾਇਰ ਦੀ ਅਣਥੱਕ ਮਿਹਨਤ ਸਦਕਾ ਹੀ ਪੁਸਤਕ ਵਿਚ ਦਰਜ 20 ਦੇ ਕਰੀਬ ਵਿਦਵਾਨ ਚਿੰਤਕਾਂ ਦੇ ਦ੍ਰਿਸ਼ਟੀਕੋਣ ਰਾਹੀਂ ਬੱਦਨ ਦੀ ਗ਼ਜ਼ਲ ਦੀ ਕਲਾਤਮਿਕਤਾ ਨੂੰ ਸਮਝਣ ਤੇ ਜਾਣਨ ਦਾ ਮੌਕਾ ਪ੍ਰਾਪਤ ਹੋਇਆ ਹੈ। ਵਿਦਿਆਰਥੀਆਂ ਤੇ ਆਲੋਚਕਾਂ ਨੂੰ ਪੁਸਤਕ ਨੂੰ ਜ਼ਰੂਰ ਵਾਚਣਾ ਚਾਹੀਦਾ ਹੈ।
-ਡਾ. ਹਰਿੰਦਰ ਸਿੰਘ ਤੁੜ
ਮੋਬਾਈਲ : 94146-91091
ਧਰਮ ਅਤੇ ਵਿਗਿਆਨ ਅੰਤਰ-ਸੰਬੰਧਤਾ
ਲੇਖਕ : ਪ੍ਰੋ. ਅਪਿੰਦਰ ਸਿੰਘ ਮਾਹਲਪੁਰੀ
ਪ੍ਰਕਾਸ਼ਕ : ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ, ਲੁਧਿਆਣਾ
ਮੁੱਲ : 120 ਰੁਪਏ, ਸਫ਼ੇ : 133
ਸੰਪਰਕ: 98880-38726
ਪੁਸਤਕ ਦੇ ਲੇਖਕ ਦੀ ਇਹ ਦੂਜੀ ੁਪੁਸਤਕ ਹੈ। ਹਥਲੀ ਪੁਸਤਕ ਦਾ ਲੇਖਕ ਸਿੱਖ ਜਗਤ ਦੀ ਜਾਣੀ-ਪਛਾਣੀ ਸ਼ਖ਼ਸੀਅਤ ਹਨ। ਵੱਖ-ਵੱਖ ਅਦਾਰਿਆਂ ਵਿਚ ਧਰਮ ਅਧਿਐਨ ਦੇ ਵਿਸ਼ੇ ਦੇ ਪ੍ਰਾਧਿਆਪਕ ਵਜੋਂ ਸੇਵਾ ਕਰਦਿਆਂ ਗੋਸ਼ਟੀਆਂ, ਸੈਮੀਨਾਰਾਂ, ਅਕਾਸ਼ਵਾਣੀ ਵਿਖੇ ਸਮੇਂ-ਸਮੇਂ ਉਹ ਆਪਣੇ ਪ੍ਰੌੜ੍ਹ ਵਿਚਾਰਾਂ ਨਾਲ ਸਰੋਤਿਆਂ ਅਤੇ ਪਾਠਕਾਂ ਦੇ ਸਨਮੁੱਖ ਵਿਚਰਦੇ ਰਹਿੰਦੇ ਹਨ। ਇਸ ਇਸ ਪੁਸਤਕ ਵਿਚ ਉਨ੍ਹਾਂ ਗਿਆਨ, ਵਿਗਿਆਨ ਦੀਆਂ ਵੱਖ-ਵੱਖ ਚਿੰਤਨ ਪ੍ਰਣਾਲੀਆਂ ਨੂੰ ਆਪਣੇ ਵਿਚਾਰ-ਚਰਚਾ ਦਾ ਹਿੱਸਾ ਬਣਾਇਆ ਹੈ। ਉਹ ਅੰਤਰ-ਮੁਖੀ ਵਿਚਾਰ ਜਿਹੜੇ ਸਾਡੇ ਸਰੀਰ, ਮਨ, ਆਤਮਾ, ਧਰਤੀ, ਵਾਤਾਵਰਨ ਜਾਂ ਪੁਲਾੜ ਨਾਲ ਸੰਬੰਧਿਤ ਹਨ ਜੋ ਸਾਡੇ ਵਿਦਵਾਨ ਚਿੰਤਕਾਂ ਵਲੋਂ ਸਾਨੂੰ ਜੀਵਨ-ਜੁਗਤਿ ਸਮਝਾਉਣ ਲਈ, ਅਗਵਾਈ ਦਿੰਦੇ ਹਨ, ਉਨ੍ਹਾਂ ਨੂੰ ਪੁਸਤਕ ਵਿਚ ਵਿਸ਼ੇਸ਼ ਥਾਂ ਦਿੱਤੀ ਗਈ ਹੈ। ਗੁਰਬਾਣੀ ਦਾ ਵਿਸ਼ਵ-ਵਿਆਪੀ ਚਿੰਤਨ ਸਾਨੂੰ ਇਸ ਧਰਤ-ਸੁਹਾਵਣੀ ਨਾਲ ਜੋੜੀ ਰੱਖਦਾ ਹੈ। ਲੇਖਕ ਅਨੁਸਾਰ ਧਰਤੀ ਨੂੰ ਧਰਮਸਾਲ ਬਣਾਉਣ ਵਿਚ ਵਿਗਿਆਨ ਦੀ ਭੂਮਿਕਾ ਵੀ ਸਾਰਥਿਕ ਰਹੀ ਹੈ। ਜਦੋਂ ਅਸੀਂ ਗੁਰਬਾਣੀ ਤੋਂ ਗੁਣ-ਗ੍ਰਹਿਣ ਕਰਦੇ ਹਾਂ ਤਾਂ ਮਨੋ-ਵਿਗਿਆਨ ਦ੍ਰਿਸ਼ਟੀ ਆਪ-ਮੁਹਾਰੇ ਸਾਡੀ ਰਹਿ-ਨੁਮਾਈ ਹੈ। ਸਾਰੇ ਦੁੱਖਾਂ, ਕਸ਼ਟਾਂ, ਕਲੇਸ਼ਾਂ, ਝਗੜਿਆਂ ਅਤੇ ਫਸਾਦਾਂ ਦੀ ਅਸਲ ਜੜ੍ਹ ਮਨੁੱਖੀ ਮਨ ਹੈ। ਦੂਜਿਆਂ ਤੋਂ ਖੋਹ-ਖਿੱਚ ਕੇ ਆਪਣਾ ਬਣਾਉਣ ਦੀ ਬਿਰਤੀ ਵੀ ਮਨ ਦਾ ਵੱਡਾ ਵਿਕਾਰ ਹੀ ਹੈ। ਪੁਸਤਕ ਵਿਚ ਵਿਗਿਆਨ ਦੀਆਂ ਮੁੱਢਲੀਆਂ ਇਕਾਈਆਂ ਦੇ ਨਾਲ-ਨਾਲ ਖਗੋਲ ਵਿਗਿਆਨ, ਮਨੋ-ਵਿਗਿਆਨ, ਸਮਾਜ-ਵਿਗਿਆਨ ਅਤੇ ਕਲਾ-ਵਿਗਿਆਨ ਦੇ ਅਨੇਕਾਂ ਪੱਖਾਂ ਨੂੰ ਗੁਰਬਾਣੀ ਦੀ ਵਿਸ਼ਵ-ਵਿਆਪੀ ਰੌਸ਼ਨੀ ਵਿਚ ਧੁਰ-ਹਿਰਦੇ ਤੋਂ ਵਿਚਾਰਨ ਦਾ ਯਤਨ ਹੈ। ਇਸ ਦੇ ਨਾਲ ਹੀ ਸੰਸਾਰ ਦੇ ਦਾਰਸ਼ਨਿਕਾਂ ਤੇ ਸਾਹਿਤਕਾਰਾਂ ਨੂੰ ਨਾਲ ਲੈ ਕੇ ਚੱਲਣ ਦਾ ਉੱਦਮ ਵੀ ਸ਼ਲਾਘਾਯੋਗ ਹੈ। ਪੁਸਤਕ ਦੇ ਪਹਿਲੇ ਭਾਗ ਵਿਚ 'ਗੁਰਬਾਣੀ ਅਤੇ ਸ਼ੁੱਧ ਵਿਗਿਆਨ ਦਾ ਆਪਸੀ ਸੁਮੇਲ' ਵਿਚ ਗੁਰਬਾਣੀ, ਵਿਗਿਆਨ ਅਤੇ ਧਰਮ ਨੂੰ ਲੈ ਕੇ ਖੋਜ ਭਰਪੂਰ ਵਿਚਾਰ ਪੇਸ਼ ਕੀਤੇ ਗਏ ਹਨ, ਦੂਜੇ ਭਾਗ ਵਿਚ 'ਖੁਗੋਲ ਵਿਗਿਆਨ-ਗੁਰਬਾਣੀ ਅਤੇ ਸ਼ੁੱਧ ਵਿਗਿਆਨ ਅਨੁਸਾਰ ਸ੍ਰਿਸ਼ਟੀ ਰਚਨਾ' ਦੇ ਵਿਸ਼ੇ ਨੂੰ ਛੋਹਿਆ ਗਿਆ ਹੈ। ਤੀਜੇ ਭਾਗ ਵਿਚ 'ਗੁਰਬਾਣੀ ਅਤੇ ਸਮਾਜ ਵਿਗਿਆਨ' ਅਧੀਨ 'ਮਨੋਵਿਗਿਆਨ ਅਤੇ ਮਨ ਦੀ ਪਰਿਭਾਸ਼ਾ' ਨੂੰ ਸਪੱਸ਼ਟ ਕਰਨ ਦਾ ਯਤਨ ਕੀਤਾ ਹੈ। ਚੌਥੇ ਹਿੱਸੇ ਵਿਚ 'ਗੁਰਬਾਣੀ ਅਤੇ ਸਮਾਜ ਵਿਗਿਆਨ' ਅਧੀਨ 'ਗੁਰਬਾਣੀ ਵਿਚ ਆਦਰਸ਼ ਸਮਾਜ ਦੀ ਸਥਾਪਨਾ ਦੇ ਸੰਕਲਪ ਦਾ ਵਿਗਿਆਨਕ ਚਿੰਤਨ' ਅਧੀਨ ਵਿਚਾਰਾਂ ਦੀ ਲੜੀ ਨੂੰ ਅੱਗੇ ਤੋਰਿਆ ਗਿਆ ਹੈ। ਪੰਜਵੇਂ ਭਾਗ ਵਿਚ 'ਸਾਹਿਤ, ਗੁਰਬਾਣੀ ਅਤੇ ਧਰਮ' ਦੇ ਚਾਨਣ ਵਿਚ 'ਸਾਹਿਤ ਗੁਰਬਾਣੀ ਅਤੇ ਧਰਮ ਵਿਗਿਆਨ' 'ਤੇ ਗੰਭੀਰ ਚਰਚਾ ਕੀਤੀ ਗਈ ਹੈ। ਪੁਸਤਕ ਦੇ ਅੰਤਿਮ ਭਾਗ ਵਿਚ 'ਗੁਰਬਾਣੀ ਦੀ ਅਸੀਮਤਾ ਤੇ ਵਿਗਿਆਨ ਦੀ ਸੀਮਾ ਬੱਧਤਾ' ਸੰਬੰਧੀ ਵਿਚਾਰਾਂ ਦੀ ਲੜੀ ਸਾਨੂੰ ਇਸ ਮੰਜ਼ਿਲ ਦੀ ਸੋਝੀ ਦਿੰਦੀ ਹੈ ਕਿ ਗੁਰਬਾਣੀ ਦਾ ਗਿਆਨ ਅਸੀਮ ਹੈ, ਇਸ ਦੀ ਸੀਮਾ ਨੂੰ ਨਾਪਿਆ, ਜਾਣਿਆ ਤੇ ਤੋਲਿਆ ਨਹੀਂ ਜਾ ਸਕਦਾ। ਇਹ ਅਗਾਧ-ਬੋ ਹੈ। ਵਿਗਿਆਨ ਆਖਰ ਆਪਣੀ ਸੀਮਾ ਨੂੰ ਨਿਰਧਾਰਿਤ ਕਰਕੇ ਅੱਗੇ ਵਧਦਾ ਹੈ। ਇਹ ਪੁਸਤਕ ਵਿਦਵਾਨ ਪਾਠਕਾਂ, ਖੋਜਾਰਥੀਆਂ ਅਤੇ ਨਵੀਂ ਪੀੜ੍ਹੀ ਦੇ ਨੌਜਵਾਨਾਂ ਵਲੋਂ ਸਲਾਹੀ ਜਾਵੇਗੀ। ਲੇਖਕ ਇਸ ਵਡਮੁੱਲੇ ਕਾਰਜ ਲਈ ਵਧਾਈ ਦਾ ਪਾਤਰ ਹੈ।
-ਭਗਵਾਨ ਸਿੰਘ ਜੌਹਲ
ਮੋਬਾਈਲ : 98143-24040
ਨਵੀਆਂ ਬਾਤਾਂ
ਲੇਖਕ : ਜਸਵੀਰ ਸਿੰਘ ਭਲੂਰੀਆ
ਪ੍ਰਕਾਸ਼ਕ : ਕੈਫੇ ਵਰਲਡ ਜਲੰਧਰ, ਬਠਿੰਡਾ
ਮੁੱਲ : 250 ਰੁਪਏ, ਸਫ਼ੇ : 111
ਸੰਪਰਕ : 99159-95505
ਸ਼ਾਇਰ ਹਥਲੇ ਕਾਵਿ-ਸੰਗ੍ਰਹਿ 'ਨਵੀਆਂ ਬਾਤਾਂ' (ਬਾਲ ਕਵਿਤਾਵਾਂ) ਤੋਂ ਪਹਿਲਾਂ ਵੀ 'ਗੱਪਸਤਾਨ ਜ਼ਿੰਦਾਬਾਦ' (ਵਾਰਤਕ ਵਿਅੰਗ), 'ਮੁਰਝਾਏ ਫੁੱਲ' (ਮਿੰਨੀ ਕਹਾਣੀ-ਸੰਗ੍ਰਹਿ), 'ਬਚਪਨ ਦੀ ਬਹਾਰ' 'ਬਾਲ ਗੀਤ ਸੰਗ੍ਰਹਿ), 'ਪੱਥਰ ਤੇ ਇਨਸਾਨ' (ਕਾਵਿ-ਸੰਗ੍ਰਹਿ) ਅਤੇ 'ਗੀਤਾਂ ਦੀ ਫੁੱਲਕਾਰੀ' (ਗੀਤ ਸੰਗ੍ਰਹਿ) ਰਾਹੀਂ ਪੰਜਾਬੀ ਅਦਬ ਦੇ ਦਰ ਦਰਵਾਜ਼ੇ 'ਤੇ ਦਸਤਕ ਦੇ ਚੁੱਕਿਆ ਹੈ। ਹਥਲੇ ਕਾਵਿ-ਸੰਗ੍ਰਹਿ ਵਿਚ 101 ਬਾਤਾਂ (ਬੁਝਾਰਤਾਂ) ਹਨ ਜੋ ਬਾਲ ਮਨ ਬੁੱਧੀ ਨੂੰ ਉਕਸਾਉਂਦੀਆਂ ਹਨ। ਬਾਤ ਭਾਵ ਕਿ ਬੁਝਾਰਤ ਇਕ ਤਰ੍ਹਾਂ ਨਾਲ ਮੌਖਿਕ ਕਾਵਿ-ਸਿਨਫ਼ ਹੈ। ਪਹਿਲਾਂ ਪਹਿਲ ਜਦੋਂ ਬੁਝਾਰਤ ਪਾਈ ਜਾਂਦੀ ਸੀ ਤਾਂ ਬੁੱਝਣ ਵਾਲੇ ਨੂੰ ਵੰਗਾਰ ਪੈਦਾ ਕੀਤੀ ਜਾਂਦੀ ਸੀ ਕਿ ਕੀ ਤੂੰ ਇਹ ਬੁਝਾਰਤ ਬੁੱਝ ਲਈ ਹੈ ਤਾਂ ਜੇ ਬੁਝਾਰਤ ਬੁੱਝਣ ਵਾਲਾ ਹਾਰ ਮੰਨ ਲਵੇ ਤਾਂ ਉਸ ਦਾ ਉੱਤਰ ਬੁਝਾਰਤ ਪਾਉਣ ਵਾਲਾ ਦੱਸ ਦਿੰਦਾ ਸੀ। ਪਰ ਇਸ ਕਿਤਾਬ ਵਿਚ ਜੋ 101 ਬਾਤਾਂ (ਬੁਝਾਰਤਾਂ) ਹਨ, ਉਹ ਪ੍ਰਗੀਤਕ ਸ਼ੈਲੀ ਵਿਚ ਹਨ। ਜਿਉਂ-ਜਿਉਂ ਅਸੀਂ ਇਹ ਬਾਤਾਂ ਵਾਲੀ ਨਜ਼ਮ ਪੜ੍ਹਦੇ ਹਾਂ ਤਾਂ ਸਾਡੀ ਬੁੱਧੀ ਦਾ ਗਰਾਫ਼ ਨਾਲ-ਨਾਲ ਹੀ ਉਤਾਂਹ ਹੋਈ ਜਾਂਦਾ ਹੈ ਤੇ ਉੱਤਰ ਦੇ ਨਜ਼ਦੀਕ ਪਹੁੰਚ ਜਾਂਦਾ ਹੈ। ਇਨ੍ਹਾਂ ਬਾਤਾਂ ਦੀ ਖੂਬੀ ਇਹ ਹੈ ਕਿ ਲੇਖਕ ਅਖਰੀਲੀਆਂ ਦੋ ਪੰਕਤੀਆਂ ਵਿਚ ਉਸ ਦਾ ਜਵਾਬ ਵੀ ਦੇ ਦਿੰਦਾ ਹੈ। ਕਿੰਨਾ ਚੰਗਾ ਹੋਵੇ ਕਿ ਇਹ ਪੁਸਤਕ ਸਕੂਲੀ ਲਾਇਬ੍ਰੇਰੀਆਂ ਲਈ ਸਰਕਾਰ ਵਲੋਂ ਪ੍ਰਵਾਨ ਕਰ ਲਈ ਜਾਵੇ ਤਾਂ ਸੋਨੇ 'ਤੇ ਸੁਹਾਗਾ ਹੋ ਜਾਵੇਗਾ। ਕਿਤਾਬ ਵਿਚ ਸ਼ਾਮਿਲ 11 ਨੰ: ਬੁਝਾਰਤ ਪੇਸ਼ ਹੈ :
'ਜਦੋਂ ਰਾਤ ਨੂੰ ਆਉਂਦਾ ਹੈ,
ਹਾਰਨ ਵੀ ਵਜਾਉਂਦਾ ਹੈ।
ਕਿਸੇ ਨੂੰ ਨਾ ਭਾਉਂਦਾ ਹੈ,
ਭਾਵੇਂ ਗਾਣੇ ਗਾਉਂਦਾ ਹੈ।
ਸੁੱਤਿਆਂ ਨੂੰ ਜਗਾਉਂਦਾ ਹੈ,
ਜਦ ਇਹ ਟੀਕਾ ਲਾਉਂਦਾ ਹੈ।
ਭਲੂਰੀਆ ਬਾਤਾਂ ਪਾਉਂਦਾ ਹੈ,
ਦੱਸੋ ਜੇ ਉੱਤਰ ਆਉਂਦਾ ਹੈ।
ਜੇ ਕੋਈ ਦੱਸ ਨਾ ਪਾਉਂਦਾ ਹੈ,
ਨਾ ਦੇਰ ਭਲੂਰੀਆ ਲਾਉਂਦਾ ਹੈ।
ਬਾਤ ਦਾ ਉੱਤਰ ਸੁਣਾਉਂਦਾ ਹੈ, ਇਹ ਤਾਂ 'ਮੱਛਰ' ਕਹਾਉਂਦਾ ਹੈ।
-ਭਗਵਾਨ ਢਿੱਲੋਂ
ਮੋਬਾਈਲ : 98143-78254
ਸ਼ੱਕ
ਲੇਖਕ : ਪਰਵੀਨ ਸੰਧੂ
ਪ੍ਰਕਾਸ਼ਕ: ਤਰਲੋਚਨ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 86
ਸੰਪਰਕ : 77078-82366
ਸਾਹਿਤ ਅਤੇ ਕਲਾ ਦੀ ਅਜ਼ੀਮ ਸ਼ਖ਼ਸੀਅਤ ਪਰਵੀਨ ਸੰਧੂ ਸਾਹਿਤਕ ਸਾਧਨਾ ਦੇ ਸਫ਼ਰ ਨੂੰ ਅੱਗੇ ਵਧਾਉਂਦਿਆਂ ਆਪਣੀ ਮਾਂ-ਬੋਲੀ ਪੰਜਾਬੀ ਦੀ ਝੋਲੀ ਵਿਚ 32 ਲੇਖਾਂ ਦੇ ਸੰਗ੍ਰਹਿ ਵਾਲੀ ਚੌਥੀ ਪੁਸਤਕ ਪਾ ਚੁੱਕਾ ਹੈ। ਲੇਖਕ ਨੇ ਆਪਣੀ ਇਹ ਪੁਸਤਕ ਆਪਣੇ ਮਾਤਾ ਪਿਤਾ ਨੂੰ ਸਮਰਪਿਤ ਕੀਤੀ ਹੈ। ਇਸ ਪੁਸਤਕ ਦੇ ਸੰਬੰਧ 'ਚ ਦੋ ਨਾਮਵਰ ਸ਼ਖ਼ਸੀਅਤਾਂ ਬਲਕਾਰ ਸਿੱਧੂ ਅਤੇ ਸਾਬਕਾ ਸਹਾਇਕ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਮਨਜੀਤ ਕੌਰ ਮੀਤ ਨੇ ਆਪਣੇ ਵਿਚਾਰ ਲਿਖੇ ਹਨ। ਇਸ ਪੁਸਤਕ ਦੇ ਇੱਕ ਨਿਬੰਧ ਸ਼ੱਕ ਦੇ ਅਧਾਰ ਉੱਤੇ ਇਸ ਪੁਸਤਕ ਦਾ ਸਿਰਲੇਖ ਰੱਖਿਆ ਗਿਆ ਹੈ। ਇਸ ਪੁਸਤਕ ਦੇ ਸਾਰੇ ਨਿਬੰਧ ਇਸ ਲੇਖ ਨੂੰ ਕੇਂਦਰਿਤ ਕਰਕੇ ਹੀ ਲਿਖੇ ਗਏ ਹਨ। ਵੱਖ-ਵੱਖ ਵਿਸ਼ਿਆਂ ਨੂੰ ਛੋਂਹਦੇ ਹੋਏ ਛੋਟੇ-ਛੋਟੇ ਇਸ ਪੁਸਤਕ ਦੇ ਨਿਬੰਧ ਇਸ ਸਮਾਜਿਕ ਬਣਤਰ 'ਚ ਵਿਚਰਦੇ ਹੋਏ ਲੇਖਕ ਦੇ ਅਨੁਭਵਾਂ, ਨਿੱਜੀ ਤਜਰਬਿਆਂ, ਅਹਿਸਾਸਾਂ ਅਤੇ ਹੰਢਾਈਆਂ ਤਲਖ਼ ਹਕੀਕਤਾਂ ਦੀ ਉਪਜ ਹਨ। ਲੇਖਕ ਨੇ ਮਨੁੱਖੀ ਮਨਾਂ 'ਚ ਪੈਦਾ ਹੋਣ ਵਾਲੇ ਸ਼ੱਕ, ਵਹਿਮਾਂ ਅਤੇ ਗਲਤਫਹਿਮੀਆਂ ਨਾਲ ਹਸਦੇ-ਵਸਦੇ ਪਰਿਵਾਰਾਂ ਦੇ ਖੇਰੂੰ-ਖੇਰੂੰ ਹੋਣ ਦੀ ਤ੍ਰਾਸਦੀ ਅਤੇ ਵਰਤਾਰੇ ਨੂੰ ਸ਼ਬਦੀ ਰੂਪ ਦੇ ਮਾਧਿਅਮ ਰਾਹੀਂ ਸਮਾਜ ਨੂੰ ਵਡਮੁੱਲੇ ਸੁਨੇਹੇ ਦਿੱਤੇ ਹਨ। ਲੇਖਕ ਆਪਣੇ ਇਨ੍ਹਾਂ ਨਿਬੰਧਾਂ ਵਿਚ ਮਨੁੱਖੀ ਮਨਾਂ 'ਚ ਉਪਜਣ ਵਾਲੇ ਸ਼ੱਕ ਨਾਲ ਜੁੜੇ ਸਵਾਲ ਹੀ ਨਹੀਂ ਚੁੱਕਦਾ ਸਗੋਂ ਉਨ੍ਹਾਂ ਦੇ ਹੱਲ ਵੀ ਦੱਸਦਾ ਨਜ਼ਰ ਆਉਂਦਾ ਹੈ। ਲੇਖਕ ਦੀ ਇਸ ਸੋਚ ਉੱਤੇ ਕਿ ਸ਼ੱਕ ਸਰੀਰਕ ਰੋਗ ਨਹੀਂ ਸਗੋਂ ਮਨੁੱਖੀ ਮਾਨਸਿਕਤਾ ਦੀ ਉਪਜ ਹੈ, ਸਮਾਜ ਦੇ ਲੋਕਾਂ ਨੂੰ ਅਮਲ ਕਰਨ ਦੀ ਲੋੜ ਹੈ। ਇਸ ਨਿਬੰਧ-ਸੰਗ੍ਰਹਿ ਦੇ ਲੇਖ ਸ਼ੱਕ ਕਾਰਨ ਰਿਸ਼ਤਿਆਂ ਵਿਚ ਉਪਜ ਰਹੀ ਖਟਾਸ ਨੂੰ ਘੱਟ ਕਰਨ ਦੀ ਨਸੀਹਤ ਵੀ ਦਿੰਦੇ ਹਨ।
ਲੇਖਾਂ ਵਿਚ ਬਹੁਤ ਹੀ ਸੰਵੇਦਨਸ਼ੀਲ ਅਤੇ ਭਾਵੁਕ ਕਰਨ ਵਾਲੇ ਇਹ ਵਿਚਾਰ ਕਿ ਸ਼ੱਕ ਨੂੰ ਆਪਣੇ ਮਨ 'ਚ ਪਾਲਣਾ, ਆਪਣਾ ਘਰ ਆਪ ਤਬਾਹ ਕਰਨ ਵਾਲੀ ਨਕਾਰਾਤਮਕ ਸੋਚ ਦਾ ਪ੍ਰਤੀਕ ਹੈ, ਮਨੁੱਖ ਨੂੰ ਸੋਚਣ ਲਈ ਮਜਬੂਰ ਕਰਦੇ ਹਨ। ਸ਼ੱਕ ਦੁਨੀਆ ਦੇ ਹਰ ਕੋਨੇ ਵਿਚ ਆਮ ਖਾਸ, ਵੱਡੇ ਛੋਟੇ ਹਰ ਪਰਿਵਾਰ ਵਿਚ ਸੱਪ ਦੀ ਤਰ੍ਹਾਂ ਫਨ ਚੁੱਕ ਕੇ ਖੜ੍ਹਾ ਹੈ। ਮਨੁੱਖੀ ਰਿਸ਼ਤਿਆਂ ਦੀਆਂ ਜੜ੍ਹਾਂ ਨੂੰ ਸਿਉਂਕ ਵਾਂਗ ਲੱਗ ਰਹੇ ਸ਼ੱਕ ਨੇ ਰਿਸ਼ਤਿਆਂ ਦੇ ਇੱਕਠ ਅਤੇ ਨਿੱਘ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ । ਵਾਰਤਕ ਵਿਧਾ ਅਧੀਨ ਆਉਂਦੇ ਇਨ੍ਹਾਂ ਨਿਬੰਧਾਂ ਵਿਚ ਮੌਲਿਕਤਾ, ਪੇਸ਼ਕਾਰੀ ਅਤੇ ਦਿਲਚਸਪ ਸ਼ੈਲੀ ਲੇਖਾਂ ਦੀ ਗੁਣਵੱਤਾ ਨੂੰ ਤਸਦੀਕ ਕਰਦੇ ਹਨ। ਨਿਬੰਧਾਂ ਦੀ ਸ਼ਬਦ ਚੋਣ, ਸਮਾਜ 'ਚ ਆ ਰਹੇ ਸਮਾਜਿਕ ਨੈਤਿਕ ਨਿਘਾਰ ਦੀਆਂ ਘਟਨਾਵਾਂ ਨੂੰ ਪੇਸ਼ ਕਰਨ ਦੀ ਕਲਾ ਲੇਖਕ ਦੀ ਭਾਸ਼ਾ ਉੱਤੇ ਪਕੜ ਅਤੇ ਗਿਆਨ ਦੀ ਪੇਸ਼ਗੋਈ ਕਰਦਾ ਹੈ। ਇਸ ਤਰ੍ਹਾਂ ਦੇ ਨਿਬੰਧਾਂ ਦੀ ਰਚਨਾ ਸਮੇਂ ਦੀ ਲੋੜ ਹੈ।
-ਪ੍ਰਿੰਸੀਪਲ ਵਿਜੈ ਕੁਮਾਰ
ਮੋਬਾਈਲ : 98726-27136
ਮਰਕਜ਼-ਏ-ਇਨਸਾਨੀਅਤ
(ਸ੍ਰੀ ਗੁਰੂ ਗ੍ਰੰਥ ਸਾਹਿਬ ਬਾਰੇ ਮੁਢਲੀ ਜਾਣਕਾਰੀ)
ਲੇਖਕ : ਸਰਦਾਰ ਪੰਛੀ
ਪ੍ਰਕਾਸ਼ਕ : ਸਾਹਿਤਯ ਕਲਸ਼ ਪਬਲੀਕੇਸ਼ਨ ਪਟਿਆਲਾ
ਮੁੱਲ : 200 ਰੁਪਏ, ਸਫ਼ੇ : 115
ਸੰਪਰਕ : 94170-91668
ਸਰਦਾਰ ਪੰਛੀ ਕਿਸੇ ਰਸਮੀ ਜਾਣ-ਪਛਾਣ ਦਾ ਮੁਹਤਾਜ ਨਹੀਂ ਹੈ। ਉਹ ਬਹੁ-ਪੱਖੀ ਸਾਹਿਤਕ ਪ੍ਰਤਿਭਾ ਦਾ ਸੁਆਮੀ ਹੈ। ਵਿਸ਼ੇਸ਼ ਕਰਕੇ ਉਰਦੂ-ਫਾਰਸੀ ਗ਼ਜ਼ਲ ਦਾ ਬਾਦਸ਼ਾਹ ਹੈ। ਜਦ ਵੀ ਕਿਸੇ ਕਵੀ ਦਰਬਾਰ ਵਿਚ ਕਵਿਤਾ/ਗ਼ਜ਼ਲ ਦੀ ਪੇਸ਼ਕਾਰੀ ਕਰਦਾ ਹੈ, ਬੱਲੇ-ਬੱਲੇ ਹੋ ਜਾਂਦੀ ਹੈ। ਪ੍ਰੋ. ਗੁਰਭਜਨ ਸਿੰਘ ਗਿੱਲ ਨੇ 'ਸ਼ਬਦ ਹੈ ਮੇਰਾ ਧਰਮ' ਸਿਰਲੇਖ ਹੇਠ 'ਪੰਛੀ ਦੀ ਕਾਵਿ-ਰੂਪ' ਵਿਚ ਉਸਤਤ ਕੀਤੀ ਹੈ।
ਵਿਚਾਰਾਧੀਨ ਪੁਸਤਕ ਵਿਚ 'ਪੰਛੀ' ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਣਤਰ ਅਤੇ ਬੁਣਤਰ ਬਾਰੇ ਮੁਢਲੀ ਜਾਣਕਾਰੀ ਕਰਵਾਈ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ 1430 ਪੰਨੇ ਹਨ। ਕੁੱਲ ਸ਼ਬਦ 1024000 ਹਨ। ਇਸ ਗ੍ਰੰਥ ਵਿਚ 13 ਖੇਤਰੀ ਭਾਸ਼ਾਵਾਂ ਦਾ ਪ੍ਰਯੋਗ ਕੀਤਾ ਗਿਆ ਹੈ। ਖ਼ੁਦਾ ਦੇ 13 ਨਾਂਅ ਉਪਲਬਧ ਹਨ। ਉਨ੍ਹਾਂ ਦੀ ਕਰਮਵਾਰ ਗਿਣਤੀ ਦਿੱਤੀ ਗਈ ਹੈ। ਇਹ ਬਾਣੀ ਕੁੱਲ 31 ਰਾਗਾਂ ਵਿਚ ਰਚੀ ਗਈ ਹੈ। ਕਿਹੜੇ-ਕਿਹੜੇ ਬਾਣੀਕਰ ਨੇ ਕਿੰਨੇ-ਕਿੰਨੇ ਰਾਗਾਂ ਵਿਚ ਬਾਣੀ ਲਿਖੀ ਹੈ, ਸਭ ਦੱਸਿਆ ਗਿਆ ਹੈ। ਹਰ ਇਕ ਬਾਣੀਕਾਰ ਦੇ ਜਨਮ, ਮਾਪਿਆਂ ਸਮੇਤ, ਸਵਰਗਵਾਸ ਹੋਣ ਤੱਕ ਪ੍ਰਮਾਣਿਕ ਜਾਣਕਾਰੀ ਦਿੱਤੀ ਗਈ ਹੈ।
ਗੁਰੂ ਅਰਜਨ ਦੇਵ ਜੀ ਨੇ ਭਾਈ ਗੁਰਦਾਸ ਤੋਂ ਤਰਤੀਬ ਸਹਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਆਦਿ ਗ੍ਰੰਥ ਤਿਆਰ ਕਰਵਾਇਆ। ਗੁਰੂ ਸਾਹਿਬਾਨ ਨਾਲ 'ਮਹਲਾ' ਸ਼ਬਦ ਵੀ ਅੰਕਿਤ ਕੀਤਾ ਹੈ। ਸੰਪੂਰਨ ਗ੍ਰੰਥ ਵਿਚ ਛੇ ਗੁਰੂ ਸਾਹਿਬਾਨਾਂ, ਪੰਦਰਾਂ ਭਗਤ ਸਾਹਿਬਾਨਾਂ, ਗਿਆਰਾਂ ਭੱਟ ਸਾਹਿਬਾਨਾਂ ਅਤੇ ਚਾਰ ਸਿੱਖ ਸਾਹਿਬਾਨਾਂ ਦੀ ਬਾਣੀ ਸੰਕਲਿਤ ਹੈ। ਆਦਿ ਗ੍ਰੰਥ ਤਾਂ 1604 ਈ. ਵਿਚ ਸੰਪੰਨ ਹੋ ਗਿਆ ਸੀ। 'ਮਹਲਾ' ਸ਼ਬਦ ਦੁਆਰਾ ਪਾਠਕਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਇਹ ਕਿਹੜੇ ਗੁਰੂ ਬਾਣੀਕਾਰਾਂ ਦੀ ਬਾਣੀ ਹੈ। ਦਸਵੇਂ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਬਾਣੀ ਦੇ ਮਹੱਤਵ ਨੂੰ ਸਮਝਦਿਆਂ ਹੋਇਆਂ ਗੁਰੂ ਗ੍ਰੰਥ ਸਾਹਿਬ ਜੀ ਨੂੰ 04-10-1708 ਨੂੰ ਐਲਾਨ ਕੀਤਾ ਕਿ ਸਿੱਖਾਂ ਦੇ 'ਗੁਰੂ' ਸੀ ਗੁਰੂ ਗ੍ਰੰਥ ਸਾਹਿਬ ਜੀ ਹੀ ਹੋਣਗੇ। ਇੰਝ ਗੁਰੂ ਗ੍ਰੰਥ ਜੀ ਨੂੰ 'ਪਰਗਟ ਗੁਰਾਂ ਦੀ ਦੇਹ' ਦਾ ਮਰਤਬਾ ਪ੍ਰਦਾਨ ਕੀਤਾ। ਹੁਣ ਇਹ ਗ੍ਰੰਥ ਸਿੱਖ ਧਰਮ ਦਾ 'ਗੁਰੂ' ਹੈ। ਦਸਮ ਪਿਤਾ ਦਾ ਇਹ ਐਲਾਨ ਕ੍ਰਾਂਤੀਕਾਰੀ ਸਿੱਧ ਹੋਇਆ।
'ਪੰਛੀ' ਨੇ ਗੁਰੂ ਪਰਿਵਾਰ ਦੀਆਂ ਕੁਰਬਾਨੀਆਂ ਬਾਰੇ ਬੜੀ ਹਿਰਦੇਵੇਧਕ ਜਾਣਕਾਰੀ ਦਿੱਤੀ ਹੈ। ਗ੍ਰੰਥ ਵਿਚ ਸਾਰੇ ਬਾਣੀਕਾਰਾਂ ਨੂੰ ਉਨ੍ਹਾਂ ਦੇ ਯੋਗਦਾਨ ਸਮੇਤ ਸ਼ਰਧਾਪੂਵਰਕ ਆਪਣੀਆਂ ਕਾਵਿ-ਰੂਪੀ ਰਚਨਾਵਾਂ ਵਿਚ 'ਪੰਛੀ' ਨੇ ਉਪਮਾਇਆ ਹੈ। ਸਰਦਾਰ ਪੰਛੀ ਦੀਆਂ ਗ਼ਜ਼ਲ ਰੂਪੀ ਉਪਮਾਵਾਂ ਵਿਚ ਉਰਦੂ-ਫ਼ਾਰਸੀ ਸ਼ਬਦਾਵਲੀ ਦੀ ਨਿੱਠ ਕੇ ਵਰਤੋਂ ਕੀਤੀ ਗਈ ਹੈ। ਪਾਠਕਾਂ ਦੀ ਸਹੂਲਤ ਲਈ ਹਰ ਪੰਨੇ 'ਤੇ ਫੁਟਨੋਟਾਂ ਵਿਚ ਸਰਲ ਪੰਜਾਬੀ ਵਿਚ ਅਰਥ ਵੀ ਦਿੱਤੇ ਹਨ। ਅਨੇਕਾਂ ਗ਼ਜ਼ਲਾਂ ਵਿਚ 'ਪੰਛੀ' ਨੇ ਤਖ਼ੱਲਸ ਦੀ ਵਰਤੋਂ ਵੀ ਕੀਤੀ ਹੈ।
ਪਾਠਕ ਇਸ ਪੁਸਤਕ ਨੂੰ ਸ਼ਰਧਾ ਪੂਰਵਕ ਪੜ੍ਹ ਕੇ ਗੁਰਬਾਣੀ ਬਾਰੇ ਵਡਮੁੱਲੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਗਹਿਨ-ਅਧਿਐਨ ਉਪਰੰਤ ਕਿਹਾ ਜਾ ਸਕਦਾ ਹੈ ਕਿ ਇਹ ਪੁਸਤਕ ਸ੍ਰੀ ਗੁਰੂ ਸਾਹਿਬ ਜੀ ਬਾਰੇ ਮੁਢਲੀ ਜਾਣਕਾਰੀ ਸੰਖਿਪਤ ਰੂਪ ਵਿਚ ਦੇਣ ਵਾਲਾ ਮੁੱਲਵਾਨ ਦਸਤਾਵੇਜ਼ ਹੋ ਨਿਬੜੀ ਹੈ। ਸਰਦਾਰ ਪੰਛੀ ਦੀ ਮਿਹਨਤ ਨੂੰ ਦਾਦ ਦੇਣੀ ਬਣਦੀ ਹੈ।
-ਡਾ. ਧਰਮ ਚੰਦ ਵਾਤਿਸ਼
ਈ-ਮੇਲ : vat}shdharamchand0{ma}&.com
ਰੱਬ ਖ਼ੈਰ ਕਰੇ
ਲੇਖਕ : ਜੋਰਾਵਰ
ਪ੍ਰਕਾਸ਼ਕ : ਨੈਸ਼ਨਲ ਬੁੱਕ ਸ਼ਾਪ, ਦਿੱਲੀ।
ਮੁੱਲ : 250 ਰੁਪਏ, ਸਫ਼ੇ : 104
ਸੰਪਰਕ : 098113-37763
ਜੋਰਾਵਰ ਹੁਰਾਂ ਦਾ ਇਹ ਤੀਜਾ ਕਹਾਣੀ-ਸੰਗ੍ਰਹਿ ਹੈ। ਇਸ ਤੋਂ ਪਹਿਲਾਂ ਛਪੇ ਦੋਵੇਂ ਕਹਾਣੀ ਸੰਗ੍ਰਹਿਾਂ ਨੂੰ ਪੰਜਾਬੀ ਸਾਹਿਤ ਦੇ ਸੂਝਵਾਨ ਪਾਠਕਾਂ ਵਲੋਂ ਚੰਗਾ ਹੁੰਗਾਰਾ ਮਿਲਿਆ ਹੈ। ਲੇਖਕ ਕਿਤਾਬ ਛਪਾਉਣ ਲਈ ਬਹੁਤੀ ਕਾਹਲੀ ਨਹੀਂ ਕਰਦਾ, ਇਹੋ ਵੱਡਾ ਕਾਰਨ ਹੈ ਕਿ ਉਸ ਦੀਆਂ ਲਿਖਤਾਂ 'ਚੋਂ ਵੀ ਸਹਿਜ ਨਜ਼ਰ ਆਉਂਦਾ ਹੈ। ਉਸ ਕੋਲ ਕਹਾਣੀ ਦਾ ਚੌਖਟਾ ਵਿਉਂਤਣ, ਉਸ ਨੂੰ ਚੰਗੀ ਤਰ੍ਹਾਂ ਫਿੱਟ ਕਰਨ ਅਤੇ ਪਾਤਰਾਂ ਦੇ ਸੁਭਾਅ ਮੁਤਾਬਕ ਵਾਰਤਾਲਾਪ ਜਚਾਉਣੀ ਆਉਂਦੀ ਹੈ। ਉਸ ਦੀਆਂ ਸਾਰੀਆਂ ਕਹਾਣੀਆਂ ਮੌਲਿਕ, ਨਵੇਂ ਵਿਸ਼ਿਆਂ 'ਚ ਲਬਰੇਜ਼ ਅਤੇ ਜ਼ਿੰਦਗੀ ਦੇ ਯਥਾਰਥਕ ਪੱਖ ਨਾਲ ਜੁੜੀਆਂ ਹੋਈਆਂ ਹਨ। ਕਹਾਣੀਆਂ ਦੀ ਪੇਸ਼ਕਾਰੀ ਸੁਚੱਜੀ ਅਤੇ ਕਥਾ ਰਸ ਪੈਦਾ ਕਰਦੀਆਂ ਹਨ। ਕਹਾਣੀਆਂ ਉਤਸੁਕਤਾ ਭਰਭੂਰ ਹਨ, ਜਿਨ੍ਹਾਂ ਨੂੰ ਪੜ੍ਹਦਿਆਂ ਪਾਠਕ ਛੇਤੀ-ਛੇਤੀ ਉਸ ਦਾ ਅੰਤ ਜਾਨਣ ਲਈ ਲਈ ਉਤਸੁਕ ਹੁੰਦਾ ਹੈ। ਵਿਲੱਖਣ ਪੱਖ ਇਹ ਵੀ ਕਹਾਣੀਆਂ ਦਾ ਵਿਸ਼ਾ ਵਸਤੂ ਅਜੋਕੇ ਸਮੇਂ ਅੰਦਰ ਉਪਜੀਆਂ ਕਈ ਭਖਵੀਆਂ ਸਮੱਸਿਆਵਾਂ ਨੂੰ ਦਰਸਾਉਂਦਾ ਹੈ। ਲੇਖਕ ਮਨੁੱਖੀ ਮਨ ਦੀਆਂ ਵੱਖ-ਵੱਖ ਪਰਤਾਂ ਨੂੰ ਫ਼ਰੋਲਦਾ ਹੈ ਅਤੇ ਕਹਾਣੀਆਂ ਦੀ ਮਨੋਵਿਗਿਆਨਕ ਦ੍ਰਿਸ਼ਟੀਕੋਨ ਤੋਂ ਪੁਛ-ਛਾਣ ਕਰਦਾ ਹੈ। ਉਸ ਨੇ ਪ੍ਰਵਾਸੀ ਜੀਵਨ ਦੇ ਅਸਲੀ ਸੱਚ ਨੂੰ ਬਾਖ਼ੂਬੀ ਨੰਗਾ ਕੀਤਾ ਹੈ। ਉਸ ਨੇ ਪ੍ਰਵਾਸੀ ਜੀਵਨ ਦੀਆਂ ਸਮੱਸਿਆਵਾਂ, ਚੁਣੌਤੀਆਂ ਅਤੇ ਕੌੜੀਆਂ ਸਚਾਈਆਂ ਨੂੰ ਹਕੀਕੀ ਰੂਪ 'ਚ ਬਿਆਨਣ ਦਾ ਸਾਰਥਿਕ ਯਤਨ ਕੀਤਾ ਹੈ। ਪੁਸਤਕ ਦਾ ਸਿਰਲੇਖ 'ਰੱਬ ਖ਼ੈਰ ਕਰੇ' ਕਹਾਣੀ 'ਚ ਅਜੋਕੀ ਪੀੜ੍ਹੀ ਦੇ ਨਸ਼ਿਆਂ ਦੀ ਦਲਦਲ 'ਚ ਧਸ ਕੇ ਆਪਣੀ ਜਾਨ ਗੁਵਾਉਣ, ਮਾਪਿਆਂ ਤੋਂ ਬੇਮੁੱਖ ਹੋਣ ਅਤੇ ਦੂਜੇ ਪਾਸੇ ਕਿਸਾਨ ਜੰਗੀਰ ਸਿੰਘ ਵਲੋਂ ਆਪਣੇ ਪਿਤਾ ਦਾ ਕਹਿਣਾ ਮੰਨਣ 'ਚ, ਆਪਣੀ ਜ਼ਮੀਨ ਦਾ ਮੋਹ ਅਤੇ ਛੋਟੀ ਕਿਸਾਨੀ ਦੀਆਂ ਸਮੱਸਿਆਵਾਂ ਨੂੰ ਦਰਸਾਇਆ ਗਿਆ ਹੈ। 'ਕੈਨੇਡਾ ਵਾਲੀ ਭੂਆ' 'ਚ ਅਣਜੋੜ ਹੁੰਦੇ ਰਿਸ਼ਤਿਆਂ ਵਿਰੁੱਧ ਇਕ ਨੌਜਵਾਨ ਲੜਕੀ ਬਗਾਵਤ ਕਰਦੀ ਹੈ। 'ਨਿੱਕੀ ਜਿਹੀ ਗੱਲ' ਮਨੋਵਿਗਿਆਨਕ ਕਹਾਣੀ ਹੈ। ਇਸ ਵਿਚ ਲੇਖਕ ਦੱਸਦਾ ਹੈ ਕਿ ਕਿਵੇਂ ਨਿੱਕੀਆਂ-ਨਿੱਕੀਆਂ ਖ਼ੁਸ਼ੀਆਂ ਮਨ ਨੂੰ ਅੰਤਾਂ ਦਾ ਸਕੂਨ ਦਿੰਦੀਆਂ ਹਨ। 'ਫ਼ਿਰ ਬਣ ਗਈ ਗੱਲ' ਕਹਾਣੀ ਸ਼ਾਤਰ ਬੰਦਿਆਂ ਦੇ ਕਿਰਦਾਰ ਨੂੰ ਨੰਗਾ ਕਰਦੀ ਹੈ। 'ਖ਼ਾਲੀ ਹੱਥ', 'ਸਿਰਫ਼ ਇਕ ਪਲ਼', 'ਕਿਰਤ ਦੀ ਲੁੱਟ', 'ਦਸਵੰਧ' ਆਦਿ ਰੌਚਕ ਹਨ। ਬਹੁਤ ਸਾਰੀਆਂ ਕਹਾਣੀਆਂ ਪ੍ਰਵਾਸੀ ਜੀਵਨ ਸੰਬੰਧੀ ਬਣੇ ਭੁਲੇਖਿਆਂ ਤੋਂ ਪਰਦਾ ਚੁੱਕਦੀਆਂ ਹਨ ਕਿ ਕਿਵੇਂ ਸਾਡੇ ਹੀ ਭੈਣ-ਭਰਾ ਚੰਗੇ ਭਵਿੱਖ ਦਾ ਸੁਪਨਾ ਲੈ ਕੇ ਵਿਦੇਸ਼ ਦੀ ਧਰਤੀ 'ਤੇ ਪੁੱਜੇ ਨਵੇਂ ਵਿਅਕਤੀਆਂ ਦਾ ਆਰਥਿਕ, ਮਾਨਸਿਕ ਅਤੇ ਸਰੀਰਕ ਸ਼ੋਸ਼ਣ ਕਰਨ ਤੋਂ ਵੀ ਰਤਾ ਵੀ ਨਹੀਂ ਝਿਜਕਦੇ। ਨਵੇਂ ਨਕੋਰ ਵਿਸ਼ਿਆਂ 'ਤੇ ਆਧਾਰਿਤ ਇਹ ਪੁਸਤਕ ਪੜ੍ਹਨ ਵਾਲੀ ਹੈ।
-ਮੋਹਰ ਗਿੱਲ ਸਿਰਸੜੀ
ਮੋਬਾ : 98156-59110
ਪਲਾਟ ਨੰਬਰ-203
ਮੂਲ ਲੇਖਕ : ਰਾਜੇਂਦਰ ਜੋਸ਼ੀ
ਪੰਜਾਬੀ ਅਨੁਵਾਦ : ਤੇਜਿੰਦਰ ਚੰਡੀਹੋਕ
ਪ੍ਰਕਾਸ਼ਕ : ਪ੍ਰੀਤ ਪਬਲੀਕੇਸ਼ਨ, ਨਾਭਾ
ਮੁੱਲ : 250, ਸਫ਼ੇ : 112
ਸੰਪਰਕ : 95010-00224
ਬਹੁਵਿਧਾਈ ਸਾਹਿਤਕਾਰ ਤੇਜਿੰਦਰ ਚੰਡੀਹੋਕ ਨੇ ਜਿੱਥੇ ਅੱਧੀ ਦਰਜਨ ਤੋਂ ਵੱਧ ਮੌਲਿਕ ਪੁਸਤਕਾਂ ਦੀ ਸਿਰਜਣਾ ਕੀਤੀ ਹੈ ਨਾਲ ਹੀ ਪੁਸਤਕ ਸੰਪਾਦਨਾ ਅਤੇ ਅਨੁਵਾਦ ਦਾ ਕਾਰਜ ਵੀ ਸਫ਼ਲਤਾਪੂਰਵਕ ਕੀਤਾ ਹੈ।ਬੇਸ਼ੱਕ ਅਨੁਵਾਦ ਨੂੰ ਮੌਲਿਕ ਸਿਰਜਣਾ ਵਾਲੀ ਮਾਨਤਾ ਪ੍ਰਾਪਤ ਨਹੀਂ ਹੁੰਦੀ ਹੈ ਫਿਰ ਵੀ ਇੱਕ ਭਾਸ਼ਾ ਦੇ ਸਾਹਿਤ ਨੂੰ ਉਸ ਦੀ ਰੂਹ ਸਮੇਤ ਦੂਸਰੀ ਭਾਸ਼ਾ ਵਿਚ ਇੰਜ ਪੇਸ਼ ਕਰ ਦੇਣਾ ਕਿ ਉਹ ਅਨੁਵਾਦਤ ਭਾਸ਼ਾ ਦੀ ਮੂਲ਼ ਪੁਸਤਕ ਦਾ ਅਹਿਸਾਸ ਕਰਾ ਦੇਵੇ ,ਇਸ ਨੂੰ ਕਿਸੇ ਮੌਲਿਕ ਸਿਰਜਣਾ ਤੋਂ ਘੱਟ ਨਹੀਂ ਸਮਝਿਆ ਜਾਣਾ ਚਾਹੀਦਾ ਹੈ। ਕਈ ਭਾਸ਼ਾਵਾਂ ਦੇ ਮਾਹਿਰ ਤੇਜਿੰਦਰ ਚੰਡੀਹੋਕ ਵਲੋਂ ਅਨੁਵਾਦਤ ਕੀਤੀਆਂ ਰਚਨਾਵਾਂ ਦੀ ਇਹੋ ਖੂਬੀ ਹੈ, ਕਿ ਉਨਾਂ੍ਹ ਵਲੋਂ ਕੀਤੇ ਅਨੁਵਾਦ ਨੂੰ ਪੜ੍ਹਦਿਆਂ ਮੌਲਿਕ ਕਿਰਤ ਵਰਗਾ ਸਕੂਨ ਹਾਸਿਲ ਹੁੰਦਾ ਹੈ।ਉਸ ਵਲੋਂ ਹਿੰਦੀ ਤੋਂ ਪੰਜਾਬੀ ਵਿਚ ਅਨੁਵਾਦਤ ਹੱਥਲੀ ਪੁਸਤਕ ਪਲਾਟ ਨੰਬਰ-203 ਦੀਆਂ ਕਹਾਣੀਆਂ ਨੂੰ ਪੜ੍ਹਦਿਆਂ ਇਸ ਗੱਲ ਦਾ ਅਹਿਸਾਸ ਬੜੀ ਸ਼ਿੱਦਤ ਨਾਲ ਹੁੰਦਾ ਹੈ। ਇਹ ਮੁਹਾਰਤ ਅਣਮੁੱਕ ਸ਼ਬਦ ਭੰਡਾਰ ਅਤੇ ਉਸਦੀ ਢੁਕਵੀਂ ਜੜਤ ਨਾਲ ਹਾਸਿਲ ਹੁੰਦੀ ਹੈ। ਇਸ ਸੰਗ੍ਰਹਿ ਵਿਚਲੀਆਂ 15 ਕਹਾਣੀਆਂ ਰਾਜਸਥਾਨ ਪ੍ਰਦੇਸ਼ ਦੇ ਪੇਂਡੂ ਅਤੇ ਸ਼ਹਿਰੀ ਜੀਵਨ ਨੂੰ ਦਰਸਾਉਂਦੀਆਂ ਹਨ। ਇਨ੍ਹਾਂ ਵਿਚ ਦੱਬੇ ਕੁਚਲਿਆਂ ਦੇ ਨਾਲ-ਨਾਲ ਮੱਧ ਵਰਗੀ ਪਾਤਰਾਂ ਦੀ ਰਹਿਤਲ-ਬਹਿਤਲ ਅਤੇ ਮਨੋਦਸ਼ਾ ਦਾ ਸਜੀਵ ਚਿੱਤਰਣ ਕੀਤਾ ਗਿਆ ਹੈ। ਬੇਸ਼ੱਕ ਇਹ ਕਹਾਣੀਆਂ ਰਾਜਸਥਾਨ ਦੇ ਜਨ ਜੀਵਨ ਦੀਆਂ ਤਰਾਸਦੀਆਂ, ਦੁਸ਼ਵਾਰੀਆਂ ਅਤੇ ਸੱਮਸਿਆਵਾਂ ਦੀ ਬਾਤ ਪਾਉਂਦੀਆਂ ਹਨ, ਫਿਰ ਵੀ ਕਿਧਰੇ ਨਾ ਕਿਧਰੇ ਇਹ ਦੇਸ਼ ਦੇ ਹੋਰ ਹਿੱਸਿਆਂ ਵਿਸ਼ੇਸ਼ ਕਰਕੇ ਪੰਜਾਬ ਵਿਚਲੇ ਅਜਿਹੇ ਲੋਕਾਂ ਦੇ ਜੀਵਨ ਦੇ ਨੇੜੇ-ਤੇੜੇ ਹੀ ਵਿਚਰਦੀਆਂ ਜਾਪਦੀਆਂ ਹਨ। ਇਨ੍ਹਾਂ ਕਹਾਣੀਆਂ ਰਾਹੀਂ ਸਮੁੱਚੇ ਭਾਰਤੀ ਸਮਾਜ ਦੇ ਯਥਾਰਥ ਨੂੰ ਸਮਝਿਆ ਤੇ ਘੋਖਿਆ ਜਾ ਸਕਦਾ ਹੈ। ਪਾਤਰ ਆਮ ਲੋਕਾਂ ਵਿਚੋਂ ਲਏ ਗਏ ਹਨ। ਉਪਰੋਂ ਦਿਸਦੇ ਸਹਿਜ ਪਰ ਅਸਿਹਿਜ ਜੀਵਨ ਦੀਆਂ ਸੂਖਮ ਤੰਦਾਂ ਨੂੰ ਫੜਨ ਵਿਚ ਲੇਖਕ ਮਾਹਿਰ ਹੈ। ਇਨ੍ਹਾਂ ਵਿਚ ਸਮਾਜਕ ਵੰਡ, ਔਰਤ-ਮਰਦ ਦੇ ਰਿਸ਼ਤੇ, ਜਾਤ-ਵਰਗ ਦੀ ਵੰਡ, ਆਰਥਕ ਅਤੇ ਸਮਾਜਕ ਵਖਰੇਵਾਂ, ਕਦਰਾਂ ਕੀਮਤਾਂ ਤੇ ਬਦਲ ਰਹੇ ਹਾਲਾਤ ਦਾ ਪ੍ਰਭਾਵ ਆਸਾਨੀ ਨਾਲ ਦੇਖਿਆ ਜਾ ਸਕਦਾ ਹੈ। ਇਹ ਕਹਾਣੀਆਂ ਮਨੁੱਖੀ ਸੰਵੇਦਨਾ ਨੂੰ ਬਹੁਤ ਡੂੰਘਾਈ ਨਾਲ ਪੇਸ਼ ਕਰਨ ਵਿਚ ਸਫ਼ਲ ਹਨ। ਘਟਨਾਵਾਂ ਦੀ ਮੰਜ਼ਰਕਸ਼ੀ ਅਤੇ ਪਾਤਰਾਂ ਦਾ ਮਨੋਵਿਗਿਆਨਕ ਚਿੱਤਰਣ ਕਮਾਲ ਦਾ ਹੋਇਆ ਹੈ।ਅਬੋਲ ਰਿਸ਼ਤਾ ਕਹਾਣੀ ਤੋਂ ਲੈਕੇ ਵੋਟਰ ਦੀ ਜੇਲ੍ਹ ਯਾਤਰਾ ਤੱਕ ਸਾਰੀਆਂ ਕਹਾਣੀਆਂ ਸਾਨੂੰ ਆਪਣੇ ਆਲੇ ਦੁਆਲੇ ਦੇ ਪਾਤਰਾਂ ਅਤੇ ਮਾਹੌਲ ਤੋਂ ਹੀ ਉਸਰੀਆਂ ਜਾਪਦੀਆਂ ਹਨ। ਪਾਤਰ ਜਾਣੇ-ਪਛਾਣੇ ਲਗਦੇ ਹਨ। ਮਾਹੌਲ ਵੀ ਆਪਣਾ-ਆਪਣਾ ਲਗਦਾ ਹੈ। ਸਹਿਜਤਾ, ਸਰਲਤਾ ਅਤੇ ਸਪਸ਼ਟਤਾ, ਵਿਚਾਰ ਪ੍ਰਵਾਹ, ਅਰਥ ਸੰਚਾਰ ਕਹਾਣੀਆਂ ਦੀ ਰੌਚਕਤਾ ਵਿਚ ਵਾਧਾ ਕਰਦਾ ਹੈ।
-ਡਾ.ਧਰਮਪਾਲ ਸਾਹਿਲ
ਮੋਬਾਈਲ : 98761-56964
ਸੁੰਨੇ ਰਾਹਾਂ ਦੀ ਪੈੜ
ਸੰਪਾਦਕ : ਤੇਜਿੰਦਰ ਚੰਡਿਹੋਕ
ਪ੍ਰਕਾਸ਼ਕ : ਪ੍ਰੀਤ ਪਬਲੀਕੇਸ਼ਨ, ਨਾਭਾ
ਮੁੱਲ : 200 ਰੁਪਏ, ਸਫ਼ੇ : 88
ਸੰਪਰਕ : 95010-00224
ਅੱਜ ਦੇ ਤਕਨੀਕੀ ਯੁੱਗ ਵਿਚ ਜਦ ਮਨੁੱਖ ਆਪਣੀ ਸਵੈ-ਹੋਂਦ ਲਈ ਜੂਝ ਰਿਹਾ ਹੈ ਅਤੇ ਸਮਾਜਕ ਹਾਲਤਾਂ ਵਿਚ ਆ ਰਹੀ ਜਟਿਲਤਾ ਕਾਰਨ ਅਜੋਕਾ ਘਰ-ਪਰਿਵਾਰ ਖੰਡਿਤ ਹੋ ਰਿਹਾ ਹੈ ਤਾਂ ਇਕੱਲਤਾ, ਅਵਿਸ਼ਵਾਸ ਤੇ ਅਜਨਬੀਪਣ ਵਰਗੇ ਅਹਿਸਾਸ ਹਰ ਵਿਅਕਤੀ ਨੂੰ ਆਪਣੇ ਗ੍ਰਿਫ਼ਤ ਵਿਚ ਲੈ ਰਹੇ ਹਨ। ਹੱਥਲੇ ਕਹਾਣੀ ਸੰਗ੍ਰਹਿ ਸੁੰਨੇ ਰਾਹਾਂ ਦੀ ਪੈੜ ਵਿਚ ਇਨ੍ਹਾਂ ਅਹਿਸਾਸਾਂ ਨੂੰ ਚਿਤਰਤ ਕਰਦੀਆਂ ਕਹਾਣੀਆਂ ਨੂੰ ਸ਼ਾਮਿਲ ਕੀਤਾ ਗਿਆ ਹੈ। ਇਸ ਪੁਸਤਕ ਵਿਚ ਵੱਖ ਵੱਖ ਕਥਾਕਾਰਾਂ ਦੀਆਂ 13 ਕਹਾਣੀਆਂ ਨੂੰ ਤੇਜਿੰਦਰ ਚੰਡਿਹੋਕ ਦੁਆਰਾ ਸੰਪਾਦਿਤ ਕੀਤਾ ਗਿਆ ਹੈ। ਪਹਿਲੀ ਕਹਾਣੀ 'ਵਿਚਾਰਾ ਸਾਧ' (ਹਾਕਮ ਸਿੰਘ ਭੁੱਲਰ) ਜੀਵਨ ਅਨੁਭਵਾਂ ਦੇ ਆਧਾਰ 'ਤੇ ਜ਼ਮਾਨੇ ਦੀਆਂ ਰਵਾਇਤਾਂ ਨੂੰ ਅਪਣਾਉਣ ਦੀ ਕਹਾਣੀ ਹੈ। ਕਹਾਣੀ 'ਉਮਰਾਂ ਦਾ ਸਾਥ' (ਕੁਲਵੀਰ ਕੌਰ ਜੋਤੀ) ਅਤੇ ਕਹਾਣੀ 'ਚੌਥੇ ਪਹਿਰ ਦੀ ਵਾਟ' (ਤ੍ਰਿਲੋਕ ਢਿੱਲੋਂ) ਪਤਨੀ ਦੀ ਮੌਤ ਤੋਂ ਬਾਅਦ ਪਰਿਵਾਰ ਦੇ ਅਵੇਸਲੇਪਨ ਦੇ ਕਾਰਨ ਬਜ਼ੁਰਗਾਂ ਦੀ ਮਾਨਸਿਕ ਅਵਸਥਾ ਦੀ ਕਹਾਣੀ ਹੈ। ਕਹਾਣੀ 'ਇਕਲਾਪੇ ਦਾ ਸੰਤਾਪ' (ਤੇਜਿੰਦਰ ਚੰਡਿਹੋਕ) ਇਸੇ ਤਰ੍ਹਾਂ ਦੇ ਹਾਲਾਤਾਂ ਦਰਸਾਉਂਦੀ ਕਹਾਣੀ ਹੈ ਪਰ ਇਸ ਕਹਾਣੀ ਵਿਚ ਔਲਾਦ ਵੱਲੋਂ ਬਜ਼ੁਰਗਾਂ ਵੱਲ ਧਿਆਨ ਦੇਣ ਦੇ ਬਾਵਜੂਦ ਇੱਕ ਖਲਾਅ ਉਸ ਦੇ ਮਾਨਸਿਕ ਤਣਾਅ ਪਿੱਛੇ ਕੰਮ ਕਰਦਾ ਹੈ। ਕਹਾਣੀ 'ਟਿਫਨ' (ਪ੍ਰਦੀਪ ਮਹਿਤਾ) ਵਿਚ ਇਕ ਟਿਫ਼ਨ ਦੇ ਮੈਟਾਫ਼ਰ ਦੁਆਲੇ ਰਚਿਆ ਗਿਆ ਬਿਰਤਾਂਤ ਹੈ ਅਤੇ 'ਖੁੰਝੇ ਵੇਲੇ ਦਾ ਹਿਰਖ' (ਮਲਵਿੰਦਰ ਸ਼ਾਇਰ) ਦੀ ਕਹਾਣੀ ਪੁਰਾਣੇ ਦਿਨਾਂ ਨੂੰ ਯਾਦ ਕਰਦਿਆਂ ਲਿਖੀ ਕਹਾਣੀ ਹੈ। ਮਮਤਾ ਸੇਤੀਆ ਸੇਖਾ ਦੀ ਕਹਾਣੀ '... ਤੇ ਉਹ ਤੁਰ ਗਿਆ' ਅਤੇ ਮਨਜੀਤ ਕੌਰ ਮੀਤ ਦੀ ਕਹਾਣੀ 'ਥੋੜ੍ਹੀ ਜਿਹੀ ਖੁਸ਼ੀ' ਵਿਦੇਸ਼ ਜਾ ਵਸੀ ਔਲਾਦ ਦੇ ਵਿਯੋਗ ਵਿਚ ਤਰਸਦੇ ਮਾਪਿਆਂ ਦੀ ਇਕੱਲਤਾ ਦੀ ਕਹਾਣੀ ਹੈ। 'ਨਦੀਓਂ ਪਾਰਲਾ ਖੂਹ' (ਯਾਦਵਿੰਦਰ ਸਿੰਘ ਕਲੌਲੀ) ਦੇਸ਼ ਵੰਡ ਵੇਲੇ ਦੇ ਪ੍ਰਭਾਵਾਂ ਨੂੰ ਚਿਤਰਦੀ ਅਤੇ 'ਬੈਕ ਗ੍ਹੇਅਰ' (ਰਣਜੀਤ ਕੌਰ ਗੁੱਡੀ) ਰੁਮਾਂਟਿਕ ਕਹਾਣੀ ਹੈ। 'ਉਜੜੇ ਸੁਪਨੇ' (ਰਵਨਜੋਤ ਕੌਰ ਸਿੱਧੂ) ਜਵਾਨ ਪੁੱਤ ਦੀ ਮੌਤ ਦਾ ਦਰਦ ਹੰਢਾਉਂਦੇ ਮਾਪਿਆਂ ਦੀ, 'ਰੁੱਤਾਂ ਦਾ ਦਰਦ' (ਰਾਮ ਸਰੂਪ ਸ਼ਰਮਾ)ਇਕ ਸਾਂਝੇ ਪਰਿਵਾਰ ਦੀ ਅਤੇ 'ਭਰਮ' (ਵਿਕਰਮਜੀਤ) ਮੁੱਖ ਪਾਤਰ ਦੀ ਇਕੱਲਤਾ ਨੂੰ ਪੇਸ਼ ਕਰਦੀ ਕਹਾਣੀ ਹੈ। ਇਸ ਢੰਗ ਨਾਲ ਵਿਲੱਖਣ ਵਿਸ਼ੇ ਨੂੰ ਲੈ ਕੇ ਸੰਪਾਦਿਤ ਕੀਤਾ ਗਿਆ ਇਹ ਕਹਾਣੀ-ਸੰਗ੍ਰਹਿ ਪੰਜਾਬੀ ਕਹਾਣੀ ਖੇਤਰ ਵਿਚ ਨਵੇਂ ਅਤੇ ਵਿਲੱਖਣ ਵਿਸ਼ੇ ਨੂੰ ਲੈ ਕੇ ਪੇਸ਼ ਹੋਇਆ ਹੈ। ਆਸ ਕੀਤੀ ਜਾਂਦੀ ਹੈ ਕਿ ਪਾਠਕਾਂ ਵੱਲੋਂ ਇਸ ਨੂੰ ਭਰਪੂਰ ਹੁੰਗਾਰਾ ਦਿੱਤਾ ਜਾਵੇਗਾ।
-ਡਾ. ਸੰਦੀਪ ਰਾਣਾ
ਮੋਬਾਈਲ : 98728-87551
ਰਿੱਝਦੇ ਸਵਾਲ
ਲੇਖਕ : ਨੀਲ ਕਮਲ ਰਾਣਾ
ਪ੍ਰਕਾਸ਼ਨ : ਸਪਤਰਿਸ਼ੀ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 110
ਸੰਪਰਕ : 98151-71874
ਇਹ ਨੀਲ ਕਮਲ ਰਾਣਾ ਦਾ ਪਲੇਠਾ ਕਹਾਣੀ ਸੰਗ੍ਰਹਿ ਹੈ। ਇਹ ਕਹਿਣ ਨੂੰ ਮਿੰਨੀ-ਕਹਾਣੀ ਸੰਗ੍ਰਹਿ ਹੈ ਪਰ ਜਜ਼ਬਾਤਾਂ ਤੇ ਖਿਆਲਾਂ ਦਾ ਬਹੁਤ ਵੱਡਾ ਭੰਡਾਰ ਹੈ। ਇਸ ਵਿਚ 36 ਕਹਾਣੀਆਂ ਹਨ। ਇਹ 2025 ਵਿਚ ਪ੍ਰਕਾਸ਼ਿਤ ਹੋਇਆ ਹੈ। ਇਸ ਪੁਸਤਕ ਨੇ ਕੁੱਜੇ ਵਿਚ ਸਮੁੰਦਰ ਨੂੰ ਸਮੇਟਿਆ ਹੋਇਆ ਹੈ। ਇਉਂ ਲਗਦਾ ਹੈ, ਲੇਖਕ ਨੇ ਜੀਵਨ ਦੇ ਤਜਰਬਿਆਂ ਤੋਂ ਬਹੁਤ ਕੁਝ ਸਿੱਖਿਆ ਹੈ ਤੇ ਬਹੁਤ ਹੀ ਨੇੜੇ ਤੋਂ ਵੇਖਿਆ ਲਗਦਾ ਹੈ। ਉਸ ਦੀਆਂ ਕਹਾਣੀਆਂ ਤੋਂ ਉਸ ਦੀ ਸ਼ਖ਼ਸੀਅਤ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਜਿਸ ਸੋਚ ਦਾ ਲੇਖਕ ਧਾਰਨੀ ਹੋਵੇਗਾ, ਉਸੇ ਤਰ੍ਹਾਂ ਦੇ ਹੀ ਸਾਹਿਤ ਦੀ ਸਿਰਜਣਾ ਕਰੇਗਾ। ਨੀਲ ਕਮਲ ਰਾਣਾ ਨੇ ਜ਼ਿੰਦਗੀ ਦੇ ਹਰ ਪਹਿਲੂ ਨੂੰ ਬਹੁਤ ਹੀ ਬਾਰੀਕੀ ਨਾਲ ਘੋਖਿਆ ਹੈ। ਹਰ ਕਹਾਣੀ ਆਪਣੇ ਉੱਤੇ ਖਰੀ ਉਤਰਦੀ ਨਜ਼ਰ ਆਉਂਦੀ ਹੈ ਤੇ ਸਮਾਜ ਵਿਚ ਰਿੱਝਦੇ ਸਵਾਲਾਂ ਨੂੰ ਠੰਢਾ ਕਰਨਾ ਲੋਚਦੀ ਹੈ। ਚਿੱਟੇ ਲਹੂ ਤੇ ਮਤਲਬ ਤੋਂ ਬਣੇ ਰਿਸ਼ਤੇ, ਰਾਜਨੀਤਕ ਚੋਟਾਂ ਤੇ ਦਿਲ 'ਤੇ ਲੱਗੇ ਫੱਟਾਂ ਤੋਂ ਕਿਵੇਂ ਨਿਜਾਤ ਪਾਉਣੀ ਹੈ, ਸਾਨੂੰ ਸੋਚਣ ਲਈ ਮਜਬੂਰ ਕਰ ਰਹੀਆਂ ਹਨ ਇਸ ਪੁਸਤਕ ਵਿਚਲੀਆਂ ਕਹਾਣੀਆਂ।ਲੇਖਕ ਨੇ ਬਹੁਤ ਹੀ ਸਮਝਦਾਰੀ ਨਾਲ ਪੰਜਾਬੀ ਦੇ ਵਿਸਰ ਚੁੱਕੇ ਸ਼ਬਦਾਂ ਦਾ ਵੀ ਇਸਤੇਮਾਲ ਕੀਤਾ ਹੈ ਜੋ ਬਹੁਤ ਹੀ ਸਲਾਹੁਣਯੋਗ ਕਾਰਜ ਹੈ। ਲੇਖਕ ਵਕਤ ਨੂੰ ਆਪਣੀ ਡੰਗੋਰੀ ਬਣਾ ਕੇ ਤੁਰ ਰਿਹਾ ਹੈ। ਉਸ ਦੀਆਂ ਕਹਾਣੀਆਂ ਵਿਚ ਅੰਤਾਂ ਦੀ ਪੀੜ ਹੈ,ਉਸ ਦੀਆਂ ਜ਼ਿਆਦਾਤਰ ਕਹਾਣੀਆਂ ਦਾ ਮੁੱਖ ਵਿਸ਼ਾ ਬਿਰਧ ਆਸ਼ਰਮ ਹੈ, ਜੋ ਬਹੁਤ ਹੀ ਸੰਜੀਦਾ ਵਿਸ਼ਾ ਹੈ, ਜੋ ਅਜੋਕੇ ਸਮਾਜ ਨੂੰ ਘੁਣ ਵਾਂਗ ਅੰਦਰੋ-ਅੰਦਰੀ ਖਾ ਰਿਹਾ ਹੈ ਤੇ ਰਿਸ਼ਤੇ ਦੀਆਂ ਜੜ੍ਹਾਂ ਨੂੰ ਖੋਖਲਾ ਕਰ ਰਿਹਾ ਹੈ। ਉਸ ਦੀਆਂ ਬਹੁਤ ਸਾਰੀਆਂ ਕਹਾਣੀਆਂ ਬਹੁਤ ਭਾਵੁਕ ਤੇ ਆਪਣੇ ਆਲੇ-ਦੁਆਲੇ ਹੀ ਵਰਤਦੀਆਂ ਨਜ਼ਰ ਆਉਂਦੀਆਂ ਹਨ। ਹਰ ਕਹਾਣੀ ਦੇ ਪਿੱਛੇ ਕੋਈ ਨਾ ਕੋਈ ਸੱਚਾਈ ਛੁਪੀ ਹੁੰਦੀ ਹੈ, ਜੋ ਕਿਸੇ ਪਾਰਖੂ ਨੂੰ ਹੀ ਨਜ਼ਰ ਆਉਂਦੀ ਹੈ। ਨੀਲ ਕਮਲ ਰਾਣਾ ਦੀ ਪਾਰਖੂ ਨਜ਼ਰ ਜਦੋਂ ਪੈਂਦੀ ਹੈ ਤਾਂ ਨਵੀਂ ਸਿਰਜਣਾ ਕਰਦੀ ਹੈ। ਉਮੀਦ ਕਰਦੀ ਹਾਂ ਕਿ ਰਾਣਾ ਦੀ ਕਲਮ ਸਮਾਜ ਦੇ ਕੋਹੜ ਉੱਤੇ ਮਲ੍ਹਮ ਲਗਾਉਣ ਦਾ ਕੰਮ ਕਰੇਗੀ ਤੇ ਜਲਦੀ ਹੀ ਉਹ ਨਵੇਂ ਵਿਸ਼ੇ ਲੈ ਕੇ ਹਾਜ਼ਰ ਹੋਣਗੇ ਤੇ ਬਗੀਚੇ ਦੀ ਨਿਆਈਂ ਸਮਾਜ ਵਿਚ ਖੁਸ਼ਬੂ ਖਿਲਾਰਨਗੇ। ਅੰਤ ਵਿਚ ਮੈਂ ਨੀਲ ਕਮਲ ਰਾਣਾ ਦੇ ਪਲੇਠੇ ਮਿੰਨੀ ਕਹਾਣੀ ਸੰਗ੍ਰਹਿ 'ਰਿੱਝਦੇ ਸਵਾਲ' ਦਾ ਪੰਜਾਬੀ ਜਗਤ ਵਿਚ ਭਰਪੂਰ ਸਵਾਗਤ ਕਰਦੀ ਹਾਂ ਅਤੇ 'ਜੀ ਆਇਆਂ' ਆਖਦੀ ਹਾਂ ਤੇ ਅਗਲੇਰੀ ਯਾਤਰਾ ਲਈ ਸ਼ੁਭਕਾਮਨਾਵਾਂ ਭੇਜਦੀ ਹਾਂ। ਮੈਂ ਹਰ ਪਾਠਕ ਵਰਗ ਨੂੰ ਪੜ੍ਹਨ ਦੀ ਸਲਾਹ ਵੀ ਦਿੰਦੀ ਹਾਂ।
-ਕੁਲਜੀਤ ਕੌਰ 'ਜੀਤ'
ਮੋਬਾਈਲ : 98729-83914











































































































































































































