23-07-26
ਸਿਆਸੀ ਆਗੂ ਧਿਆਨ ਦੇਣ
ਜਿਵੇਂ-ਜਿਵੇਂ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦਾ ਸਮਾਂ ਨੇੜੇ ਆ ਰਿਹਾ ਹੈ ਉਵੇਂ-ਉਵੇਂ ਹੀ ਪੰਜਾਬ ਦੀ ਸਿਆਸੀ ਫਿਜ਼ਾ ਤੇਜ਼ ਹੁੰਦੀ ਜਾ ਰਹੀ ਹੈ। ਪਿਛਲੇ ਕੁਝ ਕੁ ਸਮੇਂ ਤੋਂ ਸਿਆਸੀ ਪਿੜਾਂ 'ਚ ਕਾਫ਼ੀ ਤਪਸ਼ ਵੀ ਦੇਖਣ ਨੂੰ ਮਿਲ ਰਹੀ ਹੈ। ਆਗੂਆਂ ਵਲੋਂ ਇਕ-ਦੂਜੇ ਦੇ ਸਿਆਸੀ ਤੀਰਾਂ ਦੇ ਵਾਰ ਸ਼ੁਰੂ ਹੋ ਗਏ ਹਨ। ਚੋਣਾਂ ਤੋਂ ਪਹਿਲਾਂ ਅਜਿਹਾ ਵਰਤਾਰਾ ਅਕਸਰ ਦੇਖਣ ਨੂੰ ਮਿਲਦਾ ਰਹਿੰਦਾ ਹੈ, ਪਰ ਇਸ ਵਾਰ ਪੰਜਾਬੀਆਂ ਨੂੰ ਆਗੂਆਂ ਤੋਂ ਕੁਝ ਉਮੀਦਾਂ ਹਨ ਕਿ ਉਹ ਪੰਜਾਬ ਦੇ ਅਹਿਮ ਮੁੱਦਿਆਂ ਨੂੰ ਉਭਾਰਨਗੇ, ਪਰ ਹਾਲ ਦੀ ਘੜੀ ਅਜਿਹਾ ਦੇਖਣ ਨੂੰ ਨਹੀਂ ਮਿਲ ਰਿਹਾ। ਜਿਵੇਂ ਕਿ ਪੰਜਾਬ ਦੀ ਰਾਜਧਾਨੀ ਦੀ ਗੱਲ, ਪਾਣੀਆਂ 'ਤੇ ਪੰਜਾਬ ਦੇ ਹੱਕ ਦੀ ਗੱਲ, ਪੰਜਾਬੀ ਬੋਲਦੇ ਇਲਾਕਿਆਂ ਦੀ ਗੱਲ, ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ, ਲਗਾਤਾਰ ਡੂੰਘੇ ਹੁੰਦੇ ਜਾ ਰਹੇ ਪਾਣੀਆਂ ਦੀ ਗੱਲ ਤੋਂ ਇਲਾਵਾ ਬਹੁਤ ਸਾਰੇ ਪੰਜਾਬ ਦੇ ਅਜਿਹੇ ਮੁੱਦੇ ਹਨ ਜਿਹੜੇ ਪਿਛਲੀ ਪੌਣੀ ਸਦੀ ਤੋਂ ਅਣਗੌਲੇ ਜਾ ਰਹੇ ਹਨ। ਕੁਝ ਅਖੌਤੀ ਆਗੂਆਂ ਵਲੋਂ ਇਕੱਠਾਂ ਵਿਚ ਮੁੱਛਾਂ ਨੂੰ ਤਾਅ ਦੇ ਕੇ ਗੋਡਿਆਂ ਥੱਲੇ ਲੈਣ ਦੇ ਬਿਆਨ ਦਿੱਤੇ ਜਾ ਰਹੇ ਹਨ। ਅਜਿਹੇ ਬਿਆਨ ਜਿਥੇ ਮਾਹੌਲ ਖਰਾਬ ਕਰ ਰਹੇ ਹਨ, ਉਥੇ ਧਿਆਨ ਵੀ ਭਟਕਾਅ ਰਹੇ ਹਨ। ਜੇਕਰ ਪੰਜਾਬ ਦੀ ਵਾਗਡੋਰ ਸੰਭਾਲਣੀ ਹੈ ਤਾਂ ਉਪਰੋਕਤ ਮੁੱਦਿਆਂ ਦੀ ਗੱਲ ਕਰੋ। ਭੜਕਾਊ ਬਿਆਨ ਦੇਣ ਵਾਲੇ ਪੰਜਾਬ 'ਚ ਬਥੇਰੇ ਆਏ ਸਭ ਹਵਾ ਦੇ ਬੁੱਲੇ ਵਾਂਗ ਉੱਡ-ਪੁੱਡ ਗਏ। ਅੱਜ ਕੋਈ ਵੀ ਪੰਜਾਬੀ ਕਿਸੇ ਤੋਂ ਘੱਟ ਨਹੀਂ ਹੈ।
-ਬੰਤ ਸਿੰਘ ਘੁਡਾਣੀ
ਲੁਧਿਆਣਾ।
ਵੋਟਰ ਸੂਚੀ ਦੀ ਪ੍ਰਕਿਰਿਆ ਸਰਲ ਹੋਵੇ
ਅਜੀਤ ਵਿਚ ਪ੍ਰਕਾਸ਼ਿਤ ਸੰਪਾਦਕੀ ਭਾਰਤੀ ਨਾਗਰਿਕ ਦੀ ਪਛਾਣ ਨੇ ਇਕ ਬਹੁਤ ਹੀ ਮਹੱਤਵਪੂਰਨ ਸੰਵਿਧਾਨਕ ਮੁੱਦੇ ਵੱਲ ਧਿਆਨ ਖਿੱਚਿਆ ਹੈ। ਲੋਕਤੰਤਰ ਦੀ ਮਜ਼ਬੂਤੀ ਲਈ ਵੋਟਰ ਸੂਚੀ ਦਾ ਸ਼ੁੱਧ ਹੋਣਾ ਜ਼ਰੂਰੀ ਹੈ, ਪਰ ਇਸ ਤੋਂ ਵੀ ਵੱਧ ਜ਼ਰੂਰੀ ਹੈ ਕਿ ਕੋਈ ਵੀ ਯੋਗ ਨਾਗਰਿਕ ਗੁੰਝਲਦਾਰ ਪ੍ਰਕਿਰਿਆ ਜਾਂ ਅਸਪੱਸ਼ਟ ਨੀਤੀਆਂ ਕਾਰਨ ਆਪਣੇ ਵੋਟ ਦੇ ਅਧਿਕਾਰ ਤੋਂ ਵਾਂਝਾ ਨਾ ਰਹਿ ਜਾਵੇ।
ਸੁਪਰੀਮ ਕੋਰਟ ਵਲੋਂ ਚੋਣ ਕਮਿਸ਼ਨ ਅਤੇ ਕੇਂਦਰ ਸਰਕਾਰ ਨੂੰ ਦਿੱਤੇ ਗਏ ਸੁਝਾਅ ਇਸੇ ਦਿਸ਼ਾ ਵਿਚ ਇਕ ਸਾਰਥਕ ਕਦਮ ਹਨ। ਵੋਟਰ ਸੂਚੀ ਵਿਚ ਨਾਂਅ ਸ਼ਾਮਿਲ ਕਰਨ ਜਾਂ ਹਟਾਉਣ ਦੀ ਪ੍ਰਕਿਰਿਆ ਸਰਲ, ਪਾਰਦਰਸ਼ੀ ਅਤੇ ਇਕਸਾਰ ਹੋਣੀ ਚਾਹੀਦੀ ਹੈ। ਕਿਸੇ ਵੀ ਨਾਗਰਿਕ ਦਾ ਨਾਂਅ ਬਿਨਾਂ ਪੂਰੀ ਜਾਂਚ, ਪੁਖ਼ਤਾ ਸਬੂਤਾਂ ਅਤੇ ਆਪਣਾ ਪੱਖ ਰੱਖਣ ਦਾ ਮੌਕਾ ਦਿੱਤੇ ਬਿਨਾਂ ਸੂਚੀ ਵਿਚੋਂ ਹਟਾਉਣਾ ਨਾ ਤਾਂ ਕੁਦਰਤੀ ਨਿਆਂ ਦੇ ਸਿਧਾਂਤਾਂ ਅਤੇ ਨਾ ਹੀ ਲੋਕਤੰਤਰੀ ਭਾਵਨਾ ਦੇ ਅਨੁਕੂਲ ਹੈ
ਇਸ ਲਈ ਚੋਣ ਕਮਿਸ਼ਨ ਅਤੇ ਸਰਕਾਰ ਨੂੰ ਸੁਪਰੀਮ ਕੋਰਟ ਦੇ ਸੁਝਾਵਾਂ ਨੂੰ ਅਮਲ ਵਿਚ ਲਿਆ ਕੇ ਅਜਿਹੀ ਪ੍ਰਣਾਲੀ ਵਿਕਸਿਤ ਕਰਨੀ ਚਾਹੀਦੀ ਹੈ, ਜੋ ਪਾਰਦਰਸ਼ੀ, ਸਰਲ ਅਤੇ ਹਰ ਨਾਗਰਿਕ ਲਈ ਨਿਆਂਪੂਰਨ ਹੋਵੇ।
-ਗੁਰਬਾਜ਼ ਸਿੰਘ
ਪਹਾੜਾਂ 'ਤੇ ਜਾਣ ਤੋਂ ਗੁਰੇਜ਼ ਕਰੋ
ਇਨ੍ਹਾਂ ਦਿਨਾਂ ਵਿਚ ਜਦੋਂ ਪੰਜਾਬ 'ਚ ਜ਼ੋਰਦਾਰ ਗਰਮੀ ਪੈ ਰਹੀ ਹੈ। ਹਰ ਕੋਈ ਠੰਢੀ ਜਗ੍ਹਾ ਜਾਣਾ ਚਾਹੁੰਦਾ ਹੈ। ਹਰ ਇਕ ਦਾ ਵਿਚਾਰ ਹੁੰਦਾ ਹੈ ਪਹਾੜੀ ਇਲਾਕੇ ਵਿਚ ਪਹਾੜਾਂ ਦੀਆਂ ਸੁੰਦਰ ਵਾਦੀਆਂ 'ਚ ਠੰਢੀਆਂ ਹਵਾਵਾਂ ਵਿਚ ਰੰਗ ਮਾਣੀਏ, ਜੋ ਡਲਹੌਜ਼ੀ, ਮਨਾਲੀ ਤੇ ਸ਼ਿਮਲਾ ਜਾਣਾ ਚਾਹੁੰਦਾ ਹੈ। ਬੀਬੀਆਂ ਦਾ ਕਿਰਾਇਆ ਮੁਆਫ਼ ਹੋਣ ਕਾਰਨ ਬੀਬੀਆਂ ਵੀ ਵਾਦੀਆਂ ਦਾ ਲੁਤਫ਼ ਉਠਾਉਣਾ ਚਾਹੁੰਦੀਆਂ ਹਨ। ਹੁਣ ਜਦੋਂ ਮੀਹਾਂ ਦਾ ਮੌਸਮ ਹੈ। ਮੌਸਮ ਖਰਾਬ ਕਾਰਨ ਰਸਤੇ ਬਲਾਕ ਹੋ ਜਾਂਦੇ ਹਨ। ਪਹਾੜਾਂ ਵਿਚੋਂ ਢਿਗਾ ਡਿਗਣ ਕਾਰਨ ਹਾਦਸੇ ਹੋ ਸਕਦੇ ਹਨ। ਇਸ ਕਰਕੇ ਇਨ੍ਹਾਂ ਦਿਨਾਂ ਵਿਚ ਪਹਾੜਾਂ 'ਚ ਜਾਣ ਤੋਂ ਗੁਰੇਜ਼ ਕਰੋ। ਜੇਕਰ ਕਿਸੇ ਦਾ ਪ੍ਰੋਗਰਾਮ ਬਣਿਆ ਹੈ ਤਾਂ ਰੱਦ ਕਰ ਦਿੱਤਾ ਜਾਵੇ, ਕਿਉਂਕਿ ਪਹਾੜਾਂ ਵਿਚ ਢਿਗਾਂ ਡਿਗਣ, ਜ਼ਮੀਨ ਖਿਸਕਣ ਅਤੇ ਬੱਦਲ ਫਟਣ ਦਾ ਅਕਸਰ ਸ਼ੰਕਾ ਬਣਿਆ ਰਹਿੰਦਾ ਹੈ।
-ਗੁਰਮੀਤ ਸਿੰਘ ਵੇਰਕਾ
ਐਮ.ਏ. ਪੁਲਿਸ ਐਡਮਨਿਸਟ੍ਰੇਸ਼ਨ।
ਸੜਕ 'ਤੇ ਗ਼ਲਤ ਪਾਸੇ ਨਾ ਚੱਲੋ
ਆਮ ਹੀ ਵੇਖਣ ਵਿਚ ਆਉਂਦਾ ਹੈ ਕਿ ਰੋਜ਼ਾਨਾ ਕੋਈ ਨਾ ਕੋਈ ਸੜਕ ਹਾਦਸਾ ਹੋਣ ਕਰਕੇ ਕਈ ਮਨੁੱਖੀ ਜਾਨਾਂ ਮੌਤ ਦੇ ਮੂੰਹ ਵਿਚ ਚਲੇ ਜਾਂਦੀਆਂ ਹਨ। ਜ਼ਿਆਦਾਤਰ ਸੜਕ ਹਾਦਸੇ ਅਣਗਹਿਲੀ/ਲਾਪਰਵਾਹੀ ਕਾਰਨ ਹੀ ਵਾਪਰਦੇ ਹਨ। ਅੱਜ ਕੱਲ੍ਹ ਵੱਡੀਆਂ ਸੜਕਾਂ ਬਣਨ ਕਰਕੇ ਹਰ ਕੋਈ ਆਪਣੀ ਗੱਡੀ ਬਹੁਤ ਜ਼ਿਆਦਾ ਸਪੀਡ ਨਾਲ ਚਲਾਉਂਦਾ ਹੈ। ਜਿਸ ਕਰਕੇ ਕਈ ਵਾਰ ਦੁਰਘਟਨਾ ਵਾਪਰ ਜਾਂਦੀ ਹੈ। ਇਨ੍ਹਾਂ ਵੱਡੀਆਂ ਸੜਕਾਂ 'ਤੇ ਲੋਕ ਨੇੜੇ ਦਾ ਲਾਲਚ ਕਰਕੇ ਅਕਸਰ ਹੀ ਸੜਕ ਦੇ ਉਲਟ ਪਾਸੇ ਆਪਣੀ ਗੱਡੀ ਚਲਾਉਣ ਲੱਗ ਜਾਂਦੇ ਹਨ। ਗ਼ਲਤ ਪਾਸੇ ਗੱਡੀ ਚਲਾਉਣ ਕਰਕੇ ਤਾਂ ਸੜਕ ਹਾਦਸੇ ਹੋਣਾ ਸੁਭਾਵਿਕ ਹੀ ਹੈ। ਆਪਣੀ ਅਤੇ ਦੂਜਿਆਂ ਦੀ ਜ਼ਿੰਦਗੀ ਬਚਾਉਣ ਲਈ ਸਾਨੂੰ ਹਮੇਸ਼ਾ ਸੜਕੀ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ, ਤਾਂ ਜੋ ਕਿਸੇ ਅਣਹੋਣੀ ਤੋਂ ਬਚਿਆ ਜਾ ਸਕੇ।
-ਅੰਗਰੇਜ ਸਿੰਘ ਵਿੱਕੀ
ਪਿੰਡ ਤੇ ਡਾਕ. ਕੋਟਗੁਰੂ (ਬਠਿੰਡਾ)
ਆਓ, ਆਪਣਾ ਫਰਜ਼ ਨਿਭਾਈਏ
ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਘਰ ਅਤੇ ਆਲੇ-ਦੁਆਲੇ ਦੀ ਸਾਫ-ਸਫਾਈ ਦਾ ਪੂਰਾ ਧਿਆਨ ਰੱਖੀਏ। ਸਾਡੇ ਘਰਾਂ ਦਾ ਜਿੰਨਾ ਵੀ ਕੂੜਾ ਕਰਕਟ ਇਕੱਠਾ ਹੁੰਦਾ ਹੈ। ਉਸ ਨੂੰ ਇਕ ਜਗ੍ਹਾ 'ਤੇ ਇਕੱਠਾ ਕਰਕੇ ਕੂੜਾ ਚੁੱਕਣ ਵਾਲੇ ਸਫਾਈ ਸੇਵਕਾਂ ਨੂੰ ਚੁਕਾ ਦੇਈਏ। ਕੁਝ ਲੋਕ ਆਪਣੇ ਘਰ ਦਾ ਕੂੜਾ ਇਕੱਠਾ ਕਰਕੇ ਆਪਣੇ ਘਰਾਂ ਦੇ ਨਾਲ ਲਗਦੇ ਖਾਲੀ ਪਲਾਟਾਂ ਵਿਚ ਜਾਂ ਜਨਤਕ ਥਾਵਾਂ 'ਤੇ ਸੁੱਟ ਦਿੰਦੇ ਹਨ। ਇਸ ਤਰ੍ਹਾਂ ਕਰਨ ਨਾਲ ਇਹ ਲੋਕ ਆਪਣੇ ਘਰ ਤੋਂ ਇਲਾਵਾ ਹੋਰ ਨਾਲ ਲਗਦੇ ਦੂਜੇ ਘਰਾਂ ਨੂੰ ਵੀ ਬਿਮਾਰੀਆਂ ਵੰਡਦੇ ਹਨ ਕਿਉਂਕਿ ਖਾਲੀ ਪਏ ਪਲਾਟਾਂ ਵਿਚ ਕੂੜੇ ਵਿਚੋਂ ਕੁਝ ਦੇਰ ਬਾਅਦ ਬਦਬੂ ਲੱਗ ਜਾਂਦੀ ਹੈ। ਇਸ ਕੂੜੇ ਵਿਚ ਬਹੁਤ ਸਾਰੇ ਮੱਖੀਆਂ ਮੱਛਰ ਅਤੇ ਹੋਰ ਕਈ ਪ੍ਰਕਾਰ ਦੇ ਜ਼ਹਿਰੀਲੇ ਜੀਵ-ਜੰਤੂ ਪੈਦਾ ਹੁੰਦੇ ਹਨ। ਜਿਨ੍ਹਾਂ ਦੇ ਕੱਟਣ ਨਾਲ ਲੋਕਾਂ ਨੂੰ ਡੇਂਗੂ ਅਤੇ ਮਲੇਰੀਆ ਵਰਗੀਆਂ ਹੋਰ ਕਈ ਪ੍ਰਕਾਰ ਦੀਆਂ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਸਾਡੀ ਸਾਰੇ ਲੋਕਾਂ ਨੂੰ ਬੇਨਤੀ ਹੈ ਕਿ ਆਪਣੇ ਆਲੇ-ਦੁਆਲੇ ਦੀ ਸਫਾਈ ਦਾ ਧਿਆਨ ਰੱਖੋ। ਸਰਕਾਰ ਨੂੰ ਵੀ ਬੇਨਤੀ ਹੈ ਕਿ ਉਹ ਵੀ ਜਨਤਕ ਥਾਵਾਂ 'ਤੇ ਕੂੜਾ ਸੁੱਟਣ ਵਾਲੇ ਲੋਕਾਂ ਅਤੇ ਜੋ ਵੀ ਲੋਕ ਆਪਣੇ ਘਰਾਂ ਦੇ ਨੇੜੇ ਖਾਲੀ ਪਲਾਟਾਂ ਵਿਚ ਕੂੜਾ ਸੁੱਟਦੇ ਹਨ ਉਨ੍ਹਾਂ ਦੇ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਆਓ, ਆਪਾਂ ਸਾਰੇ ਰਲ ਕੇ ਆਪਣਾ ਫਰਜ਼ ਨਿਭਾਈਏ, ਆਪਣੇ ਆਲੇ-ਦੁਆਲੇ ਨੂੰ ਸਾਫ਼ ਸੁਥਰਾ ਤੇ ਵਧੀਆ ਬਣਾਈਏ।
-ਗੁਰਤੇਜ ਸਿੰਘ ਖੁਡਾਲ
ਗਲੀ ਨੰਬਰ-11, ਭਾਗੂ ਰੋਡ, ਬਠਿੰਡਾ।