26-07-26
ਮਿੱਟੀ ਦਾ ਕਰਜ਼
ਲੇਖਕ : ਪ੍ਰਿੰਸੀਪਲ ਵਿਜੈ ਕੁਮਾਰ
ਪ੍ਰਕਾਸ਼ਕ :ਲੋਕ ਗੀਤ ਪ੍ਰਕਾਸ਼ਨ ਚੰਡੀਗੜ੍ਹ
ਮੁੱਲ :300 ਰੁਪਏ, ਸਫ਼ੇ : 107
ਸੰਪਰਕ : 98726-27136

'ਮਿੱਟੀ ਦਾ ਕਰਜ਼' ਬਾਲ ਕਹਾਣੀਆਂ ਦੀ ਪੁਸਤਕ ਦੇ ਰਚੇਤਾ ਪ੍ਰਿੰਸੀਪਲ ਵਿਜੈ ਕੁਮਾਰ ਹਨ ਜੋ ਕਿ ਹੁਣ ਸੇਵਾ ਮੁਕਤ ਹਨ ਅਤੇ ਸਾਹਿਤ ਦੇ ਖੇਤਰ ਨਾਲ ਨਿਰੰਤਰ ਜੁੜੇ ਹੋਏ ਹਨ। ਹੁਣ ਤੱਕ ਲੇਖਕ ਦੀਆਂ 19 ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਪੰਜਾਬੀ ਭਾਸ਼ਾ ਦੇ ਨਾਲ-ਨਾਲ ਲੇਖਕ ਨੇ ਹਿੰਦੀ ਭਾਸ਼ਾ ਵਿਚ ਵੀ ਆਪਣੀਆਂ ਪੁਸਤਕਾਂ ਪ੍ਰਕਾਸ਼ਿਤ ਕੀਤੀਆਂ ਹਨ। ਹਥਲੀ ਪੁਸਤਕ ਵਿਚ 32 ਕਹਾਣੀਆਂ ਦਾ ਖ਼ੂਬਸੂਰਤ ਗੁਲਦਸਤਾ ਲੇਖਕ ਨੇ ਬਾਲ ਮਨਾਂ ਨੂੰ ਲੁਭਾਉਣ ਲਈ ਸੁੰਦਰ ਤਸਵੀਰਾਂ ਨਾਲ ਪੇਸ਼ ਕੀਤਾ ਹੈ। ਹਰ ਕਹਾਣੀ ਵਿਚ ਇਕ ਸੁਨੇਹਾ ਹੈ, ਸਿੱਖਿਆ ਹੈ ਅਤੇ ਦਿਸ਼ਾ ਨਿਰਦੇਸ਼ ਹੈ ਬੱਚਿਆਂ ਦੇ ਜੀਵਨ ਨੂੰ ਸੰਵਾਰਨ ਤੇ ਸ਼ਿੰਗਾਰਨ ਲਈ। 'ਆਦਤ ਆਪਣੀ-ਆਪਣੀ' ਪਹਿਲੀ ਕਹਾਣੀ ਨਾਲ ਲੇਖਕ ਨੇ ਆਪਣੀ ਪੁਸਤਕ ਦੀ ਸ਼ੁਰੂਆਤ ਕੀਤੀ ਹੈ ਅਤੇ ਵਫ਼ਾਦਾਰੀ ਦਾ ਇਨਾਮ ਕਹਾਣੀ ਨਾਲ ਇਸ ਪੁਸਤਕ ਦਾ ਅੰਤ ਕੀਤਾ ਹੈ। ਕਹਾਣੀ 'ਆਦਤ ਆਪਣੀ-ਆਪਣੀ' ਤੋਂ ਇਹ ਸਿੱਖਿਆ ਮਿਲਦੀ ਹੈ ਕਿ ਜੋ ਬੱਚੇ ਚੰਗੇ ਸੰਸਕਾਰੀ ਹੁੰਦੇ ਹਨ, ਉਹ ਆਪਣੇ ਪ੍ਰਤੀ ਕੀਤੀਆਂ ਬੁਰਾਈਆਂ ਨੂੰ ਭੁੱਲ ਜਾਂਦੇ ਹਨ ਅਤੇ ਔਖੇ ਵੇਲੇ ਉਸੇ ਬੱਚੇ ਦੀ ਮਦਦ ਲਈ ਖੜ੍ਹ ਜਾਂਦੇ ਹਨ। 'ਗ਼ਲਤੀ ਦਾ ਅਹਿਸਾਸ' ਕਹਾਣੀ ਵੀ ਇੱਕ ਚੰਗੀ ਕਹਾਣੀ ਹੈ ਜੋ ਬੱਚਿਆਂ ਨੂੰ ਇਹ ਸਿੱਖਿਆ ਦਿੰਦੀ ਹੈ ਕਿ ਜੇ ਤੁਸੀਂ ਕਿਸੇ ਨਾਲ ਮਾੜਾ ਕੀਤਾ ਹੈ ਤਾਂ ਉਸ ਨੂੰ ਮੰਨ ਲਵੋ ਅਤੇ ਅੱਗੇ ਤੋਂ ਉਹ ਗ਼ਲਤੀ ਨਾ ਕਰੋ। 'ਇਨਾਮ ਦਾ ਸਨਮਾਨ' ਕਹਾਣੀ ਵੀ ਬੱਚਿਆਂ ਵਿਚ ਜੋਸ਼ ਤੇ ਜਨੂੰਨ ਭਰਦੀ ਹੈ ਅਤੇ ਜੋ ਬੱਚੇ ਆਪਣੇ ਨਿਸ਼ਾਨੇ ਮਿੱਥ ਲੈਂਦੇ ਹਨ, ਇਕ ਨਾ ਇਕ ਦਿਨ ਮੰਜ਼ਿਲ 'ਤੇ ਪਹੁੰਚ ਜਾਂਦੇ ਹਨ। ਹੋਰ ਵੀ ਕਹਾਣੀਆਂ ਵਧੀਆ ਅਤੇ ਸੁਨੇਹਾ ਪੂਰਵਕ ਹਨ ਜਿਵੇਂ 'ਭੁੱਲ ਦਾ ਸੁਧਾਰ, ਮਿੱਟੀ ਦਾ ਕਰਜ਼, ਮੋਬਾਈਲ ਦੀ ਆਦਤ, ਗ਼ਲਤੀਆਂ ਬੋਲਦੀਆਂ ਹਨ, ਮਗਰਮੱਛ ਦੀ ਮੂਰਖਤਾ, ਬਿਨਾਂ ਹੱਥਾਂ ਵਾਲਾ ਚਿਤਰਕਾਰ, ਸਫ਼ਾਈ ਅਤੇ ਪੜ੍ਹਾਈ, ਦੀਵਾਲੀ ਮਨਾਉਣ ਦਾ ਮੰਤਰ, ਸ਼ਾਂਤਾ ਕਲਾਜ਼ ਦਾ ਫੈਸਲਾ, ਰਾਜਾ' ਅਤੇ 'ਆਜੜੀ'। ਮੈਂ ਉਮੀਦ ਕਰਦਾ ਹਾਂ ਕਿ ਬੱਚੇ ਇਸ ਪੁਸਤਕ ਨੂੰ ਜ਼ਰੂਰ ਪੜ੍ਹਨਗੇ ਅਤੇ ਆਪਣੇ ਮਿੱਤਰਾਂ ਨੂੰ ਵੀ ਪੜ੍ਹਾਉਣਗੇ। ਪੁਸਤਕ ਦੀਆਂ ਕਹਾਣੀਆਂ ਜੋ ਸਾਨੂੰ ਦਿਸ਼ਾ-ਨਿਰਦੇਸ਼ ਦਿੰਦੀਆਂ ਹਨ, ਬੱਚੇ ਅਮਲ ਵੀ ਕਰਨਗੇ, ਇਹ ਮੇਰਾ ਵਿਸ਼ਵਾਸ ਹੈ। ਸਾਹਿਤ ਜਗਤ ਵਿਚ ਇਕ ਚੰਗੀ ਪੁਸਤਕ ਦੀ ਆਮਦ ਲਈ ਖ਼ੁਸ਼ੀ ਪ੍ਰਗਟ ਕਰਦਾ ਹਾਂ।
-ਬਲਵਿੰਦਰ ਸਿੰਘ ਜੰਮੂ
ਮੋਬਾਈਲ : 94196-36562
ਬੇਅੰਤ ਸਿੰਘ
ਕਤਲ ਦਾ ਅਸਲ ਸੱਚ
ਲੇਖਕ : ਉਜਾਗਰ ਸਿੰਘ
ਪ੍ਰਕਾਸ਼ਕ : ਲੋਕਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 350 ਰੁਪਏ, ਸਫ਼ੇ : 215
ਸੰਪਰਕ : 0172-5027427

ਉਜਾਗਰ ਸਿੰਘ ਲੋਕ-ਸੰਪਰਕ ਵਿਭਾਗ, ਪੰਜਾਬ 'ਚ ਸ਼ਾਨਦਾਰ ਸੇਵਾਵਾਂ ਨਿਭਾਅ ਕੇ ਆਪਣੇ ਲਿਖਣ-ਕਾਰਜ ਵਿਚ ਪੂਰਾ ਸਰਗਰਮ ਹੈ। ਉਸ ਨੂੰ ਪੰਜਾਬ ਦੇ ਰਾਜਸੀ ਖੇਤਰ ਦਾ ਸ਼ਾਹ-ਸਵਾਰ ਲੇਖਕ ਕਹਿਣਾ ਵਾਜਿਬ ਹੋਵੇਗਾ। ਉਸ ਦੀਆਂ ਵਾਰਤਕ ਦੀਆਂ ਵੱਖੋ-ਵੱਖ ਵਿਸ਼ਿਆਂ ਨਾਲ ਸੰਬੰਧਿਤ 10 ਪੁਸਤਕਾਂ ਤੋਂ ਬਿਨਾਂ ਸੰਪਾਦਨਾ ਕਾਰਜ ਵੀ ਜ਼ਿਕਰਯੋਗ ਹੈ। ਹਥਲੀ ਪੁਸਤਕ ਦਾ ਮਈ, 2025 ਵਿਚ ਦੂਜਾ ਐਡੀਸ਼ਨ ਚਾਰ ਮਹੀਨਿਆਂ ਬਾਅਦ ਛਪਣਾ, ਪੁਸਤਕ ਦੀ ਮੰਗ ਦਾ ਪ੍ਰਮਾਣ ਹੈ। 2024 ਵਿਚ ਅੰਗਰੇਜ਼ੀ ਵਿਚ ਵੀ ਛਪ ਚੁੱਕੀ ਹੈ। ਤਤਕਾਲੀ ਮੁੱਖ ਮੰਤਰੀ ਪੰਜਾਬ ਬੇਅੰਤ ਸਿੰਘ ਦਾ ਕਤਲ ਸਾਜਸ਼ੀ ਢੰਗ ਨਾਲ 31 ਅਗਸਤ, 1995 ਨੂੰ ਚੰਡੀਗੜ੍ਹ ਸਕੱਤਰੇਤ ਸਾਹਮਣੇ ਹੋਇਆ। ਲੇਖਕ ਤਾ-ਜ਼ਿੰਦਗੀ ਸ. ਬੇਅੰਤ ਸਿੰਘ ਦੇ ਸੰਪਰਕ ਵਿਚ ਪਰਿਵਾਰਕ ਮੈਂਬਰ ਵਾਂਗ ਰਿਹਾ। ਅਸਲ ਸੱਚ ਨੂੰ ਉਜਾਗਰ ਕਰਨ ਲਈ ਇਹ ਬੀੜਾ ਉਜਾਗਰ ਸਿੰਘ ਹੀ ਚੁੱਕ ਸਕਦਾ ਸੀ, ਜਿਸ ਨੇ 29 ਵਰ੍ਹਿਆਂ ਪਿੱਛੋਂ ਇਹ ਕਰਤੱਵ ਨਿਭਾਉਣ ਦੀ ਕੋਸ਼ਿਸ਼ ਕੀਤੀ। ਧਨੁ ਲੇਖਾਰੀ ਨਾਨਕਾ ਜਿਨਿ ਨਾਮੁ ਲਿਖਾਇਆ ਸਚੁ॥ ਪੁਸਤਕ ਕਾਂਡ 'ਪਰਿਵਾਰ ਅਤੇ ਪਰਿਵਾਰਕ ਪਿਛੋਕੜ' ਤੋਂ ਸ਼ੁਰੂ ਹੁੰਦੀ ਹੈ ਤੇ ਅੱਗੇ ਬੇਅੰਤ ਸਿੰਘ ਦੇ ਸੰਪੂਰਨ ਜੀਵਨ ਦੇ ਤੱਥ ਪੇਸ਼ ਕੀਤੇ ਗਏ ਹਨ। ਸਫਲ ਕਿਸਾਨ, ਸਰਪੰਚੀ, ਸਿਆਸਤ ਦੀ ਸ਼ਤਰੰਜ, ਅਸੈਂਬਲੀ ਚੋਣਾਂ, ਮੰਤਰੀਆਂ ਅਤੇ ਕੇਂਦਰੀ ਨੇਤਾਵਾਂ ਪੰਡਤ ਨਹਿਰੂ ਤੋਂ ਲੈ ਕੇ ਗਿਆਨੀ ਜ਼ੈਲ ਸਿੰਘ ਦੇ ਭਾਰਤੀ ਰਾਜਸੀ-ਵਰਤਾਰੇ ਦੀਆਂ ਅੱਖੀਂ ਡਿੱਠੀਆਂ ਚਾਲਾਂ ਤੇ ਸਿਆਸਤੀ ਦਾਅ-ਪੇਚਾਂ ਦਾ ਅਣਫੋਲਿਆ ਇਤਿਹਾਸ ਇਸ ਪੁਸਤਕ 'ਚੋਂ ਪੜ੍ਹਿਆ ਜਾ ਸਕਦਾ ਹੈ। ਮੁੱਖ ਤੌਰ 'ਤੇ ਲੇਖਕ ਨੇ ਬੇਅੰਤ ਸਿੰਘ ਨੂੰ ਸਾਫ਼ਗੋ ਅਤੇ ਸਾਦਗੀ ਦੇ ਪੁੰਜ ਵਜੋਂ, ਇਕ ਸੂਝਵਾਨ ਮੁੱਖ ਮੰਤਰੀ ਦੇ ਤੌਰ 'ਤੇ ਦ੍ਰਿਸ਼ਟਾਇਆ ਹੈ। ਬੇਅੰਤ ਸਿੰਘ ਦੇ ਨਿੱਜੀ ਅਤੇ ਰਾਜਸੀ ਜੀਵਨ ਬਾਰੇ ਲੇਖਕ ਨੇ ਸਟੀਕ ਜਾਣਕਾਰੀ ਦੇਣ ਵਿਚ ਕੋਈ ਕਸਰ ਨਹੀਂ ਛੱਡੀ। ਤਤਕਾਲੀ ਦਰਬਾਰਾ ਸਿੰਘ (ਮੁੱਖ ਮੰਤਰੀ), ਹਰਚਰਨ ਸਿੰਘ ਬਰਾੜ, ਕੈਪਟਨ ਅਮਰਿੰਦਰ ਸਿੰਘ ਤੇ ਹੋਰ ਨੇਤਾਵਾਂ ਦੇ ਵਿਵਹਾਰ ਬਾਰੇ ਏਨੀ ਜਾਣਕਾਰੀ ਕਿਤੋਂ ਹੋਰ ਉਪਲਬਧ ਨਹੀਂ। ਸਭ ਤੋਂ ਵੱਧ ਮਹੱਤਤਾ ਇਸ ਪੁਸਤਕ ਦੀ ਬੇਅੰਤ ਸਿੰਘ ਦੇ ਕਤਲ-ਘਟਨਾ ਬਾਰੇ ਸੱਚ ਜਾਣਨ ਦੀ ਅਭਿਲਾਸ਼ਾ ਹੈ। ਰਾਜਸੀ ਨੇਤਾਵਾਂ ਦੇ ਕਤਲਾਂ ਬਾਰੇ ਚਰਚਾਵਾਂ ਦਾ ਬਜ਼ਾਰ ਗਰਮ ਹੁੰਦਾ ਰਿਹਾ ਹੈ ਭਾਵੇਂ ਸ. ਪ੍ਰਤਾਪ ਸਿੰਘ ਕੈਰੋਂ, ਸ੍ਰੀਮਤੀ ਇੰਦਰਾ ਗਾਂਧੀ ਤੇ ਹੋਰ ਨੇਤਾਵਾਂ ਬਾਰੇ ਬਦਲਾ-ਲਊ ਕਾਰਨਾਮਿਆਂ ਬਾਰੇ। ਪੰਜਾਬ 'ਚ ਖਾੜਕੂ ਦੌਰ 15 ਸਾਲ ਦਨ-ਦਨਾਉਂਦਾ ਰਿਹਾ। ਕੇਂਦਰ ਦੀ ਸਰਕਾਰ ਨੇ ਪੰਜਾਬ 'ਚ ਸ਼ਾਂਤੀ ਬਣਾਈ ਰੱਖਣ ਦੀ ਥਾਂ ਕੂਟਨੀਤੀ ਚਾਲਾਂ ਚੱਲ ਕੇ ਤਤਕਾਲੀ ਮੁੱਖ ਮੰਤਰੀਆਂ ਨੂੰ ਆਪਣਾ ਹੱਥ-ਠੋਕਾ ਬਣਾਈ ਰੱਖਿਆ। ਹਾਲਾਤ ਕਾਬੂ ਤੋਂ ਬਾਹਰ ਹੁੰਦੇ ਗਏ। ਪੁਲਿਸ ਸ਼ਕਤੀਸ਼ਾਲੀ ਬਣਦੀ ਗਈ। ਬੇਕਸੂਰ ਪੰਜਾਬੀਆਂ ਦਾ ਘਾਣ ਹੁੰਦਾ ਰਿਹਾ, ਜਿਸ ਦੇ ਅੰਕੜੇ 25,000 ਤੱਕ ਦੱਸੇ ਜਾਂਦੇ ਹਨ। ਐਡਵੋਕੇਟ ਜਸਵੰਤ ਸਿੰਘ ਖਾਲੜਾ ਵਲੋਂ ਬਣਾਏ 20,000 ਅਣਪਛਾਤੇ ਨੌਜਵਾਨਾਂ ਦੀਆਂ ਲਾਸ਼ਾਂ ਦੇ ਰਿਕਾਰਡ ਨੂੰ ਪੁਲਿਸ ਖੁਰਦ-ਬੁਰਦ ਕਰਕੇ ਤੇ ਖਾਲੜਾ ਨੂੰ ਖ਼ਤਮ ਕਰਕੇ ਹੋਰ ਬਲਵਾਨ ਹੁੰਦੀ ਗਈ। ਇਸ ਦੇ ਫਲ-ਸਰੂਪ ਅਣਖੀ ਖਾੜਕੂਆਂ ਨੇ ਜੋ ਬਦਲਾ ਲਿਆ, ਉਸ ਦਾ ਵਿਸ਼ੇਸ਼ ਜ਼ਿਕਰ ਲੇਖਕ ਨੇ 'ਬੇਦੋਸ਼ਾਂ ਦੇ ਕਤਲ' ਕਾਂਡ 'ਚ ਬਹੁਤ ਮਿਹਨਤ ਕਰਕੇ ਪ੍ਰਸਤੁਤ ਕੀਤਾ। ਲੇਖਕ ਇਹ ਸਿੱਧ ਕਰਨਾ ਚਾਹੁੰਦਾ ਹੈ ਕਿ ਬੇਅੰਤ ਸਿੰਘ ਖਾੜਕੂਆਂ ਦਾ ਦੋਖੀ ਨਹੀਂ ਸੀ, ਖਾੜਕੂਵਾਦ ਦੀ ਅੰਨ੍ਹੀ ਹਨੇਰੀ ਤੋਂ ਬਹੁਤ ਦੁਖੀ ਸੀ। ਉਦੋਂ ਦੇ ਡੀ.ਜੀ.ਪੀ. ਕੇ.ਪੀ.ਐੱਸ. ਗਿੱਲ ਨੇ ਬੇਅੰਤ ਸਿੰਘ ਨੂੰ ਲਾਂਭੇ ਕਰਕੇ ਜੋ ਕਤਲਾਂ ਦੀ ਧਮੱਚੀ ਮਚਾਈ, ਉਸ ਦੇ ਨਤੀਜੇ ਬੇਅੰਤ ਸਿੰਘ ਨੂੰ ਭੁਗਤਣੇ ਪਏ। ਵਿਰੋਧੀ ਧਿਰਾਂ ਨੇ ਪੁਲਿਸ ਦੀਆਂ ਜ਼ਿਆਦਤੀਆਂ ਦਾ ਬਦਲਾ ਬੇਅੰਤ ਸਿੰਘ ਤੋਂ ਲੈਣ ਲਈ ਠਾਣ ਲਈ ਕਿਉਂਕਿ ਮੁੱਖ ਮੰਤਰੀ ਦਾ ਰਾਜ-ਸੱਤਾ ਕਾਲ-ਖੰਡ ਸੀ। ਇਥੇ ਇਹ ਵੀ ਜ਼ਿਕਰ ਕੀਤਾ ਗਿਆ ਕਿ ਬੇਅੰਤ ਸਿੰਘ ਦੀ ਮੌਤ ਤੋਂ ਬਾਅਦ ਪਰਿਵਾਰ ਨਾਲ ਕਿਵੇਂ ਕੇਂਦਰ ਨੇ ਸਲੂਕ ਕੀਤਾ, ਉਹ ਵੀ ਅਪਮਾਨਜਨਕ ਹੈ। ਕਤਲ ਦੀ ਸਾਜਿਸ਼ ਵਿਚ ਕੇਂਦਰੀ ਗੁਪਤਚਰ ਏਜੰਸੀਆਂ ਕਿਵੇਂ ਹੱਥਕੰਡੇ ਵਰਤਦੀਆਂ ਰਹੀਆਂ, ਉਨ੍ਹਾਂ ਦਾ ਉਲੇਖ ਅੱਖਾਂ ਖੋਲ੍ਹਣ ਵਾਲਾ ਹੈ। ਮਨੁੱਖੀ-ਬੰਬ ਦੀ ਅਫ਼ਵਾਹ ਕਿਵੇਂ ਫੈਲਾਈ, ਇਸ ਬਾਰੇ ਵੀ ਲੇਖਕ ਨੇ ਅਸਲ ਸੱਚ ਅੱਗੇ ਲਿਆ ਕੇ ਨਿਤਾਰਿਆ ਹੈ। ਬੰਬ ਵਿਸਫੋਟ ਦੀ ਘਟਨਾ ਦਾ ਪੂਰਾ ਵੇਰਵਾ ਸਾਜਿਸ਼ ਨੂੰ ਨੰਗਿਆਂ ਕਰਦਾ ਹੈ। ਪੁਸਤਕ ਦੇ ਅੰਤ ਵਿਚ ਅੰਗਰੇਜ਼ੀ 'ਚ ਛਪੀਆਂ ਰਿਪੋਰਟਾਂ ਵੀ ਹਨ। ਹੋਰਾਂ ਦੇ ਬੇਅੰਤ ਸਿੰਘ ਦੀ ਮਹਾਨਤਾ ਬਾਰੇ ਸੰਵੇਦਨਾ ਦਾ ਜ਼ਿਕਰ ਵੀ ਹੈ। ਬੇਅੰਤ ਸਿੰਘ ਦੀਆਂ ਮਹੱਤਵਪੂਰਨ ਰੰਗਦਾਰ ਫੋਟੋਆਂ ਵੀ ਹਨ। ਪੰਜਾਬ ਦੀ ਰਾਜਨੀਤੀ ਦੇ ਇਤਿਹਾਸਕ ਦਸਤਾਵੇਜ਼ ਵਜੋਂ ਇਹ ਪੁਸਤਕ ਹੋਰ ਪੋਲ ਖੋਲ੍ਹੇਗੀ। ਇਹ ਪੁਸਤਕ ਸੁਚੇਤ ਕਰਦੀ ਹੈ ਕਿ ਸੱਤਾਧਾਰੀਆਂ ਨੂੰ ਪੁਲਿਸ ਦੀਆਂ ਜ਼ਿਆਦਤੀਆਂ ਅਤੇ ਗੁਪਤਚਰ-ਏਜੰਸੀਆਂ ਤੋਂ ਸਾਵਧਾਨ ਰਹਿਣਾ ਜ਼ਰੂਰੀ ਹੈ। ਬੇਦੋਸ਼ਿਆਂ, ਬੇਕਸੂਰਾਂ ਤੇ ਮਾਸੂਮਾਂ ਦਾ ਕਤਲ ਸਮਾਂ ਮੁਆਫ਼ ਨਹੀਂ ਕਰਦਾ!
-ਮਨਮੋਹਨ ਸਿੰਘ ਦਾਊਂ
ਮੋਬਾਈਲ : 98151-23900
ਚਿੜੀ ਵਿਚਾਰੀ ਕੀ ਕਰੇ
ਲੇਖਕ : ਮਨਧੀਰ ਸਿੰਘ ਦਿਓਲ
ਪ੍ਰਕਾਸ਼ਕ : ਸ਼ਿਲਾਲੇਖ ਪਬਲੀਰਜ, ਦਿੱਲੀ
ਮੁੱਲ : 300 ਰੁਪਏ, ਸਫੇ : 94
ਸੰਪਰਕ : 098119-86483

ਕਹਾਣੀਕਾਰ ਨੂੰ ਸਾਹਿਤਕਾਰੀ ਵਿਰਾਸਤ 'ਚੋਂ ਮਿਲੀ ਹੈ। ਉਘੇ ਪੰਜਾਬੀ ਕਵੀ ਦਿਓਲ ਦੇ ਹੋਣਹਾਰ ਫਰਜੰਦ ਕਹਾਣੀਕਾਰ ਮਨਧੀਰ ਸਿੰਘ ਦਿਓਲ ਨੂੰ ਘਰ 'ਚੋਂ ਮਿਲੇ ਸਾਹਿਤਕ ਮਾਹੌਲ ਨੇ ਇਕ ਚੰਗਾ ਪਾਠਕ ਅਤੇ ਕੁਝ ਰਚਣ ਦੀ ਜਾਗ ਲਗਾ ਦਿੱਤੀ। ਚੰਗੀਆਂ ਪੁਸਤਕਾਂ ਪੜ੍ਹਨੀਅ ਅਤੇ ਸਾਹਿਤਕ ਸੱਜਣਾਂ ਨਾਲ ਮਿਲ ਬੈਠਣ ਦੇ ਮੌਕੇ ਨੇ ਉਸ ਨੂੰ ਇਕ ਚੰਗੇ ਜਿਗਰੇ ਵਾਲਾ ਪਾਠਕ ਅਤੇ ਰਚਨਹਾਰ ਬਣਾ ਦਿੱਤਾ। ਪੰਜਾਬੀ ਦੇ ਕਹਾਣੀ ਸਾਹਿਤ ਤੋਂ ਪ੍ਰਭਾਵਿਤ ਹੋ ਕੇ ਉਹ ਨਿੱਕੀ ਕਹਾਣੀ ਦਾ ਪੱਕਾ ਕਹਾਣੀਕਾਰ ਬਣ ਗਿਆ। ਇਹ ਕਹਾਣੀ ਸੰਗ੍ਰਹਿ ਭਾਵੇਂ ਇਕ ਪਲੇਠੇ ਕਹਾਣੀ ਸੰਗ੍ਰਹਿ ਵਜੋਂ ਪਾਠਕਾਂ ਦੇ ਨਜ਼ਰ ਹੋਅਿਾ ਹੈ, ਪਰ ਉਸ ਦੀ ਨਿੱਕੀ ਕਹਾਣੀ ਕਹਿਣ ਦੀ ਸ਼ੈਲੀ ਇਕ ਸਥਾਪਿਤ ਕਹਾਣੀਕਾਰ ਵਰਗੀ ਹੈ। ਅਜੋਕੇ ਕਹਾਣੀਕਾਰਾਂ ਨੇ ਨਵੇਂ ਪੋਚ ਵਿਚ ਉਹ ਸਿਰਕੱਢ ਕਹਾਣੀਕਾਰ ਸਾਬਤ ਹੁੰਦਾ। ਇਸ ਸੰਗ੍ਰਹਿ ਵਿਚ ਸ਼ਾਮਿਲ ਕੁੱਲ 16 ਕਹਾਣੀਆਂ ਅੱਜ ਸਮਾਜ ਦੇ 16 ਪੱਖ ਅਤੇ ਸਮੱਸਿਆਵਾਂ ਬਿਆਨਦੀਆਂ ਹਨ। ਬਹੁਤੀਆਂ ਕਹਾਣੀਆਂ ਪਾਤਰ ਪ੍ਰਧਾਨ ਹਨ। ਜੋ ਸ਼ਹਿਰੀ ਮੱਧ ਵਰਗ ਮਨੁੱਖ ਦੇ ਬਦਲਦੇ ਜੀਵਨ, ਉੱਤਰ ਆਧੁਨਿਕਤਾ ਦਾ ਉਸ 'ਤੇ ਅਸਰ ਪ੍ਰਤੱਖ ਸਪੱਸ਼ਟ ਕਰਦੀਆਂ। ਕਹਾਣੀਕਾਰ ਅੱਜ ਦੇ ਕਹਾਣੀ ਜਗਤ ਦੇ ਲੋਕਾਂ ਨੂੰ ਸਵਾਗਤਕਰਨ ਲਈ ਆਵਾਜ਼ ਮਾਰਦਾ ਜਾਪਦਾ ਹੈ।
-ਸੁਰਿੰਦਰ ਸਿੰਘ ਕਰਮ ਲਧਾਣਾ
ਮੋਬਾਈਲ : 98146-81444
ਮੈਡੀਟੇਸ਼ਨ
ਮੂਲ ਲੇਖਕ : ਮਾਰਕਸ ਆਰੇਲੀਅਸ
ਅਨੁਵਾਦਕ : ਕਰਮ ਸਿੰਘ ਜ਼ਖ਼ਮੀ
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨਜ਼, ਸਮਾਣਾ
ਮੁੱਲ : 225 ਰੁਪਏ, ਸਫ਼ੇ : 164
ਸੰਪਰਕ : 98146-28027

ਮਾਰਕਸ ਆਰੇਲੀਅਸ (26 ਅਪ੍ਰੈਲ, 121 ਈ. ਤੋਂ 17 ਮਾਰਚ, 180 ਈ.) ਰੋਮ ਦਾ ਇਕ ਸਮਰਾਟ ਸੀ, ਜਿਸ ਨੇ 161 ਈ. ਤੋਂ 180 ਈ. ਤੱਕ ਉਥੇ ਸ਼ਾਸਨ ਕੀਤਾ। ਉਹ ਉਨ੍ਹਾਂ ਪੰਜ ਸਮਰਾਟਾਂ ਵਿਚੋਂ ਅੰਤਿਮ ਸਮਰਾਟ ਸੀ, ਜਿਨ੍ਹਾਂ ਨੂੰ 'ਪੰਜ ਚੰਗੇ ਸਮਰਾਟ' ਦੇ ਸਨਮਾਨ ਨਾਲ ਯਾਦ ਕੀਤਾ ਜਾਂਦਾ ਸੀ। ਵੱਡੀਆਂ ਜ਼ਿੰਮੇਵਾਰੀਆਂ ਤੇ ਅਸੀਮ ਰਾਜ ਸ਼ਕਤੀਆਂ ਦਾ ਮਾਲਕ ਹੋਣ ਦੇ ਬਾਵਜੂਦ ਉਹ ਬੇਹੱਦ ਨਿਮਰ, ਸਹਿਣਸ਼ੀਲ, ਗਿਆਨਵਾਨ ਤੇ ਉੱਚ ਅਧਿਆਤਮਿਕ ਮੰਡਲਾਂ ਵਿਚ ਵਿਚਰਨ ਵਾਲਾ ਵਿਅਕਤੀ ਸੀ। ਉਹ ਸਟੋਇਕ ਦਰਸ਼ਨ ਦਾ ਚੰਗਾ ਅਭਿਆਸੀ ਸੀ। ਸਟੋਇਕ ਦਰਸ਼ਨ ਪ੍ਰਾਚੀਨ ਗਰੀਕ-ਰੋਮਨ ਦਾ ਇਕ ਵਿਚਾਰਕ ਸਕੂਲ ਸੀ ਜੋ ਨਿੱਜੀ ਸਾਹਸ, ਸਵੈ-ਅਨੁਸ਼ਾਸਨ ਤੇ ਨੇਕੀ-ਗੁਣਾਂ 'ਤੇ ਆਧਾਰਿਤ ਸੀ। ਉਸ ਨੇ ਇਸ ਦਰਸ਼ਨ-ਅਭਿਆਸ 'ਤੇ ਅਧਿਐਨ ਦੌਰਾਨ ਇਕ ਬਿਨਾਂ ਸਿਰਲੇਖ ਪੁਸਤਕ ਦੀ ਰਚਨਾ ਕੀਤੀ, ਜਿਸ ਨੂੰ ਮੈਡੀਟੇਸ਼ਨ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਇਸ ਪੁਸਤਕ ਦਾ ਪੰਜਾਬੀ ਵਿਚ ਅਨੁਵਾਦਿਤ ਰੂਪ ਹੀ ਰੀਵਿਊ ਅਧੀਨ ਪੁਸਤਕ ਦੇ ਰੂਪ ਵਿਚ ਸਾਡੇ ਸਾਹਮਣੇ ਹੈ। ਮੰਨਿਆ ਜਾਂਦਾ ਹੈ ਕਿ ਪੁਸਤਕ ਦਾ ਇਹ ਨਾਂਅ ਉਸ ਦੇ ਦਿਹਾਂਤ ਤੋਂ ਕਾਫ਼ੀ ਸਮਾਂ ਬਾਅਦ ਵਿਚ ਦਿੱਤਾ ਗਿਆ। ਇਸ ਪੁਸਤਕ ਦੀ ਇਕ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਇਸ ਨੂੰ ਪ੍ਰਾਚੀਨ ਸਟੋਇਕ ਦਰਸ਼ਨ ਨੂੰ ਸਮਝਣ ਲਈ ਇਕ ਮਹੱਤਵਪੂਰਨ ਸਰੋਤ-ਗ੍ਰੰਥ ਦੇ ਰੂਪ ਵਿਚ ਗ੍ਰਹਿਣ ਕੀਤਾ ਜਾਂਦਾ ਹੈ। ਬਹੁਤ ਸਾਰੇ ਟਿੱਪਣੀਕਾਰ ਇਸ ਨੂੰ ਦਰਸ਼ਨ ਸ਼ਾਸਤਰ ਦੀਆਂ ਮਹਾਨ ਪੁਸਤਕਾਂ ਵਿਚੋਂ ਇਕ ਮੰਨਦੇ ਹਨ। ਇਹ ਦੁਨੀਆ ਦੀਆਂ ਸਭ ਤੋਂ ਵੱਧ ਵਿਕਰੀ-ਪੁਸਤਕਾਂ ਵਿਚੋਂ ਵੀ ਇਕ ਹੈ। ਮਾਰਕਸ ਆਰੇਲੀਅਸ ਦੇ ਵਿਚਾਰ ਬਹੁਤ ਰੌਚਿਕ, ਵਿਹਾਰਕ ਤੇ ਜੀਵਨ ਅਭਿਆਸ 'ਤੇ ਆਧਾਰਿਤ ਹਨ, ਜਿਸ ਵਿਚੋਂ ਉਸ ਦਾ ਨਿੱਜੀ ਤੇ ਸ਼ਾਸਕੀ ਅਨੁਭਵ ਵੀ ਬੋਲਦਾ ਹੈ। ਉਸ ਦਾ ਸਭ ਤੋਂ ਸਸ਼ਕਤ ਪਰਿਵਰਤਨਸ਼ੀਲ ਪ੍ਰਕਿਰਤੀ ਅਤੇ ਮੌਤ ਦੀ ਸਵੀਕ੍ਰਿਤੀ ਦੀ ਗੱਲ ਕਰਾ ਹੈ। ਉਹ ਸਾਨੂੰ ਯਾਦ ਦਿਵਾਉਂਦਾ ਹੈ ਕਿ ਸਭ ਨੇ ਮਰਨਾ ਹੈ, ਪਰ ਅਸੀਂ ਮੌਤ ਦੇ ਰੂਪ ਵਿਚ ਕੇਵਲ ਵਰਤਮਾਨ ਛਿਣ ਨੂੰ ਹੀ ਖੋਂਹਦੇ ਹਾਂ ਕਿਉਂਕਿ ਇਹ ਸਾਡੇ ਪਾਸ ਇਕ ਮਾਤਰ ਛਿਣ ਹੈ। ਆਰੇਲੀਅਸ ਨੇ ਜੀਵਨ ਦੇ 4 ਪ੍ਰਮੁੱਖ ਸਦਗੁਣਾਂ ਦੀ ਪਹਿਚਾਣ ਕੀਤੀ ਹੈ, ਜਿਸ ਨੂੰ ਉਸ ਦੇ 4 ਸਿਧਾਂਤ ਵੀ ਕਿਹਾ ਜਾ ਸਕਦਾ ਹੈ। ਇਹ ਗੁਣ/ਸਿਧਾਂਤ ਗਿਆਨ, ਸਾਹਸ, ਨਿਆਂ ਤੇ ਸੰਜਮ ਦੇ ਰੂਪ ਵਿਚ ਹਨ।
ਅਨੁਵਾਦ ਦਾ ਕਾਰਜ ਕਾਫ਼ੀ ਕਠਿਨ ਮੰਨਿਆ ਜਾਂਦਾ ਹੈ, ਦਰਸ਼ਨ ਸ਼ਾਸਤਰੀ ਪੁਸਤਕਾਂ ਦਾ ਅਨੁਵਾਦ ਤਾਂ ਹੋਰ ਵੀ ਕਠਿਨ ਹੁੰਦਾ ਹੈ। ਕਰਮ ਸਿੰਘ ਜ਼ਖ਼ਮੀ ਦੇ ਅਨੁੁਵਾਦ ਕਾਰਜ ਨੇ ਮੈਨੂੰ ਵਿਸ਼ੇਸ਼ ਰੂਪ ਵਿਚ ਪ੍ਰਭਾਵਿਤ ਕੀਤਾ ਹੈ। ਇਸ ਖੇਤਰ ਵਿਚ ਉਸ ਦੀ ਤਜਰਬਾ ਵੀ ਬਹੁਤ ਹੈ। ਬਿਨਾਂ ਸ਼ੱਕ ਸੰਸਾਰ ਪ੍ਰਸਿੱਧ ਅਜਿਹੀਆਂ ਕਿਰਤਾਂ ਦਾ ਕਿਸੇ ਵੀ ਭਾਸ਼ਾ ਵਿਚ ਕੀਤਾ ਚੰਗਾ ਅਨੁਵਾਦ, ਉਸ ਭਾਸ਼ਾ ਦੀ ਅਮੀਰੀ ਵਿਚ ਵਾਧਾ ਹੀ ਕਰਦਾ ਹੈ।
-ਡਾ. ਸੁਖਵਿੰਦਰ ਸਿੰਘ ਰੰਧਾਵਾ
ਮੋਬਾਈਲ : 98154-58666
ਹੁਣ
ਲੇਖਕ : ਡਾ. ਅਨੂਪ ਸਿੰਘ
ਪ੍ਰਕਾਸ਼ਕ : ਸਪਤਰਿਸ਼ੀ ਪਬਲਿਕੇਸ਼ਨ ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ : 176
ਸੰਪਰਕ : 98768-01268

ਡਾ. ਅਨੂਪ ਸਿੰਘ ਜੀ ਨੇ ਪੰਜਾਬੀ ਜਗਤ ਨੂੰ 50 ਦੇ ਕਰੀਬ ਮਹੱਤਵਪੂਰਨ ਪੁਸਤਕਾਂ ਦਿੱਤੀਆਂ ਹਨ ਜਿਸ ਵਿਚ ਸਿੱਖ ਦਰਸ਼ਨ, ਆਲੋਚਨਾਤਮਕ ਪੁਸਤਕਾਂ, ਸੰਪਾਦਿਤ ਪੁਸਤਕਾਂ, ਸਹਿ-ਸੰਪਾਦਿਤ ਪੁਸਤਕਾਂ, ਜੀਵਨੀ ਅਤੇ ਸਫ਼ਰਨਾਮੇ ਆਦਿ ਹਨ। ਡਾ. ਅਨੂਪ ਸਿੰਘ ਦੀ ਹਥਲੀ ਪੁਸਤਕ 'ਹੁਣ' ਲੇਖ-ਸੰਗ੍ਰਹਿ ਹੈ ਜਿਸ ਵਿਚ 15 ਲੇਖ-ਕੁਦਰਤੀ ਸ਼ਾਂਤੀ ਨਾਲ ਖਿਲਵਾੜ ਕਿਉਂ?, ਗੁਰੂ ਨਾਨਕ ਪਾਤਿਸ਼ਾਹ ਦਾ ਰੱਬ, ਮਨ ਜੀਤੈ ਜਗੁ ਜੀਤੁ, ਸਮਿਆਂ ਤੂੰ ਸੁਲਤਾਨ, ਸ਼ਹਾਦਤ ਦਾ ਸੰਕਲਪ, ਹੁਣ, ਪਹਿਲ ਕਦਮੀ, ਧੀਰੇ ਧੀਰੇ ਰੇ ਮਨਾ, ਕੁਦਰਤ ਨਹੀਂ ਕਰਦੀ ਆਰਾਮ, ਕਿਰਤ ਦਾ ਗੌਰਵ, ਸ਼ਬਦ ਦੀ ਅਜ਼ਮਤ, ਗਿਆਨ, ਸਮਤੋਲ, ਬੋਲ ਆਦਿਹਨ ਜੋ ਗਹਿਣ ਅਧਿਐਨ ਦੀ ਮੰਗ ਕਰਦੇ ਹਨ। ਡਾ. ਅਨੂਪ ਸਿੰਘ ਦੀ ਜੀਵਨ ਹਯਾਤੀ ਅਣਥੱਕ ਮਿਹਨਤ ਉੱਤੇ ਟੇਕ ਕਰਦੀ ਹੈ। ਇਹੋ ਕਾਰਨ ਹੈ ਕਿ ਉਹ ਲਗਾਤਾਰ ਪਾਠਕਾਂ ਨਾਲ ਸੰਵਾਦ ਰਚਾਉਂਦੇ ਰਹਿੰਦੇ ਹਨ। ਲੇਖਕ ਗੁਰਬਾਣੀ ਤੋਂ ਮਾਰਗ-ਦਰਸ਼ਨ ਲੈਂਦਾ ਹੈ,
ਜਬ ਲਗੁ ਦੁਨੀਆ ਰਹੀਐ ਨਾਨਕ
ਕਿਛੁ ਸੁਣੀਐ ਕਿਛੁ ਕਹੀਐ॥
ਪੁਸਤਕ ਦਾ ਸਿਰਲੇਖ ਹੁਣ ਸਿਰਫ਼ ਸਮੇਂ ਦਾ ਸੰਕੇਤ ਨਹੀਂ ਦਿੰਦਾ ਸਗੋਂ ਜੀਵਨ ਦੇ ਵਰਤਮਾਨ ਪਲ ਦੀ ਮਹੱਤਤਾ ਨੂੰ ਵੀ ਦਰਸਾਉਂਦਾ ਹੈ। ਮਨੁੱਖ ਅਕਸਰ ਭੂਤਕਾਲ ਦੀਆਂ ਯਾਦਾਂ ਵਿਚ ਉਲਝਿਆ ਤੇ ਭਵਿੱਖ ਦੀਆਂ ਚਿੰਤਾਵਾਂ ਨਾਲ ਉਦਾਸੀ ਵਿਚ ਰਹਿੰਦਾ ਹੋਇਆ ਵਰਤਮਾਨ ਦੇ ਖ਼ੁਸ਼ਗਵਾਰ ਪਲਾਂ ਨੂੰ ਨਹੀਂ ਮਾਣਦਾ। ਜਦਕਿਹੁਣ ਸਾਨੂੰ ਵਰਤਮਾਨ ਪਲ ਵਿਚ ਜਿਊਣ ਦੀ ਜਾਚ ਸਿਖਾਉਂਦਾ ਹੈ। ਇਸ ਪ੍ਰਕਾਰ ਹੁਣ ਅਰਥਪੂਰਨ ਸ਼ਬਦ ਹੈ ਜੋ ਵਰਤਮਾਨ ਸਮੇਂ ਦੇ ਹਰ ਪਲ ਦੀ ਮਹੱਤਤਾ ਨੂੰ ਪ੍ਰਗਟਾਉਂਦਾ ਹੈ। ਡਾ. ਅਨੂਪ ਸਿੰਘ ਦਾ ਲੇਖ 'ਕਿਰਤ ਦਾ ਗੌਰਵ' ਵਿਚ ਚਿੰਤਕਾਂ ਤੇ ਵਿਦਵਾਨਾਂ ਦੇ ਵਿਚਾਰਾਂ ਦੀਆਂ ਮਿਸਾਲਾਂ ਦੇ ਕੇ ਪਾਠਕਾਂ ਨੂੰ ਰਸਤਾ ਦਿਖਾਉਂਦਾ ਹੈ। ਧੱਮਪਦ ਵਿਚ ਜ਼ਿਕਰ ਮਿਲਦਾ ਹੈ, ਫੁੱਲਾਂ ਦੀ ਖੁਸ਼ਬੂ ਹਵਾ ਦੇ ਵਹਾਅ ਤੋਂ ਉਲਟ ਦਿਸ਼ਾ 'ਚ ਨਹੀਂ ਵਹਿ ਸਕਦੀ। ਨਾ ਹੀ ਚੰਦਨ, ਗੁਲਾਬ ਤੇ ਮੋਤੀਏ ਦੀ ਸੁਗੰਧ ਹਵਾ ਤੋਂ ਵੱਖਰੀ ਦਿਸ਼ਾ 'ਚ ਵਹਿ ਸਕਦੀ ਹੈ ਪਰ ਨੇਕੀ ਦੀ ਮਹਿਕ ਹਵਾ ਦੇ ਰੁੱਖ ਤੋਂ ਉਲਟ ਵੀ ਵਹਿ ਸਕਦੀ ਹੈ ਅਤੇ ਦੁਨੀਆਂ ਦੇ ਪਰਲੇ ਸਿਰੇ ਤੱਕ ਜਾ ਪੁੱਜਦੀ ਹੈ। ਡਾ. ਅਨੂਪ ਸਿੰਘ ਜੀ ਦਾ ਨਿਬੰਧ ਸੰਗ੍ਰਹਿਹੁਣ ਨੌਜਵਾਨ ਪੀੜ੍ਹੀ ਵਿਚ ਨੈਤਿਕ ਮੁੱਲਾਂ ਵਿਧਾਨਾਂ ਦਾ ਸੰਚਾਰ ਕਰ ਕੇ ਦਿਸ਼ਾ ਨਿਰਧਾਰਤ ਕਰੇਗਾ।
-ਡਾ. ਹਰਿੰਦਰ ਸਿੰਘ ਤੁੜ
ਮੋਬਾਈਲ : 94146-91091
ਜਲਦੂਤ
ਲੇਖਕ : ਡਾ. ਧਰਮਪਾਲ ਸਾਹਿਲ
ਪ੍ਰਕਾਸ਼ਕ : ਨਵਯੁੱਗ ਪਬਲਿਸ਼ਰਜ਼, ਨਵੀਂ ਦਿੱਲੀ
ਮੁੱਲ : 300 ਰੁਪਏ, ਸਫ਼ੇ : 110
ਸੰਪਰਕ : 98761-56964

'ਜਲਦੂਤ' ਨਾਵਲ ਦਾ ਲੇਖਕ ਡਾਕਟਰ ਧਰਮਪਾਲ ਸਾਹਿਲ ਹੈ। ਇਸ ਨਾਵਲ ਵਿਚ ਮੁੱਖ ਪਾਤਰ ਕਿਸ਼ਨ ਤੇ ਰਾਧਾ ਹਨ। ਕਿਸ਼ਨ ਜੋ ਕਿ ਇਕ ਮੰਦਬੁੱਧੀ ਦਿਖਾਇਆ ਗਿਆ ਹੈ, ਸਰਕਾਰੀ ਸਕੂਲ ਵਿਚ ਪਾਣੀ ਪਿਲਾਉਣ ਦਾ ਕੰਮ ਕਰਦਾ ਹੈ। ਬਦਲੇ ਵਿਚ ਕਿਸੇ ਤੋਂ ਕੋਈ ਪੈਸਾ ਨਹੀਂ ਲੈਂਦਾ। ਕਈ ਮਾਸਟਰ ਉਸ ਨੂੰ ਆਪਣੇ-ਆਪ ਹੀ ਪੈਸੇ ਦੇ ਦਿੰਦੇ ਹਨ ਤਾਂ ਉਹ ਇਹ ਪੈਸੇ ਬੈਂਕ ਦੇ ਖਾਤੇ ਵਿਚ ਜਮ੍ਹਾਂ ਕਰਵਾ ਦਿੰਦਾ ਹੈ। ਇਸ ਤਰ੍ਹਾਂ ਉਹ ਸਭ ਨੂੰ ਪਾਣੀ ਪਿਲਾਉਣ ਦੀ ਸੇਵਾ ਕਰਦਾ ਹੈ। ਇਸ ਤੋਂ ਬਾਅਦ ਨਾਵਲ ਵਿਚ ਦਿਖਾਇਆ ਹੈ ਕਿ ਸ਼ੁਰੂ ਵਿਚ ਜਦ ਕਿਸ਼ਨ ਦਾ ਜਨਮ ਹੁੰਦਾ ਹੈ ਤਾਂ ਥੋੜ੍ਹੇ ਮਹੀਨਿਆਂ ਬਾਅਦ ਉਸ ਦੇ ਘਰਦਿਆਂ ਨੂੰ ਪਤਾ ਲੱਗਦਾ ਹੈ ਕਿ ਉਹ ਮੰਦਬੁੱਧੀ ਹੈ, ਉਸ ਦਾ ਕਈ ਜਗ੍ਹਾ ਇਲਾਜ ਕਰਵਾਇਆ ਜਾਂਦਾ ਹੈ, ਪਰ ਕੋਈ ਵੀ ਇਲਾਜ ਕੰਮ ਨਹੀਂ ਆਉਂਦਾ ਤੇ ਉਸ ਦੀ ਮਾਂ ਉਸ ਦੀ ਪੂਰੀ ਦੇਖਭਾਲ ਕਰਦੀ ਹੈ, ਪਰ ਜਦੋਂ ਉਮਰ ਭੋਗਣ ਤੋਂ ਬਾਅਦ ਉਹ ਆਪ ਮਰਨ ਕਿਨਾਰੇ ਹੁੰਦੀ ਹੈ ਤਾਂ ਕਿਸ਼ਨ ਦੀ ਜ਼ਿੰਮੇਵਾਰੀ ਉਸ ਦੇ ਭਰਾ ਬਿਸ਼ਨ ਤੇ ਭਾਬੀ ਬਿਮਲੋ ਨੂੰ ਦੇ ਜਾਂਦੀ ਹੈ, ਪਰ ਕਿਸ਼ਨ ਦੀ ਭਰਜਾਈ ਉਸ ਨਾਲ ਨਫ਼ਰਤ ਕਰਦੀ ਹੈ। ਕਿਸ਼ਨ ਦਾ ਵਿਆਹ ਰਾਧਾ ਨਾਂਅ ਦੀ ਕੁੜੀ ਨਾਲ ਕਰਾ ਦਿੱਤਾ ਜਾਂਦਾ ਹੈ। ਰਾਧਾ ਉਸ ਨੂੰ ਵਿਆਹ ਤੋਂ ਬਾਅਦ ਸਾਫ਼ ਸੁਥਰਾ ਰੱਖਣ ਦੀ ਕੋਸ਼ਿਸ਼ ਕਰਦੀ ਹੈ। ਹੌਲੀ-ਹੌਲੀ ਦੋਵਾਂ ਦਾ ਆਪਸੀ ਪ੍ਰੇਮ ਵਧ ਜਾਂਦਾ ਹੈ ਤੇ ਰਾਧਾ ਗਰਭਵਤੀ ਹੋ ਜਾਂਦੀ ਹੈ, ਪਰ ਕਿਸ਼ਨ ਦੀ ਭਰਜਾਈ ਨੂੰ ਇਹ ਗਵਾਰਾ ਨਹੀਂ ਸੀ ਕਿ ਕਿਸ਼ਨ ਕਿਸੇ ਤਰ੍ਹਾਂ ਖੁਸ਼ ਰਹੇ। ਉਹ ਰਾਧਾ ਨੂੰ ਵਾਪਸ ਕਿਧਰੇ ਹੋਰ ਭੇਜ ਦਿੰਦੀ ਹੈ, ਜਿਸ ਕਾਰਨ ਕਿਸ਼ਨ ਹਮੇਸ਼ਾ ਰਾਧਾ ਨੂੰ ਯਾਦ ਕਰਦਾ ਰਹਿੰਦਾ ਹੈ ਤੇ ਸਿਰਫ਼ ਰਾਧਾ ਰਾਧਾ ਹੀ ਬੋਲਦਾ ਹੈ। ਫਿਰ ਕੁਝ ਦੇਰ ਬਾਅਦ ਕਿਸ਼ਨ ਦੇ ਭਰਾ ਬਿਸ਼ਨ ਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੁੰਦਾ ਹੈ ਕਿ ਉਸ ਨੇ ਕਿਸ਼ਨ ਦੇ ਹਿੱਸੇ ਆਉਂਦੀ ਜ਼ਮੀਨ ਦੇ ਹਿੱਸੇ ਦੇ ਪੈਸੇ ਵੀ ਆਪ ਹੀ ਰੱਖ ਲਏ ਜਿਸ ਕਾਰਨ ਉਸ ਦੇ ਘਰ ਦਾ ਬੁਰਾ ਹਾਲ ਹੋ ਗਿਆ ਤਾਂ ਉਹ ਉਸ ਦੇ ਪੈਸੇ ਵਾਪਸ ਮੋੜਨਾ ਚਾਹੁੰਦਾ ਹੈ, ਉਹ ਮੰਦਰ ਵਿਚ ਕਿਸ਼ਨ ਨੂੰ ਮਿਲਦਾ ਹੈ ਤੇ ਜਦੋਂ ਕਿਸ਼ਨ ਨੂੰ ਪੁੱਛਦਾ ਹੈ ਕਿ ਉਹ ਉਸ ਦੇ ਹਿੱਸੇ ਦੀ ਜ਼ਮੀਨ ਦਾ ਕੀ ਕਰੇ ਤਾਂ ਕਿਸ਼ਨ ਕਹਿੰਦਾ ਹੈ ਕਿ 'ਸਕੂਲ ਵਿਚ ਦੇ ਦਿਓ' ਫਿਰ ਅੰਤ ਉਸ ਦੇ ਹਿੱਸੇ ਦੀ ਜ਼ਮੀਨ ਦੇ ਪੈਸੇ ਸਕੂਲ ਵਿਚ ਦਿੱਤੇ ਜਾਂਦੇ ਹਨ, ਜਿਸ ਕਾਰਨ ਸਕੂਲ ਵਿਚ ਇਮਾਰਤ ਬਣਦੀ ਹੈ ਤੇ ਉਸ ਇਮਾਰਤ 'ਤੇ ਲਿਖਿਆ ਹੋਇਆ ਸੀ ਕਿ ਇਸ ਇਮਾਰਤ ਦਾ ਨਿਰਮਾਣ ਕਿਸ਼ਨ ਉਰਫ਼ ਰਾਧਾ ਰਾਧਾ ਨੇ ਕਰਵਾਇਆ ਹੈ। ਨਾਵਲ ਦਾ ਅੰਤ ਬਹੁਤ ਹੀ ਭਾਵੁਕ ਕਰਨ ਵਾਲਾ ਹੈ। ਅੰਤ ਵਿਚ ਕਿਸ਼ਨ ਰਾਧਾ ਕਿਸ਼ਨ ਦੀ ਮੂਰਤੀ ਕੋਲ ਰਾਧਾ ਰਾਧਾ ਕਰਦਾ ਦਮ ਤੋੜ ਦਿੰਦਾ ਹੈ ਤੇ ਸਾਰੇ ਪਾਸੇ ਹਾਹਾਕਾਰ ਮਚ ਜਾਂਦੀ ਹੈ। ਨਾਵਲ ਦੇ ਅੰਤ ਵਿਚ ਕਹਾਣੀ ਉਦੋਂ ਨਵਾਂ ਮੋੜ ਲੈਂਦੀ ਹੈ, ਜਦੋਂ ਕੋਈ ਬਿਰਧ ਔਰਤ ਉਸ ਦੀ ਸਮਾਧ 'ਤੇ ਮੱਥਾ ਟੇਕਦੀ ਹੈ ਤਾਂ ਉਸ ਬਿਰਧ ਔਰਤ ਨੂੰ ਸਮਾਧ ਅੰਦਰੋਂ ਆਵਾਜ਼ ਆਉਂਦੀ ਸੁਣਾਈ ਦਿੰਦੀ ਹੈ। 'ਰਾਧਾ ਤੂੰ ਆਈ ਗਈ, ਉਣ ਮੋਜਾਂ ਈ ਮੌਜਾਂ'। ਇਸ ਤਰ੍ਹਾਂ ਨਾਵਲ ਦੀ ਸਮਾਪਤੀ ਹੋ ਜਾਂਦੀ ਹੈ। ਨਾਵਲ ਪਾਠਕਾਂ ਦੇ ਮਨ 'ਤੇ ਬਹੁਤ ਹੀ ਭਾਵੁਕ ਅਸਰ ਪਾਉਂਦਾ ਹੈ। ਨਾਵਲ ਵਿਚਲੀ ਭਾਸ਼ਾ ਪਹਾੜੀ ਹੈ। ਸਾਰੀਆਂ ਘਟਨਾਵਾਂ ਤਰਤੀਬਵਾਰ ਹਨ ਤੇ ਇਹ ਨਾਵਲ ਪਹਾੜੀ ਖੇਤਰ ਨੂੰ ਪੇਸ਼ ਕਰਦਾ ਨਜ਼ਰ ਆਉਂਦਾ ਹੈ, ਸੱਚਮੁੱਚ ਇਹ ਨਾਵਲ ਦਿਲ ਨੂੰ ਟੁੰਬਣ ਵਾਲਾ ਹੈ।
-ਇੰਦਰਪ੍ਰੀਤ ਕੌਰ ਲੁਧਿਆਣਾ
ਮੋਬਾਈਲ : 98886-90280































































































































































































