ਫਗਵਾੜਾ, 23 ਸਤੰਬਰ (ਹਰਜੋਤ ਸਿੰਘ ਚਾਨਾ)- ਨਗਰ ਨਿਗਮ ਹਾਊਸ ਦੀ ਮੀਟਿੰਗ ਅੱਜ ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਲੈ ਕੇ ਹੰਗਾਮੇ ’ਚ ਬਦਲ ਗਈ। ਮੀਟਿੰਗ ਸ਼ੁਰੂ ਹੁੰਦਿਆਂ ਹੀ ‘ਆਪ’ ਕੌਂਸਲਰ ਵਿਜੈ ਕੁਮਾਰ ਮੇਨਕਰ ਨੇ ਨਿਗਮ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕਦਿਆਂ ਆਪਣਾ ਏਜੰਡਾ ਪਾੜ ਕੇ ਮੇਅਰ ਤੇ ਕਮਿਸ਼ਨਰ ਅੱਗੇ ਸੁੱਟ ਦਿੱਤਾ ਅਤੇ ਮੀਟਿੰਗ ਤੋਂ ਬਾਹਰ ਚਲੇ ਗਏ।
ਮੀਟਿੰਗ ’ਚ ਕੁੱਲ 16 ਮਤੇ ਵਿਚਾਰ ਲਈ ਰੱਖੇ ਗਏ, ਜਿਨ੍ਹਾਂ ’ਤੇ ਕਰੀਬ ਡੇਢ ਘੰਟਾ ਚਰਚਾ ਹੋਈ। ਕਾਂਗਰਸੀ ਕੌਂਸਲਰ ਸੰਜੀਵ ਬੁੱਗਾ, ਤਰਨਜੀਤ ਸਿੰਘ ਵਾਲੀਆ, ਸੁਸ਼ੀਲ ਮੈਣੀ ਤੇ ਜਤਿੰਦਰ ਵਰਮਾਨੀ ਨੇ ਦੋਸ਼ ਲਾਇਆ ਕਿ ਸ਼ਹਿਰ ’ਚ ਵਿਕਾਸ ਕਾਰਜ ਪ੍ਰਭਾਵਿਤ ਹਨ ਅਤੇ ਸਟਰੀਟ ਲਾਈਟਾਂ ਬੰਦ ਹੋਣ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਆ ਰਹੀ ਹੈ। ਕੌਂਸਲਰਾਂ ਨੇ ਜੈਨ ਸਕੂਲ ਨੇੜੇ ਨਾਲੇ ਨੂੰ ਦੋ ਕਰੋੜ ਰੁਪਏ ਦੀ ਲਾਗਤ ਨਾਲ ਢਕਣ ਦੇ ਪ੍ਰਸਤਾਵ ’ਤੇ ਵੀ ਇਤਰਾਜ਼ ਕੀਤਾ। ਉਨ੍ਹਾਂ ਕਿਹਾ ਕਿ ਇਹ ਰਾਸ਼ੀ ਹੋਰ ਜ਼ਰੂਰੀ ਕੰਮਾਂ ’ਤੇ ਖ਼ਰਚ ਕੀਤੀ ਜਾਵੇ।
ਮੇਨਕਰ ਨੇ ਕਿਹਾ ਕਿ ਵਾਰਡ ਨੰਬਰ 43 ਦੇ ਬਸੰਤਪੁਰਾ ’ਚ ਖ਼ਰਾਬ ਮੋਟਰ ਅਤੇ ਹਜ਼ਾਰਾ ਮੁਹੱਲੇ ਦੀ ਪਾਣੀ ਸਮੱਸਿਆ ਦਾ ਹੱਲ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਕਿਹਾ, *“ਜਦੋਂ ਕੰਮ ਹੀ ਨਹੀਂ ਹੋਣਾ ਤਾਂ ਮੀਟਿੰਗ ਦਾ ਕੀ ਫਾਇਦਾ?”* ਇਸ ਦੌਰਾਨ ਮੇਅਰ ਰਾਮਪਾਲ ਉੱਪਲ ਨੇ ਕਿਹਾ ਕਿ ਮੀਟਿੰਗ ’ਚ ਰੱਖੇ ਗਏ ਸਾਰੇ 16 ਏਜੰਡੇ ਪਾਸ ਕਰ ਦਿੱਤੇ ਗਏ ਹਨ।