ਪਟਿਆਲਾ, (ਪੀ. ਟੀ. ਆਈ.)-ਭਾਰੀ ਮੀਂਹ ਤੋਂ ਬਾਅਦ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਨੇ ਘੱਗਰ ਦਰਿਆ ਨੇੜੇ ਕਈ ਨੀਵੇਂ ਪਿੰਡਾਂ ਲਈ ਅਲਰਟ ਜਾਰੀ ਕੀਤਾ ਹੈ | ਰਾਜਪੁਰਾ ਦੇ ਸਬ-ਡਵੀਜ਼ਨਲ ਮੈਜਿਸਟਰੇਟ ਅਵਿਕੇਸ਼ ਗੁਪਤਾ ਅਨੁਸਾਰ, ਉਂਟਸਰ, ਨੰਨਹੇੜੀ, ਸੰਜਰਪੁਰ, ਲਾਛੜੂ, ਕਮਾਲਪੁਰ, ਰਾਮਪੁਰ, ਸੌਂਟਾ, ਮਾਰੂ ਤੇ ਚਮਰੂ ਪਿੰਡਾਂ ਦੇ ਵਸਨੀਕਾਂ ਨੂੰ ਸਖ਼ਤੀ ਨਾਲ ਚੌਕਸ ਰਹਿਣ ਤੇ ਦਰਿਆ ਨੇੜੇ ਜਾਣ ਤੋਂ ਬਚਣ ਦੀ ਸਲਾਹ ਦਿੱਤੀ ਗਈ ਹੈ | ਸਹਾਇਤਾ ਲਈ ਰਾਜਪੁਰਾ ਹੜ੍ਹ ਕੰਟਰੋਲ ਰੂਮ ਨਾਲ 01762-224132 'ਤੇ ਸੰਪਰਕ ਕੀਤਾ ਜਾ ਸਕਦਾ ਹੈ | ਇਸੇ ਦੌਰਾਨ ਪਟਿਆਲਾ ਦੇ ਦੁੱਧਨਸਾਧਨ ਦੇ ਸਬ-ਡਵੀਜ਼ਨਲ ਮੈਜਿਸਟ੍ਰੇਟ ਕਿਰਪਾਲਵੀਰ ਸਿੰਘ ਨੇ ਭਸਮਰਾ, ਜਲਾਹ ਖੇੜੀ ਤੇ ਰਾਜੂ ਖੇੜੀ ਪਿੰਡਾਂ ਦੇ ਵਸਨੀਕਾਂ ਨੂੰ ਸੁਚੇਤ ਰਹਿਣ ਲਈ ਕਿਹਾ ਹੈ | ਪਟਿਆਲਾ ਦੇ ਸਬ-ਡਵੀਜ਼ਨਲ ਮੈਜਿਸਟ੍ਰੇਟ ਹਰਜੋਤ ਕੌਰ ਮਾਵੀ ਨੇ ਹਡਾਣਾ, ਪੁਰ ਤੇ ਸਿਰਕਪੜਾ ਪਿੰਡਾਂ ਲਈ ਇਕ ਐਡਵਾਈਜ਼ਰੀ ਵੀ ਜਾਰੀ ਕੀਤੀ ਹੈ | ਪਟਿਆਲਾ ਜ਼ਿਲ੍ਹਾ ਕੰਟਰੋਲ ਰੂਮ ਨੂੰ ਚਾਲੂ ਕਰ ਦਿੱਤਾ ਗਿਆ ਹੈ ਤੇ ਕਿਸੇ ਵੀ ਸਹਾਇਤਾ ਲਈ ਲੋਕ ਫੋਨ ਨੰਬਰਾਂ 0175-2350550 ਤੇ 0175-2358550 'ਤੇ ਸੰਪਰਕ ਕਰ ਸਕਦੇ ਹਨ |